ਸੰਸਾਰ ਹਸਤੀਆਂ ਅਤੇ ਕਿਸਾਨ ਦੀ ਜੈ-ਜੈਕਾਰ

ਜਿਸ ਤਰ੍ਹਾਂ ਉਤਰ ਪ੍ਰਦੇਸ਼ ਦੇ ਕਿਸਾਨ ਆਗੂ ਰਾਕੇਸ਼ ਟਿਕੈਤ ਦੇ ਹੰਝੂਆਂ ਨੇ ਕਿਸਾਨ ਅੰਦੋਲਨ ਵਿਚ ਨਵੀਂ ਰੂਹ ਫੂਕ ਦਿੱਤੀ, ਉਥੇ ਪੌਪ ਗਾਇਕਾ ਰਿਆਨਾ ਦੇ ਟਵੀਟ ਨੇ ਕਿਸਾਨ ਅੰਦੋਲਨ ਨੂੰ ਕੌਮਾਂਤਰੀ ਮੰਚ ਉਤੇ ਚਰਚਾ ਦਾ ਵਿਸ਼ਾ ਬਣਾਉਣ ਵਿਚ ਅਹਿਮ ਰੋਲ ਨਿਭਾਇਆ ਹੈ। ਰਿਆਨਾ ਦੇ ਟਵੀਟ ਤੋਂ ਬਾਅਦ ਸੋਸ਼ਲ ਮੀਡੀਆ ਉਤੇ ਇਸ ਦੇ ਹੱਕ ਅਤੇ ਵਿਰੋਧ ਵਿਚ ਬਹੁਤ ਕੁਝ ਕਿਹਾ-ਸੁਣਿਆ ਜਾ ਰਿਹਾ ਹੈ। ਆਮਨਾ ਕੌਰ ਨੇ ਇਸ ਲੇਖ ਵਿਚ ਰਿਆਨਾ ਦੀ ਕਲਾ ਅਤੇ ਜ਼ਿੰ਼ਦਗੀ ਬਾਰੇ ਕੁਝ ਦਿਲਚਸਪ ਗੱਲਾਂ ਪਾਠਕਾਂ ਨਾਲ ਸਾਂਝੀਆਂ ਕੀਤੀਆਂ ਹਨ।

-ਸੰਪਾਦਕ

ਆਮਨਾ ਕੌਰ
ਉਘੀ ਪੌਪ ਸਟਾਰ ਰਿਆਨਾ ਨੇ ਕਿਸਾਨ ਅੰਦੋਲਨ ਬਾਰੇ ਇਕ ਟਵੀਟ ਕੀ ਕੀਤਾ ਕਿ ਸਮੁੱਚੇ ਸੰਸਾਰ ਅੰਦਰ ਖਲਬਲੀ ਮੱਚ ਗਈ। ਇਥੋਂ ਤੱਕ ਕਿ ਭਾਰਤ ਸਰਕਾਰ ਜਿਸ ਬਾਰੇ ਅਕਸਰ ਇਹ ਪ੍ਰਚਾਰ ਕੀਤਾ ਜਾਂਦਾ ਹੈ ਕਿ ਇਸ ਨੂੰ ਬਹੁਤ ਮਜ਼ਬੂਤ ਲੀਡਰ ਨਰਿੰਦਰ ਮੋਦੀ ਚਲਾ ਰਿਹਾ ਹੈ, ਨੂੰ ਇਸ ਬਾਰੇ ਅਡਵਾਈਜ਼ਰੀ ਜਾਰੀ ਕਰਨੀ ਪੈ ਗਈ। ਅਜਿਹੇ ਮਾਮਲਿਆਂ ‘ਤੇ ਸਰਕਾਰਾਂ ਆਮ ਤੌਰ ‘ਤੇ ਕੋਈ ਵੀ ਟਿੱਪਣੀ ਕਰਨ ਤੋਂ ਟਾਲਾ ਹੀ ਵੱਟਦੀਆਂ ਹਨ ਪਰ ਰਿਆਨਾ ਦੀ ਟਵੀਟ ਤੋਂ ਬਾਅਦ ਸੰਸਾਰ ਭਰ ਵਿਚ ਜਿਸ ਤਰ੍ਹਾਂ ਦਾ ਹੁਲਾਰਾ ਇਸ ਕਿਸਾਨ ਅੰਦੋਲਨ ਨੂੰ ਮਿਲਿਆ ਅਤੇ ਜਿਸ ਪ੍ਰਕਾਰ ਇਸ ਅੰਦੋਲਨ ਬਾਰੇ ਚਰਚਾ ਹੋਈ, ਉਸ ਨੇ ਮਜ਼ਬੂਤ ਲੀਡਰ ਦੀ ਸਰਕਾਰ ਨੂੰ ਬੁਰੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ।
ਯਾਦ ਰਹੇ ਕਿ ਰਿਆਨਾ ਨੇ ਦਿੱਲੀ ਦੇ ਬਾਰਡਰਾਂ ‘ਤੇ ਚੱਲ ਰਹੇ ਕਿਸਾਨ ਅੰਦੋਲਨ ਬਾਰੇ ਸਿਰਫ ਇਕ ਹੀ ਸਤਰ ਲਿਖੀ ਸੀ ਕਿ ‘ਅਸੀਂ ਇਸ ਬਾਰੇ (ਨਾਲ ਕਿਸਾਨ ਅੰਦੋਲਨਕਾਰੀ ਕਿਸਾਨਾਂ ਦੀ ਤਸਵੀਰ ਸੀ) ਗੱਲ ਕਿਉਂ ਨਹੀਂ ਕਰ ਰਹੇ’। ਰਿਆਨਾ ਦੇ ਇਸ ਟਵੀਟ ਦੀ ਦੇਰ ਸੀ ਕਿ ਕਿਸਾਨਾਂ ਦੇ ਹੱਕ ਵਿਚ ਲੱਖਾਂ ਦੀ ਗਿਣਤੀ ਵਿਚ ਟਵੀਟ ਆਉਣ ਲੱਗ ਪਏ ਅਤੇ ਟਵੀਟਾਂ ਦੀ ਇਸ ਝੜੀ ਨੇ ਇਸ ਨੂੰ ਕੁਝ ਘੰਟਿਆਂ ਵਿਚ ਹੀ ਕੌਮਾਂਤਰੀ ਮਸਲਾ ਬਣਾ ਦਿੱਤਾ।
ਬਾਅਦ ਵਿਚ ਸਰਕਾਰ ਅਤੇ ਸਰਕਾਰ ਪੱਖੀ ਕੁਝ ਲੋਕਾਂ ਨੇ ਇਹ ਦਾਅਵੇ ਵੀ ਕੀਤੇ ਕਿ ਰਿਆਨਾ ਤੋਂ ਇਹ ਟਵੀਟ ਪੈਸੇ ਦੇ ਕੇ ਕਰਵਾਇਆ ਗਿਆ ਸੀ ਪਰ ਇਸ ਸਬੰਧ ਵਿਚ ਇਹ ਸਵਾਲ ਉਠ ਖੜ੍ਹਾ ਹੋਇਆ ਕਿ ਕਿਸਾਨ ਆਖਰਕਾਰ ਇੰਨੀ ਵੱਡੀ ਗਿਣਤੀ ਵਿਚ ਇਕੱਠੇ ਹੋ ਕੇ ਸਰਕਾਰ ਤੋਂ ਮੰਗ ਕੀ ਰਹੇ ਹਨ? ਇਸ ਤੋਂ ਬੁਰੀ ਤਰ੍ਹਾਂ ਬੁਖਲਾਈ ਸਰਕਾਰ ਨੇ ਇਸ ਮਾਮਲੇ ਵਿਚ ਕੁਝ ਅਦਾਕਾਰਾਂ ਅਤੇ ਖਿਡਾਰੀਆਂ ਨੂੰ ਆਪਣੇ ਹੱਕ ਵਿਚ ਉਤਾਰਨ ਦਾ ਯਤਨ ਕੀਤਾ। ਇਨ੍ਹਾਂ ਵਿਚ ਕੰਗਣਾ ਰਣੌਤ ਤਾਂ ਹੈ ਹੀ ਸੀ, ਅਕਸ਼ੈ ਕੁਮਾਰ, ਅਜੇ ਦੇਵਗਨ, ਸੁਨੀਲ ਸ਼ੈਟੀ, ਕਰਨ ਜੌਹਰ ਤੇ ਕੁਝ ਹੋਰ ਅਦਾਕਾਰਾਂ ਅਤੇ ਸਚਿਨ ਤੇਂਦੁਲਕਰ, ਵਿਰਾਟ ਕੋਹਲੀ, ਅਨਿਲ ਕੁੰਬਲੇ, ਸਾਇਨਾ ਨੇਹਵਾਲ, ਸੁਰੇਸ਼ ਰੈਣਾ ਵਰਗੇ ਕੁਝ ਖਿਡਾਰੀਆਂ ਨੇ ਵੀ ਸਰਕਾਰ ਦਾ ਬਚਾਅ ਕਰਨ ਦਾ ਯਤਨ ਕੀਤਾ ਪਰ ਕਿਸਾਨਾਂ ਦੇ ਰੋਗ ਅੱਗੇ ਇਹ ਸਾਰੇ ਟਿਕ ਨਹੀਂ ਸਕੇ; ਉਲਟਾ ਇਨ੍ਹਾਂ ਦਾ ਵੱਡੇ ਪੱਧਰ ‘ਤੇ ਵਿਰੋਧ ਸ਼ੁਰੂ ਹੋ ਗਿਆ।
20 ਫਰਵਰੀ 1988 ਨੂੰ ਜਨਮੀ ਰਿਆਨਾ ਦਾ ਪੂਰਾ ਨਾਂ ਰੌਬਿਨ ਰਿਆਨਾ ਫੈਂਟੀ ਹੈ ਜੋ ਰਿਹਾਨਾ ਦੇ ਨਾਂ ਨਾਲ ਵੀ ਮਸ਼ਹੂਰ ਹੈ। ਉਸ ਦਾ ਜਨਮ ਸੇਂਟ ਮਾਈਕਲ (ਬਾਰਬਾਡੋਸ) ਵਿਚ ਹੋਇਆ। ਬਾਅਦ ਵਿਚ ਉਸ ਦੀ ਪ੍ਰਤਿਭਾ ਨੂੰ ਦੇਖਦਿਆਂ ਈਵਾਨ ਰੋਜਰਜ਼ ਨੇ ਉਸ ਨੂੰ ਅਮਰੀਕਾ ਸੱਦ ਲਿਆ ਅਤੇ ਫਿਰ ਰਿਆਨਾ ਨੇ ਕਦੀ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਅੱਜ ਉਹ ਗਾਇਕਾ, ਅਦਾਕਾਰਾ ਤੇ ਵੱਡੀ ਕਾਰੋਬਾਰੀ ਦੇ ਰੂਪ ਵਿਚ ਦੁਨੀਆ ਦੇ ਸਾਹਮਣੇ ਹੈ। ਉਸ ਦਾ 600 ਮਿਲੀਅਨ ਡਾਲਰ ਦਾ ਕਾਰੋਬਾਰ ਹੈ। ਇਹ ਅੰਕੜੇ 2019 ਦੇ ਹਨ, ਉਹ ਲੋਕ ਪੱਖੀ ਕਾਰਜਾਂ ਲਈ ਅਕਸਰ ਦਾਨ ਕਰਦੀ ਰਹਿੰਦੀ ਹੈ।
ਰਿਆਨਾ ਨੇ 2003 ਵਿਚ ਆਪਣੀਆਂ ਦੋ ਜਮਾਤਣਾਂ ਨਾਲ ਰਲ ਕੇ ਸੰਗੀਤ ਗਰੁੱਪ ਬਣਾਇਆ ਸੀ ਅਤੇ ਇਹ ਗਰੁੱਪ ਅਚਾਨਕ ਈਵਾਨ ਰੋਜਰਜ਼ ਦੀ ਨਿਗ੍ਹਾ ਵਿਚ ਆ ਗਿਆ। ਪਹਿਲੀ ਹੀ ਮਿਲਣੀ ਵਿਚ ਈਵਾਨ ਰੋਜਰਜ਼ ਨੇ ਰਿਆਨਾ ਦੀ ਪ੍ਰਤਿਭਾ ਨੂੰ ਪਛਾਣ ਲਿਆ ਅਤੇ ਉਸ ਨੇ ਦੂਜੀ ਮੁਲਾਕਾਤ ਰਿਆਨਾ ਦੀ ਮਾਂ ਦੀ ਹਾਜ਼ਰੀ ਵਿਚ ਕੀਤੀ। ਇੱਥੋਂ ਹੀ ਰਿਆਨਾ ਦੇ ਕਰੀਅਰ ਦੀ ਸ਼ੁਰੂਆਤ ਹੋ ਗਈ ਅਤੇ ਬਾਅਦ ਵਿਚ ਤਾਂ ਉਸ ਨੇ ਕੁਝ ਕੁ ਸਾਲਾਂ ਅੰਦਰ ਹੀ ਸੰਸਾਰ ਭਰ ਵਿਚ ਆਪਣਾ ਵੱਖਰਾ, ਨਿਆਰਾ ਅਤੇ ਨਿਵੇਕਲਾ ਮੁਕਾਮ ਹਾਸਲ ਕਰ ਲਿਆ। ਹੁਣ ਤੱਕ ਸੰਸਾਰ ਭਰ ਵਿਚ ਉਸ ਦੇ ਪੌਣੇ ਤਿੰਨ ਸੌ ਮਿਲੀਅਨ ਦੇ ਕਰੀਬ ਰਿਕਾਰਡ ਵਿਕ ਚੁੱਕੇ ਹਨ।