ਕਿਸਾਨ ਅੰਦੋਲਨ: ਜ਼ਿੰਮੇਵਾਰੀ ਦੇ ਪੈਂਡੇ

ਸਵਰਾਜਬੀਰ
ਕੇਂਦਰ ਸਰਕਾਰ ਦੁਆਰਾ ਬਣਾਏ ਖੇਤੀ ਕਾਨੂੰਨਾਂ ਵਿਰੁੱਧ ਚਲਾਏ ਗਏ ਕਿਸਾਨ ਅੰਦੋਲਨ ਨੇ ਕਈ ਪੜਾਅ ਤੈਅ ਕਰ ਲਏ ਹਨ। ਸਿਆਸੀ ਹਲਕਿਆਂ ਵਿਚ ਬਹਿਸ ਹੋ ਰਹੀ ਹੈ ਕਿ ਇਸ ਅੰਦੋਲਨ ਦਾ ਅੰਜਾਮ ਕੀ ਹੋਵੇਗਾ। ਕਿਸੇ ਸਿਆਸੀ ਮਾਹਿਰ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਇਕ ਕਾਨੂੰਨ ਵਾਪਸ ਲੈਣ ਲਈ ਤਿਆਰ ਹੈ ਅਤੇ ਕਿਸੇ ਦਾ ਕਹਿਣਾ ਹੈ ਕਿ ਸਰਕਾਰ ਦੋ ਕਾਨੂੰਨ ਵਾਪਸ ਲਵੇਗੀ। ਕਈ ਸਿਆਸੀ ਮਾਹਿਰਾਂ ਅਨੁਸਾਰ ਸਰਕਾਰ ਤਿੰਨਾਂ ਕਾਨੂੰਨਾਂ ਨੂੰ ਤਿੰਨ ਸਾਲਾਂ ਲਈ ਮੁਲਤਵੀ ਕਰ ਦੇਵੇਗੀ ਅਤੇ ਕਣਕ ਅਤੇ ਝੋਨੇ ਦੀਆਂ ਫਸਲਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ‘ਤੇ ਖਰੀਦਣ ਲਈ ਸੰਸਦ ਜਾਂ ਸੁਪਰੀਮ ਕੋਰਟ ਵਿਚ ਲਿਖਤੀ ਗਾਰੰਟੀ ਦੇਵੇਗੀ।

ਸਰਕਾਰ ਆਪਣੀ ਪੇਸ਼ਕਸ਼ ਅਨੁਸਾਰ ਕਿਸਾਨਾਂ ਦੀਆਂ ਬਿਜਲੀ ਬਿਲ ਨੂੰ ਅੱਗੇ ਨਾ ਵਧਾਉਣ ਅਤੇ ਪਰਾਲੀ ਸਾੜਨ ਬਾਰੇ ਕਾਨੂੰਨ ਤੋਂ ਉਨ੍ਹਾਂ ਨੂੰ ਬਾਹਰ ਰੱਖਣ ਦੀਆਂ ਮੰਗਾਂ ਵੀ ਪ੍ਰਵਾਨ ਕਰੇਗੀ। ਕੁਝ ਮਾਹਿਰਾਂ ਅਨੁਸਾਰ ਖੇਤੀ ਸਬੰਧੀ ਮਾਹਿਰਾਂ ਦੀ ਕਮੇਟੀ ਦੁਆਰਾ ਸੁਪਰੀਮ ਕੋਰਟ ਨੂੰ ਸੌਂਪੀ ਗਈ ਰਿਪੋਰਟ ਰਾਹੀਂ ਕੋਈ ਹੱਲ ਤਲਾਸ਼ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।
ਮੋਦੀ ਸਰਕਾਰ ਦੁਆਰਾ ਚੁੱਕੇ ਕਿਸੇ ਕਦਮ ਬਾਰੇ ਇਸ ਤਰ੍ਹਾਂ ਦੀ ਬਹਿਸ ਪਹਿਲਾਂ ਕਦੇ ਵੀ ਨਹੀਂ ਹੋਈ। ਇਸ ਬਹਿਸ ਦਾ ਹੋਣਾ ਇਸ ਤੱਥ ਵੱਲ ਸੰਕੇਤ ਕਰਦਾ ਹੈ ਕਿ ਇਸ ਅੰਦੋਲਨ ਨੇ ਸਿਆਸਤ ਵਿਚ ਨਵੀਆਂ ਸੰਭਾਵਨਾਵਾਂ ਪੈਦਾ ਕੀਤੀਆਂ ਜਿਨ੍ਹਾਂ ਵਿਚੋਂ ਵੱਡੀ ਸੰਭਾਵਨਾ ਸਰਕਾਰ ਵੱਲੋਂ ਇਨ੍ਹਾਂ ਖੇਤੀ ਕਾਨੂੰਨਾਂ ‘ਤੇ ਮੁੜ ਵਿਚਾਰ ਕਰ ਕੇ ਵਾਪਸ ਲੈਣ ਦੀ ਹੈ। ਉਹੀ ਅੰਦੋਲਨ ਸਫਲ ਹੁੰਦੇ ਹਨ ਜਿਹੜੇ ਅਜਿਹੀਆਂ ਸੰਭਾਵਨਾਵਾਂ ਪੈਦਾ ਕਰ ਸਕਦੇ ਹਨ। ਜੇ ਪਹਿਲਾਂ ਹੋਏ ਅੰਦੋਲਨਾਂ ‘ਤੇ ਨਜ਼ਰ ਮਾਰੀ ਜਾਏ ਤਾਂ ਲੋਕ ਹਮੇਸ਼ਾਂ ਇਹੀ ਸੋਚਦੇ ਸਨ ਕਿ ਅੰਦੋਲਨਕਾਰੀ ਮੁਜ਼ਾਹਰੇ ਕਰਨਗੇ, ਧਰਨਾ ਦੇਣਗੇ ਅਤੇ ਫਿਰ ਥੋੜ੍ਹੇ ਦਿਨਾਂ ਬਾਅਦ ਉਠ ਜਾਣਗੇ ਕਿਉਂਕਿ ਲੋਕਾਂ ਦੇ ਮਨਾਂ ਵਿਚ ਇਹ ਵਿਸ਼ਵਾਸ ਬਣ ਰਿਹਾ ਸੀ ਕਿ ਮੌਜੂਦਾ ਸਰਕਾਰ ਕਿਸੇ ਵੀ ਖੇਤਰ ਵਿਚ ਆਪਣੇ ਦੁਆਰਾ ਚੁੱਕੇ ਗਏ ਕਦਮ ਕਦੇ ਵੀ ਵਾਪਸ ਨਹੀਂ ਲਵੇਗੀ। ਸਿਆਸੀ ਖੇਤਰ ਅਤੇ ਲੋਕਾਂ ਦੇ ਮਨਾਂ ਵਿਚ ਸੰਭਾਵਨਾਵਾਂ ਦਾ ਇਹ ਸੰਸਾਰ ਪੈਦਾ ਕਰਨਾ ਇਸ ਅੰਦੋਲਨ ਦੀ ਵੱਡੀ ਸਫਲਤਾ ਹੈ।
ਇਸ ਅੰਦੋਲਨ ਨੇ ਪੰਜਾਬ ਦੀ ਆਤਮਾ ਵਿਚ ਸੰਘਰਸ਼ ਛੇੜਿਆ। ਬਹੁਤ ਦੇਰ ਬਾਅਦ ਦੂਸਰੇ ਵਰਗਾਂ ਦੇ ਲੋਕਾਂ ਦੇ ਮਨਾਂ ਵਿਚ ਆਪਣੇ ਵਰਗ ਤੋਂ ਬਾਹਰ ਦੇ ਲੋਕਾਂ ਭਾਵ ਕਿਸਾਨਾਂ ਦੀਆਂ ਮੰਗਾਂ ਪ੍ਰਤੀ ਸੰਵੇਦਨਾ ਜਾਗੀ। ਅੰਦੋਲਨ ਦੀ ਸਮੂਹਿਕ ਪੇਸ਼ਕਾਰੀ ਜਿਸ ਵਿਚ ਇਸ ਦਾ ਸਿਦਕ, ਸਿਰੜ, ਸਬਰ, ਸੰਜਮ ਅਤੇ ਸ਼ਾਂਤਮਈ ਤਰੀਕੇ ਨਾਲ ਚੱਲਣਾ ਸ਼ਾਮਲ ਹਨ, ਨੇ ਦੂਸਰੇ ਵਰਗਾਂ ਦੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਕਿਸਾਨਾਂ ਦੀਆਂ ਮੰਗਾਂ ਸਹੀ ਤੇ ਹੱਕੀ ਹਨ ਅਤੇ ਉਨ੍ਹਾਂ ਨਾਲ ਅਨਿਆਂ ਹੋ ਰਿਹਾ ਹੈ; ਕਾਰਪੋਰੇਟ ਘਰਾਣੇ ਖੇਤੀ ਖੇਤਰ ‘ਤੇ ਆਪਣੀ ਸਰਦਾਰੀ ਕਾਇਮ ਕਰਨਾ ਚਾਹੁੰਦੇ ਹਨ। ਕਿਸਾਨ ਨਾਲ ਅਨਿਆਂ ਤਾਂ ਬਹੁਤ ਸਮੇਂ ਤੋਂ ਹੋ ਰਿਹਾ ਸੀ ਪਰ ਸਮਾਜ ਵਿਚ ਇਹ ਸਮੂਹਿਕ ਵਿਸ਼ਵਾਸ ਕਿ ਅਨਿਆਂ ਹੋ ਰਿਹਾ ਹੈ, ਇਸੇ ਅੰਦੋਲਨ ਕਾਰਨ ਬਣਿਆ ਹੈ। ਇਹ ਇਸ ਅੰਦੋਲਨ ਦੀ ਨੈਤਿਕ ਜਿੱਤ ਹੈ। ਇਸੇ ਲਈ ਪੰਜਾਬ ਦੇ ਚਿੰਤਕ, ਕਲਾਕਾਰ, ਗਾਇਕ, ਰੰਗਕਰਮੀ, ਲੇਖਕ, ਵਿਦਵਾਨ, ਵਿਦਿਆਰਥੀ, ਨੌਜਵਾਨ ਅਤੇ ਵੱਖ-ਵੱਖ ਵਰਗਾਂ ਦੇ ਲੋਕ ਅੰਦੋਲਨ ਦੀ ਹਮਾਇਤ ਲਈ ਨਿੱਤਰੇ ਹਨ।
ਅੰਦੋਲਨ ਦੀ ਜ਼ਬਤ ਭਰੀ ਅਗਵਾਈ ਅਤੇ ਅੰਦਰੂਨੀ ਵੇਗ ਨੇ ਆਪਣਾ ਸਭਿਆਚਾਰ ਖੁਦ ਸਿਰਜਿਆ ਹੈ। ਇਸ ਨੇ ਪੰਜਾਬੀਆਂ ਦੇ ਮਨਾਂ ਵਿਚ ਬਣੀਆਂ ਸੰਕੀਰਨਤਾ ਦੀਆਂ ਦੀਵਾਰਾਂ ਨੂੰ ਤੋੜਿਆ ਹੈ। ਇਸ ਅੰਦੋਲਨ ਦੌਰਾਨ ਵਿਰਸੇ ਵਿਚ ਮਿਲੀ ਸਭ ਨੂੰ ਗਲੇ ਲਗਾਉਣ ਵਾਲੀ ਮਾਨਵਤਾ, ਸਾਂਝੀਵਾਲਤਾ, ਸੰਜਮ, ਧੀਰਜ ਅਤੇ ਅਜਿਹੇ ਕਈ ਹੋਰ ਜਜ਼ਬੇ ਏਨੇ ਭਰਪੂਰ ਰੂਪ ਵਿਚ ਪਣਪੇ ਹਨ ਕਿ ਸਿੱਖ ਗੁਰੂਆਂ, ਸੂਫੀਆਂ, ਨਾਥ ਜੋਗੀਆਂ ਦਾ ਵਿਰਸਾ ਅਤੇ ਪੰਜਾਬ ਦੀਆਂ ਜੁਝਾਰੂ ਲਹਿਰਾਂ ਅਤੇ ਪਰੰਪਰਾਵਾਂ ਆਪਣੇ ਵਿਆਪਕ ਰੂਪ ਵਿਚ ਜੀਵੰਤ ਹੋ ਉਠੀਆਂ ਹਨ।
ਹਰ ਅੰਦੋਲਨ ਵਿਚ ਸਥਿਰਤਾ ਵੀ ਹੁੰਦੀ ਹੈ ਅਤੇ ਅਸਥਿਰਤਾ ਵੀ। ਸਥਿਰਤਾ ਤੋਂ ਭਾਵ ਕੁਝ ਅਜਿਹੇ ਤੱਤ ਹਨ ਜਿਹੜੇ ਅਬਦਲ ਹੁੰਦੇ ਹਨ ਅਤੇ ਅਸਥਿਰਤਾ ਤੋਂ ਭਾਵ ਉਹ ਤੱਤ ਅਤੇ ਪ੍ਰਕਿਰਿਆਵਾਂ ਹਨ ਜਿਹੜੀਆਂ ਬਦਲਦੀਆਂ ਰਹਿੰਦੀਆਂ ਹਨ। ਸਥਿਰਤਾ ਤੋਂ ਭਾਵ ਅੰਦੋਲਨ ਦੇ ਉਹ ਕੁਝ ਆਸ਼ੇ ਅਤੇ ਟੀਚੇ ਹੁੰਦੇ ਹਨ ਜਿਨ੍ਹਾਂ ‘ਤੇ ਉਹ ਕਾਇਮ ਰਹਿੰਦਾ ਹੈ। ਅਸਥਿਰਤਾ ਤੋਂ ਭਾਵ ਇਹ ਹੈ ਕਿ ਕਈ ਵਾਰ ਹਾਲਾਤ ਅਨੁਸਾਰ ਕੁਝ ਟੀਚੇ, ਆਸ਼ੇ ਅਤੇ ਅੰਦੋਲਨ ਦੇ ਤੌਰ-ਤਰੀਕੇ ਬਦਲਦੇ ਵੀ ਹਨ।
ਇਸ ਬਦਲਾਉ ਦੀ ਨੁਹਾਰ ਅੰਦੋਲਨ ਦੇ ਆਗੂਆਂ ਦੀ ਟੀਚਿਆਂ ਪ੍ਰਤੀ ਪਹੁੰਚ, ਟੀਚਿਆਂ ਤਕ ਪਹੁੰਚਣ ਲਈ ਅਪਣਾਈਆਂ ਜਾ ਰਹੀਆਂ ਨੀਤੀਆਂ, ਪ੍ਰਕਿਰਿਆਵਾਂ ਅਤੇ ਵਰਤੇ ਜਾ ਰਹੇ ਭਾਸ਼ਾ-ਸੰਸਾਰ ਵਿਚ ਦੇਖੀ ਜਾ ਸਕਦੀ ਹੈ। ਅੰਦੋਲਨ ਨਿੱਤ ਨਵਾਂ ਭਾਸ਼ਾ-ਸੰਸਾਰ ਸਿਰਜਦਾ ਅਤੇ ਨਵੇਂ ਅਰਥ ਤਲਾਸ਼ਦਾ ਹੈ; ਆਗੂ ਨਵੀਆਂ ਨੀਤੀਆਂ ਘੜਦੇ ਅਤੇ ਨਵੀਆਂ ਪਹੁੰਚਾਂ ਅਪਣਾਉਂਦੇ ਲੋਕਾਂ ਨੂੰ ਅੰਦੋਲਿਤ ਕਰਨ ਦੇ ਨਵੇਂ ਤਰੀਕੇ ਈਜਾਦ ਕਰਦੇ ਹਨ। ਇਸ ਤਰ੍ਹਾਂ ਅੰਦੋਲਨ ਹਰ ਸਮੇਂ ਬਦਲ ਰਿਹਾ ਹੁੰਦਾ ਹੈ; ਇਹ ਨਵੇਂ ਦਿਸਹੱਦੇ ਬਣਾਉਂਦਾ ਲਗਾਤਾਰ ਪੁਨਰ-ਸਿਰਜਣ ਦੇ ਰਾਹ ਪਿਆ ਰਹਿੰਦਾ ਹੈ। ਕੁਝ ਪੁਨਰ-ਸਿਰਜਣ ਆਗੂ ਕਰਦੇ ਹਨ ਅਤੇ ਕੁਝ ਅੰਦੋਲਨ ਵਿਚ ਭਾਗ ਲੈ ਰਹੇ ਲੋਕ। ਪੁਨਰ-ਸਿਰਜਣ ਵਿਚ ਤਰਕ, ਵੇਗ, ਜ਼ਮੀਨੀ ਹਾਲਾਤ, ਅੰਦੋਲਨ ਦਾ ਅਮਲ, ਬਾਹਰੀ ਤਾਕਤਾਂ ਦੀ ਹਮਾਇਤ ਜਾਂ ਵਿਰੋਧ, ਮੀਡੀਆ, ਅੰਦੋਲਨ ਅੰਦਰਲੀਆਂ ਸਿਰਜਣਾਤਮਕ ਸ਼ਕਤੀਆਂ, ਆਸ਼ਾ-ਨਿਰਾਸ਼ਾ ਅਤੇ ਭਾਸ਼ਾ ਦੇ ਪੈਦਾ ਹੋਏ ਨਵੇਂ ਸੰਸਾਰ ਅਤੇ ਕਈ ਹੋਰ ਭਾਵਨਾਵਾਂ ਦੇ ਜਜ਼ਬੇ ਸ਼ਾਮਲ ਹੁੰਦੇ ਹਨ। ਉਹੀ ਅੰਦੋਲਨ ਜੀਵੰਤ ਰਹਿੰਦੇ ਹਨ ਜਿਹੜੇ ਹਰ ਪਲ ਆਪਣੇ ਹਿੱਸੇਦਾਰਾਂ ਨੂੰ ਅੰਦੋਲਿਤ ਕਰ ਕੇ ਆਪਣਾ ਪੁਨਰ-ਸਿਰਜਣ ਕਰਦੇ ਹਨ। ਹਰ ਅੰਦੋਲਨ ਦੀਆਂ ਆਪਣੀਆਂ ਸੰਭਾਵਨਾਵਾਂ ਅਤੇ ਸੀਮਾਵਾਂ ਹੁੰਦੀਆਂ ਹਨ।
ਹਰ ਅੰਦੋਲਨ ਦੇ ਆਦਰਸ਼ਮਈ ਹੋਣ ਦੇ ਨਾਲ ਨਾਲ ਉਸ ਦੇ ਪੈਰ ਜ਼ਮੀਨੀ ਅਸਲੀਅਤ ਵਿਚ ਹੁੰਦੇ ਹਨ। ਜ਼ਮੀਨੀ ਅਸਲੀਅਤ ਅੰਦੋਲਨ ਚਲਾ ਰਹੀਆਂ ਜਥੇਬੰਦੀਆਂ, ਉਨ੍ਹਾਂ ਦੇ ਏਕੇ ਤੇ ਆਪਸੀ ਟਕਰਾਉ, ਮਿਲਵਰਤਨ ਤੇ ਮੰਜ਼ਿਲ ‘ਤੇ ਇਕੱਠਿਆਂ ਪਹੁੰਚਣ ਦੀ ਭਾਵਨਾ ਦੇ ਨਾਲ ਨਾਲ ਜਥੇਬੰਦਕ ਅਤੇ ਨਿੱਜੀ ਹਉਮੈ ਕਾਰਨ ਇਕ-ਦੂਸਰੇ ਤੋਂ ਅੱਗੇ ਲੰਘਣ ਦੀ ਸਿੱਕ ਅਤੇ ਕਈ ਹੋਰ ਕਾਰਕਾਂ (ਜਿਵੇਂ ਲੋਕਾਂ ਦਾ ਉਤਸ਼ਾਹ, ਦਬਾਅ, ਉਨ੍ਹਾਂ ਦੀਆਂ ਆਗੂਆਂ ਤੋਂ ਬਣੀਆਂ ਆਸਾਂ-ਉਮੀਦਾਂ) ਤੋਂ ਬਣਦੀ ਹੈ। ਨਿਸ਼ਚੇ ਹੀ ਅਜਿਹੀ ਅਸਲੀਅਤ ਜਟਿਲ ਹੁੰਦੀ ਹੈ। ਕਿਸਾਨ ਆਗੂਆਂ ਦੀ ਸਫਲਤਾ ਇਸ ਵਿਚ ਰਹੀ ਹੈ ਕਿ ਉਨ੍ਹਾਂ ਨੇ ਆਪਸੀ ਏਕਾ ਬਰਕਰਾਰ ਰੱਖਿਆ ਹੈ।
ਇਹ ਨਹੀਂ ਕਿ ਇਸ ਏਕੇ ਨੂੰ ਤੋੜਨ ਦਾ ਯਤਨ ਨਹੀਂ ਕੀਤਾ ਗਿਆ। ਏਕੇ ਨੂੰ ਤੋੜਨ ਦੀ ਕੋਸ਼ਿਸ਼ ਕਰਨ ਵਾਲੀਆਂ ਕਈ ਧਿਰਾਂ ਹਨ। ਸਰਕਾਰੀ ਅਤੇ ਸੱਤਾਧਾਰੀ ਪਾਰਟੀ ਦੀ ਭੂਮਿਕਾ ਤਾਂ ਸਭ ਦੇ ਸਾਹਮਣੇ ਹੈ ਜਿਸ ਨੇ ਅੰਦੋਲਨ ਨੂੰ ਕਦੇ ਅਤਿਵਾਦੀ, ਕਦੇ ਨਕਸਲਵਾਦੀ, ਕਦੇ ਖਾਲਿਸਤਾਨੀ ਅਤੇ ਕਦੇ ਬਾਹਰਲੇ ਦੇਸ਼ਾਂ ਵਿਚ ਬੈਠੇ ਲੋਕਾਂ/ਤਾਕਤਾਂ ਤੋਂ ਪ੍ਰੇਰਿਤ ਕਿਹਾ ਪਰ ਅੰਦੋਲਨ ਦੇ ਸੰਜਮ ਅਤੇ ਵਿਹਾਰ ਕਾਰਨ ਅਜਿਹੀਆਂ ਕੋਸ਼ਿਸ਼ਾਂ ਕਰਨ ਵਾਲੇ ਅਸਫਲ ਹੋਏ ਤੇ ਮੂਧੇ-ਮੂੰਹ ਡਿੱਗੇ।
ਏਕੇ ਵਿਚ ਤਰੇੜਾਂ ਪਾਉਣ ਦੀ ਕੋਸ਼ਿਸ਼ ਕਰਨ ਵਾਲੀਆਂ ਕੁਝ ਹੋਰ ਅਜਿਹੀਆਂ ਧਿਰਾਂ ਹਨ ਜਿਹੜੀਆਂ ਆਪਣੇ ਆਪ ਨੂੰ ਅੰਦੋਲਨ ਦੀਆਂ ਹਮਾਇਤੀ ਕਹਿੰਦੀਆਂ ਅਤੇ ਇਹਦਾ ਹਿੱਸਾ ਹੋਣ ਦਾ ਦਾਅਵਾ ਕਰਦੀਆਂ ਹਨ। ਇਨ੍ਹਾਂ ਧਿਰਾਂ ਨੇ ਕੁਝ ਗੱਭਰੂ ਨੌਜਵਾਨਾਂ ਨੂੰ ਪੰਜਾਬ ਦੇ ਨੌਜਵਾਨਾਂ ਦੇ ਆਗੂਆਂ ਵਜੋਂ ਉਭਾਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਕੋਸ਼ਿਸ਼ ਦੇ ਮੁੱਖ ਪੱਖ ਸਨ/ਹਨ: ਪਹਿਲਾ, ਇਹ ਕਹਿਣ ਦੀ ਕੋਸ਼ਿਸ਼ ਕਿ ਕਿਸਾਨ ਵੱਖ ਹਨ ਅਤੇ ਨੌਜਵਾਨ ਵੱਖ; ਦੂਸਰਾ, ਕਿਸਾਨ ਆਗੂਆਂ ਤੇ ਨੌਜਵਾਨਾਂ ਵਿਚਕਾਰ ਵੱਡਾ ਮਾਨਸਿਕ ਫਾਸਲਾ ਹੈ ਜਿਹੜਾ ਕਿਸਾਨ ਆਗੂ ਤੈਅ ਨਹੀਂ ਕਰ ਸਕਦੇ ਅਤੇ ਇਸ ਲਈ ਇਨ੍ਹਾਂ ਨੌਜਵਾਨ ਆਗੂਆਂ ਨੂੰ ਉਭਾਰਨਾ ਬਹੁਤ ਜ਼ਰੂਰੀ ਹੈ।
ਅਜਿਹਾ ਬਿਰਤਾਂਤ ਸਿਰਜਣ ਵਾਲਿਆਂ ਨੂੰ ਇਹ ਸਵਾਲ ਪੁੱਛਿਆ ਜਾਣਾ ਚਾਹੀਦਾ ਹੈ ਕਿ ਅੰਦੋਲਨ ਕਰ ਰਹੀਆਂ ਕਿਸਾਨ ਜਥੇਬੰਦੀਆਂ ਵਿਚ ਨੌਜਵਾਨ ਨਹੀਂ ਹਨ? ਸਪੱਸ਼ਟ ਹੈ ਕਿ ਹਜ਼ਾਰਾਂ ਨੌਜਵਾਨ ਕਿਸਾਨ ਜਥੇਬੰਦੀਆਂ ਰਾਹੀਂ ਹੀ ਅੰਦੋਲਨ ਦਾ ਹਿੱਸਾ ਬਣੇ ਹਨ ਅਤੇ ਉਹੀ ਸਹੀ ਰਸਤਾ ਹੈ। ਕਿਸਾਨ ਜਥੇਬੰਦੀਆਂ ਤੋਂ ਬਾਹਰ ਵੱਖਰੀ ਨੌਜਵਾਨ ਲੀਡਰਸ਼ਿਪ ਉਭਾਰਨ ਦਾ ਬਿਰਤਾਂਤ ਦੋ-ਚਾਰ ਨੌਜਵਾਨਾਂ ਦੇ ਨਿੱਜ ਨੂੰ ਸ਼ਿੰਗਾਰਨ ਦੇ ਨਾਲ ਨਾਲ ਅੰਦੋਲਨ ਰਾਹੀਂ ਸਿਰਜੀ ਗਈ ਏਕਤਾ ਵਿਚ ਤਰੇੜਾਂ ਪਾਉਣ ਵਾਲਾ ਸੀ ਕਿਉਂਕਿ ਅਜਿਹੇ ਨੌਜਵਾਨ ਅੰਦੋਲਨ ਦੇ ਸਹਾਇਕ ਤਾਂ ਹੋ ਸਕਦੇ ਹਨ ਪਰ ਉਨ੍ਹਾਂ ਦਾ ਅੰਦੋਲਨ ਵਿਚ ਕੇਂਦਰੀ ਭੂਮਿਕਾ ਨਿਭਾਉਣ ਲਈ ਤਰਲੋਮੱਛੀ ਹੋਣਾ ਨਿੱਜੀ ਹਉਮੈ ਅਤੇ ਤ੍ਰਿਸ਼ਨਾ ਦਾ ਦਰਸਾਉ ਹੈ। ਗੁਰੂ ਨਾਨਕ ਦੇਵ ਜੀ ਦਾ ਕਥਨ ਹੈ ”ਤ੍ਰਿਸਨਾ ਹੋਈ ਬਹੁਤੁ ਕਿਵੈ ਨ ਧੀਜੀਈ।।” ਜ਼ਰੂਰਤ ਹੈ ਕਿ ਕਿਸਾਨ ਆਗੂ ਕੇਂਦਰੀ ਭੂਮਿਕਾ ਨਿਭਾਉਣ।
ਗਾਇਕਾਂ, ਲੇਖਕਾਂ, ਰੰਗਕਰਮੀਆਂ, ਚਿੰਤਕਾਂ ਅਤੇ ਹੋਰ ਕਲਾਕਾਰਾਂ ਨੇ ਇਸ ਅੰਦੋਲਨ ਵਿਚ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਨੇ ਅੰਦੋਲਨ ਤੋਂ ਪ੍ਰੇਰਿਤ ਹੋ ਕੇ ਗੀਤ ਤੇ ਨਾਟਕ ਲਿਖੇ ਅਤੇ ਪੇਸ਼ ਕੀਤੇ ਅਤੇ ਇਸ ਤਰ੍ਹਾਂ ਕਿਸਾਨਾਂ ਦੀ ਹਿੰਮਤ ਵਧਾਉਣ ਦੇ ਨਾਲ ਨਾਲ ਪੰਜਾਬੀ ਸੱਭਿਆਚਾਰ ਨੂੰ ਅਮੀਰ ਕੀਤਾ ਹੈ। ਗਾਇਕਾਂ ਦਾ ਇਕ ਵੱਖਰਾ ਸੰਸਾਰ ਹੈ; ਉਸ ਵਿਚ ਗਲੈਮਰ ਹੈ। ਉਨ੍ਹਾਂ ਦੇ ਗਾਣਿਆਂ ਨੂੰ ਵੱਡੀ ਪੱਧਰ ‘ਤੇ ਸੁਣਨ ਅਤੇ ਮਾਣਨ ਵਾਲੇ ਲੋਕ ਅਤੇ ਨੌਜਵਾਨ ਹਨ। ਇਕ-ਦੋ ਗਾਇਕਾਂ ਨੇ ਵੀ ਅਜਿਹਾ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਗਾਇਕ ਹੀ ਅੰਦੋਲਨ ਨੂੰ ਦਿਸ਼ਾ ਦੇ ਸਕਦੇ ਹਨ ਜਾਂ ਅੰਦੋਲਨ ਵਿਚ ਉਹ ਏਕਾ ਬਣਾ ਸਕਦੇ ਹਨ ਜਿਸ ਦੀ ਸਮਝ ਸਿਰਫ ਉਨ੍ਹਾਂ ਨੂੰ ਹੈ। ਗਾਇਕਾਂ ਦੀ ਅਹਿਮ ਭੂਮਿਕਾ ਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ ਪਰ ਅੰਦੋਲਨ ਵਿਚ ਕਿਸਾਨ ਆਗੂਆਂ ਦੇ ਬਰਾਬਰ ਦੀ ਧਿਰ ਬਣਨ ਦੀ ਕੋਸ਼ਿਸ਼ ਵੀ ਹਉਮੈ ਦਾ ਦਰਸਾਵਾ ਹੋ ਨਿਬੜਦੀ ਹੈ। ਯਾਦ ਰੱਖਣਾ ਚਾਹੀਦਾ ਹੈ ਕਿ ਲੋਕ ਅੰਦੋਲਨ ਕਲਾ-ਕ੍ਰਿਤਾਂ, ਸਾਹਿਤ ਅਤੇ ਗਾਇਕਾਂ ਦੇ ਪ੍ਰੇਰਨਾ-ਸਰੋਤ ਹੁੰਦੇ ਹਨ। ਨਾਵਲ, ਨਾਟਕ, ਕਲਾ-ਕ੍ਰਿਤਾਂ, ਗਾਣੇ ਜਾਂ ਹੋਰ ਕਿਸੇ ਤਰ੍ਹਾਂ ਦਾ ਸਾਹਿਤ ਜਾਂ ਪੱਤਰਕਾਰੀ ਲੋਕ-ਅੰਦੋਲਨਾਂ ਨੂੰ ਜਨਮ ਨਹੀਂ ਦੇ ਸਕਦੇ।
ਅੰਦੋਲਨ ਦੇ ਸੰਜਮੀ ਅਤੇ ਏਕਤਾਮਈ ਬਿਰਤਾਂਤ ਵਿਚ ਤਰੇੜ ਪਾਉਣ ਦੀ ਇਕ ਹੋਰ ਕੋਸ਼ਿਸ਼ ਉਸ ਧਿਰ ਵੱਲੋਂ ਹੋਈ ਹੈ ਜਿਸ ਨੇ ਅੰਦੋਲਨ ਵਿਚ ‘ਸਿੱਖ ਬਨਾਮ ਕਾਮਰੇਡ’ ਦਾ ਬਿਰਤਾਂਤ ਸਿਰਜਣ ਦੀ ਕੋਸ਼ਿਸ਼ ਕੀਤੀ ਹੈ। ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਪਿੰਡਾਂ ਦੀ ਸਿੱਖ ਕਿਸਾਨੀ ‘ਤੇ ਆਧਾਰਿਤ ਹਨ। ਬਹੁਗਿਣਤੀ ਪੰਜਾਬੀ ਕਿਸਾਨ ਸਿੱਖ ਹੈ, ਜੱਟ ਹੈ, ਮਿਹਨਤਕਸ਼ ਹੈ; ਉਸ ਨੂੰ ਕਈ ਤਰ੍ਹਾਂ ਦੀਆਂ ਜਥੇਬੰਦੀਆਂ ਨੇ ਜਥੇਬੰਦ ਕੀਤਾ ਹੈ ਜਿਨ੍ਹਾਂ ਵਿਚੋਂ ਕਈਆਂ ਦੀ ਵਿਚਾਰਧਾਰਾ ਸਿਰਫ ਕਿਸਾਨੀ ਦੀ ਆਰਥਿਕਤਾ ਨਾਲ ਜੁੜੀ ਹੋਈ ਹੈ ਅਤੇ ਕਈ ਉਹ ਹਨ ਜਿਨ੍ਹਾਂ ਦੀ ਵਿਚਾਰਧਾਰਾ ਵਿਚ ਕਿਸਾਨੀ ਦੀਆਂ ਆਰਥਿਕ ਮੰਗਾਂ ਅਤੇ ਖੱਬੇ-ਪੱਖੀ ਵਿਚਾਰਧਾਰਾ ਦਾ ਸੰਗਮ ਹੈ।
ਸਿੱਖ ਧਰਮ ਨੇ ਪੰਜਾਬ ਨੂੰ ਊਰਜਿਤ ਕੀਤਾ ਅਤੇ ਇਸ ਧਰਤੀ ਉਤੇ ਸਮਾਜਿਕ ਬਰਾਬਰੀ, ਨਿਆਂ, ਸਾਂਝੀਵਾਲਤਾ, ਸਿਦਕ ਅਤੇ ਕੁਰਬਾਨੀਆਂ ਦੀ ਫਸਲ ਬੀਜੀ। ਵੀਹਵੀਂ ਸਦੀ ਵਿਚ ਖੱਬੇ-ਪੱਖੀ ਵਿਚਾਰਧਾਰਾ ਨੇ ਵੀ ਇਸ ਵਿਚ ਹਿੱਸਾ ਪਾਇਆ। ਪੰਜਾਬ ਦੇ ਕਿਸਾਨ ਅਤੇ ਹੋਰ ਲੋਕ ਪੰਜਾਬ ਦੇ ਸਮੁੱਚੇ ਵਿਰਸੇ ਦੇ ਵਾਰਿਸ ਹਨ; ਉਸ ਵਿਰਸੇ ਵਿਚ ਹੜੱਪੇ ਦੀ ਵਸੇਬ ਹੈ, ਨਾਥ ਜੋਗੀਆਂ ਦੀ ਪਰੰਪਰਾ ਹੈ; ਵੈਸ਼ਨਵ ਪੰਥ ਦੀਆਂ ਪੈੜਾਂ ਹਨ; ਸੂਫੀਆਂ ਦਾ ਨਾਦ ਹੈ; ਸਿੱਖ ਧਰਮ ਦਾ ਜਲੌਅ ਹੈ, ਖੱਬੇ-ਪੱਖੀ ਵਿਚਾਰਧਾਰਾ ਦੇ ਚਸ਼ਮੇ ਹਨ; ਇਹ ਸਾਂਝੀਵਾਲਤਾ ਦਾ ਵਿਰਸਾ ਹੈ; ਇਸ ਵਿਚ ‘ਸਿੱਖ ਬਨਾਮ ਕਾਮਰੇਡ’ ਦੇ ਨਾਂ ‘ਤੇ ਤਰੇੜਾਂ ਪਾਉਣ ਦੀਆਂ ਕੋਸ਼ਿਸ਼ਾਂ ਕਰਨ ਵਾਲਿਆਂ ਨੂੰ ਸਾਂਝੀਵਾਲਤਾ ਦੇ ਵਿਸ਼ਾਲ ਸੰਕਲਪ ਵੱਲ ਇਕ ਵਾਰ ਤਾਂ ਜ਼ਰੂਰ ਹੀ ਦੇਖਣਾ ਚਾਹੀਦਾ ਹੈ ਜਿਸ ਦੀ ਵੱਡੀ ਪਰਿਭਾਸ਼ਾ ਸਿੱਖ ਸਿਧਾਂਤ ਅਤੇ ਗੁਰੂ ਗ੍ਰੰਥ ਸਾਹਿਬ ਵਿਚ ਨਿਹਿਤ ਹੈ।
ਕਿਸਾਨ ਆਗੂ ਜਾਣਦੇ ਹਨ ਕਿ ਕਿਸਾਨ ਘੋਲਾਂ ਵਿਚ ਕਦੀ ਵੀ ਹਿੱਸਾ ਨਾ ਲੈਣ ਵਾਲੇ ਵਿਅਕਤੀਆਂ ਨੂੰ ਅੰਦੋਲਨ ਵਿਚ ਸ਼ਾਮਲ ਹੋਣ ਤੇ ਪ੍ਰਵਾਣਿਤ ਕਰਨ ਲਈ ਦਬਾਉ ਕਿਉਂ ਪਾਇਆ ਜਾ ਰਿਹਾ ਹੈ। ਇਸ ਬਾਰੇ ਫੈਸਲਾ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਸਾਂਝੇ ਤੌਰ ‘ਤੇ ਕਰਨਾ ਹੈ ਕਿ ਉਨ੍ਹਾਂ ਨੇ ਇਸ ਬਾਰੇ ਕਿਹੋ ਜਿਹੀ ਪਹੁੰਚ ਅਪਣਾਉਣੀ ਹੈ। ਕਿਸਾਨ ਅੰਦੋਲਨ ਦੀਆਂ ਪ੍ਰਾਪਤੀਆਂ ਬਾਰੇ ਸਵਾਲ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਪੁੱਛੇ ਜਾਣੇ ਹਨ ਨਾ ਕਿ ਰੰਗਕਰਮੀਆਂ, ਕਲਾਕਾਰਾਂ, ਗਾਇਕਾਂ, ਚਿੰਤਕਾਂ, ਪੱਤਰਕਾਰਾਂ ਜਾਂ ਵਿਦਵਾਨਾਂ ਨੂੰ। ਅੰਦੋਲਨ ਦੀ ਪੈੜ ਕਿਸਾਨ ਜਥੇਬੰਦੀਆਂ ਨੇ ਉਲੀਕੀ ਹੈ ਅਤੇ ਇਸ ਨੂੰ ਭਵਿੱਖ ਵਿਚ ਅੰਦੋਲਿਤ ਕਰਨ ਦੀ ਜ਼ਿੰਮੇਵਾਰੀ ਵੀ ਉਨ੍ਹਾਂ ਦੀ ਹੈ। ਜ਼ਿੰਮੇਵਾਰੀ ਦੇ ਇਹ ਪੈਂਡੇ ਔਖੇ ਤੇ ਜੋਖਮ ਭਰੇ ਵੀ ਹਨ ਅਤੇ ਆਸਾਂ ਨਾਲ ਭਰੇ ਹੋਏ ਵੀ। ਇਨ੍ਹਾਂ ਪੈਂਡਿਆਂ ਦੇ ਸਾਰੇ ਰਾਹੀਆਂ ਨੂੰ ਨਿੱਜੀ, ਬੌਧਿਕ ਅਤੇ ਜਥੇਬੰਦਕ ਹਉਮੈ ਤੇ ਤ੍ਰਿਸ਼ਨਾ ਤੋਂ ਬਚਣ ਦੀ ਜ਼ਰੂਰਤ ਹੈ।