ਯੁਗ ਪਲਟਾਊ ਸੰਗਰਾਮ: ਖਤਰਨਾਕ ਚੁਣੌਤੀਆਂ ਦਾ ਸਾਹਮਣਾ

ਬੂਟਾ ਸਿੰਘ
ਫੋਨ: +91-94634-74342
26 ਜਨਵਰੀ ਦੀ ਟਰੈਕਟਰ ਪਰੇਡ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਮਹੀਨਿਆਂ ਤੋਂ ਚੱਲ ਰਹੇ ਪੱਕੇ ਮੋਰਚੇ ਵਿਚ ਨਿਵੇਕਲੇ ਪੜਾਅ ਵਜੋਂ ਦਰਜ ਹੋ ਗਈ ਜਿਸ ਨੇ ਸੰਘਰਸ਼ਾਂ ਦੇ ਇਤਿਹਾਸ ਵਿਚ ਨਿਆਰਾ ਅਤੇ ਨਿਵੇਕਲਾ ਰੰਗ ਭਰ ਦਿੱਤਾ। ਇਹ ਫਾਸ਼ੀਵਾਦੀ ਸੱਤਾ ਵਿਰੁੱਧ ਸੰਘਰਸ਼ਸ਼ੀਲ ਕਿਸਾਨਾਂ ਦਾ ਇਤਿਹਾਸ-ਸਿਰਜਕ ਮਾਰਚ ਸੀ। ਟਰੈਕਟਰ ਮਾਰਚ ਕਾਰਪੋਰੇਟ ਹਿਤੈਸ਼ੀ ਰਾਜ ਤੋਂ ਰੋਟੀ-ਰੋਜ਼ੀ ਬਚਾਉਣ ਦੀ ਲੋਕ ਇਕਜੁੱਟਤਾ ਦਾ ਪ੍ਰਤੀਕ ਸੀ। ਇਹ ਪੈਦਾਵਾਰੀ ਸ਼ਕਤੀ ਦੇ ਚਿੰਨ੍ਹ ਟਰੈਕਟਰਾਂ ਦਾ ਉਸ ਘਿਨਾਉਣੀ ਪਰੰਪਰਾ ਵਿਰੁੱਧ ਮਾਰਚ ਸੀ ਜਿਸ ਵਿਚ ਜੰਗਬਾਜ਼ ਭਾਰਤੀ ਸਟੇਟ 26 ਜਨਵਰੀ ਨੂੰ ਆਧੁਨਿਕ ਫੌਜੀ ਸਾਜ਼ੋ-ਸਮਾਨ ਦਾ ਹੋਛਾ ਦਿਖਾਵਾ ਕਰ ਕੇ ਮਾਣ ਮਹਿਸੂਸ ਕਰਦਾ ਹੈ।

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ `ਤੇ ਕਿਸਾਨਾਂ ਵੱਲੋਂ ਜਨਵਰੀ ਦੇ ਸ਼ੁਰੂ ਤੋਂ ਹੀ ਜੰਗੀ ਤਿਆਰੀਆਂ ਵਿੱਢ ਦਿੱਤੀਆਂ ਗਈਆਂ ਸਨ। ਪੰਜਾਬ, ਹਰਿਆਣਾ ਅਤੇ ਪੱਛਮੀ ਯੂ.ਪੀ. ਦਾ ਹਰ ਪਿੰਡ ਸੰਯੁਕਤ ਕਿਸਾਨ ਮੋਰਚੇ ਦੇ ਇਸ ਸੱਦੇ ਉਪਰ ਫੁੱਲ ਚੜ੍ਹਾਉਣ ਲਈ ਪੱਬਾਂ ਭਾਰ ਹੋ ਗਿਆ। ਪੰਜਾਬ ਵਿਚ ਤਕਰੀਬਨ ਹਰ ਇਲਾਕੇ ਵਿਚ ਸਥਾਨਕ ਰਿਹਰਸਲਾਂ ਕੀਤੀਆਂ ਗਈਆਂ ਜਿਨ੍ਹਾਂ ਵਿਚ ਕਈ ਕਈ ਸੌ ਟਰੈਕਟਰ ਸ਼ਾਮਲ ਹੁੰਦੇ ਰਹੇ। 23 ਜਨਵਰੀ ਨੂੰ ਦਿੱਲੀ ਨੂੰ ਜਾ ਰਹੇ ਟਰੈਕਟਰਾਂ ਦੇ ਕਾਫਲੇ ਇਉਂ ਜਾਪਦੇ ਸਨ, ਜਿਵੇਂ ਕੋਈ ਫੌਜ ਯੁੱਧ ਦੇ ਮੁਹਾਜ਼ ਵੱਲ ਜਾ ਰਹੀ ਹੁੰਦੀ ਹੈ। 25 ਜਨਵਰੀ ਤੱਕ ਦਿੱਲੀ ਦੇ ਐਂਟਰੀ ਮਾਰਗਾਂ ਉਪਰ ਕਈ ਕਈ ਮੀਲ ਤੱਕ ਟਰੈਕਟਰ ਖੜ੍ਹੇ ਕਰਨ ਲਈ ਜਗ੍ਹਾ ਨਹੀਂ ਮਿਲ ਰਹੀ ਸੀ। 26 ਜਨਵਰੀ ਨੂੰ ਵੀ ਪੰਜਾਬ-ਹਰਿਆਣਾ ਤੋਂ ਆਉਣ ਵਾਲੇ ਟਰੈਕਟਰਾਂ ਦਾ ਤਾਂਤਾ ਲੱਗਿਆ ਹੋਇਆ ਸੀ। ਹਰ ਕੋਈ ਇਸੇ ਚਿੰਤਾ ਵਿਚ ਸੀ ਕਿ ਅੱਗੇ ਜਾ ਕੇ ਇਸ ਮਹਾਂ ਮਾਰਚ ਵਿਚ ਸ਼ਾਮਲ ਹੋਣ ਦਾ ਮੌਕਾ ਨਾ ਖੁੰਝ ਜਾਵੇ। ਫਿਰ ਵੀ, ਕੋਈ ਅੱਗੇ ਵਧਣ ਲਈ ਇਕ ਦੂਜੇ ਦੇ ਪੈਰ ਨਹੀਂ ਮਿੱਧ ਰਿਹਾ ਸੀ, ਹਰ ਕੋਈ ਤਹੱਮਲ ਨਾਲ ਆਪਣੀ ਵਾਰੀ ਦੀ ਇੰਤਜ਼ਾਰ ਵਿਚ ਸੀ। ਸਰਕਾਰੀ ਪਰੇਡ ਦੀ ਜਾਅਲੀ ਸ਼ਾਨ ਸਮਾਨੰਤਰ ਪਰੇਡ ਦੀ ਚਰਚਾ ਨੇ ਹੀ ਫਿੱਕੀ ਪਾ ਦਿੱਤੀ ਸੀ। ਇਸ ਨੇ ਸਿਖਰਾਂ ਛੂਹ ਕੇ ਇਕ ਅਸਲੋਂ ਹੀ ਨਿਵੇਕਲਾ ਮੰਜ਼ਰ ਪੇਸ਼ ਕਰਨਾ ਸੀ ਜਿਸ ਉਪਰ ਕੌਮਾਂਤਰੀ ਮੀਡੀਆ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸਨ। ਇਸ ਮੌਕੇ ਖੇਤੀਬਾੜੀ, ਸ਼ਾਨਾਮੱਤੇ ਇਤਿਹਾਸਕ ਵਿਰਸੇ, ਸਾਰੇ ਧਰਮਾਂ ਦੇ ਲੋਕਾਂ ਦੀ ਏਕਤਾ ਆਦਿ ਦੀਆਂ ਝਾਕੀਆਂ ਨੇ ਦੇਸ਼-ਵਿਦੇਸ਼ ਦੇ ਲੋਕਾਂ ਉਪਰ ਬਹੁਤ ਡੂੰਘਾ ਪ੍ਰਭਾਵ ਪਾਉਣਾ ਸੀ ਅਤੇ ਇਹ ਭਗਵੇਂ ਫਾਸ਼ੀਵਾਦ ਦੇ ਪਾਟਕ ਪਾਊ ਪ੍ਰੋਜੈਕਟ ਉਪਰ ਵਦਾਣੀ ਸੱਟ ਸਾਬਤ ਹੋਣਾ ਸੀ। ਅਫਸੋਸ ਕਿ ਘਿਨਾਉਣੀ ਸਾਜ਼ਿਸ਼ ਕਾਰਨ ਦੁਨੀਆ ਇਹ ਸਿਖਰਲਾ ਨਜ਼ਾਰਾ ਦੇਖਣ ਤੋਂ ਵਾਂਝੀ ਰਹਿ ਗਈ ਕਿਉਂਕਿ ਸੱਤਾ ਨੇ ਇਸ ਮਹਾਂ ਸੰਗਰਾਮ ਨੂੰ ਢਾਹ ਲਾਉਣ ਲਈ ਆਪਣੀ ਪੂਰੀ ਤਾਕਤ ਝੋਕੀ ਹੋਈ ਹੈ। ਦੀਪ ਸਿੱਧੂ ਗੈਂਗ ਇਕ ਕਿਸਾਨ ਜਥੇਬੰਦੀ ਅਤੇ ਕੁਝ ਹੋਰ ਧੜਿਆਂ ਦੀ ਮਦਦ ਨਾਲ ਇਸ ਮਹਾਂ ਮਾਰਚ ਨੂੰ ਲੀਹੋਂ ਲਾਹ ਕੇ ਤਾਰਪੀਡੋ ਕਰਨ ਵਿਚ ਕਾਮਯਾਬ ਹੋ ਗਿਆ।
ਪੂਰੀ ਤਰ੍ਹਾਂ ਯੋਜਨਾਬੱਧ ਤਰੀਕੇ ਨਾਲ ਦੀਪ ਸਿੱਧੂ ਗਰੁੱਪ ਨੂੰ ਟਰੈਕਟਰ ਪਰੇਡ ਦੇ ਮਿੱਥੇ ਵਕਤ ਤੋਂ ਘੰਟੇ ਪਹਿਲਾਂ ਹੀ ਤੈਅਸ਼ੁਦਾ ਰੂਟ ਦੀ ਉਲੰਘਣਾ ਕਰਵਾ ਕੇ ਲਾਲ ਕਿਲ੍ਹੇ ਵੱਲ ਲਿਜਾਇਆ ਗਿਆ ਅਤੇ ਲਾਲ ਕਿਲ੍ਹੇ ਉਪਰ ਕੇਸਰੀ ਨਿਸ਼ਾਨ ਲਗਾਉਣ ਨੂੰ ਮੁੱਦਾ ਬਣਾ ਦਿੱਤਾ ਗਿਆ। ਇਸ ਗਰੁੱਪ ਨੇ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਦੀਆਂ ਕਮੀਆਂ ਦਾ ਫਾਇਦਾ ਉਠਾ ਕੇ ਰਾਤ ਨੂੰ ਸਟੇਜ ਉਪਰ ਕਬਜ਼ਾ ਕਰ ਕੇ ਸਿੱਖ ਨੌਜਵਾਨਾਂ ਦੇ ਜਜ਼ਬਾਤ ਭੜਕਾਏ ਅਤੇ ਅਗਲੇ ਦਿਨ ਉਨ੍ਹਾਂ ਨੂੰ ਆਪਣੇ ਮਨਸੂਬਿਆਂ ਲਈ ਵਰਤਣ ਵਿਚ ਕਾਮਯਾਬ ਹੋ ਗਏ ਪਰ ਉਹ ਨੌਜਵਾਨਾਂ ਨੂੰ ਸੱਤਾ ਦੇ ਬੁਲਡੋਜ਼ਰ ਅੱਗੇ ਸੁੱਟ ਕੇ ਉਥੋਂ ਭੱਜ ਗਿਆ। ਇਕ ਨੌਜਵਾਨ ਪੁਲਿਸ ਦੀ ਗੋਲੀ ਨਾਲ ਮਾਰਿਆ ਗਿਆ। ਹੁਣ ਆਮ ਕਿਸਾਨ ਵੀ ਇਹ ਗੱਲ ਕਹਿ ਰਹੇ ਹਨ ਕਿ ਦੀਪ ਸਿੱਧੂ ਨੂੰ ਸੰਘ ਬ੍ਰਿਗੇਡ ਅਤੇ ਹੋਰ ਤਾਕਤਾਂ ਵੱਲੋਂ ਸੰਘਰਸ਼ ਨੂੰ ਢਾਹ ਲਾਉਣ ਲਈ ਉਚੇਚੇ ਤੌਰ `ਤੇ ਪ੍ਰੋਮੋਟ ਕੀਤਾ ਗਿਆ ਸੀ। ਜੇ ਬਿੰਦ ਕੁ ਲਈ ਇਹ ਵੀ ਮੰਨ ਲਿਆ ਜਾਵੇ ਕਿ ਸਿੱਧੂ ਦੀ ਸਰਕਾਰ ਨਾਲ ਕੋਈ ਗੰਢਤੁੱਪ ਨਹੀਂ ਸੀ, ਜਿਵੇਂ ਕੁਝ ਹਿੱਸੇ ਪੇਸ਼ ਕਰਨ ਦੀ ਸਿਰਤੋੜ ਵਾਹ ਲਾ ਰਹੇ ਹਨ, ਫਿਰ ਵੀ ਉਸ ਦੀ ਇਸ ਕਾਰਵਾਈ ਨੇ ਇਹ ਤਾਂ ਸਾਬਤ ਕਰ ਹੀ ਦਿੱਤਾ ਹੈ ਕਿ ਉਹ ਪੂਰੀ ਤਰ੍ਹਾਂ ਨਖਿੱਧ ਸ਼ਖਸ ਹੈ ਜਿਸ ਵਿਚ ਸੰਘਰਸ਼ ਨੂੰ ਅਗਵਾਈ ਦੇਣ ਦੀ ਮੁੱਢਲੀ ਕਾਬਲੀਅਤ ਵੀ ਨਹੀਂ ਹੈ। ਉਧਰ ਪੰਧੇਰ-ਪੰਨੂ ਧੜੇ ਦੇ ਆਗੂਆਂ ਨੇ ਫਾਸ਼ੀਵਾਦੀ ਹਕੂਮਤ ਦੇ ਹੱਥਾਂ ਵਿਚ ਖੇਡ ਕੇ ਨਾ ਸਿਰਫ ਸੰਘਰਸ਼ ਨੂੰ ਢਾਹ ਲਾਈ ਹੈ ਸਗੋਂ ਉਨ੍ਹਾਂ ਦੀ ਵੱਖਰੇ ਰਹਿ ਕੇ ਬਾਕੀਆਂ ਨਾਲੋਂ ਖੁਦ ਨੂੰ ਵੱਧ ਲੜਾਕੂ ਸਾਬਤ ਕਰਨ ਦੀ ਅੰਨ੍ਹੀ ਧੁੱਸ `ਚੋਂ ਇਨ੍ਹਾਂ ਆਗੂਆਂ ਨੇ ਆਪਣੀ ਲੀਡਰਸ਼ਿਪ ਦੀ ਭਰੋਸੇਯੋਗਤਾ ਵੀ ਗੁਆ ਲਈ ਹੈ। ਇਨ੍ਹਾਂ ਸਭ ਨੇ ਰਲ ਕੇ ਹਕੂਮਤ ਨੂੰ ਸੰਘਰਸ਼ ਬਾਰੇ ਆਮ ਲੋਕਾਂ ਅੰਦਰ ਭੁਲੇਖੇ ਖੜ੍ਹਾ ਕਰਨ ਦਾ ਮੌਕਾ ਦੇ ਦਿੱਤਾ ਹੈ ਜਿਸ ਦੀ ਉਹ ਲੰਮੇ ਸਮੇਂ ਤੋਂ ਭਾਲ ਵਿਚ ਸਨ। ਕਿੱਥੇ ਕੌਮਾਂਤਰੀ ਮੀਡੀਆ ਨੇ ਲੱਖਾਂ ਟਰੈਕਟਰਾਂ ਦੇ ਮਾਰਚ ਦੇ ਬੇਮਿਸਾਲ ਦ੍ਰਿਸ਼ ਦਿਖਾਉਣੇ ਸਨ ਅਤੇ ਬੇਮਿਸਾਲ ਸੰਘਰਸ਼ ਦਾ ਸੰਦੇਸ਼ ਕੁਲ ਆਲਮ ਤੱਕ ਪਹੁੰਚਣਾ ਸੀ, ਇਸ ਦੀ ਬਜਾਏ ਹਕੂਮਤ ਇਸ ਨੂੰ ਲੀਹੋਂ ਲਾਹ ਕੇ ਕਿਸਾਨ ਸੰਘਰਸ਼ ਦੇ ਹਿੰਸਕ ਹੋਣ ਦੀ ਝੂਠੀ ਕਹਾਣੀ ਪ੍ਰਚਾਰਨ, ਵਕਤੀ ਘਚੋਲਾ ਪਾਉਣ, ਅਵਾਮ ਨੂੰ ਨਿਰਾਸ਼ਤਾ `ਚ ਸੁੱਟਣ ਵਿਚ ਕਾਮਯਾਬ ਹੋ ਗਈ।
ਇਹ ਸੰਘਰਸ਼ ਲਈ ਬਹੁਤ ਵੱਡੀ ਸੱਟ ਹੈ, ਇਸ ਦੇ ਬਾਵਜੂਦ ਸੰਘਰਸ਼ਸ਼ੀਲ ਕਾਫਲਿਆਂ ਦੇ ਹੌਸਲੇ ਬੁਲੰਦ ਹਨ ਅਤੇ ਉਹ ਮੁੜ ਸਟੇਟ ਦੇ ਜਾਬਰ ਹਮਲੇ ਦਾ ਟਾਕਰਾ ਕਰਨ ਲਈ ਤਿਆਰੀਆਂ ਵਿਚ ਜੁੱਟ ਗਏ ਹਨ। ਇਸ ਵਕਤੀ ਪਛਾੜ ਦਾ ਵਿਸ਼ਲੇਸ਼ਣ ਕਰਦਿਆਂ ਇਹ ਹਕੀਕਤ ਨਜ਼ਰਅੰਦਾਜ਼ ਨਹੀਂ ਕੀਤੀ ਜਾਣੀ ਚਾਹੀਦੀ ਕਿ ਇਸ ਬੇਮਿਸਾਲ ਸੰਘਰਸ਼ ਦਾ ਮੱਥਾ ਕਿੰਨੀ ਖਤਰਨਾਕ ਫਾਸ਼ੀਵਾਦੀ ਤਾਕਤ ਨਾਲ ਲੱਗਿਆ ਹੋਇਆ ਹੈ। ਭਾਰਤ ਦੀ ਪੂਰੀ ਸਟੇਟ ਮਸ਼ੀਨਰੀ, ਆਰ.ਐਸ.ਐਸ.-ਬੀ.ਜੇ.ਪੀ. ਦੀ ਸਮੁੱਚੀ ਤਾਕਤ, ਕਾਰਪੋਰੇਟ ਲਾਣਾ ਅਤੇ ਗੋਦੀ ਮੀਡੀਆ ਮਿਲ ਕੇ ਸੰਘਰਸ਼ ਨੂੰ ਤੋੜਨ ਲਈ ਦਿਨ-ਰਾਤ ਸਰਗਰਮ ਹੈ। ਕੋਈ ਠੋਸ ਵਿਰੋਧ ਜਥੇਬੰਦ ਕਰਨ ਦੇ ਨਾਕਾਬਿਲ ਪਾਰਲੀਮੈਂਟਰੀ ਵਿਰੋਧੀ ਧਿਰ ਸ਼ਬਦੀ ਚਾਂਦਮਾਰੀ ਵਿਚ ਮਸਰੂਫ ਰਹਿ ਕੇ ਸੱਤਾ ਲਈ ਭਰੋਸੇਯੋਗ ਸਹਿਯੋਗੀ ਸਾਬਤ ਹੋ ਰਹੀ ਹੈ।
ਟਰੈਕਟਰ ਪਰੇਡ ਆਪਣੇ ਅੰਜਾਮ `ਤੇ ਨਾ ਪਹੁੁੰਚ ਸਕਣ ਕਾਰਨ ਆਮ ਲੋਕ ਨਿਰਾਸ਼ ਜ਼ਰੂਰ ਹੋਏ, ਲੇਕਿਨ ਇਹ ਨਿਰਾਸ਼ਾ ਆਰਜ਼ੀ ਸੀ। ਦਰਅਸਲ, ਪਰੇਡ ਦਾ ਕਾਫੀ ਹਿੱਸਾ ਤਾਂ ਪਹਿਲਾਂ ਹੀ ਨੇਪਰੇ ਚੜ੍ਹ ਚੁੱਕਾ ਸੀ ਜਦ ਲੱਖਾਂ ਟਰੈਕਟਰ ਗੜਗੱਜ ਪਾਉਂਦੇ ਦਿੱਲੀ ਜਾ ਪਹੁੰਚੇ। ਹੰਕਾਰੇ ਹੋਏ ਭਗਵੇਂ ਹੁਕਮਰਾਨ ਅੰਦਰੋਂ ਬੁਰੀ ਤਰ੍ਹਾਂ ਡਰੇ ਹੋਏ ਸਨ। ਉਨ੍ਹਾਂ ਦਾ ਅਸਲ ਡਰ ਇਹ ਸੀ ਕਿ ਟਰੈਕਟਰ ਪਰੇਡ ਦੀ ਕਾਮਯਾਬੀ ਨਾ ਸਿਰਫ ਸੰਘਰਸ਼ ਨੂੰ ਹੋਰ ਹੁਲਾਰਾ ਦੇਵੇਗੀ ਸਗੋਂ ਦਿੱਲੀ ਦੇ ਆਮ ਲੋਕਾਂ ਵਿਚ ਸੰਘਰਸ਼ ਨਾਲ ਹਮਦਰਦੀ ਵਧੇਗੀ। ਬਹੁਤ ਸਾਰੇ ਥਾਈਂ ਦਿੱਲੀ ਵਾਸੀਆਂ ਵੱਲੋਂ ਫੁੱਲਾਂ ਦੀ ਵਰਖਾ ਕਰ ਕੇ ਕੀਤੇ ਗਏ ਸਵਾਗਤ ਇਸ ਸੱਚੀ ਹਮਦਰਦੀ ਦੀ ਪ੍ਰਤੱਖ ਝਲਕ ਹਨ।
26 ਜਨਵਰੀ ਤੋਂ ਲੈ ਕੇ ਆਰ.ਐਸ.ਐਸ.-ਬੀ.ਜੇ.ਪੀ. ਲਗਾਤਾਰ ਘਿਨਾਉਣੀਆਂ ਹਰਕਤਾਂ `ਤੇ ਉਤਰੀ ਹੋਈ ਹੈ। ਆਮ ਲੋਕਾਂ ਦੇ ਨਾਂਅ ਹੇਠ ਆਪਣੇ ਤਿਰੰਗਿਆਂ ਵਾਲੇ ਗੁੰਡਾ ਗਰੋਹ ਲਿਆ ਕੇ ਮੋਰਚਿਆਂ ਉਪਰ ਹਮਲੇ ਕਰਵਾਏ ਜਾ ਰਹੇ ਹਨ। ਇਹ ਫਾਸ਼ੀਵਾਦੀ ਸੰਘੀਆਂ ਦਾ ਲੋਕ ਸੰਘਰਸ਼ਾਂ ਨੂੰ ਦਬਾਉਣ ਦਾ ਸਿੱਕੇਬੰਦ ਦਹਿਸ਼ਤਵਾਦੀ ਤਰੀਕਾ ਹੈ। ਪਿਛਲੇ ਸਾਲਾਂ ਵਿਚ ਜੇ.ਐਨ.ਯੂ., ਜਾਮੀਆ ਮਿਲੀਆ ਇਸਲਾਮੀਆ, ਬਨਾਰਸ ਹਿੰਦੂ ਯੂਨੀਵਰਸਿਟੀ, ਦਿੱਲੀ ਯੂਨੀਵਰਸਿਟੀ ਦੇ ਵਿਦਿਆਰਥੀ ਸੰਘਰਸ਼ਾਂ ਅਤੇ ਸ਼ਾਹੀਨ ਬਾਗ਼ ਦੇ ਮੋਰਚਿਆਂ ਨੂੰ ਤੋੜਨ ਲਈ ਇਸੇ ਤਰ੍ਹਾਂ ਪਹਿਲਾਂ ਸੜਕਾਂ ਜਾਮ ਰਹਿਣ ਕਾਰਨ ਆਮ ਲੋਕਾਂ ਨੂੰ ਮੁਸ਼ਕਿਲ ਆਉਣ ਦਾ ਹੋ-ਹੱਲਾ ਮਚਾਇਆ ਗਿਆ, ਆਰ.ਐਸ.ਐਸ. ਦੀਆਂ ਜਥੇਬੰਦੀਆਂ ਵੱਲੋਂ ਪੁਲਿਸ ਨੂੰ ਜਾਮ ਖੁੱਲ੍ਹਵਾਉਣ ਦੇ ਭੜਕਾਊ ਅਲਟੀਮੇਟਮ ਦਿੱਤੇ ਗਏ ਅਤੇ ਫਿਰ ਹਥਿਆਰਾਂ ਨਾਲ ਲੈਸ ਗੁੰਡਾ ਗਰੋਹ ਅਤੇ ਪੁਲਿਸ ਦੀ ਥੋਕ ਨਫਰੀ ਭੇਜ ਕੇ ਖੂਨੀ ਹਮਲੇ ਕੀਤੇ ਗਏ। ਇਸੇ ਨਮੂਨੇ `ਤੇ ਹੁਣ ਗਾਜ਼ੀਪੁਰ, ਸਿੰਘੂ ਅਤੇ ਟੀਕਰੀ ਹੱਦਾਂ ਉਪਰ ਜੁੜੇ ਸੰਘਰਸ਼ਸ਼ੀਲ ਇਕੱਠਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਗਾਜ਼ੀਪੁਰ ਹੱਦ ਉਪਰ ਪੁਲਿਸ ਅਤੇ ਸੰਘ ਬ੍ਰਿਗੇਡ ਦੇ ਸਾਂਝੇ ਹਮਲੇ ਨੂੰ ਰਾਕੇਸ਼ ਟਕੈਤ ਦੀ ਅਗਵਾਈ `ਚ ਕਿਸਾਨਾਂ ਦੇ ਜ਼ਬਰਦਸਤ ਵਿਰੋਧ ਨੇ ਨਾਕਾਮ ਬਣਾ ਦਿੱਤਾ। ਰਾਕੇਸ਼ ਟਕੈਤ ਦੀ ਭਾਵੁਕ ਅਪੀਲ ਨੇ ਮੋਰਚੇ ਵਿਚ ਨਵੀਂ ਰੂਹ ਫੂਕ ਦਿੱਤੀ ਅਤੇ ਰਾਤੋ-ਰਾਤ ਦਹਿ-ਹਜ਼ਾਰਾਂ ਕਿਸਾਨ ਸੰਘਰਸ਼ ਦੀ ਹਮਾਇਤ `ਚ ਪਹੁੰਚ ਗਏ।
ਸਿੰਘੂ ਹੱਦ ਉਪਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਮੋਰਚੇ ਨੂੰ ਖਤਮ ਕਰਾਉਣ ਲਈ ਵੱਡਾ ਹਮਲਾ ਕੀਤਾ ਗਿਆ। ਪੁਲਿਸ ਅਤੇ ਸੰਘ ਦੇ ਗਰੋਹਾਂ ਨੇ ਪੈਟਰੋਲ ਬੰਬ ਅਤੇ ਹੋਰ ਘਾਤਕ ਹਥਿਆਰਾਂ ਦੀ ਸ਼ਰੇਆਮ ਵਰਤੋਂ ਕੀਤੀ। ਹਾਜ਼ਰ ਲੋਕਾਂ ਨੇ ਸ਼ਾਂਤਮਈ ਵਿਰੋਧ ਨਾਲ ਇਸ ਨੂੰ ਪਛਾੜਿਆ। ਮੀਡੀਆ ਕੈਮਰਿਆਂ ਦੇ ਬਾਵਜੂਦ ਪੁਲਿਸ ਅਤੇ ਸੰਘ ਦੇ ਗੁੰਡਿਆਂ ਵੱਲੋਂ ਆਮ ਨਿਹੱਥੇ ਕਿਸਾਨਾਂ ਨੂੰ ਬੇਕਿਰਕੀ ਨਾਲ ਕੁੱਟ-ਕੁੱਟ ਕੇ ਲਹੂ-ਲੁਹਾਣ ਕਰ ਦਿੱਤਾ ਗਿਆ। ਔਰਤਾਂ ਦੇ ਰੈਣ-ਬਸੇਰੇ ਤੋੜ ਦਿੱਤੇ ਗਏ। ਬਹੁਤ ਸਾਰੇ ਲੋਕਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਬਹੁਤ ਸਾਰੇ ਨੌਜਵਾਨ ਲਾਪਤਾ ਹਨ। ਕਈਆਂ ਨੂੰ ਪੁਲਿਸ ਨੇ ਸੜਕਾਂ ਤੋਂ ਚੁੱਕ ਕੇ ਝੂਠੇ ਕੇਸ ਪਾ ਕੇ ਜੇਲ੍ਹ ਵਿਚ ਡੱਕ ਦਿੱਤਾ ਹੈ। ਯੂ.ਏ.ਪੀ.ਏ. ਤਹਿਤ ਪਰਚੇ ਦਰਜ ਕਰਨ ਦੀਆਂ ਰਿਪੋਰਟਾਂ ਆ ਰਹੀਆਂ ਹਨ। ਦੋ ਪ੍ਰਤੀਬੱਧ ਪੱਤਰਕਾਰਾਂ ਮਨਦੀਪ ਪੂਨੀਆ ਅਤੇ ਧਰਮਿੰਦਰ ਸਿੰਘ ਨੂੰ ਵੀ ਪੁਲਿਸ ਨੇ 30 ਜਨਵਰੀ ਦੀ ਸ਼ਾਮ ਨੂੰ ਗ੍ਰਿਫਤਾਰ ਕਰ ਲਿਆ ਜੋ ਸਿੰਘੂ ਵਿਖੇ ਸਰਕਾਰੀ ਦਹਿਸ਼ਤਵਾਦੀ ਹਮਲੇ ਦੀ ਰਿਪੋਰਟਿੰਗ ਕਰ ਰਹੇ ਸਨ। ਇਹ ‘ਦੁਨੀਆ ਦਾ ਸਭ ਤੋਂ ਬੜਾ ਲੋਕਤੰਤਰ` ਕਹਾਉਣ ਵਾਲੇ ਸਟੇਟ ਦਾ ਖੂਨੀ ਚਿਹਰਾ ਹੈ, ਜਿੱਥੇ ਦਹਿਸ਼ਤਵਾਦੀ ਗੁੰਡੇ ਅਤੇ ਕਾਤਲ ਰਾਜ ਮਸ਼ੀਨਰੀ ਦੀ ਸੁਰੱਖਿਆ ਛੱਤਰੀ ਹੇਠ ਤਿਰੰਗੇ ਝੰਡੇ ਦੀ ਓਟ ਲੈ ਕੇ ਨਿਹੱਥੇ ਪੁਰਅਮਨ ਲੋਕਾਂ ਉਪਰ ਖੂਨੀ ਹਮਲੇ ਕਰਨ ਲਈ ਨਾ ਸਿਰਫ ਆਜ਼ਾਦ ਹਨ ਸਗੋਂ ਕਾਨੂੰਨ ਦਾ ਰਾਜ ਲਾਗੂ ਕਰਨ ਲਈ ਬਣਾਈ ਪੁਲਿਸ ਉਨ੍ਹਾਂ ਨਾਲ ਮਿਲ ਕੇ ਸੱਤਾ ਦੇ ਏਜੰਡੇ ਅਨੁਸਾਰ ਹਿੰਸਕ ਹਮਲਿਆਂ ਨੂੰ ਬੇਖੌਫ ਹੋ ਕੇ ਅੰਜਾਮ ਦਿੰਦੀ ਹੈ। ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਨਿਆਂਪਸੰਦ ਅਨੁਸ਼ਾਸਿਤ ਲੋਕਾਂ ਨੂੰ ਹਿੰਸਕ ਦੱਸ ਕੇ ਭੰਡਿਆ ਜਾ ਰਿਹਾ ਹੈ ਜਦਕਿ ਪੁਲਿਸ ਨਾਲ ਮਿਲ ਕੇ ਖੁੱਲ੍ਹੇਆਮ ਕਾਨੂੰਨ ਨੂੰ ਹੱਥ ਵਿਚ ਲੈਣ ਵਾਲੇ ਦਹਿਸ਼ਤੀ ਗਰੋਹ ਤਿਰੰਗੇ ਚੁੱਕ ਕੇ ਅਮਨ-ਕਾਨੂੰਨ ਅਤੇ ਦੇਸ਼ਭਗਤੀ ਦੇ ਠੇਕੇਦਾਰ ਬਣੇ ਹੋਏ ਹਨ। ਰਾਜ ਢਾਂਚਾ ਪੂਰੀ ਤਰ੍ਹਾਂ ਲੋਕ ਦੁਸ਼ਮਣ ਚਿਹਰਾ ਦਿਖਾ ਰਿਹਾ ਹੈ। ਪੁਲਿਸ-ਫੌਜ ਅਤੇ ਨਿਆਂ ਪ੍ਰਣਾਲੀ ਸਮੇਤ ਹਰ ਸੰਸਥਾ ਉਪਰ ਆਰ.ਐਸ.ਐਸ. ਦਾ ਕੰਟਰੋਲ ਹੈ ਅਤੇ ਇਹ ਰਾਜ ਢਾਂਚੇ ਨੂੰ ਆਪਣੇ ਏਜੰਡੇ ਅਨੁਸਾਰ ਵਰਤ ਰਹੇ ਹਨ। ਜਾਂਚ ਵਿਚ ਯੂ.ਏ.ਪੀ.ਏ. ਅਤੇ ਰਾਜਧ੍ਰੋਹ ਵਰਗੇ ਕਾਲੇ ਕਾਨੂੰਨ ਜੋੜ ਦਿੱਤੇ ਗਏ ਹਨ ਤਾਂ ਜੁ ਸੰਘਰਸ਼ਸ਼ੀਲਾਂ ਨੂੰ ਵੱਧ ਤੋਂ ਵੱਧ ਸਮਾਂ ਜੇਲ੍ਹਾਂ ਵਿਚ ਸਾੜਿਆ ਜਾ ਸਕੇ।
ਸਰਕਾਰੀ ਅਤੇ ਭਗਵਾਂ ਦਹਿਸ਼ਤਵਾਦ ਸਿਰਫ ਜਿਸਮਾਨੀ ਹਮਲਿਆਂ ਤੱਕ ਸੀਮਤ ਨਹੀਂ ਹੈ। ਗਾਜ਼ੀਪੁਰ ਮੋਰਚੇ ਦੀ ਬਿਜਲੀ ਅਤੇ ਪਾਣੀ ਦੀ ਸਪਲਾਈ ਵੀ ਬੰਦ ਕਰ ਦਿੱਤੀ ਗਈ ਹੈ, ਸਿੰਘੂ-ਗਾਜ਼ੀਪੁਰ ਅਤੇ ਟੀਕਰੀ ਵਿਚ ਇੰਟਰਨੈੱਟ ਸੇਵਾਵਾਂ ਬੰਦ ਕਰ ਕੇ ਲੋਕਾਂ ਦਾ ਸੰਚਾਰ ਦਾ ਮੁੱਢਲਾ ਹੱਕ ਵੀ ਖੋਹ ਲਿਆ ਗਿਆ ਹੈ। ਹਰਿਆਣਾ ਸਰਕਾਰ ਵੱਲੋਂ 18 ਜ਼ਿਲ੍ਹਿਆਂ ਵਿਚ ਇੰਟਰਨੈੱਟ ਅਤੇ ਐਸ.ਐਮ.ਐਸ. ਸੇਵਾਵਾਂ ਬੰਦ ਕੀਤੀਆਂ ਗਈਆਂ ਹਨ।
ਕਾਰਪੋਰੇਟ-ਹਿੰਦੂਤਵਵਾਦੀ ਨਿਜ਼ਾਮ ਵੱਲੋਂ ਲੋਕ ਮਾਰੂ ਨੀਤੀਆਂ ਦੇ ਰੂਪ ਵਿਚ ਜਿੰਨਾ ਖਤਰਨਾਕ ਹਮਲਾ ਵਿੱਢਿਆ ਗਿਆ ਹੈ, ਤਸੱਲੀ ਵਾਲੀ ਗੱਲ ਇਹ ਹੈ ਕਿ ਅਵਾਮ ਨੇ ਇਸ ਖਤਰੇ ਨੂੰ ਸਮਝ ਲਿਆ ਹੈ। ਇਹੀ ਵਜ੍ਹਾ ਹੈ ਕਿ ਗਾਜ਼ੀਪੁਰ ਅਤੇ ਸਿੰਘੂ ਮੋਰਚਿਆਂ ਉਪਰ ਖੂਨੀ ਹਮਲਿਆਂ ਨਾਲ ਲੋਕ ਭੈਭੀਤ ਨਹੀਂ ਹੋਏ, ਇਸ ਨੇ ਉਨ੍ਹਾਂ ਦੇ ਇਰਾਦੇ ਹੋਰ ਮਜ਼ਬੂਤ ਕਰ ਦਿੱਤੇ ਹਨ। ਉਨ੍ਹਾਂ ਦੀ ਜ਼ਮੀਰ ਝੰਜੋੜੀ ਗਈ। ਘਰਾਂ ਨੂੰ ਪਰਤ ਰਹੀਆਂ ਟਰਾਲੀਆਂ ਵੀ ਮੁੜ ਦਿੱਲੀ ਜਾਣੀਆਂ ਸ਼ੁਰੂ ਹੋ ਗਈਆਂ ਹਨ। ਪਿੰਡਾਂ ਵਿਚ ਨਵੇਂ ਜੋਸ਼ ਨਾਲ ਮਤੇ ਪਾ ਕੇ ਦਿੱਲੀ ਵਿਚ ਡੱਟੇ ਕਾਫਲਿਆਂ ਵਿਚ ਸ਼ਾਮਲ ਹੋਣ ਦੇ ਐਲਾਨ ਹੋ ਰਹੇ ਹਨ। ਸਹਿਜੇ-ਸਹਿਜੇ ਪਛਾੜ ਦਾ ਆਮ ਲੋਕਾਂ ਉਪਰ ਨਾਂਹਪੱਖੀ ਅਸਰ ਖਤਮ ਹੋ ਰਿਹਾ ਹੈ, ਜੂਝ ਮਰਨ ਦਾ ਚਾਅ ਮੁੜ ਅੰਗੜਾਈ ਲੈ ਰਿਹਾ ਹੈ।
ਇੰਟਰਨੈੱਟ ਬੰਦ ਹੋਣ ਕਾਰਨ ਗੋਦੀ ਮੀਡੀਆ ਦੇ ਸੰਘਰਸ਼ ਨੂੰ ਬਦਨਾਮ ਕਰਨ ਦੇ ਕੂੜ ਪ੍ਰਚਾਰ ਦਾ ਮੁਕਾਬਲਾ ਕਰਨ ਲਈ ਵਾਰ-ਵਾਰ ਵਿਸ਼ੇਸ਼ ਪ੍ਰਚਾਰ ਮੁਹਿੰਮਾਂ ਚਲਾਉਣ ਦੀ ਜ਼ਰੂਰਤ ਹੈ। ਸੰਘਰਸ਼ ਨੂੰ ਬਦਨਾਮ ਕਰਨ ਵਾਲੇ ਸਿਰਫ ਵਾਪਸ ਮੁੜ ਰਹੇ ਟਰੈਕਟਰ ਦਿਖਾ ਰਿਹਾ ਹਨ, ਜਦ ਕਿ ਸੱਜਰੇ ਉਤਸ਼ਾਹ ਨਾਲ ਦਿੱਲੀ ਨੂੰ ਜਾ ਰਹੇ ਕਾਫਲਿਆਂ ਦੀ ਤਸਵੀਰ ਬਾਰੇ ਇਹ ਪੂਰੀ ਤਰ੍ਹਾਂ ਖਾਮੋਸ਼ ਹੈ। ਸੰਘਰਸ਼ ਦੀ ਅਸਲ ਤਸਵੀਰ ਆਮ ਲੋਕਾਂ ਤੱਕ ਪਹੁੰਚਣੀ ਚਾਹੀਦੀ ਹੈ। ਲੋਕ ਧਿਰ ਨੂੰ ਸੱਤਾ ਦੇ ਮੁਕਾਬਲੇ ਆਪਣਾ ਆਈ.ਟੀ. ਸੈੱਲ ਮਜ਼ਬੂਤ ਕਰ ਕੇ ਸਰਕਾਰੀ ਹੱਥਠੋਕਾ ਮੀਡੀਆ ਦੀਆਂ ਚਾਲਾਂ ਨੂੰ ਨਾਕਾਮ ਬਣਾਉਣਾ ਚਾਹੀਦਾ ਹੈ।
ਇਹ ਸੰਘਰਸ਼ ਦਾ ਬਹੁਤ ਹੀ ਨਾਜ਼ੁਕ ਅਤੇ ਬੇਹੱਦ ਅਹਿਮ ਪੜਾਅ ਹੈ। ਜਾਗਰੂਕ ਨੌਜਵਾਨ ਅਕਸਰ ਕਹਿੰਦੇ ਦੇਖੇ ਜਾ ਸਕਦੇ ਹਨ ਕਿ ਪਹਿਲਾਂ ਤਾਂ ਸੰਘਰਸ਼ ਮੇਲੇ ਵਰਗਾ ਸੀ, ਅਸਲ ਸੰਘਰਸ਼ ਤਾਂ ਹੁਣ ਸ਼ੁਰੂ ਹੋਇਆ ਹੈ। ਵਿਆਪਕ ਲੋਕ ਵਿਰੋਧ ਦੇ ਮੱਦੇਨਜ਼ਰ ਭਗਵੇਂ ਹੁਕਮਰਾਨ ਇਕ ਵਾਰ ਪਿੱਛੇ ਜ਼ਰੂਰ ਧੱਕੇ ਗਏ ਹਨ। ਇਹ ਚੇਤੇ ਰੱਖਣਾ ਚਾਹੀਦਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਹੋਰ ਵੀ ਘਿਨਾਉਣੇ ਅਤੇ ਵਧੇਰੇ ਖਤਰਨਾਕ ਹਮਲਿਆਂ ਦਾ ਖਤਰਾ ਮੰਡਰਾ ਰਿਹਾ ਹੈ।
ਹੁਣ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੂੰ ਸੰਘਰਸ਼ ਦੇ ‘ਗੱਦਾਰਾਂ` ਨੂੰ ਭੰਡਣ ਦੀ ਸਵੈ-ਸੰਤੁਸ਼ਟੀ ਦੀ ਬਜਾਏ ਸੰਘਰਸ਼ ਨੂੰ ਹੋਰ ਟਿਕਾਊ ਅਤੇ ਪ੍ਰਭਾਵਸ਼ਾਲੀ ਬਣਾਉਣ ਉਪਰ ਆਪਣੀ ਤਾਕਤ ਕੇਂਦਰਤ ਕਰਨੀ ਚਾਹੀਦੀ ਹੈ ਤਾਂ ਜੋ ਹੈਂਕੜਬਾਜ਼ ਸਰਕਾਰ ਉਪਰ ਸੰਘਰਸ਼ ਦਾ ਦਬਾਓ ਐਨਾ ਵਧਾਇਆ ਜਾ ਸਕੇ ਕਿ ਇਹ ਝੁਕਣ ਲਈ ਮਜਬੂਰ ਹੋ ਜਾਵੇ। ਸਟੇਟ ਦੇ ਢਾਂਚੇ ਨੂੰ ਸਿਰਫ ਵਿਸ਼ਾਲ ਲੋਕ ਰਾਇ ਦੇ ਦਬਾਓ ਨਾਲ ਹੀ ਜਵਾਬਦੇਹ ਬਣਾਇਆ ਜਾ ਸਕਦਾ ਹੈ ਅਤੇ ਇਸ ਦੇ ਖੂਨੀ ਹੱਥਾਂ ਨੂੰ ਰੋਕਿਆ ਜਾ ਸਕਦਾ ਹੈ। ਗ੍ਰਿਫਤਾਰ ਨੌਜਵਾਨਾਂ ਦੀ ਰਿਹਾਈ ਅਤੇ ਬੇਕਸੂਰਾਂ ਉਪਰ ਤਸ਼ੱਦਦ ਦਾ ਵਿਰੋਧ ਇਕ ਬਹੁਤ ਹੀ ਮਹੱਤਵਪੂਰਨ ਮੁੱਦਾ ਹੈ। ਸੰਘਰਸ਼ ਦੇ ਮੋਹਰੀ ਆਗੂਆਂ ਨੂੰ ਇਸ ਇਤਿਹਾਸਕ ਜ਼ਿੰਮੇਵਾਰੀ ਨੂੰ ਨਿਭਾਉਣ ਲਈ ਪੂਰਾ ਤਾਣ ਲਾ ਦੇਣਾ ਚਾਹੀਦਾ ਹੈ।