ਸ਼੍ਰੋਮਣੀ ਬਾਲ ਲੇਖਕ ਬਲਜਿੰਦਰ ਮਾਨ

ਪ੍ਰਿੰ. ਸਰਵਣ ਸਿੰਘ
ਬਲਜਿੰਦਰ ਮਾਨ ਬਾਲਕਾਂ ਦਾ ਮਨਭਾਉਂਦਾ ਬਾਲ ਲੇਖਕ ਹੈ। ਭਾਸ਼ਾ ਵਿਭਾਗ ਪੰਜਾਬ ਨੇ ਉਸ ਨੂੰ ਸ਼੍ਰੋਮਣੀ ਬਾਲ ਸਾਹਿਤ ਲੇਖਕ ਐਵਾਰਡ ਨਾਲ ਵਡਿਆਇਆ ਹੈ। ਹੋਰ ਵੀ ਕਈ ਅਦਬੀ ਅਦਾਰਿਆਂ ਨੇ ਬਣਦੇ ਸਰਦੇ ਮਾਣ-ਸਨਮਾਨ ਦਿੱਤੇ ਹਨ। ਗੁਰਬਖਸ਼ ਸਿੰਘ ਪ੍ਰੀਤਲੜੀ ਵੱਲੋਂ ਚਲਾਏ ਰਸਾਲੇ ‘ਬਾਲ ਸੰਦੇਸ਼’ ਦੇ ਬੰਦ ਹੋ ਜਾਣ ਪਿੱਛੋਂ ਮਾਨ 1995 ਤੋਂ ‘ਨਿੱਕੀਆਂ ਕਰੂੰਬਲਾਂ’ ਨਾਂ ਦਾ ਬਾਲ ਰਸਾਲਾ ਕੱਢਦਾ ਆ ਰਿਹੈ। ਉਸ ਨੇ 25 ਬਾਲ ਸਾਹਿਤਕਾਰ ਅਤੇ 25 ਬਾਲ ਸਾਹਿਤ ਲੇਖਕ ‘ਕਰੂੰਬਲਾਂ’ ਪੁਰਸਕਾਰ ਨਾਲ ਸਨਮਾਨਿਤ ਕੀਤੇ ਹਨ ਤੇ ਸੈਂਕੜੇ ਬੱਚੇ ਬਾਲ ਸਾਹਿਤ ਸਿਰਜਣਾ ਦੇ ਰਾਹ ਪਾਏ ਹਨ। ਉਸ ਦੇ ਪੈਂਤੀ ਸੌ ਤੋਂ ਵੱਧ ਅਖਬਾਰੀ ਲੇਖ ਤੇ ਸੱਤ ਸੌ ਤੋਂ ਵੱਧ ਪੁਸਤਕਾਂ ਦੇ ਰੀਵਿਊ ਛਪ ਚੁਕੇ ਹਨ। ਉਹ 15 ਬਾਲ ਪੁਸਤਕਾਂ ਤੇ 5 ਹੋਰ ਪੁਸਤਕਾਂ ਦਾ ਸਿਰਜਕ, 5 ਪੁਸਤਕਾਂ ਦਾ ਅਨੁਵਾਦਕ ਅਤੇ 21 ਪੁਸਤਕਾਂ ਦਾ ਸੰਪਾਦਕ ਹੈ। ਅਜੇ ਕਿਹੜਾ ਬੱਸ ਹੈ? ਉਹਦੀ ਕਲਮ ਦੀ ਮੈਰਾਥਨ ਲਗਾਤਾਰ ਜਾਰੀ ਹੈ।

ਮੇਰੇ ਸੰਪਰਕ ਵਿਚ ਉਹ ਆਪਣੀ ਖੇਡ ਪੁਸਤਕ ‘ਫੁੱਟਬਾਲ ਜਗਤ ਮਾਹਿਲਪੁਰ’ ਦਾ ਮੁੱਖਬੰਦ ਲਿਖਵਾਉਣ ਨਾਲ ਆਇਆ ਸੀ। ਉਹ ਪੁਸਤਕ ਉਸ ਨੇ ਪ੍ਰਿੰਸੀਪਲ ਹਰਭਜਨ ਸਿੰਘ ਸਪੋਰਟਿੰਗ ਕਲੱਬ ਮਾਹਿਲਪੁਰ ਦੇ ਸਹਿਯੋਗ ਨਾਲ 1995 ਵਿਚ ਪ੍ਰਕਾਸਿ਼ਤ ਕੀਤੀ, ਜਿਸ ਵਿਚ ਮਾਹਿਲਪੁਰ ਇਲਾਕੇ ਦੇ ਸੌ ਕੁ ਫੁੱਟਬਾਲਰਾਂ ਬਾਰੇ ਜਾਣਕਾਰੀ ਦਿੱਤੀ। ਉਸ ਨੇ ‘ਖੇਡ ਜਗਤ ਵਿਚ ਪਹਿਲਾ ਕਦਮ’ ਸਿਰਲੇਖ ਹੇਠ ਲਿਖਿਆ: ‘ਮਾਹਿਲਪੁਰ’ ਜਿਥੇ ਚੀਨੀ ਯਾਤਰੀ ਹਿਊਨਸਾਂਗ ਮਹਾਰਾਜਾ ਹਰਸ਼ਵਰਧਨ ਦੇ ਰਾਜ ਕਾਲ ਵਿਚ ਆਇਆ, ਦੀ ਆਬੋ ਹਵਾ ਨੇ ਮੈਨੂੰ ਲੋਰੀਆਂ ਦਾ ਨਿੱਘ ਦਿੱਤਾ। ਇਸ ਧਰਤੀ ਦੇ ਸੰਧੂਰੀ ਅੰਬਾਂ ਦੀ ਮਹਿਕ ਨੇ ਮੇਰੀ ਕਲਮ ਨੂੰ ਸਭਿਅਕ ਸੂਝ ਬਖਸ਼ੀ ਅਤੇ ਇਥੋਂ ਦੀ ਅਮੀਰ ਖੇਡ ਵਿਰਾਸਤ ਨੇ ਸਿਹਤ ਅਤੇ ਸੇਧ ਦਾ ਭਰਪੂਰ ਖਜਾਨਾ ਦਿੱਤਾ।…ਇਸ ਪੁਸਤਕ ਵਿਚ ਕੌਮੀ ਅਤੇ ਕੌਮਾਂਤਰੀ ਪ੍ਰਤਿਭਾ ਦੇ ਮਾਲਕ ਖਿਡਾਰੀ ਅਤੇ ਖਿਡਾਰਨਾਂ ਹੀ ਸ਼ਾਮਲ ਨਹੀਂ, ਸਗੋਂ ਫੁੱਟਬਾਲ ਨਾਲ ਸਬੰਧਤ ਰਿਕਾਰਡ ਅਤੇ ਭਾਰਤੀ ਫੁੱਟਬਾਲ ਟੀਮਾਂ ਦੇ ਓਲੰਪਿਕ, ਏਸ਼ੀਅਨ ਅਤੇ ਵਿਸ਼ਵ ਕੱਪਾਂ ਵਿਚ ਭਾਗ ਲੈਣ ਬਾਰੇ ਵੀ ਜਾਣਕਾਰੀ ਦਿੱਤੀ ਹੈ। ਭਾਰਤ ਵਿਚ ਖੇਡੇ ਜਾਂਦੇ ਪ੍ਰਸਿੱਧ ਫੁੱਟਬਾਲ ਕੱਪਾਂ ਅਤੇ ਟਰਾਫੀਆਂ ਦਾ ਵੀ ਵੇਰਵਾ ਦਿੱਤਾ ਹੈ।
ਹਰਬੰਸ ਸਿੰਘ ਬੈਂਸ ਨੇ ਲਿਖਿਆ: ਜਿਹੜੀ ਕੌਮ ਆਪਣੇ ਵਿਰਸੇ ਦੀ ਸੰਭਾਲ ਨਹੀਂ ਕਰਦੀ, ਭਵਿੱਖ ਉਸ ਨੂੰ ਕਦੀ ਮੁਆਫ ਨਹੀਂ ਕਰਦਾ। ਮਾਹਿਲਪੁਰ ਦੀ ਫਿਜ਼ਾ ਵਿਚ ਰੁਕਮਦੀ ਅੰਬੀਆਂ ਦੀ ਮਹਿਕ ਅਤੇ ਫੁੱਟਬਾਲਰਾਂ ਦੀ ਟਹਿਕ ਹਰੇਕ ਲਈ ਖਿੱਚ ਦਾ ਕੇਂਦਰ ਹੈ। ਫੁੱਟਬਾਲ ਦੀ ਅਮੀਰ ਵਿਰਾਸਤ ਨੂੰ ਸਾਂਭਣ ਅਤੇ ਅਗਲੀ ਪੀੜ੍ਹੀ ਦੇ ਹਵਾਲੇ ਕਰਨ ਦਾ ਜਿ਼ੰਮਾ ਪ੍ਰਿੰਸੀਪਲ ਹਰਿਭਜਨ ਸਿੰਘ ਸਪੋਰਟਿੰਗ ਕਲੱਬ ਨੇ ਹਰ ਸਾਲ ਟੂਰਨਾਮੈਂਟ ਕਰਵਾ ਕੇ ਤਾਂ ਨਿਭਾਇਆ ਹੀ ਹੈ, ਨਾਲ ਹਥਲੀ ਪੁਸਤਕ ਦਾ ਪ੍ਰਕਾਸ਼ਨ ਕਰ ਕੇ ਖੇਡ ਸਾਹਿਤ ਨੂੰ ਅਮੀਰ ਅਤੇ ਫੁੱਟਬਾਲ ਦੀ ਨਵੀਂ ਪਨੀਰੀ ਲਈ ਪ੍ਰੇਰਕ ਵੀ ਬਣਾਇਆ ਹੈ। ਸਾਨੂੰ ਮਾਣ ਹੈ ਬਲਜਿੰਦਰ ਮਾਨ ਉਤੇ, ਜਿਸ ਨੇ ਇਥੋਂ ਦੇ ਹੀ ਲੇਖਕ ਗਿਆਨੀ ਹਰਕੇਵਲ ਸਿੰਘ ਸੈਲਾਨੀ ਵਾਂਗ ਆਪਣੀ ਅਣਥੱਕ ਮਿਹਨਤ, ਸਿਰੜ ਤੇ ਲਗਨ ਨਾਲ ਫੁੱਟਬਾਲ ਖਿਡਾਰੀਆਂ ਬਾਰੇ ਜਾਣਕਾਰੀ ਅਤੇ ਫੁੱਟਬਾਲ ਸੰਸਾਰ ਦੀਆਂ ਅਹਿਮ ਘਟਨਾਵਾਂ ਨੂੰ ਇਕੱਤਰ ਕਰ ਕੇ ਆਪਣੇ ਇਲਾਕੇ ਤੇ ਖੇਡ ਜਗਤ ਲਈ ਮਾਅਰਕੇ ਵਾਲੀ ਗੱਲ ਕੀਤੀ ਹੈ।
ਪ੍ਰੇਮ ਗੋਰਖੀ ਨੇ ਲਿਖਿਆ: ਪੰਜਾਬ ਵਿਚ ਦੁਆਬੇ ਦੀ ਧਰਤ ਨੂੰ ਇਹ ਸ਼ਰਫ ਹਾਸਲ ਰਿਹਾ ਹੈ ਕਿ ਇਹਨੇ ਦੁਨੀਆਂ ਨੂੰ ਬੜੇ ਪ੍ਰਤਿਭਾਵਾਨ ਮਨੁੱਖ ਦਿੱਤੇ ਹਨ। ਚਾਹੇ ਵਿਦਿਅਕ ਖੇਤਰ ਲੈ ਲਓ, ਚਾਹੇ ਵਿਗਿਆਨਕ, ਚਾਹੇ ਕਲਾ, ਚਾਹੇ ਖੇਡ ਖੇਤਰ, ਦੁਆਬੇ ਦੀ ਇਸ ਧਰਤੀ ਦਾ ਕੋਈ ਮੁਕਾਬਲਾ ਨਹੀਂ। ਦੁਆਬੇ ਅੰਦਰ ਹੁਸਿ਼ਆਰਪੁਰ ਜਿਲੇ ਦਾ ਬੜਾ ਮਹੱਤਵਪੂਰਨ ਤੇ ਵੱਖਰਾ ਸਥਾਨ ਹੈ। ਤੇ ਜਿਲੇ ਅੰਦਰ ਮਾਹਿਲਪੁਰ ਇਲਾਕੇ ਦੀਆਂ ਧੁੰਮਾਂ ਹਨ। ਅੱਜ ਕੱਲ੍ਹ ਮਾਹਿਲਪੁਰ ਫੁੱਟਬਾਲ ਦੀ ਨਰਸਰੀ ਹੋਣ ਕਰਕੇ ਹੋਰ ਵੀ ਮਸ਼ਹੂਰ ਹੈ। ਇਸ ਦੇ ਨਾਲ ਹੀ ਮਾਣ ਹੁੰਦਾ ਹੈ ਮਾਹਿਲਪੁਰ ਦੇ ਖਾਲਸਾ ਕਾਲਜ ਦੀਆਂ ਗਰਾਊਂਡਾਂ ਦੀ ਨਰਮ ਤੇ ਸ਼ਗਨਾਂ ਭਰੀ ਮਿੱਟੀ ‘ਤੇ, ਜਿਸ ਨੇ ਅਨੇਕਾਂ ਨਾਮਵਰ ਖਿਡਾਰੀ ਪੈਦਾ ਕੀਤੇ। ਮੈਨੂੰ ਫਖਰ ਹੈ ਕਿ ਕੁਝ ਸਮਾਂ ਮੈਨੂੰ ਵੀ ਇਸ ਮਿੱਟੀ ਦੀ ਮਹਿਕ ਮਾਣਨ ਦਾ ਮੌਕਾ ਮਿਲਿਆ। ਮੈਂ ਵੀ ਕਦੇ ਖੈਰੜ ਅੱਛਰਵਾਲ, ਭਾਮ, ਸਰਹਾਲਾ ਖੁਰਦ, ਸੈਲਾ, ਪਾਲਦੀ, ਬਿੰਜੋ ਤੇ ਲੰਗੇਰੀ ਦੇ ਖੇਤਾਂ ਵਿਚ ਘੁੰਮਦਿਆਂ, ਖੇਡਦਿਆਂ ਇਸ ਮਿੱਟੀ ਨੂੰ ਚੱਖਿਆ ਤੇ ਇਹਦੇ ਸੁਆਦ ਨੂੰ ਮਾਣਿਆ। ਮਾਹਿਲਪੁਰ ਦੀ ਧਰਤੀ ਆਪਣੇ ਪ੍ਰਤਿਭਾਸ਼ਾਲੀ ਪੁੱਤਰ ਪ੍ਰਿੰਸੀਪਲ ਹਰਭਜਨ ਸਿੰਘ ਨੂੰ ਸਦਾ ਯਾਦ ਰੱਖੇਗੀ।
ਇਤਿਹਾਸ ਵਿਚ ਮਾਹਿਲਪੁਰ ਨੂੰ ਸਿੰਧ ਵਾਦੀ ਦੀ ਸਭਿਅਤਾ ਦਾ ਸ਼ਹਿਰ ਦਰਸਾਇਆ ਗਿਆ ਹੈ। ਚੀਨੀ ਯਾਤਰੀ ਹਿਊਨਸਾਂਗ 635 ਵਿਚ ਜਲੰਧਰ ਤੋਂ ਚੰਬਾ ਵਾਦੀ ਨੂੰ ਜਾਂਦਿਆਂ ਮਹੀਪਾਲਪੁਰ ਵਿਚ ਦੀ ਲੰਘਿਆ ਸੀ, ਜਿਸ ਦਾ ਨਾਂ ਬਾਅਦ ਵਿਚ ਮਾਹਿਲਪੁਰ ਪੈ ਗਿਆ। ਇਥੇ 1909 ਵਿਚ ਖਾਲਸਾ ਹਾਈ ਸਕੂਲ ਹੋਂਦ ਵਿਚ ਆਇਆ, ਜਿਸ ਨੇ ਇਲਾਕੇ ਵਿਚ ਪੜ੍ਹਾਈ ਲਿਖਾਈ ਦਾ ਮਾਹੌਲ ਪੈਦਾ ਕੀਤਾ। ਇਥੋਂ ਦਾ ਫੌਜੀ ਬੁੱਕਣ ਸਿੰਘ ਬੈਂਸ ਪਹਿਲੀ ਵਿਸ਼ਵ ਜੰਗ ਦਾ ਹੀਰੋ ਸੀ, ਜਿਸ ਦਾ ਬੁੱਤ ਕੈਨੇਡਾ ਵਿਚ ਸੁਭਾਏਮਾਨ ਹੈ। ਇਸੇ ਇਲਾਕੇ ਦਾ ਹਰਜੀਤ ਸਿੰਘ ਸੱਜਣ ਕੈਨੇਡਾ ਦਾ ਡਿਫੈਂਸ ਮਨਿਸਟਰ ਹੈ। ਕਬੱਡੀ ਦਾ ਐਟਮ ਬੰਬ ਸੰਤੋਖ ਸਿੰਘ ਤੋਖੀ, ਢਾਡੀ ਅਮਰ ਸਿੰਘ ਸ਼ੌਂਕੀ, ਪ੍ਰਿੰ. ਦਰਸ਼ਨ ਸਿੰਘ ਕੋਮਲ, ਵਾਰਸ ਭਰਾ, ਦੇਬੀ ਮਖਸੂਸਪੁਰੀ, ਸਤਿੰਦਰ ਸਰਤਾਜ ਦੇ ਹੋਰ ਬਹੁਤ ਸਾਰੇ ਗਵੱਈਏ ਇਸ ਇਲਾਕੇ ਦੀ ਦੇਣ ਹਨ।
ਮੈਂ ਉਸ ਦੇ ਮੁੱਖਬੰਦ ਦਾ ਸਿਰਲੇਖ ‘ਖੇਡ ਅਦਬ ਵਿਚ ਹੋਰ ਵਾਧਾ’ ਰੱਖ ਕੇ ਲਿਖਿਆ ਸੀ: ਕਈ ਸਾਲ ਪਹਿਲਾਂ ਦੀ ਗੱਲ ਹੈ, ਇਕ ਸਾਹਿਤਕ ਗੋਸ਼ਟੀ ਵਿਚ ਮੈਥੋਂ ਖੇਡ ਅਦਬ ਦਾ ਜਿ਼ਕਰ ਹੋ ਗਿਆ। ਪਿੱਛੋਂ ਬੋਲਣ ਵਾਲੇ ਇਕ ਆਲੋਚਕ ਨੇ ਕਿਹਾ ਕਿ ਖੇਡ ਅਦਬ ਕੋਈ ਅਦਬ ਨਹੀਂ ਹੁੰਦਾ। ਉਸ ਨੇ ਖੇਡਾਂ ਤੇ ਖਿਡਾਰੀਆਂ ਬਾਰੇ ਪੁਸਤਕਾਂ ਲਿਖਣ ਵਾਲਿਆਂ ਨੂੰ ਸਾਹਿਤਕਾਰ ਕਹਿਣ ਕਹਾਉਣ ਵਾਲਿਆਂ ਦਾ ਮਖੌਲ ਉਡਾਇਆ। ਮੇਰਾ ਕਹਿਣਾ ਸੀ ਕਿ ਰੇਖਾ ਚਿੱਤਰ ਭਾਵੇਂ ਸਾਹਿਤਕਾਰ ਦਾ ਹੋਵੇ, ਅਦਾਕਾਰ ਦਾ ਹੋਵੇ, ਭਾਵੇਂ ਭਲਵਾਨ ਦਾ ਹੋਵੇ, ਜੇ ਉਹਦੇ ਵਿਚ ਸਾਹਿਤਕ ਛੋਹਾਂ ਹਨ ਤਾਂ ਉਹ ਸਾਹਿਤ ਹੀ ਹੈ। ਮਨੁੱਖੀ ਜਜ਼ਬਿਆਂ ਨਾਲ ਓਤ-ਪੋਤ ਕਿਸੇ ਵੀ ਵਿਸ਼ੇ ਦੀ ਲਿਖਤ ਸਾਹਿਤ ਦੇ ਦਾਇਰੇ ਵਿਚ ਆਉਂਦੀ ਹੈ। ਰੁੱਖਾ ਬੇਜਾਨ ਬਿਰਤਾਂਤ ਅਸਾਹਿਤਕ ਆਖਿਆ ਜਾ ਸਕਦਾ ਹੈ; ਪਰ ਸਾਡੇ ਉਸ ਆਲੋਚਕ ਨੇ ਇਕੋ ਹੀ ਨੰਨਾ ਫੜਿਆ ਹੋਇਆ ਸੀ ਕਿ ਖੇਡਾਂ-ਖਿਡਾਰੀਆਂ ਬਾਰੇ ਲਿਖਣ ਵਾਲਿਆਂ ਨੂੰ ਸਾਹਿਤਕਾਰ ਨਹੀਂ ਮੰਨਿਆ ਜਾ ਸਕਦਾ। ਅਖੀਰ ਮੈਨੂੰ ਕਹਿਣਾ ਪਿਆ ਸੀ ਕਿ ਜੇ ਤੁਸੀਂ ਸਾਨੂੰ ਸਾਹਿਤਕਾਰ ਨਹੀਂ ਮੰਨਦੇ ਤਾਂ ਸਿਹਤਕਾਰ ਹੀ ਮੰਨ ਲਓ! ਜੇ ਸਾਡੇ `ਚ ਦਮ ਹੋਇਆ ਤਾਂ ਆਉਂਦੇ ਸਾਲਾਂ ਵਿਚ ਅਸੀਂ ਤੁਹਾਨੂੰ ਪੰਜਾਬੀ ਖੇਡ ਅਦਬ ਦੀ ਇਕ ਵੱਖਰੀ ਅਲਮਾਰੀ ਸਿ਼ੰਗਾਰ ਕੇ ਵਿਖਾਵਾਂਗੇ…।
ਆਖਰ ਖੇਡ ਸਾਹਿਤ ਦੀ ਵੱਖਰੀ ਅਲਮਾਰੀ ਸਜ ਹੀ ਗਈ ਹੈ, ਜਿਸ ਬਾਰੇ ਇਹ ਕਾਲਮ ਲਿਖਿਆ ਜਾ ਰਿਹੈ।
ਬਲਜਿੰਦਰ ਮਾਨ ਦਾ ਜਨਮ 15 ਮਈ 1964 ਨੂੰ ਪਿਤਾ ਭਜਨਾ ਰਾਮ ਤੇ ਮਾਤਾ ਭਜਨ ਕੌਰ ਦੇ ਘਰ ਗੜ੍ਹਸ਼ੰਕਰ ਨੇੜੇ ਪਿੰਡ ਮਹਿਮਦਵਾਲ ਕਲਾਂ ਵਿਚ ਹੋਇਆ। ਸਿ਼ਵਾਲਿਕ ਦੀਆਂ ਪਹਾੜੀਆਂ ਦੀ ਗੋਦ ‘ਚ ਵਸੇ ਮਹਿਮਦਵਾਲ ਦੀਆਂ ਗਲੀਆਂ ‘ਚ ਖੇਡਦਾ ਬਲਜਿੰਦਰ ਮਾਨ ਹੁਣ ਮਾਹਿਲਪੁਰੀਆਂ ਦਾ ਮਾਣ ਹੈ। ਉਸ ਨੇ ਮਹਿਮਦਵਾਲ, ਗੜ੍ਹਸੰ਼ਕਰ ਤੇ ਹੁਸਿ਼ਆਰਪੁਰ ਤੋਂ ਪੜ੍ਹਾਈ ਕਰਦਿਆਂ ਐਮ. ਏ. ਪੰਜਾਬੀ, ਐਮ. ਏ. ਰਾਜਨੀਤੀ ਸ਼ਾਸਤਰ, ਬੀ. ਐਡ. ਤੇ ਜਰਨਲਿਜ਼ਮ ਦੀਆਂ ਡਿਗਰੀਆਂ ਹਾਸਲ ਕੀਤੀਆਂ। ਫਿਰ ਪ੍ਰਾਈਵੇਟ ਸਕੂਲ ‘ਸੁਰ ਸੰਗਮ’ ਚਲਾਉਣ ਤੇ ਪੱਤਰਕਾਰੀ ਕਰਨ ਨਾਲ ਬੱਚਿਆਂ ਲਈ ਕਈ ਪਰਉਪਕਾਰੀ ਕਾਰਜ ਕੀਤੇ। ਮਿੱਠੀ ਬੋਲ ਬਾਣੀ ਤੇ ਨਿਮਰਤਾ ਉਹਦੇ ਖਾਸ ਗੁਣ ਹਨ। ਨਸਿ਼ਆਂ ਤੋਂ ਕੋਹਾਂ ਦੂਰ ਹੈ ਤੇ ਭੋਜਨ ਵੀ ਵੈਸ਼ਨੂੰ ਕਰਦਾ ਹੈ। ਉਸ ਦੇ ਯਤਨਾਂ ਨਾਲ ਮਾਹਿਲਪੁਰ ਬਾਲ ਮੇਲਿਆਂ, ਸਭਿਆਚਾਰਕ ਮੇਲਿਆਂ, ਖੇਡ ਮੇਲਿਆਂ, ਕਵੀ ਦਰਬਾਰਾਂ, ਕਹਾਣੀ ਦਰਬਾਰਾਂ ਤੇ ਸਾਹਿਤਕ ਸੈਮੀਨਾਰਾਂ ਦਾ ਕੇਂਦਰ ਬਣ ਗਿਆ। ਅਸ਼ੋਕ ਭੌਰੇ ਨੇ ਉਹਨੂੰ ਨਾਲ ਰਲਾ ਕੇ ਢਾਡੀ ਅਮਰ ਸਿੰਘ ਦੀ ਯਾਦ ਵਿਚ ਮਾਹਿਲਪੁਰ ਦਾ ‘ਸੌਂਕੀ ਮੇਲਾ’ ਸ਼ੁਰੂ ਕੀਤਾ, ਜਿਸ ਨੂੰ ਮੋਹਨ ਸਿੰਘ ਮੇਲੇ ਵਾਲੇ ਜਗਦੇਵ ਸਿੰਘ ਜੱਸੋਵਾਲ ਦਾ ਥਾਪੜਾ ਰਿਹਾ। ਕਹਿੰਦੇ ਕਹਾਉਂਦੇ ਗਾਇਕ ਸ਼ੌਂਕੀ ਮੇਲੇ ਦੀਆਂ ਹਾਜ਼ਰੀਆਂ ਭਰਦੇ ਰਹੇ। ਬਲਜਿੰਦਰ ਮਾਨ ਅੱਜ ਕੱਲ੍ਹ ਸਰਕਾਰੀ ਮਿਡਲ ਸਕੂਲ ਭਾਰਟਾ ਗਨੇਸ਼ਪੁਰ ਦਾ ਮੁਖੀ ਹੈ। ਰਿਟਾਇਰਮੈਂਟ ਨੇੜੇ ਹੈ ਤੇ ਉਸ ਪਿੱਛੋਂ ਉਸ ਨੇ ਕੁਲਵਕਤੀ ਲੇਖਕ ਹੋ ਜਾਣਾ ਹੈ। ਕਿਸੇ ਸਮਰੱਥ ਅਦਾਰੇ ਨੂੰ ਅਜਿਹੇ ਉੱਦਮੀ ਤੋਂ ਕੰਮ ਲੈਂਦੇ ਰਹਿਣਾ ਚਾਹੀਦੈ ਅਤੇ ਕਿਸੇ ਖਾਸ ਪ੍ਰਾਜੈਕਟ ਦੀ ਖੋਜ ਵਿਚ ਲਾ ਦੇਣਾ ਚਾਹੀਦੈ।
ਬਲਜਿੰਦਰ ਮਾਨ ਦੀ ਦੂਜੀ ਖੇਡ ਪੁਸਤਕ ਮਾਹਿਲਪੁਰ ਦੇ ਫੁੱਟਬਾਲਰਾਂ ਬਾਰੇ ਹੀ ਹੈ, ਜਿਸ ਦਾ ਨਾਂ ‘ਮਾਹਿਲਪੁਰ ਦਾ ਫੁੱਟਬਾਲ ਸੰਸਾਰ’ ਹੈ, ਜੋ 2021 ਵਿਚ ਛਪੀ। ਲਿਖਿਆ ਹੈ: ਇਤਿਹਾਸਕ ਪਿੰਡ ਬਜਵਾੜੇ ਲਾਗੇ ਛਾਉਣੀ ਹੁੰਦੀ ਸੀ, ਜਿਥੇ ਅੰਗਰੇਜ਼ ਫੁੱਟਬਾਲ ਖੇਡਿਆ ਕਰਦੇ ਸਨ। ਬਜਵਾੜੇ ਤੇ ਮਾਹਿਲਪੁਰ ਨੇ ਇਸ ਖੇਡ ਨੂੰ ਸਭ ਤੋਂ ਵੱਧ ਪਿਆਰਿਆ। ਬਾਅਦ ਵਿਚ ਮਾਹਿਲਪੁਰ ਫੁੱਟਬਾਲ ਦਾ ਘਰ ਬਣ ਕੇ ਚਮਕ ਉਠਿਆ। ਪ੍ਰਿੰਸੀਪਲ ਹਰਭਜਨ ਸਿੰਘ ਅਤੇ ਲਾਭ ਸਿੰਘ ਹੋਰੀਂ ਲਾਹੌਰ ਕਾਲਜ ਵਿਚ ਫੁੱਟਬਾਲ ਦੇ ਖਿਡਾਰੀ ਸਨ। ਉਨ੍ਹਾਂ ਨੇ ਫੁੱਟਬਾਲ ਦੇ ਬੀਜ ਮਾਹਿਲਪੁਰ ਦੇ ਆਲੇ-ਦੁਆਲੇ ਬੋਅ ਕੇ ਫੁੱਟਬਾਲ ਦੀ ਭਰਪੂਰ ਫਸਲ ਬਣਾ ਦਿੱਤਾ। 1934 ਵਿਚ ਇਥੋਂ ਦਾ ਖਾਲਸਾ ਕਲੱਬ ਤੇ ਬਾਅਦ ਵਿਚ ਈਗਲ ਕਲੱਬ ਫੁੱਟਬਾਲ ਮੁਕਾਬਲਿਆਂ ਵਿਚ ਅੱਗੇ ਲੱਗ ਤੁਰੇ। 1948 ਵਿਚ ਗੁਲਬਰਗ ਸਿੰਘ ਬੈਂਸ ਦੀ ਪਹਿਲਕਦਮੀ ਨਾਲ ਮੈਂਗੋ ਸੀਜ਼ਨ ਫੁੱਟਬਾਲ ਟੂਰਨਾਮੈਂਟ ਸ਼ੁਰੂ ਹੋ ਗਿਆ ਤੇ ਇਹ ਇਲਾਕਾ ਫੁੱਟਬਾਲ ਦਾ ਦੀਵਾਨਾ ਬਣ ਗਿਆ।
ਉਸ ਖੇਡ ਪੁਸਤਕ ਦੇ ਮੁੱਖਬੰਦ ‘ਚ ਮੈਂ ਲਿਖਿਆ: ਜਿਵੇਂ ਸੰਸਾਰਪੁਰ ਨੂੰ ਹਾਕੀ ਦਾ ਘਰ ਕਿਹਾ ਜਾਂਦੈ, ਉਵੇਂ ਮਾਹਿਲਪੁਰ ਫੁੱਟਬਾਲ ਦਾ ਘਰ ਹੈ। ਸੰਸਾਰਪੁਰੀਆਂ ਨੂੰ ਹਾਕੀ ਦੀ ਜਾਗ ਜਲੰਧਰ ਛਾਉਣੀ ਨੇ ਲਾਈ ਸੀ ਜਦ ਕਿ ਮਾਹਿਲਪੁਰੀਆਂ ਨੂੰ ਫੁੱਟਬਾਲ ਦੀ ਜਾਗ ਬਜਵਾੜੇ ਦੀ ਛਾਉਣੀ ਨੇ ਲਾਈ। ਪਹਿਲਾਂ ਪਹਿਲ ਪੰਜਾਬ ਦੇ ਮੁੰਡੇ ਫੌਜੀ ਛਾਉਣੀਆਂ ਵਿਚ ਅੰਗਰੇਜ਼ ਅਫਸਰਾਂ ਤੇ ਜੁਆਨਾਂ ਨੂੰ ਹਾਕੀ/ਫੁੱਟਬਾਲ ਖੇਡਦੇ ਵੇਖ ਕੇ ਹਾਕੀ/ਫੁੱਟਬਾਲ ਖੇਡਣ ਲੱਗੇ। ਫਿਰ ਰੀਸ ਅੱਗੇ ਤੋਂ ਅੱਗੇ ਤੁਰਦੀ ਗਈ। ਰੀਸ ਕਰਨਾ ਪੰਜਾਬੀਆਂ ਦਾ ਜੱਦੀ ਪੁਸ਼ਤੀ ਸੁਭਾਅ ਹੈ। ਰੀਸ ਭਾਵੇਂ ਫੌਜਾਂ ‘ਚ ਭਰਤੀ ਹੋਣ ਦੀ ਹੋਵੇ, ਭਾਵੇਂ ਬਾਰਾਂ ਆਬਾਦ ਕਰਨ ਦੀ ਹੋਵੇ, ਭਾਵੇਂ ਪਰਦੇਸ ਜਾਣ ਦੀ ਹੋਵੇ ਤੇ ਭਾਵੇਂ ਕਲਕੱਤੇ ਦੇ ਡਰਾਈਵਰ ਬਣਨ ਦੀ ਹੋਵੇ। ਚੁਟਕਲੇ ਚਲਦੇ ਰਹੇ ਕਿ ਕਿਲਾ ਰਾਇਪੁਰ ਵੱਲ ਦੇ ਬੱਚੇ ਤਦ ਹੀ ਜਨਮ ਲੈਂਦੇ, ਜਦੋਂ ਕਿਹਾ ਜਾਂਦਾ ਕਿ ਜੰਮ ਪਓ, ਤੁਹਾਨੂੰ ਕਲਕੱਤੇ ਭੇਜ ਦਿਆਂਗੇ! ਉਦੋਂ ਉਸ ਇਲਾਕੇ ਵਿਚ ਕਲਕੱਤੇ ਦੇ ਡਰਾਈਵਰ ਬਣਨ ਦੀ ਰੀਸ ਪਈ ਹੋਈ ਸੀ। ਫਿਰ ਚੁਟਕਲਾ ਚੱਲਿਆ ਕਿ ਸੰਸਾਰਪੁਰ ‘ਚ ਬੱਚੇ ਤਦ ਤਕ ਜਨਮ ਨਹੀਂ ਲੈਂਦੇ, ਜਦ ਤਕ ਉਨ੍ਹਾਂ ਦੀਆਂ ਮਾਂਵਾਂ ਸਿਰਹਾਣੇ ਹਾਕੀ ਨਹੀਂ ਰੱਖੀ ਜਾਂਦੀ! ਮਾਹਿਲਪੁਰੀਆਂ ਨੂੰ ਖੁਦ ਪਤਾ ਹੋਊ ਪਈ ਉਥੇ ਬੱਚੇ ਕਿਹੜੇ ਲਾਲਚ ਨਾਲ ਜੰਮਦੇ ਰਹੇ? ਹੋ ਸਕਦੈ ਉਨ੍ਹਾਂ ਨੂੰ ਫੁੱਟਬਾਲਰ ਬਣਾਉਣ ਦਾ ਲਾਲਚ ਦਿੱਤਾ ਜਾਂਦਾ ਹੋਵੇ। ਹੁਣ ਤਾਂ ਪਤਾ ਹੀ ਹੈ, ਕੀ ਕਿਲਾ ਰਾਇਪੁਰ, ਕੀ ਸੰਸਾਰਪੁਰ ਤੇ ਕੀ ਮਾਹਿਲਪੁਰ, ਪੰਜਾਬ ‘ਚ ਸਾਰੇ ਬੱਚੇ ਹੀ ਵਿਦੇਸ਼ ਭੇਜਣ ਲਈ ਆਈਲੈਟਸ ਕਰਾਉਣ ਦੇ ਲਾਲਚ ਨਾਲ ਜੰਮਦੇ ਹਨ!
‘ਮਾਹਿਲਪੁਰ ਦਾ ਫੁੱਟਬਾਲ ਸੰਸਾਰ’ ਪੁਸਤਕ ਵਿਚ ਫੁੱਟਬਾਲ ਨਾਲ ਸਬੰਧਤ ਸੌ ਤੋਂ ਵੱਧ ਫੁੱਟਬਾਲ ਸ਼ੌਕੀਆਂ ਦੇ ਸੰਖੇਪ ਰੇਖਾ ਚਿੱਤਰ ਉਲੀਕੇ ਹਨ ਅਤੇ ਇਸ ਪੁਸਤਕ ਨੂੰ ਵੀ ਪ੍ਰਿੰਸੀਪਲ ਹਰਭਜਨ ਸਿੰਘ ਸਪੋਰਟਿੰਗ ਕਲੱਬ ਮਾਹਿਲਪੁਰ ਨੇ ਪ੍ਰਕਾਸਿ਼ਤ ਕੀਤਾ ਹੈ। ਮਾਨ ਦੀ ਲਿਖਤ ਵਿਚ ਰਸ ਵੀ ਹੈ ਤੇ ਰੰਗ ਵੀ। ਇਹ ਪੁਸਤਕ ਜਿਥੇ ਮਾਹਿਲਪੁਰ ਇਲਾਕੇ ਦੇ ਫੁੱਟਬਾਲਰਾਂ ਬਾਰੇ ਪ੍ਰਮਾਣਿਕ ਜਾਣਕਾਰੀ ਦਿੰਦੀ ਹੈ, ਉਥੇ ਸਾਹਿਤਕ ਸੁਹਜ ਸੁਆਦ ਦੀ ਪੂਰਤੀ ਵੀ ਕਰਦੀ ਹੈ। ਬਲਜਿੰਦਰ ਮਾਨ ਦੀ ਲਿਖਣ ਸ਼ੈਲੀ ਵਿਚ ਦੁਆਬੇ ਦੀਆਂ ਅੰਬੀਆਂ ਵਰਗੀ ਚਾਸ਼ਣੀ ਹੈ ਅਤੇ ਅੰਬਾਂ ਦੇ ਬੂਰ ਵਰਗੀ ਮਹਿਕ। ਕਾਨੇ ਕਮਾਦ ਦੇ ਰਹੁ ਵਰਗਾ ਰਸ ਹੈ। ਉਸ ਦੀ ਰਵਾਂ ਵਾਰਤਕ ਵਿਚ ਦੁਆਬੇ ਦੇ ਚੋਆਂ ਵਰਗਾ ਵਹਿਣ ਹੈ।
ਮੈਂ ਬੇਸ਼ਕ ਮਾਲਵੇ ਦੇ ਪਿੰਡ ਚਕਰ ਦਾ ਜੰਮਪਲ ਹਾਂ, ਪਰ ਮੇਰੇ ਉਤੇ ਮਾਝੇ ਤੇ ਦੁਆਬੇ ਦਾ ਪਾਹ ਵੀ ਚੜ੍ਹਿਆ ਹੋਇਐ। ਮੇਰੇ ਵਡੇਰੇ ਮਾਝੇ ਦੇ ਪਿੰਡ ਸਰਹਾਲੀ ਦੇ ਸਨ ਤੇ ਮੇਰਾ ਪਕਰੋੜ ਉਮਰ ਦਾ ਸਮਾਂ ਦੁਆਬੇ ‘ਚ ‘ਮੁਕੰਦਪੁਰ ਸ਼ਹਿਰ ਨਗੀਨਾ’ ਕਹੇ ਜਾਂਦੇ ਪਿੰਡ ਵਿਚ ਬੀਤਿਆ, ਜਿਥੇ ਮੈਂ ਅਮਰਦੀਪ ਮੈਮੋਰੀਅਲ ਕਾਲਜ ਦਾ ਪ੍ਰਿੰਸੀਪਲ ਰਿਹਾਂ। ਮੇਰੇ ਨੂੰਹ-ਪੁੱਤ 1997 ਤੋਂ ਉਥੇ ਹੀ ਪੜ੍ਹਾਉਂਦੇ ਹਨ, ਜਿਥੇ ਮੇਰਾ ਵੀ ਆਉਣ-ਜਾਣ ਬਣਿਆ ਰਹਿੰਦੈ। ਚੰਡੀਗੜ੍ਹ ਤੋਂ ਆਪਣੇ ਪਿੰਡ ਸੂਨੀ ਨੂੰ ਜਾਂਦਾ ਗੁਲਜ਼ਾਰ ਸਿੰਘ ਸੰਧੂ ਵੀ ਕਦੇ ਕਦਾਈਂ ਗੇੜਾ ਮਾਰ ਜਾਂਦੈ। ਬਲਜਿੰਦਰ ਮਾਨ ਦਾ ਵੀ ਮੁਕੰਦਪੁਰ ਵੱਲ ਗੇੜਾ ਵੱਜਦਾ ਰਹਿੰਦੈ। ਮਾਹਿਲਪੁਰ ਕਾਲਜ ਦਾ ਸਵਰਗਵਾਸੀ ਅਥਲੀਟ ਜਰਨੈਲ ਸਿੰਘ ਸਤੰਬਰ 1960 ਵਿਚ ਮੈਨੂੰ ਪੰਜਾਬ ਯੂਨੀਵਰਸਿਟੀ ਦੇ ਲੁਧਿਆਣੇ ਲੱਗੇ ਕੋਚਿੰਗ ਕੈਂਪ ਵਿਚ ਮਿਲਿਆ ਸੀ। ਉਥੇ ਅਸੀਂ ਪੰਦਰਾਂ ਦਿਨ ‘ਕੱਠੇ ਰਹੇ। ਉਹ ਇਕ ਲੱਤ ‘ਤੇ ਦੌੜਦਾ ਟਰੈਕ ਦਾ ਪੂਰਾ ਚੱਕਰ ਲਾ ਦਿੰਦਾ ਸੀ। ਉਹਦੀਆਂ ਲੱਤਾਂ ਵਿਚ ਲੋਹੜੇ ਦੀ ਤਾਕਤ ਸੀ, ਜਿਸ ਕਰਕੇ ਉਹ 800 ਮੀਟਰ ਤੇ 1500 ਮੀਟਰ ਦੀਆਂ ਦੌੜਾਂ ਦਾ ਯੂਨੀਵਰਸਿਟੀ ਤੇ ਇੰਟਰਵਰਸਿਟੀ ਚੈਂਪੀਅਨ ਬਣਿਆ। ਬਾਅਦ ਵਿਚ ਉਹ ਨੈਸ਼ਨਲ ਚੈਂਪੀਅਨ ਬਣਦਾ ਰਿਹਾ।
ਖਾਲਸਾ ਕਾਲਜ ਮਾਹਿਲਪੁਰ ਦੇ ਪ੍ਰਿੰਸੀਪਲ ਹਰਭਜਨ ਸਿੰਘ ਅਕਸਰ ਕਿਹਾ ਕਰਦੇ ਸਨ ਕਿ ਅਥਲੀਟ ਜਰਨੈਲ ਦੀਆਂ ਲੱਤਾਂ ਵਿਚ ਫੁੱਟਬਾਲਰ ਜਰਨੈਲ ਦੀਆਂ ਲੱਤਾਂ ਨਾਲੋਂ ਵੀ ਵਧੇਰੇ ਜਾਨ ਹੈ। ਉਸ ਜਰਨੈਲ ਦਾ ਰੇਖਾ ਚਿੱਤਰ ਮੈਂ ‘ਕਲਹਿਰੀ ਮੋਰ’ ਦੇ ਸਿਰਲੇਖ ਹੇਠ ਉਲੀਕਿਆ ਸੀ, ਜੋ ਸਾਹਿਤਕ ਪਰਚੇ ‘ਆਰਸੀ’ ਵਿਚ ਛਪਿਆ। ਬਾਅਦ ਵਿਚ ਉਹ ਲੁਧਿਆਣੇ ਸਿਧਵਾਂ ਨਹਿਰ ਦੀ ਪਟੜੀ `ਤੇ ਕਰਾਸ ਕੰਟਰੀ ਲਾਉਂਦਿਆਂ ਬੇਹੋਸ਼ ਹੋ ਕੇ ਡਿੱਗ ਪਿਆ ਸੀ। ਉਥੋਂ ਉਸ ਨੂੰ ਸੀ. ਐਮ. ਸੀ. ਲੈ ਗਏ ਸਨ, ਪਰ ਉਹ ਬਚ ਨਹੀਂ ਸੀ ਸਕਿਆ। ਉਦੋਂ ਮੈਂ ਉਹਦੇ ਬਾਰੇ ਲੇਖ ਲਿਖਿਆ ‘ਅਖਾੜੇ ਦਾ ਸ਼ਹੀਦ’ ਜੋ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਪਾਠ ਪੁਸਤਕਾਂ ਵਿਚ ਸ਼ਾਮਲ ਹੁੰਦਾ ਰਿਹਾ।
ਮਾਹਿਲਪੁਰ ਕਾਲਜ ਦੇ ਫੁੱਟਬਾਲਰ ਜਰਨੈਲ ਸਿੰਘ ਨੂੰ ਜਰਨੈਲ ਪਨਾਮੀਆ ਵੀ ਕਹਿੰਦੇ ਸਨ। ਉਹ ਕਬੱਡੀ ਵੀ ਖੇਡਦਾ ਸੀ ਤੇ ਫੁੱਟਬਾਲ ਵੀ। ਰੋਮ ਦੀਆਂ ਓਲੰਪਿਕ ਖੇਡਾਂ ‘ਚੋਂ ਉਹ ਫੁੱਟਬਾਲ ਦੀ ਵਿਸ਼ਵ ਇਲੈਵਨ ਲਈ ਚੁਣਿਆ ਗਿਆ ਸੀ। ਵੀਹਵੀਂ ਸਦੀ ਦਾ ਉਹ ਮਹਾਨ ਫੁੱਟਬਾਲਰ ਸੀ, ਜੋ ਵੀਹਵੀਂ ਸਦੀ ਨਾਲ ਹੀ ਖੇਡ ਜਗਤ ਨੂੰ ਅਲਵਿਦਾ ਕਹਿ ਗਿਆ। ਅਕਤੂਬਰ 2000 ਦੇ ਦਿਨ ਸਨ। ਪਨਾਮ ਦੇ ਖੁੱਲ੍ਹੇ ਖੇਤਾਂ ਵਿਚ ਉਹਦੇ ਨਮਿੱਤ ਸ਼ਰਧਾਂਜਲੀ ਸਮਾਗਮ ਹੋਣਾ ਸੀ। ਅਸੀਂ ਅਮਰਦੀਪ ਕਾਲਜ ਮੁਕੰਦਪੁਰ ਤੋਂ ਫੁੱਟਬਾਲਰਾਂ ਦੀ ਬੱਸ ਭਰ ਕੇ ਚੱਲੇ ਸਾਂ। ਪਨਾਮ ਦੀ ਜੂਹ ਵਿਚ ਸੋਗ ਛਾਇਆ ਹੋਇਆ ਸੀ। ਝੋਨਿਆਂ ਦੇ ਵੱਢ ਉੱਜੜੇ, ਧੁੱਪ ਰੋਣਹਾਕੀ ਤੇ ਪੌਣ ਹਉਕੇ ਲੈਂਦੀ ਜਾਪਦੀ ਸੀ। ਪਿੰਡ ਦੀਆਂ ਬੀਹੀਆਂ ਵੈਣ ਪਾ ਰਹੀਆਂ ਸਨ। ਦੁਨੀਆਂ ਭਰ ਵਿਚ ਪਨਾਮ ਦਾ ਨਾਂ ਧੁਮਾਅ ਦੇਣ ਵਾਲਾ ਦਲਾਂ ਦਾ ਮੋਹਰੀ ਜਾਂਦੀ ਵਾਰ ਦੀ ਫਤਿਹ ਬੁਲਾ ਗਿਆ ਸੀ। ਪਹਿਲਾਂ ਅਸੀਂ ਉਸ ਘਰ ਨੂੰ ਸਿਜਦਾ ਕੀਤਾ, ਜੀਹਦੀ ਇੱਟ-ਇੱਟ ਤੇ ਕੜੀ-ਕੜੀ ਨਾਲ ਜਰਨੈਲ ਸਿੰਘ ਦੀ ਸਾਂਝ ਜੁੜੀ ਸੀ। ਉਥੇ ਉਹਦੀਆਂ ਖੇਡ-ਨਿਸ਼ਾਨੀਆਂ ਖਿੰਡੀਆਂ ਪਈਆਂ ਸਨ, ਜਿਨ੍ਹਾਂ ਨਾਲ ਅਨੇਕਾਂ ਯਾਦਾਂ ਜੁੜੀਆਂ ਹੋਈਆਂ ਸਨ। ਕਦੇ ਉਸ ਘਰ ਵਿਚ ਰੌਣਕਾਂ ਦੀ ਚਹਿਲ-ਪਹਿਲ ਹੁੰਦੀ ਸੀ, ਪਰ ਉੱਦਣ ਵੀਰਾਨੀਆਂ ਦਾ ਮਾਤਮ ਸੀ। ਘਰ ਨੂੰ ਜਾਂਦੀ ਭੀੜੀ ਗਲੀ ਜਿਵੇਂ ਹੱਥ ਜੋੜੀ ਕਹਿ ਰਹੀ ਸੀ, ਜਾਣ ਵਾਲਾ ਤਾਂ ਚਲਾ ਗਿਆ, ਵੇਖਣਾ ਕਿਤੇ ਤੁਸੀਂ ਵੀ ਰਾਹ ਨਾ ਭੁੱਲ ਜਾਣਾ…।
ਪਿੰਡੋਂ ਬਾਹਰ ਪੰਡਾਲ ਵਿਚ ਬੁਲਾਰੇ ਜਰਨੈਲ ਸਿੰਘ ਨੂੰ ਸ਼ਰਧਾਂਜਲੀਆਂ ਭੇਟ ਕਰ ਰਹੇ ਸਨ। ਚਲਾਣਾ ਕਰ ਗਏ ਜੋਧੇ ਖਿਡਾਰੀ ਦੀ ਮਹਾਨਤਾ ਉਜਾਗਰ ਹੋ ਰਹੀ ਸੀ ਤੇ ਉਹਦੀ ਢੁੱਕਵੀਂ ਯਾਦਗਾਰ ਬਣਾਉਣ ਦੇ ਸੁਝਾਅ ਦਿੱਤੇ ਜਾ ਰਹੇ ਸਨ। ਉਸ ਨੇ ਦੋ ਸਾਲ ਏਸ਼ੀਅਨ ਆਲ ਸਟਾਰਜ਼ ਟੀਮ ਦੀ ਜਰਨੈਲੀ ਕੀਤੀ ਸੀ। ਏਸ਼ੀਆ ਮਹਾਂਦੀਪ ਦਾ ਉਹ ਇਕੋ-ਇਕ ਖਿਡਾਰੀ ਸੀ, ਜਿਸ ਨੂੰ ਇਹ ਮਾਣ ਮਿਲਿਆ ਸੀ। ਤਿੰਨ ਸਾਲ ਉਹ ਭਾਰਤੀ ਫੁੱਟਬਾਲ ਟੀਮਾਂ ਦਾ ਕਪਤਾਨ ਰਿਹਾ ਸੀ। 1960 ਵਿਚ ਉਹ ਵਿਸ਼ਵ ਟੀਮ ਦਾ ਸੈਂਟਰ ਫੁੱਲ ਬੈਕ ਚੁਣਿਆ ਗਿਆ ਸੀ। ਏਸ਼ੀਆ ਦੀ ਧਰਤੀ ਤੋਂ ਇਹ ਮਾਣ ਭਾਰਤ ਭਰ ‘ਚੋਂ ਇਕੱਲੇ ਪੰਜਾਬ ਦੇ ਖਿਡਾਰੀ ਨੂੰ ਹੀ ਮਿਲਿਆ ਸੀ। 1967 ਵਿਚ ਕੁਆਲਾਲੰਪੁਰ ਦੇ ਮਰਦੇਕਾ ਟੂਰਨਾਮੈਂਟ ਸਮੇਂ ਫੀਫਾ ਦੇ ਪ੍ਰਧਾਨ ਸਰ ਸਟੈਨਲੇ ਰਾਊਜ਼ ਨੇ ਏਸ਼ੀਆ ਦੇ ਖੇਡ ਅਧਿਕਾਰੀਆਂ ਨੂੰ ਕਿਹਾ ਸੀ, “ਤੁਹਾਡੇ ਕੋਲ ਜਰਨੈਲ ਸਿੰਘ ਐਸਾ ਖਿਡਾਰੀ ਹੈ, ਜੋ ਦੁਨੀਆਂ ਦੀ ਕਿਸੇ ਟੀਮ ਵਿਚ ਵੀ ਚੁਣੇ ਜਾਣ ਦੇ ਯੋਗ ਹੈ।”
ਜਦੋਂ ਉਹ ਅਫਰੀਕੀ ਦੇਸ਼ਾਂ ਵਿਚ ਖੇਡਿਆ ਤਾਂ ਅਫਰੀਕਨਾਂ ਨੇ ਉਸ ਨੂੰ ‘ਸਿੰਘਾ ਸ਼ੀਬਾ’ ਯਾਨਿ ਸਿੰਘ ਸ਼ੇਰ ਕਹਿ ਕੇ ਵਡਿਆਇਆ ਸੀ। ਦਸ ਸਾਲ ਉਹ ਏਸ਼ੀਆ ਦਾ ਸਭ ਤੋਂ ਤਕੜਾ ਖਿਡਾਰੀ ਰਿਹਾ। ਜਿੰਨੇ ਸਾਲ ਉਹ ਕਲਕੱਤੇ ਦੀ ਮੋਹਨ ਬਾਗਾਨ ਕਲੱਬ ਵਿਚ ਖੇਡਿਆ, ਉਹਨੂੰ ਪੈਸੇ ਵੀ ਸਭ ਤੋਂ ਵੱਧ ਮਿਲੇ ਤੇ ਪ੍ਰਸ਼ੰਸਾ ਵੀ ਸਭ ਤੋਂ ਵੱਧ। ਸ਼ਾਇਦ ਹੀ ਕੋਈ ਬੰਗਾਲੀ ਹੋਵੇ, ਜੋ ਜਰਨੈਲ ਸਿੰਘ ਦੇ ਨਾਂ ਤੋਂ ਵਾਕਿਫ ਨਾ ਹੋਵੇ।
ਬਲਜਿੰਦਰ ਮਾਨ ਨੇ ਲਿਖਿਆ: ਜਰਨੈਲ ਸਿੰਘ ਭਾਰਤੀ ਫੁੱਟਬਾਲ ਜਗਤ ਦਾ ਉਹ ਸਿਤਾਰਾ ਹੈ, ਜੋ ਫੁੱਟਬਾਲ ਨਾਲ ਮੋਹ ਜਤਾਉਂਦਾ ਸਾਈਕਲ ‘ਤੇ 60 ਕਿਲੋਮੀਟਰ ਪੈਡਲ ਮਾਰ ਕੇ ਫੁੱਟਬਾਲ ਖਰੀਦਣ ਜਲੰਧਰ ਜਾ ਆਉਂਦਾ ਸੀ। ਪੰਜਾਬ ਨੂੰ ਪਹਿਲੀ ਵਾਰ ਨੈਸ਼ਨਲ ਚੈਂਪੀਅਨਸਿ਼ਪ ਜਿਤਾਉਣ ਦਾ ਸਿਹਰਾ ਜਰਨੈਲ ਸਿੰਘ ਦੇ ਸਿਰ ਬੱਝਦਾ ਹੈ। ਮਾਪਿਆਂ ਨੇ ਉਹਦਾ ਨਾਂ ਜਰਨੈਲ ਸਿੰਘ ਇਸ ਕਰਕੇ ਰੱਖਿਆ ਸੀ ਕਿ ਉਹ ਫੌਜੀ ਜਨਰਲ ਬਣੇ, ਪਰ ਉਹ ਫੁੱਟਬਾਲ ਦਾ ਜਰਨੈਲ ਬਣ ਕੇ ਜਿੱਤਾਂ ਦੇ ਝੰਡੇ ਗੱਡਦਾ ਰਿਹਾ। ਉਹ ਦੋ ਵਾਰ ਏਸ਼ੀਅਨ ਆਲ ਸਟਾਰਜ਼ ਟੀਮ ਦਾ ਜਰਨੈਲ ਤੇ ਤਿੰਨ ਵਾਰ ਭਾਰਤ ਦੀਆਂ ਫੁੱਟਬਾਲ ਟੀਮਾਂ ਦਾ ਜਰਨੈਲ ਬਣਿਆ। ਉਹਦਾ ਜਨਮ 20 ਫਰਵਰੀ 1936 ਨੂੰ ਲਾਇਲਪੁਰ ਦੇ ਚੱਕ ਨੰਬਰ 272 ਵਿਚ ਹੋਇਆ ਸੀ। ਦੇਸ਼ ਵੰਡ ਪਿੱਛੋਂ ਉਨ੍ਹਾਂ ਦਾ ਪਰਿਵਾਰ ਪਿੰਡ ਪਨਾਮ ਆ ਵਸਿਆ। ਉਹ ਪੰਜਾਬ ਦਾ ਪਹਿਲਾਂ ਫੁੱਟਬਾਲਰ ਹੈ, ਜਿਸ ਨੂੰ ਅਰਜਨਾ ਐਵਾਰਡ ਮਿਲਿਆ। 1962 ਵਿਚ ਜਕਾਰਤਾ ਦੀਆਂ ਏਸਿ਼ਆਈ ਖੇਡਾਂ ਸਮੇਂ ਥਾਈਲੈਂਡ ਖਿਲਾਫ ਖੇਡਦਿਆਂ ਉਹਦੇ ਸਿਰ ‘ਚ ਸੱਟ ਲੱਗ ਗਈ ਸੀ, ਜਿਥੇ ਅੱਠ ਟਾਂਕੇ ਲੱਗੇ। ਡਾਕਟਰ ਵੱਲੋਂ ਰੋਕਣ ਦੇ ਬਾਵਜੂਦ ਉਹ ਸੈਮੀ ਫਾਈਨਲ ਮੈਚ ਖੇਡਿਆ। ਉਸ ਦੇ ਜੇਤੂ ਗੋਲ ਨਾਲ ਭਾਰਤੀ ਟੀਮ ਫਾਈਨਲ ਵਿਚ ਪੁੱਜ ਗਈ। ਫਾਈਨਲ ਮੈਚ ‘ਚ ਸਾਊਥ ਕੋਰੀਆ ਸਿਰ ਸੱਟ ਵਾਲੇ ਸਿਰ ਨਾਲ ਹੀ ਗੋਲ ਕਰ ਕੇ ਉਸ ਨੇ ਭਾਰਤ ਨੂੰ ਏਸ਼ੀਆ ਦਾ ਫੁੱਟਬਾਲ ਚੈਂਪੀਅਨ ਬਣਾ ਦਿੱਤਾ।
ਬਲਜਿੰਦਰ ਮਾਨ ਨੇ ਇਸ ਪੁਸਤਕ ਵਿਚ ਜਰਨੈਲ ਸਿੰਘ ਦੀ ਬਾਤ ਨਾਲ ਅਨੇਕਾਂ ਮਾਹਿਲਪੁਰੀਆਂ ਦੀਆਂ ਬਾਤਾਂ ਪਾਈਆਂ ਹਨ। ਉਸ ਨੇ ਲਿਖਿਆ: ਜਿਵੇਂ ਸੰਸਾਰਪੁਰ ਨੂੰ ਹਾਕੀ ਦਾ ਘਰ ਕਿਹਾ ਜਾਂਦਾ ਹੈ, ਉਸੇ ਤਰ੍ਹਾਂ ਮਾਹਿਲਪੁਰ ਨੂੰ ਫੁੱਟਬਾਲ ਦੀ ਨਰਸਰੀ ਆਖਿਆ ਜਾਂਦਾ ਹੈ। ਇਹ ਮਾਣ ਪ੍ਰਾਪਤ ਕਰਨ ਲਈ ਇਥੋਂ ਦੇ ਬਜੁਰਗਾਂ ਅਤੇ ਵੱਡੇ ਵਡੇਰਿਆਂ ਨੇ ਆਪਣੀ ਮਿਹਨਤ ਤੇ ਲਗਨ ਨਾਲ ਇਥੇ ਫੁੱਟਬਾਲ ਦਾ ਬੂਟਾ ਲਾਇਆ।ਫਿਰ ਇਹਦੀ ਪਾਲਣਾ ਪੋਸ਼ਣਾ ਕਰਨ ਵਾਲੇ ਕੋਚ ਤੇ ਅਧਿਆਪਕ ਪੈਦਾ ਕੀਤੇ, ਜਿਨ੍ਹਾਂ ਨੇ ਸਕੂਲਾਂ ਅਤੇ ਕਾਲਜਾਂ ਵਿਚ ਫੁੱਟਬਾਲ ਦਾ ਜਾਗ ਲਾ ਕੇ ਨਵੀਂ ਪਨੀਰੀ ਤਿਆਰ ਕੀਤੀ। ਉਨ੍ਹਾਂ ਦੀ ਬਦੌਲਤ ਇਸ ਇਲਾਕੇ ਨੂੰ ਪੂਰੀ ਦੁਨੀਆਂ ਵਿਚ ਫੁੱਟਬਾਲ ਦੀ ਨਰਸਰੀ ਵਜੋਂ ਜਾਣਿਆ ਜਾਂਦਾ ਹੈ।
ਇਸ ਇਲਾਕੇ ਨੇ ਜਿਥੇ ਪਿ੍ਰੰ. ਦਰਸ਼ਨ ਸਿੰਘ ਕੋਮਲ ਵਰਗੇ ਸੰਗੀਤਕਾਰ ਪੈਦਾ ਕੀਤੇ, ਉਥੇ ਵਿਰਸੇ ਦੇ ਵਾਰਿਸ-ਮਨਮੋਹਨ ਵਾਰਿਸ, ਸੰਗਤਾਰ ਅਤੇ ਕਮਲ ਹੀਰ ਨੂੰ ਵੀ ਪਿੰਡ ਹੱਲੂਵਾਲ ਨੇ ਪਾਲਿਆ ਪਲੋਸਿਆ। ਸ੍ਰੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਮਾਹਿਲਪੁਰ ਦੇ ਵਿਦਿਆਰਥੀ ਰਹੇ ਲੇਖਕ ਗੁਲਜ਼ਾਰ ਸਿੰਘ ਸੰਧੂ ਅਤੇ ਅਜਾਇਬ ਕਮਲ ਵਰਗੇ ਸਾਹਿਤ ਜਗਤ ਵਿਚ ਕੌਮਾਂਤਰੀ ਪ੍ਰਸਿੱਧੀ ਖੱਟ ਚੁੱਕੇ ਹਨ। ਫੁੱਟਬਾਲ ਖੇਤਰ ਵਿਚ ਤਾਂ ਇਸ ਇਲਾਕੇ ਦਾ ਕੋਈ ਸਾਨੀ ਹੀ ਨਹੀਂ। ਭਾਰਤ ਦੇ ਮਸ਼ਹੂਰ ਫੁੱਟਬਾਲ ਕਲੱਬਾਂ ਵਿਚ ਇਥੋਂ ਦੇ ਫੁੱਟਬਾਲਰ ਅੱਜ ਵੀ ਧੁੰਮਾਂ ਪਾ ਰਹੇ ਹਨ, ਜਿਨ੍ਹਾਂ ਵਿਚੋਂ ਕਈ ਭਾਰਤੀ ਟੀਮ ਵਿਚ ਸ਼ਾਮਿਲ ਹੋ ਕੇ ਵਿਦੇਸ਼ੀ ਧਰਤੀਆਂ `ਤੇ ਵੀ ਆਪਣੀ ਕਲਾ ਦਾ ਮੁਜਾਹਰਾ ਕਰ ਰਹੇ ਹਨ। ਇੰਡੀਅਨ ਸੁਪਰ ਲੀਗ ਸਮੇਤ ਕਈ ਹੋਰ ਕੌਮੀ ਅਤੇ ਕੌਮਾਂਤਰੀ ਮੁਕਾਬਲਿਆਂ ਵਿਚ ਇਥੋਂ ਦੇ ਖਿਡਾਰੀਆਂ ਦੀ ਚਰਚਾ ਹੁੰਦੀ ਰਹਿੰਦੀ ਹੈ। ਬੰਗਲੁਰੂ ਐਫ. ਸੀ. ਦਾ ਹਰਮਨਜੋਤ ਸਿੰਘ ਖਾਬੜਾ, ਪੂਨਾ ਐਫ. ਸੀ. ਦਾ ਗੋਲਕੀਪਰ ਅਮਰਿੰਦਰ ਸਿੰਘ, ਮੁੰਬਈ ਸਿਟੀ ਦਾ ਰਿਕਾਰਡਰ ਫੁੱਟਬਾਲਰ ਬਲਵੰਤ ਸਿੰਘ, ਚੇਨੱਈ ਸਿਟੀ ਦਾ ਗੋਲਕੀਪਰ ਕਰਨਜੀਤ ਸਿੰਘ, ਮੁਹਾਲੀ ਐਫ. ਸੀ. ਦਾ ਅਮਨਪ੍ਰੀਤ, ਗੋਆ ਕਲੱਬ ਸਲਗਾਉਕਰ ਦਾ ਗਗਨਦੀਪ ਬਾਲੀ ਅਤੇ ਐਫ. ਸੀ. ਗੋਆ ਦੇ ਮਨਵੀਰ ਸਿੰਘ ਸਮੇਤ ਕਈ ਹੋਰ ਫੁੱਟਬਾਲਰ ਮਸ਼ਹੂਰ ਕਲੱਬਾਂ ਵਿਚ ਆਪਣੀ ਖੇਡ ਕਲਾ ਦਾ ਲੋਹਾ ਮੰਨਵਾ ਰਹੇ ਹਨ। ਇਥੋਂ ਦਾ ਖੇਡ ਇਤਿਹਾਸ ਸੁਨਹਿਰੀ ਪੰਨਿਆਂ ਨਾਲ ਭਰਿਆ ਪਿਆ ਹੈ। ਖੇਡਾਂ ਦਾ ਸਭ ਤੋਂ ਵੱਡਾ ਅਰਜਨ ਐਵਾਰਡ ਜਿੱਤਣ ਵਾਲੇ ਪੰਜਾਬੀ ਫੁੱਟਬਾਲਰ ਜਰਨੈਲ ਸਿੰਘ ਅਤੇ ਗੁਰਦੇਵ ਸਿੰਘ ਗਿੱਲ ਇਸ ਇਲਾਕੇ ਦੀ ਪੈਦਾਇਸ਼ ਹਨ, ਜਦੋਂ ਕਿ ਇੰਦਰ ਸਿੰਘ ਅਤੇ ਗੁਰਪ੍ਰੀਤ ਸੰਧੂ ਵੀ ਲਾਗਲੇ ਸ਼ਹਿਰਾਂ ਨਾਲ ਸਬੰਧਤ ਹਨ।
ਬਲਜਿੰਦਰ ਮਾਨ ਦੀਆਂ ਕੁਝ ਰਚਨਾਵਾਂ ਦਾ ਹਿੰਦੀ, ਅੰਗਰੇਜ਼ੀ, ਉੜੀਆ ਅਤੇ ਸ਼ਾਹਮੁਖੀ ਲਿਪੀ ਵਿਚ ਅਨੁਵਾਦ ਹੋ ਚੁੱਕਾ ਹੈ। ਮਾਣੋ ਬਿੱਲੀ ਵਾਲੇ ਕਮਲਜੀਤ ਨੀਲੋਂ ਦੀ ਸੁਰੀਲੀ ਆਵਾਜ਼ ਵਿਚ ਉਸ ਦੇ ਗੀਤ ਰਿਕਾਰਡ ਹੋ ਚੁਕੇ ਹਨ। ਸਾਹਿਤਕ ਸਮਾਰੋਹਾਂ ਤੇ ਸਭਿਆਚਾਰਕ ਮੇਲਿਆਂ ‘ਚ ਆਉਣ-ਜਾਣ ਹੈ। ਰੇਡੀਓ ਤੇ ਟੀ. ਵੀ. ਦਾ ਬੁਲਾਰਾ ਹੈ। ਅਜੇ ਉਸ ਦੀ ਕਲਮ ਚੱਲ ਰਹੀ ਹੈ ਤੇ ਲੱਗਦੈ ਅੰਤਲੇ ਸਾਹਾਂ ਤਕ ਚਲਦੀ ਰਹੇਗੀ।