ਸਿੱਖ ਬੁੱਧੀਜੀਵੀਆਂ ਦੇ ਧਿਆਨ ਹਿਤ

ਡਾ. ਸਾਧੂ ਸਿੰਘ
ਸਤਿਕਾਰਯੋਗ ਭਾਈ ਅਜਮੇਰ ਸਿੰਘ ਜੀ ਤੇ ਹੋਰ ਸੰਬੰਧਿਤ ਸੱਜਣੋਂ: ਬਹੁਤ ਸਾਰੀਆਂ ਸਿੱਖ ਸੰਗਤਾਂ ਦੇ ਮਨਾਂ ਵਿਚ ਆਮ ਕਰਕੇ ਤੇ ਗੈਰ-ਸਿੱਖ ਪੰਜਾਬੀ ਭਾਈਚਾਰੇ ਦੇ ਲੋਕਾਂ ਦੇ ਮਨਾਂ ਵਿਚ ਖਾਸ ਕਰਕੇ ਖਾਲਿਸਤਾਨ ਬਾਰੇ ਕੁਝ ਖਦਸ਼ੇ ਤੇ ਭਰਮ-ਭੁਲੇਖੇ ਦੂਰ ਕਰਨ ਲਈ ਹੇਠ ਲਿਖੇ ਮੁਦਿਆਂ ਬਾਰੇ ਸਰਲ ਜਿਹੀ ਭਾਸ਼ਾ ਵਿਚ ਆਪਣੇ ਵਿਚਾਰ ਪੇਸ਼ ਕਰਨ ਦੀ ਖੇਚਲ ਕਰਨਾ:

1. ਖਾਲਿਸਤਾਨ ਦਾ ਸਰੂਪ।
2. ਵਿਧਾਨ ਤੇ ਰਾਜ ਪ੍ਰਬੰਧ।
3. ਖਾਲਿਸਤਾਨ ਦੇ ਭੂਗੋਲਿਕ ਖਿੱਤੇ ਦੀ ਨਿਸ਼ਾਨਦੇਹੀ ਅਤੇ ਉਸ ਖਿੱਤੇ ‘ਤੇ ਕਾਬਜ਼ ਹੋਣ ਲਈ ਦਰਪੇਸ਼ ਸਮੱਸਿਆਵਾਂ ਤੇ ਉਨ੍ਹਾਂ ਦਾ ਸਮਾਧਾਨ।
4. ਖਾਲਿਸਤਾਨ ਵਿਚ ਸਹਿਜਧਾਰੀ ਸਿੱਖਾਂ, ਨਾਮਧਾਰੀਆਂ, ਰਵਿਦਾਸੀਆਂ, ਸੇਵਾ-ਪੰਥੀਆਂ, ਉਦਾਸੀਆਂ, ਨਿਰਮਲਿਆਂ, ਹਿੰਦੂਆਂ, ਮੁਸਲਮਾਨਾਂ, ਈਸਾਈਆਂ ਤੇ ਤਰਕਸ਼ੀਲ ਲੋਕਾਂ ਦਾ ਸਥਾਨ।
5. ਖਾਲਿਸਤਾਨ ਦੇ ਖੇਤਰ ਤੋਂ ਬਾਹਰ ਵਸਦੇ ਸਿੱਖਾਂ ਦੀ ਸਥਿਤੀ।
6. ਪੰਜਾਬੀ ਵਿਚ ਰਚੇ ਗਏ ਕਿੱਸਾ-ਕਾਵਿ, ਸੂਫੀ-ਕਾਵਿ, ਰੁਮਾਂਟਿਕ ਕਾਵਿ-ਧਾਰਾ, ਪ੍ਰਗਤੀਸ਼ੀਲ ਸਾਹਿਤ, ਪਾਕਿਸਤਾਨ ਤੇ ਹੋਰ ਵਿਦੇਸ਼ਾਂ ਵਿਚ ਰਚੇ ਜਾ ਰਹੇ ਪੰਜਾਬੀ ਸਾਹਿਤ ਪ੍ਰਤੀ ਰਵੱਈਆ।
ਸਨਮਾਨਯੋਗ ਸੱਜਣੋਂ ਜੇ ਇਨ੍ਹਾਂ ਮੁਢਲੇ ਜਿਹੇ ਮੁੱਦਿਆਂ ਤੋਂ ਬਿਨਾ ਖੁਰਾਕ ਤੇ ਪੁਸ਼ਾਕ ਦੇ ਬੰਧੇਜਾਂ ਬਾਰੇ ਵੀ ਆਪਣੇ ਵਿਚਾਰ ਸਪਸ਼ਟ ਕਰਨ ਦੀ ਕ੍ਰਿਪਾਲਤਾ ਕਰ ਸਕੋ ਤਾਂ ਆਪ ਜੀ ਦੀ ਬੜੀ ਮਿਹਰਬਾਨੀ ਹੋਵੇਗੀ।
ਸਿਆਸੀਕਰਣ ਦਾ ਹਊਆ
ਹਿੰਦੁਸਤਾਨ ਦੀ ਪਾਰਲੀਮੈਂਟ ਦੇ ਇਜਲਾਸਾਂ ਦੌਰਾਨ ਵਿਰੋਧੀ ਪਾਰਟੀਆਂ ਵਲੋਂ ਜਦੋਂ ਕਦੇ ਵੀ ਹੁਕਮਰਾਨ ਧਿਰ ਦੀ ਕਿਸੇ ਧਾਂਦਲੀ ਜਾਂ ਕਿਸੇ ਬਿੱਲ ਦੀ ਇਤਰਾਜ਼ਯੋਗ ਮਦ ਵਲ ਧਿਆਨ ਦੁਆਇਆ ਜਾਂਦਾ ਹੈ, ਤਦ ਸੰਬੰਧਿਤ ਉਜ਼ਰ ਦਾ, ਤਰਕਸ਼ੀਲ ਉੱਤਰ ਦੇਣ ਦੀ ਥਾਂ ਸਾਰੇ ਮਾਮਲੇ ਨੂੰ ਇਹ ਕਹਿ ਕੇ ਹੀ ਠੱਪ ਕਰ ਦਿੱਤਾ ਜਾਂਦਾ ਹੈ ਕਿ ਵਿਰੋਧੀ ਧਿਰ ਮਸਲੇ ਦਾ ਸਿਆਸੀਕਰਣ ਕਰ ਰਹੀ ਹੈ। ਅਜਿਹਾ ਹੀ ਰੁਖ ਪਾਰਲੀਮੈਂਟ ਤੋਂ ਬਾਹਰ ਹੋ ਰਹੇ ਜਨਤਕ ਅੰਦੋਲਨਾਂ ਵਲ ਧਾਰਨ ਕੀਤਾ ਜਾਂਦਾ ਹੈ।
ਇਸ ਦੀ ਸਭ ਤੋਂ ਨੁਮਾਇਆ ਮਿਸਾਲ ਸਮਕਾਲੀ ਕਿਸਾਨ ਅੰਦੋਲਨ ਵਲ ਅਪਨਾਈ ਚਲੀ ਆ ਰਹੀ ਨੀਤੀ ਦੀ ਹੈ। ਜਦੋਂ ਇਨ੍ਹਾਂ ਅੰਦਰ ਚੀਨ-ਪਾਕਿ ਸੰਬੰਧਾਂ `ਤੇ ਖਾਲਿਸਤਾਨੀ ਰੰਗ ਸਿੱਧ ਕਰਨ ਦੇ ਸਾਰੇ ਪੱਤੇ ਵਿਫਲ ਹੋ ਗਏ ਤਾਂ ਇਸ ਨੂੰ ਸਿਆਸੀ ਪਾਰਟੀਆਂ ਦੀ ਹਮਾਇਤ ਹਾਸਿਲ ਹੋਣ ਦੀ ਰੰਗ ਦੀ ਦੁੱਕੀ ਦੀ ਵਰਤੋਂ ਕੀਤੀ ਗਈ। ਇਸ ਦਾ ਕੀ ਹਸ਼ਰ ਹੋਇਆ? ਇਸ ਬਹਿਸ ਵਿਚ ਨਾ ਪੈਂਦੇ ਹੋਏ ਆਪਾਂ ਸਿਰਫ ਇਹ ਹੀ ਸਵਾਲ ਪੁੱਛ ਸਕਦੇ ਹਾਂ ਕਿ ਚਲੋ ਮੰਨਿਆ ਕਿਸਾਨ ਅੰਦੋਲਨ ਵਿਚ ਸ਼ਾਮਿਲ ਸਭਨਾਂ ਦੇ ਕਿਸੇ ਨਾ ਕਿਸੇ ਰਾਜਸੀ ਸੰਗਠਨ ਨਾਲ ਸੰਬੰਧ ਜ਼ਰੂਰ ਹੋਣਗੇ। ਸਿਆਸੀ ਪਾਰਟੀਆਂ ਦਾ ਨੁਕਤਾ ਉਠਾ ਕੇ ਸਾਰੀ ਸਮੱਸਿਆ ਤੋਂ ਇਸ ਨਿਰਲੱਜਤਾ ਨਾਲ ਸੁਬਕਦੋਸ਼ ਹੋਇਆ ਜਾਂਦਾ ਹੈ, ਜਿਵੇਂ ਉਸ ਬਾਰੇ ਹੋਰ ਕਿਸੇ ਵਿਚਾਰ-ਵਟਾਂਦਰੇ ਦੀ ਗੁੰਜਾਇਸ਼ ਹੀ ਨਾ ਬਚੀ ਹੋਵੇ। ਇਹ ਸਾਰਾ ਵਿਹਾਰ ਇਸ ਬੇਸ਼ਰਮੀ ਨਾਲ ਅਪਨਾਇਆ ਜਾਂਦਾ ਹੈ, ਜਿਵੇਂ ਹੁਕਮਰਾਨ ਧਿਰਾਂ ਦਾ ਕਿਸੇ ਸਿਆਸੀ ਪਾਰਟੀ ਨਾਲ ਅਸਲੋਂ ਹੀ ਕੋਈ ਸੰਬੰਧ ਨਾ ਹੋਵੇ ਤੇ ਇਹ ਸਾਰੇ ਸੱਤਿਆਵਾਦੀ ਰਾਜਾ ਹਰੀਸ਼ ਚੰਦ ਦੀ ਨਾਦੀ-ਬਿੰਦੀ ਸੰਤਾਨ ਹੋਣ।
ਜੇ ਇਨ੍ਹਾਂ ਭੱਦਰਪੁਰਸ਼ਾਂ ਦੇ ਬੱਸ ਹੋਵੇ ਤਾਂ ਇਹ ਸਿਆਸਤ ਨੂੰ ਹੋਰ ਸਭਨਾਂ ਧਿਰਾਂ ਲਈ ਕਾਨੂੰਨੀ ਤੇ ਨੈਤਿਕ ਤੌਰ `ਤੇ ਵਰਜਿਤ ਕਰਾਰ ਦੇ ਕੇ ਸਿਰਫ ਆਪਣੇ ਤੇ ਆਪਣੇ ਸਕਿਆਂ ਸੋਧਰਿਆਂ ਲਈ ਹੀ ਰਾਖਵਾਂ-ਖੇਤਰ ਐਲਾਨ ਕਰ ਦੇਣ। ਮੁਤਬਾਦਲ ਤੇ ਨਾਬਰੀ ਦੀ ਸਿਆਸਤ ਵਾਲੇ ਸਭਨਾਂ ਲੋਕਾਂ ਨੂੰ ਸਰਕਾਰੀ ਸ਼ਹਿ ਨਾਲ ਜਾਨੋਂ ਹੀ ਮਾਰ ਮੁਕਾਉਣ ਜਾਂ ਉਨ੍ਹਾਂ ਉੱਪਰ ‘ਦੇਸ਼ ਧ੍ਰੋਹ’ ਜਿਹੇ ਸੰਗੀਨ ਇਲਜ਼ਾਮ ਲਾ ਕੇ ਅਨਿਸ਼ਚਿਤ ਸਮੇਂ ਲਈ ਜੇਲ੍ਹਾਂ ਵਿਚ ਸੁੱਟੀ ਰੱਖਣ ਦੀ ਨੀਤੀ ਇਸ ਦਿਸ਼ਾ ਵਲ ਵਧ ਰਹੇ ਕਦਮਾਂ ਦੇ ਨਿਸ਼ਾਨ ਹਨ।
ਕਿਸੇ ਨੂੰ ਕਮਿਊਨਿਸਟ ਪਿਛੋਕੜ ਵਾਲਾ ਕਹਿਣ ਤੋਂ ਮਗਰੋਂ ਤਾਂ ਇਹ ਆਪਣੇ ਸਾਰੇ ਹੀ ਕੁਕਰਮਾਂ ਤੋਂ ਇਸ ਕਦਰ ਸੁਬਕਦੋਸ਼ ਹੋ ਜਾਂਦੇ ਹਨ, ਜਿਵੇਂ ਉਨ੍ਹਾਂ ਬਾਰੇ ਉਜ਼ਰ ਉਠਾਉਣ ਵਾਲੇ ਬੰਦੇ ਨੂੰ ਤਾਂ ਬਿਨਾ ਕਿਸੇ ਅਗਲੇਰੀ ਚਰਚਾ ਦੇ ਸਿੱਧਾ ਸੂਲੀ `ਤੇ ਹੀ ਟੰਗ ਦਿੱਤਾ ਜਾਣਾ ਚਾਹੀਦਾ ਹੋਵੇ।
ਕੀ ਇਸ ਤੱਥ ਤੋਂ ਕੋਈ ਵੀ ਇਨਕਾਰੀ ਹੋ ਸਕਦਾ ਹੈ ਕਿ ਸਮਕਾਲੀ ਭਾਰਤੀ, ਸਿਆਸੀ ਮਹੌਲ ਵਿਚ ਸਭ ਤੋਂ, ਸਾਫ ਸੁਥਰੀ ਤੇ ਜਨ-ਹਿਤੈਸ਼ੀ ਸਰਕਾਰ ਦਾ ਪ੍ਰਬੰਧ ਹਾਲੇ ਵੀ ਕੇਰਲਾ ਦੇ ਕਮਿਊਨਿਸਟ ਲੋਕ ਹੀ ਚਲਾ ਰਹੇ ਹਨ।
ਅਸਲੀਅਤਾਂ ਦੀ ਅਸਲੀਅਤ ਤਾਂ ਇਹ ਹੈ ਕਿ ਕਿਸੇ ਵੀ ਪਾਰਟੀ/ਸਰਕਾਰ ਦੀ ਪਛਾਣ ਉਹਦੇ ਨਾਮਾਂਕਣ ਜਾਂ ਨੌਟੰਕੀਬਾਜ਼ੀ ਨਹੀਂ, ਸਗੋਂ ਉਸ ਦੀ ਆਮ ਲੋਕਾਂ ਵਲ ਅਮਲੀ ਕਾਰਗੁਜ਼ਾਰੀ ਵਿਚ ਹੁੰਦੀ ਹੈ।
ਭਾਜਪਾ ਸਰਕਾਰ ਇਸ ਤੱਕੜੀ ਵਿਚ ਤੁਲਣ ਦੀ ਹਿੰਮਤ ਕਰਨੀ ਤਾਂ ਕੀ, ਉਹਦੇ ਨੇੜੇ ਜਾਣ ਵੇਲੇ ਵੀ ਤ੍ਰਹਿਕੇ ਰਾਮ ਰਾਮ ਕਰਦੀ ਹੋਈ ਦੂਰ ਭੱਜ ਖਲੋਂਦੀ ਹੈ।
ਸਮਕਾਲੀ ਕਿਸਾਨ ਅੰਦੋਲਨ ਵਿਚ ਵੱਖ ਵੱਖ ਸਿਆਸੀ ਰੰਗਤ ਵਾਲੇ ਲੋਕ ਸ਼ਾਮਿਲ ਹਨ। ਉਨ੍ਹਾਂ ਦੀ ਇਮਾਨਦਾਰੀ ਤੇ ਸੁਹਿਰਦਤਾ ਦੀ ਇੱਕੋ ਇਕ ਪਰਖ-ਕਸੌਟੀ ਇਹੀ ਹੈ ਕਿ ਉਹ ਆਪਣੇ ਸਿਆਸੀ ਏਜੰਡੇ ਨੂੰ ਪਾਸੇ ਰੱਖ ਕੇ ਆਪਣਾ ਸਾਰਾ ਧਿਆਨ ਅੰਦੋਲਨ ਦੇ ਮੂਲ-ਮੁੱਦੇ `ਤੇ ਹੀ ਕੇਂਦ੍ਰਿਤ ਕਰਨ। ਸਰਵ-ਸਾਂਝੇ ਅੰਦੋਲਨ ਵਿਚ ਆਪੋ ਆਪਣੇ ਸਿਆਸੀ ਹਿਤਾਂ ਦੀ ਡੁਗਡੁਗੀ ਵਜਾਉਣੀ ਇਸ ਸ਼ਾਨਦਾਰ ਸੰਗਰਾਮ ਦੀ ਸਾਂਝ ਤੇ ਸ਼ਕਤੀ ਵਿਚ ਇੰਤਸ਼ਾਰ ਪੈਦਾ ਕਰਕੇ ਇਸ ਦੀ ਪਿੱਠ ਵਿਚ ਛੁਰੀ ਖੋਭਣ ਜਿਹਾ ਕੁਕਰਮ ਹੋਵੇਗੀ। ਤਸੱਲੀ ਦੀ ਗੱਲ ਹੈ ਕਿ ਸੂਝਵਾਨ ਕਿਸਾਨ ਨੇਤਾ ਸਭਨਾਂ ਧਿਰਾਂ ਨੂੰ ਆਪਣੇ ਮੂਲ ਮੁੱਦੇ ਤੋਂ ਭਟਕਣ/ਭਟਕਾਉਣ ਦੇ ਸਾਰੇ ਯਤਨਾਂ ਨੂੰ ਲਾਂਭੇ ਕਰਕੇ ਆਪਣੇ ਅੰਦੋਲਨ ਨੂੰ ਕੁਰਾਹੇ ਪੈਣ ਤੋਂ ਰੋਕਣ ਲਈ ਹਰ ਸੰਭਵ ਯਤਨ ਕਰ ਰਹੇ ਹਨ।
ਤੀਰਥਾਂ ‘ਤੇ ਤਰਸ ਕਰੋ
ਪ੍ਰੋ. ਮੋਹਨ ਸਿੰਘ ਕਵਿਤਾਕਾਰੀ ਦੇ ਹੀ ਨਹੀਂ, ਗੱਲ ਬਾਤ ਦੇ ਵੀ ਧਨੀ ਸਨ। ਇਕ ਵਾਰ ਉਨ੍ਹਾਂ ਕਿਸੇ ਹੋਰ ਦੀ ਗੱਲ ਨੂੰ ਆਪ-ਬੀਤੀ ਬਣਾ ਕੇ ਸੁਣਾਇਆ: ਕਹਿੰਦੇ ਸਾਡੇ ਪਿੰਡ ਦਾ ਇੱਕ ਜਥਾ ਕੁੰਭ-ਇਸ਼ਨਾਨ ਦਾ ਲਾਹਾ ਲੈਣ ਲਈ ਹਰਿਦੁਆਰ ਗਿਆ। ਉੱਥੋਂ ਦੇ ਸਾਰੇ ਧਰਮ ਸਥਾਨਾਂ ਦੀ ਰੱਜ ਕੇ ਯਾਤਰਾ ਕੀਤੀ। ਅੰਤਲੇ ਦਿਨ ਗੰਗਾ ਇਸ਼ਨਾਨ ਕਰਨ ਮਗਰੋਂ ਸਾਡੇ ਵਿਚੋਂ ਇਕ ਸਿਆਣੇ ਨੇ ਕਿਹਾ ਹੁਣ ਵਾਪਸੀ ਤੋਂ ਪਹਿਲਾਂ ਆਪੋ ਆਪਣੀ ਕੋਈ ਬੁਰੀ ਆਦਤ/ਐਬ ਛੱਡਣ ਦੀ ਗੰਗਾ ਮਈਆ ਸਾਹਮਣੇ ਕਸਮ ਖਾਓ। ਕਿਸੇ ਨੇ ਕੁਛ ਛੱਡਿਆ ਕਿਸੇ ਨੇ ਕੁਛ। ਅਖੀਰ ਵਿਚ ਸਾਡੇ ਵਰਗੇ ਕਿਸੇ ਭਾਈ ਦੀ ਵਾਰੀ ਆ ਗਈ। ਉਹ ਤਾਂ ਜੀ ਚੁੱਪ-ਗੜੁੱਪ, ਜਿਵੇਂ ਦੰਦਲ ਪਈ ਹੋਈ ਹੋਵੇ। ਨਾਲ ਵਾਲੇ ਕਹੀ ਜਾਣ ਭਗਤ-ਜਨੋ, ਮੋਨ ਤੋੜੋ। ਕੁਛ ਉਚਰੋ। ਹੁਣ ਉਹ ਕੀ ਬੋਲੇ! ਸਿਆਸਤਦਾਨ ਤੇ ਵਿਚਾਰਾ ਹੈ ਨਹੀਂ ਸੀ ਜੋ ਝੂਠੀਆਂ ਸਹੁੰਆਂ ਖਾਵੇ ਜਾਂ ਕੂੜੇ ਬਚਨ-ਬਿਲਾਸ ਕਰੇ। ਸਾਡੇ ਵਰਗਾ ਆਮ ਦੁਨੀਆਦਾਰ ਬੰਦਾ ਸੱਤੇ ਐਬ ਸ਼ਰਈ। ਉਹ ਤਾਂ ਵਾੜ ਵਿਚ ਫਸੇ ਬਿੱਲੇ ਵਾਂਗ ਇੱਧਰ-ਉੱਧਰ ਝਾਕੀ ਜਾਵੇ, ਬਿਟਰ-ਬਿਟਰ; ਪਰ ਕੀਤਾ ਕੀ ਜਾਵੇ?
ਕੀ ਫੜਾਂ ਤੇ ਕੀ ਛੱਡਾਂ?
ਮੈਨੂੰ ਸੱਤੇ ਰੰਗ ਪਸੰਦ। (ਮੋਹਨ ਸਿੰਘ)
ਨਾਲ ਵਾਲੇ ਨੇ ਮੋਢਾ ਝੂਣਿਆ ਤਾਂ ਉਹ ਇਕ ਦਮ ਬਰੜਾ ਕੇ ਬੋਲਿਆ, ਮੈਂ ਗੰਗਾ ਆਉਣਾ ਹੀ ਛੱਡਿਆ।
ਨੇਤਾ ਜਨ ਸ਼ਾਇਦ ਤੁਹਾਡੇ ਲਈ ਇਹੀ ਅਕਸੀਰੀ ਪਾਵਨ ਵਚਨ ਹੋਵੇ।
ਅਸੀਂ ਜਾਣਦੇ ਹਾਂ ਕਿ ਤੁਹਾਨੂੰ ਅਜਿਹਾ ਕੋਈ ਮਸ਼ਵਰਾ ਮਨਜ਼ੂਰ ਨਹੀਂ ਹੋਵੇਗਾ, ਕਿਉਂਕਿ ਤੁਸੀਂ ਕਾਸ਼ੀ ਆਪਣੀ ਮਰਜ਼ੀ ਨਾਲ ਨਹੀਂ ਜਾਂਦੇ ਸਗੋਂ “ਗੰਗਾ ਮਈਆ” ਦਾ ਬੁਲਾਵਾ ਆਉਂਦਾ ਹੈ ਤਾਂ ਜਾਂਦੇ ਹੋ। ਤੁਹਾਡੀ ਤੀਰਥ ਯਾਤਰਾ ਨਾਲ ਗੰਗਾ ਮਈਆ ਦੇ ਕਰੋੜਾਂ ਭਗਤ ਜਨ ਤੁਹਾਡੀ ਅਪਾਰ ਸ਼ਰਧਾ `ਤੇ ਭਰੋਸਾ ਕਰਕੇ ਤੁਹਾਨੂੰ ਆਪਣਾ ਭਾਈਵੰਦ ਸਮਝ ਲੈਂਦੇ ਹਨ ਤੇ ਤੁਸੀਂ ਅਜਿਹੇ ਚਮਤਕਾਰੀ ਪੁਰਖ ਹੋ ਕਿ ਵੇਲਾ ਆਉਣ `ਤੇ, ਉਨ੍ਹਾਂ ਦੇ ਇਸ ਭਰੋਸੇ ਨੂੰ ਵੋਟਾਂ ਵਿਚ ਤਬਦੀਲ ਕਰ ਲੈਂਦੇ ਹੋ।
ਸਾਨੂੰ ਤਾਂ ਸਾਡੇ ਪਿੰਡ ਦੀਆਂ ਸਾਦਾ ਸੁਭਾ ਤੇ ਸਚਿਆਰੀਆਂ ਮਾਂਵਾਂ ਨੇ ਸਾਡੇ ਬਾਲ-ਕੰਨਾਂ ਵਿਚ ਇਕ ਹੋਰ ਹੀ ਬੋਲੀ ਘੋਲ ਦਿੱਤੀ ਸੀ। ਉਹ ਤੇ ਗਿੱਧੇ ਦੀ ਤਾੜੀ ਦੀ ਤਾਲ `ਤੇ ਧਮੱਚੜ ਪਾਉਂਦੀਆਂ ਬੜੇ ਜ਼ੋਰ-ਸ਼ੋਰ ਨਾਲ ਗਾਉਂਦੀਆਂ ਹੁੰਦੀਆਂ ਸਨ,
ਤੇਰੇ ਅੰਦਰੋਂ ਮੈਲ ਨੀ ਜਾਣੀ
ਤੀਰਥਾਂ ‘ਤੇ ਨ੍ਹਾਉਣ ਵਾਲੀਏ।
ਉਨ੍ਹਾਂ ਨੂੰ ਕੀ ਦੱਸੀਏ ਕਿ ਤੁਸੀਂ ਤਾਂ ਉੱਥੇ ਅੰਦਰਲੀ ਮੈਲ ਧੋਣ ਨਹੀਂ, ਸਗੋਂ ਲੁਕੋਣ ਜਾਂਦੇ ਹੋ। ਇਸੇ ਲਈ ਤੁਸੀਂ ‘ਕੌਨ ਬਨੇਗਾ ਕਰੋੜਪਤੀ’ ਦੇ ਮਹਾਂਨਾਇਕ ਵਾਂਗ ਰੋਜ਼ ਨਵੀਂ-ਨਕੋਰ ਪੁਸ਼ਾਕ ਪਹਿਨ ਪੂਰੀ ਸਜਧਜ ਨਾਲ ਮਾਈਕ ਸਾਹਮਣੇ ਪੇਸ਼ ਹੁੰਦੇ ਹੋ। ਤੁਹਾਡੀ ਚਿੰਤਾ ਤਾਂ ਆਪਣੀ ‘ਛਵੀ ਬਣਾਈ ਰੱਖਣ’ ਦੀ ਹੁੰਦੀ ਹੈ ਤੇ ਇਸੇ ਮਕਸਦ ਲਈ ਤੁਸੀਂ ‘ਪਾਪਾਂ ਬਾਝਹੁੰ ਹੋਵੇ ਨਾਹੀ’ ਵਾਲੀ ਆਪਣੀ ਮਾਇਆ ਦੇ ਅੰਬਾਰਾਂ ਵਿਚੋਂ ਖੁੱਲ੍ਹੇ ਗੱਫੇ ਵਰਤਾ ਕੇ ਭਰਤੀ ਕੀਤੇ ਬੇਸ਼ੁਮਾਰ ‘ਭੌਂਕੇ’ ਪਾਲ ਰੱਖੇ ਨੇ।
ਸਾਨੂੰ ਆਪਣੇ ਪਿੰਡ ਦੀਆਂ ਮਾਈਆਂ ਦੀ ਬੋਲੀ ਹੀ ਨਹੀਂ ਸੀ ਭੁੱਲਦੀ ਤੇ ਹੁਣ ਸਾਡੀਆਂ ਪੜ੍ਹੀਆਂ-ਲਿਖੀਆਂ ਕੁੜੀਆਂ ਨੇ ਹੋਰ ਹੀ ਭਾਖਿਆ ਕੱਢਣੀ ਸ਼ੁਰੂ ਕਰ ਦਿੱਤੀ ਹੈ। ਉਹ ਕਹਿ ਰਹੀਆਂ ਨੇ ਕਿ ਹੁਣ ਤੁਹਾਡੇ ਕੂੜ ਦੀ ਕਲਈ ਪੂਰੀ ਤਰ੍ਹਾਂ ਲੱਥ ਚੁਕੀ ਹੈ,
ਵਿਚ ਚੌਰਾਹੇ ਭੰਨਣਾ ਭਾਂਡਾ ਪਾਪਾਂ ਦਾ।
ਤੇ ਇਨ੍ਹਾਂ ‘ਅੱਥਰੀਆਂ’ ਨੇ ਤੁਹਾਡੇ ਕਾਣਸੂਤੇ ਕਾਲੇ ਕਾਨੂੰਨਾਂ ਦੀ ਧੂਣੀ ਬਾਲ ਕੇ ਲੋਹੜੀ ਦਾ ਤਿਉਹਾਰ ਮਨਾਉਣ ਦਾ ਨਵਾਂ ਤਰੀਕਾ ਈਜਾਦ ਕਰ ਲਿਆ ਹੈ।
ਇਹ ਜਦ ਆਪਣੀ ਆਈ `ਤੇ ਆ ਜਾਣ, ਬੜੇ ਬੜੇ ਲਾਟੀਕੀਨਾਂ ਦੀ ਮੰਜੀ ਮੂਧੀ ਕਰ ਛੱਡਦੀਆਂ ਨੇ। ਮੈਨੂੰ ਤਾਂ ਇਨ੍ਹਾਂ ਦੀ ਇਸ ਭਵਿੱਖਵਾਣੀ ਵਿਚ ਕੋਈ ਗਹਿਰੀ ਰਮਜ਼ ਨਜ਼ਰ ਆ ਰਹੀ ਹੈ, “ਗੰਗਾ ਦੇ ਵਿਚ ਡੁਬੱਣੀ, ਬੇੜੀ ਪਾਪਾਂ ਦੀ।”
ਗੰਗਾ-ਜਮਨੀ ਸਭਿਆਚਾਰ ਦੇ ਦੁਸ਼ਮਣ
ਕਿਸੇ ਵਿਚਾਰ, ਸੰਕਲਪ ਜਾਂ ਦਾਰਸ਼ਨਿਕ ਧਾਰਾ, ਸਭਿਆਚਾਰਕ ਵਿਹਾਰ ਜਾਂ ਰਹਿਤਲ ਨਾਲ ਸਹਿਮਤ ਜਾਂ ਅਸਹਿਮਤ ਹੋਣ ਦਾ ਸੁਆਲ ਤਾਂ ਇਨ੍ਹਾਂ ਵਿਚੋਂ ਕਿਸੇ ਦੀ ਪੜ੍ਹਤ, ਬੋਧ ਤੇ ਪ੍ਰਤੀਤੀ ਪਿਛੋਂ ਪੈਦਾ ਹੁੰਦਾ ਹੈ, ਪਰ ਦੋਸਤੋ! ਮੈਂ ਤਾਂ ਸਿਰਫ ਇਸ ਗੱਲ ਦਾ ਰੋਣਾ ਰੋਣਾ ਹੈ ਕਿ ਜਿਸ ਕਦਰ ਸਮਕਾਲੀ ਹਿੰਦੂਤਵ ਦੇ ਸੁਆਂਗਧਾਰੀ ਸਿਆਸਤਦਾਨ, ਸਨਿਆਸੀ, ਸਾਧ-ਸਾਧਵੀਆਂ, ਮੱਠਾਧੀਸ਼ਾਂ ਤੇ ਡੇਰੇਦਾਰਾਂ ਦੀਆਂ ਧਾੜਾਂ ਹੀ ਭਾਰਤੀ ਸਭਿਆਚਾਰ ਦਾ ਸੰਘ ਪਾੜ ਪਾੜ ਕੇ ਪ੍ਰਚਾਰ ਕਰ ਰਹੀਆਂ ਹਨ (ਭਾਰਤੀ ਸਭਿਆਚਾਰ ਵਿਚ ਭਾਵੇਂ ਹੋਰ ਅਨੇਕਾਂ/ਸੂਫੀਆਨਾ ਰਹਿਤਲਾਂ ਵੀ ਸ਼ਾਮਿਲ ਹਨ) ਉਸ ਦਾ ਭਾਰਤੀ ਦਰਸ਼ਨ ਦੀ ਕਿਸੇ ਵੀ ਧਾਰਾ, ਵੈਸਿ਼ਸਕ, ਨਿਆਇ, ਸਾਂਖ, ਯੋਗ, ਮੀਮਾਂਸ, ਜਾਂ ਵੇਦਾਂਤ ਨਾਲ ਦੂਰ ਨੇੜੇ ਦਾ ਵੀ ਕੋਈ ਲਾਗਾ-ਦੇਗਾ ਨਹੀਂ ਤੇ ਨਾ ਹੀ ਬੁੱਧ ਜਾਂ ਜੈਨ ਮੱਤ ਤੇ ਗੁਰਮਤਿ ਨਾਲ ਹੀ ਕੋਈ ਲੈਣਾ ਦੇਣਾ ਹੈ।
ਇਨ੍ਹਾਂ ਸੱਜਣਾਂ ਨੂੰ ਤਾਂ ਬੱਸ ਬੁੱਤ-ਪੂਜਾ, ਕਰਮ-ਕਾਂਡ, ਪੌਰਾਣਿਕ ਕਥਾਵਾਂ ਦੀ ਓਪਰੀ-ਪੇਤਲੀ ਜਿਹੀ ਸਮਝ ਹੈ ਤੇ ਉਸ ਦੇ ਆਧਾਰ `ਤੇ ਇਹ ਵਿਗਿਆਨ, ਸੈਨਿਕ-ਰਣਨੀਤੀ ਤੇ ਇਤਿਹਾਸ ਅਤੇ ਸਮਕਾਲ ਬਾਰੇ ਵੀ ਹਾਸੋ ਹੀਣੇ ਛੁਰਲੀਆਂ-ਸ਼ਟਲ ਛੱਡਦੇ ਰਹੇ ਹਨ, ਉਹ ਕਿਸੇ ਤੋਂ ਗੁੱਝੇ ਨਹੀਂ।
(ਸੁਆਮੀ) ਰਾਮਦੇਵ ਆਪਣੇ ਵਿਖਿਆਨਾਂ ਵਿਚ ਪਾਤੰਜਲੀ ਦੇ ਯੋਗ-ਦਰਸ਼ਨ ਵਿਚਲੇ ਯਮ, ਨਿਯਮ, ਪ੍ਰਤਯਾਹਾਰ, ਧਾਰਨਾ ਧਿਆਨ ਤੇ ਸਮਾਧੀ ਦੀ ਗੱਲ ਨਹੀਂ ਕਰਦੇ। ਪਾਤੰਜਲੀ ਦਾ ਯੋਗ ਦਰਸ਼ਨ ਸ਼ੁਰੂ ਹੀ ਚਿੱਤ ਵ੍ਰਿਤੀਆਂ ਦੇ ਨਿਰੋਧ ਤੋਂ ਸ਼ੁਰੂ ਹੋ ਕੇ ਸਮਾਧੀ ਤੱਕ ਦੀ ਯਾਤਰਾ ਕਰਦਾ ਹੈ ਤੇ ਰਾਮਦੇਵ ਦਾ ਯੋਗ ਆਸਣਾਂ ਤੇ ਪ੍ਰਾਣਾਯਾਮ ਦੀ ਮੂਲ ਮੁਢਲੀ ਨੁਮਾਇਸ਼ ਕਰਕੇ ਆਪਣੀਆਂ ਜਿਣਸਾਂ ਦੀ ਵਿਕਰੀ ਲਈ ਇਸ਼ਤਿਹਾਰਬਾਜ਼ੀ ਕਰਨ ‘ਤੇ ਹੀ ਸਮਾਪਤ ਹੋ ਜਾਂਦਾ ਹੈ।
(ਸੁਆਮੀ) ਰਾਮਦੇਵ ਦੇ ਨਾਲ ਹੀ ਸਾਧਗੁਰੂ ਜੱਗੀ ਮਹਾਰਾਜ ਤਾਂ ਆਪਣੀ ਯੋਗ-ਸਲਤਨਤ ਦਾ ਉਦਘਾਟਨ ਕਰਨ ਗਏ ਮੋਦੀ ਹੋਰਾਂ ਨੂੰ ਇਸ ਯੁੱਗ ਦੇ ‘ਮਹਾਂਯੋਗੀ’ ਦੀ ਉਪਾਧੀ ਬਖਸ਼ਣ ਦੀ ਹੱਦ ਤੀਕ ਚਲੇ ਗਏ ਸਨ।
ਸਿਆਸੀ ਸਾਧ/ਸਾਧਵੀਆਂ ਦੇ ਤਾਂ ਕਿੱਸੇ ਨਾ ਹੀ ਛੇੜੀਏ ਤਾਂ ਭਲਾ!
ਕੋਈ ਵੇਲਾ ਸੀ ਕਿ ਮੈਕਸਮੂਲਰ, ਥੋਰੋ, ਐਮਰਸਨ, ਕਾਰਲਇਲ, ਤਾਲਸਤਾਇ, ਐਡਵਿਨ ਐਰਨਾਲਡ ਤੇ ਐਂਡ੍ਰਿਊਜ਼ ਜਿਹੇ ਪੱਛਮੀ ਚਿੰਤਕਾਂ ਨੇ ਭਾਰਤੀ ਦਰਸ਼ਨ ਦਾ ਬੜੇ ਮਾਨ ਸਨਮਾਨ ਨਾਲ ਅਨੁਵਾਦ/ਜਿ਼ਕਰ ਕੀਤਾ ਸੀ। ਬਹੁਤ ਸਾਰੇ ਪੱਛਮੀ ਚਿੰਤਕ ਭਾਰਤੀ ਸਭਿਆਚਾਰਕ ਕੇਂਦਰਾਂ ਦੀ ਯਾਤਰਾ ਕਰਨ ਆਉਂਦੇ ਰਹੇ ਹਨ।…ਤੇ ਫੇਰ ਮਹਾਰਿਸ਼ੀ ਮਹੇਸ਼ਯੋਗੀ ਵੇਲੇ ਭਾਰਤੀ ਰਹਿਤਲ ਬੀਟਲਾਂ ਦੀ ਤੇ ਹਿੱਪੀਆਂ ਦੀ ਦਿਲਚਸਪੀ ਤੱਕ ਹੀ ਸੀਮਿਤ ਹੋ ਕੇ ਰਹਿ ਗਈ ਸੀ।
ਹੁਣ ਸਮਕਾਲੀ ਯੋਗੀਆਂ ਤੇ ਹਿੰਦੂਤਵੀ ਸਿਆਸਤ ਵਲੋਂ ਭਾਰਤ ਦਾ ਜਿਹੜਾ ਚਿੱਤਰ-ਪੇਸ਼ ਕੀਤਾ ਜਾ ਰਿਹਾ ਹੈ, ਉਹ ਤਾਂ ਸਿਰਫ ਕਾਰਪੋਰੇਟ ਜਗਤ ਦੇ ਮਹਾਂਪ੍ਰਭੂਆਂ ਜਾਂ ਉਨ੍ਹਾਂ ਦੇ ਗੁਮਾਸ਼ਤਿਆਂ ਲਈ ਹੀ ਦਿਲਚਸਪ ਯਾਤਰਾ-ਸਥਲ ਹੋ ਸਕਦਾ ਹੈ।
ਸੰਯੁਕਤ ਭਾਰਤੀ ਗਿਆਨ ਪਰੰਪਰਾ ਨੂੰ ਇਸ ਕਦਰ ਛੁਟਿਆ, ਸੀਮਿਤ ਤੇ ਵਿਕ੍ਰਿਤ ਕਰਨ ਵਾਲੇ ਅਗਿਆਨੀ, ਸੁਆਰਥੀ, ਭੇਖੀ ਨੌਸਰਬਾਜ਼ੀ ਨਾਲ ਲੱਥਪਥ ਹਠ-ਧਰਮੀ ਸਿਆਸਤਦਾਨ ਤੇ ਸਾਧ-ਸਾਧਵੀਆਂ ਭਾਰਤੀ ਗਿਆਨ ਸਾਧਨਾ ਦੇ ਪਰਿਹਾਸ, ਵਿਅੰਗ- ਚਿੱਤਰ, ਡਰਨੇ, ਬਹਿਰੂਪੀਏ ਤੇ ਇਸ ਦੀ ਜੜ੍ਹੀਂ ਤੇਲ ਦੇਣ ਵਾਲੇ ਸੁਆਂਗਧਾਰੀ ਹੀ ਹਨ।
ਆਮੀਨ।
ਭਗਵੇਂ ਭੇਸ ਵਿਚ ਭੇੜੀਏ
ਬੁਰੇ ਬੰਦੇ ਤਾਂ ਭਾਵੇਂ ਹਰ ਦੇਸ਼ ਅਤੇ ਭੇਸ ਵਿਚ ਹਰਲ ਹਰਲ ਕਰਦੇ ਫਿਰਦੇ ਹਨ, ਪਰ ਭਗਵੇਂ ਕੱਪੜੇ ਕਦੇ ਜਿਗਿਆਸਾ, ਤਪੱਸਿਆ, ਗਿਆਨ, ਤਿਆਗ ਤੇ ਸਨਿਆਸ ਦਾ ਚਿੰਨ੍ਹ ਹੋਇਆ ਕਰਦੇ ਸਨ।
ਬੀਤੇ ਵਕਤਾਂ ਵਿਚ ਯੋਗੀਆ ਵਸਤਰਾਂ ਵਿਚ ਮਲਬੂਸ ਸਵਾਮੀ ਵਿਵੇਕਾਨੰਦ ਹੋਰੀਂ ਸਿ਼ਕਾਗੋ ਵਿਚ ਹੋਏ ਵਿਸ਼ਵ ਧਰਮ-ਸੰਮੇਲਨ ਵਿਚ ਭਾਰਤੀ ਗਿਆਨ ਪਰੰਪਰਾ ਦੀ ਵਜ਼ਾਹਤ ਕਰਨ ਵਾਲੀ ਆਪਣੀ ਤਕਰੀਰ ਨਾਲ ਸੰਸਾਰ ਦੇ ਧਰਮ-ਸ਼ਾਸਤਰੀਆਂ ਨੂੰ ਮੰਤਰ-ਮੁਗਧ ਕਰ ਦਿੱਤਾ ਸੀ। ਹਾਲੇ ਉਹਦੇ ਬੋਲਾਂ ਦੀ ਗੂੰਜ ਮੱਠੀ ਨਹੀਂ ਸੀ ਪਈ ਤਾਂ ਸੁਆਮੀ ਰਾਮ ਤੀਰਥ ਦੀ ਮਧੁਰ ਬਾਣੀ ਨੇ ਉਥੋਂ ਦੇ ਸਰੋਤਿਆਂ ਨੂੰ ਕੀਲ ਛੱਡਿਆ ਸੀ।
ਜਿਸ ਕਿਸੇ ਨੇ ਵੀ ਪ੍ਰੋ. ਪੂਰਨ ਸਿੰਘ ਦੀ ਅੰਗਰੇਜ਼ੀ ਵਿਚ ਲਿਖੀ ਜੀਵਨੀ “ਦ ਸਟੋਰੀ ਆਫ ਸਵਾਮੀ ਰਾਮ” ਪੜ੍ਹੀ ਹੋਵੇ, ਉਹ ਸਵਾਮੀ ਰਾਮ ਦੀ ਗਿਆਨਵਾਨ ਤੇ ਤੇਜੱਸਵੀ ਸ਼ਖਸੀਅਤ ਤੋਂ ਪ੍ਰਭਾਵਿਤ ਹੋਏ ਬਿਨਾ ਨਹੀਂ ਰਹਿ ਸਕਦਾ।
ਪੰਜਾਬ ਤੇ ਭਾਰਤ ਵਿਚ ‘ਉਦਾਸੀ ਸੰਪ੍ਰਦਾਇ’ ਦੇ ਸੰਤਾਂ ਦੇ ਕੀਤੇ ਗੁਰਮਤਿ ਦੇ ਪ੍ਰਚਾਰ ਤੇ ਮਾਲਵਾ ਖੇਤਰ ਵਿਚ ਖਾਸ ਕਰਕੇ ਵਿਦਿਆ ਦੇ ਪ੍ਰਸਾਰ ਵਿਚ ਉਨ੍ਹਾਂ ਦੇ ਯੋਗਦਾਨ ਨੂੰ ਐਵੇਂ ਕਿਵੇਂ ਹੀ ਦਰ-ਗੁਜ਼ਰ ਨਹੀਂ ਕੀਤਾ ਜਾ ਸਕਦਾ!
ਹਾਲ ਹੀ ਵਿਚ ਗੰਧਲੀ ਹੋ ਗਈ ਵੇਈਂ ਨਦੀ ਤੇ ਹੋਰ ਨਦੀਆਂ-ਨਾਲਿਆਂ ਦੀ ਸਫਾਈ ਲਈ ਗੇਰੂਏ ਵਸਤਰਾਂ ਵਾਲੇ ਸੰਤ ਬਲਬੀਰ ਸਿੰਘ ਸੀਚੇਵਾਲ ਹੋਰਾਂ ਦੀ ਸੇਵਾ ਤੋਂ ਕਿਵੇਂ ਕੋਈ ਅੱਖਾਂ ਮੀਟ ਕੇ ਰੱਖ ਸਕਦਾ ਹੈ!
ਪਰ ਸਮਕਾਲੀ ਹੁਕਮਰਾਨ ਪਾਰਟੀ ਦੇ ਸੰਤਾਂ, ਸਾਧਵੀਆਂ, ਯੋਗੀਆਂ ਤੇ ਡੇਰੇਦਾਰ ਸੁਆਮੀਆਂ ਦੇ ਕੁਕਰਮਾਂ ਤੇ ਵਿਸ਼ੈਲੇ ਬੋਲਾਂ ਨੇ ਗੇਰੂਏ ਵਸਤਰਾਂ ਦੀ ਆਭਾ ਨੂੰ ਇਸ ਕਦਰ ਪ੍ਰਦੂਸਿ਼ਤ ਕਰਕੇ ਰੱਖ ਦਿੱਤਾ ਹੈ ਕਿ ਜਦ ਕਦੇ ਕੋਈ ਸਿਆਸਤ ਦੇ ‘ਭਗਵੇਂਕਰਣ’ ਦੀ ਗੱਲ ਕਰਦਾ ਹੈ ਤਾਂ ਮਨ ਵਿਚ ਕਹਿਰਾਂ ਦੀ ਕਰਹਿਤ ਤੇ ਗਿਲਾਨੀ ਦੇ ਭਾਵ ਪੈਦਾ ਹੁੰਦੇ ਹਨ।
ਕਦੇ ਹੀਰ ਦੇ ਦਰਸ਼ਨ ਦੀਦਾਰ ਦੀ ਤਾਂਘ ਵਿਚ ਤਾਂ ਸਾਡਾ ਰਾਂਝਾ ਵੀ ਜੋਗੀ ਬਣ ਕੇ ਰੰਗਪੁਰ ਦੀਆਂ ਗਲੀਆਂ ਵਿਚ ਗਿਆ ਸੀ, ਪਰ ਭਗਵੇਂ ਭੇਸ ਵਿਚ ਚੋਰਾਂ, ਠੱਗਾਂ ਤੇ ਦੰਭੀਆਂ ਦੀ ਸਰਕਾਰੀ ਅਦਾਰਿਆਂ ਵਿਚ ਆਦਮ ਬੋਅ ਆਦਮ ਬੋਅ ਕਰਦੀ ਭੀੜ…ਤੋਬਾ ਤੋਬਾ!
ਇਸ ਘੋਰ ਕਲਿਯੁਗ ਵਿਚ ਵੀ ਜਿਹੜੇ ਭਗਵੇਂ ਕੱਪੜਿਆਂ ਵਾਲੇ ਸੰਤ, ਦਸਤਾਰਧਾਰੀ, ਹਰਿਆਣਵੀ ਸਾਧਵੀ, ਬੋਧੀ ਭਿਕਸ਼ੂ, ਰਵਿਦਾਸੀਏ ਸਾਧੂ ਤੇ ਕਬੀਰ ਪੰਥੀ ਸੰਤ ਕਿਸਾਨ ਸੰਗਰਾਮ ਦੇ ਵੱਖ ਵੱਖ ਮੰਚਾਂ ਤੋਂ ਸੱਚ ਤੇ ਨਿਆਂ ਦਾ ਸ਼ੰਖ-ਨਾਦ ਵਜਾ ਕੇ ਗੇਰੂਏ ਵਸਤਰਾਂ ਦੀ ਲੱਜ ਪਾਲ ਰਹੇ ਹਨ, ਉਨ੍ਹਾਂ ਨੂੰ ਸਦ ਨਮਸਕਾਰ।