ਪੰਜਾਬ ਦੀ ਪੱਗ

ਉਤਰਾਖੰਡ ਵਿਚ ਆਏ ਹੜ੍ਹਾਂ ਵਿਚ ਫਸੇ ਹੇਮਕੁੰਟ ਯਾਤਰੂਆਂ ਨੂੰ ਸੁਰੱਖਿਅਤ ਵਾਪਸ ਲਿਆਉਣ ਲਈ ਗਏ ਪੰਜਾਬ ਦੇ ਸੀਨੀਅਰ ਆਈæਏæਐਸ਼ ਅਫਸਰ ਕਾਹਨ ਸਿੰਘ ਪੰਨੂ ਦੀ ਕੁੱਟ-ਮਾਰ ਦਾ ਮਾਮਲਾ ਆਖਰਕਾਰ ਵਧਦਾ ਵਧਦਾ ਵਧ ਹੀ ਗਿਆ ਹੈ। ਕੁੱਟ-ਮਾਰ ਤੋਂ ਵੀ ਅਗਾਂਹ ਇਹ ਮਾਮਲਾ ਧਾਰਮਿਕ ਭਾਵਨਾਵਾਂ ਨਾਲ ਜੁੜ ਗਿਆ ਹੈ। ਕੁੱਟ-ਮਾਰ ਕਰਨ ਵਾਲੇ ਸ਼ ਪੰਨੂ ਦੀ ਦਸਤਾਰ ਵੀ ਉਤਾਰ ਕੇ ਲੈ ਗਏ ਸਨ। ਸਰਕਾਰ ਨੇ ਤਾਂ ਕੁੱਟ-ਮਾਰ ਦੇ ਇਸ ਮਾਮਲੇ ਦੀ ਜਾਂਚ ਅਰੰਭੀ ਹੀ ਸੀ, ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਵੀ ਤੁਰੰਤ ਕਾਰਵਾਈ ਕਰਦਿਆਂ ਮਾਮਲੇ ਦੀ ਤਹਿ ਤੱਕ ਜਾਣ ਲਈ ਜਾਂਚ ਕਮੇਟੀ ਦਾ ਐਲਾਨ ਕਰ ਦਿੱਤਾ। ਉਨ੍ਹਾਂ ਨੇ ਇਸ ਮਾਮਲੇ ਨੂੰ ਨਿਰੋਲ ਧਰਮ ਦੀ ਲੋਅ ਵਿਚ ਦੇਖਣ ਦਾ ਯਤਨ ਕੀਤਾ ਹੈ, ਕਿਉਂਕਿ ਇਕ ਸਿੱਖ ਦੀ ਦਸਤਾਰ ਉਤਾਰੀ ਗਈ ਸੀ। ਇਹ ਕਾਰਵਾਈਆਂ ਇੰਨੀ ਤੇਜ਼ੀ ਨਾਲ ਹੋਈਆਂ ਕਿ ਇਸ ਨਾਲ ਕਈ ਸਵਾਲ ਵੀ ਖੜ੍ਹੇ ਹੋ ਗਏ। ਇਕ ਧਿਰ ਵੱਲੋਂ ਇਸ ਮਾਮਲੇ ਨੂੰ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਨਾਲ ਵੀ ਜੋੜਿਆ ਗਿਆ ਹੈ ਜਿਨ੍ਹਾਂ ਦਾ ਸ਼ ਪੰਨੂ ਨਾਲ ਕੁਝ ਪ੍ਰਸ਼ਾਸਕੀ ਕੰਮਾਂ-ਕਾਰਾਂ ਕਰ ਕੇ ਤਣਾਅ ਚੱਲ ਰਿਹਾ ਹੈ। ਮੀਡੀਆ ਵਿਚ ਵੀ ਇਹ ਗੱਲ ਤਿੱਖੇ ਰੂਪ ਵਿਚ ਉਭਰੀ ਕਿ ਇਸ ਹਮਲੇ ਦੀ ਇਕ-ਅੱਧੀ ਕੜੀ ਸ਼ ਮਲੂਕਾ ਨਾਲ ਜੁੜਦੀ ਹੈ। ਇਹ ਕੜੀ ਆਪਸ ਵਿਚ ਕਿੰਨੀ ਕੁ ਜੁੜਦੀ ਹੈ, ਇਹ ਤਾਂ ਜਾਂਚ ਰਿਪੋਰਟਾਂ ਤੋਂ ਬਾਅਦ ਹੀ ਸਾਹਮਣੇ ਆਉਣਾ ਹੈ, ਪਰ ਇਹ ਮਾਮਲਾ ਸਿੱਧਾ ਸਿਆਸਤ ਨਾਲ ਜ਼ਰੂਰ ਜੁੜ ਗਿਆ ਹੈ। ਇਹ ਗੱਲ ਹੋਰਾਂ ਤੋਂ ਇਲਾਵਾ ਮੀਡੀਆ ਨੇ ਵੀ ਨੋਟ ਕੀਤੀ ਹੈ ਕਿ ਇਹ ਮਾਮਲਾ ਸਿਆਸਤ ਨਾਲ ਜੁੜਨ ਕਰ ਕੇ ਹੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਇੰਨੀ ਛੇਤੀ ਕਾਰਵਾਈ ਕੀਤੀ ਗਈ ਹੈ। ਨਹੀਂ ਤਾਂ ਪਹਿਲਾਂ ਜਦੋਂ ਵੀ ਕਦੇ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਆਗੂ ਆਪਸ ਵਿਚ ਡਾਂਗ-ਸੋਟਾ ਹੁੰਦੇ ਰਹੇ, ਉਦੋਂ ਪੱਗਾਂ ਲੱਥਦੀਆਂ ਦੀ ਕਿਸੇ ਨੇ ਕਦੀ ਪ੍ਰਵਾਹ ਨਹੀਂ ਕੀਤੀ; ਅਕਾਲ ਤਖਤ ਸਾਹਿਬ ਵੱਲੋਂ ਵੀ ਉਦੋਂ ਕੋਈ ਹਿਲਜੁਲ ਨਹੀਂ ਹੋਈ। ਫਿਰ ਅਜਿਹੀ ਕਿਹੜੀ ਗੱਲ ਸੀ ਕਿ ਜਥੇਦਾਰ ਵੱਲੋਂ ਇੰਨੀ ਛੇਤੀ ਕਾਰਵਾਈ ਅਰੰਭੀ ਗਈ, ਇਹ ਸਵਾਲ ਮੁੜ-ਘਿੜ ਸਾਹਮਣੇ ਆ ਰਿਹਾ ਹੈ। ਬੇਸ਼ਕ, ਸਿੱਖਾਂ ਲਈ ਦਸਤਾਰ ਦੀ ਬੜੀ ਅਹਿਮੀਅਤ ਹੈ। ਆਪਣੇ ਦੇਸ਼ ਪੰਜਾਬ ਅਤੇ ਸੰਸਾਰ ਭਰ ਵਿਚ ਹੋਰ ਥਾਈਂ ਵੀ ਜਦੋਂ ਕਦੀ ਦਸਤਾਰ ਦਾ ਮਾਮਲਾ ਉਭਰਿਆ ਹੈ, ਤਾਂ ਸਭ ਸਬੰਧਤ ਧਿਰਾਂ ਨੇ ਅਜਿਹੇ ਮਾਮਲਿਆਂ ਦੀ ਪੈਰਵੀ ਕੀਤੀ ਹੈ। ਉਦੋਂ ਫਰਕ ਸਿਰਫ ਇੰਨਾ ਸੀ ਕਿ ਸਾਰਾ ਕੁਝ ਧਾਰਮਿਕ ਸਰੋਕਾਰਾਂ ਕਰ ਕੇ ਕੀਤਾ ਗਿਆ। ਇਸੇ ਕਰ ਕੇ ਬਹੁਤ ਵੱਡੇ ਪੱਧਰ ‘ਤੇ ਲਾਮਬੰਦੀ ਵੀ ਹੋਈ। ਵਿਦੇਸ਼ੀ ਧਰਤੀ ਉਤੇ ਜਿਸ ਤਰ੍ਹਾਂ ਦੇ ਨਸਲੀ ਅਤੇ ਹੋਰ ਵਿਤਕਰਿਆਂ ਵਿਚੋਂ ਸਿੱਖਾਂ ਨੂੰ ਲੰਘਣਾ ਪੈ ਰਿਹਾ ਹੈ, ਉਸ ਨੇ ਵੀ ਅਜਿਹੇ ਮਾਮਲੇ ਭਖਾਉਣ ਵਿਚ ਵਾਹਵਾ ਯੋਗਦਾਨ ਪਾਇਆ। ਬਹੁਤ ਸਾਰੇ ਦੇਸ਼ਾਂ ਵਿਚ ਅਜਿਹੇ ਮਾਮਲਿਆਂ ਦੀ ਡਟ ਕੇ ਪੈਰਵੀ ਕੀਤੀ ਗਈ ਅਤੇ ਇਸ ਨੇ ਚੰਗੇ ਨਤੀਜੇ ਵੀ ਸਾਹਮਣੇ ਆਏ।
ਦਸਤਾਰ ਸਿੱਖੀ ਅਤੇ ਸਿੱਖੀ ਦੀ ਸ਼ਾਨ ਨਾਲ ਜੁੜੀ ਹੋਈ ਹੈ। ਦਸਤਾਰ ਦੀ ਸ਼ਾਨ ਦਾ ਜਲਵਾ ‘ਪੱਗ ਦੀ ਲਾਜ ਰੱਖਣੀ’ ਵਰਗੇ ਮੁਹਾਵਰਿਆਂ ਨਾਲ ਵੀ ਪ੍ਰਗਟ ਹੁੰਦਾ ਹੈ। ਇਸ ਦੇ ਨਾਲ ਹੀ ‘ਪੱਗ ਲਾਹੁਣੀ’ ਦਾ ਮੁਹਾਵਰਾ ਵੀ ਹੈ ਜਿਸ ਦਾ ਅਰਥ ਅਗਲੇ ਦੀ ਬੇਇਜ਼ਤੀ ਕਰਨਾ ਹੈ। ਅਸਲ ਵਿਚ ਪੰਜਾਬ ਅਤੇ ਪੱਗ ਦੇ ਇਹ ਅਰਥ ਸਮਾਜ ਅਤੇ ਸਮਾਜਕ ਸਰੋਕਾਰਾਂ ਨਾਲ ਬਹੁਤ ਡੂੰਘੇ ਜੁੜੇ ਹੋਏ ਹਨ। ਮਾਮਲੇ ਨੂੰ ਰਤਾ ਕੁ ਕੁਰੇਦਿਆ ਜਾਵੇ ਤਾਂ ਇਹ ਸਰੋਕਾਰ ਹੌਲੀ ਹੌਲੀ ਜਗੀਰਦਾਰੀ ਯੁੱਗ ਨਾਲ ਜੁੜਨ ਲਗਦੇ ਹਨ। ਇਹ ਸ਼ਾਇਦ ਜਗੀਰੂ ਧੌਂਸ ਹੀ ਸੀ ਜਿਸ ਨੇ ਪੱਗ ਲਾਹ ਕੇ ਲੈ ਜਾਣ ਵਾਲੀ ਗੱਲ ਵਧੇਰੇ ਅਹਿਮ ਬਣਾ ਦਿੱਤੀ। ਲਾਹੀ ਹੋਈ ਪੱਗ ਨੂੰ ਜਿੱਤੇ ਹੋਏ ਤਮਗੇ ਵਾਂਗ ਸਾਂਭ ਕੇ ਰੱਖਣਾ ਜਗੀਰੂ ਮਾਨਸਿਕਤਾ ਤੋਂ ਵੱਧ ਕੁਝ ਵੀ ਨਹੀਂ। ਇਸੇ ਕਰ ਕੇ ਜਦੋਂ ਕਿਤੇ ਲੜਾਈ ਹੁੰਦੀ ਹੈ ਤਾਂ ਪੱਗਾਂ ਲਾਹੁਣ ਅਤੇ ਲੁਕੋਣ ਦਾ ਸਿਲਸਿਲਾ ਨਾਲ ਦੀ ਨਾਲ ਚਲਦਾ ਹੈ। ਸਿੱਖ ਵੀ ਅੱਜ ਤੱਕ ਇਸ ਜਗੀਰੂ ਸੋਚ ਤੋਂ ਖਹਿੜਾ ਛੁਡਾਉਣ ਤੋਂ ਅਸਮਰੱਥ ਰਹੇ ਹਨ। ਸ਼ਾਇਦ ਇਸੇ ਮਾਨਸਿਕਤਾ ਕਰ ਕੇ ਪੰਜਾਬ ਨਿੱਤ ਦਿਨ ਸਮਾਜਕ ਨਿਘਾਰ ਵੱਲ ਵਧ ਰਿਹਾ ਹੈ। ਪੰਜਾਬ ਵਿਚ ਪ੍ਰਚਲਿਤ ਅੰਤਾਂ ਦੀ ਮਾਰੂ ਸਮਾਜਕ ਬੁਰਾਈ, ਭਰੂਣ ਹੱਤਿਆ ਬਾਰੇ ਪੰਜਾਬ ਦੀ ਇਕ ਗੈਰ ਸਰਕਾਰੀ ਸੰਸਥਾ ‘ਵਾਲੰਟਰੀ ਹੈਲਥ ਐਸੋਸੀਏਸ਼ਨ ਆਫ ਪੰਜਾਬ’ ਵੱਲੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਚਿੱਠੀ ਭੇਜੀ ਗਈ ਸੀ। ਇਸ ਚਿੱਠੀ ਦੇ ਆਧਾਰ ‘ਤੇ ਜਥੇਦਾਰ ਨੇ ਸਿੱਖਾਂ ਨੂੰ ਭਰੂਣ ਹੱਤਿਆ ਤੋਂ ਤੋਬਾ ਕਰਨ ਦੀ ਹਦਾਇਤ ਵੀ ਕੀਤੀ ਸੀ; ਪਰ ਜੱਗ ਜਾਣਦਾ ਹੈ ਕਿ ਭਰੂਣ ਹੱਤਿਆ ਦਾ ਭੂਤ ਅੱਜ ਵੀ ਦਨਦਨਾ ਰਿਹਾ ਹੈ ਅਤੇ ਅੱਜ ਤੱਕ ਅਕਾਲ ਤਖਤ ਵੱਲੋਂ ਕਿਸੇ ਖਿਲਾਫ ਕਾਰਵਾਈ ਕਰਨ ਦੀ ਖਬਰ ਨਹੀਂ ਹੈ। ਇਸੇ ਤਰ੍ਹਾਂ ਨਸ਼ਿਆਂ ਦਾ ਮਾਮਲਾ ਹੈ। ਪੰਜਾਬ ਦਾ ਨੌਜਵਾਨ ਇਸ ਦਲਦਲ ਵਿਚ ਧਸਦਾ ਜਾ ਰਿਹਾ ਹੈ। ਚੋਣਾਂ ਵੇਲੇ ਤਾਂ ਨਸ਼ੀਲੇ ਪਦਾਰਥਾਂ ਦੇ ਹੜ੍ਹ ਲਿਆ ਦਿੱਤੇ ਜਾਂਦੇ ਹਨ। ਹੋਰ ਤਾਂ ਹੋਰ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੌਰਾਨ ਵੋਟਾਂ ਹਾਸਲ ਕਰਨ ਲਈ ਵੀ ਇਹ ਨਸ਼ੀਲੇ ਪਦਾਰਥ ਰੱਜ ਕੇ ਵੰਡੇ ਜਾਂਦੇ ਰਹੇ ਹਨ, ਪਰ ਉਦੋਂ ਵੀ ਕਿਸੇ ਪਾਸਿਉਂ ਕਿਸੇ ਪ੍ਰਕਾਰ ਦੀ ਕਾਰਵਾਈ ਦੀ ਕੋਈ ਖਬਰ ਨਹੀਂ ਆਈ। ਕੀ ਇਹ ਦੋਵੇਂ ਮਾਮਲੇ ਸਿੱਖੀ ਨਾਲ ਜੁੜੇ ਹੋਏ ਨਹੀਂ? ਇਹ ਸਵਾਲ ਕਿਸੇ ਸਿਆਸੀ ਲੀਡਰ ਦਾ ਨਹੀਂ, ਬਲਕਿ ਉਨ੍ਹਾਂ ਸੁਆਣੀਆਂ ਦਾ ਹੈ ਜਿਨ੍ਹਾਂ ਉਤੇ ਇਨ੍ਹਾਂ ਦੋਹਾਂ ਮਾਮਲਿਆਂ ਦਾ ਸਭ ਤੋਂ ਵੱਧ ਅਤੇ ਸਿੱਧਾ ਅਸਰ ਹੁੰਦਾ ਹੈ। ਸਿੱਖੀ ਵਿਚ ਔਰਤ ਨੂੰ ਬੜਾ ਉਚਾ ਦਰਜਾ ਦਿੱਤਾ ਗਿਆ ਹੈ, ਪਰ ਇਨ੍ਹਾਂ ਮਾਮਲਿਆਂ ਉਤੇ ‘ਏਤੀ ਮਾਰ ਪਈ’ ਹੈ ਅਤੇ ਕੋਈ ਵੀ ਕਿਸੇ ਨੂੰ ਵੀ ਦਰਦ ਨਹੀਂ ਆਇਆ ਹੈ। ਦਸਤਾਰ/ਪੱਗ ਦੀ ਸ਼ਾਨ ਲਈ ਲੜਨ/ਖੜ੍ਹਨ ਵਾਲਿਆਂ ਨੂੰ ਸਲਾਮ ਹੈ, ਪਰ ਆਮ ਸਿੱਖ ਦੀ ਜ਼ਿੰਦਗੀ ਨਾਲ ਜੁੜੇ ਹੋਰ ਸਰੋਕਾਰ ਵੀ ਇਸ ਸ਼ਾਨ ਦਾ ਅੰਗ ਬਣਨੇ ਚਾਹੀਦੇ ਹਨ। ਇਸ ਦੇ ਲਈ ਸ਼ਾਇਦ ਸਾਨੂੰ ਸਿਆਸਤ ਦੀ ਮਾਰ ਤੋਂ ਰਤਾ ਕੁ ਪਾਰ ਜਾ ਕੇ ਸੋਚਣਾ ਪਵੇਗਾ।

Be the first to comment

Leave a Reply

Your email address will not be published.