ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਨਿੱਗਰ ਵਿਚਾਰਾਂ `ਤੇ ਝਾਤ

ਡਾ. ਅਜੀਤ ਸਿੰਘ ਕੋਟਕਪੂਰਾ
ਫੋਨ: 585-305-0443
ਆਜ਼ਾਦੀ ਸਾਨੂੰ ਅੰਗਰੇਜ਼ਾਂ ਨੇ ਥਾਲੀ ਵਿਚ ਪਰੋਸ ਕੇ ਨਹੀਂ ਦਿਤੀ, ਸਗੋਂ ਇਸ ਦੀ ਪ੍ਰਾਪਤੀ ਲਈ ਲੰਬੇ ਸੰਘਰਸ਼ ਲੜੇ ਗਏ, ਜਿਸ ਵਿਚ ਨਰਮ ਦਲੀਏ ਅਤੇ ਗਰਮ ਦਲੀਏ ਯੋਧਿਆਂ ਨੇ ਭਰਪੂਰ ਯੋਗਦਾਨ ਪਾਇਆ। ਬਹੁਤ ਸਾਰੀਆਂ ਜਾਨਾਂ ਇਸ ਭਾਰਤ ਦੇਸ਼ ਦੇ ਲੇਖੇ ਲੱਗੀਆਂ। ਇਨ੍ਹਾਂ ਜਾਨਾਂ ਵਾਰਨ ਵਾਲਿਆਂ ਦੀ ਗਿਣਤੀ ਉਂਗਲਾਂ ਉਪਰ ਨਹੀਂ ਕੀਤੀ ਜਾ ਸਕਦੀ। 1857 ਦੇ ਗਦਰ ਵਿਚ ਹਿੱਸਾ ਲੈਣ ਵਾਲੇ ਯੋਧਿਆਂ ਨੇ ਇਸ ਸੰਘਰਸ਼ ਨੂੰ ਬਾਖੂਬੀ ਲੜਿਆ। ਅੰਗਰੇਜ਼ਾਂ ਨੂੰ ਸੁਖ ਦੀ ਨੀਂਦ ਨਹੀਂ ਸੌਣ ਦਿਤਾ।

ਆਜ਼ਾਦੀ ਦੇ ਪ੍ਰਵਾਨਿਆਂ ਨੇ ਸੰਘਰਸ਼ ਦੌਰਾਨ ਆਪਣੇ ਪਰਿਵਾਰਾਂ ਨੂੰ ਛੱਡ ਆਪਣਾ ਸਾਰਾ ਧਿਆਨ ਦੇਸ਼ ਨੂੰ ਆਜ਼ਾਦ ਕਰਵਾਉਣ ਉਪਰ ਕੇਂਦਰਿਤ ਕੀਤਾ ਅਤੇ ਆਪਣੀਆਂ ਜ਼ਿੰਦਗੀਆਂ ਨੂੰ ਦੇਸ਼ ਦੇ ਲਈ ਵਾਰ ਦਿੱਤਾ। ਨੌਜੁਆਨਾਂ ਨੇ ਵੀ ਇਸ ਘੋਲ ਵਿਚ ਆਪਣੇ ਸੁਖ ਸਹੂਲਤਾਂ ਤਿਆਗ ਪੂਰੀ ਦਿਆਨਤਦਾਰੀ ਨਾਲ ਹਿੱਸਾ ਪਾਇਆ ਅਤੇ ਜਿ਼ੰਦਗੀ ਦੀ ਕੋਈ ਪ੍ਰਵਾਹ ਨਾ ਕੀਤੀ।
ਆਜ਼ਾਦੀ ਦੇ ਇਸ ਘੋਲ ਵਿਚ ਸ਼ਹੀਦੀ ਪ੍ਰਾਪਤ ਕਰਨ ਵਾਲੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਵਿਸ਼ੇਸ਼ ਸਥਾਨ ਹੈ, ਜਿਸ ਨੇ ਮਹਿਜ 24 ਸਾਲ ਦੀ ਉਮਰ ਵਿਚ ਆਪਣੇ ਦੋ ਸਾਥੀਆਂ-ਰਾਜਗੁਰੂ ਅਤੇ ਸੁਖਦੇਵ ਦੇ ਨਾਲ ਹੱਸ ਹੱਸ ਕੇ ਫਾਂਸੀ ਦੇ ਰਸੇ ਨੂੰ ਚੁੰਮਿਆ ਸੀ। 23 ਮਾਰਚ 1931 ਨੂੰ ਜਦੋਂ ਸੂਰਜ ਅਸਤ ਹੋ ਰਿਹਾ ਸੀ, ਉਸ ਸਮੇਂ ਅੰਗਰੇਜ਼ੀ ਸਰਕਾਰ ਨੇ ਤਿੰਨਾਂ ਹੀ ਸਾਥੀਆਂ ਤੋਂ ਉਨ੍ਹਾਂ ਦਾ ਜਨਮ ਸਿੱਧ ਸਾਹ ਲੈਣ ਦਾ ਅਧਿਕਾਰ ਖੋਹ ਆਪਣੇ ਅੰਦਰ ਬਲਦੀ ਬਦਲੇ ਦੀ ਅੱਗ ਨੂੰ ਠੰਡਾ ਕਰ ਲਿਆ ਅਤੇ ਬੇਇਨਸਾਫੀ ਤੇ ਲੁੱਟ-ਖਸੁੱਟ ਦੇ ਵਿਰੁੱਧ ਬਗਾਵਤੀ ਸੁਰਾਂ ਨੂੰ ਹਮੇਸ਼ਾ ਲਈ ਸ਼ਾਂਤ ਕਰਨ ਹਿੱਤ ਜੱਲਾਦ ਨੇ ਫਾਂਸੀ ਦੇ ਫੰਦੇ ਦਾ ਸਹਾਰਾ ਲੈ ਲਿਆ। ਫਾਂਸੀ ਦੇ ਫੰਦੇ ਉਪਰ ਜਾਂਦੇ ਹੋਏ ਭਗਤ ਸਿੰਘ ਨੇ ਅੰਗਰੇਜ਼ ਜੱਜ ਨੂੰ ਸੰਬੋਧਨ ਕਰ ਆਖਿਆ ਸੀ, ਮੈਜਿਸਟਰੇਟ ਸਾਹਿਬ ਤੁਸੀਂ ਭਾਗਾਂ ਵਾਲੇ ਹੋ, ਤੁਹਾਨੂੰ ਇਹ ਦੇਖਣ ਦਾ ਮੌਕਾ ਮਿਲਿਆ ਹੈ ਕਿ ਕਿਵੇਂ ਮਹਾਨ ਆਦਰਸ਼ ਦੀ ਖਾਤਿਰ ਕੋਈ ਭਾਰਤੀ ਇਨਕਲਾਬੀ ਹੱਸ ਹੱਸ ਕੇ ਮੌਤ ਨੂੰ ਗਲੇ ਲਾਉਂਦਾ ਹੈ।
ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜਨਮ ਮਾਤਾ ਆਗਿਆ ਵੰਤੀ ਦੀ ਕੁੱਖੋਂ ਸਰਦਾਰ ਕਿਸ਼ਨ ਸਿੰਘ ਦੇ ਘਰ ਸੰਨ 1907 ਦੇ ਸਤੰਬਰ ਮਹੀਨੇ ਦੀ 28 ਤਾਰੀਖ ਨੂੰ ਹੋਇਆ ਸੀ। ਉਸ ਦਾ ਸਾਰਾ ਪਰਿਵਾਰ ਹੀ ਆਜ਼ਾਦੀ ਦੇ ਘੋਲ ਨੂੰ ਸਮਰਪਿਤ ਸੀ। ਪਰਿਵਾਰ ਵਲੋਂ ਉਸ ਨੂੰ ਭਾਗਾਂ ਵਾਲਾ ਜਾਣ ਕੇ ਉਸ ਦਾ ਨਾਂ ਭਗਤ ਸਿੰਘ ਰਖਿਆ ਗਿਆ ਸੀ। ਦੇਸ਼ ਪ੍ਰੇਮ ਦੀ ਗੁੜ੍ਹਤੀ ਉਸ ਨੂੰ ਆਪਣੇ ਪਰਿਵਾਰ ਵਿਚੋਂ ਹੀ ਮਿਲੀ ਸੀ। ਛੋਟਾ ਹੁੰਦਾ ਹੀ ਉਹ ਖੇਤਾਂ ਵਿਚ ਬੰਦੂਕਾਂ ਬੀਜ ਕੇ ਬੰਦੂਕਾਂ ਦੀ ਖੇਤੀ ਕਰਨਾ ਚਾਹੁੰਦਾ ਸੀ ਤਾਂ ਜੋ ਹਥਿਆਰਾਂ ਦੀ ਮਦਦ ਨਾਲ ਆਜ਼ਾਦੀ ਦਾ ਘੋਲ ਲੜਿਆ ਜਾ ਸਕੇ ਅਤੇ ਦੇਸ਼ ਦੀਆਂ ਗੁਲਾਮੀ ਦੀਆਂ ਜ਼ੰਜੀਰਾਂ ਤੋੜੀਆਂ ਜਾ ਸਕਣ ਤੇ ਦੇਸ਼ਵਾਸੀ ਆਪੋ ਵਿਚ ਪ੍ਰੇਮ ਭਾਵਨਾ ਨਾਲ ਰਹਿ ਸਕਣ।
ਭਗਤ ਸਿੰਘ ਆਪਣਾ ਜਿ਼ਆਦਾ ਸਮਾਂ ਪੜ੍ਹਨ ਵਿਚ ਹੀ ਲਾਇਆ ਕਰਦਾ ਸੀ। ਉਸ ਦੇ ਮਹਿਬੂਬ ਲੇਖਕਾਂ ਵਿਚ ਤਾਲਸਤਾਏ, ਦਾਸਤੋਵਸਕੀ, ਹਾਲਕੇਨ, ਗੋਰਕੀ, ਵਿਕਟਰ ਹਿਊਗੋ, ਬਰਨਾਰਡ ਸ਼ਾਅ ਅਤੇ ਡਿਕਨਜ਼ ਆਦਿ ਸ਼ਾਮਿਲ ਸਨ। ਪੁਸਤਕਾਂ ਦੇ ਪੜ੍ਹਨ ਅਤੇ ਵਿਚਾਰ-ਵਟਾਂਦਰਾ ਕਰਦੇ ਰਹਿਣ ਕਾਰਨ ਉਸ ਦੇ ਵਿਚਾਰਾਂ ਵਿਚ ਪੂਰਨ ਸਪਸ਼ਟਤਾ ਝਲਕਦੀ ਸੀ। ਜਥੇਬੰਦੀ ਦੀ ਲੋੜ ਅਤੇ ਪ੍ਰਚਾਰ ਕਰਨ ਦੀ ਜ਼ਰੂਰਤ ਸੰਬਧੀ ਗਿਆਨ ਭਰਪੂਰ ਜਾਣਕਾਰੀ ਸਾਨੂੰ ਉਸ ਦੀਆਂ ਕੀਤੀਆਂ ਗੱਲਾਂ ਵਿਚੋਂ ਸਪਸ਼ਟ ਦਿਸ ਪੈਂਦੀ ਹੈ। ਉਸ ਦੇ ਸ਼ਬਦਾਂ ਵਿਚ ਪ੍ਰਗਟ ਹੈ ਕਿ ਦੇਸ਼ ਦੀ ਜਨਤਾ ਸਾਡੇ ਹੌਸਲੇ ਅਤੇ ਸਾਡੇ ਕੀਤੇ ਕੰਮਾਂ ਦੀ ਭਰਪੂਰ ਪ੍ਰਸੰ਼ਸਾ ਕਰਦੀ ਹੈ, ਪਰ ਜਨਤਾ ਸਾਡੇ ਨਾਲ ਆਪਣਾ ਸਿੱਧਾ ਸੰਪਰਕ ਬਣਾਉਣ ਵਿਚ ਅਸਮਰਥ ਹੈ। ਅਜੇ ਤਕ ਆਪਾਂ ਖੁੱਲ੍ਹੇ ਸ਼ਬਦਾਂ ਵਿਚ ਇਹ ਵੀ ਨਹੀਂ ਸਮਝ ਸਕੇ ਕਿ ਜਿਸ ਆਜ਼ਾਦੀ ਬਾਰੇ ਅਸੀਂ ਗੱਲਾਂ ਕਰਦੇ ਹਾਂ, ਉਸ ਦੀ ਰੂਪ ਰੇਖਾ ਕੀ ਹੋਵੇਗੀ? ਅੰਗਰੇਜ਼ਾਂ ਦੇ ਸਾਡੇ ਦੇਸ਼ ਨੂੰ ਛੱਡ ਜਾਣ ਤੋਂ ਬਾਅਦ ਜੋ ਸਰਕਾਰ ਬਣੇਗੀ, ਉਹ ਕਿਹੋ ਜਿਹੀ ਹੋਵੇਗੀ ਅਤੇ ਕਿਸ ਦੀ ਹੋਵੇਗੀ? ਆਪਣੇ ਸੰਘਰਸ਼ ਦਾ ਜਨਤਕ ਆਧਾਰ ਬਣਾਉਣ ਲਈ ਸਾਨੂੰ ਆਪਣਾ ਮਕਸਦ ਲੋਕਾਂ ਤਕ ਲੈ ਕੇ ਜਾਣਾ ਪਵੇਗਾ। ਆਮ ਲੋਕਾਂ ਦੀ ਮਦਦ ਤੋਂ ਬਿਨਾ ਅਸੀਂ ਥੋੜ੍ਹੇ ਬਹੁਤ ਅੰਗਰੇਜ਼ ਅਫਸਰਾਂ ਜਾਂ ਟਾਊਟਾਂ ਨੂੰ ਮਾਰ ਕੇ ਸਫਲ ਨਹੀਂ ਹੋ ਸਕਦੇ। ਹਾਲੇ ਤਕ ਅਸੀਂ ਜਥੇਬੰਦੀ ਅਤੇ ਪ੍ਰਚਾਰ ਦੀ ਤਰਫ ਧਿਆਨ ਨਹੀਂ ਦਿਤਾ ਤੇ ਅਜਿਹੇ ਐਕਸ਼ਨ ਹੀ ਕਰਦੇ ਅੱਗੇ ਵਧਦੇ ਰਹੇ ਹਾਂ।
ਅਸੀਂ ਸਾਰੇ ਹੀ ਫੌਜੀ ਹਾਂ ਅਤੇ ਹਰ ਫੌਜੀ ਦਾ ਸਭ ਤੋਂ ਵੱਧ ਪਿਆਰ ਯੁੱਧ-ਭੂਮੀ ਵਿਚ ਜਾਨ ਕੁਰਬਾਨ ਨਾਲ ਹੀ ਹੁੰਦਾ ਹੈ। ਐਕਸ਼ਨ ਦੀ ਗੱਲ ਸੁਣਨ ਸਾਰ ਹੀ ਸਾਰੇ ਉਤਾਵਲੇ ਹੋ ਜਾਂਦੇ ਹਨ ਤਾਂ ਵੀ ਸੰਘਰਸ਼ ਨੂੰ ਸੋਚ ਕੇ ਐਕਸ਼ਨਾਂ ਵਲ ਖਿੱਚ ਤਾਂ ਤਿਆਗਣੀ ਹੀ ਪਵੇਗੀ। ਭਾਵੇਂ ਇਹ ਬਿਲਕੁਲ ਦਰੁਸਤ ਹੈ ਕਿ ਸ਼ਹਾਦਤ ਦਾ ਸਿਹਰਾ ਐਕਸ਼ਨ ਵਿਚ ਜੂਝਣ ਵਾਲਿਆਂ ਸਿਰ ਜਾਂ ਫਾਂਸੀ ਦੇ ਫੰਦੇ ਨੂੰ ਚੁੰਮ ਲੈਣ ਵਾਲਿਆਂ ਸਿਰ ਹੀ ਬੱਝਦਾ ਰਿਹਾ ਹੈ ਅਤੇ ਬੱਝਦਾ ਰਹੇਗਾ; ਪਰ ਇਸ ਸਭ ਦੇ ਬਾਵਜੂਦ ਉਨ੍ਹਾਂ ਦੀ ਹਾਲਤ ਕਿਸੇ ਵੀ ਇਮਾਰਤ ਦੇ ਜੜੇ ਹੋਏ ਹੀਰੇ ਸਮਾਨ ਹੁੰਦੀ ਹੈ, ਜਿਸ ਦੀ ਕੀਮਤ, ਜਿਥੋਂ ਤਕ ਇਮਾਰਤ ਬਾਰੇ ਸੋਚਦੇ ਹਾਂ, ਉਸ ਦੀ ਨੀਂਹ ਵਿਚ ਦਬੇ ਹੋਏ ਪੱਥਰ ਦੇ ਮੁਕਾਬਲੇ ਵਿਚ ਬਹੁਤ ਹੀ ਥੱਲੇ ਹੁੰਦੀ ਹੈ। ਹੀਰੇ ਕਿਸੇ ਵੀ ਇਮਾਰਤ ਦੀ ਸੁੰਦਰਤਾ ਵਿਚ ਵਾਧਾ ਕਰਦੇ ਹਨ ਅਤੇ ਦੇਖਣ ਵਾਲਿਆਂ ਨੂੰ ਹੈਰਾਨ ਵੀ ਕਰਦੇ ਹਨ, ਪਰ ਉਹ ਹੀਰੇ ਕਦੇ ਵੀ ਬੁਨਿਆਦ ਨਹੀਂ ਬਣ ਸਕਦੇ ਅਤੇ ਕਿਸੇ ਵੀ ਹਾਲਤ ਵਿਚ ਇਮਾਰਤ ਦੀ ਉਮਰ ਵਿਚ ਵਾਧਾ ਨਹੀਂ ਕਰ ਸਕਦੇ। ਲੰਬੇ ਸਮੇਂ ਤਕ ਆਪਣੇ ਮਜ਼ਬੂਤ ਮੋਢਿਆਂ `ਤੇ ਉਸ ਦੇ ਭਾਰ ਨੂੰ ਚੁੱਕ ਕੇ ਸਿਧਿਆਂ ਖੜ੍ਹੇ ਨਹੀਂ ਰੱਖ ਸਕਦੇ। ਹੁਣ ਤਕ ਦੇ ਕੀਤੇ ਕਾਰਜਾਂ ਰਾਹੀਂ ਅਸੀਂ ਸੰਘਰਸ਼ ਦੌਰਾਨ ਹੀਰਿਆਂ ਦੀ ਕਮਾਈ ਹੀ ਕੀਤੀ ਹੈ, ਪਰ ਬੁਨਿਆਦ ਦੇ ਪੱਥਰਾਂ ਵਲ ਧਿਆਨ ਹੀ ਨਹੀਂ ਦਿਤਾ। ਇਸੇ ਕਾਰਨ ਇੰਨੀਆਂ ਕੁਰਬਾਨੀਆਂ ਦੇ ਕੇ ਵੀ ਅਸੀਂ ਇਮਾਰਤ ਤਾਂ ਕਿ ਬਣਾਉਣੀ ਸੀ, ਢਾਂਚਾ ਵੀ ਨਹੀਂ ਸਿਰਜ ਸਕੇ।
ਭਗਤ ਸਿੰਘ ਤਿਆਗ ਅਤੇ ਕੁਰਬਾਨੀ ਦੇ ਦੋ ਰੂਪਾਂ ਬਾਰੇ ਲਿਖਦਾ ਹੈ ਕਿ ਇੱਕ ਹੈ, ਆਪਣੇ ਛਾਤੀ ਡਾਹ ਗੋਲੀ ਖਾਣੀ ਜਾਂ ਫਾਂਸੀ ਦੇ ਤਖਤੇ ਨੂੰ ਚੁੰਮ ਲੈਣਾ ਅਤੇ ਸ਼ਹੀਦ ਹੋ ਜਾਣਾ। ਇਸ ਕਾਰਜ ਵਿਚ ਤਕਲੀਫ ਘਟ ਹੈ ਅਤੇ ਚਮਕ ਦਮਕ ਬਹੁਤ ਹੈ। ਦੂਸਰਾ ਹੈ, ਪਿੱਛੇ ਰਹਿ ਕੇ ਸਾਰਾ ਜੀਵਨ ਹੀ ਇਮਾਰਤ ਦਾ ਬੋਝ ਲੈ ਕੇ ਚਲਦੇ ਰਹਿਣਾ। ਸੰਘਰਸ਼ ਦੇ ਅੰਦਰ ਚੰਗੇ ਮਾੜੇ ਹਾਲਾਤ ਅਜਿਹੇ ਵੀ ਆਇਆ ਕਰਦੇ ਹਨ, ਜਦੋਂ ਕੁਝ ਸਾਥੀ ਇੱਕ ਇੱਕ ਕਰ ਸਾਥ ਛੱਡਦੇ ਜਾਂਦੇ ਹਨ। ਉਸ ਸਮੇਂ ਕੋਈ ਹਮਦਰਦੀ ਲਈ ਵੀ ਕੋਲ ਨਹੀਂ ਹੁੰਦਾ। ਅਜਿਹੇ ਨਾ ਖੁਸ਼ਗਵਾਰ ਮੌਕਿਆਂ ਉਪਰ ਹੌਸਲਾ ਰੱਖ ਆਪਣੇ ਰਾਹ ਉਪਰ ਚਲਦੇ ਰਹਿਣਾ, ਖਸਤਾ ਹਾਲਤ ਹੋ ਰਹੀ ਇਮਾਰਤ ਦਾ ਭਾਰ ਚੁੱਕ ਪੈਰਾਂ ਨੂੰ ਸਥਿਰ ਰੱਖਣ ਲਈ ਯਤਨਸ਼ੀਲ ਰਹਿਣਾ ਅਤੇ ਮੋਢਿਆਂ ਨੂੰ ਝੁਕਣ ਤੋਂ ਬਚਾ ਕੇ ਰੱਖਦੇ ਹਨ। ਜਿਹੜੇ ਸਾਥੀ ਆਪਣੇ ਆਪ ਨੂੰ ਇਸ ਲਈ ਜਲਾ ਕੇ ਰੱਖਦੇ ਹਨ ਤਾਂ ਜੋ ਦੀਵੇ ਦੀ ਲੋਅ ਮੱਠੀ ਨਾ ਹੋ ਜਾਵੇ ਅਤੇ ਸੁਨਸਾਨ ਪਗਡੰਡੀ ਉਪਰ ਹਨੇਰਾ ਹੀ ਨਾ ਪਸਰ ਜਾਵੇ, ਅਜਿਹੇ ਲੋਕਾਂ ਦੀ ਕੁਰਬਾਨੀ ਵੀ ਕਿਸੇ ਤਰ੍ਹਾਂ ਵੀ ਘਟ ਨਹੀਂ ਹੁੰਦੀ। ਇਹ ਵੀ ਨਾ ਭੁਲਿਆ ਜਾਵੇ ਕਿ ਸਾਨੂੰ ਇਸ ਬਿਖੜੇ ਰਾਹ ਵਿਚ ਬਹੁਤ ਸਾਰੀਆਂ ਨਾਕਾਮੀਆਂ ਵੀ ਮਿਲਣਗੀਆਂ। ਇਨ੍ਹਾਂ ਨਾਕਾਮੀਆਂ ਦੇ ਸਾਹਮਣੇ ਸਿਰ ਝੁਕਾ ਕੇ ਉਦਾਸ ਹੋ ਜਾਣ ਨਾਲ ਸਾਡਾ ਪੈਂਡਾ ਹੋਰ ਵੀ ਮੁਸ਼ਕਿਲ ਭਰਿਆ ਹੋ ਜਾਵੇਗਾ। ਅਸੀਂ ਰਾਹ ਦੇ ਰੋੜੇ ਹਟਾ ਕੇ ਅੱਗੇ ਵਧਣ ਦੀ ਥਾਂ ਅਸੀਂ ਆਪ ਦੂਸਰਿਆਂ ਦੇ ਰਾਹ ਦਾ ਰੋੜਾ ਬਣ ਜਾਵਾਂਗੇ।
ਅੰਗਰੇਜ਼ੀ ਗੁਲਾਮੀ ਵਿਰੁੱਧ ਲੜਿਆ ਜਾਣ ਵਾਲਾ ਸੰਘਰਸ਼ ਸਾਡੇ ਯੁੱਧ ਦਾ ਪਹਿਲਾ ਪੜਾਅ ਹੈ, ਆਖਰੀ ਲੜਾਈ ਤਾਂ ਸਾਨੂੰ ਲੁੱਟ-ਖਸੁੱਟ ਦੇ ਵਿਰੁੱਧ ਹੀ ਲੜਨੀ ਹੈ। ਇਹ ਲੁੱਟ-ਖਸੁੱਟ ਭਾਵੇਂ ਮਨੁੱਖ ਦੁਆਰਾ ਮਨੁੱਖ ਦੀ ਹੋਵੇ ਜਾਂ ਕੌਮ ਦੁਆਰਾ ਦੂਸਰੀ ਕੌਮ ਦੀ ਹੋਵੇ, ਇਹ ਲੜਾਈ ਆਮ ਲੋਕਾਂ ਦੇ ਸਹਿਯੋਗ ਤੋਂ ਬਿਨਾ ਨਹੀਂ ਲੜੀ ਜਾ ਸਕਦੀ। ਇਸ ਲਈ ਹਰ ਸੰਭਵ ਕੋਸ਼ਿਸ਼ ਕਰ ਆਮ ਲੋਕਾਂ ਦੇ ਵੱਧ ਤੋਂ ਵੱਧ ਨੇੜੇ ਰਹਿਣ ਦਾ ਯਤਨ ਕਰਦੇ ਰਹਿਣਾ ਚਾਹੀਦਾ ਹੈ। ਪ੍ਰਚਾਰ ਦੇ ਦੋਵੇਂ ਮੁਖ ਸਾਧਨਾਂ-ਬੋਲਣਾ ਅਤੇ ਲਿਖਣਾ, ਵਿਚ ਭਗਤ ਸਿੰਘ ਮਾਹਿਰ ਸੀ। ਆਹਮਣੇ-ਸਾਹਮਣੇ ਦੀ ਗੱਲਬਾਤ ਵਿਚ ਵਧੀਆ ਹੋਣ ਦੇ ਨਾਲ ਨਾਲ ਉਹ ਇੱਕ ਬਹੁਤ ਹੀ ਚੰਗਾ ਬੁਲਾਰਾ ਸੀ। ਭਗਤ ਸਿੰਘ ਤੋਂ ਪਹਿਲਾਂ ਪ੍ਰਚਾਰ ਅਤੇ ਜਨਤਾ ਨਾਲ ਸਬੰਧ ਸਥਾਪਤ ਕਰਨ ਦੀ ਦਿਸ਼ਾ ਵਿਚ ਇੰਨਾ ਵੱਡਾ ਕਦਮ ਇਨਕਲਾਬੀਆਂ ਨੇ ਕਦੇ ਵੀ ਨਹੀਂ ਚੁੱਕਿਆ ਸੀ।
ਭਗਤ ਸਿੰਘ ਤੋਂ ਪਹਿਲਾਂ ਦੇ ਸੰਘਰਸ਼ ਕਰਨ ਵਾਲਿਆਂ ਦਾ ਮੁਖ ਮੰਤਵ ਮੁਲਕ ਨੂੰ ਆਜ਼ਾਦ ਕਰਾਉਣ ਤਕ ਹੀ ਸੀ, ਪਰ ਉਹ ਇਸ ਆਜ਼ਾਦੀ ਦੇ ਸਬੰਧ ਵਿਚ ਪੂਰਨ ਤੌਰ ਉਪਰ ਸਪਸ਼ਟ ਨਹੀਂ ਸਨ। ਮੁਖ ਸਵਾਲ ਇਹ ਸੀ ਕਿ ਕੀ ਅਸੀਂ ਅੰਗਰੇਜ਼ਾਂ ਦੇ ਚਲੇ ਜਾਣ ਤੋਂ ਬਾਅਦ ਉਸ ਦੀ ਥਾਂ ਉਪਰ ਭਾਰਤੀਆਂ ਦੇ ਸੱਤਾ ਉਪਰ ਕਾਬਿਜ਼ ਹੋਣ ਨਾਲ ਆਜ਼ਾਦੀ ਮਿਲ ਜਾਵੇਗੀ? ਕੀ ਇਸ ਸਮਾਜ ਦੇ ਅੰਦਰ ਮਨੁੱਖ ਦੀ ਲੁੱਟ ਖਸੁੱਟ ਜਾਰੀ ਰਹੇਗੀ ਅਤੇ ਸਮਾਜਿਕ ਕਾਣੀ ਵੰਡ ਨੂੰ ਮੁਕਾ ਦੇਣ ਤੋਂ ਬਿਨਾ ਦੇਸ਼ ਵਾਸੀਆਂ ਵਲੋਂ ਆਜ਼ਾਦ ਫਿਜ਼ਾ ਨੂੰ ਮਾਣਿਆ ਜਾ ਸਕੇਗਾ?
ਆਜ਼ਾਦੀ ਮਿਲ ਜਾਣ ਉੱਪਰ ਸਰਕਾਰ ਕਿਸ ਦੀ ਹੋਵੇਗੀ ਅਤੇ ਭਵਿੱਖ ਵਿਚ ਕਿਹੋ ਜਿਹਾ ਸਮਾਜ ਉਸਰੇਗਾ? ਅਜਿਹੇ ਕੁਝ ਸਵਾਲ ਆਗੂਆਂ ਦੇ ਸਾਹਮਣੇ ਆਪਣਾ ਮੂੰਹ ਟੱਡ ਕੇ ਖੜ੍ਹੇ ਸਨ, ਜਿਨ੍ਹਾਂ ਦੇ ਉਤਰ ਲੱਭਣ ਦੀ ਲੋੜ ਮਹਿਸੂਸ ਹੋ ਰਹੀ ਸੀ।
ਭਗਤ ਸਿੰਘ ਦਾ ਮੰਨਣਾ ਸੀ ਕਿ ਦੇਸ਼ ਦੀ ਸਿਆਸੀ ਆਜ਼ਾਦੀ ਦੀ ਲੜਾਈ ਤਾਂ ਇਸ ਮਕਸਦ ਵਲ ਪਹਿਲਾ ਕਦਮ ਹੈ ਅਤੇ ਜੇ ਇਸ ਨੂੰ ਪ੍ਰਾਪਤ ਕਰ ਲੈਣ ਤੋਂ ਬਾਅਦ ਇਥੇ ਹੀ ਰੁਕ ਗਏ ਤਾਂ ਸਾਡੀ ਵਿਢੀ ਹੋਈ ਮੁਹਿੰਮ ਅਧੂਰੀ ਹੀ ਸਮਝੀ ਜਾਵੇਗੀ। ਇਸ ਲਈ ਸਮਾਜਿਕ ਅਤੇ ਆਰਥਿਕ ਆਜ਼ਾਦੀ ਪ੍ਰਾਪਤ ਕੀਤੇ ਬਿਨਾ ਅਸੀਂ ਆਪਣੇ ਮਿਥੇ ਨਤੀਜੇ ਤੋਂ ਪਛੜ ਜਾਵਾਂਗੇ। ਲੁੱਟ-ਖਸੁੱਟ ਅਤੇ ਸਮਾਜਿਕ ਕਾਣੀ ਵੰਡ ਨੂੰ ਖਤਮ ਕੀਤੇ ਬਿਨਾ ਉਸਾਰਿਆ ਹੋਇਆ ਸਮਾਜ ਫਿਰ ਖਿੰਡ-ਪੁੰਡ ਸਕਦਾ ਹੈ। ਸਮਾਜਵਾਦ ਉਸ ਸਮੇਂ ਯੁਗ ਦੀ ਆਵਾਜ਼ ਸੀ ਅਤੇ ਆਪਣੇ ਦੂਸਰੇ ਸਾਥੀਆਂ ਦੇ ਮੁਕਾਬਲੇ ਸਭ ਤੋਂ ਪਹਿਲਾਂ ਇਸ ਮਸਲੇ ਨੂੰ ਜਾਣ ਲਿਆ ਸੀ। ਇਸੇ ਕਾਰਨ ਉਸ ਨੇ ਇਨਕਲਾਬੀਆਂ ਦੀ ਮੁਲਕ ਵਿਆਪੀ ਜਥੇਬੰਦੀ ਦੀ ਅਣਹੋਂਦ ਨੂੰ ਮਹਿਸੂਸ ਕੀਤਾ। ਭਾਵੇਂ ਮੁਲਕ ਦੇ ਵੱਖ ਵੱਖ ਹਿੱਸਿਆਂ ਵਿਚ ਕੁਝ ਸੰਸਥਾਵਾਂ ਕੰਮ ਕਰ ਰਹੀਆਂ ਸਨ, ਪਰ ਉਨ੍ਹਾਂ ਦਾ ਆਪਸੀ ਤਾਲਮੇਲ ਨਾ ਦੇ ਬਰਾਬਰ ਹੀ ਸੀ। ਭਗਤ ਸਿੰਘ ਨੇ ਇਸ ਨੂੰ ਜਾਣ ਕੇ ਇਕ ਦੇਸ਼ ਵਿਆਪੀ ਸੰਗਠਨ ਬਣਾਉਣਾ ਚਾਹੁੰਦਾ ਸੀ।
ਭਗਤ ਸਿੰਘ ਇਨਕਲਾਬੀ ਸੀ, ਪਰ ਖੂਨ ਦਾ ਪਿਆਸਾ ਨਹੀਂ ਸੀ। ਉਸ ਦਾ ਮੁੱਖ ਮੰਤਵ ਤਾਂ ਸਾਰੀ ਮਨੁੱਖਤਾ ਨੂੰ ਸੁਖੀ ਬਣਾਉਣਾ ਸੀ, ਇਸ ਕਾਰਨ ਉਸ ਦਾ ਮਨੁੱਖ ਮਾਤਰ ਦੀ ਜ਼ਿੰਦਗੀ ਦਾ ਮੋਹ ਸੁਭਾਵਿਕ ਹੀ ਸੀ। ਇਨਕਲਾਬੀ ਹਤਿਆਰੇ ਨਾ ਹੋ ਕੇ ਮਨੁੱਖਤਾ ਦੇ ਪੁਜਾਰੀ ਸਨ। ਜਦੋਂ ਵੀ ਕਿਸੇ ਮਨੁੱਖ ਦੀ ਜਾਨ ਜਾਂਦੀ ਸੀ, ਉਹ ਦੁਖੀ ਮਹਿਸੂਸ ਹੁੰਦੇ ਸਨ। ਇਹ ਭਾਵਨਾ ਉਨ੍ਹਾਂ ਵਲੋਂ ਦਿੱਲੀ ਅਸੈਂਬਲੀ ਅੰਦਰ ਸੁੱਟੇ ਪਰਚਿਆਂ ਤੋਂ ਸਪਸ਼ਟ ਹੁੰਦੀ ਹੈ, ਜਿਸ ਵਿਚ ਲਿਖਿਆ ਸੀ, “ਅਸੀਂ ਮਨੁੱਖੀ ਜੀਵਨ ਨੂੰ ਪਵਿੱਤਰ ਸਮਝਦੇ ਹਾਂ ਅਤੇ ਅਜਿਹੇ ਉੱਜਲ ਭਵਿੱਖ ਵਿਚ ਵਿਸ਼ਵਾਸ ਰੱਖਦੇ ਹਾਂ, ਜਿਸ ਅੰਦਰ ਹਰ ਨਾਗਰਿਕ ਨੂੰ ਪੂਰਨ ਸ਼ਾਂਤੀ ਅਤੇ ਆਜ਼ਾਦੀ ਦਾ ਮੌਕਾ ਪ੍ਰਾਪਤ ਹੋ ਸਕੇ। ਅਸੀਂ ਇਨਸਾਨ ਦਾ ਖੂਨ ਵਹਾਉਣ ਦੀ ਆਪਣੀ ਮਜ਼ਬੂਰੀ `ਤੇ ਬਹੁਤ ਹੀ ਦੁਖੀ ਹਾਂ, ਪਰ ਇਨਕਲਾਬ ਰਾਹੀਂ ਸਾਰਿਆਂ ਨੂੰ ਆਜ਼ਾਦੀ ਲੈ ਕੇ ਦੇਣ ਸਮੇਂ ਅਤੇ ਮਨੁੱਖ ਦੀ ਮਨੁੱਖ ਦੁਆਰਾ ਲੁੱਟ-ਖਸੁੱਟ ਖਤਮ ਕਰਨ ਲਈ ਕੁਝ ਨਾ ਕੁਝ ਖੂਨ ਵਹਾਇਆ ਜਾਣਾ ਜ਼ਰੂਰੀ ਹੋ ਜਾਂਦਾ ਹੈ।”
ਇਨਕਲਾਬੀਆਂ ਦੀ ਮੀਟਿੰਗ ਵਿਚ ਭਗਤ ਸਿੰਘ ਦੇ ਸੁਝਾਅ `ਤੇ ਹੀ ਕੇਂਦਰੀ ਕਮੇਟੀ ਨੇ ਅਸੈਂਬਲੀ ਅੰਦਰ ਟਰੇਡ ਡਿਸਪਿਊਟਸ ਬਿੱਲ ਉਪਰ ਵੋਟਿੰਗ ਹੋ ਜਾਣ ਤੋਂ ਬਾਅਦ ਅਤੇ ਇਸ ਦੇ ਨਤੀਜੇ ਦੇ ਐਲਾਨ ਤੋਂ ਐਨ ਪਹਿਲਾਂ ਸਰਕਾਰੀ ਬੈਂਚਾਂ ਵਲ ਦਰਸ਼ਕ ਗੈਲਰੀ ਵਿਚੋਂ ਬੰਬ ਸੁੱਟਣ ਦਾ ਫੈਸਲਾ ਕੀਤਾ। ਇਨ੍ਹਾਂ ਬੰਬਾਂ ਦਾ ਮੰਤਵ ਬੋਲਿਆਂ ਦੇ ਕੰਨ ਖੋਲ੍ਹਣਾ ਸੀ ਅਤੇ ਵਿਚਾਰੇ ਜਾਣ ਵਾਲੇ ਬਿੱਲਾਂ ਦੇ ਵਿਰੁੱਧ ਤਿੱਖੇ ਵਿਰੋਧ ਨੂੰ ਪ੍ਰਦਰਸ਼ਿਤ ਕਰਨਾ ਸੀ। ਕਿਸੇ ਨੂੰ ਵੀ ਜਾਨੀ ਨੁਕਸਾਨ ਪਹੁੰਚਾਉਣ ਦਾ ਬਿਲਕੁਲ ਵੀ ਇਰਾਦਾ ਨਹੀਂ ਸੀ। ਕਮੇਟੀ ਦਾ ਇਹ ਫੈਸਲਾ ਸੀ ਕਿ ਬੰਬ ਸੁੱਟਣ ਤੋਂ ਬਾਅਦ ਉਥੇ ਹੀ ਗੈਲਰੀ ਵਿਚ ਪਰਚੇ ਸੁੱਟ ਆਪਣੇ ਉਦੇਸ਼ ਨੂੰ ਸਪਸ਼ਟ ਕਰ ਦਿੱਤਾ ਜਾਵੇ। ਭਗਤ ਸਿੰਘ ਦਾ ਇਹ ਵਿਚਾਰ ਸੀ ਕਿ ਜੋ ਵੀ ਸਾਥੀ ਬੰਬ ਸੁੱਟਣਗੇ, ਉਹ ਉਥੇ ਹੀ ਆਤਮ ਸਮਰਪਣ ਕਰ ਦੇਣ ਅਤੇ ਫੜੇ ਜਾਣ ਤੋਂ ਬਾਅਦ ਅਦਾਲਤ ਦੇ ਰਾਹੀਂ ਵੀ ਆਪਣੇ ਉਦੇਸ਼ ਨੂੰ ਸਪਸ਼ਟ ਕਰ ਦੇਣ ਤੇ ਅਦਾਲਤ ਨੂੰ ਸਿਆਸੀ ਪ੍ਰਚਾਰ ਦਾ ਮਾਧਿਅਮ ਬਣਾਇਆ ਜਾਵੇ।
ਦਿੱਲੀ ਅਸੈਂਬਲੀ ਵਿਚ ਬੰਬ ਸੁੱਟਣ ਤੋਂ ਬਾਅਦ ਅਦਾਲਤ ਵਿਚ ਬਿਆਨ ਵਿਚ ਵੀ ਆਖਿਆ ਗਿਆ ਸੀ ਕਿ ਮਨੁੱਖਤਾ ਨੂੰ ਪਿਆਰ ਕਰਨ ਵਿਚ ਅਸੀਂ ਕਿਸੇ ਤੋਂ ਵੀ ਪਿੱਛੇ ਨਹੀਂ ਹਾਂ, ਸਾਨੂੰ ਕਿਸੇ ਨਾਲ ਵੀ ਵਿਅਕਤੀਗਤ ਰੰਜਿਸ਼ ਨਹੀਂ ਹੈ ਅਤੇ ਅਸੀਂ ਮਨੁੱਖੀ ਜ਼ਿੰਦਗੀ ਨੂੰ ਪਿਆਰ ਦੀ ਦ੍ਰਿਸ਼ਟੀ ਨਾਲ ਵੇਖਦੇ ਆਏ ਹਾਂ। ਜਿਹੜੇ ਪਰਚੇ ਸੁੱਟੇ ਗਏ ਸਨ, ਉਨ੍ਹਾਂ ਦੀ ਪਹਿਲੀ ਸਤਰ ਸੀ ਕਿ ਬੋਲਿਆਂ ਨੂੰ ਸਣਾਉਣ ਲਈ ਧਮਾਕਾ ਪੂਰਨ ਆਵਾਜ਼ ਦੀ ਲੋੜ ਹੁੰਦੀ ਹੈ, ਪਰ ਸਰਕਾਰ ਤਾਂ ਜਾਣ-ਬੁਝ ਕੇ ਬੋਲੀ ਬਣੀ ਹੋਈ ਸੀ। ਉਨ੍ਹਾਂ ਨੇ ਸਾਂਝੇ ਬਿਆਨ ਵਿਚ ਆਖਿਆ ਸੀ ਕਿ ਅਸੀਂ ਮਨੁੱਖੀ ਜੀਵਨ ਨੂੰ ਬੇਹੱਦ ਪਵਿੱਤਰ ਮੰਨਦੇ ਹਾਂ ਅਤੇ ਮਾਨਵਤਾ ਦੀ ਸੇਵਾ ਲਈ ਕਿਸੇ ਨੂੰ ਨੁਕਸਾਨ ਪਹੁੰਚਾਉਣ ਦੀ ਥਾਂ ਅਸੀਂ ਖੁਦ ਆਪਣਾ ਜੀਵਨ ਸਮਰਪਿਤ ਕਰ ਦੇਵਾਂਗੇ। ਅਸੀਂ ਸਾਮਰਾਜੀ ਫੌਜ ਦੇ ਭਾੜੇ ਦੇ ਟੱਟੂਆਂ ਵਰਗੇ ਨਹੀਂ ਹਾਂ, ਜਿਨ੍ਹਾਂ ਨੂੰ ਬਿਨਾ ਕਿਸੇ ਅਫਸੋਸ ਦੇ ਹੱਤਿਆ ਕਰਨ ਦੀ ਸਿਖਲਾਈ ਦਿੱਤੀ ਜਾਂਦੀ ਹੈ। ਅਸੀਂ ਜੀਵਨ ਦਾ ਸਨਮਾਨ ਕਰਦੇ ਹਾਂ ਅਤੇ ਲਗਦੀ ਵਾਹ ਇਸ ਨੂੰ ਬਚਾਉਣ ਦਾ ਯਤਨ ਕਰਦੇ ਹਾਂ।
ਹਾਈ ਕੋਰਟ ਦੇ ਸਾਹਮਣੇ ਉਸ ਨੇ ਕਿਹਾ ਸੀ ਕਿ ਇਨਕਲਾਬ ਸੰਸਾਰ ਦਾ ਨਿਯਮ ਹੈ ਅਤੇ ਇਹ ਮਨੁੱਖੀ ਵਿਕਾਸ ਦਾ ਭੇਦ ਹੈ, ਪਰ ਇਸ ਲਈ ਖੂਨ ਡੋਲ੍ਹਣ ਵਾਲਾ ਸੰਘਰਸ਼ ਲਾਜ਼ਮੀ ਨਹੀਂ ਹੈ ਅਤੇ ਨਾ ਹੀ ਇਸ ਦੇ ਅੰਦਰ ਵਿਅਕਤੀਗਤ ਬਦਲਾ ਲਊ ਹਿੰਸਾ ਦੀ ਕੋਈ ਥਾਂ ਹੈ। ਇਹ ਬੰਬਾਂ ਅਤੇ ਪਿਸਤੌਲਾਂ ਦਾ ਅਕੀਦਾ ਨਹੀਂ ਹੈ। ਇਨਕਲਾਬ ਦੇ ਵਿਰੋਧੀ ਲੋਕ ਬੰਬ, ਤਲਵਾਰ ਅਤੇ ਪਿਸਤੌਲਾਂ ਰਾਹੀਂ ਖੂਨ ਵਹਾਏ ਜਾਣ ਨੂੰ ਹੀ ਇਨਕਲਾਬ ਦਾ ਨਾਂ ਦਿੰਦੇ ਹਨ, ਪਰ ਇਨਕਲਾਬ ਇਨ੍ਹਾਂ ਵਸਤਾਂ ਤਕ ਸੀਮਤ ਨਹੀਂ ਹੈ। ਇਹ ਵਸਤਾਂ ਇਨਕਲਾਬ ਦਾ ਸਾਧਨ ਤਾਂ ਹੋ ਸਕਦੀਆਂ ਹਨ, ਪਰ ਇਨ੍ਹਾਂ ਸਾਧਨਾਂ ਦੀ ਵਰਤੋਂ ਦੇ ਮਗਰ ਇਨਕਲਾਬ ਦੇ ਹਕੀਕੀ ਸ਼ਕਤੀ ਲੋਕਾਂ ਦੁਆਰਾ ਸਮਾਜ ਦੇ ਆਰਥਿਕ ਅਤੇ ਸਿਆਸੀ ਢਾਂਚੇ ਅੰਦਰ ਤਬਦੀਲੀ ਦੀ ਤਾਂਘ ਹੋਇਆ ਕਰਦੀ ਹੈ।
ਭਗਤ ਸਿੰਘ ਦਾ ਕਹਿਣਾ ਸੀ ਕਿ ਗ੍ਰਿਫਤਾਰੀ ਤੋਂ ਬਾਅਦ ਸਭ ਕੁਝ ਸਮਾਪਤ ਨਹੀਂ ਹੋ ਗਿਆ ਹੈ ਅਤੇ ਇਹ ਸੋਚਣਾ ਕਿ ਅਸੀਂ ਹੁਣ ਕੁਝ ਨਹੀਂ ਕਰ ਸਕਦੇ, ਬਿਲਕੁਲ ਹੀ ਗਲਤ ਹੋਵੇਗਾ। ਦੁਸ਼ਮਣ ਦੀ ਅਦਾਲਤ ਤੋਂ ਕਿਸੇ ਤਰ੍ਹਾਂ ਦਾ ਭਰਮ ਜਾਂ ਉਮੀਦ ਰੱਖਣੀ ਸਾਡੇ ਇਨਕਲਾਬੀਆਂ ਲਈ ਮੂਰਖਤਾ ਕਹੀ ਜਾਵੇਗੀ। ਇਸ ਕਰ ਕੇ ਸਾਨੂੰ ਵਿਦੇਸ਼ੀ ਸਰਕਾਰ ਦੇ ਇਸ ਅਦਾਲਤੀ ਨਾਟਕ ਅਤੇ ਇਨਸਾਫ ਦੇ ਢਕਵੰਜ ਦੇ ਬਖੀਏ ਉਧੇੜ ਕੇ ਆਪਣੀ ਅਜਿੱਤ ਮਾਨਸਿਕ ਪ੍ਰਦਰਸ਼ਨ ਦੀ ਪੇਸ਼ਕਾਰੀ ਕਰਨੀ ਚਾਹੀਦੀ ਹੈ।
ਇਸ ਸਿਰਕੱਢ ਯੋਧੇ ਤੋਂ ਸਰਕਾਰ ਨੇ ਇਨਸਾਫ ਦੇਣ ਦਾ ਨਾਟਕ ਰਚ ਕੇ 23 ਮਾਰਚ 1931 ਨੂੰ ਉਸ ਨੂੰ ਫਾਂਸੀ ਲਾ ਦਿੱਤਾ ਅਤੇ ਬੇਇਨਸਾਫੀ ਤੇ ਲੁੱਟ-ਖਸੁੱਟ ਖਿਲਾਫ ਬਗਾਵਤ ਕਰਨ ਵਾਲੇ ਤਿੰਨ ਹੋਰ ਗੱਭਰੂਆਂ ਦੀਆਂ ਜੀਵਨੀਆਂ ਜੱਲਾਦ ਦੇ ਫੰਦੇ ਨੇ ਖਤਮ ਕਰ ਦਿਤੀਆਂ। ਬਾਅਦ ਵਿਚ ਲੋਕਾਂ ਤੋਂ ਚੋਰੀ ਰਾਤ ਦੇ ਹਨੇਰੇ ਵਿਚ ਇਨ੍ਹਾਂ ਤਿੰਨਾਂ ਦਾ ਦਰਿਆ ਸਤਲੁਜ ਦੇ ਕੰਢੇ ਸਸਕਾਰ ਕਰ ਦਿੱਤਾ ਗਿਆ। ਜਿਥੇ ਹੁਣ ਉਨ੍ਹਾਂ ਦੀ ਯਾਦਗਾਰ ਬਣੀ ਹੋਈ ਹੈ ਅਤੇ ਹਰ ਸਾਲ ਮੇਲਾ ਲਗਦਾ ਹੈ। ਹੁਣ ਇਹੋ ਹੀ ਬਾਕੀ ਨਿਸ਼ਾਂ ਬਚਿਆ ਹੋਇਆ ਹੈ, ਜੋ ਉਨ੍ਹਾਂ ਦੀ ਲਾਮਿਸਾਲ ਕੁਰਬਾਨੀ ਦੀ ਯਾਦ ਦਿਲਵਾਓਂਦਾ ਹੈ। ਕਿਸੇ ਕਵੀ ਨੇ ਲਿਖਿਆ ਹੈ,
ਸ਼ਹੀਦੋਂ ਕਿ ਚਿਤਾਓਂ ਪਰ ਲਗੇਂਗੇ ਹਰ ਬਰਸ ਮੇਲੇ
ਵਤਨ ਪੇ ਮਿਟਨੇ ਵਾਲੋਂ ਕਾ ਇਹੀ ਬਾਕੀ ਨਿਸ਼ਾਂ ਹੋਗਾ।