ਜੋ ਉਪਜਿਓ ਸੋ ਬਿਨਸਿ ਹੈ

ਡਾ. ਅਜੀਤ ਸਿੰਘ ਕੋਟਕਪੂਰਾ
ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਸ਼ਾਂਤ ਸੁਭਾਅ ਅਤੇ ਤਿਆਗ ਵਾਲੀ ਬਿਰਤੀ ਦੇ ਮਾਲਕ ਸਨ, ਪਰ ਇਹ ਤਿਆਗ ਵਾਲੀ ਬਿਰਤੀ ਕਿਸੇ ਡਰ ਕਾਰਨ ਜਾਂ ਮਾਨਸਿਕ ਕਮਜ਼ੋਰੀ ਜਾਂ ਸਰੀਰਕ ਕਮਜ਼ੋਰੀ ਕਾਰਨ ਨਹੀਂ ਸੀ। ਇਹ ਤਿਆਗੀ ਬਿਰਤੀ ਉਨ੍ਹਾਂ ਦੇ ਜਨਮ ਤੋਂ ਹੀ ਉਨ੍ਹਾਂ ਦੇ ਸੰਗ-ਸਾਥ ਸੀ। ਉਨ੍ਹਾਂ ਦੇ ਜਨਮ ਸਮੇਂ ਛੇਵੇਂ ਪਾਤਸਾਹ ਨੇ ਉਨ੍ਹਾਂ ਦਾ ਨਾਂ ਤਿਆਗ ਮੱਲ ਰੱਖਿਆ ਅਤੇ ਜਦੋਂ ਉਨ੍ਹਾਂ ਨੇ ਕਰਤਾਰਪੁਰ ਦੀ ਜੰਗ ਸਮੇਂ ਆਪਣੀ ਤਲਵਾਰ ਦੇ ਜਲਵੇ ਦਿਖਾਏ ਤਾਂ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਦਾ ਨਾਂ ਤੇਗ ਬਹਾਦਰ ਕਰ ਦਿੱਤਾ। ਇਹ ਬਹਾਦਰੀ ਵਾਲਾ ਨਾਂ ਉਨ੍ਹਾਂ ਦੇ ਨਾਲ ਅੰਤ ਤਕ ਨਿਭਿਆ। ਭਾਵੇਂ ਉਹ ਮਨ ਤੋਂ ਪੂਰੇ ਸ਼ਾਂਤ ਸੁਭਾਅ ਦੇ ਮਾਲਕ ਸਨ ਅਤੇ ਉਨ੍ਹਾਂ ਦੇ ਸ਼ਾਂਤ ਸੁਭਾਅ ਵਿਚ ਹੀ ਉਨ੍ਹਾਂ ਦੀ ਤਾਕਤ ਸੀ।

ਉਨ੍ਹਾਂ ਦੀ ਰਚੀ ਹੋਈ ਬਾਣੀ ਅੰਦਰ ਇਕ ਖਾਸ ਕਿਸਮ ਦਾ ਵੈਰਾਗ ਵੀ ਉਨ੍ਹਾਂ ਦੇ ਸ਼ਾਂਤ ਸੁਭਾਅ ਨੂੰ ਹੀ ਪ੍ਰਗਟ ਕਰਦਾ ਹੈ। ਸ਼ਾਂਤੀ ਨਾਲ ਹੀ ਉਨ੍ਹਾਂ ਨੇ ਆਪਣੇ ਸਿਧਾਂਤਾਂ ਦੀ ਰਾਖੀ ਲਈ ਧਰਮ ਯੁੱਧ ਕੀਤਾ ਤੇ ਆਪਣਾ ਜੀਵਨ ਕੁਰਬਾਨ ਕਰਨਾ ਕਬੂਲ ਕੀਤਾ ਸੀ ਅਤੇ ਤਿਲਕ ਤੇ ਜੰਜੂ ਦੀ ਰਾਖੀ ਲਈ ਸ਼ਹੀਦੀ ਪ੍ਰਾਪਤ ਕੀਤੀ। ਭਾਵੇਂ ਉਨ੍ਹਾਂ ਨੇ ਸਾਰੀ ਉਮਰ ਤਿਲਕ ਨਹੀਂ ਲਾਇਆ ਅਤੇ ਨਾ ਹੀ ਤਿਲਕ ਲਾਉਣ ਦੀ ਪ੍ਰੇਰਨਾ ਕੀਤੀ। ਉਨ੍ਹਾਂ ਅਤੇ ਉਨ੍ਹਾਂ ਦੇ ਪੈਰੋਕਾਰਾਂ ਨੇ ਜੰਜੂ ਵੀ ਨਹੀਂ ਪਹਿਨਿਆ ਅਤੇ ਇਸ ਜੰਜੂ ਦੀ ਵਿਰੋਧਤਾ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਨੇ ਹੀ ਕੀਤੀ ਸੀ ਤੇ ਪਹਿਨਣ ਤੋਂ ਇਨਕਾਰ ਕਰ ਦਿੱਤਾ ਸੀ, ਭਾਵੇਂ ਉਨ੍ਹਾਂ ਦੇ ਪਿਤਾ ਮਹਿਤਾ ਕਾਲੂ ਵਲੋਂ ਇਸ ਸਬੰਧੀ ਸਾਰੇ ਪ੍ਰਬੰਧ ਕੀਤੇ ਹੋਏ ਸਨ। ਇਸ ਸਬੰਧੀ ਵੇਰਵਾ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਆਸਾ ਦੀ ਵਾਰ (ਪੰਨਾ 471) ਵਿਚ ਮਿਲਦਾ ਹੈ,
ਸਲੋਕੁ ਮ: ੧॥
ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ॥
ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ॥
ਨਾ ਏਹੁ ਤੁਟੈ ਨ ਮਲੁ ਲਗੈ ਨਾ ਏਹੁ ਜਲੈ ਨ ਜਾਇ॥
ਧੰਨੁ ਸੁ ਮਾਣਸ ਨਾਨਕਾ ਜੋ ਗਲਿ ਚਲੇ ਪਾਇ॥੧॥
ਇਕ ਨਾਟਕ, ਜੋ ਕੇਵਲ ਧਾਲੀਵਾਲ ਨੇ ਲਿਖਿਆ ਹੈ, ਉਸ ਵਿਚ ਉਹ ਆਖਦਾ ਹੈ ਕਿ ਸਿਰ ਤਾਂ ਹਰ ਇਕ ਦੇ ਮੋਢੇ ਉਪਰ ਹੁੰਦਾ ਹੈ, ਪਰ ਸੀਸ ਕਿਸੇ ਕਿਸੇ ਕੋਲ ਹੀ ਹੁੰਦਾ ਹੈ। ਮੇਰੇ ਵਿਚਾਰ ਅਨੁਸਾਰ ਸੀਸ ਜਿਨ੍ਹਾਂ ਕੋਲ ਹੁੰਦਾ ਹੈ, ਉਹ ਆਪਣਾ ਸੀਸ ਤਾਂ ਦੇ ਸਕਦੇ ਹਨ, ਪਰ ਹਮੇਸ਼ਾ ਸਿਰੜ ਦੇ ਪੱਕੇ ਹੁੰਦੇ ਹਨ; ਅਜਿਹਾ ਹੀ ਨੌਵੇਂ ਪਾਤਸ਼ਾਹ ਵਲੋਂ ਕੀਤਾ ਗਿਆ ਸੀ, ਜਿਨ੍ਹਾਂ ਨੇ ਸੀਸ ਤਾਂ ਕੁਰਬਾਨ ਕਰ ਦਿੱਤਾ ਸੀ ਤੇ ਸਿਰੜ ਨਹੀਂ ਛੱਡਿਆ ਸੀ। ਉਹ ਦੁਨੀਆਂ ਦੇ ਇਤਿਹਾਸ ਵਿਚ ਸਭ ਤੋਂ ਲਾਸਾਨੀ ਸ਼ਹੀਦ ਹੋਏ ਹਨ, ਜਿਨ੍ਹਾਂ ਨੇ ਧਰਮ ਦੀ ਆਜ਼ਾਦੀ ਲਈ ਆਪਣਾ ਬਲੀਦਾਨ ਦਿੱਤਾ ਸੀ। ਉਸ ਨਾਟਕ ਅੰਦਰ ਔਰੰਗਜ਼ੇਬ ਵਲੋਂ ਇਹ ਆਖਿਆ ਗਿਆ ਦਿਖਾਇਆ ਗਿਆ ਹੈ, “…ਤੁਸੀਂ ਆਪਣੇ ਗੁਰੂ ਨੂੰ ਆਖੋ ਕਿ ਉਹ ਇਨ੍ਹਾਂ ਬ੍ਰਾਹਮਣਾਂ ਤੇ ਬੁੱਤ ਪੂਜ ਹਿੰਦੂਆਂ ਦਾ ਸਾਥ ਛੱਡ ਦੇਣ। ਤੁਹਾਡੇ ਗੁਰੂ ਬੁੱਤ-ਪੂਜ ਨਹੀਂ ਹਨ, ਫਿਰ ਇਨ੍ਹਾਂ ਬੁੱਤ ਪੂਜਕਾਂ ਦਾ ਸਾਥ ਕਿਉਂ ਦੇ ਰਹੇ ਹਨ?”
ਉਤਰ ਵਿਚ ਦੱਸਿਆ ਹੈ, “ਸਾਡੇ ਗੁਰੂ ਬੁੱਤ-ਪੂਜ ਨਹੀਂ ਇਹ ਠੀਕ ਹੈ, ਪਰ ਬੁੱਤ ਸ਼ਿਕਨ ਵੀ ਨਹੀਂ ਹਨ। ਸਾਡੇ ਗੁਰੂ ਹਰ ਕਿਸੇ ਨੂੰ ਆਪਣੇ ਧਰਮ ਵਿਸ਼ਵਾਸ ਤੇ ਰਹੁ-ਰੀਤਾਂ ਅਨੁਸਾਰ ਜਿਉਣ ਦੀ ਖੁੱਲ੍ਹ ਦੇ ਹਾਮੀ ਹਨ। ਕਿਸੇ ਨੂੰ ਵੀ ਇਹ ਹੱਕ ਨਹੀਂ ਕਿ ਉਹ ਹਕੂਮਤ ਦੀ ਤਾਕਤ ਨਾਲ ਜਾਂ ਤਲਵਾਰ ਦੇ ਜ਼ੋਰ ਨਾਲ ਦੂਜਿਆਂ ਦਾ ਧਰਮ ਤਬਦੀਲ ਕਰੇ।”
ਉਸੇ ਨਾਟਕ ਵਿਚ ਇਹ ਵੀ ਹੈ ਕਿ ਔਰੰਗਜ਼ੇਬ ਦੀ ਬੇਟੀ ਜ਼ੇਬੁਨਸਾਂ ਵੀ ਆਪਣੇ ਬਾਪ ਨੂੰ ਆਖਦੀ ਹੈ, “ਇਸ ਮੁਲਕ ਦੀ ਗੰਗਾ ਜਮਨਾ ਵਾਲੀ ਸਾਂਝੀ ਤਹਿਜ਼ੀਬ ਏ, ਤੁਸੀਂ ਮੁਲਕ ਦੇ ਹਰ ਮਜ਼ਹਬ ਨੂੰ ਤਸਲੀਮ ਕਰੋ। ਅੱਬਾ ਹਜ਼ੂਰ! ਹਰ ਨਸਲ ਤੇ ਕੌਮ ਨੂੰ ਨਾਲ ਲੈ ਕੇ ਤੁਰੋ।”
ਜ਼ੇਬੁਨਸਾਂ ਇਕ ਹੋਰ ਥਾਂ ਆਖਦੀ ਹੈ, “ਅੱਬਾ ਹਜ਼ੂਰ! ਜਿਵੇਂ ਕੁਦਰਤ ਨੇ ਵੱਖ ਵੱਖ ਰੰਗਾਂ ਦੇ ਫੁੱਲਾਂ ਨਾਲ ਇਸ ਧਰਤੀ ਨੂੰ ਮਹਿਕਾਇਆ ਹੈ, ਉਸੇ ਤਰ੍ਹਾਂ ਵੱਖ ਵੱਖ ਧਰਮਾਂ ਤੇ ਵੱਖ ਵੱਖ ਜਾਤਾਂ ਦੇ ਲੋਕਾਂ ਦੇ ਸਾਥ ਨਾਲ ਹੀ ਮੁਲਕ ਬਣਦਾ ਏ ਅਤੇ ਜੇ ਤੁਸੀਂ ਚਾਹੁੰਦੇ ਹੋ ਕਿ ਧਰਤੀ ਉਪਰ ਇਕੋ ਰੰਗ ਦੇ ਹੀ ਫੁੱਲ ਹੋਣ ਤਾਂ ਇਹ ਕੁਦਰਤ ਨਾਲ ਵੀ ਅਤੇ ਅੱਲਾ ਤਾਲਾ ਨਾਲ ਵੀ ਜ਼ਿਆਦਤੀ ਹੋਵੇਗੀ।”

ਗੁਰੂ ਜੀ ਨੇ ਸਮਝਾਇਆ ਕਿ ਇਹ ਜਗ ਰਚਨਾ ਝੂਠ ਦਾ ਪਸਾਰਾ ਹੈ ਅਤੇ ਜਿਸ ਨੇ ਜਨਮ ਲਿਆ ਹੈ, ਉਸ ਦਾ ਅੰਤ ਹੋਣਾ ਹੀ ਹੈ। ਮੌਤ ਦਾ ਆਉਣਾ ਕੁਦਰਤ ਦੀ ਪ੍ਰਕ੍ਰਿਆ ਹੈ। ਮੌਤ ਦਾ ਕਾਰਨ ਕੋਈ ਵੀ ਹੋ ਸਕਦਾ ਹੈ, ਜਿਵੇਂ ਬਿਮਾਰੀ ਜਾਂ ਦੁਰਘਟਨਾ ਆਦਿ। ਸਿੱਖ ਧਰਮ ਦੇ ਅੰਦਰ ਸ਼ਹੀਦੀ ਦਾ ਸੰਕਲਪ ਹੀ ਵੱਖਰਾ ਹੈ ਅਤੇ ਗੁਰਬਾਣੀ ਦੇ ਅੰਦਰ ਸਪਸ਼ਟ ਕੀਤਾ ਗਿਆ ਹੈ,
ਜਉ ਤਉ ਪ੍ਰੇਮ ਖੇਲਣ ਕਾ ਚਾਉ॥
ਸਿਰੁ ਧਰਿ ਤਲੀ ਗਲੀ ਮੇਰੀ ਆਉ॥
ਇਤੁ ਮਾਰਗਿ ਪੈਰੁ ਧਰੀਜੈ॥
ਸਿਰੁ ਦੀਜੈ ਕਾਣਿ ਨ ਕੀਜੈ॥੨੦॥ (ਪੰਨਾ 1412)
ਸਿੱਖੀ ਅੰਦਰ ਕੁਰਬਾਨੀ ਦਾ ਜਜ਼ਬਾ ਕਿੰਨਾ ਜ਼ਰੂਰੀ ਹੈ, ਨਿਮਨ ਸ਼ਬਦ ਵੀ ਇਹੋ ਦੱਸਦਾ ਹੈ,
ਸਲੋਕ ਮ: ੫॥
ਪਹਿਲਾ ਮਰਣੁ ਕਬੂਲਿ
ਜੀਵਣ ਕੀ ਛਡਿ ਆਸ॥
ਹੋਹੁ ਸਭਨਾ ਕੀ ਰੇਣੁਕਾ
ਤਉ ਆਉ ਹਮਾਰੈ ਪਾਸਿ॥੧॥ (ਪੰਨਾ 1102)
ਸ਼ਹੀਦ ਜਾਂ ਸ਼ਹਾਦਤ ਦਾ ਅਰਥ ਹੈ, ਕਿਸੇ ਉਦੇਸ਼ ਲਈ ਆਪਾ ਵਾਰ ਦੇਣਾ ਜਾਂ ਆਪਣੇ ਆਪ ਨੂੰ ਕੁਰਬਾਨ ਕਰ ਦੇਣਾ। ਉਸ ਉਦੇਸ਼ ਅੰਦਰ ਕੌਮ ਜਾਂ ਦੇਸ਼ ਦੀ ਭਲੇ ਲਈ ਹੋ ਸਕਦੀ ਹੈ, ਜਿਸ ਦੇ ਸਵੈ ਦਾ ਕੋਈ ਸਥਾਨ ਨਹੀਂ ਹੁੰਦਾ, ਭਾਵ ਸਵੈ ਰਹਿਤ ਉਦੇਸ਼ ਲਈ ਆਪਣੀ ਜਾਨ ਨੂੰ ਕੁਰਬਾਨ ਕਰ ਦੇਣਾ। ਫੌਜੀ ਦੇਸ਼ ਦੀ ਰਾਖੀ ਲਈ ਮਰ ਮਿਟਦਾ ਹੈ ਅਤੇ ਸਮੇਂ ਤੋਂ ਪਹਿਲਾਂ ਮੌਤ ਨੂੰ ਗਲੇ ਲਾਉਣਾ ਕਬੂਲ ਕਰ ਲੈਂਦਾ ਹੈ। ਇਸੇ ਤਰ੍ਹਾਂ ਹੀ ਸਿੱਖ ਸ਼ਹੀਦ ਹੋਏ ਹਨ, ਜਿਨ੍ਹਾਂ ਨੇ ਸਿੱਖੀ ਨੂੰ ਨਿਭਾਉਣ ਦੀ ਖਾਤਰ ਆਪਣੀ ਮੌਤ ਨੂੰ ਗਲੇ ਲਾ ਲਿਆ ਸੀ। ਅਜਿਹੇ ਸ਼ਹੀਦੀਆਂ ਪਾਉਣ ਵਾਲੇ ਸਿੱਖ ਦੀ ਗਿਣਤੀ ਕਰਨੀ ਅਸੰਭਵ ਹੈ, ਕਿਉਂ ਜੋ ਸਿੱਖ ਇਤਿਹਾਸ ਹੀ ਖੂਨ ਨਾਲ ਲਿਖਿਆ ਹੋਇਆ ਹੈ ਅਤੇ ਸਿੱਖ ਸ਼ਹੀਦਾਂ ਨੇ ਆਪ ਕੁਰਬਾਨ ਕਰ ਸਿੱਖੀ ਨੂੰ ਜਿਉਂਦਾ ਰੱਖਿਆ ਹੋਇਆ ਹੈ। ਕਿਸੇ ਕਵੀ ਨੇ ਲਿਖਿਆ ਹੈ, “ਸ਼ਹੀਦ ਕੀ ਜੋ ਮੌਤ ਹੈ ਵੋਹ ਕੌਮ ਕੀ ਹਯਾਤ ਹੈ।”
ਇਹੋ ਹੀ ਮੁਖ ਅੰਤਰ ਹੈ, ਆਪਣੀ ਆਈ ਮੌਤ ਵਿਚ ਮਰਨ ਦਾ ਅਤੇ ਦੇਸ਼ ਕੌਮ ਆਦਿ ਲਈ ਸ਼ਹੀਦ ਹੋ ਜਾਣ ਦਾ। ਗੁਰੂ ਤੇਗ ਬਹਾਦਰ ਜੀ ਨੇ ਵੀ ਆਪਾ ਕੁਰਬਾਨ ਕੀਤਾ ਸੀ। ਸਿੱਖਾਂ ਅੰਦਰ ਪਹਿਲੇ ਗੁਰੂ ਸ਼ਹੀਦ ਦਾ ਦਰਜ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੂੰ ਪ੍ਰਾਪਤ ਹੈ, ਜਿਨ੍ਹਾਂ ਨੇ ਆਪਣੇ ਸਰੀਰ ਉਪਰ ਕਸ਼ਟ ਝੱਲੇ ਅਤੇ ਸਮੇਂ ਦੇ ਹਾਕਮ ਅੱਗੇ ਝੁਕਣ ਤੋਂ ਇਨਕਾਰ ਕਰ ਦਿੱਤਾ ਸੀ। ਉਨ੍ਹਾਂ ਨੂੰ ਤੱਤੀ ਤਵੀ `ਤੇ ਬਿਠਾਇਆ ਗਿਆ ਸੀ ਅਤੇ ਭਾਰੀ ਜ਼ੁਲਮ ਕੀਤਾ ਗਿਆ ਸੀ, ਪਰ ਉਨ੍ਹਾਂ ਨੇ ਇਸ ਵਰਤਾਰੇ ਨੂੰ ਵਾਹਿਗੁਰੂ ਦਾ ਭਾਣਾ ‘ਮੀਠਾ’ ਸਮਝ ਕੇ ਮੰਨਿਆ ਸੀ ਅਤੇ ਮੁਖੋਂ ਉਚਾਰਿਆ ਸੀ,
ਤੇਰਾ ਕੀਆ ਮੀਠਾ ਲਾਗੈ॥
ਹਰਿ ਨਾਮੁ ਪਦਾਰਥੁ ਨਾਨਕੁ ਮਾਂਗੈ॥ (ਪੰਨਾ 394)
ਗੁਰੂ ਤੇਗ ਬਹਾਦਰ ਜੀ ਦਾ ਜਨਮ ਛੇਵੇਂ ਪਾਤਸਾਹ ਗੁਰੂ ਹਰਗੋਬਿੰਦ ਜੀ ਦੇ ਘਰ ਅਤੇ ਮਾਤਾ ਨਾਨਕੀ ਜੀ ਦੀ ਉਦਰ ਵਿਚੋਂ 18 ਅਪਰੈਲ 1621 ਨੂੰ ਹੋਇਆ ਸੀ ਅਤੇ ਉਨ੍ਹਾਂ ਦੇ 400 ਸਾਲਾ ਪੁਰਬ ਮਨਾਏ ਜਾਣ ਲਈ ਜ਼ੋਰ ਸ਼ੋਰ ਨਾਲ ਪ੍ਰਬੰਧ ਕੀਤੇ ਜਾ ਰਹੇ ਹਨ। ਉਹ ਆਪਣੇ ਮਾਤਾ-ਪਿਤਾ ਦੇ ਸਭ ਤੋਂ ਛੋਟੇ ਸਪੁੱਤਰ ਸਨ। ਵੱਡੇ ਬਾਬਾ ਗੁਰਦਿੱਤਾ ਜੀ ਸਨ, ਜਿਨ੍ਹਾਂ ਦੇ ਪੁੱਤਰ ਗੁਰੂ ਹਰ ਰਾਏ ਜੀ ਨੂੰ ਇਨ੍ਹਾਂ ਦੇ ਪਿਤਾ ਜੀ ਨੇ ਆਪਣੇ ਤੋਂ ਬਾਅਦ ਸਤਵੇਂ ਗੁਰੂ ਥਾਪਿਆ ਸੀ। ਬਾਕੀ ਪਰਿਵਾਰ ਵਿਚ ਬਾਬਾ ਸੂਰਜ ਮੱਲ, ਬਾਬਾ ਅਨੀ ਰਾਏ ਜੀ, ਬਾਬਾ ਅਟਲ ਰਾਏ ਜੀ ਅਤੇ ਇਨ੍ਹਾਂ ਦੀ ਇੱਕ ਭੈਣ ਬੀਬੀ ਵੀਰੋ ਜੀ ਸਨ। ਗੁਰੂ ਜੀ ਦਾ ਸਾਰਾ ਬਚਪਨ ਅੰਮ੍ਰਿਤਸਰ ਵਿਚ ਬੀਤਿਆ ਸੀ। ਉਨ੍ਹਾਂ ਬਚਪਨ ਵਿਚ ਹੀ ਹਿੰਦੀ, ਉਰਦੂ, ਗੁਰਮੁਖੀ, ਸੰਸਕ੍ਰਿਤ ਅਤੇ ਹੋਰ ਭਾਸ਼ਾਵਾਂ ਦਾ ਗਿਆਨ ਭਾਈ ਗੁਰਦਾਸ ਜੀ ਤੋਂ ਪ੍ਰਾਪਤ ਕੀਤਾ ਸੀ। ਧਰਮ ਗ੍ਰੰਥਾਂ ਦੀ ਸਿਖਿਆ, ਜਿਸ ਵਿਚ ਮਹਾਭਾਰਤ, ਰਮਾਇਣ ਅਤੇ ਕੁਰਾਨ ਆਦਿ ਸ਼ਾਮਲ ਸਨ, ਵੀ ਭਾਈ ਗੁਰਦਾਸ ਜੀ ਤੋਂ ਗ੍ਰਹਿਣ ਕੀਤੀ ਸੀ। ਤੀਰ ਅੰਦਾਜ਼ੀ ਅਤੇ ਘੋੜ ਸਵਾਰੀ ਦੀ ਸਿਖਲਾਈ ਬਾਬਾ ਬੁੱਢਾ ਜੀ ਤੋਂ ਪ੍ਰਾਪਤ ਕੀਤੀ ਸੀ। ਤਲਵਾਰ ਦਾ ਭਲੀਭਾਂਤ ਪ੍ਰਯੋਗ ਕਰਨਾ ਉਨ੍ਹਾਂ ਨੂੰ ਮੀਰੀ-ਪੀਰੀ ਦੇ ਮਾਲਕ ਨੇ ਸਿਖਾਇਆ ਸੀ।
ਗੁਰੂ ਤੇਗ ਬਹਾਦਰ ਜੀ ਨੇ ਧਰਮ ਗ੍ਰੰਥਾਂ ਅਤੇ ਹਿੰਦੂ ਸ਼ਾਸ਼ਤਰਾਂ ਤੇ ਸਿਮ੍ਰਿਤੀਆਂ ਦਾ ਚੰਗੀ ਤਰ੍ਹਾਂ ਅਧਿਐਨ ਕੀਤਾ। ਉਹ ਉੱਚ ਕੋਟੀ ਦੇ ਵਿਦਵਾਨ ਤੇ ਕਵੀ ਸਨ। ਉਨ੍ਹਾਂ ਦੀਆਂ ਲਿਖਤਾਂ ਵਿਚੋਂ ਅਟੱਲ ਸੱਚਾਈਆਂ ਦੇ ਦਰਸ਼ਨ ਕੀਤੇ ਜਾ ਸਕਦੇ ਹਨ। ਉਨ੍ਹਾਂ ਨੇ ਗੁਰਬਾਣੀ ਵੀ ਉਚਾਰੀ, ਜਿਸ ਨੂੰ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਆਦਿ ਗ੍ਰੰਥ ਵਿਚ ਦਰਜ ਕਰਵਾ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਪੂਰਨ ਕੀਤਾ ਸੀ ਅਤੇ ਗੁਰਿਆਈ ਬਖਸ਼ੀ ਸੀ। ਕੁਲ 59 ਸ਼ਬਦ ਅਤੇ 57 ਸ਼ਲੋਕ, ਜੋ 15 ਵੱਖ-ਵੱਖ ਰਾਗਾਂ ਵਿਚ ਦਰਜ ਕੀਤੇ ਗਏ। ਉਨ੍ਹਾਂ ਦੀਆਂ ਲਿਖਤਾਂ ਵਿਚੋਂ ਸਪਸ਼ਟ ਝਲਕ ਮਿਲਦੀ ਹੈ ਕਿ ਮੌਤ ਤਾਂ ਨਿਸ਼ਚਿਤ ਹੈ ਅਤੇ ਕੁਝ ਵੀ ਸਥਿਰ ਨਹੀਂ, ਸਿਰਫ ਉਸ ਅਕਾਲ ਪੁਰਖ ਦਾ ਨਾਂ ਹੀ ਹਮੇਸ਼ਾ ਰਹਿਣ ਵਾਲਾ ਹੈ। ਇਸ ਲਈ ਮਨੁੱਖ ਨੂੰ ਸਮਝਾਇਆ ਕਿ ਮੋਹ ਮਾਇਆ ਤੋਂ ਨਿਰਲੇਪ ਹੋ ਕੇ ਮਾਨਵਤਾ ਦਾ ਭਲਾ ਕਰਨ ਵਲ ਕਦਮ ਵਧਾਵੇ ਅਤੇ ਸਿਖਿਆ ਦਿੱਤੀ ਕਿ ਉਸ ਅਕਾਲ ਪੁਰਖ ਦੀ ਭਗਤੀ ਕਰ ਕੇ ਉਸ ਵਿਚ ਅਭੇਦ ਹੋ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਲਿਖਿਆ ਹੈ,
ਸੋਰਠਿ ਮਹਲਾ ੯
¡ ਸਤਿਗੁਰ ਪ੍ਰਸਾਦਿ॥
ਰੇ ਮਨ ਰਾਮ ਸਿਉ ਕਰਿ ਪ੍ਰੀਤਿ॥
ਸ੍ਰਵਨ ਗੋਬਿੰਦ ਗੁਨੁ ਸੁਨਉ
ਅਰੁ ਗਾਉ ਰਸਨਾ ਗੀਤਿ॥੧॥ ਰਹਾਉ॥
ਕਰਿ ਸਾਧਸੰਗਤਿ ਸਿਮਰੁ ਮਾਧੋ
ਹੋਹਿ ਪਤਿਤ ਪੁਨੀਤ॥
ਕਾਲੁ ਬਿਆਲੁ ਜਿਉ ਪਰਿਓ
ਡੋਲੈ ਮੁਖੁ ਪਸਾਰੇ ਮੀਤ॥੧॥
ਆਜੁ ਕਾਲਿ ਫੁਨਿ ਤੋਹਿ ਗ੍ਰਸਿ ਹੈ
ਸਮਝਿ ਰਾਖਉ ਚੀਤਿ॥
ਕਹੈ ਨਾਨਕੁ ਰਾਮੁ ਭਜਿ ਲੈ
ਜਾਤੁ ਅਉਸਰੁ ਬੀਤ॥੨॥ (ਪੰਨਾ 631)
ਇਸ ਸ਼ਬਦ ਰਾਹੀਂ ਗੁਰੂ ਜੀ ਸਮਝਾ ਰਹੇ ਹਨ, ਬੰਦੇ! ਤੂੰ ਪ੍ਰਭੂ ਨਾਲ ਪ੍ਰੀਤ ਪਾ। ਆਪਣੇ ਕੰਨਾਂ ਨਾਲ ਉਸ ਅਕਾਲ ਪੁਰਖ ਦੀ ਕਿਰਤੀ ਨੂੰ ਸੁਣ ਅਤੇ ਆਪਣੀ ਰਸਨਾ ਨਾਲ ਉਸ ਦੇ ਗੀਤ ਗਾ। ਸਤ ਸੰਗਤ ਨਾਲ ਜੁੜ ਕੇ ਅਤੇ ਉਸ ਵਾਹਿਗੁਰੂ ਦੀ ਅਰਾਧਨਾ ਕਰ; ਇੰਜ ਤੂੰ ਪਾਪੀ ਤੋਂ ਪਵਿੱਤਰ ਹੋ ਜਾਵੇਂਗਾ। ਹੈ ਮੇਰੇ ਮਿੱਤਰ ਇਸ ਕੰਮ ਤੋਂ ਆਲਸ ਨਾ ਕਰ, ਕਿਉਂਕਿ ਮੌਤ ਸੱਪ ਵਾਂਗ ਮੂੰਹ ਖੋਲ੍ਹ ਕੇ ਫਿਰ ਰਹੀ ਹੈ। ਇਹ ਗੱਲ ਤੂੰ ਆਪਣੇ ਮਨ ਵਿਚ ਸੋਚ ਲੈ, ਉਸ ਮੌਤ ਨੇ ਤੈਨੂੰ ਅੱਜ ਜਾਂ ਭਲਕੇ ਫੜ ਹੀ ਲੈਣਾ ਹੈ। ਗੁਰੂ ਜੀ ਫਰਮਾ ਰਹੇ ਹਨ ਕਿ ਤੈਨੂੰ ਆਪਣੇ ਮਾਲਕ ਦਾ ਸਿਮਰਨ ਕਰਨਾ ਚਾਹੀਦਾ ਹੈ, ਤੇਰਾ ਇਹ ਮੌਕਾ ਹੱਥੋਂ ਖੁਸਦਾ ਜਾ ਰਿਹਾ ਹੈ।
ਇਸ ਲਈ ਸਾਨੂੰ ਬਾਹਰਲੀਆਂ ਵਸਤਾਂ ਨਾਲ ਲਗਾਉ ਕਰਨ ਦੀ ਥਾਂ ਉਸ ਪਰਮਾਤਮਾ ਵੱਲ ਧਿਆਨ ਕਰਨਾ ਚਾਹੀਦਾ ਹੈ। ਜੋ ਵੀ ਦੁੱਖ-ਸੁੱਖ ਸਾਨੂੰ ਮਿਲਦਾ ਹੈ ਜਾਂ ਘਾਟਾ (ਹਾਨੀ) ਜਾਂ ਵਾਧਾ (ਲਾਭ) ਸਾਡੀ ਝੋਲੀ ਵਿਚ ਪੈਂਦਾ ਹੈ, ਉਸ ਨੂੰ ਵਾਹਿਗੁਰੂ ਦਾ ਭਾਣਾ ਮੰਨ ਕਬੂਲ ਕਰ ਲੈਣ ਦੀ ਲੋੜ ਹੈ। ਉਹ ਦੱਸਦੇ ਹਨ ਕਿ ਵਾਹਿਗੁਰੂ ਨਾਲ ਮੇਲ ਕਰਨ ਲਈ ਕਿਤੇ ਵੀ ਭਟਕਣ ਦੀ ਲੋੜ ਨਹੀਂ ਹੈ, ਉਹ ਤਾਂ ਸਾਡੇ ਅੰਦਰ ਹੀ ਸਮਾਇਆ ਹੋਇਆ ਹੈ,
¡ ਸਤਿਗੁਰ ਪ੍ਰਸਾਦਿ॥
ਧਨਾਸਰੀ ਮਹਲਾ ੯॥
ਕਾਹੇ ਰੇ ਬਨ ਖੋਜਨ ਜਾਈ॥
ਸਰਬ ਨਿਵਾਸੀ ਸਦਾ ਅਲੇਪਾ
ਤੋਹੀ ਸੰਗਿ ਸਮਾਈ॥੧॥ ਰਹਾਉ॥
ਪੁਹਪ ਮਧਿ ਜਿਉ ਬਾਸੁ ਬਸਤੁ ਹੈ
ਮੁਕਰ ਮਾਹਿ ਜੈਸੇ ਛਾਈ॥
ਤੈਸੇ ਹੀ ਹਰਿ ਬਸੇ ਨਿਰੰਤਰਿ
ਘਟ ਹੀ ਖੋਜਹੁ ਭਾਈ॥੧॥ (ਪੰਨਾ 684)
ਉਨ੍ਹਾਂ ਫਰਮਾਇਆ ਹੈ ਕਿ ਜਿਵੇਂ ਫੁੱਲਾਂ ਦੇ ਅੰਦਰ ਖੁਸ਼ਬੋਈ ਅਤੇ ਸ਼ੀਸ਼ੇ ਦੇ ਅੰਦਰ ਸਾਡੀ ਪਰਛਾਈ ਹੈ, ਇਸੇ ਤਰ੍ਹਾਂ ਪਰਮਾਤਮਾ ਸਾਡੇ ਅੰਦਰ ਵੱਸ ਰਿਹਾ ਹੈ, ਉਸ ਨੂੰ ਲੱਭਣ ਦਾ ਯਤਨ ਕਰੋ ਭਾਵ ਆਪਣਾ ਆਪ ਪਛਾਣੋ ਅਤੇ ਉਸ ਦਾ ਸਿਮਰਨ ਕਰ ਆਪਣੇ ਅੰਦਰ ਹੀ ਉਸ ਨੂੰ ਜਗਾਓ। ਉਹ ਫਰਮਾਉਂਦੇ ਹਨ,
ਨਾ ਹਰਿ ਭਜਿਓ ਨ ਗੁਰ ਜਨੁ ਸੇਵਿਓ
ਨਹ ਉਪਜਿਓ ਕਛੁ ਗਿਆਨਾ॥
ਘਟ ਹੀ ਮਾਹਿ ਨਿਰੰਜਨੁ ਤੇਰੈ
ਤੈ ਖੋਜਤ ਉਦਿਆਨਾ॥੨॥
ਬਹੁਤੁ ਜਨਮ ਭਰਮਤ ਤੈ ਹਾਰਿਓ
ਅਸਥਿਰ ਮਤਿ ਨਹੀ ਪਾਈ॥
ਮਾਨਸ ਦੇਹ ਪਾਇ ਪਦ ਹਰਿ ਭਜੁ
ਨਾਨਕ ਬਾਤ ਬਤਾਈ॥੩॥ (ਪੰਨਾ 631)
ਉਹ ਦੱਸਦੇ ਹਨ ਕਿ ਵਾਹਿਗੁਰੂ ਦੀ ਪ੍ਰਾਪਤੀ ਲਈ ਗ੍ਰਹਿਸਥ ਜੀਵਨ ਦਾ ਤਿਆਗ ਕਰ ਪਹਾੜਾਂ ਜਾਂ ਜੰਗਲਾਂ ਦੇ ਅੰਦਰ ਤਪ ਕਰਨ ਦੀ ਲੋੜ ਨਹੀਂ ਹੈ, ਸਗੋਂ ਉਸ ਦਾਤੇ ਨੂੰ ਆਪਣੇ ਅੰਦਰ ਖੋਜਣ ਦੇ ਯਤਨ ਕਰਨ ਦੀ ਲੋੜ ਹੈ।
ਗੁਰੂ ਜੀ ਫਰਮਾਉਂਦੇ ਹਨ ਕਿ ਧੀਆਂ-ਪੁੱਤਰਾਂ, ਸਾਕ ਸਬੰਧੀਆਂ ਅਤੇ ਪਤਨੀ ਦੇ ਮੋਹ ਵਿਚ ਮਗਨ ਮਨੁੱਖ ਭਗਤੀ ਤੋਂ ਬਿਨਾ ਆਪਣਾ ਖਾਲੀ ਜੀਵਨ ਬਤੀਤ ਕਰ ਜਦੋਂ ਅੰਤਿਮ ਸਮੇਂ `ਤੇ ਪੁੱਜਦਾ ਹੈ ਤਾਂ ਉਸ ਦਾ ਕੋਈ ਵੀ ਸੰਗ ਨਹੀਂ ਕਰ ਸਕਦਾ। ਉਸ ਵੇਲੇ ਜਦੋਂ ਵਾਹਿਗੁਰੂ ਵਲ ਧਿਆਨ ਧਰਦਾ ਹੈ ਤਾਂ ਬਹੁਤ ਹੀ ਦੇਰ ਹੋ ਚੁਕੀ ਹੁੰਦੀ ਹੈ। ਮਨੁੱਖ ਦਾ ਮਨ ਉਸ ਪਾਸੇ ਵਲ ਨਹੀਂ ਜਾਂਦਾ ਹੈ,
ਗਉੜੀ ਮਹਲਾ ੯॥
ਪ੍ਰਾਨੀ ਕਉ ਹਰਿ ਜਸੁ ਮਨਿ ਨਹੀ ਆਵੈ॥
ਅਹਿਨਿਸਿ ਮਗਨੁ ਰਹੈ ਮਾਇਆ
ਮੈ ਕਹੁ ਕੈਸੇ ਗੁਨ ਗਾਵੈ॥੧॥ ਰਹਾਉ॥
ਪੂਤ ਮੀਤ ਮਾਇਆ ਮਮਤਾ ਸਿਉ
ਇਹ ਬਿਧਿ ਆਪੁ ਬੰਧਾਵੈ॥ (ਪੰਨਾ 219)

ਤਿਲੰਗ ਮਹਲਾ ੯॥
ਜਾਗ ਲੇਹੁ ਰੇ ਮਨਾ ਜਾਗ ਲੇਹੁ
ਕਹਾ ਗਾਫਲ ਸੋਇਆ॥
ਜੋ ਤਨੁ ਉਪਜਿਆ ਸੰਗ ਹੀ
ਸੋ ਭੀ ਸੰਗਿ ਨ ਹੋਇਆ॥੧॥ ਰਹਾਉ॥
ਮਾਤ ਪਿਤਾ ਸੁਤ ਬੰਧ
ਜਨ ਹਿਤੁ ਜਾ ਸਿਉ ਕੀਨਾ॥
ਜੀਉ ਛੂਟਿਓ ਜਬ ਦੇਹ ਤੇ
ਡਾਰਿ ਅਗਨਿ ਮੈ ਦੀਨਾ॥੧॥
ਜੀਵਤ ਲਉ ਬਿਉਹਾਰੁ ਹੈ
ਜਗ ਕਉ ਤੁਮ ਜਾਨਉ॥
ਨਾਨਕ ਹਰਿ ਗੁਨ ਗਾਇ ਲੈ
ਸਭ ਸੁਫਨ ਸਮਾਨਉ॥ (ਪੰਨਾ 726)
ਉਨ੍ਹਾਂ ਨੇ ਸਮਝਾਇਆ ਹੈ ਕਿ ਇਸ ਅਮੋਲਕ ਜਨਮ ਨੂੰ ਬਿਰਥਾ ਨਾ ਗਵਾਓ, ਉਸ ਮਾਲਕ ਦਾ ਸਿਮਰਨ ਕਰੋ ਅਤੇ ਉਸ ਦੀ ਸ਼ਰਨ ਵਿਚ ਆਪਣਾ ਜੀਵਨ ਬਤੀਤ ਕਰੋ। ਉਹ ਲਿਖਦੇ ਹਨ,
ਦੁਰਲਭ ਦੇਹ ਪਾਇ ਮਾਨਸ ਕੀ
ਬਿਰਥਾ ਜਨਮੁ ਸਿਰਾਵੈ॥
ਮਾਇਆ ਮੋਹ ਮਹਾ ਸੰਕਟ ਬਨ
ਤਾ ਸਿਉ ਰੁਚ ਉਪਜਾਵੈ॥੧॥
ਅੰਤਰਿ ਬਾਹਰਿ ਸਦਾ ਸੰਗਿ ਪ੍ਰਭੁ
ਤਾ ਸਿਉ ਨੇਹੁ ਨ ਲਾਵੈ॥
ਨਾਨਕ ਮੁਕਤਿ ਤਾਹਿ ਤੁਮ ਮਾਨਹੁ
ਜਿਹ ਘਟਿ ਰਾਮੁ ਸਮਾਵੈ॥

ਮਾਨਸ ਜਨਮੁ ਅਮੋਲਕੁ ਪਾਇਓ
ਬਿਰਥਾ ਕਾਹਿ ਗਵਾਵਉ॥੧॥ ਰਹਾਉ॥
ਪਤਿਤ ਪੁਨੀਤ ਦੀਨ ਬੰਧ
ਹਰਿ ਸਰਨਿ ਤਾਹਿ ਤੁਮ ਆਵਉ॥ (ਪੰਨਾ 220)
ਗੁਰੂ ਗ੍ਰੰਥ ਸਾਹਿਬ ਦੇ ਪੰਨਾ 1426 ਤੋਂ 1429 ਤਕ ਉਪਰ ਵਰਨਣ 57 ਸ਼ਲੋਕਾਂ ਵਿਚ ਮਨੁੱਖੀ ਮਨ ਦੀ ਤਰਸਯੋਗ ਹਾਲਤ ਨੂੰ ਬਿਆਨਿਆ ਹੈ ਕਿ ਮਨੁੱਖੀ ਮਨ ਦੀ ਤ੍ਰਿਸ਼ਨਾ ਨੂੰ ਬੁਝਾਉਣ ਲਈ ਝੂਠੀ ਦੁਨੀਆਂ ਦੇ ਮੱਕੜ ਜਾਲ ਦੇ ਅੰਦਰ ਫਸਿਆ ਹੋਇਆ ਹੈ, ਜਦੋਂ ਕਿ ਮੌਤ ਹਮੇਸ਼ਾ ਹੀ ਉਸ ਦੇ ਸਿਰ ਉਪਰ ਭੰਵਰੇ ਵਾਂਗ ਚੱਕਰ ਕੱਢ ਰਹੀ ਹੈ। ਉਸ ਤੋਂ ਬੇਖਬਰ ਮਨੁੱਖ ਦੌਲਤ ਅਤੇ ਸ਼ਹੁਰਤ ਇਕੱਠੀ ਕਰਨ ਵਿਚ ਮਗਨ ਹੈ। ਇਹ ਸਭ ਦੌਲਤ ਅਤੇ ਸ਼ਹੁਰਤ ਮਿਥਿਆ ਹੈ ਅਤੇ ਰੇਤੇ ਵਾਂਗ ਸਾਡੇ ਹੱਥਾਂ ਵਿਚੋਂ ਕਿਰਦੀ ਰਹਿੰਦੀ ਹੈ। ਇਹ ਸ਼ਲੋਕ ਕਿਸੇ ਵਿਛੋੜੇ ਦੇ ਸਮੇਂ ਪੈਦਾ ਹੋਏ ਜ਼ਖਮਾਂ ਉਪਰ ਮਰ੍ਹਮ ਦਾ ਕੰਮ ਕਰਦੇ ਹਨ ਅਤੇ ਸਾਡੇ ਭਟਕੇ ਮਨ ਨੂੰ ਸ਼ਾਂਤੀ ਬਖਸ਼ਦੇ ਹਨ। ਉਹ ਦਸ ਰਹੇ ਹਨ,
ਸਿਰੁ ਕੰਪਿਓ ਪਗ ਡਗਮਗੇ
ਨੈਨ ਜੋਤਿ ਤੇ ਹੀਨ॥
ਕਹੁ ਨਾਨਕ ਇਹ ਬਿਧਿ ਭਈ
ਤਊ ਨ ਹਰਿ ਰਸਿ ਲੀਨ॥੪੭॥
ਨਿਜ ਕਰਿ ਦੇਖਿਓ ਜਗਤੁ ਮੈ
ਕੋ ਕਾਹੂ ਕੋ ਨਾਹਿ॥
ਨਾਨਕ ਥਿਰੁ ਹਰਿ ਭਗਤਿ ਹੈ
ਤਿਹ ਰਾਖੋ ਮਨ ਮਾਹਿ॥੪੮॥
ਜਗ ਰਚਨਾ ਸਭ ਝੂਠ ਹੈ
ਜਾਨਿ ਲੇਹੁ ਰੇ ਮੀਤ॥
ਕਹਿ ਨਾਨਕ ਥਿਰੁ ਨਾ ਰਹੈ
ਜਿਉ ਬਾਲੂ ਕੀ ਭੀਤਿ॥੪੯॥
ਸੰਗ ਸਖਾ ਸਭਿ ਤਜਿ ਗਏ
ਕੋਊ ਨ ਨਿਬਹਿਓ ਸਾਥਿ॥
ਕਹੁ ਨਾਨਕ ਇਹ ਬਿਪਤਿ ਮੈ
ਟੇਕ ਏਕ ਰਘੁਨਾਥ॥੫੦॥ (ਪੰਨਾ 1429)
ਉਨ੍ਹਾਂ ਨੇ ਮਨੁੱਖ ਨੂੰ ਸਮਝਾਇਆ ਹੈ ਕਿ ਦੂਜਿਆਂ ਦੀ ਨਿੰਦਾ-ਚੁਗਲੀ ਕਰਨ ਅਤੇ ਪਰਾਈ ਨਾਰੀ ਦੇ ਰੂਪ ਵਿਚ ਮੋਹਿਤ ਹੋਣ ਦੀ ਥਾਂ ਉਸ ਵਾਹਿਗੁਰੂ ਦੀ ਭਗਤੀ ਕਰੇ ਤਾਂ ਹੀ ਉਹ ਭਵਸਾਗਰ ਨੂੰ ਪਾਰ ਕਰ ਸਕਦਾ ਹੈ। ਉਨ੍ਹਾਂ ਇਸ ਸ਼ਬਦ ਰਾਹੀਂ ਸਪਸ਼ਟ ਕੀਤਾ ਗਿਆ ਹੈ,
ਸੋਰਠਿ ਮਹਲਾ ੯॥
ਮਨ ਰੇ ਕਉਨੁ ਕੁਮਤਿ ਤੈ ਲੀਨੀ॥
ਪਰ ਦਾਰਾ ਨਿੰਦਿਆ ਰਸ ਰਚਿਓ
ਰਾਮ ਭਗਤਿ ਨਹਿ ਕੀਨੀ॥੧॥ ਰਹਾਉ॥
ਮੁਕਤਿ ਪੰਥੁ ਜਾਨਿਓ ਤੈ ਨਾਹਨਿ
ਧਨ ਜੋਰਨ ਕਉ ਧਾਇਆ॥
ਅੰਤਿ ਸੰਗ ਕਾਹੂ ਨਹੀ ਦੀਨਾ
ਬਿਰਥਾ ਆਪੁ ਬੰਧਾਇਆ॥੧॥
ਨਾ ਹਰਿ ਭਜਿਓ ਨ ਗੁਰ ਜਨੁ ਸੇਵਿਓ
ਨਹ ਉਪਜਿਓ ਕਛੁ ਗਿਆਨਾ॥
ਘਟ ਹੀ ਮਾਹਿ ਨਿਰੰਜਨੁ ਤੇਰੈ
ਤੈ ਖੋਜਤ ਉਦਿਆਨਾ॥੨॥
ਬਹੁਤੁ ਜਨਮ ਭਰਮਤ ਤੈ ਹਾਰਿਓ
ਅਸਥਿਰ ਮਤਿ ਨਹੀ ਪਾਈ॥
ਮਾਨਸ ਦੇਹ ਪਾਇ ਪਦ ਹਰਿ ਭਜੁ
ਨਾਨਕ ਬਾਤ ਬਤਾਈ॥੩॥ (ਪੰਨਾ 631)
ਗੁਰੂ ਤੇਗ ਬਹਾਦਰ ਜੀ ਸ਼ਹੀਦ ਹੋਣ ਲਈ ਆਪ ਦਿੱਲੀ ਚੱਲ ਕੇ ਗਏ। ਉਨ੍ਹਾਂ ਦੇ ਨਾਲ ਭਾਈ ਮਤੀ ਦਾਸ ਜੀ, ਭਾਈ ਦਿਆਲਾ ਜੀ ਅਤੇ ਭਾਈ ਸਤੀ ਦਾਸ ਜੀ ਸਨ। ਜਦੋਂ ਸਮੇਂ ਦੇ ਹਾਕਮ ਨੇ ਗੁਰੂ ਜੀ ਦੀ ਜਾਨ ਬਖਸ਼ੀ ਲਈ ਸ਼ਰਤਾਂ ਰੱਖੀਆਂ ਕਿ ਉਹ ਇਸਲਾਮ ਕਬੂਲ ਕਰਨ ਜਾਂ ਕਰਾਮਾਤ ਵਿਖਾਉਣ ਤਾਂ ਗੁਰੂ ਜੀ ਨੇ ਸ਼ਰਤਾਂ ਮੰਨਣ ਤੋਂ ਇਨਕਾਰ ਕਰ ਦਿੱਤਾ ਅਤੇ ਮੌਤ ਨੂੰ ਸਵੀਕਾਰ ਕਰਨਾ ਮੰਨ ਲਿਆ। ਗੁਰੂ ਜੀ ਨੂੰ ਡਰਾਉਣ ਲਈ ਉਨ੍ਹਾਂ ਦੇ ਨਾਲ ਗਏ ਸੇਵਾਦਾਰਾਂ ਨੂੰ ਬੜੀ ਬੇਰਹਿਮੀ ਅਤੇ ਬੇਦਰਦੀ ਨਾਲ ਸ਼ਹੀਦ ਕਰ ਦਿੱਤਾ ਗਿਆ।
ਭਾਈ ਮਤੀ ਦਾਸ ਜੀ ਨੂੰ ਜਿਉਂਦੇ ਜੀਅ ਆਰੇ ਨਾਲ ਚੀਰ ਦਿੱਤਾ ਗਿਆ। ਭਾਈ ਦਿਆਲਾ ਜੀ ਨੂੰ ਉਬਲਦੇ ਪਾਣੀ ਵਿਚ ਉਬਾਲਿਆ ਗਿਆ ਅਤੇ ਭਾਈ ਸਤੀ ਦਾਸ ਜੀ ਨੂੰ ਕਪਾਹ ਵਿਚ ਲਪੇਟ ਕੇ ਸਾੜ ਦਿੱਤਾ ਗਿਆ। ਇਹ ਸਾਰੇ ਤਸੀਹੇ ਗੁਰੂ ਸਾਹਿਬ ਜੀ ਦੇ ਸਾਹਮਣੇ ਹੀ ਦਿੱਤੇ ਗਏ ਸਨ। ਇਨ੍ਹਾਂ ਸੇਵਾਦਾਰਾਂ ਨੇ ਪੂਰੀ ਦਲੇਰੀ ਅਤੇ ਦ੍ਰਿੜਤਾ ਨਾਲ ਬਿਨਾ ਕਿਸੇ ਡਰ-ਸਹਿਮ ਦੇ, ਬਿਨਾ ਸੀ ਕੀਤੀਆਂ ਸ਼ਹੀਦੀ ਜਾਮ ਪੀ ਲਿਆ ਸੀ। ਗੁਰੂ ਸਾਹਿਬ ਲੋਹੇ ਦੇ ਪਿੰਜਰੇ ਅੰਦਰ ਇਸ ਕਰੁਣਾਮਈ ਵਰਤਾਰੇ ਨੂੰ ਅਡੋਲ ਅਤੇ ਸ਼ਾਂਤ ਚਿੱਤ ਦੇਖ ਰਹੇ ਸਨ। ਉਨ੍ਹਾਂ ਨੇ ਇਸਲਾਮ ਕਬੂਲ ਕਰਨ ਤੋਂ ਕੋਰਾ ਜਵਾਬ ਦੇ ਦਿੱਤਾ। ਕਾਜ਼ੀ ਨੇ ਮੌਤ ਦੀ ਸਜ਼ਾ ਸੁਣਾ ਦਿੱਤੀ ਤਾਂ ਸੰਗਤਾਂ ਭਾਵੁਕ ਹੋ ਗਈਆਂ ਤੇ ਰੋਣਾ ਧੋਣਾ ਸ਼ੁਰੂ ਕਰ ਦਿੱਤਾ। ਗੁਰੂ ਸਾਹਿਬ ਨੇ ਸਮਝਾਇਆ ਤੇ ਆਖਿਆ,
ਰਾਮੁ ਗਇਓ ਰਾਵਨੁ ਗਇਓ
ਜਾ ਕਉ ਬਹੁ ਪਰਵਾਰੁ॥
ਕਹੁ ਨਾਨਕ ਥਿਰੁ ਕਛੁ ਨਹੀ
ਸੁਪਨੇ ਜਿਉ ਸੰਸਾਰੁ॥੫੦॥
ਚਿੰਤਾ ਤਾ ਕੀ ਕੀਜੀਐ
ਜੋ ਅਨਹੋਨੀ ਹੋਇ॥
ਇਹੁ ਮਾਰਗੁ ਸੰਸਾਰ ਕੋ
ਨਾਨਕ ਥਿਰੁ ਨਹੀ ਕੋਇ॥੫੧॥
ਜੋ ਉਪਜਿਓ ਸੋ ਬਿਨਸਿ ਹੈ
ਪਰੋ ਆਜੁ ਕੈ ਕਾਲਿ॥
ਨਾਨਕ ਹਰਿ ਗੁਨ ਗਾਇ ਲੇ
ਛਾਡਿ ਸਗਲ ਜੰਜਾਲ॥੫੨॥ (ਪੰਨਾ 1429)
ਗੁਰੂ ਸਾਹਿਬ ਨੇ ਜਪੁਜੀ ਸਾਹਿਬ ਦਾ ਪਾਠ ਕੀਤਾ ਅਤੇ ਸਮਾਧੀ ਵਿਚ ਲੀਨ ਹੋ ਗਏ। 11 ਨਵੰਬਰ 1675 ਨੂੰ ਜਲਾਲ ਜਲਾਲੁਦੀਨ ਨੇ ਤਲਵਾਰ ਦੇ ਇਕੋ ਵਾਰ ਨਾਲ ਸਿਰ ਨੂੰ ਧੜ ਨਾਲੋਂ ਅਲੱਗ ਕਰ ਦਿੱਤਾ। ਜਦੋਂ ਸੀਸ ਬਾਲ ਗੋਬਿੰਦ ਰਾਏ ਕੋਲ ਪੂਜਿਆ ਤਾਂ ਉਨ੍ਹਾਂ ਨੇ ਇਹ ਉਚਾਰਿਆ, “ਰੰਘਰੇਟੇ ਗੁਰੂ ਕੇ ਬੇਟੇ।” ਅਤੇ ਭਾਈ ਜੈਤੇ ਨੂੰ ਸੀਨੇ ਨਾਲ ਲਾ ਲਿਆ।
ਨੌਂਵੇਂ ਪਾਤਸ਼ਾਹ ਦੀ ਲਾਸਾਨੀ ਸ਼ਹੀਦੀ ਸਾਨੂੰ ਇਸ ਦੋਹਿਰੇ ਰਾਹੀਂ ਸਮਝਾਉਂਦੀ ਹੈ,
ਠੀਕਰਿ ਫੋਰ ਦਿਲੀਸ ਸਿਰਿ
ਪ੍ਰਭ ਪੁਰ ਕੀਯਾ ਪਯਾਨ॥
ਤੇਗ ਬਹਾਦਰ ਸੀ ਕਿਰਿਆ
ਕਰੀ ਨਾ ਕਿਨਹੂੰ ਆਨ॥
ਤੇਗ ਬਹਾਦਰ ਕੇ ਚਲਤ
ਭਯੋ ਜਗਤ ਕੋ ਸੋਕ॥
ਹੈ ਹੈ ਹੈ ਸਭ ਜਗ ਭਯੋ
ਜੈ ਜੈ ਜੈ ਸੁਰ ਲੋਕ॥