ਕਰੋਨਾ ਦਾ ਕਹਿਰ ਮੁੜ ਵਧਿਆ, ਮੌਤਾਂ ਦੇ ਮਾਮਲੇ ‘ਚ ਪੰਜਾਬ ਪਹਿਲੇ ਨੰਬਰ ‘ਤੇ

ਨਵੀਂ ਦਿੱਲੀ: ਭਾਰਤ ਵਿਚ ਕਰੋਨਾ ਟੀਕਾਕਰਨ ਦੇ ਦੂਜੇ ਗੇੜ ‘ਚ ਜਿਥੇ ਹਰ ਦਿਨ ਟੀਕਾ ਲਗਵਾਉਣ ਵਾਲਿਆਂ ਦੀ ਗਿਣਤੀ ‘ਚ ਵਾਧਾ ਹੋ ਰਿਹਾ ਹੈ, ਉਥੇ ਕਰੋਨਾ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ ਵੀ ਵਧਦੀ ਜਾ ਰਹੀ ਹੈ। ਕੇਂਦਰ ਸਰਕਾਰ ਨੇ ਪੰਜਾਬ ਅਤੇ ਮਹਾਰਾਸ਼ਟਰ ‘ਚ ਕਰੋਨਾ ਲਾਗ ਦੇ ਕੇਸ ਮੁੜ ਵਧਣ ਦੇ ਮੱਦੇਨਜਰ ਦੋਵਾਂ ਸੂਬਿਆਂ ‘ਚ ਉਚ ਪੱਧਰੀ ਬਹੁ ਅਨੁਸ਼ਾਸਨੀ ਜਨਤਕ ਸਿਹਤ ਟੀਮਾਂ ਭੇਜੀਆਂ ਹਨ।
ਦੇਸ਼ ਦੇ 15 ਰਾਜਾਂ ‘ਚ ਕਰੋਨਾ ਮਰੀਜ਼ਾਂ ਦੀ ਗਿਣਤੀ ਫਿਰ ਵਧ ਰਹੀ ਹੈ।

ਇਨ੍ਹਾਂ 15 ਰਾਜਾਂ ‘ਚ ਕਰੋਨਾ ਦੀ ਪਾਜ਼ੀਟਿਵੀ ਦਰ (ਭਾਵ ਕਰੋਨਾ ਮਰੀਜ਼ਾਂ ਦੇ ਮਿਲਣ ਦੀ ਦਰ) 5 ਫੀਸਦੀ ਤੋਂ ਜ਼ਿਆਦਾ ਹੈ। ਵਿਸ਼ਵ ਸਿਹਤ ਸੰਸਥਾ ਦੇ ਮਾਨਕਾਂ ਮੁਤਾਬਕ 5 ਫੀਸਦੀ ਤੋਂ ਵੱਧ ਦਰ ਦਾ ਮਤਲਬ ਸਥਿਤੀ ਕਾਬੂ ‘ਚ ਨਾ ਹੋਣਾ ਹੈ। ਮਹਾਰਾਸ਼ਟਰ ਕਰੋਨਾ ਦੀ ਰਫਤਾਰ 13.2 ਫੀਸਦੀ ਨਾਲ ਪਹਿਲੇ ਨੰਬਰ ਉਤੇ ਹੈ ਜਦਕਿ ਗੋਆ ‘ਚ ਇਹ ਦਰ 11.1 ਫੀਸਦੀ, ਨਾਗਾਲੈਂਡ ‘ਚ 9.3 ਫੀਸਦੀ ਅਤੇ ਕੇਰਲ ‘ਚ 9.2 ਫੀਸਦੀ ਹੈ। ਦੂਜੇ ਪਾਸੇ ਕਰੋਨਾ ਕਾਰਨ ਹੋਣ ਵਾਲੀਆਂ ਮੌਤਾਂ ਦੇ ਮਾਮਲੇ ‘ਚ ਪੰਜਾਬ ਪਹਿਲੇ ਨੰਬਰ ਉਤੇ ਹੈ। ਪੰਜਾਬ ‘ਚ ਹਰ 100 ਕਰੋਨਾ ਮਰੀਜ਼ਾਂ ‘ਤੇ ਤਕਰੀਬਨ 3 ਲੋਕ ਜਾਨ ਗਵਾ ਰਹੇ ਹਨ। ਪੰਜਾਬ ‘ਚ 3.2 ਅਤੇ ਮਹਾਰਾਸ਼ਟਰ ‘ਚ ਇਹ ਦਰ 2.4 ਫੀਸਦੀ ਹੈ। ਭਾਰਤ ਫਿਰ ਤੋਂ ਦੁਨੀਆ ਦਾ 5ਵਾਂ ਦੇਸ਼ ਬਣ ਗਿਆ ਹੈ, ਜਿਥੇ ਹਰ ਦਿਨ ਸਭ ਤੋਂ ਵੱਧ ਮਰੀਜ਼ ਮਿਲ ਰਹੇ ਹਨ। ਹਾਲਾਂਕਿ ਰਾਹਤ ਦੀ ਖਬਰ ਇਹ ਹੈ ਕਿ ਦੇਸ਼ ਦੇ 5 ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਅਜਿਹੇ ਵੀ ਹਨ, ਜਿਥੇ 99 ਫੀਸਦੀ ਤੋਂ ਵੱਧ ਮਰੀਜ਼ ਠੀਕ ਹੋ ਚੁੱਕੇ ਹਨ।
ਕੇਂਦਰ ਸਰਕਾਰ ਨੇ ਪੰਜਾਬ ਅਤੇ ਮਹਾਰਾਸ਼ਟਰ ‘ਚ ਕਰੋਨਾ ਲਾਗ ਦੇ ਕੇਸ ਮੁੜ ਵਧਣ ਦੇ ਮੱਦੇਨਜਰ ਦੋਵਾਂ ਸੂਬਿਆਂ ‘ਚ ਉਚ ਪੱਧਰੀ ਬਹੁ ਅਨੁਸ਼ਾਸਨੀ ਜਨਤਕ ਸਿਹਤ ਟੀਮਾਂ ਭੇਜੀਆਂ ਹਨ। ਇਸੇ ਦੌਰਾਨ ਕੇਂਦਰ ਨੇ ਕੇਸਾਂ ‘ਚ ਵਾਧੇ ਵਾਲੇ ਸੂਬਿਆਂ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਨੂੰ ‘ਟੈਸਟ-ਟਰੈਕ-ਟਰੀਟ‘ ਰਣਨੀਤੀ ਜਾਰੀ ਰੱਖਦਿਆਂ ਮੁੱਢਲੀ ਪਹਿਲ ਵਾਲੇ ਵਰਗਾਂ ਦੇ ਲੋਕਾਂ ਦਾ ਕਰੋਨਾ ਟੀਕਾਕਰਨ ਤੇਜ ਕਰਨ ਲਈ ਆਖਿਆ ਹੈ।
ਕੇਂਦਰੀ ਸਿਹਤ ਮੰਤਰਾਲੇ ਨੇ ਦੱਸਿਆ ਕਿ ਕਰੋਨਾ ਸਬੰਧੀ ਨਿਗਰਾਨੀ, ਕੰਟਰੋਲ ਤੇ ਰੋਕਥਾਮ ਦੇ ਹੋਰ ਉਪਾਅ ਕਰਨ ਵਾਸਤੇ ਇਹ ਟੀਮਾਂ ਸੂਬਾਈ ਸਿਹਤ ਵਿਭਾਗਾਂ ਦੀ ਮਦਦ ਲਈ ਤੈਨਾਤ ਕੀਤੀਆਂ ਜਾਣਗੀਆਂ। ਮੰਤਰਾਲੇ ਨੇ ਦੱਸਿਆ ਕਿ ਇਹ ਟੀਮਾਂ ਸੂਬਿਆਂ ਵਿਚ ਸਭ ਤੋਂ ਵੱਧ ਕਰੋਨਾ ਕੇਸਾਂ ਵਾਲੇ (ਹੌਟਸਪੌਟ) ਖੇਤਰਾਂ ਦਾ ਦੌਰਾ ਕਰਕੇ ਕੇਸ ਵਧਣ ਦੇ ਕਾਰਨਾਂ ਦਾ ਪਤਾ ਲਾਉਣਗੀਆਂ। ਟੀਮਾਂ ਪੜਤਾਲ ਅਤੇ ਕਰੋਨਾ ਦੀ ਰੋਕਥਾਮ ਲਈ ਸਬੰਧਤ ਸੂਬਾ ਸਿਹਤ ਅਧਿਕਾਰੀਆਂ ਵੱਲੋਂ ਚੁੱਕੇ ਗਏ ਕਦਮਾਂ ਦੀ ਜਾਣਕਾਰੀ ਮੁੱਖ ਸਕੱਤਰ ਤੇ ਸਕੱਤਰ (ਸਿਹਤ) ਨੂੰ ਵੀ ਦੇਣਗੀਆਂ।
____________________________________________________
‘ਬਜ਼ੁਰਗਾਂ ਦਾ ਤਰਜੀਹੀ ਆਧਾਰ ‘ਤੇ ਇਲਾਜ ਹੋਵੇ’
ਸੁਪਰੀਮ ਕੋਰਟ ਨੇ ਸਾਰੇ ਪ੍ਰਾਈਵੇਟ ਹਸਪਤਾਲਾਂ ਨੂੰ ਬਜ਼ੁਰਗਾਂ ਦੇ ਇਲਾਜ ਨੂੰ ਤਰਜੀਹ ਦੇਣ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ। ਅਦਾਲਤ ਨੇ ਇਸ ਤੋਂ ਪਹਿਲਾਂ 4 ਅਗਸਤ, 2020 ਨੂੰ ਸਰਕਾਰੀ ਹਸਪਤਾਲਾਂ ਨੂੰ ਇਹ ਆਦੇਸ਼ ਦਿੱਤਾ ਸੀ। ਆਪਣੇ ਪਿਛਲੇ ਸਾਲ ਦੇ ਆਦੇਸ਼ ‘ਚ ਅਦਾਲਤ ਨੇ ਸਰਕਾਰੀ ਅਤੇ ਪ੍ਰਾਈਵੇਟ ਦੋਵਾਂ ਹਸਪਤਾਲਾਂ ਨੂੰ ਇਸ ‘ਚ ਸ਼ਾਮਲ ਕਰ ਲਿਆ। ਸੁਪਰੀਮ ਕੋਰਟ ਨੇ ਸਾਬਕਾ ਕਾਨੂੰਨ ਮੰਤਰੀ ਡਾ: ਅਸ਼ਵਨੀ ਕੁਮਾਰ ਦੀ ਪਟੀਸ਼ਨ ‘ਤੇ ਇਹ ਫ਼ੈਸਲਾ ਦਿੱਤਾ। ਡਾ. ਅਸ਼ਵਨੀ ਕੁਮਾਰ ਨੇ ਕਿਹਾ ਕਿ ਸੁਪਰੀਮ ਕੋਰਟ ਦੀਆਂ ਹਦਾਇਤਾਂ ਨੂੰ ਕਾਗ਼ਜ਼ਾਂ ਦੇ ਦਾਇਰੇ ਤੋਂ ਬਾਹਰ ਲਿਆਉਣ ਅਤੇ ਹੋਰ ਪ੍ਰਭਾਵੀ ਬਣਾਉਣ ਲਈ ਇਹ ਵੇਖਣਾ ਜ਼ਰੂਰੀ ਹੈ ਕਿ ਆਦੇਸ਼ ਦੀ ਤਾਮੀਲ ਕਿਵੇਂ ਹੋ ਰਹੀ ਹੈ।
___________________________________________________
ਕੈਪਟਨ ਨੇ ਕੋਵਿਡ ਵੈਕਸੀਨ ਦੀ ਪਹਿਲੀ ਖੁਰਾਕ ਲਈ
ਮੁਹਾਲੀ: ਇਥੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫੇਜ਼-6 ਸਥਿਤ ਸਰਕਾਰੀ ਹਸਪਤਾਲ ਵਿਚ ਕਰੋਨਾ ਤੋਂ ਬਚਾਅ ਸਬੰਧੀ ਵੈਕਸੀਨ ਦੀ ਪਹਿਲੀ ਖੁਰਾਕ ਲਈ ਗਈ। ਉਨ੍ਹਾਂ ਕਿਹਾ ਕਿ ਟੀਕਾ ਲਵਾਉਣ ਮਗਰੋਂ ਉਹ ਚੜ੍ਹਦੀ ਕਲਾ ਵਿਚ ਹਨ ਤੇ ਬਿਲਕੁਲ ਠੀਕ ਮਹਿਸੂਸ ਕਰ ਰਹੇ ਹਨ। ਇਸ ਤੋਂ ਪਹਿਲਾਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਸਣੇ ਹੋਰ ਕਈ ਕੈਬਨਿਟ ਮੰਤਰੀ ਤੇ ਉੱਚ ਅਧਿਕਾਰੀ ਵੀ ਵੈਕਸੀਨ ਦੀ ਖੁਰਾਕ ਲੈ ਚੁੱਕੇ ਹਨ। ਮੁੱਖ ਮੰਤਰੀ ਨੇ ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਦੇ ਉਸ ਦਾਅਵੇ ਦੀ ਆਲੋਚਨਾ ਕੀਤੀ, ਜਿਸ ਵਿਚ ਉਸ ਨੇ ਕਿਹਾ ਕਿ ਪੰਜਾਬ ਸਮੇਤ ਵਿਰੋਧੀ ਪਾਰਟੀਆਂ ਵਾਲੇ ਹੋਰ ਸੂਬਿਆਂ ਵੱਲੋਂ ਕਰੋਨਾ ਵੈਕਸੀਨ ਸਬੰਧੀ ਖਦਸ਼ੇ ਜ਼ਾਹਰ ਕੀਤੇ ਗਏ ਅਤੇ ਟੀਕਾਕਰਨ ਨੂੰ ਪ੍ਰਵਾਨ ਕਰਨ ਤੋਂ ਇਨਕਾਰ ਕੀਤਾ ਜਾ ਰਿਹਾ ਹੈ।