ਬਾਇਡਨ ਪ੍ਰਸ਼ਾਸਨ ਵੱਲੋਂ ਪਰਵਾਸੀਆਂ ਨੂੰ ਵੱਡੀ ਰਾਹਤ ਦੇਣ ਦੀ ਤਿਆਰੀ

ਸਿਆਟਲ: ਇਹ ਤਜਵੀਜ਼ ਅਮਰੀਕਾ ਵਿਚ ਰਹਿ ਰਹੇ ਗੈਰ-ਕਾਨੂੰਨੀ ਤਕਰੀਬਨ 1.1 ਕਰੋੜ ਲੋਕਾਂ ਨੂੰ ਅਮਰੀਕੀ ਨਾਗਰਿਕਤਾ ਦੇਣ ਲਈ ਅੱਠ ਸਾਲਾਂ ਦਾ ਰਸਤਾ ਪੇਸ਼ ਕਰੇਗੀ। ਇਹ ਬਾਇਡਨ ਪ੍ਰਸ਼ਾਸਨ ਦੀ ਇਕ ਅਜਿਹੀ ਯੋਜਨਾ ਹੈ ਜਿਸ ਨਾਲ ਅਮਰੀਕਾ ‘ਚ ਹਜ਼ਾਰਾਂ ਭਾਰਤੀ ਆਈ.ਟੀ. ਪੇਸ਼ੇਵਰਾਂ ਸਮੇਤ ਕਾਫੀ ਲੋਕਾਂ ਨੂੰ ਲਾਭ ਹੋਵੇਗਾ। ਬਿੱਲ ਵਿਚ ਰੁਜ਼ਗਾਰ ਅਧਾਰਿਤ ਗ੍ਰੀਨ ਕਾਰਡ ਲਈ ਕਿਸੇ ਦੇਸ਼ ਦੇ ਪਰਵਾਸੀਆਂ ਦੀ ਗਿਣਤੀ ਸੀਮਤ ਕਰਨ ‘ਤੇ ਪਹਿਲਾਂ ਲਗਾਈ ਗਈ ਰੋਕ ਨੂੰ ਵੀ ਖਤਮ ਕਰਨ ਦੀ ਵਿਵਸਥਾ ਹੈ।

ਇਸ ਨਾਲ ਵੀਜ਼ੇ ਦੇ ਇੰਤਜ਼ਾਰ ਦੇ ਸਮੇਂ ਨੂੰ ਵੀ ਘਟਾਇਆ ਜਾਵੇਗਾ।
ਅਮਰੀਕਾ ਨਾਗਰਿਕਤਾ ਬਿੱਲ 2021 ਕਾਨੂੰਨ ਬਣਨ ਤੋਂ ਬਾਅਦ ਐਚ-1 ਬੀ ਵੀਜ਼ਾ ਧਾਰਕਾਂ ਦੇ ਆਸ਼ਰਿਤਾਂ ਨੂੰ ਵੀ ਕੰਮ ਕਰਨ ਦੀ ਆਗਿਆ ਮਿਲੇਗੀ। ਇਹ ਕਾਨੂੰਨ ਬਣਨ ਨਾਲ ਲੱਖਾਂ ਭਾਰਤੀ ਆਈ.ਟੀ. ਪੇਸ਼ੇਵਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਫਾਇਦਾ ਮਿਲੇਗਾ। ਇਸ ਬਿੱਲ ਦੇ ਪਾਸ ਹੋਣ ਨਾਲ ਗ੍ਰੀਨ ਕਾਰਡ ਲਈ 10 ਸਾਲ ਤੋਂ ਵੱਧ ਸਮੇਂ ਤੋਂ ਇੰਤਜ਼ਾਰ ਕਰ ਰਹੇ ਲੋਕਾਂ ਨੂੰ ਵੀ ਤਤਕਾਲ ਯੋਗ ਤਰੀਕੇ ਨਾਲ ਦੇਸ਼ ਵਿਚ ਸਥਾਈ ਨਿਵਾਸ ਦੀ ਆਗਿਆ ਮਿਲ ਜਾਵੇਗੀ ਕਿਉਂਕਿ ਉਨ੍ਹਾਂ ਨੂੰ ਵੀਜ਼ਾ ਦੀ ਸ਼ਰਤ ਤੋਂ ਛੂਟ ਮਿਲ ਜਾਵੇਗੀ।
ਇਸ ਕਾਨੂੰਨ ਦੇ ਬਣਨ ਨਾਲ ਸਭ ਤੋਂ ਜ਼ਿਆਦਾ ਫਾਇਦਾ ਭਾਰਤੀਆਂ ਨੂੰ ਹੋਵੇਗਾ। ਜੇਕਰ ਇਹ ਬਿੱਲ ਦੋਵੇਂ ਸਦਨਾਂ ਵਿਚ ਪਾਸ ਹੋ ਜਾਵੇਗਾ ਤਾਂ ਉਨ੍ਹਾਂ ਲੱਖਾਂ ਵਿਦੇਸ਼ੀ ਲੋਕਾਂ ਨੂੰ ਨਾਗਰਿਕਤਾ ਮਿਲ ਜਾਵੇਗੀ ਜੋ ਬਿਨਾਂ ਦਸਤਾਵੇਜ਼ਾਂ ਦੇ ਕੰਮ ਕਰ ਰਹੇ ਅਤੇ ਜੋ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਆਏ ਹਨ। ਬਿੱਲ ਵਿਚ ਖੇਤ ਮਜ਼ਦੂਰ, ਅਸਥਾਈ ਸੁਰੱਖਿਅਤ ਰੁਤਬੇ ਵਾਲੇ ਪਰਵਾਸੀਆਂ ਅਤੇ ਸੰਯੁਕਤ ਰਾਜ ਅਮਰੀਕਾ ਵਿਚ ਗੈਰ-ਕਾਨੂੰਨੀ ਤਰੀਕੇ ਨਾਲ ਬੱਚਿਆਂ ਸਮੇਤ ਪਹੁੰਚੇ ਲੋਕਾਂ ਨੂੰ ਤੁਰਤ ਗ੍ਰੀਨ ਕਾਰਡ ਮੁਹੱਈਆ ਕਰਵਾਏਗਾ। 1 ਜਨਵਰੀ 2021 ਤੱਕ ਅਮਰੀਕਾ ਵਿਚ ਰਹਿਣ ਵਾਲੇ ਹੋਰਨਾਂ ਲਈ ਯੋਜਨਾ ਅਸਥਾਈ ਕਾਨੂੰਨੀ ਰੁਤਬੇ ਲਈ ਪੰਜ ਸਾਲਾਂ ਦਾ ਰਸਤਾ ਸਥਾਪਤ ਕਰਦਾ ਹੈ। ਜੇਕਰ ਉਹ ਵਿਅਕਤੀ ਆਪਣੇ ਪਿਛੋਕੜ ਦੀ ਜਾਂਚ ਵਿਚ ਪਾਸ ਹੁੰਦਾ ਹੈ, ਟੈਕਸ ਅਦਾ ਅਤੇ ਹੋਰ ਮੁਢਲੀਆਂ ਜ਼ਰੂਰਤਾਂ ਪੂਰੀਆਂ ਕਰਦਾ ਹੈ ਤਾਂ ਉਹ ਤਿੰਨ ਸਾਲਾਂ ਬਾਅਦ ਨਾਗਰਿਕਤਾ ਹਾਸਲ ਕਰ ਸਕਦਾ ਹੈ।
ਇਸ ਤਹਿਤ ਰੁਜ਼ਗਾਰ ਆਧਾਰਿਤ ਬਕਾਇਆ ਪਏ ਵੀਜ਼ਿਆਂ ਨੂੰ ਮਨਜ਼ੂਰੀ ਦਿੱਤੀ ਜਾਵੇਗੀ। ਬਿੱਲ ‘ਚ ਅਮਰੀਕੀ ਯੂਨੀਵਰਸਿਟੀਆਂ ਤੋਂ ‘ਐਸ.ਟੀ.ਆਈ.ਐਮ.‘ ਵਿਸ਼ੇ ਦੀ ਡਿਗਰੀ ਧਾਰਕਾਂ ਦੇ ਅਮਰੀਕਾ ਵਿਚ ਰਹਿਣ ਦਾ ਰਸਤਾ ਵੀ ਆਸਾਨ ਬਣਾਉਣ ਦੀ ਵਿਵਸਥਾ ਹੈ। ਵਰਨਣਯੋਗ ਹੈ ਕਿ ਐਸ.ਟੀ.ਆਈ.ਐਮ. (ਵਿਗਿਆਨ, ਤਕਨੀਕੀ, ਇੰਜੀਨੀਅਰਿੰਗ ਅਤੇ ਗਣਿਤ) ਵਿਸ਼ਿਆਂ ਵਿਚ ਡਿਗਰੀ ਲਈ ਅਮਰੀਕੀ ਯੂਨੀਵਸਿਟੀਆਂ ਵਿਚ ਸਭ ਤੋਂ ਜ਼ਿਆਦਾ ਵਿਦਿਆਰਥੀ ਭਾਰਤ ਦੇ ਹੀ ਹਨ। ਇਹ ਉਨ੍ਹਾਂ ਪਰਵਾਸੀਆਂ ‘ਤੇ ਰੋਕ ਲਗਾਉਣ ਵਾਲੇ ਜੁਰਮਾਨੇ ਨੂੰ ਖਤਮ ਕਰ ਦੇਵੇਗਾ ਜੋ ਬਿਨਾਂ ਪ੍ਰਵਾਨਗੀ ਦੇ ਅਮਰੀਕਾ ‘ਚ ਰਹਿੰਦੇ ਹਨ ਅਤੇ ਜਿਹੜੇ ਦੇਸ਼ ਨੂੰ ਤਿੰਨ ਤੋਂ 10 ਸਾਲਾਂ ਲਈ ਵਾਪਸ ਜਾਣ ਤੋਂ ਰੋਕਦੇ ਹਨ।