ਬੇਅਦਬੀ ਮਾਮਲਾ: ਸੀ.ਬੀ.ਆਈ. ਨੇ ਫਾਈਲਾਂ ਪੰਜਾਬ ਪੁਲਿਸ ਨੂੰ ਸੌਂਪੀਆਂ

ਚੰਡੀਗੜ੍ਹ: ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਬੇਅਦਬੀ ਮਾਮਲਿਆਂ ਨਾਲ ਸਬੰਧਤ ਦਸਤਾਵੇਜ਼ ਪੰਜਾਬ ਪੁਲਿਸ ਨੂੰ ਸੌਂਪ ਦਿੱਤੇ ਹਨ। ਸੀ.ਬੀ.ਆਈ. ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਤੈਅ ਕੀਤੀ ਤਰੀਕ ਤੋਂ ਕੁਝ ਘੰਟੇ ਪਹਿਲਾਂ ਹੀ ਇਹ ਰਿਕਾਰਡ ਪੰਜਾਬ ਪੁਲਿਸ ਦੇ ਹਵਾਲੇ ਕੀਤਾ ਹੈ। ਬਿਊਰੋ ਆਫ ਇਨਵੈਸਟੀਗਸ਼ਨ ਦੇ ਡਾਇਰੈਕਟਰ ਨੇ 18 ਜਨਵਰੀ, 2021 ਨੂੰ ਸੀ.ਬੀ.ਆਈ. ਦੇ ਡਾਇਰੈਕਟਰ ਨੂੰ ਪੱਤਰ ਲਿਖ ਕੇ ਕਿਹਾ ਸੀ ਕਿ ਸੀ.ਬੀ.ਆਈ. ਤੋਂ ਬੇਅਦਬੀ ਮਾਮਲਿਆਂ ਦੀ ਜਾਂਚ ਵਾਪਸ ਲੈਣ ਤੋਂ ਬਾਅਦ ਬਿਨਾਂ ਕਿਸੇ ਦੇਰੀ ਤੋਂ ਸੂਬਾ ਸਰਕਾਰ ਨੂੰ ਸਮੁੱਚਾ ਰਿਕਾਰਡ ਵਾਪਸ ਕੀਤਾ ਜਾਵੇ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਮਾਮਲੇ ‘ਚ ਸ਼੍ਰੋਮਣੀ ਅਕਾਲੀ ਦਲ ‘ਤੇ ਨਿਸ਼ਾਨਾ ਲਾਇਆ ਹੈ। ਉਨ੍ਹਾਂ ਆਖਿਆ ਕਿ ਰਿਕਾਰਡ ਵਾਪਸੀ ਤੋਂ ਸਾਬਤ ਹੋ ਗਿਆ ਕਿ ਅਕਾਲੀ ਦਲ ਇਨ੍ਹਾਂ ਮਾਮਲਿਆਂ ਵਿਚ ਆਪਣੀ ਮਿਲੀਭੁਗਤ ਜ਼ਾਹਿਰ ਹੋਣ ‘ਤੇ ਪਰਦਾ ਪਾਈ ਰੱਖਣ ਲਈ ਇਸ ਕਾਰਵਾਈ ਵਿਚ ਅੜਿੱਕੇ ਪਾ ਰਿਹਾ ਸੀ।
ਮੁੱਖ ਮੰਤਰੀ ਨੇ ਕਿਹਾ ਕਿ ਇਸ ਨਾਲ ਉਨ੍ਹਾਂ ਦੀ ਸਰਕਾਰ ਦੇ ਉਸ ਸਟੈਂਡ ਦੀ ਵੀ ਪੁਸ਼ਟੀ ਹੋ ਗਈ ਕਿ ਇਨ੍ਹਾਂ ਸਾਰੇ ਮਹੀਨਿਆਂ ਦੌਰਾਨ ਸੀ.ਬੀ.ਆਈ. ਵੱਲੋਂ ਅਕਾਲੀ ਦਲ ਦੇ ਇਸ਼ਾਰੇ ‘ਤੇ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਦੁਆਰਾ ਕੀਤੀ ਜਾ ਰਹੀ ਜਾਂਚ ਵਿਚ ਰੁਕਾਵਟਾਂ ਖੜ੍ਹੀਆਂ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਸਨ ਕਿਉਂ ਜੋ ਸਤੰਬਰ, 2020 ਤੱਕ ਅਕਾਲੀ ਦਲ ਕੇਂਦਰ ਵਿਚ ਐਨ.ਡੀ.ਏ. ਦਾ ਭਾਈਵਾਲ ਸੀ।
ਅਮਰਿੰਦਰ ਸਿੰਘ ਨੇ ਕਿਹਾ ਕਿ ਹੁਣ ਇਹ ਸਪੱਸ਼ਟ ਹੋ ਗਿਆ ਕਿ ਹਰਸਿਮਰਤ ਬਾਦਲ, ਕੇਂਦਰੀ ਮੰਤਰੀ ਦੇ ਨਾਤੇ ਕੇਂਦਰੀ ਜਾਂਚ ਏਜੰਸੀ ਉਪਰ ਦਬਾਅ ਬਣਾ ਰਹੀ ਸੀ ਕਿ ਕੇਸ ਨਾਲ ਜੁੜੀਆਂ ਫਾਈਲਾਂ ਪੰਜਾਬ ਪੁਲਿਸ ਨੂੰ ਨਾ ਸੌਂਪ ਕੇ ਐਸ.ਆਈ.ਟੀ. ਦੀ ਜਾਂਚ ਵਿਚ ਅੜਿੱਕੇ ਡਾਹੇ ਜਾਣ ਕਿਉਂ ਜੋ ਉਹ ਇਹ ਗੱਲ ਜਾਣਦੇ ਹਨ ਕਿ ਜੇਕਰ ਪੁਲਿਸ ਜਾਂਚ ਨੂੰ ਕਾਨੂੰਨੀ ਨਤੀਜੇ ‘ਤੇ ਲੈ ਗਈ ਤਾਂ ਇਸ ਸਮੁੱਚੇ ਘਟਨਾਕ੍ਰਮ ਵਿਚ ਉਨ੍ਹਾਂ ਦੀ ਪਾਰਟੀ ਦੀ ਭੂਮਿਕਾ ਬੇਪਰਦ ਹੋ ਜਾਵੇਗੀ।
ਉਨ੍ਹਾਂ ਐਲਾਨ ਕੀਤਾ ਕਿ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ, ਭਾਵੇਂ ਉਹ ਕਿਸੇ ਵੀ ਸਿਆਸੀ ਧਿਰ ਨਾਲ ਸਬੰਧਤ ਹੋਵੇੇ। ਉਨ੍ਹਾਂ ਕਿਹਾ ਕਿ ਹਾਈ ਕੋਰਟ ਵੱਲੋਂ ਜਨਵਰੀ, 2019 ਵਿਚ ਸੂਬਾ ਸਰਕਾਰ ਦੇ ਫੈਸਲੇ ਨੂੰ ਬਰਕਰਾਰ ਰੱਖੇ ਜਾਣ ਤੋਂ ਬਾਅਦ ਵੀ ਸੀ.ਬੀ.ਆਈ. ਵੱਲੋਂ ਇਸ ਮਾਮਲੇ ਨਾਲ ਸਬੰਧਤ ਡਾਇਰੀਆਂ ਸੌਂਪਣ ਤੋਂ ਇਨਕਾਰ ਕਰ ਦਿੱਤਾ ਗਿਆ ਅਤੇ ਫਰਵਰੀ, 2020 ਵਿਚ ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਫੈਸਲੇ ਨੂੰ ਚੁਣੌਤੀ ਦਿੰਦੀ ਸੀ.ਬੀ.ਆਈ. ਦੀ ਅਪੀਲ ਰੱਦ ਕਰ ਦਿੱਤੀ। ਮੁੱਖ ਮੰਤਰੀ ਨੇ ਸਵਾਲ ਕੀਤਾ, ‘’ਅਕਾਲੀ, ਜੋ ਕਿ ਜਾਂਚ ਪੂਰੀ ਹੋਣ ਨਹੀਂ ਦੇਣਾ ਚਾਹੁੰਦੇ ਸਨ, ਵੱਲੋਂ ਸਿਆਸੀ ਦਬਾਅ ਪਾਏ ਜਾਣ ਤੋਂ ਬਿਨਾਂ ਸੀ.ਬੀ.ਆਈ. ਕੋਲ ਇਸ ਤਰ੍ਹਾਂ ਵਿਵਹਾਰ ਕਰਨ ਦਾ ਕੀ ਕਾਰਨ ਹੋ ਸਕਦਾ ਹੈ।“
ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਦਾ ਕਹਿਣਾ ਸੀ ਕਿ ਸੀ.ਬੀ.ਆਈ. ਵੱਲੋਂ ਪੰਜਾਬ ਸਰਕਾਰ ਨੂੰ ਫਾਈਲਾਂ ਸੌਂਪੇ ਜਾਣ ਤੋਂ ਅਸਲ ਵਿਚ ਕੈਪਟਨ ਅਮਰਿੰਦਰ ਸਿੰਘ ਅਤੇ ਭਾਜਪਾ ਦੀ ਆਪਸੀ ਸਾਂਝ ਬੇਪਰਦ ਹੋਈ ਹੈ। ਉਨ੍ਹਾਂ ਆਖਿਆ ਕਿ ਅਮਰਿੰਦਰ ਦੀ ਭਾਜਪਾ ਨਾਲ ਲਿਹਾਜ਼ਦਾਰੀ ਕਰਕੇ ਸੀ.ਬੀ.ਆਈ. ਨੇ ਇਹ ਫਾਈਲਾਂ ਹੁਣ ਪੰਜਾਬ ਪੁਲਿਸ ਨੂੰ ਦਿੱਤੀਆਂ ਹਨ ਜਦੋਂ ਕਿ ਇਸ ‘ਚ ਅਕਾਲੀ ਦਲ ਦੀ ਕੋਈ ਭੂਮਿਕਾ ਨਹੀਂ ਰਹੀ ਹੈ।
________________________________________
ਸੈਣੀ ਅਤੇ ਉਮਰਾਨੰਗਲ ਨੂੰ ਗ੍ਰਿਫਤਾਰੀ ਦਾ ਖਤਰਾ
ਫਰੀਦਕੋਟ: ਬਹਿਬਲ ਗੋਲੀ ਕਾਂਡ ਵਿਚ ਪੰਜਾਬ ਦੇ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਅਤੇ ਮੁਅੱਤਲ ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ ਨੇ ਇਥੇ ਸੈਸ਼ਨ ਜੱਜ ਸੁਮੀਤ ਮਲਹੋਤਰਾ ਦੀ ਅਦਾਲਤ ਵਿਚ ਪੇਸ਼ਗੀ ਜ਼ਮਾਨਤ ਦੀ ਅਰਜ਼ੀ ਦਾਇਰ ਕਰਕੇ ਖਦਸ਼ਾ ਪ੍ਰਗਟਾਇਆ ਹੈ ਕਿ ਬਹਿਬਲ ਗੋਲੀ ਕਾਂਡ ਵਿਚ ਵਿਸ਼ੇਸ਼ ਜਾਂਚ ਟੀਮ ਉਨ੍ਹਾਂ ਨੂੰ ਗ੍ਰਿਫਤਾਰ ਕਰਨਾ ਚਾਹੁੰਦੀ ਹੈ, ਇਸ ਲਈ ਉਨ੍ਹਾਂ ਦੀ ਗ੍ਰਿਫਤਾਰੀ ਉਪਰ ਚੱਲਦੇ ਮੁਕੱਦਮੇ ਤੱਕ ਰੋਕ ਲਾਈ ਜਾਵੇ। ਅਦਾਲਤ ਨੇ ਸਾਬਕਾ ਡੀ.ਜੀ.ਪੀ. ਸੈਣੀ ਅਤੇ ਉਮਰਾਨੰਗਲ ਦੀ ਦਰਖਾਸਤ ‘ਤੇ ਪੰਜਾਬ ਸਰਕਾਰ ਤੇ ਵਿਸ਼ੇਸ਼ ਜਾਂਚ ਟੀਮ ਨੂੰ ਨੋਟਿਸ ਜਾਰੀ ਕੀਤਾ ਹੈ।