ਕਿਸਾਨ ਜਥੇਬੰਦੀਆਂ ਨੇ ਆਰ-ਪਾਰ ਦੀ ਜੰਗ ਲਈ ਬਣਾਈ ਰਣਨੀਤੀ

ਚੰਡੀਗੜ੍ਹ: ਕਿਸਾਨ ਜਥੇਬੰਦੀਆਂ ਨੇ ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਘੋਲ ਨੂੰ ਹੋਰ ਤਿੱਖਾ ਕਰਨ ਦਾ ਸੱਦਾ ਦਿੱਤਾ ਹੈ। ਸਰਕਾਰ ਨੂੰ ਘੇਰਨ ਲਈ ਸੰਯੁਕਤ ਕਿਸਾਨ ਮੋਰਚੇ ਨੇ ਸਖਤ ਫੈਸਲੇ ਲੈ ਲਏ ਹਨ। ਖੇਤੀ ਕਾਨੂੰਨਾਂ ਖਿਲਾਫ ਅੰਦੋਲਨ ਕਰ ਰਹੇ ਕਿਸਾਨਾਂ ਵੱਲੋਂ ਹੁਣ ਦਿੱਲੀ ਦੇ ਦੁਆਲੇ ਦੀ ਪੈਰੀਫਰਲ ਰੋਡ ‘ਕੁੰਡਲੀ ਮਾਨੇਸਰ-ਪਲਵਲ` ਅਤੇ ‘ਕੁੰਡਲੀ-ਗਾਜ਼ੀਆਬਾਦ-ਪਲਵਲ` ਨੂੰ 10 ਅਪਰੈਲ ਨੂੰ 24 ਘੰਟੇ ਲਈ ਜਾਮ ਕਰਨ ਦਾ ਐਲਾਨ ਕੀਤਾ ਗਿਆ ਹੈ। 13 ਅਪਰੈਲ ਨੂੰ ਵਿਸਾਖੀ ਦਾ ਤਿਉਹਾਰ ਵੀ ਦਿੱਲੀ ਦੀਆਂ ਚਾਰੋਂ ਹੱਦਾਂ ਉਪਰ ਮਨਾਉਣ ਸਮੇਤ ਡਾ. ਬੀ. ਆਰ. ਅੰਬੇਦਕਰ ਦਾ ਜਨਮ ਦਿਨ ‘ਸੰਵਿਧਾਨ ਬਚਾਓ ਦਿਵਸ` ਦੇ ਰੂਪ ਵਿਚ 14 ਅਪਰੈਲ ਨੂੰ ਮਨਾਇਆ ਜਾਵੇਗਾ।

ਮਜ਼ਦੂਰ ਦਿਵਸ ਮੌਕੇ 1 ਮਈ ਨੂੰ ਸਾਰਾ ਦਿਨ ‘ਮਜ਼ਦੂਰ-ਕਿਸਾਨ ਏਕਤਾ` ਦੇ ਲੇਖੇ ਲਾਇਆ ਜਾਵੇਗਾ। ਮਈ ਦੇ ਪਹਿਲੇ ਹਫਤੇ ਸੰਸਦ ਵੱਲ ਮਾਰਚ ਵੀ ਕੀਤਾ ਜਾਵੇਗਾ। ਕਿਸਾਨ ਆਗੂਆਂ ਨੇ ਦੱਸਿਆ ਕਿ ਮੋਰਚੇ ਦੀ ਅਗਵਾਈ ਹੇਠ ‘ਸੰਸਦ ਮਾਰਚ` ਮਈ ਦੇ ਪਹਿਲੇ ਪੰਦਰਵਾੜੇ ਵਿਚ ਕੀਤਾ ਜਾਵੇਗਾ। ਇਸ ਵਿਚ ਔਰਤਾਂ, ਦਲਿਤ-ਆਦਿਵਾਸੀ-ਬਹੁਜਨ, ਬੇਰੁਜ਼ਗਾਰ ਨੌਜਵਾਨ ਅਤੇ ਸਮਾਜ ਦਾ ਹਰ ਵਰਗ ਸ਼ਾਮਲ ਹੋਵੇਗਾ। ਸ਼ਾਂਤਮਈ ਲੋਕ ਆਪਣੇ ਵਾਹਨਾਂ ਵਿਚ ਆਪਣੇ ਪਿੰਡਾਂ ਤੋਂ ਦਿੱਲੀ ਦੀਆਂ ਸਰਹੱਦਾਂ ਤੱਕ ਆਉਣਗੇ। ਇਸ ਤੋਂ ਬਾਅਦ ਦਿੱਲੀ ਦੀਆਂ ਕਈ ਹੱਦਾਂ ਤੋਂ ਸੰਸਦ ਤੱਕ ਪੈਦਲ ਮਾਰਚ ਕੀਤਾ ਜਾਵੇਗਾ। ਨਿਰਧਾਰਿਤ ਤਰੀਕ ਦਾ ਐਲਾਨ ਆਉਣ ਵਾਲੇ ਦਿਨਾਂ ਵਿਚ ਕੀਤਾ ਜਾਵੇਗਾ।
ਕੇਂਦਰੀ ਖੇਤੀ ਕਾਨੂੰਨਾਂ ਵਿਰੁੱਧ ਪੰਜਾਬ ਵਿਚ 32 ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਭਾਜਪਾ ਆਗੂਆਂ ਦੇ ਘਰਾਂ, ਟੌਲ ਪਲਾਜ਼ਿਆਂ, ਅੰਬਾਨੀ ਤੇ ਅਡਾਨੀ ਦੇ ਕਾਰੋਬਾਰੀ ਟਿਕਾਣਿਆਂ, ਰੇਲਵੇ ਸਟੇਸ਼ਨਾਂ, ਨਿੱਜੀ ਖੇਤਰ ਦੇ ਥਰਮਲ ਪਲਾਂਟ ਅਤੇ ਮੋਗਾ ਦੇ ਸਾਈਲੋ ਦੇ ਬਾਹਰ ਸਵਾ ਸੌ ਤੋਂ ਵੱਧ ਥਾਵਾਂ ‘ਤੇ ਧਰਨੇ ਜਾਰੀ ਹਨ। ਇਨ੍ਹਾਂ ਇਕੱਠਾਂ ਦੌਰਾਨ ਬੁਲਾਰਿਆਂ ਨੇ ਆਉਂਦੇ ਦਿਨੀਂ ਅੰਦੋਲਨ ਹੋਰ ਮਘਾਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਕਿਸਾਨੀ ਅੰਦੋਲਨ ਭਾਜਪਾ ਦੇ ਅੰਤ ਦਾ ਆਧਾਰ ਬਣੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸੰਦਰਭ ‘ਚ ਪਰਵਾਸੀ ਮਜ਼ਦੂਰਾਂ ਦੇ ਮਾਮਲੇ ‘ਤੇ ਕੇਂਦਰੀ ਗ੍ਰਹਿ ਮੰਤਰਾਲੇ ਦੀ ਚਿੱਠੀ ਕਿਸਾਨੀ ਅੰਦੋਲਨ ਨੂੰ ਪ੍ਰਭਾਵਿਤ ਕਰਨ ਦੀ ਨਵੀਂ ਚਾਲ ਹੈ ਤੇ ਇਸ ਦਾ ਜਵਾਬ ਵੀ ਹਾਕਮਾਂ ਵੱਲੋਂ ਪਹਿਲਾਂ ਚੱਲੀਆਂ ਗਈਆਂ ਕੋਝੀਆਂ ਚਾਲਾਂ ਦੇ ਜਵਾਬ ਦੀ ਤਰ੍ਹਾਂ ਹੀ ਦਿੱਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਪੰਜਾਬ ਤੋਂ ਬੱਚੇ, ਨੌਜਵਾਨਾਂ ਤੇ ਬਜ਼ੁਰਗਾਂ ਦੇ ਕਾਫਲਿਆਂ ਦਾ ਦਿੱਲੀ ਦੇ ਕਿਸਾਨ ਮੋਰਚਿਆਂ ‘ਤੇ ਜਾਣਾ ਜਾਰੀ ਹੈ। ਪਰਵਾਸੀ ਮਜ਼ਦੂਰਾਂ ਦੇ ਮਾਮਲੇ ‘ਤੇ ਪੰਜਾਬ ਦੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਜਲਦ ਹੀ ਇਸ ਸਬੰਧੀ ਫੈਸਲਾ ਕਰ ਕੇ ਪਰਵਾਸੀ ਮਜ਼ਦੂਰਾਂ ਦਾ ਸੱਚ ਲੋਕਾਂ ਅਤੇ ਮੀਡੀਆ ਸਾਹਮਣੇ ਪੇਸ਼ ਕੀਤਾ ਜਾਵੇਗਾ। ਕੇਂਦਰ ਸਰਕਾਰ ਨੇ ਕਿਸਾਨ ਅੰਦੋਲਨ ਨੂੰ ਢਾਹ ਲਾਉਣ ਲਈ ਇਹ ਨਵਾਂ ਪੈਂਤੜਾ ਲਿਆਂਦਾ ਹੈ। ਖੇਤਾਂ ‘ਚ ਕਿਸਾਨਾਂ ਵੱਲੋਂ ਪਰਵਾਸੀ ਮਜ਼ਦੂਰਾਂ ਨੂੰ ਬੰਧੂਆ ਬਣਾਉਣ ਪਿੱਛੇ ਕੋਈ ਸੱਚਾਈ ਨਹੀਂ ਹੈ।
ਉਨ੍ਹਾਂ ਕਿਹਾ ਕਿ ਲੰਮੇ ਸਮੇਂ ਤੋਂ ਕਿਸਾਨਾਂ ਦਾ ਪਰਵਾਸੀ ਮਜ਼ਦੂਰਾਂ ਨਾਲ ਚੰਗਾ ਨਾਤਾ ਹੈ, ਜਿਸ ਨੂੰ ਕਿਸੇ ਵੀ ਕੀਮਤ ‘ਤੇ ਵਿਗੜਨ ਨਹੀਂ ਦਿੱਤਾ ਜਾਵੇਗਾ ਅਤੇ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ, ਬਿਜਲੀ ਸੋਧ ਬਿੱਲ 2020 ਤੇ ਪਰਾਲੀ ਆਰਡੀਨੈਂਸ ਰੱਦ ਕਰਵਾਉਣ ਲਈ ਚੱਲ ਰਹੇ ਸੰਘਰਸ਼ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ।
____________________________________________
ਕਿਸਾਨ ਧਰਨੇ ਵਾਲੀਆਂ ਥਾਂਵਾਂ ਨਹੀਂ ਛੱਡ ਰਹੇ: ਟਿਕੈਤ
ਅਹਿਮਦਾਬਾਦ: ਕਿਸਾਨਾਂ ਵੱਲੋਂ ਦਿੱਲੀ ਦੀਆਂ ਹੱਦਾਂ ਖਾਲੀ ਕੀਤੇ ਜਾਣ ਸਬੰਧੀ ਕੀਤੇ ਦਾਅਵੇ ਖਾਰਜ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਕਿਸਾਨ ਖੇਤਾਂ ਦੇ ਕੰਮ ਨਿਬੇੜਨ ਲਈ ਗਏ ਹਨ ਅਤੇ ਜਦੋਂ ਕੇਂਦਰ ਸਰਕਾਰ ਪੱਛਮੀ ਬੰਗਾਲ ਦੀਆਂ ਚੋਣਾਂ ਤੋਂ ਵਿਹਲੀ ਹੋ ਜਾਵੇਗੀ ਤਾਂ ਉਹ ਵਾਪਸ ਆ ਜਾਣਗੇ। ਉਨ੍ਹਾਂ ਕਿਹਾ ਕਿ ਤਿੰਨੇਂ ਨਵੇਂ ਖੇਤੀ ਕਾਨੂੰਨ ਕਿਸਾਨਾਂ ਲਈ ਨਹੀਂ ਕਾਰੋਬਾਰੀਆਂ ਦੀ ਮਦਦ ਲਈ ਬਣਾਏ ਗਏ ਹਨ ਅਤੇ ਕਿਸਾਨ ਜਥੇਬੰਦੀਆਂ ਨੇ ਫੈਸਲਾ ਕੀਤਾ ਹੈ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹ ਮੋਰਚਿਆਂ ਵਾਲੀਆਂ ਥਾਵਾਂ ਨਹੀਂ ਛੱਡਣਗੇ।
___________________________________________
ਔਰਤਾਂ ਨੇ ਦਿੱਲੀ ਵੱਲ ਵਹੀਰਾਂ ਘੱਤੀਆਂ
ਚੰਡੀਗੜ੍ਹ: ਪੰਜਾਬ ਵਿਚ ਕਣਕ ਦੀ ਵਾਢੀ ਦਾ ਸੀਜ਼ਨ ਸ਼ੁਰੂ ਹੋਣ ਕਾਰਨ ਕੌਮੀ ਰਾਜਧਾਨੀ ‘ਚ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਲੱਗੇ ਮੋਰਚੇ ‘ਚ ਸ਼ਮੂਲੀਅਤ ਲਈ ਕਿਸਾਨ ਬੀਬੀਆਂ ਨੇ ਦਿੱਲੀ ਵੱਲ ਵਹੀਰਾਂ ਘੱਤਣੀਆਂ ਸ਼ੁਰੂ ਕਰ ਦਿੱਤੀਆਂ ਹਨ। ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਦੱਸਿਆ ਕਿ ਲਗਾਤਾਰ ਔਰਤਾਂ ਦੇ ਜਥੇ ਦਿੱਲੀ ਪੁੱਜ ਰਹੇ ਹਨ, ਤਾਂ ਜੋ ਦਿੱਲੀ ‘ਚ ਲੱਗੇ ਮੋਰਚਿਆਂ ਦਾ ਜੋਸ਼ ਮੱਠਾ ਨਾ ਪਵੇ। ਕਿਸਾਨ ਆਗੂਆਂ ਅਨੁਸਾਰ ਮਾਨਸਾ, ਬਰਨਾਲਾ ਤੇ ਮੋਗਾ ਜਿਲ੍ਹੇ ‘ਚੋਂ ਔਰਤਾਂ ਦੇ ਕਾਫਲੇ ਸਿੰਘੂ ਤੇ ਟਿਕਰੀ ਪੁੱਜ ਰਹੇ ਹਨ। ਸੰਯੁਕਤ ਮੋਰਚੇ ਵਿਚ ਸ਼ਾਮਲ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਦੱਸਿਆ ਕਿ ਪੰਜਾਬ ਦੇ ਮੋਰਚੇ ਵੀ ਆਉਂਦੇ ਦਿਨਾਂ ਦੌਰਾਨ ਜਾਰੀ ਰਹਿਣਗੇ ਤੇ ਦਿੱਲੀ ਦੇ ਮੋਰਚੇ ਵਿਚ ਕਿਸਾਨਾਂ ਅਤੇ ਖਾਸਕਰ ਔਰਤਾਂ ਦੀ ਵੱਡੀ ਗਿਣਤੀ ਸ਼ਮੂਲੀਅਤ ਕੇਂਦਰ ਸਰਕਾਰ ਦੇ ਭੁਲੇਖੇ ਕੱਢ ਦੇਵੇਗੀ।