ਵਿੱਦਿਆ ਸਾਗਰ: ਦੁਬਿਧਾ ਦੂਰ ਕਰੋ ਮੇਰੇ ਭਾਈ

ਸੁਰਿੰਦਰ ਸਿੰਘ ਸੁੱਨੜ
ਫੋਨ: 530-921-0097
ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿਚ “ਵਿੱਦਿਆ ਸਾਗਰ” ਨਾਮ ਦਾ ਇੱਕ ਮਹਾਨ ਗ੍ਰੰਥ ਤਿਆਰ ਹੋਇਆ। ਇਸ ਗ੍ਰੰਥ ਦਾ ਭਾਰ ਨੌਂ ਮਣ ਦੱਸਦੇ ਹਨ ਵਿਦਵਾਨ, ਪਰ ਜਦੋਂ 1705 ਵਿਚ ਆਨੰਦਪੁਰ ਸਾਹਿਬ ਦਾ ਕਿਲਾ ਛੱਡ ਕੇ ਸਰਸਾ ਨਦੀ ਨੂੰ ਪਾਰ ਕਰਨ ਲੱਗੇ ਤਾਂ “ਵਿੱਦਿਆ ਸਾਗਰ” ਗ੍ਰੰਥ ਸਰਸਾ ਵਿਚ ਰੁੜ ਗਿਆ। ਕੁਝ ਸਿੱਖਾਂ ਨੇ ਆਪਣੀ ਜਾਨ `ਤੇ ਖੇਡਦਿਆਂ ਕੁਝ ਪੱਤਰੇ ਬਚਾਏ ਵੀ। ਉਹ ਵੱਖ ਵੱਖ ਸਿੱਖਾਂ ਦੇ ਹੱਥ ਆਏ ਵਰਕੇ ਕਈ ਵੱਖ ਵੱਖ ਗ੍ਰੰਥਾਂ ਵਿਚ ਅੰਕਿਤ ਵੀ ਕੀਤੇ ਮਿਲਦੇ ਹਨ। ਇਤਿਹਾਸਕਾਰਾਂ ਦੀਆਂ ਕੀਤੀਆਂ ਪੜਚੋਲਾਂ ਵਿਚ ਜ਼ਿਕਰ ਮਿਲਦਾ ਹੈ ਕਿ ਇਸ ਮਹਾਨ ਗ੍ਰੰਥ ਦੇ ਉਤਾਰੇ ਕਰਨ ਦੀ ਰੁਚੀ ਵੀ ਸਿੱਖਾਂ ਵਿਚ ਸੀ। ਵੱਖ ਵੱਖ ਬਾਣੀਆਂ ਦੇ ਅੱਧੇ ਅਧੂਰੇ ਉਤਾਰਿਆਂ ਦਾ ਵੀ ਜ਼ਿਕਰ ਆਉਂਦਾ ਹੈ।

ਦਸਮ ਪਿਤਾ ਦੇ ਜੋਤੀਜੋਤ ਸਮਾਉਣ ਤੋਂ ਬਾਅਦ ਭਾਈ ਮਨੀ ਸਿੰਘ, ਬਾਬਾ ਦੀਪ ਸਿੰਘ, ਭਾਈ ਸੁੱਖਾ ਸਿੰਘ ਅਤੇ ਬਹੁਤ ਸਾਰੇ ਹੋਰ ਸਿੱਖ ਸ਼ਰਧਾਲੂਆਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਕਰ ਕਮਲਾਂ ਨਾਲ ਤਿਆਰ ਕਰਵਾਏ ਗ੍ਰੰਥ ਦੇ ਅੰਗ ਇਕੱਤਰ ਕਰਨ ਦਾ ਯਤਨ ਕੀਤਾ। ਸਿੱਖ ਸ਼ਰਧਾਲੂਆਂ ਦੇ ਯਤਨਾਂ ਨਾਲ ਕਈ ਸਾਰੇ ਗ੍ਰੰਥ ਤਿਆਰ ਹੋਏ, ਪਰ ਇਨ੍ਹਾਂ ਸਾਰਿਆਂ ਗ੍ਰੰਥਾਂ ਵਿਚ ਨਾ ਤਾਂ ਬਾਣੀਆਂ ਦੀ ਤਰਤੀਬ ਇੱਕ ਸਮਾਨ ਹੈ ਸੀ ਅਤੇ ਨਾ ਹੀ ਬਾਣੀਆਂ ਦੀ ਗਿਣਤੀ ਬਰਾਬਰ ਹੈ ਸੀ। ਕੋਈ ਸਹੀ ਸੰਪਾਦਕ ਨਾਂ ਹੋਣ ਕਰਕੇ ਇਹ ਸਾਰੇ ਗ੍ਰੰਥ, ਇਹ ਸਾਰੀਆਂ ਬੀੜਾਂ ਵਿਵਾਦਾਂ ਦਾ ਕਾਰਨ ਬਣ ਗਈਆਂ, ਪਰ ਕਿਉਂਕਿ ਇਹ ਸਾਰੀਆਂ ਪੋਥੀਆਂ ਬਚਿੱਤਰ ਨਾਟਕ ਦੇ ਨਾਂ ਨਾਲ ਜਾਣੀਆਂ ਜਾਂਦੀਆਂ ਸਨ ਤੇ ਦਸਮ ਪਿਤਾ ਦੀ ਅਸੀਸ ਲੈ ਚੁੱਕੀਆਂ ਬਾਣੀਆਂ ਗਿਣੀਆਂ ਜਾਂਦੀਆਂ ਸਨ, ਇਸ ਲਈ ਸਿੱਖਾਂ ਦਾ ਸਨੇਹ ਇਨ੍ਹਾਂ ਬੀੜਾਂ ਨਾਲ ਬਣਿਆ ਰਿਹਾ। ਬਹੁਤ ਸਾਰੀਆਂ ਬੀੜਾਂ ਨੂੰ “ਦਸਮ ਪਾਤਸ਼ਾਹ ਕੇ ਗ੍ਰੰਥ” ਦੇ ਤੌਰ `ਤੇ ਵੀ ਜਾਣਿਆ ਜਾਂਦਾ ਰਿਹਾ।
1897 ਵਿਚ “ਗੁਰਮਤ ਗ੍ਰੰਥ ਪਰਚਾਰ ਸਭਾ” ਅੰਮ੍ਰਿਤਸਰ ਨੇ ਇਨ੍ਹਾਂ ਬੀੜਾਂ ਦੇ 32 ਵੱਖ ਵੱਖ ਗ੍ਰੰਥ ਇਕੱਤਰ ਕਰਕੇ ਇੱਕ ਤਰਤੀਬ ਦੇਣ ਦਾ ਯਤਨ ਕੀਤਾ ਅਤੇ ਸੰਪਾਦਕੀ ਕਰਕੇ ਜੋ ਗ੍ਰੰਥ ਤਿਆਰ ਹੋਇਆ, ਉਸ ਦਾ ਨਾਮ “ਦਸਮ ਗ੍ਰੰਥ” ਰੱਖਿਆ ਗਿਆ। ਇਥੇ ਜ਼ਿਕਰਯੋਗ ਹੈ ਕਿ ਬਹੁਤ ਸਾਰੇ ਸਿੱਖ ਇਹ ਸਮਝਦੇ ਹਨ ਕਿ ਆਦਿ ਗ੍ਰੰਥ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਇੱਕੋ ਹੀ ਗ੍ਰੰਥ ਹੈ, ਇਹ ਕੁਝ ਹੱਦ ਤੱਕ ਸੱਚ ਹੈ, ਪਰ ਪੂਰਨ ਸੱਚ ਇਹ ਹੈ ਕਿ 1604 ਇਸਵੀ ਵਿਚ ਜਦੋਂ ਪੰਚਮ ਪਾਤਸ਼ਾਹ ਨੇ ਸੰਪਾਦਨਾਂ ਕਰਵਾਈ, ਉਸ ਵਕਤ ਆਦਿ ਗ੍ਰੰਥ ਹੀ ਕਿਹਾ ਜਾ ਸਕਦਾ ਸੀ, ਕਿਉਂਕਿ ਆਦਿ ਗ੍ਰੰਥ ਵਿਚ ਨਾ ਤਾਂ ਨੌਂਵੇਂ ਪਾਤਸ਼ਾਹ ਦੀ ਬਾਣੀ ਅੰਕਿਤ ਸੀ ਤੇ ਨਾ ਹੀ ਗੁਰਗੱਦੀ ਹੀ ਦੇਹਧਾਰੀ ਰੂਪ ਵਿਚ ਸਮਾਪਤ ਹੋਈ ਸੀ। ਇਹ ਤਾਂ 1707 ਵਿਚ ਦਮਦਮਾ ਸਾਹਿਬ ਵਿਚ ਸੰਪੂਰਨਤਾ ਹੋਈ ਅਤੇ 1708 ਵਿਚ ਦੇਹਧਾਰੀ ਗੁਰਗੱਦੀ ਸਮਾਪਤ ਹੋਈ ਤੇ ਨਾਨਕ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸਦਾ ਸਦਾ ਲਈ ਪ੍ਰਕਾਸ਼ਮਾਨ ਹੋ ਗਈ। ਭਾਈ ਮਨੀ ਸਿੰਘ ਵਾਲੀ ਬੀੜ ਵਿਚ ਗੁਰੂ ਗ੍ਰੰਥ ਅਤੇ ਬਚਿੱਤਰ ਨਾਟਕ-ਦੋਹਾਂ ਦੀਆਂ ਬਾਣੀਆਂ ਅੰਕਿਤ ਹਨ, ਪਰ ਰਾਗਾਂ ਅਨੁਸਾਰ ਨਹੀਂ, ਗੁਰੂਆਂ ਅਨੁਸਾਰ ਬਾਣੀ ਦਰਜ ਹੈ। ਭਗਤਾਂ ਦੀ ਬਾਣੀ ਅਤੇ ਗੁਰੂ ਸਾਹਿਬਾਂ ਦੀ ਬਾਣੀ ਵੱਖ ਵੱਖ ਕਰਕੇ ਨਹੀਂ ਲਿਖੀ ਗਈ। ਬਚਿੱਤਰ ਨਾਟਕ ਵਾਲੀ ਬਾਣੀ ਇਕੱਠੀ ਹੈ, ਜੋ ਦਸਮ ਗੁਰੂ ਦੇ ਨਾਮ ਅਧੀਨ ਅੰਕਿਤ ਹੈ। ਇਸ ਬਾਣੀ ਵਿਚਲੇ 8 ਅੰਗ ਅੱਠ ਖਾਸ ਦਸਤਖੀ ਵਰਕੇ ਵੱਖਰੇ ਦਰਜ਼ ਹਨ, ਜਿਨ੍ਹਾਂ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਪਣੇ ਹੱਥੀਂ ਲਿਖਿਆ ਮੰਨਿਆ ਜਾਂਦਾ ਹੈ। ਭਾਈ ਮਨੀ ਸਿੰਘ ਵਾਲੀ ਬੀੜ ਵਿਚੋਂ ਕੋਈ ਐਸੀ ਗਵਾਹੀ ਨਹੀਂ ਮਿਲਦੀ, ਜਿਸ ਤੋਂ ਲਿਖਾਰੀ ਦੇ ਨਾਮ ਦਾ ਗਿਆਨ ਹੋ ਸਕੇ। ਨਾ ਹੀ ਇਸ ਦੇ ਰਚਨਾ-ਕਾਲ ਦੀ ਸਪਸ਼ਟਤਾ ਮਿਲਦੀ ਹੈ। ਬੀੜ ਦੇ ਅੰਤ ਵਿਚ ਇਸ ਦੇ ਉਤਾਰੇ ਦਾ ਸੰਮਤ 1770 ਬਿਕਰਮੀ ਜੋ ਲਿਖਿਆ ਮਿਲਦਾ ਹੈ, ਉਹ ਕਿਸੇ ਹੋਰ ਵਿਅਕਤੀ ਦੁਆਰਾ ਕਿਸੇ ਹੋਰ ਸਮੇਂ ਵੱਖਰੀ ਸਿਆਹੀ ਨਾਲ ਲਿਖਿਆ ਹੋਇਆ ਲਗਦਾ ਹੈ।
ਭਾਈ ਸੁੱਖਾ ਸਿੰਘ ਵਾਲੀ ਬੀੜ, ਜਿਸ ਨੂੰ “ਮੋਤੀਬਾਗ ਗੁਰਦੁਆਰੇ ਵਾਲੀ ਬੀੜ” ਵੀ ਕਿਹਾ ਜਾਂਦਾ ਹੈ, ਇਸ ਬੀੜ ਨੂੰ ਸੁੱਖਾ ਸਿੰਘ ਗ੍ਰੰਥੀ ਪਟਨਾ ਸਾਹਿਬ ਨੇ 1832 ਬਿਕਰਮੀ ਵਿਚ ਤਿਆਰ ਕਰਵਾਇਆ ਸੀ ਅਤੇ ਜਿਸ ਦਾ ਉਤਾਰਾ ਸੁੱਖਾ ਸਿੰਘ ਦੇ ਬੇਟੇ ਚੜਤ ਸਿੰਘ ਨੇ ਕੀਤਾ ਤੇ ਇਸ ਉਤਾਰੇ ਨੂੰ ਬਾਬਾ ਹਾਕਮ ਸਿੰਘ ਨੂੰ ਸੌਂਪ ਦਿੱਤਾ, ਜੋ ਬੀੜ ਮੋਤੀ ਬਾਗ ਗੁਰਦੁਆਰੇ ਵਿਚ ਮੌਜੂਦ ਰਹੀ। ਕਿਸੇ ਸਮੇਂ ਇਸ ਬੀੜ ਨੂੰ ਅੰਮ੍ਰਿਤਸਰ “ਸਿੱਖ ਰੈਫਰੈਂਸ ਲਾਇਬ੍ਰੇਰੀ, ਦਰਬਾਰ ਸਾਹਿਬ” ਭੇਜ ਦਿੱਤਾ ਗਿਆ, ਜੋ ਸ਼ਾਇਦ 1984 ਵਿਚ ਬਲੂ ਸਟਾਰ ਹਮਲੇ ਦੌਰਾਨ ਨਸ਼ਟ ਕਰ ਦਿੱਤੀ ਗਈ। ਇਸ ਬੀੜ ਦੀ ਅੱਜ ਕਲ੍ਹ ਕੋਈ ਸੂਹ ਨਹੀਂ ਮਿਲ ਰਹੀ। ਇਸ ਬੀੜ ਦਾ ਇਤਿਹਾਸਕ ਮਹੱਤਵ ਇਹ ਸੀ ਕਿ ਇਸ ਦਾ ਉਤਾਰਾ ਚੜਤ ਸਿੰਘ ਅਤੇ ਕਈ ਹੋਰ ਵਿਦਵਾਨਾਂ ਨੇ ਮਿਲ ਕੇ ਕੀਤਾ ਸੀ, ਸੱਤ ਅੰਗ ਖਾਸ ਦਸਤਖੀ ਅੰਗ ਵੀ ਸ਼ਾਮਲ ਸਨ। ਇੱਕ ਹੋਰ ਖਾਸੀਅਤ ਸੀ ਕਿ ਇਸ ਦੇ ਅੰਤ ਵਿਚ ਜ਼ਫਰਨਾਮਾ ਗੁਰਮੁਖੀ ਅਤੇ ਫਾਰਸੀ-ਦੋਹਾਂ ਵਿਚ ਲਿਖਿਆ ਹੋਇਆ ਸੀ।
ਸੰਗਰੂਰ ਵਾਲੀ ਬੀੜ, ਜਿਸ ਨੂੰ ਸਾਰਾ ਸਿੱਖ ਜਗਤ ਦਸਮ ਗ੍ਰੰਥ ਦੇ ਤੌਰ `ਤੇ ਜਾਣਦਾ ਹੈ, ਇਸ ਬੀੜ ਦੇ 1166 ਅੰਗਾਂ ਵਿਚੋਂ ਪਹਿਲੇ 600 ਅੰਗ ਗੁਰੂ ਗ੍ਰੰਥ ਸਾਹਿਬ ਦੇ 1 ਤੋਂ 600 ਅੰਗਾਂ ਦੀ ਬਾਣੀ ਹੈ, ਅਤੇ ਦੂਜੇ ਹਿੱਸੇ ਵਿਚ 601 ਤੋਂ 1166 ਅੰਗਾਂ ਵਿਚ ਬਚਿੱਤਰ ਨਾਟਕ ਵਿਚਲੀਆਂ ਕੁਝ ਬਾਣੀਆਂ ਦਰਜ ਹਨ। ਇਵੇਂ ਜਾਪਦਾ ਹੈ ਕਿ ਇਹ ਬੀੜ ਭਾਈ ਮਨੀ ਸਿੰਘ ਵਾਲੀ ਬੀੜ ਤੋਂ ਹੀ ਉਤਾਰਾ ਕੀਤਾ ਗਿਆ ਹੈ, ਕਿਉਂਕਿ ਭਾਈ ਮਨੀ ਸਿੰਘ ਵਾਲੀ ਬੀੜ ਵਾਂਗ ਹੀ ਅਰੰਭ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਹੁੰਦਾ ਹੈ ਤੇ ਦੂਸਰੇ ਹਿੱਸੇ ਵਿਚ ਦਸਮ ਗ੍ਰੰਥ ਦੀ ਬਾਣੀ ਅੰਕਿਤ ਕੀਤੀ ਗਈ ਹੈ। ਅੰਤ ਵਿਚ ਕੁਝ ਅਸਫੋਕਟ ਕਬਿੱਤ ਅਤੇ ਸਿਰਲੇਖ ਤੋਂ ਬਿਨਾ ਕੁਝ ਪਦ ਦਰਜ ਹਨ। ਪਟਨੇ ਵਾਲੀ ਬੀੜ ਅਸਲ ਵਿਚ ਇੱਕ ਨਹੀਂ ਹੈ, ਪਟਨਾ ਸਾਹਿਬ ਤੋਸ਼ਾਖਾਨੇ ਵਿਚ ਕਈ ਸਾਰੀਆਂ ਬੀੜਾਂ ਮੌਜੂਦ ਹਨ, ਜਿਨ੍ਹਾਂ ਬੀੜਾਂ ਨੂੰ ਦਸਮ ਗ੍ਰੰਥ ਕਹਿਣ ਲਈ ਕੁਝ ਲੋਗ ਬਜ਼ਿਦ ਹਨ। ਵਿੱਦਿਆ ਸਾਗਰ ਮਹਾਨ ਗ੍ਰੰਥ ਦੇ ਵੱਖ ਵੱਖ ਉਤਾਰੇ, ਜੋ ਸਾਰੇ ਦੇ ਸਾਰੇ ਅੱਧੇ ਅਧੂਰੇ ਜਾਪਦੇ ਹਨ, ਉਹ ਸੈਂਕੜੇ ਗ੍ਰੰਥ, ਜਿਨ੍ਹਾਂ ਨੂੰ ਲੋਕ ਦਸਮ ਗ੍ਰੰਥ ਕਹਿਣ ਲਈ ਬਜ਼ਿਦ ਹਨ, ਜੋ ਕਦੇ ਬਚਿੱਤਰ ਨਾਟਕ ਤੇ ਕਦੇ ਕਈ ਹੋਰ ਨਾਂਵਾਂ ਨਾਲ ਜਾਣੇ ਜਾਂਦੇ ਰਹੇ, ਉਨ੍ਹਾਂ ਗ੍ਰੰਥਾਂ ਵਿਚੋਂ 32 ਗ੍ਰੰਥ ਲੈ ਕੇ ਜੋ ਬਾਣੀਆਂ ਨੂੰ ਤਰਤੀਬ ਦੇ ਕੇ 1897 ਵਿਚ “ਦਸਮ ਗ੍ਰੰਥ” ਤਿਆਰ ਕਰਵਾਇਆ ਗਿਆ, ਉਸ ਗ੍ਰੰਥ ਦੀਆਂ ਬਾਣੀਆਂ ਨੂੰ ਵਿਚਾਰਨ ਦਾ ਯਤਨ ਕਰਨਾ ਚਾਹੁੰਦੇ ਹਾਂ।
ਦਸਮ ਗ੍ਰੰਥ ਵਿਚਲੀਆਂ ਬਾਣੀਆਂ ਦਾ ਵੇਰਵਾ:
(1) ਜਾਪ ਸਾਹਿਬ: ਇਸ ਬਾਣੀ ਦੀ ਰਚਨਾ ਕਦੋਂ ਹੋਈ, ਇਸ ਦਾ ਕੋਈ ਵੇਰਵਾ ਨਹੀਂ ਮਿਲਦਾ, ਪਰ ਇਸ ਰਚਨਾ ਵਿਚ ਅਕਾਲ ਪੁਰਖ ਦੇ ਨਿਰਗੁਣੀ ਸਰੂਪ ਦਾ ਵਿਸਥਾਰਕ ਸਪਸ਼ਟੀਕਰਨ ਹੋਣ ਕਰਕੇ ਅਤੇ ਪਰਮਾਤਮਾ ਦੇ ਨਿਰਵਿਕਾਰ, ਨਿਰਾਕਾਰ, ਸਦੀਵੀ ਹੋਂਦ ਵਾਲਾ, ਸਰਬਸ਼ਕਤੀਵਾਨ, ਸੰਸਾਰਕ ਦੁਨੀਆਂਦਾਰੀ ਦੀਆਂ ਸੀਮਾਵਾਂ ਤੋਂ ਉੱਪਰ ਅਸੀਮ ਲਿਖਿਆ ਗਿਆ ਹੈ, ਇਸ ਲਈ ਇਹ ਬਾਣੀ ਦਸਮ ਪਿਤਾ ਦੀ ਉਚਾਰੀ ਹੋਈ ਸਿੱਧ ਹੁੰਦੀ ਹੈ, ਗੁਰੂ ਨਾਨਕ ਵਿਚਾਰਧਾਰਾ ਨਾਲ ਮੇਲ ਖਾਂਦੀ ਹੈ। ਭਗਤੀ ਅਤੇ ਸ਼ਕਤੀ ਦਾ ਸੁੰਦਰ ਸਮੇਲ ਹੈ।
(2) ਅਕਾਲ ਉਸਤਤ: ਅਕਾਲ ਉਸਤਤ ਨੂੰ ਜਦੋਂ ਅਜੋਕੇ ਦਸਮ ਗ੍ਰੰਥ ਵਿਚ ਸ਼ਾਮਿਲ ਕੀਤਾ ਗਿਆ ਤਾਂ ਸੰਪਾਦਕਾਂ ਨੇ ਇਸ ਬਾਣੀ ਨੂੰ ਕਿਸੇ ਐਸੀ ਪੋਥੀ ਵਿਚੋਂ ਲਿਆ ਜਾਪਦਾ ਹੈ, ਜਿਸ ਵਿਚ ਦਸਮ ਪਿਤਾ ਦੀ ਮੋਹਰ ਲੱਗੀ ਹੋਵੇ। ਚੌਪਈ ਛੰਦਾਂ ਵਿਚ ਓਅੰਕਾਰ ਨੂੰ ਇਸ ਕਦਰ ਪ੍ਰਣਾਮ ਕੀਤਾ ਗਿਆ ਹੈ ਕਿ ਮੂਲ ਮੰਤਰ ਵਰਗੀ ਉਸਤਤੀ ਨਜ਼ਰ ਪੈਂਦੀ ਹੈ। ਦਸ ਚੌਪਈਆਂ ਤੋਂ ਬਾਅਦ ਦਸ ਕਬਿੱਤ ਹਨ। ਅਕਾਲਪੁਰਖ ਦੀ ਅਨੇਕਤਾ ਵਿਚ ਏਕਤਾ ਗੁਰਬਾਣੀ ਦੀਆਂ ਅਗਾਧ ਬੋਧ ਸੁਰਾਂ ਨਾਲ ਮੇਲ ਖਾਂਦੀ ਬਾਣੀ ਗੁਰੂ ਪਿਤਾ ਦੀ ਸ਼ਖਸੀਅਤ ਅਤੇ ਵਿਦਵਤਾ ਵਿਚੋਂ ਹੀ ਉਪਜੀ ਜਾਪਦੀ ਹੈ। ਇਸ ਤੋਂ ਅੱਗੇ 10 ਸਵੱਈਯੇ ਹਨ, ਜੋ ਸਿੱਖਾਂ ਦੇ ਪੰਜ ਬਾਣੀਆਂ ਨਿੱਤਨੇਮ ਵਿਚ ਸ਼ਾਮਲ ਹਨ, ਉਹ ਵੀ ਗੁਰੂ ਸਾਹਿਬ ਦੀ ਹੀ ਰਚੀ ਹੋਈ ਰਚਨਾ ਹੈ।
ਅਗਲੇ 20 ਤੋਮਰ ਛੰਦ ਵੀ ਸਰਬਵਿਆਪਕ ਸਰਬ ਸ਼ਕਤੀਮਾਨ ਅਕਾਲਪੁਰਖ ਦਾ ਹੀ ਗੁਣਗਾਣ ਹੈ। ਇਹ ਜੋ ਕਬਿੱਤ ਹਨ, ਭੁਜੰਗ ਪ੍ਰਯਾਤ ਛੰਦ ਹਨ, ਪਾਧੜੀ ਛੰਦ ਹਨ, ਤੋਟਕ ਛੰਦ ਹਨ, ਨਰਾਜ ਅਤੇ ਰੂਆਮਲ ਛੰਦ ਹਨ-ਇਹ ਸਾਰੀ ਦੀ ਸਾਰੀ ਅਕਾਲ ਉਸਤਤ ਹੈ। ਫਿਰ ਦਸ ਦੋਹਰੇ ਹਨ, ਜੋ ਅਕਾਲ ਉਸਤਤ ਤੋਂ ਹਟਵੇਂ ਹੋਣ ਕਰਕੇ ਸਤਿਗੁਰਾਂ ਦੇ ਉਚਾਰੇ ਹੋਏ ਨਹੀਂ ਲਗਦੇ। ਕੁਝ ਵਿਦਵਾਨ 10 ਦੋਹਰਿਆਂ ਦਾ ਸਰੋਤ “ਗਿਆਨ ਪ੍ਰਬੋਧ” ਮੰਨਦੇ ਹਨ। ਇਸ ਤੋਂ ਬਾਅਦ 20 ਧੀਰਗ ਤ੍ਰਿਭੰਗੀ ਛੰਦ ਹਨ। ਇਸ ਵਿਚ ਵੀ ਅਕਾਲ ਉਸਤਤ ਨਹੀਂ ਹੈ, ਸਗੋਂ ਦੇਵੀ ਚੰਡੀ ਦਾ ਗੁਣਗਾਨ ਹੈ। ਗੁਰੂ ਸਾਹਿਬਾਂ ਨੇ ਸਮੁੱਚੀ ਬਾਣੀ ਵਿਚ ਅਕਾਲ ਉਸਤਤ ਹੀ ਕੀਤੀ ਹੈ, ਇਸ ਲਈ ਇਹ ਦਸ ਦੋਹਰੇ ਅਤੇ 20 ਧੀਰਗ ਤ੍ਰਿਭੰਗੀ ਛੰਦ ਦਸਮ ਪਿਤਾ ਦੇ ਉਚਾਰੇ ਹੋਏ ਨਹੀਂ ਲਗਦੇ। ਇਸ ਤੋਂ ਅੱਗੇ 14 ਕਬਿੱਤ ਹਨ, ਜੋ ਅਨੇਕ ਜਾਤਾਂ ਧਰਮਾਂ ਸੰਪਰਦਾਵਾਂ ਦਾ ਉਲੇਖ ਹੈ। ਗੁਰੂ ਪਿਤਾ ਦੀ ਗੁਰੂ ਨਾਨਕ ਦੇ ਦਸਵੇਂ ਸਰੂਪ ਦੀ ਉਚਾਰੀ ਹੋਈ ਬਾਣੀ ਨਹੀਂ ਲਗਦੀ। ਕਈ ਛੰਦ ਅੱਧੇ ਅਧੂਰੇ ਵੀ ਹਨ।
(3) ਬਚਿੱਤ੍ਰ ਨਾਟਕ: ਬਚਿਤ੍ਰ ਨਾਟਕ ਸਮੁੱਚਾ ਪਾਤਰ ਚਿਤਰਨ ਹੈ। ਇਹ ਨਾਟਕ ਦੁਨੀਆਂ ਦੇ ਰੰਗ ਮੰਚ `ਤੇ ਆਏ ਵੱਖ ਵੱਖ ਯੁੱਗਾਂ ਦੇ ਨਾਇਕਾਂ ਦਾ ਪਾਤਰ ਚਿਤਰਨ ਹੈ। ਇਸ਼ਟ ਦੇਵ ਸ਼੍ਰੀ ਕਾਲ ਜੀ ਦੀ ਉਸਤਤ ਹੈ, ਅਕਾਲ ਉਸਤਤ ਨਹੀਂ ਹੈ; ਇਸ ਲਈ ਗੁਰੂ ਸਾਹਿਬ ਦੇ ਨਾਮ ਹੇਠ ਕਿਸੇ ਮਹਾਂ ਪੰਡਿਤ ਦੀ ਉਚਾਰੀ ਹੋਈ ਲਗਦੀ ਹੈ। ਸਮੁੱਚੀ ਗੁਰਬਾਣੀ ਵਿਚ ਪਰਮਾਤਮਾ ਨੂੰ ਇਸ ਹੱਦ ਤੱਕ ਖਤਰਨਾਕ ਭਿਆਨਕ ਡਰਾਉਣੇ ਰੂਪ ਵਿਚ ਨਹੀਂ ਲਿਖਿਆ ਗਿਆ। ਬਚਿੱਤ੍ਰ ਨਾਟਕ ਵਿਚ ਦੇਵਤਿਆਂ ਅਤੇ ਦੈਂਤਾਂ ਨੂੰ ਪਰੰਪਰਾਗਤ ਲੀਹਾਂ ਤੋਂ ਹਟ ਕੇ ਸ਼ਕਤੀ ਪ੍ਰਦਰਸ਼ਨ ਕਰਦਿਆਂ ਦਰਸਾਇਆ ਗਿਆ ਹੈ। ਇਸ ਤੋਂ ਅੱਗੇ ਸੋਢੀ ਵੰਸ਼ ਨੂੰ ਜਿਸ ਵੰਸ਼ ਦਾ ਗੁਰੂ ਇਤਹਾਸ ਨਾਲ ਬਹੁਤ ਪੱਕਾ ਰਿਸ਼ਤਾ ਹੈ, ਉਸ ਵੰਸ਼ ਨੂੰ ਸੀਤਾ ਮਾਤਾ ਦੇ ਪੁੱਤਰਾਂ-ਲਵ ਤੇ ਕੁਸ਼ ਦਾ ਖਾਨਦਾਨ ਦੱਸਿਆ ਗਿਆ ਹੈ। ਇਹ ਠੀਕ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਵੀ ਸੋਢੀ ਸਨ, ਪਰ ਯਕੀਨ ਕਰਨ ਨੂੰ ਦਿਲ ਨਹੀਂ ਕਰਦਾ ਕਿ ਗੁਰੂ ਸਾਹਿਬ ਨੇ ਖੁਦ ਲਿਖਿਆ ਹੋਵੇ ਕਿ ਸੀਤਾ ਗੋਬਿੰਦ ਸਿੰਘ ਜੀ ਦੀ ਨਾਨੀ ਪੜਨਾਨੀ ਸੀ। ਸੋਢੀਆਂ ਨੇ ਕੁੱਟ ਕੇ ਭਜਾਏ ਕੁਸ਼ ਵੰਸ਼ੀ, ਜੋ ਕਾਂਸ਼ੀ ਚਲੇ ਗਏ, ਉਹ ਵੇਦਾਂ ਦਾ ਅਧਿਐਨ ਕਰਕੇ ਵੇਦੀ ਬਣ ਗਏ। ਉਸ ਵੇਦੀ ਖਾਨਦਾਨ ਨੂੰ ਗੁਰੂ ਨਾਨਕ ਦੇ ਖਾਨਦਾਨ ਨੂੰ ਸੋਢੀਆਂ ਦੇ ਵਿਰੋਧ ਵਿਚ ਚਿਤਰਨਾ, ਗੁਰੂ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਦੇ ਆਪਸੀ ਵਿਰੋਧੀ ਹੋਣ ਦੀ ਕਥਾ ਵੀ ਗੁਰੂ ਦੀ ਉਚਾਰੀ ਹੋਈ ਨਹੀਂ ਲਗਦੀ। ਇਹ ਸਾਰਾ ਗੁਰੂ ਇਤਹਾਸ, ਜੋ ਬਚਿੱਤ੍ਰ ਨਾਟਕ ਵਿਚ ਬੜੇ ਨਾਟਕੀ ਢੰਗ ਨਾਲ ਲਿਖਿਆ ਗਿਆ ਹੈ, ਉਹ ਗੁਰੂ ਸਾਹਿਬਾਂ ਦੀ ਰਚਨਾ ਨਹੀਂ ਹੋ ਸਕਦੀ। ਇਹ ਤਾਂ ਕਿਸੇ ਸਿੱਖ ਦੀ ਰਚਨਾ ਵੀ ਨਹੀਂ ਹੋ ਸਕਦੀ। ਸਮੁੱਚੇ ਬਚਿੱਤ੍ਰ ਨਾਟਕ 580 ਅੰਗਾਂ ਵਿਚੋਂ ਇੱਕ ਦੋ ਸ਼ਬਦ ਗੁਰੂ ਸਾਹਿਬ ਦੇ ਲਿਖੇ ਲੱਗੇ, ਉਹ ਵੀ ਸ਼ਾਇਦ ਇਸ ਕਰਕੇ ਲੱਗੇ ਕਿ ਬਚਪਨ ਤੋਂ ਲੈ ਕੇ ਉਹ ਸ਼ਬਦ ਗੁਰੂ ਘਰਾਂ ਦੇ ਕੀਰਤਨੀਆਂ ਤੋਂ ਸੁਣਦੇ ਆਏ ਹਾਂ, ਇਸ ਲਈ ਸਾਰੀ ਉਮਰ ਜੋ ਗੁਰ ਚਰਨਾਂ ਵਿਚ ਬੈਠ ਕੇ ਸੁਣਦੇ ਰਹੇ ਹਾਂ, ਉਸ `ਤੇ ਸ਼ੱਕ ਕਰਨ ਨੂੰ ਦਿਲ ਨਹੀਂ ਕਰਦਾ।
(4) ਚੰਡੀ ਚਰਿਤ੍ਰ-1: ਇਹ ਰਚਨਾ ਗੁਰੂ ਨਾਨਕ ਦੇ ਫਲਸਫੇ ਤੋਂ ਸੈਆਂ ਕੋਹਾਂ ਦੂਰ ਦੀ ਰਚਨਾ ਹੈ। ਵਿਸ਼ਨੂੰ ਦੇ ਕੰਨਾਂ ਦੀ ਮੈਲ ਤੋਂ ਮਧੂ ਤੇ ਕੈਟਿਭ ਨਾਂ ਦੇ ਦੈਂਤਾਂ ਦਾ ਜਨਮ ਹੋਣਾ ਅਤੇ ਵਿਸ਼ਨੂੰ ਦੁਆਰਾ ਉਨ੍ਹਾਂ ਦੇ ਬਧ ਕਰਨ ਦੀ ਕਹਾਣੀ ਹੈ। ਇਸ ਕਥਾ ਪ੍ਰਸੰਗ ਦਾ ਆਧਾਰ ਮਾਰਕੰਡਾ ਪੁਰਾਣ ਹੈ। ਮਾਰਕੰਡਾ ਪੁਰਾਣ ਵਿਚ ਇਹ ਕਥਾ 77 ਸਲੋਕਾਂ ਵਿਚ ਹੈ, ਪਰ ਚੰਡੀ ਚਰਿਤ੍ਰ ਵਿਚ ਇਸ ਨੂੰ ਛੇਆਂ ਛੰਦਾਂ ਵਿਚ ਹੀ ਲਿਖਿਆ ਹੈ। ਸੋ, ਕਹਿਣ ਤੋਂ ਭਾਵ ਮਾਰਕੰਡੇ ਪੁਰਾਣ ਦੀ ਰਚਨਾ ਤਾਂ ਦਸਵੇਂ ਪਾਤਸ਼ਾਹ ਦੀ ਰਚਨਾ ਨਹੀਂ ਹੈ, ਤੇ ਇਸ ਨੂੰ ਗੁਰੂ ਗੋਬਿੰਦ ਸਿੰਘ ਦੀ ਰਚਨਾ ਕਹਿਣ ਨੂੰ ਸਾਡਾ ਦਿਲ ਨਹੀਂ ਕਰਦਾ। ਚੰਡੀ ਚਰਿਤ੍ਰ ਦੇ ਦੂਜੇ ਅਧਿਆਏ ਵਿਚ ਮਹਿਖਾਸੁਰ ਨਾਲ ਹੋਏ ਚੰਡੀ ਦੇ ਯੁੱਧ ਦੀ ਕਥਾ ਹੈ, ਜੋ ਮਾਰਕੰਡਾ ਪੁਰਾਣ ਦੇ 82ਵੇਂ ਅਤੇ 83ਵੇਂ ਅਧਿਆਏ ਨਾਲ ਮੇਲ ਖਾਂਦੀ ਹੈ। ਪਾਠਕ ਇਸ ਗੱਲ ਨਾਲ ਤਾਂ ਸਹਿਮਤ ਹੋਣਗੇ ਕਿ ਮਾਰਕੰਡਾ ਗ੍ਰੰਥ ਗੁਰੂ ਗੋਬਿੰਦ ਸਿੰਘ ਨੇ ਨਹੀਂ ਲਿਖਿਆ। ਤੀਜੇ ਅਧਿਆਏ ਵਿਚ ਸ਼ੁੰਭ ਅਤੇ ਨਿਸ਼ੁੰਭ ਵਾਲੀ ਕਥਾ ਵੀ ਮਾਰਕੰਡੇ ਪੁਰਾਣ ਦੇ 84-85 ਅਤੇ 86 ਅਧਿਆਏ ਵਿਚੋਂ ਨਕਲ ਮਾਰ ਕੇ ਲਿਖੀ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਸ਼ਾਇਦ ਨਕਲ ਮਾਰਨ ਦੇ ਸ਼ੌਕੀਨ ਨਹੀਂ ਹੋ ਸਕਦੇ। ਚੌਥਾ ਅਤੇ ਪੰਜਵਾਂ ਅਧਿਆਏ ਵੀ ਚੰਡੀ ਚਰਿਤ੍ਰ ਦਾ ਮਾਰਕੰਡੇ ਪੁਰਾਣ ਦੇ 87ਵੇਂ ਅਤੇ 88ਵੇਂ ਅਧਿਆਏ ਦੀ ਹੀ ਨਕਲ ਹੈ, ਛੇਵਾਂ ਅਧਿਆਏ 89ਵੇਂ ਅਧਿਆਏ ਦੀ ਨਕਲ ਹੈ, ਸੱਤਵਾਂ ਅਧਿਆਏ ਮਾਰਕੰਡੇ ਪੁਰਾਣ ਦੇ 90ਵੇਂ ਅਧਿਆਏ `ਚੋਂ ਚੋਰੀ ਕੀਤਾ ਹੈ। ਚੰਡੀ ਚਰਿਤ੍ਰ ਦੀ ਪੂਰਨ ਰਚਨਾ ਕੌਤਕ ਹੇਤ ਕੀਤੀ ਗਈ ਰਚਨਾ ਹੈ, ਜੋ ਨਾ ਤਾਂ ਗੁਰੂ ਇਤਿਹਾਸ ਤੇ ਨਾ ਹੀ ਸਿੱਖ ਗੁਰੂਆਂ ਦੇ ਫਲਸਫੇ ਨਾਲ ਕਿਸੇ ਤਰ੍ਹਾਂ ਰਲਦੀ-ਮਿਲਦੀ ਹੈ।
(5) ਚੰਡੀ ਚਰਿਤ੍ਰ-2: ਇਹ ਰਚਨਾ ਹੂਬਹੂ ਚੰਡੀ ਚਰਿਤ੍ਰ-1 ਦੀ ਹੀ ਨਕਲ ਹੈ। ਇਹ ਕਿਸੇ ਹੋਰ ਵਿਦਵਾਨ ਦਾ ਲਿਖਿਆ ਹੋਇਆ ਲਗਦਾ ਹੈ। ਮਾਰਕੰਡੇ ਪੁਰਾਣ ਦੀਆਂ ਕਥਾਵਾਂ ਨੂੰ ਹੀ ਆਧਾਰ ਬਣਾਇਆ ਹੈ, ਪਰ ਇਸ ਵਿਚ ਯੁੱਧ ਵਰਣਨ ਕਰਨ ਦੀ ਵਿਧੀ ਵੱਖਰੀ ਹੈ। ਇਹ ਬਿਲਕੁਲ ਸਪਸ਼ਟ ਹੈ ਕਿ ਇਸ ਚਰਿਤ੍ਰ ਕਥਾ ਦੇ ਮੁੱਖ ਕਥਾ ਸੂਤਰ ਮਾਰਕੰਡੇ ਪੁਰਾਣ ਤੋਂ ਹੀ ਲਏ ਗਏ ਹਨ। ਅਸੀਂ ਕਦਾਚਿੱਤ ਇਸ ਗੱਲ ਨਾਲ ਸਹਿਮਤ ਨਹੀਂ ਕਿ ਮਾਰਕੰਡਾ ਪੁਰਾਣ ਕਲਗੀਧਰ ਪਾਤਸ਼ਾਹ ਦੀ ਰਚਨਾ ਹੈ। ਸਿੱਖ ਧਰਮ ਦੇ ਨਿਮਾਣੇ ਜਿਹੇ ਵਿਦਿਆਰਥੀ ਹੋਣ ਦੇ ਨਾਤੇ ਮੈਨੂੰ ਨਹੀਂ ਲਗਦਾ ਕਿ ਚੰਡੀ ਚਰਿਤ੍ਰ ਦਸਵੇਂ ਪਾਤਸ਼ਾਹ ਦੀ ਰਚਨਾ ਹੈ।
(6) ਵਾਰ ਦੁਰਗਾ ਕੀ: ਇਹ ਰਚਨਾ ਪੰਜਾਬੀ ਭਾਸ਼ਾ ਵਿਚ ਲਿਖੀ ਹੋਈ ਹੈ। ਸਪਸ਼ਟ ਤੌਰ `ਤੇ ਸਤਿਗੁਰੂ ਗੋਬਿੰਦ ਸਿੰਘ ਦੀ ਰਚੀ ਹੋਈ ਰਚਨਾ ਹੈ। ਇਸ ਨੂੰ ਚੰਡੀ ਦੀ ਵਾਰ ਨਾਲ ਵੀ ਜਾਣਿਆ ਜਾਂਦਾ ਹੈ। ਇਸ ਵਾਰ ਦੀ ਪਹਿਲੀ ਪੌੜੀ, ਜੋ ਮੰਗਲਾਚਰਣ ਵਜੋਂ ਲਿਖੀ ਗਈ ਹੈ, ਨੂੰ ਸਤਿਕਾਰ ਵਜੋਂ ਸਿੱਖ ਵਿਦਵਾਨਾਂ ਨੇ ਅਰਦਾਸ ਵਿਚ ਸ਼ਾਮਲ ਕਰ ਲਿਆ ਹੈ। ਸਿੱਖ ਜਦੋਂ ਵੀ ਅਰਦਾਸ ਕਰਦੇ ਹਨ, ਉਹ ਅਰਦਾਸ ਖੁਸ਼ੀ ਦੀ ਹੈ ਜਾਂ ਗਮੀ ਦੀ, ਇਸ ਮੰਗਲਾਚਾਰ ਤੋਂ ਹੀ ਸ਼ੁਰੂ ਕਰਦੇ ਹਨ। ਅਤਿਕਥਨੀ ਅਲੰਕਾਰ ਵਿਚ ਵੀਰ ਰਸ ਦੀ ਉੱਤਮ ਰਚਨਾ ਹੈ। ਗੁਰੂ ਨਾਨਕ ਨੇ ਵੀ ਅਤਿਕਥਨੀ ਅਲੰਕਾਰ ਦੀ ਵਰਤੋਂ ਕੀਤੀ ਹੈ, ਜਿਵੇਂ,
ਜੇ ਯੁੱਗ ਚਾਰੇ ਆਰਜਾ ਹੋਰ ਦਸੂਣੀ ਹੋਇ॥
ਨਵਾਂ ਖੰਡਾਂ ਵਿਚ ਜਾਣੀਏ ਨਾਲ ਚਲੇ ਸਭ ਕੋਇ॥
ਦਸਮ ਪਿਤਾ ਨੇ ਵੀ ਆਪਣੇ ਪੁਰਖਿਆਂ ਦੇ ਨਕਸ਼ੇ ਕਦਮ `ਤੇ ਚੱਲਦਿਆਂ ਅਤਿਕਥਨੀ ਅਲੰਕਾਰ ਵਰਤਦਿਆਂ ਕਾਵਿ ਉਡਾਰੀਆਂ ਲਾਈਆਂ ਹਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚ ਬ੍ਰਹਮਾ, ਵਿਸ਼ਨੂੰ, ਮਹੇਸ਼ ਸਮੇਤ ਵੇਦਾਂ ਸ਼ਾਸਤਰਾਂ ਵਿਚ ਆਏ ਸਾਰੇ ਦੇਵੀ-ਦੇਵਤਿਆਂ ਦਾ ਜ਼ਿਕਰ ਕੀਤਾ ਹੈ। ਪੁਰਾਣ ਸ਼ਾਸਤਰ ਅਤੇ ਹਰ ਕੁਰਾਨ ਕਤੇਬ ਦਾ ਜ਼ਿਕਰ ਕੀਤਾ ਹੈ, ਉਸੇ ਤਰ੍ਹਾਂ ਚੰਡੀ ਦੀ ਵਾਰ ਵਿਚ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਮਾਰਕੰਡੇ ਪੁਰਾਣ ਵਿਚਲੇ ਦੇਵੀ-ਦੇਵਤਿਆਂ ਦਾ ਵਰਣਨ ਕੀਤਾ ਹੈ। ਜਿਵੇਂ ਗੁਰੂ ਗ੍ਰੰਥ ਸਾਹਿਬ ਵਿਚ ਰਾਵਣ ਨੂੰ ਮੂਰਖ ਲਿਖਿਆ ਹੈ, ਕੌਰਵਾਂ ਪਾਂਡਵਾਂ ਦਾ ਜ਼ਿਕਰ ਕੀਤਾ ਹੈ, ਠੀਕ ਉਸੇ ਤਰ੍ਹਾਂ ਪੁਰਾਣਾਂ ਵਿਚ ਵਰਣਨ ਦੇਵੀ-ਦੇਵਤਿਆਂ ਦਾ ਵਰਣਨ ਗੁਰੂ ਗੋਬਿੰਦ ਸਿੰਘ ਜੀ ਨੇ ਚੰਡੀ ਦੀ ਵਾਰ ਲਿਖਦਿਆਂ ਕੀਤਾ ਹੈ। ਲੇਕਿਨ ਯਾਦ ਰਹੇ, ਗੁਰਬਾਣੀ ਦਾ ਇਹ ਕਥਨ “ਗੁਰ ਜੇਵਡ ਨਹੀਂ ਕੋ ਦੇਵ” ਅਲੰਕਾਰਿਕ ਰੂਪ ਵਿਚ ਲਿਖਣਾ ਅਲਗ ਗੱਲ ਹੈ। ਸੋ, ਮੇਰੇ ਖਿਆਲ ਅਨੁਸਾਰ ਚੰਡੀ ਦੀ ਵਾਰ ਵਿਚ ਅਲੰਕਾਰਿਕ ਰੂਪ ਵਿਚ ਦੁਰਗਾ ਦੇ ਵਰਣਨ ਆਏ ਕਰਕੇ ਹੀ ਕਿਸੇ ਮਹਾਂਪੰਡਿਤ ਨੇ ਚੰਡੀ ਚਰਿਤ੍ਰ ਲਿਖ ਕੇ ਗੁਰੂ ਸਾਹਿਬ ਨੂੰ ਉਸ ਦਾ ਰਚੈਤਾ ਕਹਿਣ ਦੀ ਚਤੁਰਾਈ ਕੀਤੀ ਹੈ, ਪਰ ਇਸ ਵਿਚ ਸ਼ੱਕ ਦੀ ਕੋਈ ਗੁੰਜਾਇਸ਼ ਨਹੀਂ ਕਿ ਚੰਡੀ ਦੀ ਵਾਰ ਦਸਮ ਪਿਤਾ ਦੀ ਹੀ ਲਿਖੀ ਹੋਈ ਰਚਨਾ ਹੈ।
(7) ਗਿਆਨ ਪ੍ਰਬੋਧ: ਇਹ ਰਚਨਾ ਸੰਪੂਰਣ ਰਚਨਾ ਨਹੀਂ ਜਾਪਦੀ। ਇਸ ਰਚਨਾ ਦੇ ਅੰਤ `ਤੇ ਕੋਈ ਸਮਾਪਤੀ ਸੰਕੇਤ ਨਹੀਂ ਮਿਲਦਾ। ਗਿਆਨ ਪ੍ਰਬੋਧ ਵਿਚ ਰਿਗ ਵੇਦ ਵਾਂਗ ਕੁਦਰਤੀ ਸ਼ਕਤੀਆਂ ਦੇ ਨਾਲ ਸੰਵਾਦ ਹੈ। ਸੰਸਾਰ ਦੇ ਚਾਰ ਧਰਮਾਂ, ਚਾਰ ਵਰਣਾਂ ਬਾਰੇ ਸਵਾਲ ਦੇ ਜਵਾਬ ਵਿਚ ਸਿਰਫ ਰਾਜ ਧਰਮ `ਤੇ ਹੀ ਚਰਚਾ ਕੀਤੀ ਗਈ ਹੈ; ਦਾਨ ਧਰਮ, ਭੋਗ ਧਰਮ ਤੇ ਮੋਖ ਧਰਮ `ਤੇ ਕਿਸੇ ਚਰਚਾ ਦਾ ਕੋਈ ਸੰਕੇਤ ਨਹੀਂ ਮਿਲਦਾ। ਕਥਾ ਕਰਦਿਆਂ ਕਰਦਿਆਂ ਜਿਵੇਂ ਕੋਈ ਐਸਾ ਕਾਰਨ ਬਣਿਆ ਕਿ ਕਥਾ ਅੱਧੀ ਅਧੂਰੀ ਹੀ ਰਹਿ ਗਈ ਹੈ। ਸੁਰਾਪਾਨ, ਜੂਆ ਖੇਡਣ ਅਤੇ ਪਰਾਈ ਇਸਤਰੀ ਨਾਲ ਸਬੰਧ ਰੱਖਣ ਦੇ ਮਾੜੇ ਨਤੀਜਿਆਂ ਨੂੰ ਉਜਾਗਰ ਕੀਤਾ ਗਿਆ ਹੈ। ਮਹਾਂਭਾਰਤ ਤੇ ਭਾਗਵਤ ਪੁਰਾਣ ਵਿਚਲੇ ਪ੍ਰਸੰਗ ਨਜ਼ਰ ਆਉਂਦੇ ਹਨ, ਪਰ ਇਹ ਪ੍ਰਸੰਗ ਇਨਸਾਨ ਨੂੰ ਸਹੀ ਮਾਰਗ ਦਰਸ਼ਣ ਕਰਵਾਉਣ ਲਈ ਵਰਤੇ ਗਏ ਹਨ। ਸਮੁੱਚੇ ਤੌਰ `ਤੇ ਕਿਹਾ ਜਾ ਸਕਦਾ ਹੈ ਕਿ ਇਹ ਰਚਨਾ ਆਦਰਸ਼ਵਾਦੀ ਹੈ। ਪਰਮਾਤਮਾ ਦੀ ਵਿਆਪਕਤਾ, ਸਰਬਸ਼ਕਤੀਮਾਨਤਾ ਅਤੇ ਆਨੰਤਤਾ ਸਵਿਕਾਰ ਕਰਦੀ ਇਹ ਰਚਨਾ ਅਧਿਆਤਮਕਤਾ ਵਿਚ ਰਚੀ ਹੋਈ ਰਚਨਾ ਹੈ, ਪਰ ਇਸ ਦਾ ਅਧੂਰਾਪਣ ਸਾਫ ਨਜ਼ਰ ਆਉਂਦਾ ਹੈ। ਕਿਸੇ ਕਥਾ ਨੂੰ ਕਰਦਿਆਂ ਕਰਦਿਆਂ ਵਿਚ ਵਿਚਾਲੇ ਹੀ ਛੱਡ ਦਿੱਤਾ ਜਾਵੇ ਤਾਂ ਫਿਰ ਗੱਲ ਬਣਦੀ ਨਹੀਂ, ਪਰ ਇਸ ਰਚਨਾ ਨੂੰ ਭਾਵੇਂ ਇਹ ਅਧੂਰੀ ਰਚਨਾ ਹੀ ਹੈ ਤਾਂ ਵੀ ਇਸ ਨੂੰ ਜੇ ਕੋਈ ਗੁਰੂ ਪਿਤਾ ਦੀ ਬਾਣੀ ਕਹਿਣਾ ਚਾਹੇ ਤਾਂ ਮੈਨੂੰ ਇਸ ਵਿਚ ਕੋਈ ਗੱਲ ਗਲਤ ਨਹੀਂ ਲਗਦੀ।
(8) ਚੌਵੀਸ ਅਵਤਾਰ: ਇਸ ਰਚਨਾ ਵਿਚ ਵਿਸ਼ਣੂੰ ਦੇ 24 ਅਵਤਾਰਾਂ ਦਾ ਪਾਤਰ ਚਿਤਰਣ ਹੈ। ਕਈ ਅਵਤਾਰ ਕਾਲਪਨਿਕ ਹਨ ਜਿਵੇਂ ਮੱਛ, ਕਛਪ, ਵਾਰਾਹ, ਨਰਸਿੰਘ ਤੇ ਵਾਮਨ ਅਤੇ 24ਵਾਂ ਅਵਤਾਰ ਕਾਲਕੀ ਹਾਲੇ ਪਤਾ ਨਹੀਂ ਕਦੋਂ ਆਵੇਗਾ। ਭਾਵੇਂ ਇਸ ਰਚਨਾ ਦੇ ਅਰੰਭ ਵਿਚ ਬੜੇ ਸੁਚੱਜੇ ਤਰੀਕੇ ਨਾਲ ਵਿਸ਼ਨੂੰ ਨੂੰ ਅਕਾਲਪੁਰਖ ਲਿਖਿਆ ਹੈ, ਭੁਲੇਖਾ ਪਾਉਣ ਦਾ ਯਤਨ ਹੈ ਕਿ ਇਹ 24 ਅਵਤਾਰ ਅਕਾਲਪੁਰਖ ਨੇ ਸਿਰਜੇ, ਪਰ ਇਸ ਰਚਨਾ ਦੇ ਲੇਖਕ ਗੁਰੂ ਗੋਬਿੰਦ ਸਿੰਘ ਹਰਗਿਜ਼ ਨਹੀਂ ਹੋ ਸਕਦੇ। ਚੌਵੀਸ ਅਵਤਾਰ ਰਚਨਾ ਵਿਚ 24 ਅਵਤਾਰਾਂ ਦਾ ਪਾਤਰ ਚਿਤਰਣ ਬੜੇ ਵਿਸਥਾਰ ਨਾਲ ਕੀਤਾ ਗਿਆ ਹੈ। ਮੈਂ ਜੇ ਇਸ ਵਿਸਥਾਰ ਵਿਚ ਜਾਵਾਂ ਤਾਂ ਆਪਣੇ ਵਿਸ਼ੇ ਤੋਂ ਭਟਕ ਜਾਵਾਂਗਾ, ਇਸ ਲਈ ਮੈਂ 24 ਅਵਤਾਰਾਂ ਬਾਰੇ ਚਰਚਾ ਕਰਨ ਤੋਂ ਗੁਰੇਜ਼ ਕਰਨਾ ਹੀ ਠੀਕ ਸਮਝਦਾ ਹਾਂ। ਇਨ੍ਹਾਂ ਅਵਤਾਰਾਂ ਦੀ ਵਿਸ਼ੇਸ਼ਤਾ ਹੈ ਕਿ ਹੰਕਾਰੀ ਹੋਣਾ ਤੇ ਅੰਤ ਵਿਚ ਆਪਣੇ ਕਰਮਾਂ ਦੇ ਫਲਸਰੂਪ ਨਸ਼ਟ ਹੋ ਜਾਣਾ।
(9) ਬ੍ਰਹਮਾ ਅਵਤਾਰ: ਬ੍ਰਹਮਾ ਅਵਤਾਰ ਵੀ ਬਚਿੱਤ੍ਰ ਨਾਟਕ ਦਾ ਹੀ ਇੱਕ ਭਾਗ ਲਗਦਾ ਹੈ। ਬ੍ਰਹਮਾ ਦੇ ਅਵਤਾਰ ਧਾਰਨ ਕਰਨ ਦੇ ਪਿੱਛੇ ਵੀ ਹੰਕਾਰ ਹੈ। ਅਕਾਲਪੁਰਖ ਦੇ ਹੁਕਮ ਨਾਲ ਬ੍ਰਹਮਾ ਨੇ ਵੇਦਾਂ ਦੀ ਰਚਨਾ ਤਾਂ ਕਰ ਦਿੱਤੀ, ਪਰ ਉਸ ਨਾਲ ਉਹ ਹੰਕਾਰੀ ਹੋ ਗਿਆ। ਸਜ਼ਾ ਵਜੋਂ ਬ੍ਰਹਮਾ ਨੂੰ ਧਰਤੀ `ਤੇ ਆ ਕੇ ਲੱਖਾਂ ਸਾਲ ਸੇਵਾ ਕਰਨੀ ਪਈ। ਹਰ ਕਰਮ ਦਾ ਕੋਈ ਕਾਰਨ ਹੁੰਦਾ ਹੈ ਅਤੇ ਹਰ ਘਟਨਾਕ੍ਰਮ ਦਾ ਨਤੀਜਾ ਵੀ ਹੁੰਦਾ ਹੈ। ਬ੍ਰਹਮਾ ਅਵਤਾਰ ਰਚਨਾ ਲਿਖਣ ਦਾ ਕੋਈ ਕਾਰਨ ਨਹੀਂ ਦਿਸਦਾ ਤੇ ਨਾ ਹੀ ਕੋਈ ਨਤੀਜਾ ਨਿਕਲਦਾ ਹੈ। ਸਿਰਫ ਹੰਕਾਰੀ ਘਟਨਾਕ੍ਰਮ ਹੈ। ਪੁਰਾਣ ਸ਼ਾਸਤਰਾਂ ਦੀਆਂ ਕਾਲਪਨਿਕ ਕਥਾ ਕਥਾਵਾਂ ਨੂੰ ਗੁਰੂ ਪਿਤਾ ਨੇ ਨਹੀਂ ਲਿਖਿਆ ਲਗਦਾ।
(10) ਰੁਦਰ ਅਵਤਾਰ: ਰੁਦਰ ਅਵਤਾਰ ਵੀ ਬ੍ਰਹਮਾ ਅਵਤਾਰ ਵਾਂਗ ਹੀ ਆਪਣੇ ਹੰਕਾਰ ਦੀ ਸਜ਼ਾ ਭੁਗਤਦਾ ਹੈ। ਰੁਦਰ ਅਵਤਾਰ ਦਾ ਕਥਾ ਵਰਣਨ ਪੁਰਾਣ ਸ਼ਾਸਤਰਾਂ ਪ੍ਰਾਕਿਤਾਂ ਵਿਚ ਕਿਧਰੇ ਨਹੀਂ ਮਿਲਦਾ। ਸਮੁੱਚੇ ਸਨਾਤਨ ਧਰਮ ਵਿਚ ਕਿਧਰੇ ਕੋਈ ਪ੍ਰਸੰਗ ਨਹੀਂ ਮਿਲਦਾ। ਰੁਦਰ ਅਵਤਾਰ ਦਾ ਜ਼ਿਕਰ ਜੇ ਪਹਿਲੀ ਵਾਰ ਹੀ ਹੋਇਆ ਹੈ ਤਾਂ ਇਹ ਵਰਣਨ ਕਰਨ ਦਾ ਕੋਈ ਵੀ ਕਾਰਨ ਐਸਾ ਨਹੀਂ ਲਗਦਾ ਕਿ ਰੁਦਰ ਅਵਤਾਰ ਦੀ ਕਾਢ ਗੁਰੂ ਗੋਬਿੰਦ ਸਿੰਘ ਨੇ ਕੀਤੀ ਹੈ।
(11) ਫੁਟਕਲ ਰਚਨਾਵਾਂ: ਫੁਟਕਲ ਰਚਨਾਵਾਂ ਵਿਚ ਸਭ ਤੋਂ ਪਹਿਲੀ ਰਚਨਾ ਹੈ ਸ਼ਬਦ ਹਜ਼ਾਰੇ, ਇਹ ਮੂਲ ਵਿਚ ਨੌਂ ਸਬਦ ਹਨ, ਜਿਨ੍ਹਾਂ ਦੀ ਰਚਨਾ ਰਾਗਾਂ ਵਿਚ ਕੀਤੀ ਗਈ ਹੈ। ਰਾਗ ਰਾਮਕਲੀ, ਸੋਰਠ, ਕਲਿਆਣ, ਤਿਲੰਗ, ਬਿਲਾਵਲ ਤੇ ਦੇਵਗੰਧਾਰੀ ਰਾਗਾਂ ਵਿਚ ਰਚੀ ਇਹ ਰਚਨਾ ਹਰ ਹਾਲਤ ਵਿਚ ਦਸਮ ਪਿਤਾ ਦੀ ਰਚੀ ਹੋਈ ਬਾਣੀ ਹੈ। ਸਬਦ ਹਜ਼ਾਰੇ ਪਖੰਡਾਂ ਦਾ ਖੰਡਨ ਹੈ, ਮੂਰਤੀ ਪੂਜਾ ਅਤੇ ਅਵਤਾਰਵਾਦ ਦਾ ਖੰਡਨ ਹੈ, ਵਾਸ਼ਨਾਵਾਂ ਦਾ ਤਿਆਗ ਕਰਨ ਤੇ ਚੰਗੇ ਕੰਮ ਕਰਨ ਦੀ ਪ੍ਰੇਰਨਾ ਹੈ।
ਦੂਸਰੀ ਰਚਨਾ ਹੈ ਸਵੱਈਏ, ਕੁੱਲ ਗਿਣਤੀ 33 ਹੈ। ਇਸ ਰਚਨਾ ਵਿਚ ਖਾਲਸੇ ਦੇ ਸਰੂਪ ਨੂੰ ਸਪਸ਼ਟ ਕੀਤਾ ਗਿਆ ਹੈ। ਖਾਲਸੇ ਦੇ ਚਾਰ ਮੁੱਖ ਲੱਛਣ ਪਹਿਲੇ ਸਵੱਈਏ ਵਿਚ ਹੀ ਲਿਖੇ ਹਨ; ਹਾਜ਼ਰ ਹਜ਼ੂਰ ਦੀ ਪੂਜਾ ਕਰਨ ਵਾਲਾ, ਮੜੀ ਮਸਾਣਾਂ ਤੇ ਕਬਰਾਂ ਦੀ ਪੂਜਾ ਤੋਂ ਗੁਰੇਜ਼ ਕਰਨ ਵਾਲਾ, ਕਰਮ ਕਾਂਡਾਂ ਦਾ ਤਿਆਗ ਕਰਨ ਵਾਲਾ ਅਤੇ ਪ੍ਰੇਮ ਭਗਤੀ ਰਾਹੀਂ ਅੰਤਰ ਆਤਮਾ ਵਿਚ ਪਰਮਾਤਮਾ ਦਾ ਅਨੁਭਵ ਕਰਨ ਵਾਲਾ ਹੀ ਖਾਲਸਾ ਹੈ। ਸਵੱਈਏ ਅਕਾਲ ਉਸਤਤ ਹੈ। ਪਰਮਾਤਮਾ ਨੂੰ ਵੇਦ ਪੁਰਾਣ ਕੁਰਾਨ ਆਦਿ ਧਰਮ ਗ੍ਰੰਥਾਂ ਤੋਂ ਉੱਚਾ ਦੱਸਿਆ ਹੈ, ਸਰਬਵਿਆਪਕ ਤੇ ਅੰਤਰਜਾਮੀ ਦੱਸਿਆ ਹੈ, ਅਵਤਾਰਵਾਦ ਦੀ ਕਲਪਨਾ ਤੋਂ ਪਰੇ ਦੱਸਿਆ ਹੈ। ਸਿੱਖ ਜਗਤ ਦੇ ਨਿੱਤਨੇਮ ਦੀ ਇਹ ਬਾਣੀ ਵੀ ਹਰ ਹਾਲਤ ਵਿਚ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਦੇ ਕਰ ਕਮਲਾਂ ਨਾਲ ਲਿਖੀ ਬਾਣੀ ਹੈ।
ਖਾਲਸਾ ਮਹਿਮਾ ਤੀਸਰੀ ਰਚਨਾ ਹੈ। ਕੁੱਲ 4 ਛੰਦ ਹਨ। ਖਾਲਸੇ ਦੀ ਇਸ ਕਦਰ ਵਡਿਆਈ ਕੀਤੀ ਹੈ, “ਇਨਹੀਂ ਕੀ ਕ੍ਰਿਪਾ ਕਿ ਸਜੇ ਹਮ ਹੈਂ, ਨਹੀਂ ਮੋਸੋ ਗਰੀਬ ਕਰੋਰ ਪਰੇ” ਧਾਰਮਿਕ ਦੁਨੀਆਂ ਦੇ ਇਤਿਹਾਸ ਵਿਚ ਇਹ ਇੱਕੋ ਇੱਕ ਮਿਸਾਲ ਹੈ ਕਿ ਕੋਈ ਧਰਮ ਚਲਾਉਣ ਵਾਲਾ ਧਰਮ ਸੰਸਥਾਪਕ ਆਪਣੇ ਸ਼ਿਸ਼ਾਂ ਨੂੰ ਇਤਨੀ ਮਹਾਨਤਾ ਦੇ ਰਿਹਾ ਹੈ ਅਤੇ ਪੁਰਾਣੀਆਂ ਰੂੜ ਪਰੰਪਰਾਵਾਂ ਦੀ ਨਿਖੇਧੀ ਕਰਦਾ ਹੈ। ਇਹ ਰਚਨਾ ਵੀ ਹਰ ਹਾਲਤ ਵਿਚ ਦਸਮ ਪਿਤਾ ਦੀ ਰਚਨਾ ਹੈ।
(12) ਸਸਤ੍ਰ ਨਾਮ ਮਾਲਾ: 1318 ਛੰਦਾਂ ਦੀ ਇਸ ਰਚਨਾ ਦੇ ਪੰਜ ਅਧਿਆਏ ਹਨ। ਪੰਜਵਾਂ ਅਧਿਆਏ ਸੰਪੂਰਣ ਨਹੀਂ ਜਾਪਦਾ। ਸਸਤ੍ਰ ਨਾਮ ਮਾਲਾ ਭਗਾਉਤੀ ਦੀ ਉਸਤਤ ਹੈ, ਅਨੇਕ ਪ੍ਰਕਾਰ ਦੇ ਸ਼ਸ਼ਤ੍ਰਾਂ ਅਸਤ੍ਰਾਂ ਦੇ ਚਰਚੇ ਵਿਚ ਭਗਾਉਤੀ ਦਾ ਸਤਿਕਾਰਥ ਅਸਥਾਨ ਹੈ। ਅਨੇਕ ਪਰਕਾਰ ਦੇ ਅਸਤ੍ਰ ਸ਼ਸਤਰ ਪ੍ਰਾਚੀਨ ਭਾਰਤੀ ਪ੍ਰਸੰਗ ਵਰਤ ਕੇ ਨਾ ਕੇਵਲ ਸ਼ਸਤਰਾਂ ਦੀ ਮਹਾਨਤਾ ਹੀ ਵਧਾਈ ਹੈ, ਸਗੋਂ ਸਮੇਂ ਸਮੇਂ ਸ਼ਸਤਰਾਂ ਦੀ ਵਰਤੋਂ ਕਰਨ ਦੀ ਪ੍ਰੇਰਨਾ ਵੀ ਕੀਤੀ ਹੈ। ਇਹ ਰਚਨਾ ਵੀ ਗੁਰੂ ਗੋਬਿੰਦ ਸਿੰਘ ਜੀ ਦੀ ਹੀ ਲਿਖੀ ਹੋਈ ਰਚਨਾ ਹੈ। ਇਹ ਰਚਨਾ ਪੂਰੀ ਨਹੀਂ ਲਗਦੀ, ਪਰ ਗੁਰਮਤਿ ਦੇ ਅਧਿਆਤਮਕ ਮੀਟਰ `ਤੇ ਪੂਰੀ ਉਤਰਦੀ ਹੈ।
(13) ਚਰਿਤ੍ਰੋਪਾਖਿਆਨ: ਚਰਿਤ੍ਰੋਪਾਖਿਆਨ ਦਸਮ ਗ੍ਰੰਥ ਦੇ 580 ਪੰਨਿਆਂ ਦੀ ਲੰਬੀ ਰਚਨਾ ਹੈ। ਇਸ ਦੇ ਅਰੰਭ ਵਿਚ ਹੀ ਇਸ ਰਚਨਾ ਦੇ ਰਚਨਹਾਰ ਦਾ ਨਾਮ “ਪਾਖਯਾਨ” ਲਿਖਿਆ ਹੈ। ਇਸ ਰਚਨਾ ਦੀ ਅੰਦਰਲੀ ਗਵਾਹੀ ਅਨੁਸਾਰ 1753 ਵਿਚ ਇਸ ਰਚਨਾ ਨੂੰ ਸਤਲੁਜ ਦਰਿਆ ਦੇ ਕੰਢੇ ਬੈਠ ਕੇ ਲਿਖਿਆ ਦੱਸਿਆ ਗਿਆ ਹੈ। ਇਸਤਰੀ ਦੇ ਚਰਿਤ੍ਰ ਦਾ ਵਰਣਨ ਕਰਨ ਵੇਲੇ ਕਵੀ ਨੇ ਸਪਸ਼ਟ ਕਿਹਾ ਹੈ ਕਿ ਮੋਤੀ, ਗਰਭ ਵਿਚ ਪਲਦੇ ਬੱਚੇ, ਰਾਜੇ ਅਤੇ ਇਸਤਰੀ ਦੇ ਭੇਦ ਨੂੰ ਸਮਝਣਾ ਬਹੁਤ ਮੁਸ਼ਕਿਲ ਹੈ। ਚਰਿਤ੍ਰੋਪਾਖਿਆਨ ਇੱਕ ਭੇਦ ਭਰੀਆਂ ਕਥਾਵਾਂ ਤੇ ਚਲਾਕੀ ਭਰੀਆਂ ਰਮਜ਼ਾਂ ਭਰੀ ਰਚਨਾ ਹੈ। ਅਧਿਕਤਰ ਚਰਿਤ੍ਰ ਇਸਤਰੀਆਂ ਦੇ ਹਨ, ਜਿਸ ਕਾਰਣ ਇਸ ਨੂੰ ਤ੍ਰੀਆ ਚਰਿਤ੍ਰ ਵੀ ਕਿਹਾ ਜਾਂਦਾ ਹੈ। ਕਈ ਵਿਦਵਾਨ ਤਾਂ ਇਸ ਨੂੰ ਚਰਿਤ੍ਰ ਵਿਸ਼ਵਕੋਸ਼ ਵੀ ਲਿਖਦੇ ਹਨ। ਇਸ ਰਚਨਾ ਦੇ ਸ੍ਰੋਤ ਮਹਾਂਭਾਰਤ, ਅਲਫ ਲੈਲਾ ਅਤੇ ਪੰਚ ਤੰਤ੍ਰ ਦੀਆਂ ਕਥਾਵਾਂ ਤੱਕ ਹੀ ਸੀਮਤ ਨਹੀਂ ਹਨ। ਫਰੰਗੀਆਂ, ਪੁਰਤਗਾਲੀਆਂ ਅਤੇ ਡੱਚਾਂ ਨੂੰ ਵੀ ਕਲੇਵਰ ਵਿਚ ਲੈ ਲਿਆ ਹੈ। ਇਸ ਰਚਨਾ ਦਾ ਗੁਰੂ ਨਾਨਕ ਦੇ ਫਲਸਫੇ ਨਾਲ ਦੂਰ ਨੇੜੇ ਦਾ ਵੀ ਕੋਈ ਰਿਸ਼ਤਾ ਨਹੀਂ ਹੈ। ਗੁਰੂ ਗੋਬਿੰਦ ਸਿੰਘ ਦੇ ਤਲਵਾਰ ਉਠਾੳਣ ਵਿਚ ਵੀ ਨਾਨਕ ਫਲਸਫੇ ਤੋਂ ਬਾਹਰ ਜਾਣ ਦਾ ਕੋਈ ਸੰਕੇਤ ਨਹੀਂ ਮਿਲਦਾ।
ਸੰਪੂਰਣ ਗੁਰੂ, ਗੁਰੂੁ ਗ੍ਰੰਥ ਸਾਹਿਬ ਵਿਚ ਫਰੰਗੀਆਂ ਪੁਰਤਗਾਲੀਆਂ ਤੇ ਡੱਚਾਂ ਦਾ ਜ਼ਿਕਰ ਕਿਧਰੇ ਨਹੀਂ ਮਿਲਦਾ। ਸਮੁੱਚੇ ਗੁਰੂ ਇਤਹਾਸ ਵਿਚ ਭਾਰਤੀ ਸੰਸਕ੍ਰਿਤੀ ਦਾ ਹੀ ਪ੍ਰਭਾਵ ਹੈ। ਇਹ ਯੂਰਪੀ ਸੰਸਕ੍ਰਿਤੀ ਦਾ ਜ਼ਿਕਰ ਵੀ ਇਸ ਗੱਲ ਦੀ ਗਵਾਹੀ ਹੈ ਕਿ ਚਰਿਤ੍ਰੋਪਾਖਿਆਨ ਦੀ ਰਚਨਾ ਗੁਰੂ ਕਾਲ ਤੋਂ ਚਿਰੋਕਣੀ ਬਾਅਦ ਦੀ ਹੈ। ਇਸ ਰਚਨਾ ਦਾ ਮਨੋਰਥ ਚਤੁਰਾਈ ਵਿਚ ਵਾਧਾ ਕਰਨਾ ਹੈ, ਪਰ ਸਿੱਖ ਰਹਿਤ ਮਰਿਆਦਾ ਇਸ ਨਾਲੋਂ ਲੱਖਾਂ ਕੋਹਾਂ ਦੂਰ ਦੀ ਜੀਵਨ ਵਿਧੀ ਹੈ। ਇਸ ਰਚਨਾ ਦਾ ਮਨੋਰਥ ਵਿਅਕਤੀ ਨੂੰ ਚਤੁਰਾਈ ਨਾਲ ਤ੍ਰੀਆ ਜਾਲ ਵਿਚ ਫਸਣ ਤੋਂ ਬਚਾਉਣਾ ਹੈ। ਬਚ ਕੇ ਰਹਿਣਾ ਸਿੱਖ ਧਰਮ ਦਾ ਮਨੋਰਥ ਨਹੀਂ ਹੈ, “ਅੰਜਨ ਮਾਹੇ ਨਿਰੰਜਨ ਰਹੀਏ” ਮਨੋਰਥ ਹੈ, ਸਿੱਖਿਆ ਹੈ। ਚਰਿਤ੍ਰੋਪਾਖਿਆਨ ਦੇ ਬਹੁਤ ਸਾਰੇ ਚਰਿਤ੍ਰਾਂ ਵਿਚ ਕਾਮ ਕ੍ਰੀੜਾਵਾਂ ਦਾ ਸਪਸ਼ਟ ਅਤੇ ਨਿਸੰਗ ਵਰਣਨ ਹੈ।
ਅਮੈਰੀਕਨ ਕਲਚਰ ਵਿਚ 35-36 ਸਾਲ ਵਿਚਰਨ ਕਰਕੇ ਮੈਨੂੰ ਇਹ ਕਾਮ ਕ੍ਰੀੜਾਵਾਂ ਕੋਈ ਬਹੁਤੀਆਂ ਅਸ਼ਲੀਲ ਕਿਰਿਆਵਾਂ ਨਹੀਂ ਲਗਦੀਆਂ, ਪਰ ਸਿੱਖ ਰਹਿਤ ਮਰਿਆਦਾ ਨਾਲ ਅਸ਼ਲੀਲਤਾ ਦਾ ਕੋਈ ਰਿਸ਼ਤਾ ਨਹੀਂ ਹੈ। ਪੰਜ ਕੱਕਾਰ ਜੋ ਬਖਸ਼ਿਸ਼ ਹੋਏ, ਉਸ ਵਿਚ ਇੱਕ ਕੱਕਾਰ ਕਛਹਿਰਾ ਵੀ ਹੈ। ਇਸ ਰਚਨਾ ਦੇ ਰਚਣ ਵਾਲੇ ਦਾ ਨਾਮ ਸਪਸ਼ਟ ਤੌਰ `ਤੇ ਰਚਨਾ ਦੇ ਅਰੰਭ ਵਿਚ ਹੀ ਲਿਖਿਆ ਹੋਇਆ ਹੈ। ਕਾਮ ਵਾਸਨਾ ਪੂਰਣ ਕਰਨ ਲਈ ਚਤੁਰਾਈਆਂ ਸਿਖਾਉਣਾ ਨਾਨਕ ਫਲਸਫਾ ਨਹੀਂ ਹੋ ਸਕਦਾ। ਦਸਵੇਂ ਨਾਨਕ, ਬਾਦਸ਼ਾਹ ਦਰਵੇਸ, ਕਲਗੀਆਂ ਵਾਲੇ, ਖਾਲਸੇ ਦੀ ਰਚਨਾ ਕਰਨ ਵਾਲੇ ਸਤਿਗੁਰੂ ਦਾ ਨਾਮ ਇਸ ਅਸ਼ਲੀਲ ਚਤੁਰਾਈਆਂ ਸਿਖਾਉਣ ਵਾਲੀ ਰਚਨਾ ਨਾਲ ਜੋੜਨਾ ਸਿਰਫ ਗਲਤ ਹੀ ਨਹੀਂ, ਬਹੁਤ ਵੱਡਾ ਜ਼ੁਲਮ ਹੈ, ਅਪਰਾਧ ਹੈ, ਨਿਰਾਦਰੀ ਹੈ, ਮਾਣਹਾਨੀ ਹੈ।
(14) ਜ਼ਫਰਨਾਮਾ: ਜ਼ਫਰਨਾਮੇ ਦਾ ਅਰਥ ਹੈ, ਜਿੱਤ ਦੀ ਚਿੱਠੀ। ਸਾਰਾ ਪਰਿਵਾਰ ਵਾਰ ਕੇ, ਸ਼ਾਹੀ ਕਦਰਾਂ ਕੀਮਤਾਂ ਹਾਰ ਕੇ, ਜੰਗਲ ਵਿਚ ਬਿਲਕੁਲ ਇਕੱਲੇ ਬੈਠ ਕੇ ਔਰੰਗਜ਼ੇਬ ਨੂੰ ਜਿੱਤ ਦੀ ਚਿੱਠੀ ਲਿਖਣ ਵਾਲੇ ਪਾਤਸ਼ਾਹ ਦੇ ਇਸ ਖਤ ਦਾ ਪਹਿਲਾ ਹਿੱਸਾ ਤਾਂ ਮੰਗਲਾਚਰਣ ਵਜੋਂ ਪਰਮਾਤਮਾ ਦੇ ਗੁਣ ਗਾਉਣ ਨਾਲ ਸ਼ੁਰੂ ਹੁੰਦਾ ਹੈ। ਇਸ ਤੋਂ ਬਾਅਦ ਔਰੰਗਜ਼ੇਬ ਨੂੰ ਆਨੰਦਪੁਰ ਸਾਹਿਬ ਛੱਡਣ ਦੇ ਘਟਨਾਕ੍ਰਮ ਵਿਚ ਉਸ ਦੀ ਫੌਜ ਦੀਆਂ ਬੇਹੁਦਾ ਕਾਰਵਾਈਆਂ ਲਈ ਲਾਹਨਤ ਪਾਈ ਹੈ ਅਤੇ ਸਪਸ਼ਟ ਤੌਰ `ਤੇ ਲਿਖਿਆ ਹੈ ਕਿ ਖੁਦਾ ਨੂੰ ਮੰਨਣ ਵਾਲੇ ਹਜ਼ਰਤ ਮੁਹੰਮਦ `ਤੇ ਵਿਸ਼ਵਾਸ ਕਰਨ ਵਾਲੇ ਇਸ ਕਦਰ ਗਿਰ ਸਕਦੇ ਹਨ, ਯਕੀਨ ਨਹੀਂ ਆਉਂਦਾ। ਗੁਰੂ ਪਿਤਾ ਲਿਖਦੇ ਹਨ ਕਿ ਹੇ ਔਰੰਗਜ਼ੇਬ! ਤੂੰ ਆਪਣੀ ਪਰਜਾ ਨਾਲ ਅਨਿਆਂ ਕੀਤਾ ਹੈ। ਚਾਰ ਪੁੱਤਰ ਮਾਰ ਕੇ ਤੂੰ ਜੇਤੂ ਨਹੀਂ ਬਣ ਗਿਆ, ਹੰਕਾਰ ਅਤੇ ਅਭਿਮਾਨ ਨੂੰ ਛੱਡ ਕੇ ਰੱਬ ਦੀ ਰਜ਼ਾ ਵਿਚ ਰਹਿ। ਜ਼ਫਰਨਾਮੇ ਦੀ ਪੂਰੀ ਵਿਆਖਿਆ ਕਰਨ ਵੱਲ ਨਾ ਜਾਂਦਾ ਹੋਇਆ ਬੱਸ ਇਹ ਹੀ ਮੋਹਰ ਲਾਉਣੀ ਚਾਹੁੰਦਾ ਹਾਂ ਕਿ ਇਹ ਰਚਨਾ ਸਪਸ਼ਟ ਤੌਰ `ਤੇ ਗੁਰੂ ਜੀ ਦੀ ਹੈ। ਇਸ ਵਿਚ ਕਿੰਤੂ ਪ੍ਰੰਤੂ ਕਰਨ ਦੀ ਕੋਈ ਗੁੰਜਾਇਸ਼ ਨਹੀਂ ਹੈ।
(15) ਹਕਾਇਤਾਂ: ਹਕਾਇਤਾਂ ਦੇ ਵਿਸ਼ੇ ਵਸਤੂ ਵਜੋਂ ਅਤੇ ਭਾਵਨਾ ਵਜੋਂ ਇਹ ਜ਼ਫਰਨਾਮੇ ਦਾ ਹਿੱਸਾ ਨਹੀਂ ਹਨ। ਇਹ ਚਰਿਤ੍ਰੋਪਾਖਿਆਨ ਦੀ ਪਰੰਪਰਾ ਵਿਚ ਫਾਰਸੀ ਵਿਚ ਲਿਖੀਆਂ ਹੋਈਆਂ ਹਨ। ਹਰ ਹਕਾਇਤ ਦੇ ਅੰਤ ਵਿਚ ਵਰ ਕਾਮਨਾ ਕੀਤੀ ਹੋਈ ਹੈ। ਮੈਨੂੰ ਨਹੀਂ ਲਗਦਾ ਕਿ ਸਿੱਖ ਦਾ ਮਿਸ਼ਨ ਵਰ ਕਾਮਨਾ ਤੱਕ ਹੀ ਸੀਮਤ ਹੈ। ਮੇਰੀ ਬੇਨਤੀ ਹੈ ਕਿ ਹਕਾਇਤਾਂ ਨੂੰ ਕਿਸੇ ਵੀ ਕੀਮਤ `ਤੇ ਜ਼ਫਰਨਾਮੇ ਨਾਲ ਨਾ ਜੋੜਿਆ ਜਾਵੇ। ਕਈ ਲੋਕਾਂ ਨੇ ਹਕਾਇਤਾਂ ਨੂੰ ਜ਼ਫਰਨਾਮੇ ਨਾਲ ਜੋੜਨ ਦੀ ਕਮੀਨੀ ਚਤੁਰਾਈ ਕੀਤੀ ਹੈ, ਮੈਂ ਐਸੇ ਲੋਕਾਂ ਨੂੰ ਵਿਦਵਾਨ ਨਹੀਂ ਗਿਣ ਸਕਦਾ।
ਅੰਤ ਵਿਚ ਮੇਰੀ ਨਿਮਰਤਾ ਸਹਿਤ ਬੇਨਤੀ ਹੈ ਕਿ ਦਸਮ ਗ੍ਰੰਥ ਦੇ ਟੀਕੇ ਦੀ ਸਹਾਇਤਾ ਨਾਲ ਮੈਂ ਦਸਮ ਗ੍ਰੰਥ ਦੇ ਦਰਸ਼ਨ ਕੀਤੇ ਹਨ। ਬਹੁਤ ਸਾਰੀਆਂ ਧਾਰਮਿਕ ਪੁਸਤਕਾਂ ਦੇ ਦਰਸ਼ਨ ਕਰਨ ਦਾ ਮੌਕਾ ਸਤਿਗਰੂ ਨੇ ਬਖਸ਼ਿਸ਼ ਕੀਤਾ, ਉਨ੍ਹਾਂ ਦੇ ਆਧਾਰ ਉਤੇ ਅਤੇ ਗੁਰੂ ਗ੍ਰੰਥ ਸਾਹਿਬ ਦੇ ਆਧਾਰ `ਤੇ ਮੈਨੂੰ ਜਿਸ ਤਰ੍ਹਾਂ ਮਹਿਸੂਸ ਹੋਇਆ, ਉਸੇ ਤਰ੍ਹਾਂ ਸੱਚੋ ਸੱਚ ਲਿਖ ਦਿੱਤਾ ਹੈ। ਅੰਧ ਵਿਸ਼ਵਾਸ ਗਲਤ ਨਹੀਂ ਹੁੰਦਾ, ਬਸ਼ਰਤੇ ਉਸ ਦੇ ਪਿਛੇ ਕੋਈ ਲੌਜਿਕ ਹੋਵੇ। ਬਿਨਾ ਕਿਸੇ ਦਲੀਲ ਦੇ ਜਦੋਂ ਅਸੀਂ ਅੰਧ ਵਿਸ਼ਵਾਸ ਨੂੰ ਠੋਸਣ ਦਾ ਯਤਨ ਕਰਦੇ ਹਾਂ ਤਾਂ ਉਸ ਵਕਤ ਅਸੀਂ ਨਿਆਂ ਨਹੀਂ ਕਰ ਰਹੇ ਹੁੰਦੇ। ਮੇਰੇ ਖਿਆਲ ਅਨੁਸਾਰ ਸਮੁੱਚੇ ਵਿੱਦਿਆ ਸਾਗਰ ਨੂੰ ਦਸਮ ਗ੍ਰੰਥ ਮੰਨ ਲੈਣਾ ਮਨਮਤੀ ਹੈ। ਪਹਿਲੀ ਗੱਲ ਕਿ ਵਿੱਦਿਆ ਸਾਗਰ, ਜੋ ਨੌਂ ਮਣ ਪੱਕੇ ਦੀ ਰਚਨਾ ਗਿਣੀ ਜਾਂਦੀ ਹੈ, ਉਹ ਤਾਂ ਸਰਸਾ ਵਿਚ ਰੁੜ ਗਿਆ ਸੀ। ਗੁਰੂ ਸਾਹਿਬ ਦੇ ਜੋਤੀ-ਜੋਤ ਸਮਾੳਣ ਤੋਂ ਬਾਅਦ ਸਿੱਖ ਸਿਮਰਤੀਆਂ ਵਿਚੋਂ ਕਈ ਸਾਰੀਆਂ ਬੀੜਾਂ ਜੋ ਤਿਆਰ ਹੋਈਆਂ, ਉਹ ਬੀੜਾਂ ਗੁਰੂ ਦੀ ਸੰਪਾਦਕੀ ਵਿਚ ਜਾਂ ਗੁਰੂ ਦੀ ਨਿਗਰਾਨੀ ਵਿਚ ਨਹੀਂ ਹੋਈਆਂ।
ਭਾਈ ਮਨੀ ਸਿੰਘ ਅਤੇ ਹੋਰ ਕਈ ਵਿਦਵਾਨਾਂ ਦੁਆਰਾ ਜੋ ਦਸਮ ਗ੍ਰੰਥ ਨਾਮਕ ਬੀੜਾਂ ਤਿਆਰ ਹੋਈਆਂ, ਉਨ੍ਹਾਂ ਬੀੜਾਂ ਵਿਚ ਅੱਧੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਚੋਂ ਹੈ, ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਛੇ ਸੌ ਅੰਗ ਜੋ ਕਈ ਗ੍ਰੰਥਾਂ ਵਿਚ ਅੰਕਿਤ ਹਨ, ਉਹ ਬਾਣੀ ਵੀ ਦਸਵੇਂ ਪਿਤਾ ਦੀ ਉਚਾਰੀ ਹੋਈ ਨਹੀਂ ਹੈ। ਚਰਿਤ੍ਰੋਪਾਖਿਅਨ ਚੰਡੀ ਚਰਿਤ੍ਰ, ਬਚਿੱਤ੍ਰ ਨਾਟਕ, ਬ੍ਰਹਮਾ ਅਵਤਾਰ, ਰੁਦਰ ਅਵਤਾਰ ਅਤੇ ਚੌਵੀਸ ਅਵਤਾਰ ਕਿਸੇ ਵੀ ਮਾਪਦੰਡ ਨਾਲ ਗੁਰੂ ਦੀ ਰਚਨਾ ਨਹੀਂ ਹੋ ਸਕਦੇ, ਸਗੋਂ ਕਿਸੇ ਸਿੱਖ ਦੇ ਲਿਖੇ ਵੀ ਨਹੀਂ ਹੋ ਸਕਦੇ। ਬੰਦ ਬੰਦ ਕਟਵਾਉਣ ਵਾਲੇ ਸਿੱਖ ਵਾਸਨਾਂ ਅਧੀਨ ਅਸ਼ਲੀਲ ਚਤੁਰਾਈਆਂ ਸਿਖਾਉਣ ਦਾ ਕੋਝਾ ਯਤਨ ਨਹੀਂ ਕਰ ਸਕਦੇ। ਮੇਰਾ ਇਹ ਵਿਚਾਰ ਹੈ, ਮੇਰੀ ਜ਼ਿਦ ਨਹੀਂ ਹੈ। ਜੇ ਕਿਸੇ ਅੰਧਵਿਸ਼ਵਾਸੀ ਨੂੰ ਦਲੀਲਾਂ ਨਾਲ ਕੀਤੀ ਮੇਰੀ ਇਹ ਵਿਆਖਿਆ `ਤੇ ਇਤਰਾਜ਼ ਹੋਵੇ ਤਾਂ ਮੇਰਾ ਮੁਆਫੀ ਮੰਗਣ ਦਾ ਹੱਕ ਬਣਿਆ ਰਹੇ ਤਾਂ ਧੰਨਵਾਦੀ ਹੋਵਾਂਗਾ।