ਸਰਦਾਰ ਪਟੇਲ, ਸੁਭਾਸ਼, ਟੈਗੋਰ ਬਨਾਮ ਨਰਿੰਦਰ ਮੋਦੀ

ਹਰਜਿੰਦਰ ਸਿੰਘ ਗੁਲਪੁਰ
ਮੈਲਬੌਰਨ (ਆਸਟ੍ਰੇਲੀਆ)
ਫੋਨ: +0061411218801
ਪਹਿਲਾਂ ਤਾਂ ਨਹੀਂ ਸੀ, ਪਰ ਹੁਣ ਇਹ ਆਮ ਹੈ। ਸਾਡੇ ਸਮਾਜ ਵਿਚ ਜਿਹੜਾ ਬੰਦਾ ਇਸ ਦੁਨੀਆਂ `ਤੇ `ਕੱਲਾ-ਕਹਿਰਾ ਰਹਿ ਜਾਂਦਾ ਹੈ, ਉਹ ਆਪਣੇ ਜਿਉਂਦੇ ਜੀਅ ਆਪਣੇ ਹੱਥੀਂ ਆਪਣੀਆਂ ਅੰਤਿਮ ਰਹੁ ਰੀਤਾਂ ਨਿਬੇੜ ਕੇ ਇੱਕ ਤਰ੍ਹਾਂ ਨਾਲ ਸੁਰਖਰੂ ਹੋਇਆ ਮਹਿਸੂਸ ਕਰਦਾ ਹੈ। ਇਹਦਾ ਕਾਰਨ ਇਹ ਹੈ ਕਿ ਉਸ ਦੇ ਭਰੋਸੇ ਦੀ ਡੋਰ ਟੁੱਟ ਚੁੱਕੀ ਹੁੰਦੀ ਹੈ। ਭਾਰਤ ਦੇ ਪਿੰਡਾਂ ਅਤੇ ਸ਼ਹਿਰਾਂ ਵਿਚ ਚੱਲ ਰਹੇ ਇਸ ਟਾਵੇਂ ਟੱਲੇ ਵਰਤਾਰੇ ਦੀ ਯਾਦ ਉਦੋਂ ਆਈ, ਜਦੋਂ ਇਹ ਪਤਾ ਲੱਗਾ ਕਿ ਗੁਜਰਾਤ ਦੇ ਅਹਿਮਦਾਬਾਦ ਵਿਚ ਸਰਦਾਰ ਵੱਲਭ ਭਾਈ ਪਟੇਲ ਦੇ ਨਾਮ ਉੱਤੇ ਬਣੇ ਮਟੇਰਾ ਸਟੇਡੀਅਮ ਦਾ ਵਿਸਥਾਰ ਕਰਕੇ ਬਣਾਏ ਵਿਸ਼ਵ ਦੇ ਸਭ ਤੋਂ ਵੱਡੇ ਸਟੇਡੀਅਮ ਦਾ ਨਾਮ ਨਰਿੰਦਰ ਮੋਦੀ ਦੇ ਨਾਮ `ਤੇ ਰੱਖ ਦਿੱਤਾ ਗਿਆ ਹੈ। ਇਸ ਸਟੇਡੀਅਮ ਦਾ ਉਦਘਾਟਨ ਦੇਸ਼ ਦੇ ਉਸ ਰਾਸ਼ਟਰਪਤੀ ਨੇ ਕੀਤਾ ਹੈ, ਜਿਸ ਨੂੰ ਰਾਮ ਮੰਦਿਰ ਦਾ ਨੀਂਹ ਪੱਥਰ ਰੱਖਣ ਵੇਲੇ ਝੂਠਾ-ਸੱਚਾ ਸੱਦਾ ਪੱਤਰ ਵੀ ਨਹੀਂ ਦਿੱਤਾ ਗਿਆ ਸੀ।

ਦੱਸਿਆ ਜਾਂਦਾ ਹੈ ਕਿ ਇਹ ਸਟੇਡੀਅਮ ਹੁਣ ਤੱਕ ਦੇ ਸਭ ਤੋਂ ਵੱਡੇ ਮੈਲਬੌਰਨ ਸਟੇਡੀਅਮ ਨਾਲੋਂ ਵੀ ਵੱਡਾ ਹੈ। ਇਸ ਨਾਮਕਰਨ ਪਿੱਛੇ ਹੋਰ ਵੀ ਕਾਰਨ ਹੋਣਗੇ, ਪਰ ਮੈਂ ਇੱਥੇ ਕੇਵਲ ਇੱਕ ਦੋ ਮੋਟੇ ਮੋਟੇ ਕਾਰਨਾਂ ਦਾ ਜ਼ਿਕਰ ਕਰਾਂਗਾ। ਆਜ਼ਾਦ ਭਾਰਤ ਵਿਚ ਅੱਜ ਤੱਕ ਕਿਸੇ ਵੀ ਸਾਸ਼ਕ ਨੇ ਆਪਣੇ ਜਿਉਂਦੇ ਜੀਅ ਸਤਾ ਵਿਚ ਰਹਿੰਦਿਆਂ ਆਪਣੇ ਨਾਮ ਉੱਤੇ ਕੋਈ ਵੀ ਦੇਸ਼ ਪੱਧਰੀ ਨਿਰਮਾਣ ਨਹੀਂ ਕੀਤਾ। ਇਸ ਨੂੰ ਭਾਰਤੀ ਸ੍ਰਿਸ਼ਟਾਚਾਰ ਅਨੁਸਾਰ ਹੋਛੇਪਨ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਅਜਿਹੇ ਕੰਮ ਕੁਝ ਤਾਨਾਸ਼ਾਹਾਂ ਨੇ ਜਰੂਰ ਕੀਤੇ ਹੋਣਗੇ, ਪਰ ਕਿਸੇ ਚੁਣੇ ਹੋਏ ਦੇਸ਼ ਮੁਖੀ ਨੇ ਅਜਿਹਾ ਅਨੈਤਿਕ ਕੰਮ ਨਹੀਂ ਕੀਤਾ ਹੈ। ਇਸ ਸਟੇਡੀਅਮ ਦਾ ਨਾਮ ਪ੍ਰਧਾਨ ਸੇਵਕ ਦੇ ਨਾਮ ਉੱਤੇ ਰੱਖੇ ਜਾਣ ਦਾ ਇੱਕੋ ਇੱਕ ਅਰਥ ਇਹ ਨਿਕਲਦਾ ਹੈ ਕਿ ਉਹ ਅੰਦਰਖਾਤੇ ਕਿੰਨਾ ਡਰਿਆ ਹੋਇਆ ਹੈ। ਐਨਾ ਤਾਕਤਵਰ ਹੋਣ ਦੇ ਬਾਵਯੂਦ ਉਸ ਨੂੰ ਲੱਗ ਰਿਹਾ ਹੈ ਕਿ ਲੋਕ ਉਸ ਤੋਂ ਬਹੁਤ ਨਾ-ਖੁਸ਼ ਹਨ। ਉਸ ਨੂੰ ਲੱਗਦਾ ਹੈ ਕਿ ਉਸ ਦੇ ਦੁਨੀਆ ਤੋਂ ਰੁਖਸਤ ਹੋ ਜਾਣ ਉਪਰੰਤ ਉਸ ਦੇ ਜਾਨਸ਼ੀਨ ਉਸ ਦੀ ਯਾਦ ਵਿਚ ਨਾ ਤਾਂ ਕਸੀਦੇ ਕੱਢਣਗੇ ਅਤੇ ਨਾ ਉਸ ਦੀ ਕੋਈ ਢੁਕਵੀਂ ਯਾਦਗਾਰ ਬਣਾਉਣਗੇ। ਉਸ ਨੂੰ ਆਪਣੇ ਵਿਸ਼ਵ ਭਰ `ਚੋਂ ਵੱਡੇ ਕਹੇ ਜਾਂਦੇ ਸੰਗਠਨ ਉੱਤੇ ਵੀ ਭੋਰਾ ਭਰ ਯਕੀਨ ਨਹੀਂ ਹੈ। ਇਸ ਲਈ ਉਹ ਚਾਹੁੰਦੇ ਹਨ ਕਿ ਇਹ ਕੰਮ ਜਿਉਂਦੇ ਜੀਅ ਨਿਬੇੜ ਲਿਆ ਜਾਵੇ।
ਪਰੰਪਰਾਵਾਂ ਅਨੁਸਾਰ ਦੇਸ਼ ਦੇ ਸਾਸ਼ਕ ਆਪਣੇ ਭਵਿੱਖ ਦੀ ਹੋਣੀ ਆਪਣੇ ਵਾਰਸਾਂ ਦੇ ਹੱਥਾਂ ਵਿਚ ਸੌਂਪਦੇ ਆਏ ਹਨ, ਪਰ ਮੋਦੀ ਨੂੰ ਇਹ ਮਨਜ਼ੂਰ ਨਹੀਂ ਹੈ। ਨਰਿੰਦਰ ਮੋਦੀ ਨੇ ਸਟੇਡੀਅਮ ਦਾ ਨਾਮ ਆਪਣੇ ਨਾਮ ਨਾਲ ਜੋੜ ਕੇ ਇੱਕ ਨਵੀਂ ਤਰ੍ਹਾਂ ਦੀ ਪਿਰਤ ਪਾ ਦਿੱਤੀ ਹੈ। ਹਾਲਾਂ ਕਿ ਉਨ੍ਹਾਂ ਨੇ ਆਪਣੇ ਕਈ ਮੰਤਰੀਆਂ ਤੋਂ ਸਫਾਈ ਦਿਵਾਈ ਹੈ ਕਿ ‘ਨਾਮ ਬਦਲਾ ਨਹੀਂ ਗਿਆ, ਸਪੋਰਟਸ ਕੰਪਲੈਕਸ ਦਾ ਨਾਮ ਅਭੀ ਵੀ ਸਰਦਾਰ ਪਟੇਲ ਦੇ ਨਾਮ ਪਰ ਹੀ ਹੈ।’ ਪਰ ਸੱਚਾਈ ਇਹ ਹੈ ਕਿ ਸਟੇਡੀਅਮ ਪਹਿਲਾਂ ਪਟੇਲ ਨਾਮ ਨਾਲ ਜਾਣਿਆ ਜਾਂਦਾ ਸੀ, ਹੁਣ ਮੋਦੀ ਦੇ ਨਾਮ ਨਾਲ ਜਾਣਿਆ ਜਾਵੇਗਾ। ਜਿਸ ਸੰਘ ਦੀ ਪ੍ਰਤੀਨਿਧਤਾ ਮੋਦੀ ਕਰ ਰਹੇ ਹਨ, ਉਸ `ਤੇ ਦੋਸ਼ ਲੱਗਦਾ ਰਿਹਾ ਹੈ ਕਿ ਉਹ ਬੜੇ ਸੂਖਮ ਤਰੀਕੇ ਨਾਲ ਘੱਟ ਗਿਣਤੀਆਂ ਨੂੰ ਆਪਣੇ ਅੰਦਰ ਜਜ਼ਬ ਕਰਨ ਦੀ ਨੀਤੀ ਉੱਤੇ ਚਲ ਰਿਹਾ ਹੈ। ਸੰਘ ਪਰਿਵਾਰ ਨੇ ਮੋਦੀ ਦੀ ਅਗਵਾਈ ਹੇਠ ਸੱਤਾ ਵਿਚ ਆ ਕੇ ਘੱਟ ਗਿਣਤੀਆਂ ਦੇ ਨਾਲ ਨਾਲ ਦੇਸ਼ ਦੀਆਂ ਪ੍ਰਮੁੱਖ ਸ਼ਖਸੀਅਤਾਂ ਨੂੰ ਵੀ ਹੜੱਪਣਾ ਸ਼ੁਰੂ ਕਰ ਦਿਤਾ ਹੈ, ਜੋ ਇਸ ਜਹਾਨ ਵਿਚ ਨਹੀਂ ਹਨ।
ਕੁਝ ਸਾਲ ਪਹਿਲਾਂ ਹਜਾਰਾਂ ਕਰੋੜ ਰੁਪਏ ਖਰਚ ਕੇ ਸਰਦਾਰ ਪਟੇਲ ਦੀ ਮੂਰਤੀ ਬਣਾਈ ਗਈ ਸੀ। ਸਰਦਾਰ ਪਟੇਲ ਨੂੰ ਕਾਂਗਰਸ ਨਾਲੋਂ ਤੋੜ ਕੇ ਆਪਣੇ ਨਾਲ ਜੋੜਨ ਲਈ ਕੀਤੇ ਗਏ ਪ੍ਰਚਾਰ ਉੱਤੇ ਜਨਤਾ ਦਾ ਪੈਸਾ ਪਾਣੀ ਵਾਂਗ ਵਹਾਇਆ ਗਿਆ। ਇਸ ਤਰ੍ਹਾਂ ਲਗਦਾ ਹੈ ਕਿ ਸਰਦਾਰ ਪਟੇਲ ਦੇ ਨਾਮ ਦਾ ਜਿੰਨਾ ਰਾਜਨੀਤਕ ਫਾਇਦਾ ਲੈਣਾ ਸੀ ਲੈ ਲਿਆ ਗਿਆ ਹੈ। ਹੁਣ ਉਸ ਨੂੰ ਦਰਕਿਨਾਰ ਕਰਨ ਦਾ ਵਕਤ ਆ ਗਿਆ ਹੈ। ਕੁਝ ਵਿਦਵਾਨ ਇਸ ਨੂੰ ਇੱਕ ਹੋਰ ਦ੍ਰਿਸ਼ਟੀਕੋਣ ਤੋਂ ਦੇਖ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਸੰਘ ਨਾਲ ਜੁੜੇ ਨੱਥੂ ਰਾਮ ਗੌਡਸੇ ਨੇ ਮਹਾਤਮਾ ਗਾਂਧੀ ਦਾ ਕਤਲ ਕੀਤਾ ਸੀ, ਉਸ ਸਮੇਂ ਸਰਦਾਰ ਪਟੇਲ ਦੇਸ਼ ਦੇ ਗ੍ਰਹਿ ਮੰਤਰੀ ਸਨ। ਉਨ੍ਹਾਂ ਨੇ ਆਰ. ਐਸ. ਐਸ. ਉੱਤੇ ਪਾਬੰਦੀ ਲਾ ਦਿੱਤੀ ਸੀ। ਸੰਘ ਪਰਿਵਾਰ ਉਦੋਂ ਤੋਂ ਮੌਕੇ ਦੀ ਭਾਲ ਵਿਚ ਸੀ ਕਿ ਸਰਦਾਰ ਪਟੇਲ ਤੋਂ ਬਦਲਾ ਕਿਸ ਤਰ੍ਹਾਂ ਲਿਆ ਜਾਵੇ। ਮੌਕਾ ਮਿਲਦਿਆਂ ਹੀ ਉਸ ਨੇ ਪਟੇਲ ਨਾਲ ਹਿਸਾਬ-ਕਿਤਾਬ ਬਰਾਬਰ ਕਰਨ ਦਾ ਫੈਸਲਾ ਕਰ ਲਿਆ ਹੈ। ਹਾਲਾਂ ਕਿ ਇਸ ਦਾ ਕੋਈ ਪ੍ਰਮਾਣ ਨਹੀਂ ਹੈ। ਇਸੇ ਤਰ੍ਹਾਂ ਅੱਜ ਕੱਲ੍ਹ ਭਾਜਪਾ ਨੂੰ ਰਾਬਿੰਦਰ ਨਾਥ ਟੈਗੋਰ ਅਤੇ ਸੁਭਾਸ਼ ਚੰਦਰ ਬੋਸ ਦੀ ਯਾਦ ਬਹੁਤ ਸਤਾ ਰਹੀ ਹੈ ਕਿਉਂਕਿ ਬੰਗਾਲ ਦੀਆਂ ਚੋਣਾਂ ਸਿਰ `ਤੇ ਹਨ। ਮੋਦੀ ਆਪਣੀ ਸ਼ਕਲੋ ਸੂਰਤ ਵੀ ਮਹਾਂ ਕਵੀ ਵਰਗੀ ਬਣਾਉਣ ਦਾ ਯਤਨ ਕਰ ਰਹੇ ਹਨ।
ਹੁਣ ਮੋਦੀ ਕਦੋਂ ਦੋਹਾਂ ਬੰਗਾਲੀ ਚਿਹਰਿਆਂ ਦਾ ‘ਕਿਰਿਆ ਕਰਮ’ ਕਰਨਗੇ, ਕਿਹਾ ਨਹੀਂ ਜਾ ਸਕਦਾ। ਘੱਟੋ ਘੱਟ ਆਪਣੇ ਤੰਗ ਮਨਸੂਬੇ ਪੂਰੇ ਕਰਨ ਤੱਕ ਦੋਹਾਂ ਸ਼ਖਸੀਅਤਾਂ ਦੀ ਬੱਲੇ ਬੱਲੇ ਹੁੰਦੀ ਰਹੇਗੀ।
ਇਨ੍ਹਾਂ ਪਹਿਲੂਆਂ ਨੂੰ ਦੇਖ ਕੇ ਨਰਿੰਦਰ ਮੋਦੀ ਨੂੰ ਘਾਗ ਸਿਆਸਤ ਦਾਨ ਵੀ ਕਿਹਾ ਜਾ ਸਕਦਾ ਹੈ ਅਤੇ ਘਟੀਆ ਸਿਆਸਤਦਾਨ ਵੀ। ਪੰਜਾਬ ਦੇ ਸੰਦਰਭ ਵਿਚ ਦੇਖਿਆ ਜਾਵੇ ਤਾਂ ਪ੍ਰਕਾਸ਼ ਸਿੰਘ ਬਾਦਲ ਵੀ ਇਸੇ ਨੀਤੀ ਦੇ ਵਾਹਕ ਰਹੇ ਹਨ। ਹੁਣ ਪਤਾ ਨਹੀਂ ਲਗਦਾ ਕਿ ਇਨ੍ਹਾਂ ਦੋਹਾਂ ਵਿਚੋਂ ਗੁਰੂ ਕੌਣ ਹੈ ਅਤੇ ਚੇਲਾ ਕੌਣ ਹੈ! ਇੱਥੇ ਹਿੰਦੂ ਮਿਥਿਹਾਸ ਦੀ ਇੱਕ ਸੁਣੀ ਸੁਣਾਈ ਸਾਖੀ ਦਾ ਜ਼ਿਕਰ ਕਰਨਾ ਕੁਥਾਂ ਨਹੀਂ ਹੋਵੇਗਾ। ਇਸ ਝੂਠੀ ਸੱਚੀ ਸਾਖੀ ਅਨੁਸਾਰ ਦੱਸਿਆ ਜਾਂਦਾ ਹੈ ਕਿ ਇੱਕ ਗੁਰੂ ਆਪਣੇ ਚੇਲਿਆਂ ਨਾਲ ਆਪਣੇ ਮਿਸ਼ਨ ਦੇ ਪ੍ਰਚਾਰ-ਪ੍ਰਸਾਰ ਲਈ ਹਰ ਰੋਜ ਆਪਣੇ ਆਸ਼ਰਮ ਤੋਂ ਨਿਕਲਦੇ ਸਨ। ਰਸਤੇ ਵਿਚ ਉਨ੍ਹਾਂ ਨੂੰ ਕੁਝ ਝਾੜੀਆਂ ਵਿਚੋਂ ਗੁਜਰਨਾ ਪੈਂਦਾ ਸੀ। ਉਹ ਝਾੜੀਆਂ ਗੁਰੂ ਅਤੇ ਉਨ੍ਹਾਂ ਦੇ ਚੇਲਿਆਂ ਲਈ ਰੁਕਾਵਟ ਬਣਦੀਆਂ ਸਨ। ਕਈ ਵਾਰ ਉਨ੍ਹਾਂ ਦੇ ਬਸਤਰ ਪਾਟ ਜਾਂਦੇ ਸਨ। ਚੇਲਿਆਂ ਨੇ ਕਈ ਵਾਰ ਬੇਨਤੀ ਕੀਤੀ ਕਿ ਇਨ੍ਹਾਂ ਝਾੜੀਆਂ ਨੂੰ ਕੱਟ ਦਿੱਤਾ ਜਾਵੇ। ਗੁਰੂ ਨੇ ਹਰ ਵਾਰ ਮਨ੍ਹਾਂ ਕਰ ਦਿੱਤਾ। ਇੱਕ ਦਿਨ ਗੁਰੂ ਨੇ ਆਪਣੇ ਚੇਲਿਆਂ ਨੂੰ ਕਿਹਾ ਕਿ ਹਰ ਰੋਜ ਸਾਰੇ ਜਣੇ ਇੱਕ ਇੱਕ ਲੋਟਾ ਪਾਣੀ ਦਾ ਲੈ ਕੇ ਆਇਆ ਕਰਨ। ਗੁਰੂ ਦੇ ਹੁਕਮ `ਤੇ ਇਹ ਪਾਣੀ ਦੇ ਲੋਟੇ ਹਰ ਰੋਜ ਝਾੜੀਆਂ ਦੀਆਂ ਜੜ੍ਹਾਂ ਵਿਚ ਡੋਲ੍ਹੇ ਜਾਣ ਲੱਗ ਪਏ। ਚੇਲੇ ਹੈਰਾਨ ਸਨ ਕਿ ਸਾਨੂੰ ਦੁਖੀ ਕਰਨ ਵਾਲੀਆਂ ਝਾੜੀਆਂ ਦੀ ‘ਸੇਵਾ’ ਕਿਉਂ ਕੀਤੀ ਜਾ ਰਹੀ ਹੈ। ਕਈ ਦਿਨਾਂ ਬਾਅਦ ਗੁਰੂ ਨੇ ਚੇਲਿਆਂ ਨੂੰ ਹੁਕਮ ਦਿੱਤਾ ਕਿ ਸਾਰੇ ਜਣੇ ਜੋਰ ਲਾ ਕੇ ਇਨ੍ਹਾਂ ਝਾੜੀਆਂ ਨੂੰ ਜੜਾਂ ਤੋਂ ਪੁੱਟ ਦੇਣ, ਕਿਉਂਕਿ ਇਨ੍ਹਾਂ ਦੀਆਂ ਜੜਾਂ ਪੋਲੀਆਂ ਹੋ ਚੁੱਕੀਆਂ ਹਨ।
ਇਹ ਨਿੱਕੀ ਜਿਹੀ ਸਾਖੀ ਬਹੁਤ ਸਾਰੇ ਸੰਦੇਸ਼ ਦਿੰਦੀ ਹੈ। ਬਲੀ ਦੇ ਬੱਕਰੇ ਵੀ ਇਸੇ ਤਰ੍ਹਾਂ ਖੁਆ ਪਿਆ ਕੇ ਹੀ ਝਟਕਾਏ ਜਾਂਦੇ ਹਨ। ਪ੍ਰਸਿੱਧ ਵਿਦਵਾਨ ਪ੍ਰੋ. ਮੁਕੇਸ਼ ਕੁਮਾਰ ਨੇ ਵਿਅੰਗ ਕੱਸਦਿਆਂ ਕਿਹਾ ਹੈ ਕਿ ਪ੍ਰਧਾਨ ਸੇਵਕ ਆਪਣੇ ਕਾਰਜ ਕਾਲ ਦੌਰਾਨ ਆਪਣੇ ਆਪ ਨੂੰ ਭਾਰਤ ਰਤਨ ਸਮੇਤ ਆਸਕਰ ਐਵਾਰਡ, ਦਰੋਣਾਚਾਰੀਆ ਅਤੇ ਅਰਜਨਾ ਐਵਾਰਡ ਨਾਲ ਵੀ ਨਿਵਾਜ ਸਕਦੇ ਹਨ। ਸਵਾਲਾਂ ਦਾ ਸਵਾਲ ਇਹ ਹੈ ਕਿ ਜਿਹੜੀ ਮੋਦੀ ਸਰਕਾਰ ਦੇਸ਼ ਦੀਆਂ ਮਰਹੂਮ ਅਜ਼ੀਮ ਤਰੀਮ ਸ਼ਖਸੀਅਤਾਂ ਦੀ ਪਿੱਠ ਪਿੱਛੇ ਇਹ ਸਭ ਕੁਝ ਕਰ ਰਹੀ ਹੈ, ਉਹਦੇ ਲਈ ਆਮ ਲੋਕ ਕੀ ਮਾਅਨੇ ਰੱਖਦੇ ਹਨ?