ਕਿਸਾਨਾਂ ਨੇ ਏਕੇ ਅਤੇ ਹੌਸਲੇ ਨਾਲ ਸਿਖਰਾਂ ਉਤੇ ਪਹੁੰਚਾਇਆ ਸੰਘਰਸ਼

ਨਵੀਂ ਦਿੱਲੀ: ਤਿੰਨਾਂ ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਕਰ ਰਹੇ ਕਿਸਾਨਾਂ ਦੇ ਦਿੱਲੀ ਵਿਚ ਲੱਗੇ ਮੋਰਚਿਆਂ ਦੇ 100 ਦਿਨ ਪੂਰੇ ਹੋ ਗਏ ਹਨ ਤੇ ਇਸ ਵਕਫੇ ਦੌਰਾਨ ਮੋਰਚੇ ਦੇ ਕਈ ਰੰਗ ਨਜ਼ਰ ਆਏ ਹਨ। ‘ਦਿੱਲੀ ਚੱਲੋ` ਮੁਹਿੰਮ ਤੋਂ ਸ਼ੁਰੂ ਹੋਏ ਇਸ ਕਿਸਾਨੀ ਘੋਲ ਦੌਰਾਨ ਜਿਥੇ ਪੰਜਾਬ, ਹਰਿਆਣਾ ਤੇ ਉਤਰ ਪ੍ਰਦੇਸ਼ ਦੇ ਕਿਸਾਨਾਂ ਦਰਮਿਆਨ ਸਾਂਝ ਵਧੀ ਉਥੇ ਹੀ ਕੌਮੀ ਪੱਧਰ ਉਤੇ ਵੀ ਕਿਸਾਨਾਂ ਦੇ ਮੁੱਦੇ ਚਰਚਾ ਦਾ ਕੇਂਦਰ ਬਣੇ ਹਨ।

ਇਸ ਅੰਦੋਲਨ ਦੀ ਕੌਮਾਂਤਰੀ ਪੱਧਰ ਤੱਕ ਚਰਚਾ ਹੋ ਚੁੱਕੀ ਹੈ। 26 ਜਨਵਰੀ ਦੀਆਂ ਮੰਦਭਾਗੀਆਂ ਘਟਨਾਵਾਂ ਨੂੰ ਛੱਡ ਕੇ ਇਸ ਅੰਦੋਲਨ ਦੌਰਾਨ ਕਿਸਾਨਾਂ ਨੇ ਏਕੇ, ਸੰਜਮ, ਦ੍ਰਿੜ੍ਹਤਾ ਤੇ ਹੌਸਲੇ ਨਾਲ ਮੌਸਮ ਦੀ ਮਾਰ ਤੋਂ ਲੈ ਕੇ ਪੁਲਿਸ ਦੀ ਮਾਰ ਵੀ ਸਹੀ ਹੈ। 25 ਨਵੰਬਰ 2020 ਨੂੰ ਪੰਜਾਬ, ਹਰਿਆਣਾ ਤੇ ਉਤਰ ਪ੍ਰਦੇਸ਼ ਤੋਂ ਕਿਸਾਨਾਂ ਨੇ ਦਿੱਲੀ ਕੂਚ ਕੀਤਾ ਤੇ ਹਰਿਆਣਾ ਸਰਕਾਰ ਦੀਆਂ ਰੁਕਾਵਟਾਂ ਪਾਰ ਕਰਦੇ ਹੋਏ 26 ਨਵੰਬਰ ਨੂੰ ਸਿੰਘੂ ਬਾਰਡਰ ਪੁੱਜੇ ਜਿੱਥੇ ਦਿੱਲੀ ਪੁਲਿਸ ਨੇ ਉਨ੍ਹਾਂ ਨੂੰ ਰੋਕ ਦਿੱਤਾ। ਫਿਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਸਾਨਾਂ ਨੂੰ ਬੁਰਾੜੀ ਦੇ ਮੈਦਾਨ ਵਿਚ ਜਾਣ ਦਾ ਸੱਦਾ ਦਿੱਤਾ ਤੇ ਗੱਲਬਾਤ ਦੀ ਪੇਸ਼ਕਸ਼ ਵੀ ਕੀਤੀ। ਜਦਕਿ ਕਿਸਾਨ ਜੰਤਰ-ਮੰਤਰ ਜਾਣਾ ਚਾਹੁੰਦੇ ਸਨ। 3 ਦਸੰਬਰ 2020 ਨੂੰ ਕਿਸਾਨ ਆਗੂਆਂ ਨਾਲ ਕੇਂਦਰ ਸਰਕਾਰ ਦੇ ਤਿੰਨ ਮੰਤਰੀਆਂ ਵੱਲੋਂ ਗੱਲਬਾਤ ਸ਼ੁਰੂ ਕੀਤੀ ਗਈ ਤੇ 11 ਬੈਠਕਾਂ ਹੋਣ ਦੇ ਬਾਵਜੂਦ ਗੱਲਬਾਤ ਕਿਸੇ ਤਣ-ਪੱਤਣ ਨਾ ਲੱਗੀ।
ਇਸੇ ਦੌਰਾਨ ਭਾਰਤੀ ਕਿਸਾਨ ਯੂਨੀਅਨ (ਭਾਨੂੰ) ਵੱਲੋਂ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਗਿਆ ਤੇ ਸੁਪਰੀਮ ਕੋਰਟ ਨੇ ਚਾਰ ਮੈਂਬਰੀ ਕਮੇਟੀ ਬਣਾਈ। 26 ਜਨਵਰੀ ਨੂੰ ਲਾਲ ਕਿਲ੍ਹੇ ਤੇ ਆਈ.ਟੀ.ਓ. ਵਿਖੇ ਵਾਪਰੀਆਂ ਹਿੰਸਕ ਘਟਨਾਵਾਂ ਕਾਰਨ ਅੰਦੋਲਨ ਨੂੰ ਢਾਹ ਲੱੱਗੀ ਪਰ ਛੇਤੀ ਹੀ ਕਿਸਾਨ ਆਗੂਆਂ ਦੀ ਮਿਹਨਤ ਨਾਲ ਅੰਦੋਲਨ ਅੱਗੇ ਵਧਿਆ। ਦਿੱਲੀ ਪੁਲਿਸ ਵੱਲੋਂ ਇਨ੍ਹਾਂ ਘਟਨਾਵਾਂ ਲਈ ਸਵਾ ਸੌ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ 40 ਤੋਂ ਵੱਧ ਮੁਕੱਦਮੇ ਦਿੱਲੀ ਦੇ ਵੱਖ-ਵੱਖ ਥਾਣਿਆਂ ਵਿਚ ਦਰਜ ਕੀਤੇ ਗਏ। ਪਰ ਉਹ ਕਿਸਾਨਾਂ ਦੇ ਹੌਸਲੇ ਨਾ ਡੇਗ ਸਕੇ। ਮੁੱਖ ਧਰਨਿਆਂ ਵਿਚ ਨੌਜਵਾਨਾਂ, ਔਰਤਾਂ ਨੇ ਭਰਵੀਂ ਸ਼ਿਰਕਤ ਕੀਤੀ ਤੇ ਕਿਸਾਨਾਂ ਨੇ ਕੜਾਕੇ ਦੀ ਠੰਢ ਵੀ ਝੱਲੀ। ਅੰਦੋਲਨ ਨੂੰ ਕਈ ਨਾਵਾਂ ਨਾਲ ਬਦਨਾਮ ਕਰਨ ਦੀ ਕੋਸ਼ਿਸ਼ ਵੀ ਕਿਸਾਨਾਂ ਨੇ ਨਾਕਾਮ ਕਰ ਦਿੱਤੀ।
__________________________________________
ਸਰਕਾਰ ਖੇਤੀ ਕਾਨੂੰਨਾਂ ‘ਚ ਸੋਧ ਲਈ ਤਿਆਰ: ਤੋਮਰ
ਨਵੀਂ ਦਿੱਲੀ: ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਸਰਕਾਰ ਸੰਘਰਸ਼ਸ਼ੀਲ ਕਿਸਾਨਾਂ ਦੀਆਂ ਭਾਵਨਾਵਾਂ ਦੀ ਕਦਰ ਕਰਦਿਆਂ ਤਿੰਨ ਨਵੇਂ ਖੇਤੀ ਕਾਨੂੰਨਾਂ ਵਿਚ ਸੋਧ ਕਰਨ ਲਈ ਤਿਆਰ ਹੈ। ਉਨ੍ਹਾਂ ਵਿਰੋਧੀ ਪਾਰਟੀਆਂ ‘ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਉਹ ਖੇਤੀ ਅਰਥਵਿਵਸਥਾ ਦੇ ਮੁੱਦੇ ‘ਤੇ ਸਿਆਸਤ ਕਰਕੇ ਕਿਸਾਨਾਂ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾ ਰਹੀਆਂ ਹਨ। ਇਥੇ ਖੇਤੀ ਬਾਰੇ ਕਰਵਾਏ 5ਵੇਂ ਕੌਮੀ ਸੰਮੇਲਨ ਨੂੰ ਸੰਬੋਧਨ ਕਰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਸਰਕਾਰ ਕਿਸਾਨ ਯੂਨੀਅਨਾਂ ਨਾਲ 11 ਗੇੜ ਦੀ ਗੱਲਬਾਤ ਕਰ ਚੁੱਕੀ ਹੈ ਅਤੇ ਇਨ੍ਹਾਂ ਕਾਨੂੰਨਾਂ ਵਿਚ ਸੋਧ ਦੀ ਵੀ ਪੇਸ਼ਕਸ਼ ਕੀਤੀ ਗਈ ਹੈ। ਤੋਮਰ ਨੇ ਕਿਹਾ ਕਿ ਸਰਕਾਰ ਨੇ ਖੇਤੀ ਖੇਤਰ ਵਿਚ ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ ਤਿੰਨ ਕਾਨੂੰਨ ਪਾਸ ਕੀਤੇ ਹਨ ਅਤੇ ਕਿਸਾਨਾਂ ਨੂੰ ਕਿਤੇ ਵੀ ਆਪਣੀ ਮਨਮਰਜ਼ੀ ਦੀ ਕੀਮਤ ‘ਤੇ ਫਸਲ ਵੇਚਣ ਦੀ ਆਜ਼ਾਦੀ ਦਿੱਤੀ ਗਈ ਹੈ।
__________________________________________
‘ਭਾਜਪਾ ਦੇ ਹੰਕਾਰ ਦੇ ਸੌ ਦਿਨ ਲੋਕਤੰਤਰ ਲਈ ਕਾਲਾ ਸਫਾ’
ਨਵੀਂ ਦਿੱਲੀ: ਖੇਤੀ ਕਾਨੂੰਨਾਂ ਖਿਲਾਫ ਕਿਸਾਨੀ ਅੰਦੋਲਨ ਦੇ 100 ਦਿਨ ਮੁਕੰਮਲ ਹੋਣ ‘ਤੇ ਕਾਂਗਰਸ ਨੇ ਕਿਹਾ ਕਿ ਇਸ ਸਮੇਂ ਦੌਰਾਨ ਅੰਦੋਲਨਕਾਰੀਆਂ ਪ੍ਰਤੀ ਅਪਣਾਇਆ ਗਿਆ ਵਤੀਰਾ ਮੁਲਕ ਦੇ ਲੋਕਤੰਤਰ ਲਈ ‘ਕਾਲਾ ਅਧਿਆਏ‘ ਹੈ। ਉਨ੍ਹਾਂ ਇਨ੍ਹਾਂ 100 ਦਿਨਾਂ ਨੂੰ ਹੁਕਮਰਾਨ ਭਾਜਪਾ ਦਾ ਹੰਕਾਰ ਵੀ ਕਰਾਰ ਦਿੱਤਾ ਹੈ। ਕਾਂਗਰਸ ਆਗੂ ਰਾਹੁਲ ਗਾਂਧੀ ਨੇ ਟਵੀਟ ਕਰਕੇ ਕਿਹਾ ਕਿ ਕੇਂਦਰ ਸਰਕਾਰ ਨੇ ਦਿੱਲੀ ਦੀਆਂ ਸਰਹੱਦਾਂ ‘ਤੇ ਉਨ੍ਹਾਂ ਕਿਸਾਨਾਂ ਲਈ ਕਿੱਲਾਂ ਗੱਡੀਆਂ ਜਿਨ੍ਹਾਂ ਦੇ ਪੁੱਤ ਮੁਲਕ ਦੀਆਂ ਸਰਹੱਦਾਂ ‘ਤੇ ਆਪਣੀਆਂ ਜਾਨਾਂ ਕੁਰਬਾਨ ਕਰਨ ਲਈ ਤਿਆਰ ਹਨ। ‘ਅੰਨਦਾਤੇ ਆਪਣੇ ਹੱਕਾਂ ਦੀ ਮੰਗ ਰਹੇ ਹਨ ਅਤੇ ਸਰਕਾਰ ਉਨ੍ਹਾਂ ‘ਤੇ ਵਧੀਕੀਆਂ ਕਰ ਰਹੀ ਹੈ।‘