ਬਹੁਤੀ ਬੋਲਦੀ ਹੇਮਾ ਮਾਲਿਨੀ ਨੂੰ ਪੰਜਾਬ ਆ ਕੇ ਕਾਨੂੰਨਾਂ ਬਾਰੇ ਸਮਝਾਉਣ ਦਾ ਸੱਦਾ

ਜਲੰਧਰ: ਕਿਸਾਨਾਂ ਦਾ ਕਹਿਣਾ ਹੈ ਕਿ ਸੰਸਦ ਮੈਂਬਰ ਹੇਮਾ ਮਾਲਿਨੀ ਪੰਜਾਬ ਆ ਕੇ ਖੇਤੀ ਕਾਨੂੰਨਾਂ ਬਾਰੇ ਉਨ੍ਹਾਂ ਨੂੰ ਸਮਝਾ ਦੇਣ। ਇਸ ਸਬੰਧੀ ਕਿਸਾਨਾਂ ਨੇ ਸੰਸਦ ਮੈਂਬਰ ਨੂੰ ਹਵਾਈ ਟਿਕਟ ਤੇ ਪੰਜ ਤਾਰਾ ਹੋਟਲ ਵਿਚ ਰਿਹਾਇਸ਼ ਦੇਣ ਦੀ ਪੇਸ਼ਕਸ਼ ਵੀ ਕੀਤੀ ਹੈ।

ਕੰਢੀ ਕਿਸਾਨ ਸੰਘਰਸ਼ ਕਮੇਟੀ ਦੇ ਚੇਅਰਮੈਨ ਭੁਪਿੰਦਰ ਸਿੰਘ ਤੇ ਵਾਈਸ ਚੇਅਰਮੈਨ ਜਰਨੈਲ ਸਿੰਘ ਗੜ੍ਹਦੀਵਾਲਾ ਨੇ ਭਾਜਪਾ ਦੀ ਮਥੁਰਾ ਤੋਂ ਸੰਸਦ ਮੈਂਬਰ ਅਤੇ ਬਾਲੀਵੁੱਡ ਦੀ ਅਦਾਕਾਰਾ ਹੇਮਾ ਮਾਲਿਨੀ ਨੂੰ ਉਨ੍ਹਾਂ ਦੀ ਦਿੱਲੀ ਸਥਿਤ ਸਰਕਾਰੀ ਰਿਹਾਇਸ਼ ਦੇ ਪਤੇ ‘ਤੇ ਪੱਤਰ ਭੇਜਿਆ ਹੈ। ਇਸ ਪੱਤਰ ਵਿਚ ਜਥੇਬੰਦੀ ਨੇ ਹੇਮਾ ਮਾਲਿਨੀ ਨੂੰ ਸਪੱਸ਼ਟ ਤੌਰ ‘ਤੇ ਲਿਖਿਆ ਹੈ, ”ਕਿਸਾਨਾਂ ਦੀਆਂ ਮੰਗਾਂ ਅਤੇ ਲੋੜਾਂ ਸਬੰਧੀ ਤੁਸੀਂ ਪੰਜਾਬ ਆ ਕੇ ਕਿਸਾਨਾਂ ਨੂੰ ਸਮਝਾਉਣ ਦਾ ਯਤਨ ਕਰੋ। ਤੁਹਾਡੇ ਲਈ ਆਉਣ-ਜਾਣ ਦੀ ਹਵਾਈ ਟਿਕਟ ਅਤੇ ਤੁਹਾਡੇ ਆਲੀਸ਼ਾਨ ਜੀਵਨ ਮੁਤਾਬਕ ਹੀ ਪੰਜ ਤਾਰਾ ਹੋਟਲ ਵਿਚ ਇਕ ਹਫਤਾ ਰੁਕਣ ਦਾ ਪ੍ਰਬੰਧ ਕਰ ਕੇ ਦਿੱਤਾ ਜਾਵੇਗਾ।“
ਜਥੇਬੰਦੀ ਦੇ ਆਗੂ ਜਰਨੈਲ ਸਿੰਘ ਗੜ੍ਹਦੀਵਾਲਾ ਨੇ ਕਿਹਾ ਕਿ ਸੰਸਦ ਮੈਂਬਰ ਹੇਮਾ ਮਾਲਿਨੀ ਦੇ ਪੰਜਾਬ ਆਉਣ ਦਾ ਸਾਰਾ ਖ਼ਰਚਾ ਪਿੰਡਾਂ ਦੇ ਕਿਸਾਨ ਅਤੇ ਮਜ਼ਦੂਰ ਆਪਣੀ ਹੱਡ-ਭੰਨਵੀਂ ਮਿਹਨਤ ਨਾਲ ਕੀਤੀ ਗਈ ਕਮਾਈ ‘ਚੋਂ ਚੁੱਕਣਗੇ। ਪੱਤਰ ਵਿੱਚ ਲਿਖਿਆ ਹੈ, ”ਇਹ ਲੋਕ ਮਿੱਟੀ ਨਾਲ ਮਿੱਟੀ ਹੋ ਕੇ ਅੰਨ ਉਗਾਉਂਦੇ ਹਨ ਤੇ ਤੁਹਾਡੇ ਵਰਗੇ ਲੋਕ ਉਸ ਨੂੰ ਸੋਨੇ ਦੀਆਂ ਥਾਲੀਆਂ ਵਿਚ ਪਾ ਕੇ ਖਾਂਦੇ ਆ ਰਹੇ ਹਨ। ਇਸ ਦੇ ਬਾਵਜੂਦ 72 ਸਾਲਾਂ ਬਾਅਦ ਵੀ ਕਿਸਾਨਾਂ ਨੂੰ ਉਨ੍ਹਾਂ ਵੱਲੋਂ ਉਗਾਏ ਜਾਂਦੇ ਅਨਾਜ ਦਾ ਸਹੀ ਮੁੱਲ ਨਹੀਂ ਮਿਲ ਰਿਹਾ। ਪੰਜਾਬ ਦੇ ਲੋਕਾਂ ਦੀ ਸਮਝ ਮੁਤਾਬਕ ਕੇਂਦਰ ਦੀ ਮੋਦੀ ਸਰਕਾਰ ਜਿਹੜੇ ਤਿੰਨ ਨਵੇਂ ਖੇਤੀ ਕਾਨੂੰਨ ਲੈ ਕੇ ਆਈ ਹੈ, ਉਨ੍ਹਾਂ ਨਾਲ ਪੰਜਾਬ ਦਾ ਕਿਸਾਨ ਹੀ ਨਹੀਂ ਸਗੋਂ ਮਜ਼ਦੂਰ ਅਤੇ ਹਰ ਵਰਗ ਪ੍ਰਭਾਵਿਤ ਹੋਵੇਗਾ। ਖੇਤੀ ਕਾਨੂੰਨ ਲਾਗੂ ਹੋਣ ਦੀ ਸੂਰਤ ਵਿਚ ਪੰਜਾਬ ਫਿਰ ਪੰਜਾਬ ਨਹੀਂ ਰਹੇਗਾ। ਖੇਤੀ ਕਾਨੂੰਨਾਂ ਦੀ ਆੜ ਵਿਚ ਪੰਜਾਬ, ਪੰਜਾਬੀ ਤੇ ਪੰਜਾਬੀਆਂ ਨੂੰ ਤਬਾਹ ਕਰਨ ਦੀ ਜਿਹੜੀ ਇਬਾਰਤ ਮੋਦੀ ਸਰਕਾਰ ਨੇ ਲਿਖ ਦਿੱਤੀ ਹੈ, ਇਹ ਇਬਾਰਤ ਤਾਂ ਪੰਜਾਬ ਦੇ ਬੱਚੇ-ਬੱਚੇ ਨੂੰ ਸਮਝ ਆ ਗਈ ਹੈ ਪਰ ਜੇ ਤੁਹਾਡੇ ਕੋਲ ਇਸ ਬਾਰੇ ਨਜ਼ਰੀਆ ਵੱਖਰੀ ਤਰ੍ਹਾਂ ਦਾ ਹੈ ਤਾਂ ਸਮੂਹ ਪੰਜਾਬੀਆਂ ਵੱਲੋਂ ਤੁਹਾਨੂੰ ਇਹ ਅਪੀਲ ਹੈ ਕਿ ਪੰਜਾਬ ਆ ਕੇ ਸਾਰਿਆਂ ਨੂੰ ਸਮਝਾ ਕੇ ਜਾਓ ਤਾਂ ਜੋ ਦਿੱਲੀ ਦੀਆਂ ਬਰੂਹਾਂ ‘ਤੇ ਬੈਠੇ ਲੋਕ ਅਜਾਈਂ ਜਾਨਾਂ ਨਾ ਗਵਾਉਣ।“ ਪੱਤਰ ਵਿਚ ਇਹ ਵੀ ਲਿਖਿਆ ਗਿਆ ਹੈ ਕਿ ਭਾਜਪਾ ਨੇ ਬਾਲੀਵੁੱਡ ਅਦਾਕਾਰ ਧਰਮਿੰਦਰ ਸਮੇਤ ਪਰਿਵਾਰ ਦੇ ਤਿੰਨ ਮੈਂਬਰਾਂ ਨੂੰ ਸੰਸਦ ਮੈਂਬਰ ਤਾਂ ਬਣਾ ਦਿੱਤਾ ਪਰ ਕੋਈ ਵੀ ਪੰਜਾਬ ਨਾਲ ਖੜ੍ਹਾ ਨਹੀਂ ਹੋ ਰਿਹਾ ਹੈ।
__________________________________________
ਨਵੇਂ ਖੇਤੀ ਕਾਨੂੰਨਾਂ ‘ਤੇ ਲੀਕ ਮਾਰੇ ਕੇਂਦਰ: ਸ਼ਿਵ ਸੈਨਾ
ਮੁੰਬਈ: ਸ਼ਿਵ ਸੈਨਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਹਾ ਕਿ ਉਹ ਸੰਘਰਸ਼ ਦੇ ਰਾਹ ਪਏ ਪ੍ਰਦਰਸ਼ਨਕਾਰੀ ਕਿਸਾਨਾਂ ਦੀਆਂ ਭਾਵਨਾਵਾਂ ਦਾ ਸਨਮਾਨ ਕਰਦਿਆਂ ਨਵੇਂ ਵਿਵਾਦਿਤ ਖੇਤੀ ਕਾਨੂੰਨਾਂ ਨੂੰ ਰੱਦ ਕਰੇ। ਸੈਨਾ ਨੇ ਕਿਹਾ ਕਿ ਜੇਕਰ ਅਜਿਹਾ ਕਰਨ ਨਾਲ ਉਨ੍ਹਾਂ (ਮੋਦੀ) ਦਾ ਰੁਤਬਾ ਹੀ ‘ਵੱਡਾ ਹੋਵੇਗਾ।` ਸ਼ਿਵ ਸੈਨਾ ਨੇ ਆਪਣੇ ਰੋਜਨਾਮਚੇ ‘ਸਾਮਨਾ` ਦੇ ਸੰਪਾਦਕੀ ਵਿਚ ਦੋਸ਼ ਲਾਇਆ ਕਿ ਕੇਂਦਰ ਸਰਕਾਰ ਸੁਪਰੀਮ ਕੋਰਟ ਨੂੰ ਅੱਗੇ ਲਾ ਕੇ ਕਿਸਾਨ ਅੰਦੋਲਨ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਸੈਨਾ ਨੇ ਸੰਪਾਦਕੀ `ਚ ਲਿਖਿਆ ਕਿ ਖੇਤੀ ਕਾਨੂੰਨਾਂ ਦੇ ਅਮਲ `ਤੇ ਅਗਲੇ ਹੁਕਮਾਂ ਤੱਕ ਰੋਕ ਦੇ ਸਿਖਰਲੀ ਅਦਾਲਤ ਦੇ ਫੈਸਲੇ ਨਾਲ ਸਰਕਾਰ ਤੇ ਕਿਸਾਨਾਂ ਦਰਮਿਆਨ ਬਣਿਆ ਜਮੂੁਦ ਨਹੀਂ ਟੁੱਟਿਆ।