ਪੱਛਮੀ ਬੰਗਾਲ ਫਤਿਹ ਕਰਨ ਲਈ ਭਾਜਪਾ ਹਰ ਹਰਬਾ ਵਰਤਣ ‘ਤੇ ਉਤਾਰੂ

ਨਵੀਂ ਦਿੱਲੀ: ਚੋਣ ਕਮਿਸ਼ਨ ਨੇ ਪੰਜ ਰਾਜਾਂ- ਪੱਛਮੀ ਬੰਗਾਲ, ਕੇਰਲ, ਤਾਮਿਲਨਾਡੂ, ਅਸਾਮ ਅਤੇ ਪੁੱਡੂਚੇਰੀ ਦੀਆਂ ਵਿਧਾਨ ਸਭਾ ਚੋਣਾਂ ਦਾ ਐਲਾਨ ਕੀਤਾ ਹੈ ਪਰ ਸਭ ਦੀਆਂ ਨਜ਼ਰਾਂ ਪੱਛਮੀ ਬੰਗਾਲ ਦੀਆਂ ਚੋਣਾਂ ਉਤੇ ਲੱਗੀਆਂ ਹੋਈਆਂ ਹਨ। 294 ਸੀਟਾਂ ਵਾਲੀ ਵਿਧਾਨ ਸਭਾ ਲਈ 27 ਮਾਰਚ ਤੋਂ 29 ਅਪਰੈਲ ਤੱਕ ਅੱਠ ਗੇੜਾਂ ਵਿਚ ਵੋਟਾਂ ਪੈਣਗੀਆਂ।

ਭਾਰਤੀ ਜਨਤਾ ਪਾਰਟੀ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਦਸ ਸਾਲ ਤੋਂ ਬਣੀ ਤ੍ਰਿਣਮੂਲ ਕਾਂਗਰਸ ਦੀ ਸਰਕਾਰ ਦਾ ਪਾਸਾ ਪਲਟਣ ਲਈ ਹਰ ਹਰਬਾ ਵਰਤਣ ਦੀ ਕੋਸ਼ਿਸ਼ ਕਰ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਲਕਾਤਾ ਵਿਚ ਪਹਿਲੀ ਵੱਡੀ ਰੈਲੀ ਕਰਦਿਆਂ ਪੂਰਨ ਬਦਲਾਓ ਦਾ ਸੱਦਾ ਦਿੱਤਾ ਹੈ। ਫਿਲਮੀ ਕਲਾਕਾਰ ਮਿਥੁਨ ਚੱਕਰਵਰਤੀ ਨੂੰ ਭਾਜਪਾ ਵਿਚ ਸ਼ਾਮਲ ਕੀਤਾ ਹੈ। ਉਧਰ, ਮਮਤਾ ਬੈਨਰਜੀ ਨੇ ਸਿਲੀਗੁੜੀ ਵਿਚ ਪੈਦਲ ਮਾਰਚ ਦੀ ਅਗਵਾਈ ਕਰਦਿਆਂ ਮਹਿੰਗਾਈ ਦਾ ਮੁੱਦਾ ਉਠਾਇਆ ਅਤੇ ਕੇਂਦਰ ਸਰਕਾਰ ਵਿਚ ਤਬਦੀਲੀ ਦੀ ਗੱਲ ਕੀਤੀ। ਪਿਛਲੇ ਲੰਮੇ ਸਮੇਂ ਤੋਂ ਕੇਂਦਰ ਅਤੇ ਰਾਜ ਸਰਕਾਰਾਂ ਦਰਮਿਆਨ ਆਪੋ-ਆਪਣੇ ਅਧਿਕਾਰਾਂ ਨੂੰ ਲੈ ਕੇ ਟਕਰਾਅ ਦਾ ਮਾਹੌਲ ਬਣਿਆ ਹੋਇਆ ਹੈ।
ਭਾਜਪਾ ਉਤੇ ਇਹ ਦੋਸ਼ ਵੀ ਲੱਗਦਾ ਹੈ ਕਿ ਇਹ ਕੇਂਦਰੀ ਏਜੰਸੀਆਂ ਦੀ ਖੁੱਲ੍ਹ ਕੇ ਵਰਤੋਂ ਕਰ ਰਹੀ ਹੈ ਜਿਸ ਕਾਰਨ ਡਰ ਅਤੇ ਲਾਲਚ, ਦੋਵਾਂ ਪੱਖਾਂ ਤੋਂ ਤ੍ਰਿਣਮੂਲ ਦੇ ਆਗੂਆਂ ਤੋਂ ਦਲ-ਬਦਲੀ ਕਰਵਾਈ ਜਾ ਰਹੀ ਹੈ। ਇਸ ਦੌਰਾਨ ਦੇਸ਼ ਵਿਚ ਕਿਸਾਨ ਅੰਦੋਲਨ ਲਗਾਤਾਰ ਹੋਰਾਂ ਰਾਜਾਂ ਵਿਚ ਫੈਲ ਰਿਹਾ ਹੈ। ਭਾਜਪਾ ਸਰਕਾਰ ਤਿੰਨ ਖੇਤੀ ਕਾਨੂੰਨਾਂ ਅਤੇ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਨੂੰ ਲੈ ਕੇ ਵੱਡੇ ਅੰਦੋਲਨ ਦਾ ਸਾਹਮਣਾ ਕਰ ਰਹੀ ਹੈ। ਇਸੇ ਰਣਨੀਤੀ ਤਹਿਤ ਮਮਤਾ ਬੈਨਰਜੀ ਨੇ ਨੰਦੀਗ੍ਰਾਮ ਤੋਂ ਚੋਣ ਲੜਨ ਦਾ ਫੈਸਲਾ ਕੀਤਾ ਹੈ।
ਭਾਜਪਾ ਹਿੰਦੂ-ਮੁਸਲਿਮ ਪੱਤਾ ਉਭਾਰਨ ਦੀ ਕੋਸ਼ਿਸ਼ ਵਿਚ ਹੈ, ਉਥੇ ਮਮਤਾ ਬੈਨਰਜੀ ਨੇ ਆਪਣੇ ਪੁਰਾਣੇ ਨਾਅਰੇ ‘ਮਾ, ਮਾਟੀ ਤੇ ਮਾਨੁਸ਼` (ਮਾਂ, ਮਾਂ ਭੂਮੀ ਅਤੇ ਲੋਕ) ਉੱਤੇ ਚੋਣ ਲੜਨ ਦੀ ਰਣਨੀਤੀ ਬਣਾਈ ਹੈ। ਸਿੰਗੂਰ ਅਤੇ ਨੰਦੀਗ੍ਰਾਮ ਦੇ ਇਲਾਕੇ 2007 ਵਿਚ ਦੁਨੀਆਂ ਭਰ ਵਿਚ ਚਰਚਿਤ ਹੋਏ ਸਨ ਜਦੋਂ ਤੱਤਕਾਲੀ ਸਰਕਾਰ ਨੇ ਵਿਸ਼ੇਸ਼ ਆਰਥਿਕ ਜੋਨ ਦੀ ਨੀਤੀ ਤਹਿਤ ਕੰਪਨੀ ਨੂੰ ਹਜ਼ਾਰਾਂ ਏਕੜ ਜ਼ਮੀਨ ਐਕੁਆਇਰ ਕਰ ਕੇ ਦਿੱਤੀ ਸੀ। ਉਦੋਂ ਇਹ ਅਜਿਹਾ ਕਿਸਾਨ ਅੰਦੋਲਨ ਹੋ ਨਿੱਬੜਿਆ ਸੀ ਜਿਸ ਕਾਰਨ 34 ਸਾਲ ਪੁਰਾਣੀ ਖੱਬੇ-ਪੱਖੀ ਸਰਕਾਰ ਚਲੀ ਗਈ ਅਤੇ 2011 ਵਿਚ ਤ੍ਰਿਣਮੂਲ ਕਾਂਗਰਸ ਸੱਤਾ ਵਿਚ ਆਈ ਜੋ ਅਜੇ ਤੱਕ ਜਾਰੀ ਹੈ।
ਪੱਛਮੀ ਬੰਗਾਲ ਵਿਚ ਭਾਜਪਾ, ਤ੍ਰਿਣਮੂਲ ਤੋਂ ਇਲਾਵਾ ਖੱਬੇ-ਪੱਖੀ ਧਿਰਾਂ ਅਤੇ ਕਾਂਗਰਸ ਸਾਂਝੇ ਤੌਰ ਉਤੇ ਚੋਣ ਲੜ ਰਹੇ ਹਨ। ਭਾਜਪਾ ਤ੍ਰਿਣਮੂਲ ਆਗੂਆਂ ਦੀਆਂ ਦਲ-ਬਦਲੀਆਂ ਦੇ ਨਾਲ ਨਾਲ ਕਈ ਅਜਿਹੀਆਂ ਪਾਰਟੀਆਂ ਨੂੰ ਸ਼ਹਿ ਦੇਣ ਦੀ ਕੋਸ਼ਿਸ਼ ਵੀ ਕਰ ਰਹੀ ਹੈ ਜੋ ਮਮਤਾ ਦੇ ਵੋਟ ਬੈਂਕ ਨੂੰ ਨੁਕਸਾਨ ਪਹੁੰਚਾ ਸਕਣ। ਇਸੇ ਦੌਰਾਨ ਦੇਸ਼ ਵਿਚ ਚੱਲ ਰਹੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਵੀ 12 ਮਾਰਚ ਤੋਂ ਪੱਛਮੀ ਬੰਗਾਲ ਸਮੇਤ ਸਾਰੇ ਰਾਜਾਂ ਵਿਚ ਕਾਫਲੇ ਭੇਜ ਕੇ ਭਾਜਪਾ ਨੂੰ ਹਰਾਉਣ ਦਾ ਸੱਦਾ ਦੇਣ ਦਾ ਐਲਾਨ ਕੀਤਾ ਹੈ।
_______________________________________
ਖੋਖਲੇ ਵਾਅਦਿਆਂ ਨਾਲ ਗੁਮਰਾਹ ਕਰ ਰਹੇ ਨੇ ਮੋਦੀ: ਮਮਤਾ
ਸਿਲੀਗੁੜੀ: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਸੱਜਰਾ ਵਾਰ ਕਰਦਿਆਂ ਕਿਹਾ ਕਿ ਉਹ ਸੂਬੇ ਦੇ ਵੋਟਰਾਂ ਨੂੰ ਗੁਮਰਾਹ ਕਰਨ ਲਈ ਝੂਠ ਦਾ ਸਹਾਰਾ ਲੈ ਰਹੇ ਹਨ। ਤ੍ਰਿਣਮੂਲ ਕਾਂਗਰਸ ਸੁਪਰੀਮੋ ਨੇ ਰਸੋਈ ਗੈਸ ਕੀਮਤਾਂ ‘ਚ ਵਾਧੇ ਖਿਲਾਫ ਰੋਸ ਦਰਜ ਕਰਵਾਉਂਦਿਆਂ ਇਥੇ ‘ਪਦਯਾਤਰਾ‘ ਵੀ ਕੀਤੀ। ਮਾਰਚ ਮਗਰੋਂ ਰੈਲੀ ਨੂੰ ਸੰਬੋਧਨ ਕਰਦਿਆਂ ਟੀ.ਐਮ.ਸੀ. ਸੁਪਰੀਮੋ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਬੀਤੇ ਸਾਲਾਂ ਵਿਚ ਕਈ ‘ਖੋਖਲੇ‘ ਵਾਅਦੇ ਕੀਤੇ ਹਨ ਤੇ ਲੋਕ ਹੁਣ ਉਨ੍ਹਾਂ ‘ਤੇ ਯਕੀਨ ਨਹੀਂ ਕਰਦੇ।