ਚੰਡੀਗੜ੍ਹ: ਆਗਾਮੀ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਹੀ ਮਾਲਵਾ ਖੇਤਰ ‘ਚ ਭਾਜਪਾ ਆਗੂਆਂ ਦਾ ਵਿਰੋਧ ਹੋਣ ਲੱਗਾ ਹੈ। ਕਿਸਾਨ ਜਥੇਬੰਦੀਆਂ ਨੇ ਮਾਨਸਾ ਦੇ ਵਾਰਡ ਨੰਬਰ 27 ਵਿਚ ਭਾਜਪਾ ਦੇ ਇਕ ਸੰਭਾਵੀ ਉਮੀਦਵਾਰ ਦੇ ਹੱਕ ਵਿਚ ਆਏ ਭਾਜਪਾ ਆਗੂਆਂ ਦਾ ਵਿਰੋਧ ਕੀਤਾ, ਜਿਸ ਕਾਰਨ ਉਨ੍ਹਾਂ ਨੂੰ ਉਥੋਂ ਮੁੜਨਾ ਪਿਆ। ਕਿਸਾਨਾਂ ਨੇ ਭਾਜਪਾ ਆਗੂਆਂ ਦੀਆਂ ਗੱਡੀਆਂ ਨੂੰ ਵਾਰਡ ਅੰਦਰ ਨਾ ਆਉਣ ਦਿੱਤਾ ਅਤੇ ਐਲਾਨ ਕੀਤਾ ਕਿ ਨਗਰ ਕੌਂਸਲ ਚੋਣਾਂ ‘ਚ ਭਾਜਪਾ ਦੇ ਨਿਸ਼ਾਨ ‘ਤੇ ਲੜਨ ਵਾਲੇ ਉਮੀਦਵਾਰਾਂ ਤੇ ਉਨ੍ਹਾਂ ਦੇ ਹੱਕ ਵਿਚ ਪ੍ਰਚਾਰ ਕਰਨ ਆਉਣ ਵਾਲੇ ਆਗੂਆਂ ਦਾ ਖੁੱਲ੍ਹਾ ਵਿਰੋਧ ਕੀਤਾ ਜਾਵੇਗਾ ਤੇ ਉਨ੍ਹਾਂ ਨੂੰ ਕਿਸੇ ਵੀ ਥਾਂ ਕੋਈ ਰੈਲੀ ਨਹੀਂ ਕਰਨ ਦਿੱਤੀ ਜਾਵੇਗੀ।
ਖੇਤੀ ਕਾਨੂੰਨਾਂ ਦੇ ਵਿਰੋਧ ਦੌਰਾਨ ਭਾਜਪਾ ਦੇ ਸੰਸਦ ਮੈਂਬਰ ਸ਼ਵੇਤ ਮਲਿਕ ਨੂੰ ਉਸ ਵੇਲੇ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਜਦੋਂ ਉਹ ਅੰਮ੍ਰਿਤਸਰ ਵਿਚ ਪੁਤਲੀਘਰ ਦੇ ਇਲਾਕੇ ਗਵਾਲ ਮੰਡੀ ਵਿਚ ਪਾਰਕ ‘ਚ ਲੱਗੇ ਓਪਨ ਜਿਮ ਦਾ ਉਦਘਾਟਨ ਕਰਨ ਗਏ। ਜਿਕਰਯੋਗ ਹੈ ਕਿ ਕਿਸਾਨਾਂ ਵੱਲੋਂ ਭਾਜਪਾ ਸੰਸਦ ਮੈਂਬਰ ਦੇ ਘਰ ਦੇ ਬਾਹਰ ਪੱਕਾ ਧਰਨਾ ਲਾਇਆ ਹੋਇਆ ਹੈ।
ਇਸ ਸਬੰਧੀ ਪ੍ਰਾਪਤ ਵੇਰਵਿਆਂ ਮੁਤਾਬਕ ਸ਼ਵੇਤ ਮਲਿਕ ਵੱਲੋਂ ਇਸ ਓਪਨ ਜਿਮ ਦਾ ਉਦਘਾਟਨ ਕਰਨ ਦਾ ਪ੍ਰੋਗਰਾਮ ਰੱਖਿਆ ਗਿਆ ਸੀ। ਉਹ ਜਿਵੇਂ ਹੀ ਇਲਾਕੇ ਵਿਚ ਪੁੱਜੇ ਤਾਂ ਸਥਾਨਕ ਲੋਕਾਂ ਨੇ ਉਨ੍ਹਾਂ ਦੇ ਵਿਰੋਧ ਵਿਚ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਲੋਕਾਂ ਨੇ ਕੇਂਦਰ ਸਰਕਾਰ ਦੇ ਖਿਲਾਫ ਵੀ ਨਾਅਰੇਬਾਜ਼ੀ ਕੀਤੀ। ਲੋਕਾਂ ਨੇ ਭਾਜਪਾ ਆਗੂ ਨੂੰ ਉਦਘਾਟਨ ਕਰਨ ਤੋਂ ਰੋਕਿਆ ਜਿਸ ਕਾਰਨ ਉਹ ਬਿਨਾ ਉਦਘਾਟਨ ਹੀ ਵਾਪਸ ਪਰਤ ਗਏ। ਰੋਹ ਵਿਚ ਆਏ ਲੋਕਾਂ ਨੇ ਉਦਘਾਟਨ ਵਾਸਤੇ ਲਾਏ ਗਏ ਉਦਘਾਟਨੀ ਪੱਥਰ ‘ਤੇ ਵੀ ਕਾਲਖ ਫੇਰ ਦਿੱਤੀ। ਇਸੇ ਤਰ੍ਹਾਂ ਭਾਜਪਾ ਨਾਲ ਸਬੰਧਤ ਇਕ ਰਸਾਲੇ ਦੇ ਸੰਪਾਦਕ ਅਤੇ ਪਾਰਟੀ ਆਗੂ ਡਾ. ਪਰਮਜੀਤ ਸਿੰਘ ਨੂੰ ਨਜ਼ਦੀਕੀ ਪਿੰਡ ਧਰਮਗੜ੍ਹ ਵਿਚ ਪਿੰਡ ਵਾਸੀਆਂ ਅਤੇ ਕਿਸਾਨ ਜਥੇਬੰਦੀਆਂ ਦੇ ਕਾਰਕੁਨਾਂ ਨੇ ਘੇਰ ਲਿਆ।
ਉਨ੍ਹਾਂ ਨੂੰ ਮੌਕੇ ‘ਤੇ ਆਪਣੀ ਕਾਰ ਛੱਡ ਕੇ ਮੋਟਰਸਾਈਕਲ ਰਾਹੀਂ ਪਰਤਣਾ ਪਿਆ। ਉਹ ਆਪਣੇ ਇਕ ਟਰੱਸਟ ਦੀ ਮੀਟਿੰਗ ਕਰਨ ਲਈ ਪਿੰਡ ਦੀ ਧਰਮਸ਼ਾਲਾ ਵਿਚ ਪੁੱਜੇ ਸਨ। ਡਾ. ਪਰਮਜੀਤ ਸਿੰਘ ਦੀ ਆਮਦ ਬਾਰੇ ਪਤਾ ਲੱਗਦਿਆਂ ਹੀ ਪਿੰਡ ਵਾਸੀ ਧਰਮਸ਼ਾਲਾ ਨੇੜੇ ਇਕੱਤਰ ਹੋ ਗਏ ਤੇ ਰੋਸ ਮੁਜ਼ਾਹਰਾ ਕੀਤਾ। ਕਿਸਾਨ ਆਗੂ ਜਗਜੀਤ ਸਿੰਘ ਕਰਾਲਾ, ਲਖਵਿੰਦਰ ਸਿੰਘ, ਸਾਬਕਾ ਸੈਨਿਕ ਜਥੇਬੰਦੀ ਦੇ ਆਗੂ ਪਰੇਮ ਸਿੰਘ, ਪੰਚ ਪਰਮਜੀਤ ਸਿੰਘ, ਨੰਬਰਦਾਰ ਕੁਲਵੰਤ ਸਿੰਘ, ਪਵਿੱਤਰ ਸਿੰਘ ਨੇ ਰੋਸ ਮੁਜ਼ਾਹਰੇ ਦੀ ਅਗਵਾਈ ਕੀਤੀ। ਲੋਕਾਂ ਨੇ ਕੇਂਦਰ ਸਰਕਾਰ ਦੇ ਵਿਰੋਧ ਅਤੇ ਕਿਸਾਨ ਸੰਘਰਸ਼ ਦੇ ਹੱਕ ਵਿਚ ਨਾਅਰੇਬਾਜ਼ੀ ਕੀਤੀ। ਇਸ ‘ਤੇ ਭਾਜਪਾ ਆਗੂ ਧਰਮਸ਼ਾਲਾ ਤੋਂ ਬਾਹਰ ਆ ਗਏ ਤੇ ਪਿੰਡ ਵਾਸੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਕੁਝ ਨੌਜਵਾਨ ਉਨ੍ਹਾਂ ਨੂੰ ਨੇੜਿਉਂ ਘੇਰਨ ਦੀ ਕੋਸ਼ਿਸ਼ ਕਰਨ ਲੱਗੇ। ਪਿੰਡ ਦੇ ਬਜ਼ੁਰਗਾਂ ਨੇ ਸਥਿਤੀ ਸੰਭਾਲੀ ਤੇ ਪਰਮਜੀਤ ਸਿੰਘ ਨੂੰ ਭੀੜ ਤੋਂ ਬਚਾ ਕੇ ਮੋਟਰਸਾਈਕਲ ਰਾਹੀਂ ਪਿੰਡੋਂ ਬਾਹਰ ਕੱਢਿਆ।
ਇਸੇ ਤਰ੍ਹਾਂ ਭਵਾਨੀਗੜ੍ਹ ਦੇ ਅਗਰਵਾਲ ਧਰਮਸ਼ਾਲਾ ਵਿਚ ਪਾਰਟੀ ਵਰਕਰਾਂ ਨਾਲ ਮੀਟਿੰਗ ਕਰਨ ਪਹੁੰਚੇ ਭਾਜਪਾ ਦੇ ਸੂਬਾਈ ਆਗੂ ਦਿਨੇਸ਼ ਕੁਮਾਰ ਦਾ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਘਿਰਾਓ ਕੀਤਾ ਗਿਆ। ਕਿਸਾਨਾਂ ਦੇ ਵਿਰੋਧ ਕਾਰਨ ਭਾਜਪਾ ਆਗੂ ਨੂੰ ਮੁੜ ਧਰਮਸ਼ਾਲਾ ਵਿਚ ਜਾਣ ਲਈ ਮਜਬੂਰ ਹੋਣਾ ਪਿਆ। ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਭਾਜਪਾ ਆਗੂ ਕਿਸਾਨਾਂ ਦੇ ਜਖਮਾਂ ‘ਤੇ ਲੂਣ ਲਾਉਣ ਲਈ ਜਾਣ-ਬੁੱਝ ਕੇ ਪੰਜਾਬ ਵਿਚ ਮੀਟਿੰਗਾਂ ਕਰ ਰਹੇ ਹਨ। ਉਹ ਭਾਜਪਾ ਆਗੂਆਂ ਨੂੰ ਕਿਸੇ ਵੀ ਕੀਮਤ ‘ਤੇ ਅਜਿਹੀਆਂ ਕਿਸਾਨ ਵਿਰੋਧੀ ਸਰਗਰਮੀਆਂ ਨਹੀਂ ਕਰਨ ਦੇਣਗੇ।