ਕੁਲਵੰਤ ਸਿੰਘ ਗਰੇਵਾਲ ਦੀਆਂ ਕਾਵਿਕ ਉਡਾਰੀਆਂ

ਕੁਲਵੰਤ ਸਿੰਘ ਗਰੇਵਾਲ ਦੇ ਤੁਰ ਜਾਣ ‘ਤੇ ਪੰਜਾਬੀ ਸਾਿਹਤ ਜਗਤ ਅਤੇ ਬੌਧਿਕ ਹਲਕਿਆਂ ਅੰਦਰ ਜਿਹੜੀ ਹਲਚਲ ਹੋਈ ਹੈ, ਉਹ ਧਿਆਨ ਮੰਗਦੀ ਹੈ। ਉਸ ਦੀ ਸ਼ਾਇਰੀ ਅਤੇ ਸ਼ਖਸੀਅਤ ਵਹਿੰਦੇ ਪਾਣੀਆਂ ਵਾਂਹ ਸ਼ਾਂਤ ਅਤੇ ਸਫਰ ਦੀ ਕੋਈ ਵਿਲੱਖਣ ਲੀਲ੍ਹਾ ਪੇਸ਼ ਕਰਦੇ ਹਨ। ਇਸ ਲੇਖ ਵਿਚ ਡਾ. ਬਲਕਾਰ ਸਿੰਘ ਨੇ ਕੁਲਵੰਤ ਸਿੰਘ ਗਰੇਵਾਲ ਨਾਲ ਗੁਜ਼ਾਰੇ ਪਲਾਂ ਨੂੰ ਯਾਦ ਕੀਤਾ ਹੈ

ਅਤੇ ਉਸ ਨੂੰ ਸਮਝਣ-ਸਮਝਾਉਣ ਲਈ ਚਾਨਣ ਦੀ ਲਿਸ਼ਕੋਰ ਦਿਖਾਈ ਹੈ। -ਸੰਪਾਦਕ

ਬਲਕਾਰ ਸਿੰਘ

ਸਨਾਤਨੀ ਅਤੇ ਆਧੁਨਿਕ ਸੰਵੇਦਨਾ ਦੇ ਸੁਮੇਲ ਦਾ ਕਵੀ ਗਰੇਵਾਲ ਸਾਡੇ ਵਿਚਕਾਰ ਨਹੀਂ ਰਿਹਾ ਤਾਂ ਉਹ ਇਸ ਤਰ੍ਹਾਂ ਸਮਝ ਆਉਣ ਲੱਗ ਪਿਆ ਹੈ, ਜਿਵੇਂ ਉਸ ਨੂੰ ਜਿਊਂਦੇ ਜੀਅ ਸਮਝਣ ਦੀ ਕੋਸ਼ਿਸ਼ ਹੀ ਨਾ ਹੋਈ ਹੋਵੇ। ਜਿਊਂਦੇ ਜੀਅ ਉਹ ਬੁਝਾਰਤ ਵਾਂਗ ਵਿਚਰਦਾ ਰਿਹਾ ਸੀ ਅਤੇ ਵਿਛੜ ਕੇ ਉਹ ਮਾਲਾ ਦੇ ਮਣਕਿਆਂ ਵਾਂਗ ਸਾਡੇ ਇਰਦ ਗਿਰਦ ਇਸ ਤਰ੍ਹਾਂ ਖਿੰਡ ਗਿਆ ਹੈ ਕਿ ਸਾਰਿਆਂ ਨੂੰ ਫਿਕਰ ਪਿਆ ਹੋਇਆ ਹੈ। ਮੋਤੀਆਂ ਵਾਂਗ ਖਿਲਰੇ ਹੋਏ ਕੁਲਵੰਤ ਦਾ ਕੋਈ ਪੱਖ ਅਣਗੌਲਿਆ ਨਾ ਰਹਿ ਜਾਏ। ਇਸ ਮੁਹੱਬਤੀ ਕੋਸ਼ਿਸ਼ ਵਿਚ ਸਫਲਤਾ ਦੀਆਂ ਸੰਭਾਵਨਾਵਾਂ ਮੈਨੂੰ ਬਹੁਤੀਆਂ ਇਸ ਕਰ ਕੇ ਨਹੀਂ ਲੱਗਦੀਆਂ ਕਿਉਂਕਿ ਉਹ ਗੁੰਝਲਾਂ ਵਾਂਗ ਉਲਝਦਾ ਤੇ ਸੁਲਝਦਾ ਰਿਹਾ ਸੀ। ਸਭ ਕੁਝ ਜਦੋਂ ਸਪਸ਼ਟ ਹੋ ਕੇ ਵੀ ਸਪਸ਼ਟ ਨਹੀਂ ਲੱਗਦਾ ਤਾਂ ਰਾਏ ਬਣਾਉਣ ਵਾਲਿਆਂ ਨੂੰ ਮੌਜਾਂ ਲੱਗ ਜਾਂਦੀਆਂ ਹਨ। ਇਹੋ ਜਿਹੇ ਮਸਲਿਆਂ ਨੂੰ ਸਮਝਣ ਦੀ ਨਹੀਂ ਮਹਿਸੂਸ ਕਰਨ ਦੀ ਲੋੜ ਪੈਂਦੀ ਹੈ। ਸਮਝਣ ਅਤੇ ਮਹਿਸੂਸ ਕਰਨ ਵਿਚਕਾਰ ਤਣਾਓ ਵਾਲੇ ਮਾਹੌਲ ਵਿਚ ਕੁਲਵੰਤ ਫਸਿਆ ਹੋਇਆ ਮਹਿਸੂਸ ਕਰਦਾ ਹੁੰਦਾ ਸੀ।
ਹੁਣ ਜਦੋਂ ਪਤਾ ਹੈ ਕਿ ਉਸ ਨੇ ਕਦੇ ਮੁਸਕਰਾਉਂਦੇ ਹੋਏ ਅੰਦਰ ਨਹੀਂ ਆਉਣਾ ਤਾਂ ਵੀ ਉਹ ਉਡੀਕ ਵਾਂਗ ਯਾਰਾਂ ਦੀ ਸਿਮਰਤੀ ਵਿਚ ਅਟਕ ਗਿਆ ਹੈ। ਇਸ ਨਾਲ ਇਹ ਸਵਾਲ ਪੈਦਾ ਹੋ ਗਿਆ ਹੈ ਕਿ ਜਿਊਂਦਾ ਉਹ ਹੈ ਨਹੀਂ ਅਤੇ ਮਰਿਆਂ ਵਾਂਗ ਉਸ ਨੂੰ ਪਰੇ ਧੱਕਣ ਨੂੰ ਜੀਅ ਕਿਉਂ ਨਹੀਂ ਕਰਦਾ? ਮੌਤ ਦਾ ਸੱਚ ਜਦੋਂ ਸਵਾਲ ਬਣ ਕੇ ਜਵਾਬ ਮੰਗਦਾ ਹੈ ਤਾਂ ਫੈਸਲੇ ਉਸ ਤਰ੍ਹਾਂ ਨਹੀਂ ਕੀਤੇ ਜਾ ਸਕਦੇ ਜਿਵੇਂ ਸਹਿਮਤੀ-ਅਸਹਿਮਤੀ ਨਾਲ ਜੂਝਦਿਆਂ ਫੈਸਲੇ ਕਰਨ ਦੀ ਸਾਨੂੰ ਆਦਤ ਪਈ ਹੋਈ ਹੈ।
ਛੇ ਦਹਾਕੇ ਪਹਿਲਾਂ ਜਦੋਂ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਪਹਿਲੇ ਬੈਚ ਦਾ ਵਿਦਿਆਰਥੀ ਬਣਿਆ ਸੀ ਤਾਂ ਕਲਾਸਾਂ ਮਹਿੰਦਰਾ ਕਾਲਜ ਵਿਚ ਲੱਗਦੀਆਂ ਹੁੰਦੀਆਂ ਸਨ। ਵਿਦਿਆਰਥੀ ਵਰਗ ਵਿਚ ਅੰਗਰੇਜ਼ੀ ਦੇ ਡਾ. ਦਰਸ਼ਨ ਸਿੰਘ ਮੈਣੀ ਅਤੇ ਪੰਜਾਬੀ ਦੇ ਪ੍ਰੋ. ਪ੍ਰੀਤਮ ਸਿੰਘ ਦੀ ਧਾਂਕ ਸੀ। ਇਨ੍ਹਾਂ ਦੋਹਾਂ ਦੇ ਵਿਦਿਆਰਥੀਆਂ ਨੇ ਨਵੀਆਂ ਅੰਤਰ-ਦ੍ਰਿਸ਼ਟੀਆਂ ਨਾਲ ਤੁਰਨ ਦੀਆਂ ਜੋ ਕੋਸ਼ਿਸ਼ਾਂ ਕੀਤੀਆਂ, ਉਸੇ ਦੀ ਅੱਲ ਭੂਤਵਾੜਾ ਪੈ ਗਈ ਸੀ। ਇਸ ਨੂੰ ਅਕਲ ਅਤੇ ਮਲੰਗੀ ਦੇ ਸੰਗਮ ਵਾਂਗ ਵੀ ਦੇਖਿਆ ਜਾ ਸਕਦਾ ਹੈ।
ਇਨ੍ਹਾਂ ਟਿਕਾਣਾ ਲੱਭਦੇ ਵਿਦਿਆਰਥੀਆਂ ਵਿਚਕਾਰ ਹਰਦਲਜੀਤ ਸਿੰਘ ਸਿੱਧੂ ਉਰਫ ਲਾਲੀ ਅਤੇ ਕੁਲਵੰਤ ਗਰੇਵਾਲ ਆਪੋ-ਆਪਣੇ ਘਰਾਂ ਤੋਂ ਆਉਂਦੇ ਹੁੰਦੇ ਸਨ। ਹੋਰ ਵੀ ਸਨ ਮੇਰੇ ਤੇ ਪ੍ਰੋ. ਮੇਵਾ ਸਿੰਘ ਤੁੰਗ ਵਰਗੇ ਜਿਹੜੇ ਨਾਲ ਰਹਿ ਕੇ ਵੀ ਨਾਲ ਨਹੀਂ ਸਨ ਰਹਿੰਦੇ। ਭੂਤਵਾੜੇ ਦੀ ਪ੍ਰਤੀਨਿਧਤਾ ਡਾ. ਗੁਰਭਗਤ ਸਿੰਘ ਅਤੇ ਡਾ. ਸੁਤਿੰਦਰ ਸਿੰਘ ਨੂਰ ਦੇ ਹੱਥ ਹੁੰਦੀ ਸੀ। ਭੂਤਵਾੜੇ ਵਿਚ ਮੁੱਖ ਵਕਤੇ ਦੀ ਭੂਮਿਕਾ ਲਾਲੀ ਹੀ ਨਿਭਾਉਂਦਾ ਰਿਹਾ ਸੀ। ਇਸ ਮੰਡਲੀ ਤੋਂ ਬਿਲਕੁਲ ਪਤਾ ਨਹੀਂ ਲੱਗਦਾ ਸੀ ਕਿ ਇਹ ਪਿੰਡ ਦੀ ਸ਼ਹਿਰ ਵੱਲ ਹਿਜਰਤ ਹੈ ਕਿ ਸ਼ਹਿਰ ਪਿੰਡ ਵੱਲ ਹਿਜਰਤ ਕਰ ਰਿਹਾ ਹੈ।
ਕੁਲਵੰਤ ਦਾ ਸੰਗਰੂਰੀਆਂ ਦੇ ਹਵਾਲੇ ਨਾਲ ਭਾਵੇਂ ਭਵਾਨੀਗੜ੍ਹ ਦੇ ਗਰੇਵਾਲ ਵਾਂਗ ਜ਼ਿਕਰ ਨਹੀਂ ਚੱਲਦਾ ਸੀ, ਕਿਉਂਕਿ ਉਸ ਦੇ ਪਿਤਾ ਪਟਿਆਲਾ ਰਿਆਸਤ ਦੀ ਸਰਵਿਸ ਵਿਚ ਆ ਗਏ ਸਨ। ਮੈਨੂੰ ਇਸ ਵੇਲੇ ਕੁਲਵੰਤ ਉਸ ਵੇਲੇ ਦੀਆਂ ਹਿਜਰਤਾਂ ਦਾ ਸੰਗਮ ਲੱਗਦਾ ਹੈ ਜੋ ਭੂਤਵਾੜੇ ਦੀ ਮਿੱਥ ਵਿਚ ਗੁਆਚਿਆ ਰਿਹਾ ਹੈ। ਹਾਣੀਆਂ ਵਿਚ ਥਾਂ ਉਸ ਨੇ ਚੱਕੀਆਂ ਦੇ ਗੀਤ ਦੇ ਇਨ੍ਹਾਂ ਬੋਲਾਂ ‘ਹਾਣੀਆਂ ਦੀ ਵਾਜ਼ ਆਈ ਵੱਡੇ ਦਰਵਾਜ਼ਿਉਂ ਏਸ ਪਿੰਡੋਂ ਚਲੀਏ ਨੀ ਮਾਏ’ ਨਾਲ ਉਦੋਂ ਹੀ ਪੱਕੀ ਕਰ ਲਈ ਸੀ। ਭੂਤਵਾੜੇ ਦੇ ਮਲੰਗਾਂ ਵਿਚ ਉਹ ਉਸ ਵੇਲੇ ਵੀ ਸਜਿਆ ਧਜਿਆ ਹੀ ਵਿਚਰਦਾ ਹੁੰਦਾ ਸੀ।
ਮਲੰਗੀ ਉਸ ਦੇ ਸੁਭਾਅ ਅਤੇ ਵਿਚਰਨ ਵਿਚ ਉਸ ਵੇਲੇ ਵੀ ਘੁਲੀ ਰਹੀ ਸੀ ਤੇ ਇਸੇ ਨਾਲ ਉਹ ਕੇਸਾਂ ਸੁਆਸਾਂ ਸੰਗ ਨਿਭ ਗਿਆ ਸੀ। ਜਿਵੇਂ ਉਹ ਇਸ ਵਰ੍ਹੇ ਦੀ ਪਹਿਲੀ ਅਪਰੈਲ ਨੂੰ ਫਤਹਿ ਬੁਲਾ ਗਿਆ, ਇਸ ਸੁਭਾਅ ਨਾਲ ਉਹ ਜਿਊਂਦੇ ਜੀਅ ਵੀ ਨਿਭਦਾ ਰਿਹਾ ਸੀ। ਭਰੀਆਂ ਮਹਿਫਲਾਂ ਵਿਚੋਂ ਅਤੇ ਭਖਦੀਆਂ ਚੁੰਝ ਚਰਚਾਵਾਂ ਵਿਚੋਂ ਉਹ ਇਸੇ ਤਰ੍ਹਾਂ ਖਿਸਕ ਜਾਂਦਾ ਹੁੰਦਾ ਸੀ। ਦੇਖ ਕੇ ਅਣਡਿੱਠ ਕਰਨ ਦੀ ਉਸ ਨੂੰ ਬਖਸ਼ਿਸ਼ ਸੀ।
ਮਿੱਤਰਾਂ ਦੀਆਂ ਮਹਿਫਲਾਂ ਵਿਚ ਉਸ ਨੇ ‘ਬਾਬਾ ਬੋਲਤੇ ਥੇ…’ ਵਾਂਗ ਸਦਾ ਜਿੰਦਾ ਰਹਿਣਾ ਹੈ ਅਤੇ ਮਿੱਤਰਾਂ ਨੇ ਉਸ ਦੀਆਂ ਯਾਦਾਂ ਦੇ ਮੋਤੀਆਂ ਦੀ ਮਾਲਾ ਬਣਾਉਂਦੇ ਹੀ ਰਹਿਣਾ ਹੈ ਕਿਉਂਕਿ ਇਹ ਉਸ ਨੂੰ ਬਹੁਤ ਚੰਗਾ ਲੱਗਦਾ ਹੁੰਦਾ ਸੀ। ਉਹ ਨਹੀਂ ਰਿਹਾ ਤਾਂ ਯਾਰਾਂ ਦੀਆਂ ਮਹਿਫਲਾਂ ਦਾ ਉਸਾਰੂਪਣ ਹੀ ਗੁੰਮ ਹੋ ਗਿਆ ਲੱਗਦਾ ਹੈ।
ਕੋਵਿਡ-19 ਨੇ ਇਹ ਸਮੱਸਿਆ ਉਸ ਦੇ ਜਿਊਂਦੇ ਜੀਅ ਹੀ ਪੈਦਾ ਕਰ ਦਿੱਤੀ ਸੀ। ਵਿਛੜਨ ਤੋਂ ਕੁਝ ਹੀ ਦਿਨ ਪਹਿਲਾਂ ਉਸ ਨੇ ਫੋਨ ‘ਤੇ ਏਨਾ ਹੀ ਕਿਹਾ ਸੀ ਕਿ ਮੈਂ ਠੀਕ ਹਾਂ। ਆਵਾਜ਼ ਤੋਂ ਉਹ ਠੀਕ ਨਹੀਂ ਲੱਗਦਾ ਸੀ। ਇਸੇ ਸੱਚ ਦੀ ਸੂਚਨਾ ਉਸ ਦੇ ਪੁੱਤਰ ਸਿਮਰਨ ਨੇ ਮੁਹਾਲੀ ਹਸਪਤਾਲ ਤੋਂ ਦਿੱਤੀ ਸੀ। ਹੁਣ ਸਾਡੇ ਕੋਲ ਉਸ ‘ਤੇ ਬਣੀ ਲਘੂ ਫਿਲਮ ਹੈ ਅਤੇ ਰਿਕਾਰਡ ਕੀਤਾ ਹੋਇਆ ਹੋਰ ਬਹੁਤ ਕੁਝ ਹੈ। ਸੁਣਦਾ ਹਾਂ ਤਾਂ ਤਸੱਲੀ ਦੀ ਥਾਂ ਖੋਹ ਪੈਂਦੀ ਹੈ।
ਉਹ ਘੱਟ ਲਿਖਦਾ ਸੀ ਅਤੇ ਪੜ੍ਹਿਆ ਵੀ ਘੱਟ ਗਿਆ ਸੀ ਪਰ ਸੁੁਣਿਆ ਬਹੁਤ ਗਿਆ ਸੀ। ਉਹ ਮੁਹੱਬਤ ਦਾ ਵਹਿੰਦਾ ਦਰਿਆ ਹੋਣ ਦੇ ਬਾਵਜੂਦ ਇਸ ਵਿਚ ਰੁੜ੍ਹਨ ਤੋਂ ਬਚਿਆ ਰਿਹਾ ਸੀ। ਉਸ ਦੀ ਹਲੀਮੀ, ਭਲਮਾਣਸੀ ਉਸ ਲਈ ਜ਼ਰਾਬਖਤਰ ਵਾਂਗ ਸੀ। ਉਹ ਕੀ ਕਰਦਾ ਸੀ ਜਾਂ ਕੀ ਕਰਨਾ ਚਾਹੁੰਦਾ ਸੀ, ਇਹ ਮੇਰੇ ਲਈ ਮਸਲਾ ਨਹੀਂ ਪੇਚਾ ਹੈ। ਪੇਚਾ ਵੀ ਐਸਾ ਜਿਸ ਨਾਲ ਉਲਝਣਾ ਖਤਰਿਆਂ ਤੋਂ ਖਾਲੀ ਨਹੀਂ ਹੈ।
ਆਸ਼ਕਾਂ ਦੀਆਂ ਗੱਲਾਂ ਕਰਨ ਅਤੇ ਆਸ਼ਕਾਂ ਦੀ ਗੱਲਾਂ ਸੁਣਾਉਣ ਵਿਚ ਉਹ ਇਸ ਹੱਦ ਤਕ ਰੁਝਿਆ ਰਿਹਾ ਸੀ ਕਿ ਉਸ ਕੋਲ ਇਸ਼ਕ ਕਰਨ ਵਾਸਤੇ ਵਿਹਲ ਹੀ ਨਹੀਂ ਬਚੀ ਸੀ। ਇਸ ਭੇਤ ਨੂੰ ਸਮਝਣ ਲਈ ‘ਮੋਰਾਂ’ ਕਵਿਤਾ ਦਾ ਸਹਾਰਾ ਲਿਆ ਜਾ ਸਕਦਾ ਹੈ। ਮੋਰਾਂ ਦੇ ਇਸ਼ਕ ਦਾ ਕਾਵਿਕ ਬਖਾਨ ਜਿਸ ਤਰ੍ਹਾਂ ਕੁਲਵੰਤ ਨੇ ਕਰ ਦਿਖਾਇਆ ਹੈ, ਉਸ ਤੋਂ ਆਸ਼ਕੀ ਦੇ ਅਨੁਭਵ ਦੀਆਂ ਪਰਤਾਂ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ। ਉਹ ਜਦੋਂ ਯੋਗੀ ਭਜਨ ਅਤੇ ਸਿਧਾਰਥ ਬਾਰੇ ਲਿਖਦਾ ਹੈ ਤਾਂ ਆਸ਼ਕ ਅਤੇ ਮਹਿਬੂਬ ਦੇ ਸਾਰੇ ਰੰਗਾਂ ਨੂੰ ਵਰਤਦਾ ਨਜ਼ਰ ਆ ਜਾਂਦਾ ਹੈ।
ਨਵੀਂ ਪੀੜ੍ਹੀ ਨਾਲ ਉਹ ਅਕਾਦਮਿਕ ਗਾਈਡ ਵਾਂਗ ਵਿਚਰਦਾ ਰਿਹਾ ਸੀ ਅਤੇ ਪੰਜਾਬੀ ਯੂਨੀਵਰਸਿਟੀ ਵਿਚ ਜਿਸ ਤਰ੍ਹਾਂ ਉਸ ਨੂੰ ਉਡੀਕਿਆ ਜਾਂਦਾ ਰਿਹਾ ਸੀ, ਇਸ ਦੇ ਦੋਸਤ ਗਵਾਹ ਹਨ। ਉਹ ਨਹੀਂ ਰਿਹਾ ਤਾਂ ਮੈਨੂੰ ਲਗਦਾ ਹੈ ਕਿ ਚੇਲਿਆਂ ਵਿਚੋਂ ਯਾਰ ਲੱਭਦਾ ਲੱਭਦਾ ਅਤੇ ਯਾਰਾਂ ਵਿਚੋਂ ਚੇਲੇ ਲੱਭਦਾ-ਲੱਭਦਾ ਉਹ ਇਸ ਤਰ੍ਹਾਂ ਚੁਪਕੇ ਖਿਸਕ ਜਾਏਗਾ, ਕਦੇ ਸੋਚਿਆ ਹੀ ਨਹੀਂ ਸੀ।
ਸੁਣਦਾ ਹੁੰਦਾ ਤਾਂ ਦੱਸਣਾ ਸੀ ਕਿ ਯਾਰਾਂ ਦਾ ਅਪਰੈਲ ਫੂਲ ਬਣਾਉਣ ਦਾ ਇਹ ਕੀ ਤਰੀਕਾ ਹੋਇਆ? ਯਾਰਾਂ ਲਈ ਫਿਕਰਮੰਦੀ ਦਾ ਇਹ ਆਲਮ ਸੀ ਕਿ ਇਕ ਵਾਰ ਉਸ ਨੇ ਮੈਨੂੰ ਭੱਜ ਕੇ ਬੱਸ ਚੜ੍ਹਦੇ ਨੂੰ ਦੇਖ ਲਿਆ ਸੀ ਤਾਂ ਕਹਿੰਦਾ ਕਿ ਅੱਗੇ ਤੋਂ ਇਸ ਤਰ੍ਹਾਂ ਨਹੀਂ ਕਰਨਾ, ਕਿਉਂਕਿ ਇਸ ਨਾਲ ਮੈਂ ਡਰ ਗਿਆ ਸੀ। ਬਹੁਤ ਸਮਾਂ ਬੀਤ ਗਿਆ ਹੈ ਕਿ ਬੱਸ ‘ਤੇ ਚੜ੍ਹਨ ਦਾ ਮੌਕਾ ਹੀ ਨਹੀਂ ਮਿਲਿਆ ਪਰ ਬੱਸ ‘ਤੇ ਚੜ੍ਹਦੀਆਂ ਉਤਰਦੀਆਂ ਸਵਾਰੀਆਂ ਨੂੰ ਦੇਖ ਕੇ ਮੈਨੂੰ ਕੁਲਵੰਤ ਚੇਤੇ ਆ ਜਾਂਦਾ ਹੈ। ਫੁਰਦੀ ਵੀ ਉਸ ਨੂੰ ਬਹੁਤ ਸੀ।
ਮੀਟਿੰਗ ਵਿਚ ਆਪਣੇ ਮਹਿਕਮੇ ਦੇ ਡਾਇਰੈਕਟਰ ਨਾਲ ਖਿਝ ਕੇ ਕਹਿੰਦਾ-‘ਆਹ ਲੈ ਪੈੱਨ ਤੇ ਆਹ ਲੈ ਕਾਗਜ਼ ਤੇ ਊੜਾ ਲਿਖ ਕੇ ਦਿਖਾ’। ਸਵਾਲਾਂ ਜਵਾਬਾਂ ਦੇ ਭੇੜ ਵਿਚ ਸੁੰਨ ਵਰਤਾਉਂਦਾ ਇਹ ਫਿਕਰਾ ਅਕਸਰ ਦੁਹਰਾਇਆ ਜਾਂਦਾ ਰਿਹਾ ਹੈ। ਜਾਂਦਾ-ਜਾਂਦਾ ਵੀ ਉਹ ਦੱਸ ਗਿਆ ਹੈ ਕਿ ਉਹ ਪਹਿਲੀ ਵਾਰ ਕਾਰ ਦੀ ਪਿਛਲੀ ਸੀਟ ‘ਤੇ ਬੈਠਣ ਦੀ ਥਾਂ ਲੰਮਾ ਪਿਆ ਕਿ ਮੁੜ ਕੇ ਉਠਿਆ ਹੀ ਨਹੀਂ। ਜਿਨ੍ਹਾਂ ਨੂੰ ਪਤਾ ਹੈ ਕਿ ਕਾਰ ਵਿਚ ਸਦਾ ਉਹ ਫਰੰਟ ਸੀਟ ‘ਤੇ ਹੀ ਬੈਠਦਾ ਹੁੰਦਾ ਸੀ, ਉਨ੍ਹਾਂ ਨੂੰ ਆਖਰੀ ਸਫਰ ਯਾਦ ਕਰਵਾ ਰਿਹਾ ਹਾਂ। ਉਸ ਦੀਆਂ ਯਾਦਾਂ ਨੂੰ ਗੁੰਦਣ ਦੀ ਅਸਮਰੱਥਾ ਵੀ ਤਾਂ ਸ਼ਰਧਾਂਜਲੀ ਵਾਂਗ ਹੀ ਸਮਝਣੀ ਚਾਹੀਦੀ ਹੈ।
ਮੇਰੇ ਦਫਤਰ ਵਰਲਡ ਪੰਜਾਬੀ ਸੈਂਟਰ ਪਟਿਆਲਾ ਵਿਚ ਜੁੜੀਆਂ ਮਹਿਫਲਾਂ ਦੇ ਰੰਗ ਭੁਲਾਇਆਂ ਭੁੱਲਣ ਵਾਲੇ ਨਹੀਂ ਹਨ। ਚਾਹ ਦੀਆਂ ਚੁਸਕੀਆਂ ਤੇ ਅਕਾਦਮਿਕ ਬਿਰਧ ਘਰ ਵਰਗੇ ਮਾਹੌਲ ਵਿਚ ਜਿਹੋ ਜਿਹੀ ਚਰਚਾ ਹੁੰਦੀ ਸੀ, ਉਹ ਭੂਤ ਅਤੇ ਭਵਿੱਖ ਦਾ ਵਰਤਮਾਨ ਉਸਾਰਨ ਦੇ ਸਿੱਖ ਪ੍ਰਸੰਗ ਵਰਗੀ ਹੁੰਦੀ ਸੀ।
ਇਸ ‘ਤੇ ਸਰਬਜਿੰਦਰ ਦੀ ਟਿਪਣੀ ਸੀ ਕਿ ਭਾਅ ਜੀ ਦੀ ਡਾਇਰੈਕਟਰੀ ਨੇ ਮੇਰੇ ਵਿਭਾਗ ਨੂੰ ਬਿਰਧ ਘਰ ਹੋਣ ਤੋਂ ਬਚਾ ਲਿਆ ਹੈ। ਇਸ ਗਹਿਮਾ ਗਹਿਮੀ ਵਿਚ ਕਦੇ ਚੇਤਾ ਹੀ ਨਹੀਂ ਆਇਆ ਸੀ ਕਿ ‘ਅਚਿੰਤੇ ਬਾਜ’ ਇਸ ਤਰ੍ਹਾਂ ਵੀ ਪੈ ਸਕਦੇ ਹਨ। ਉਹ ਨਹੀਂ ਰਿਹਾ ਤਾਂ ਲਗਦਾ ਹੈ ਕਿ ਮਾਨੋ ਪਟਿਆਲੇ ਦੀ ਸਨਾਤਨੀ ਸੰਵੇਦਨਾ ਉਡਾਰੀ ਮਾਰ ਗਈ ਹੈ।
ਚੰਗੀਆਂ ਦੇਹਾਂ ਆਪਣਿਆਂ ਲਈ ਉਸੇ ਤਰ੍ਹਾਂ ਪੈੜਾਂ ਛੱਡ ਜਾਂਦੀਆਂ ਹਨ, ਜਿਵੇਂ ਜਿਊਂਦੇ ਜੀਅ ਪੈੜਾਂ ਪਾਉਂਦੀਆਂ ਰਹੀਆਂ ਹੋਣ। ਇਸ ਦਾ ਲਾਹਾ ਸਬੰਧਤ ਉਸੇ ਮਾਤਰਾ ਵਿਚ ਲੈਂਦੇ ਰਹਿੰਦੇ ਹਨ ਜਿਸ ਮਾਤਰਾ ਵਿਚ ਉਹ ਦੇਹ ਨਾਲ ਜੁੜੇ ਰਹੇ ਹੁੰਦੇ ਹਨ। ਤਸਵੀਰ-ਏ-ਜਾਨਾਂ ਨੂੰ ਜੋ ਅੰਦਰ ਉਤਾਰ ਸਕਦੇ ਹਨ, ਉਹ ਲੋੜ ਪੈਣ ’ਤੇ ਕਾਵਿਕ ਸਹੂਲਤ ਦੇ ਆਸਰੇ ਵਿਛੜਿਆਂ ਨਾਲ ਜੁੜੇ ਰਹਿੰਦੇ ਹਨ। ਕੁਲਵੰਤ ਦੀਆਂ ਪੁਸਤਕਾਂ ਇਸ ਵਿਚ ਸਹਾਇਕ ਹੋ ਸਕਦੀਆਂ ਹਨ:
ਇਕ ਪਲ ਜਾਗੇ ਵੇਦਨਾ
ਸਾਡੇ ਲਖ ਪਲ ਹੋਣ ਹਰੇ
ਸੁਣ ਤਿਲ ਕਲੀਏ ਖਿੜਦੀਏ
ਤੂੰ ਕਿਉਂ ਨੈਣ ਭਰੇ।
ਬਿੰਬਾਂ ਰਾਹੀ ਸਮਕਾਲੀ ਯਥਾਰਥ ਨੂੰੂ ਫੜਦਿਆਂ ਕੁਲਵੰਤ ਗਰੇਵਾਲ ਆਪਣੇ ਕਾਵਿਕ ਪ੍ਰਸੰਗਾਂ ਦੇ ਦਰਵਾਜ਼ੇ ਖੁੱਲ੍ਹੇ ਰੱਖਦਾ ਸੀ। ਉਸ ਨੂੰ ਸਮਝਣ ਦੀ ਲੈਅ ਫੜ ਕੇ ਹੀ ਉਸ ਦੀਆਂ ਉਡਾਰੀਆਂ ਨਾਲ ਉਡਿਆ ਜਾ ਸਕਦਾ ਹੈ।

ਪ੍ਰੋ. ਕੁਲਵੰਤ ਸਿੰਘ ਗਰੇਵਾਲ ਦੀ ਕਵਿਤਾ
ਮਾਹੀਆ

ਪੰਜਾਬੀ ਰਾਣੀ ਆਂ
ਪੁੱਤਰੋ ਵੇ ਕਿਉਂ ਲੜਦੇ
ਮੈਂ ਹੀ ਮਰ ਜਾਨੀ ਆਂ

ਮੁੱਲਾਂ ਝੰਗ ‘ਚੋਂ ਉਠਾ ਠਾਣਾ
ਰੀਤ ਪੰਜਾਬਾਂ ਦੀ
ਮੇਲਾ ਭਰਿਆ ਛੱਡ ਜਾਣਾ

ਮੁੱਲਾਂ ਆਪਣਾ ਗੁਨਾਹ ਕੋਈ ਨਾ
ਰਾਂਝੇ ਨੂੰ ਰੱਬ ਬਖਸ਼ੇ
ਖੇੜਿਆਂ ਦਾ ਵਸਾਹ ਕੋਈ ਨਾ

ਅਸੀਂ ਘਰ ਮੁੜ ਆਵਾਂਗੇ
ਮਾਹੀਏ ਦਾ ਚੰਨ ਚੁੰਮ ਕੇ
ਪੰਜਾਬ ਨੂੰ ਗਾਵਾਂਗੇ

ਦਿਲ ਟੁੱਟਦੇ ਹਵਾਵਾਂ ਦੇ
ਬੂੰਦ ਬੂੰਦ ਤਰਸ ਗਏ
ਅਸੀਂ ਪੁੱਤ ਦਰਿਆਵਾਂ ਦੇ।