ਮੋਦੀ ਸਰਕਾਰ ਨੇ ਹੁਣ ਪੰਜਾਬ ਦੇ ਕਿਸਾਨਾਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰਚੀ

ਚੰਡੀਗੜ੍ਹ: ਕੇਂਦਰ ਸਰਕਾਰ ਨੇ ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਕਿਸਾਨੀ ਘੋਲ ਨੂੰ ਪੈਰੋਂ ਕੱਢਣ ਲਈ ਹੁਣ ਨਵੀਂ ਚਾਲ ਚੱਲੀ ਹੈ। ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਮੁੱਖ ਸਕੱਤਰ ਪੰਜਾਬ ਨੂੰ ਜਾਰੀ ਗੁਪਤ ਪੱਤਰ ਰਾਹੀਂ ਪੰਜਾਬ ਦੇ ਕਿਸਾਨਾਂ ਉਤੇ ਸਿੱਧਾ ਹੱਲਾ ਬੋਲਿਆ ਹੈ।

ਪੱਤਰ ‘ਚ ਬਿਹਾਰ ਅਤੇ ਉਤਰ ਪ੍ਰਦੇਸ਼ ਦੇ ਪਰਵਾਸੀ ਮਜ਼ਦੂਰਾਂ ਨੂੰ ਪੰਜਾਬ ਦੇ ਕਿਸਾਨਾਂ ਵੱਲੋਂ ਬੰਧੂਆ ਮਜ਼ਦੂਰ ਬਣਾਏ ਜਾਣ ਦੀ ਗੱਲ ਉਭਾਰੀ ਗਈ ਹੈ ਅਤੇ ਕਿਸਾਨਾਂ ਨੂੰ ਇਸ ਮਾਮਲੇ ‘ਤੇ ਕਟਹਿਰੇ ਵਿਚ ਖੜ੍ਹਾ ਕੀਤਾ ਗਿਆ ਹੈ। ਕੇਂਦਰ ਨੇ ਦਾਅਵਾ ਕੀਤਾ ਹੈ ਕਿ ਬਾਰਡਰ ਸਕਿਉਰਿਟੀ ਫੋਰਸ (ਬੀ.ਐਸ.ਐਫ.) ਨੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਇਹ ਸੂਚਨਾ ਦਿੱਤੀ ਹੈ ਕਿ ਬੀ.ਐਸ.ਐਫ. ਨੇ ਸਾਲ 2019 ਅਤੇ ਸਾਲ 2020 ਦੌਰਾਨ ਸਰਹੱਦੀ ਇਲਾਕੇ ਗੁਰਦਾਸਪੁਰ, ਅੰਮ੍ਰਿਤਸਰ, ਫਿਰੋਜ਼ਪੁਰ ਅਤੇ ਅਬੋਹਰ ‘ਚੋਂ 58 ਭਾਰਤੀ ਨਾਗਰਿਕ ਗ੍ਰਿਫਤਾਰ ਕੀਤੇ ਹਨ। ਬੀ.ਐਸ.ਐਫ. ਦੀ ਪੁੱਛ ਪੜਤਾਲ ‘ਚ ਇਹ ਗੱਲ ਉਭਰੀ ਦੱਸੀ ਗਈ ਹੈ ਕਿ ਇਨ੍ਹਾਂ ਗ੍ਰਿਫਤਾਰ ਵਿਅਕਤੀਆਂ ‘ਚੋਂ ਬਹੁਤੇ ਕਮਜ਼ੋਰ ਦਿਮਾਗ ਦੇ ਸਨ ਜਾਂ ਫਿਰ ਮਾਨਸਿਕ ਤੌਰ ‘ਤੇ ਠੀਕ ਨਹੀਂ ਸੀ ਅਤੇ ਇਹ ਕਿਸਾਨਾਂ ਨਾਲ ਬੰਧੂਆ ਮਜ਼ਦੂਰੀ ਕਰ ਰਹੇ ਸਨ।
ਪੱਤਰ ਅਨੁਸਾਰ ਇਹ ਫੜੇ ਗਏ ਮਜ਼ਦੂਰ ਬਿਹਾਰ ਤੇ ਯੂਪੀ ਦੇ ਗਰੀਬ ਪਰਿਵਾਰਾਂ ਨਾਲ ਸਬੰਧਤ ਸਨ। ਬੀ.ਐਸ.ਐਫ. ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਮਨੁੱਖੀ ਤਸਕਰੀ ਸਿੰਡੀਕੇਟ ਵੱਲੋਂ ਇਨ੍ਹਾਂ ਪਰਵਾਸੀ ਮਜ਼ਦੂਰਾਂ ਨੂੰ ਚੰਗੀ ਤਨਖਾਹ ਦਾ ਲਾਲਚ ਦੇ ਕੇ ਲਿਆਂਦਾ ਜਾਂਦਾ ਹੈ ਪਰ ਪੰਜਾਬ ਪੁੱਜਣ ਮਗਰੋਂ ਇਨ੍ਹਾਂ ਮਜ਼ਦੂਰਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ। ਘੱਟ ਤਨਖਾਹ ਦੇਣ ਤੋਂ ਇਲਾਵਾ ਉਨ੍ਹਾਂ ਨਾਲ ਅਣਮਨੁੱਖੀ ਵਿਹਾਰ ਕੀਤਾ ਜਾਂਦਾ ਹੈ। ਇਨ੍ਹਾਂ ਮਜ਼ਦੂਰਾਂ ਤੋਂ ਖੇਤਾਂ ਵਿਚ ਵੱਧ ਘੰਟੇ ਕੰਮ ਕਰਾਇਆ ਜਾਂਦਾ ਹੈ ਅਤੇ ਅਕਸਰ ਇਨ੍ਹਾਂ ਨੂੰ ਨਸ਼ੇ ਵੀ ਦਿੱਤੇ ਜਾਂਦੇ ਹਨ ਜਿਸ ਕਰਕੇ ਇਨ੍ਹਾਂ ਮਜ਼ਦੂਰਾਂ ਦੀ ਮਾਨਸਿਕ ਸਥਿਤੀ ਵਿਗੜ ਜਾਂਦੀ ਹੈ।
ਕੇਂਦਰੀ ਗ੍ਰਹਿ ਮੰਤਰਾਲੇ ਨੇ ਇਸ ਨੂੰ ਮਨੁੱਖੀ ਤਸਕਰੀ ਦਾ ਮਾਮਲਾ ਦੱਸਦੇ ਹੋਏ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਵੀ ਕਰਾਰ ਦਿੱਤਾ ਹੈ। ਗ੍ਰਹਿ ਮੰਤਰਾਲੇ ਨੇ ਪੰਜਾਬ ਸਰਕਾਰ ਨੂੰ ਇਸ ‘ਤੇ ਕਾਰਵਾਈ ਕਰਨ ਲਈ ਆਖਿਆ ਹੈ ਅਤੇ ਇਸ ਤੋਂ ਕੇਂਦਰ ਸਰਕਾਰ ਨੂੰ ਜਾਣੂ ਕਰਾਉਣ ਲਈ ਵੀ ਕਿਹਾ ਹੈ। ਗ੍ਰਹਿ ਮੰਤਰਾਲੇ ਨੇ ਇਸ ਦੇ ਨਾਲ ਹੀ ਕੇਂਦਰੀ ਕਿਰਤ ਮੰਤਰਾਲੇ ਨੂੰ ਆਖ ਦਿੱਤਾ ਹੈ ਕਿ ਪਰਵਾਸੀ ਮਜ਼ਦੂਰਾਂ ਦੇ ਜੱਦੀ ਸੂਬਿਆਂ ‘ਚ ਜਾਗਰੂਕਤਾ ਮੁਹਿੰਮ ਚਲਾਈ ਜਾਵੇ ਤਾਂ ਜੋ ਮਜ਼ਦੂਰ ਗੁੰਮਰਾਹ ਨਾ ਹੋ ਸਕਣ।
ਗ੍ਰਹਿ ਮੰਤਰਾਲੇ ਵੱਲੋਂ ‘ਬੰਧੂਆ ਮਜ਼ਦੂਰਾਂ` ਬਾਰੇ ਭੇਜੇ ਗਏ ਪੱਤਰ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਹਾਸੋਹੀਣਾ ਦੱਸਦਿਆਂ ਕਿਹਾ ਕਿ ਇਸ ਪੱਤਰ ਦਾ ਮਕਸਦ ਪੰਜਾਬ ਦੇ ਕਿਸਾਨਾਂ ਨੂੰ ਬਦਨਾਮ ਕਰਨਾ ਹੈ। ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਗ੍ਰਹਿ ਮੰਤਰਾਲੇ ਤੋਂ ਮਿਲੀ ਚਿੱਠੀ ਆਪਣੇ ਆਪ ਵਿਚ ਆਪਾ ਵਿਰੋਧੀ ਹੈ। ਇਕ ਪਾਸੇ ਤਾਂ ਚਿੱਠੀ ਵਿਚ ਦਾਅਵਾ ਕੀਤਾ ਗਿਆ ਹੈ ਕਿ ਬੀ.ਐਸ.ਐਫ. ਨੇ 58 ਵਿਅਕਤੀ ਕਾਬੂ ਕੀਤੇ ਹਨ, ਜੋ ਮਾਨਸਿਕ ਤੌਰ `ਤੇ ਬਿਮਾਰ ਹਨ। ਦੂਜੇ ਪਾਸੇ ਕਿਹਾ ਜਾ ਰਿਹਾ ਹੈ ਕਿ ਅਜਿਹੇ ਵਿਅਕਤੀਆਂ ਨੂੰ ਮਨੁੱਖੀ ਤਸਕਰੀ ਕਰ ਕੇ ਗੁਰਦਾਸਪੁਰ, ਅੰਮ੍ਰਿਤਸਰ, ਫਿਰੋਜ਼ਪੁਰ ਤੇ ਅਬੋਹਰ ਇਲਾਕਿਆਂ ਵਿਚ ਚੰਗੀ ਤਨਖਾਹ ਦਾ ਲਾਲਚ ਦੇ ਕੇ ਲਿਆਂਦਾ ਜਾ ਰਿਹਾ ਹੈ ਪਰ ਇਥੇ ਆ ਕੇ ਉਨ੍ਹਾਂ ਨੂੰ ਬੰਧੂਆ ਮਜ਼ਦੂਰ ਬਣਾ ਕੇ ਲੁੱਟ-ਖਸੁੱਟ ਕੀਤੀ ਜਾ ਰਹੀ ਹੈ।
________________________________________
ਬੰਧੂਆ ਮਜ਼ਦੂਰੀ ਦੇ ਇਲਜ਼ਾਮ ਗਲਤ: ਕੈਪਟਨ
ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਪੰਜਾਬ ਦੇ ਖੇਤਾਂ ‘ਚ ਬੰਧੂਆ ਮਜ਼ਦੂਰਾਂ ਤੋਂ ਕੰਮ ਲੈਣ ਦੇ ਲਾਏ ਇਲਜ਼ਾਮਾਂ ਨੂੰ ਪੜਤਾਲ ਮਗਰੋਂ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ। ਮੁੱਖ ਮੰਤਰੀ ਨੇ ਕੇਂਦਰੀ ਗ੍ਰਹਿ ਮੰਤਰੀ ‘ਤੇ ਉਲਟਵਾਰ ਕਰਦਿਆਂ ਕੇਂਦਰ ਸਰਕਾਰ ਵੱਲੋਂ ਲਾਏ ਦੋਸ਼ਾਂ ਨੂੰ ਕਿਸਾਨਾਂ ਖਿਲਾਫ ਕੀਤਾ ਜਾ ਰਿਹਾ ਕੂੜ ਪ੍ਰਚਾਰ ਕਰਾਰ ਦਿੱਤਾ। ਦੱਸਣਯੋਗ ਹੈ ਕਿ ਬੀ.ਐਸ.ਐਫ. ਦੇ ਹਵਾਲੇ ਨਾਲ ਗ੍ਰਹਿ ਮੰਤਰਾਲੇ ਨੇ ਮੁੱਖ ਸਕੱਤਰ ਪੰਜਾਬ ਨੂੰ ਪੱਤਰ ਲਿਖਿਆ ਸੀ ਕਿ ਪੰਜਾਬ ਦੇ ਕਿਸਾਨ ਬਿਹਾਰ ਤੇ ਯੂਪੀ ਦੇ ਪ੍ਰਵਾਸੀ ਮਜ਼ਦੂਰਾਂ ਨੂੰ ਲਿਆ ਕੇ ਬੰਧੂਆ ਮਜ਼ਦੂਰ ਬਣਾ ਕੇ ਉਨ੍ਹਾਂ ਤੋਂ ਖੇਤਾਂ ਦਾ ਕੰਮ ਕਰਾਉਂਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਦਾ ਪੱਤਰ ਕਿਸਾਨਾਂ ਦੇ ਅਕਸ ਨੂੰ ਢਾਹ ਲਾਉਣ ਦਾ ਯਤਨ ਹੈ।
______________________________________
ਵਿਰੋਧ ਪਿੱਛੋਂ ਨਰਮ ਪਿਆ ਗ੍ਰਹਿ ਮੰਤਰਾਲਾ
ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰਾਲੇ ਨੇ ਪੰਜਾਬ ਤੋਂ ਬਚਾਏ ਗਏ 58 ‘ਬੰਧੂਆ ਮਜ਼ਦੂਰਾਂ` ਦੀ ਮਾੜੀ ਹਾਲਤ ਸਬੰਧੀ ਪੰਜਾਬ ਸਰਕਾਰ ਨੂੰ ਲਿਖੇ ਪੱਤਰ ਨੂੰ ਕਿਸਾਨ ਅੰਦੋਲਨ ਨਾਲ ਜੋੜਨ ਬਾਰੇ ਮੀਡੀਆ `ਚ ਆਈਆਂ ਖਬਰਾਂ ਨੂੰ ‘ਤੋੜ-ਮਰੋੜ ਕੇ ਪੇਸ਼ ਕਰਨ` ਅਤੇ ‘ਗੁੰਮਰਾਹ` ਕਰਨ ਵਾਲੀਆਂ ਕਰਾਰ ਦਿੱਤਾ ਤੇ ਕਿਹਾ ਕਿ ਕਾਨੂੰਨ ਪ੍ਰਬੰਧ ਦੇ ਮੁੱਦੇ `ਤੇ ਆਮ ਵਾਰਤਾ ਦਾ ਗਲਤ ਮਤਲਬ ਨਹੀਂ ਕੱਢਿਆ ਜਾਣਾ ਚਾਹੀਦਾ। ਮੰਤਰਾਲੇ ਨੇ ਕਿਹਾ ਕਿ ਮੀਡੀਆ ਦੇ ਇਕ ਧੜੇ ਨੇ ਗਲਤ ਢੰਗ ਨਾਲ ਖਬਰ ਦਿੱਤੀ ਹੈ ਕਿ ਮੰਤਰਾਲੇ ਨੇ ਪੰਜਾਬ ਸਰਕਾਰ ਨੂੰ ਪੱਤਰ ਲਿਖ ਕੇ ਸੂਬੇ ਦੇ ਕਿਸਾਨਾਂ ਖਿਲਾਫ ਗੰਭੀਰ ਦੋਸ਼ ਲਗਾਏ ਹਨ।