ਹਿੰਦ-ਪਾਕਿ ਵਿਚਾਲੇ ਅਮਨ ਬਾਰੇ ਬਣੀਆਂ ਆਸਾਂ ਨੂੰ ਲੱਗਾ ਖੋਰਾ

ਇਸਲਾਮਾਬਾਦ: ਪਾਕਿਸਤਾਨ ਨੇ ਮੌਜੂਦਾ ਮਾਹੌਲ ਵਿਚ ਭਾਰਤ ਨਾਲ ਕਿਸੇ ਵੀ ਤਰ੍ਹਾਂ ਦੇ ਵਪਾਰ ਤੋਂ ਹੱਥ ਪਿੱਛੇ ਖਿੱਚ ਲਏ ਹਨ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸਪਸ਼ਟ ਕਰ ਦਿੱਤਾ ਹੈ ਕਿ ਪਾਕਿਸਤਾਨ ਮੌਜੂਦਾ ਹਾਲਾਤ ਵਿਚ ਭਾਰਤ ਨਾਲ ਕਿਸੇ ਤਰ੍ਹਾਂ ਦਾ ਕੋਈ ਵਪਾਰ ਨਹੀਂ ਕਰੇਗਾ। ਇਹ ਫੈਸਲਾ ਉਨ੍ਹਾਂ ਕੈਬਨਿਟ ਮੰਤਰੀਆਂ ਨਾਲ ਕਪਾਹ ਤੇ ਖੰਡ ਦੀ ਗੁਆਂਢੀ ਦੇਸ਼ ਤੋਂ ਦਰਾਮਦ ਕਰਨ ਸਬੰਧੀ ਹੋਈ ਮੀਟਿੰਗ ਵਿਚ ਲਿਆ। ਇਹ ਵੀ ਪਤਾ ਲੱਗਾ ਹੈ ਕਿ ਪ੍ਰਧਾਨ ਮੰਤਰੀ ਖਾਨ ਨੇ ਬੀਤੇ ਦਿਨੀਂ ਵਪਾਰ ਮੰਤਰੀ ਨੂੰ ਨਿਰਦੇਸ਼ ਦਿੱਤੇ ਸਨ ਕਿ ਉਹ ਦੋਵੇਂ ਵਸਤਾਂ ਦੀ ਦਰਾਮਦ ਕਰਨ ਦੇ ਹੋਰ ਰਾਹ ਤਲਾਸ਼ਣ।

ਦੱਸ ਦਈਏ ਕਿ ਪਾਕਿਸਤਾਨ ਦੇ ਨਵ-ਨਿਯੁਕਤ ਵਿੱਤ ਮੰਤਰੀ ਹਮਾਦ ਅਜਹਰ ਨੇ ਐਲਾਨ ਕੀਤਾ ਸੀ ਕਿ ਉਹ ਭਾਰਤ ਤੋਂ ਖੰਡ ਅਤੇ ਕਪਾਹ ਦੀ ਖਰੀਦ ਕਰੇਗਾ। ਭਾਰਤ ਵੱਲੋਂ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਣ ਵਾਲੀ ਧਾਰਾ 370 ਖਤਮ ਕੀਤੇ ਜਾਣ ਮਗਰੋਂ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਵਧ ਗਿਆ ਸੀ। ਪਾਕਿਸਤਾਨ ਨੇ ਗੁਆਂਢੀ ਦੇਸ਼ ਤੋਂ ਸਾਮਾਨ ਦੀ ਦਰਾਮਦਗੀ ‘ਤੇ ਪਾਬੰਦੀ ਲਾ ਦਿੱਤੀ ਸੀ। ਵਿੱਤ ਮੰਤਰੀ ਅਜਹਰ ਦੀ ਪ੍ਰਧਾਨਗੀ ਹੇਠ ਹੋਈ ਆਰਥਿਕ ਸਹਿਯੋਗ ਕਮੇਟੀ (ਈ.ਸੀ.ਸੀ.) ਦੀ ਮੀਟਿੰਗ ਦੌਰਾਨ ਨਿੱਜੀ ਖੇਤਰਾਂ ਨੂੰ ਭਾਰਤ ਤੋਂ ਪੰਜ ਲੱਖ ਟਨ ਖੰਡ ਦਰਾਮਦ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ। ਭਾਰਤ ਤੋਂ ਕਪਾਹ ਤੇ ਖੰਡ ਸਣੇ 21 ਚੀਜ਼ਾਂ ਦਰਾਮਦ ਕਰਵਾਉਣ ਸਬੰਧੀ ਏਜੰਡੇ ਬਾਰੇ ਗੱਲਬਾਤ ਹੋਈ ਸੀ। ਪਾਕਿਸਤਾਨ ਵੱਲੋਂ ਦਰਾਮਦਗੀ ਮੁੜ ਸ਼ੁਰੂ ਕਰਨ ਨਾਲ 5 ਅਗਸਤ 2019 ਨੂੰ ਜੰਮੂ ਕਸ਼ਮੀਰ ਦਾ ਵਿਸ਼ੇਸ਼ ਰਾਜ ਦਾ ਦਰਜਾ ਖਤਮ ਕੀਤੇ ਜਾਣ ਮਗਰੋਂ ਦੁਵੱਲੇ ਵਪਾਰਕ ਸਬੰਧਾਂ ਨੂੰ ਅੰਸ਼ਿਕ ਹੁਲਾਰਾ ਮਿਲਣ ਦੀ ਆਸ ਜਾਗੀ ਸੀ। ਪਰ ਛੇਤੀ ਹੀ ਸਭ ਖਤਮ ਹੋ ਗਿਆ।
ਦੱਸ ਦਈਏ ਕਿ ਪਹਿਲਾਂ ਪਾਕਿਸਤਾਨ ਦੇ ਵਿੱਤ ਮੰਤਰੀ ਨੇ ਐਲਾਨ ਕੀਤਾ ਸੀ ਕਿ ਪਾਕਿਸਤਾਨ ਭਾਰਤ ਤੋਂ ਕਪਾਹ ਅਤੇ ਖੰਡ ਦੀ ਦਰਾਮਦ ਕਰਨ ਦੀ ਆਗਿਆ ਦੇ ਦੇਵੇਗਾ ਪਰ ਅਗਲੇ ਦਿਨ ਪਾਕਿਸਤਾਨ ਦੀ ਆਰਥਿਕ ਮਾਮਲਿਆਂ ਬਾਰੇ ਤਾਲਮੇਲ ਕਮੇਟੀ ਦੇ ਇਸ ਫੈਸਲੇ ਨੂੰ ਮਨਜ਼ੂਰੀ ਦੇਣ ਤੋਂ ਨਾਂਹ ਕਰ ਦਿੱਤੀ। ਪਾਕਿਸਤਾਨ ਸਰਕਾਰ ਨੇ ਆਪਣੇ ਇਸ ਫੈਸਲੇ ਨੂੰ ਭਾਰਤ ਸਰਕਾਰ ਦੇ 5 ਅਗਸਤ 2019 ਦੇ ਉਸ ਫੈਸਲੇ ਨਾਲ ਜੋੜਿਆ ਹੈ ਜਿਸ ਤਹਿਤ ਭਾਰਤੀ ਸੰਵਿਧਾਨ ਦੀ ਧਾਰਾ 370 ਮਨਸੂਖ ਕਰ ਕੇ ਵਿਸ਼ੇਸ਼ ਦਰਜੇ ਵਾਲੇ ਸੂਬੇ ਜੰਮੂ ਕਸ਼ਮੀਰ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ (ਜੰਮੂ ਕਸ਼ਮੀਰ ਅਤੇ ਲੱਦਾਖ) ਵਿਚ ਵੰਡ ਦਿੱਤਾ ਗਿਆ ਸੀ। ਪਾਕਿਸਤਾਨ ਸਰਕਾਰ ਅਨੁਸਾਰ ਭਾਰਤ ਨਾਲ ਉਦੋਂ ਤੱਕ ਕੋਈ ਵਪਾਰ ਨਹੀਂ ਕੀਤਾ ਜਾਵੇਗਾ ਜਦੋਂ ਤੱਕ ਜੰਮੂ ਕਸ਼ਮੀਰ ਦੀ ਪਹਿਲਾਂ ਵਾਲੀ ਸਥਿਤੀ ਬਹਾਲ ਨਹੀਂ ਕੀਤੀ ਜਾਂਦੀ।
ਪਾਕਿਸਤਾਨ ਦੇ ਇਸ ਫੈਸਲੇ ਨਾਲ ਦੋਹਾਂ ਦੇਸ਼ਾਂ ਵਿਚਕਾਰ ਅਮਨ-ਚੈਨ ਕਾਇਮ ਹੋਣ ਬਾਰੇ ਬਣੀਆਂ ਆਸਾਂ-ਉਮੀਦਾਂ ਨੂੰ ਖੋਰਾ ਲੱਗਾ ਹੈ। ਇਸ ਤੋਂ ਪਹਿਲਾਂ ਦੋਹਾਂ ਦੇਸ਼ਾਂ ਵਿਚਕਾਰ ਐਲ.ਓ.ਸੀ. (ਲਾਈਨ ਆਫ ਕੰਟਰੋਲ) ਉਤੇ ਅਮਨ ਬਣਾਈ ਰੱਖਣ ਦੇ ਅਹਿਦ ਨੂੰ ਦੁਹਰਾਇਆ ਗਿਆ ਸੀ ਅਤੇ ਕੂਟਨੀਤਕ ਹਲਕੇ ਉਮੀਦ ਕਰ ਰਹੇ ਸਨ ਕਿ ਪਾਕਿਸਤਾਨ ਵੱਲੋਂ ਖੰਡ ਅਤੇ ਕਪਾਹ ਦੀ ਦਰਾਮਦ ਸ਼ੁਰੂ ਕਰਨ ਨਾਲ ਦੋਹਾਂ ਦੇਸ਼ਾਂ ਵਿਚਕਾਰ ਤਣਾਉ ਘਟੇਗਾ।
_________________________________________
ਭਾਰਤ ਵੱਲੋਂ ਪਾਕਿ ਦੇ ਰੁਖ ਬਾਰੇ ਟਿੱਪਣੀ ਤੋਂ ਨਾਂਹ
ਨਵੀਂ ਦਿੱਲੀ: ਭਾਰਤ ਨੇ ਕਪਾਹ ਤੇ ਖੰਡ ਦੀ ਸੀਮਤ ਦਰਾਮਦ ਦੀ ਯੋਜਨਾ ‘ਤੇ ਪਾਕਿਸਤਾਨ ਦਾ ਰੁਖ ਬਦਲਣ ਦੇ ਮੁੱਦੇ ‘ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਇਸ ਬਾਰੇ ਪੁੱਛੇ ਜਾਣ ‘ਤੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ, ‘ਅਸੀਂ ਇਸ ਸਬੰਧੀ ਖਬਰਾਂ ਦੇਖੀਆਂ ਹਨ ਪਰ ਸਪੱਸ਼ਟ ਹੈ ਕਿ ਇਹ ਸਵਾਲ ਪੁੱਛਣ ਲਈ ਅਸੀਂ ਸਹੀ ਧਿਰ ਨਹੀਂ ਹਾਂ।‘ ਜਿਕਰਯੋਗ ਹੈ ਕਿ ਪਾਕਿਸਤਾਨੀ ਮੰਤਰੀ ਮੰਡਲ ਨੇ ਉੱਚ ਅਧਿਕਾਰ ਪ੍ਰਾਪਤ ਕਮੇਟੀ ਦੇ ਭਾਰਤ ਤੋਂ ਕਪਾਹ ਤੇ ਖੰਡ ਦੀ ਦਰਾਮਦ ਦੀ ਤਜਵੀਜ਼ ਨੂੰ ਖਾਰਜ ਕਰ ਦਿੱਤਾ ਸੀ। ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਸੀ ਕਿ ਦੋਵਾਂ ਮੁਲਕਾਂ ਵਿਚਾਲੇ ਰਿਸ਼ਤੇ ਉਦੋਂ ਤੱਕ ਠੀਕ ਨਹੀਂ ਹੋ ਸਕਦੇ ਜਦੋਂ ਤੱਕ ਭਾਰਤ ਸਰਕਾਰ ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਰੱਦ ਕਰਨ ਸਬੰਧੀ ਆਪਣਾ ਫੈਸਲਾ ਵਾਪਸ ਨਹੀਂ ਲੈਂਦੀ।