ਅਸੀਂ ਪੰਜਾਬੀ ਹੁੰਨੇ ਆਂ!

ਡਾ. ਗੁਰਬਖਸ਼ ਸਿੰਘ ਭੰਡਾਲ
ਫੋਨ: 216-556-2080
ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਇਕਸੁਰ, ਇਕਸਾਰ ਤੇ ਇੱਕਤਾਰਤਾ ਵਿਚ ਬੱਝੇ। ਇਕ ਦੂਜੇ ਵਿਚ ਗੜੁੰਦ। ਪੰਜਾਬੀ ਰਹਿਤਲ ਵਿਚ ਜੰਮੇ-ਜਾਇਆਂ ਨੂੰ ਵਿਰਾਸਤ ਵਿਚ ਮਿਲੀ ਹੈ ਅਣਖ, ਅਦਬ ਤੇ ਅਰਦਾਸ। ਗੁੜ੍ਹਤੀ ਵਿਚ ਮਿਲਿਆ ਹੈ ਹੱਕ-ਨਿਆਂ ਲਈ ਅੜ ਜਾਣਾ, ਹਮਲਾਵਰਾਂ ਨੂੰ ਚਿੱਤ ਕਰਨਾ ਅਤੇ ਮਾਨਵੀ ਕਦਰਾਂ-ਕੀਮਤਾਂ `ਤੇ ਪਹਿਰਾ ਦੇਣਾ।

ਪੰਜਾਬੀਆਂ ਦਾ ਮੂਲ-ਮੰਤਰ ਹੈ ਸਰਬੱਤ ਦਾ ਭਲਾ, ਜੋ ਇਨ੍ਹਾਂ ਨੂੰ ਆਪਣੇ ਗੁਰੂਆਂ, ਪੀਰਾਂ, ਫਕੀਰਾਂ, ਸੰਤਾਂ-ਮਹਾਤਮਾ, ਬਜੁਰਗਾਂ ਅਤੇ ਤਹਿਜ਼ੀਬੀ ਤਵਾਰੀਖ ‘ਚੋਂ ਮਿਲਿਆ। ਇਤਿਹਾਸ ਨੂੰ ਸਿਰਜਣ ਵਾਲੇ ਪੰਜਾਬੀ ਮੁੜ੍ਹਕੇ ਨਾਲ ਮਿੱਟੀ ‘ਤੇ ਕਿਸਮਤ ਰੇਖਾਵਾਂ ਲਿਖਦੇ। ਖੂਨ ਨਾਲ ਵਕਤ ਦੇ ਵਰਕਿਆਂ ਨੂੰ ਸੂਹੀ ਤਹਿਜ਼ੀਬ ਦਾ ਮਾਣ ਬਖਸ਼ਦੇ। ‘ਸਵਾ ਲਾਖ ਸੇ ਏਕ ਲੜਾਉਂ’ ਵਰਗੀ ਮਾਨਸਿਕ ਤਕੜਾਈ ਤੇ ਦਲੇਰੀ ਦੀ ਬਖਸਿ਼ਸ਼। ਇਨ੍ਹਾਂ ਦੇ ਹੀ ਹਿੱਸੇ ਆਇਆ ਕਿ ਭਾਈ ਘਨਈਆ ਜੀ ਦੇ ਰੂਪ ਵਿਚ ਜਖਮੀ ਦੁਸ਼ਮਣਾਂ ਦੀ ਮਰ੍ਹਮ ਪੱਟੀ ਕਰਨੀ ਤੇ ਪਾਣੀ ਵੀ ਪਿਲਾਉਣਾ। ਪੰਜਾਬੀਆਂ ਦੀ ਕਲਮ ‘ਚੋਂ ਉਗੇ ਹਰਫ, ਸਮੇਂ ਦੇ ਹਾਕਮ ਨੂੰ ਉਨ੍ਹਾਂ ਦੀਆਂ ਕਮੀਨਗੀਆਂ ਦੇ ਰੂਬਰੂ ਵੀ ਕਰਦੇ ਅਤੇ ਕੌਮ ਦੀਆਂ ਕਦਰਾਂ-ਕੀਮਤਾਂ, ਆਉਣ ਵਾਲੀ ਨਸਲ ਦੇ ਨਾਮ ਕਰਦੇ।
ਪੰਜਾਬੀ ਮਾਨਸਿਕਤਾ, ਜੀਵਨ-ਸ਼ੈਲੀ, ਸਮਾਜਕ, ਪਰਿਵਾਰਕ ਤੇ ਕਿਰਤ ਸਭਿਆਚਾਰ ਨੂੰ ਸਮਝਣ ਲਈ ਬਹੁਮੁਖੀ ਧਾਰਾਵਾਂ ਅਤੇ ਡੂੰਘੀ ਸੋਚ ਦੀ ਲੋੜ। ਪੇਤਲੀ ਨਜ਼ਰ ਹਮੇਸ਼ਾ ਧੋਖਾ ਖਾਂਦੀ। ਬਹੁਤ ਡੂੰਘੀਆਂ ਨੇ ਇਨ੍ਹਾਂ ਦੀਆਂ ਰਮਜ਼ਾਂ, ਰਿਵਾਜ਼, ਰਵਾਇਤਾਂ, ਰੂਹ-ਰੰਗਤਾ, ਰੂਹ-ਰੇਜ਼ਤਾ ਅਤੇ ਰੂਹ-ਰਾਗਣੀ।
ਪੰਜਾਬੀ ਤੂਤ ਦੇ ਮੋਛੇ ਵਰਗੇ, ਜੋ ਕਦੇ ਟੁੱਟਦੇ, ਤਿੱੜਕਦੇ ਜਾਂ ਦੋਫਾਂਗ ਨਹੀਂ ਹੁੰਦੇ। ਇਹ ਤਾਂ ਦੇਗਾਂ ਵਿਚ ਉਬਾਲੇ ਜਾਂਦੇ, ਆਰਿਆਂ ਨਾਲ ਚੀਰੇ ਜਾ ਸਕਦੇ, ਚਰਖੜੀਆਂ `ਤੇ ਚੜ੍ਹ ਜਾਂਦੇ, ਰੰਬੀਆਂ ਨਾਲ ਖੋਪਰੀਆਂ ਲੁਹਾ ਸਕਦੇ, ਬੰਦ-ਬੰਦ ਕਟਵਾ ਸਕਦੇ, ਨੀਂਹਾਂ ਵਿਚ ਚਿਣੇ ਜਾ ਸਕਦੇ, ਪਰ ਕਦੇ ਵੀ ਈਨ ਨਹੀਂ ਮੰਨਦੇ।
ਇਹ ਸਿਰਫ ਪੰਜਾਬੀ ਹੀ ਕਰ ਸਕਦੇ ਕਿ ਉਹ ਕਿਸੇ ਦੂਸਰੇ ਧਰਮ ਦੀ ਆਨ-ਸ਼ਾਨ ਲਈ ਕੁਰਬਾਨ ਹੋ ਸਕਦੇ। ਬੇਗਾਨੀਆਂ ਧੀਆਂ-ਭੈਣਾਂ ਨੂੰ ਅਗਵਾਕਾਰਾਂ ਕੋਲੋਂ ਛੁਡਾ, ਇੱਜਤ ਨਾਲ ਉਨ੍ਹਾਂ ਦੇ ਘਰ ਪਹੁੰਚਾਉਂਦੇ। ਅਜਿਹਾ ਕਿਰਦਾਰ, ਇਖਲਾਕ ਅਤੇ ਚਰਿੱਤਰ ਕਦੇ ਇਤਿਹਾਸ ਦੇ ਵਰਕਿਆਂ ਵਿਚ ਪੜ੍ਹੀਦਾ ਸੀ, ਪਰ ਹੁਣ ਸ਼ਾਖਸ਼ਾਤ ਨਜ਼ਰ ਆਉਂਦਾ। ਡੰਡੇ ਮਾਰਨ ਵਾਲੀ ਪੁਲਿਸ ਨੂੰ ਭੁੱਖਾ ਸਮਝ ਕੇ, ਲੰਗਰ ਛਕਾਉਣ ਦੀ ਪਿਰਤ ਹੈ ਪੰਜਾਬੀਆਂ ਦੀ।
ਇਹ ਐਲਾਨਨਾਮਾ ਵੀ ਪੰਜਾਬੀਆਂ ਦਾ ਹੈ, “ਦੇਹ ਸਿਵਾ ਬਰ ਮੋਹ ਇਹੈ ਸੁਭ ਕਰਮਨ ਤੇ ਕਬਹੁੰ ਨ ਟਰੋ, ਨ ਡਰੋ ਅਰਿ ਸੋ ਜਬ ਜਾਇ ਲਰੋ ਨਿਸਚੈ ਕਰ ਆਪਨੀ ਜੀਤ ਕਰੋ।”
ਪੰਜਾਬੀਆਂ ਨੂੰ ਸਮੁੱਚ ਵਿਚ ਸਮਝਣ ਲਈ ਜਰੂਰੀ ਹੈ, ਇਸ ਦੇ ਇਤਿਹਾਸ ਨੂੰ ਘੋਖਵੀਂ ਨਜ਼ਰ ਨਾਲ ਪੜ੍ਹਿਆ ਅਤੇ ਇਸ ‘ਚ ਉਤਰਿਆ ਜਾਵੇ। ਬਹੁਤ ਕੁਝ ਹੁੰਦਾ ਏ ਜਿਹੜਾ ਧਾਰਮਿਕ ਗ੍ਰੰਥਾਂ, ਇਤਿਹਾਸਕ ਦਸਤਾਵੇਜ਼ਾਂ, ਪੀੜ੍ਹੀ-ਦਰ-ਪੀੜ੍ਹੀ ਚੱਲੀ ਆ ਰਹੀ ਪਿਰਤ ਅਤੇ ਮੌਖਿਕ ਇਤਿਹਾਸ ਵਿਚੋਂ ਸੁਣਨ ਅਤੇ ਸਮਝਣ ਦੀ ਲੋੜ ਹੁੰਦੀ।
ਪੰਜਾਬੀਆਂ ਨੂੰ ਜੇ ਬਹੁਤ ਪਿਛਾਂਹ ਜਾ ਕੇ ਨਾ ਵੀ ਸਮਝਣਾ ਹੋਵੇ ਤਾਂ ਬੀਤੇ ਦੀਆਂ ਕੁਝ ਕੁ ਘਟਨਾਵਾਂ ਵਿਚੋਂ ਇਨ੍ਹਾਂ ਦੀ ਮਾਨਵਤਾ ਪ੍ਰਤੀ ਲਗਨ, ਸੇਵਾ-ਭਾਵਨਾ, ਵੰਡਣ-ਛਕਣ ਦੀ ਰੀਤ ਅਤੇ ਲੰਗਰ ਪ੍ਰਥਾ ਦੀ ਸੁੱਚਤਮਤਾ ਤੇ ਉਚਤਮਤਾ ਵਿਚੋਂ ਪੜ੍ਹਿਆ ਜਾ ਸਕਦਾ। ਕਿਸੇ ਵੀ ਕੌਮ ਨੂੰ ਸਮਝਣ ਲਈ ਸਭ ਤੋਂ ਜਰੂਰੀ ਹੁੰਦਾ ਕਿ ਸਾੜਸਤੀ, ਮਹਾਂਮਾਰੀ ਜਾਂ ਮਨੁੱਖੀ ਤ੍ਰਾਸਦੀ ਦੇ ਦੌਰਾਨ ਉਸ ਕੌਮ ਦੀ ਕੀ ਪ੍ਰਤੀਕ੍ਰਿਆ ਸੀ? ਪੀੜਾ ਨੂੰ ਕਿਵੇਂ ਮਹਿਸੂਸ ਕੀਤਾ? ਉਸ ਨੇ ਕਿਹੜੇ ਰੂਪ ਵਿਚ ਮਾਨਵਤਾ ਦੀਆਂ ਅੱਖਾਂ ‘ਚ ਆਏ ਹੰਝੂਆਂ ਨੂੰ ਪੁੰਝਿਆ? ਕੀ ਉਸ ਨੇ ਖੁਦ ਨੂੰ ਸੇਵਾ ਪ੍ਰਤੀ ਸਮਰਪਿੱਤ ਕੀਤਾ ਜਾਂ ਆਲੇ-ਦੁਆਲੇ ਰੁਲਦੇ ਚੀਥੜਿਆਂ ਨੂੰ ਦੇਖ ਕੇ ਬੇਨਿਆਜ਼ ਹੀ ਰਿਹਾ? ਯਾਦ ਰਹੇ, ਇਤਿਹਾਸ ਸਿਰਫ ਉਹ ਹੀ ਲਿਖਦੇ, ਜੋ ਇਤਿਹਾਸ ਲਿਖਣ ਦੇ ਕਾਬਲ ਹੁੰਦੇ ਅਤੇ ਉਨ੍ਹਾਂ ਕਰਕੇ ਹੀ ਬੀਤਿਆ ਕੱਲ੍ਹ ਅੱਜ ਲਈ ਪੂਜਣਯੋਗ ਹੁੰਦਾ ਤੇ ਰਾਹ-ਦਸੇਰਾ ਬਣ ਕੇ ਆਉਣ ਵਾਲੀਆਂ ਨਸਲਾਂ ਲਈ ਮਾਰਗ-ਦਰਸ਼ਨ ਕਰਦਾ।
ਪੰਜਾਬੀਆਂ ਦੀ ਸੰਵੇਦਨਾ ਨੂੰ ਨੇੜਿਉਂ ਦੇਖਣ ਲਈ ਕਰੋਨਾ ਕਾਲ ਦੌਰਾਨ ਪੰਜਾਬੀਆਂ ਵਲੋਂ ਕੀਤੀ ਸੇਵਾ-ਭਾਵਨਾ ਨੂੰ ਸਿਜਦਾ ਕਰਨ ਨੂੰ ਜੀਅ ਕਰਦਾ। ਭਾਵੇਂ ਉਹ ਤਾਲਾਬੰਦੀ ਦੌਰਾਨ ਦੇਸ਼-ਵਿਦੇਸ਼ ਵਿਚ ਭੁੱਖਿਆਂ ਲਈ ਲੰਗਰ ਲਾਉਣੇ ਹੋਣ। ਹਜ਼ਾਰਾਂ ਹੀ ਮਜ਼ਦੂਰਾਂ ਨੂੰ ਮਹਾਮਾਰੀ ਦੌਰਾਨ ਉਨ੍ਹਾਂ ਦੇ ਘਰ ਪਹੁੰਚਾਣ ਲਈ ਬੱਸਾਂ, ਰੇਲ-ਗੱਡੀਆਂ ਜਾਂ ਹਵਾਈ ਯਾਤਰਾ ਦਾ ਪ੍ਰਬੰਧ ਕਰਨਾ ਹੋਵੇ। ਲੋੜਵੰਦਾਂ ਨੂੰ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਉਣੀਆਂ ਹੋਣ ਜਾਂ ਆਪਣੀ ਜਾਨ ਜੋਖਮ ਵਿਚ ਪਾ ਕੇ, ਉਨ੍ਹਾਂ ਦੀਆਂ ਲਿੱਲਕੜੀਆਂ, ਲੇਰਾਂ ਤੇ ਸਿਸਕੀਆਂ ਉਤੇ ਆਸ ਤੇ ਉਮੀਦ ਦਾ ਚਿਰਾਗ ਜਗਾਉਣਾ ਹੋਵੇ। ਕਰੋਨਾ ਦੇ ਖੌਫ ਕਾਰਨ ਜਦ ਮਾਲਕਾਂ ਨੇ ਕਿਰਾਏਦਾਰ ਡਾਕਟਰਾਂ ਨੂੰ ਘਰੋਂ ਕੱਢਿਆ ਤਾਂ ਗੁਰਦੁਆਰੇ, ਉਨ੍ਹਾਂ ਲਈ ਰੈਣ-ਬਸੇਰੇ ਬਣ ਗਏ। ਵਿਦੇਸ਼ੀ ਸਰਕਾਰੀ ਤੰਤਰ ਨੇ ਇਸ ਔਖੀ ਘੜੀ ਵਿਚ ਸਿੱਖ ਭਾਈਚਾਰੇ ਨੂੰ ਹਾਕ ਮਾਰੀ ਤਾਂ ਉਨ੍ਹਾਂ ਨੇ ਇਸ ਹਾਕ ਦਾ ਹੁੰਗਾਰਾ ਦਰਿਆ-ਦਿਲੀ ਨਾਲ ਭਰਿਆ।
ਇਹ ਵੀ ਪੰਜਾਬੀਆਂ ਦੇ ਹੀ ਹਿੱਸੇ ਆਇਆ ਕਿ ਉਨ੍ਹਾਂ ਨੇ ਦੁਨੀਆਂ ਦੇ ਕਿਸੇ ਵੀ ਹਿੱਸੇ ਵਿਚ ਆਈ ਮਹਾਮਾਰੀ ਦੌਰਾਨ ਫਰੰਟ `ਤੇ ਆ ਕੇ ਪੀੜਤਾਂ ਨੂੰ ਹਰ ਸਹੂਲਤ ਮੁਹੱਈਆ ਕਰਵਾਈ। ਖਾਲਸਾ ਏਡ ਵਰਗੀ ਸੰਸਥਾ ਹਰ ਦੁੱਖ ਦੀ ਘੜੀ ਵਿਚ ਹਾਜਰ-ਨਾਜ਼ਰ। ਭਾਵੇਂ ਉਹ ਸੀਰੀਆ ਜਾਂ ਇਰਾਕ ਵਿਚ ਜੰਗਬੰਦੀ ਵਿਚ ਘਿਰੇ ਸ਼ਰਨਾਰਥੀ ਹੋਣ; ਉੜੀਸਾ, ਦੱਖਣੀ ਭਾਰਤ, ਗੁਜਰਾਤ ਜਾਂ ਪੰਜਾਬ ਵਿਚ ਆਏ ਹੜ੍ਹ ਹੋਣ; ਮਿਆਂਮਾਰ ਦੇ ਬਾਰਡਰ `ਤੇ ਘਿਰੇ ਰੋਹਿੰਗੇ ਮੁਸਲਮਾਨ ਹੋਣ ਜਾਂ ਕਿਸਾਨੀ ਸੰਘਰਸ਼ ਦੌਰਾਨ ਦਿੱਲੀ ਬਾਰਡਰ `ਤੇ ਕਿਸਾਨਾਂ ਲਈ ਮੁਢਲੀਆਂ ਸਹੂਲਤਾਂ ਦਾ ਸੁਯੋਗ ਪ੍ਰਬੰਧ ਕਰਨਾ ਹੋਵੇ। ਇਹ ਤਾਂ ਵਰੋਸਾਏ ਹੀ ਦਾਨ ਕਰਨ, ਮਨੁੱਖਤਾ ਦੀਆਂ ਅੱਖਾਂ ਦਾ ਖਾਰਾ ਪਾਣੀ ਸੁਕਾਉਣ ਅਤੇ ਭੁੱਖੇ ਪਿਆਸਿਆਂ ਨੂੰ ਤ੍ਰਿਪਤ ਕਰਨ ਲਈ ਹਨ। ਪੰਜਾਬੀਆਂ ਨੂੰ ਪਤਾ ਹੈ ਕਿ ਦਾਨ ਦਿਤਿਆਂ ਧਨ ਨਹੀਂ ਘੱਟਦਾ ਅਤੇ ਦਾਨ ਨਾਲ ਚੱਲ ਰਹੇ ਕਾਰਜਾਂ ਵਿਚ ਕਦੇ ਖੜੋਤ ਨਹੀਂ ਆਉਂਦੀ।
ਪੰਜਾਬ ਸਦਾ ਗੁਰਾਂ ਦੇ ਨਾਮ ‘ਤੇ ਜੀਂਦਾ। ਪੰਜਾਬੀਆਂ ਨੂੰ ਆਪਣੇ ਗੁਰੂਆਂ ਦੀਆਂ ਬਖਸਿ਼ਸ਼ਾਂ ਜਿੰਦ-ਜਾਨ ਤੋਂ ਵੀ ਪਿਆਰੀਆਂ। ਉਹ ਗੁਰੂਆਂ ਦੇ ਪੂਰਨਿਆਂ `ਤੇ ਚੱਲਦੇ, ਜਾਨ ਦੀ ਪ੍ਰਵਾਹ ਨਹੀਂ ਕਰਦੇ। ਇਨ੍ਹਾਂ ਦੀ ਗੈਰਤ ਨੂੰ ਕਿਸੇ ਨੇ ਲਲਕਾਰਨ ਦੀ ਜ਼ੁਰਅਤ ਨਹੀਂ ਕੀਤੀ। ਆਪਣੇ ਅਸੂਲਾਂ `ਤੇ ਜਿਉਣ ਦੀ ਦਮਦਾਰੀ ਨੇ ਕਿਰਸਾਨੀ ਸੰਘਰਸ਼ ਨੂੰ ਨਵੀਂ ਬੁਲੰਦੀ ‘ਤੇ ਪਹੁੰਚਾ ਦਿੱਤਾ ਏ।
ਇਹ ਪੰਜਾਬੀ ਹੀ ਕਰ ਸਕਦੇ ਕਿ ਦੋ ਦਿਨਾਂ ਲਈ ਧਰਨੇ `ਤੇ ਆਇਆਂ ਨੂੰ ਹੁਣ ਦਿੱਲੀ ਬਾਰਡਰ ਉਤੇ ਬੈਠਿਆਂ ਨੂੰ ਮਹੀਨੇ ਤੋਂ ਵੀ ਵੱਧ ਹੋ ਗਿਆ। ਨਹੀਂ ਕੋਈ ਸਹੂਲਤਾਂ ਦੀ ਘਾਟ। ਅੰਬਰ ਹੇਠ ਘਰ ਬਣਾ ਲਏ ਪੰਜਾਬੀਆਂ ਨੇ। ਚੱਲਦੇ ਨੇ ਦਿਨ ਰਾਤ ਲੰਗਰ, ਭਰੇ-ਭੰਡਾਰ, ਅਪਰ-ਆਪਾਰ ਅਤੇ ਨਹੀਂ ਕੋਈ ਪਾਰਾਵਾਰ। ਪੀਜੇ, ਪਿੰਨੀਆਂ, ਬਦਾਮਾਂ ਤੀਕ ਦੇ ਲੰਗਰ। ਇਹ ਪੰਜਾਬੀਆਂ ਦੀ ਖੁੱਲ੍ਹਦਿਲੀ ਤੇ ਦਾਨੀ ਸੁਭਾਅ ਕਰਕੇ ਹੀ ਹੈ। ਕੌਣ ਲਾਵੇਗਾ ਹਿਸਾਬ ਇਨ੍ਹਾਂ ਦੀ ਫਿਰਾਖਦਿਲੀ ਤੇ ਦਰਿਆ-ਦਿਲੀ ਦਾ। ਇਹ ਸਭ ਕੁਝ ਲੁਟਾ ਕੇ ਆਪਣੀ ਪਿੱਠ ਨਹੀਂ ਲੱਗਣ ਦੇਣਗੇ। ਇਨ੍ਹਾਂ ਲਈ ਸਭ ਤੋਂ ਅਜ਼ੀਮ ਏ ਅਣਖ, ਅਦਬ ਅਤੇ ਆਪਣੀਆਂ ਸ਼ਰਤਾਂ `ਤੇ ਜਿਉਣ ਦਾ ਜਜ਼ਬਾ। ਟੈਂਅ ਨਹੀਂ ਮੰਨਦੇ ਕਿਸੇ ਦੀ, ਪਿਆਰ ਨਾਲ ਭਾਵੇਂ ਜੋ ਮਰਜੀ ਕਰਵਾ ਲਓ ਤੇ ਲੈ ਲਓ ਸਭ ਕੁਝ। ਕੁਰਬਾਨ ਕਰ ਦਿੰਦੇ।
ਦਿੱਲੀ ਬਾਰਡਰ `ਤੇ ਸੰਘਰਸ਼ ਦੌਰਾਨ ਪੰਜਾਬੀਆਂ ਵਲੋਂ ਤਾਰੀ ਜਾ ਰਹੀ ਆਰਥਕ ਕੀਮਤ ਦੇ ਅੰਦਾਜ਼ੇ ਲਈ ਹਿਸਾਬ ਦੇ ਅੰਕ ਵੀ ਛੋਟੇ ਪੈ ਜਾਣਗੇ। ਅੱਠ-ਦਸ ਲੱਖ ਪੰਜਾਬੀ ਇਸ ਧਰਨੇ ਵਿਚ ਸ਼ਾਮਲ ਨੇ। ਜੇ ਹਰੇਕ ਦੀ ਇਕ ਦਿਨ ਦੀ ਕਮਾਈ ਪੰਜ ਸੌ ਰੁਪਏ ਮੰਨੀਏ (ਮਜਦੂਰ ਦੀ ਦਿਹਾੜੀ ਦੇ ਬਰਾਬਰ) ਤਾਂ ਕੁਲ 40 ਕਰੋੜ ਰੋਜਾਨਾ ਬਣਦੀ ਹੈ ਅਤੇ ਇਕ ਮਹੀਨੇ ਦੇ 1200 ਕਰੋੜ ਰੁਪਏ। ਜੇ ਕੁਲ 50,000 ਟਰਾਲੀਆਂ ਹੋਣ ਅਤੇ ਇਥੇ ਪਹੁੰਚਣ ਲਈ 2000 ਦਾ ਡੀਜ਼ਲ ਲੱਗਾ ਹੋਵੇ ਤਾਂ ਇਥੇ ਆਉਣ ਵਿਚ 10 ਕਰੋੜ ਦਾ ਖਰਚ, ਤੇ ਟੁੱਟ-ਭੱਜ ਵੱਖਰੀ। ਮੁਢਲੀਆਂ ਸਹੂਲਤਾਂ ਪ੍ਰਦਾਨ ਕਰਨ ਲਈ ਜਿਵੇਂ ਲੰਗਰ, ਟੈਂਟ, ਆਦਿ ਲਈ ਜੇ ਇਕ ਵਿਅਕਤੀ `ਤੇ 300 ਰੁਪਏ ਵੀ ਖਰਚਾ ਆਵੇ ਤਾਂ ਇਹ ਰੋਜਾਨਾ 24 ਕਰੋੜ ਰੁਪਏ ਅਤੇ ਮਹੀਨੇ ਲਈ 720 ਕਰੋੜ ਰੁਪਏ ਬਣਦਾ। ਰੋਜ਼ਾਨਾ 4000-5000 ਕਾਰਾਂ ਟੈਂਪੂ ਟਰੈਕਟਰ ਖਾਣੇ ਦੀਆਂ ਵਸਤਾਂ ਲੈ ਕੇ ਆ ਰਹੇ। ਜੇ ਹਰੇਕ `ਤੇ ਤੇਲ ਦਾ 2000 ਰੁਪਏ ਖਰਚ ਹੋਵੇ ਤਾਂ ਰੋਜ਼ਾਨਾ 60 ਲੱਖ ਦਾ ਖਰਚਾ। ਬਾਕੀ ਸਹੂਲਤਾਂ ਦੇ ਹੋਰ ਬਹੁਤ ਸਾਰੇ ਖਰਚੇ। ਇਹ ਸਾਰਾ ਖਰਚਾ ਪੰਜਾਬੀ ਆਪਣੇ ਸਿਰ ‘ਤੇ ਜਰਦੇ, ਹੱਕ-ਸੱਚ ਦੀ ਲੜਾਈ ਲੜ ਰਹੇ ਨੇ। ਆਪਣਾ ਆਪ ਤੇ ਘਰ ਲੁਟਾ ਕੇ, ਜਿੱਤ ਦੇ ਝੰਡੇ ਗੱਡਣਾ ਸਿਰਫ ਪੰਜਾਬੀ ਹੀ ਕਰ ਸਕਦੇ।
ਇਹ ਕ੍ਰਿਸ਼ਮਾ ਵੀ ਪੰਜਾਬੀਆਂ ਨੇ ਹੀ ਕਰਨਾ ਸੀ ਕਿ ਨਸ਼ੱਈ, ਨਾਲਾਇਕ ਤੇ ਲਾਪ੍ਰਵਾਹ ਜਵਾਨੀ ਦਾ ਇਲਜ਼ਾਮ ਧੋਣ ਲਈ, ਸਮੁੱਚੇ ਨੌਜਵਾਨਾਂ ਨੇ ਬਜੁਰਗਾਂ ਦੀ ਰਹਿਨੁਮਾਈ ‘ਚ ਸੰਘਰਸ਼ ਨੂੰ ਅਜਿਹੇ ਮੁਕਾਮ `ਤੇ ਪਹੁੰਚਾ ਦਿੱਤਾ ਕਿ ਦੁਨੀਆਂ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ। ਪੰਜਾਬੀ ਗਾਇਕੀ ਨਵੀਂ ਸੇਧ ਲੈ ਕੇ ਪੰਜਾਬੀਆਂ ਦੀ ਵੰਗਾਰ ਤੇ ਲਲਕਾਰ ਬਣੀ ਅਤੇ ਪੰਜਾਬੀ ਵਿਰਸੇ ਨੂੰ ਨਵੀਂ ਪਛਾਣ ਮਿਲੀ। ਕੇਹਾ ਗਜ਼ਬ ਏ ਕਿ ਹਰ ਰੋਜ਼ ਲੱਖਾਂ ਕਮਾਉਣ ਵਾਲੇ ਗਾਇਕਾਂ ਤੇ ਕਲਾਕਾਰਾਂ ਨੇ ਖੁਦ ਨੂੰ ਸੰਘਰਸ਼ ਦੇ ਲੇਖੇ ਲਾ, ਰਾਤ ਦੇ ਪਹਿਰਦਾਰ ਬਣ, ਜਾਗਦੇ ਰਹੋ ਦਾ ਹੋਕਰਾ ਬਣਾ ਲਿਆ।
ਪੰਜਾਬੀਆਂ ਦੇ ਜੋਸ਼ ਇਹ ਕੇਹਾ ਆਲਮ ਏ ਕਿ ਲਗਜ਼ਰੀ ਕਾਰਾਂ ਪਿੱਛੇ ਟਰਾਲੀਆਂ ਪਾ ਕੇ ਪੰਜਾਬੀਆਂ ਨੇ ਰਸਦਾਂ ਦੇ ਢੇਰ ਲਾ ਦਿੱਤੇ। ਧਰਨੇ ਦਾ ਕੇਹਾ ਚਾਅ ਕਿ ਕੋਈ ਮੋਟਰਸਾਈਕਲ ਨੂੰ ਘੜੂਕਾ ਬਣਾ ਕੇ ਸੇਵਾ ਕਰ ਰਿਹਾ, ਕੋਈ ਦੌੜ ਕੇ ਦਿੱਲੀ ਨੂੰ ਤੁਰ ਪਿਆ, ਕੋਈ ਟਰਾਈਸਾਈਕਲ ‘ਤੇ ਵਾਹੋਦਾਹੀ ਜਾ ਰਿਹਾ। ਵਿਆਹ ਤੋਂ ਬਾਅਦ, ਰਾਂਗਲੇ ਦਿਨਾਂ ਦੀ ਸ਼ੁਰੂਆਤ ਜਦ ਕੋਈ ਧਰਨੇ ਤੋਂ ਕਰਦਾ ਤਾਂ ਉਸ ਦੇ ਮਨ ਦੀਆਂ ਭਾਵਨਾਵਾਂ ਦਾ ਅੰਦਾਜ਼ਾ ਲਾਇਆ ਜਾ ਸਕਦਾ। ਬਾਪ ਆਪਣੀ ਧੀ ਦੀ ਡੋਲੀ ਤੋਰਨ ਲਈ ਧਰਨੇ ਤੋਂ ਤੁਰਨ ਵੇਲੇ ਅੱਖਾਂ ਨਮ ਕਰਦਾ ਹੈ, ਕਿਉਂਕਿ ਉਸ ਨੂੰ ਲੱਗਦਾ ਹੈ ਕਿ ਸੰਘਰਸ਼ ਉਸ ਦੇ ਸਾਹਾਂ ਦਾ ਜਾਮਨ ਹੈ, ਜਦ ਕਿ ਆਂਦਰ ਨੂੰ ਤਾਂ ਬਾਅਦ ‘ਚ ਵੀ ਮਿਲਿਆ ਜਾ ਸਕਦਾ।
ਇਹ ਦਾਨਾਈ ਵੀ ਪੰਜਾਬੀਆਂ ਦੇ ਹਿੱਸੇ ਹੀ ਆਈ ਕਿ ਵਿਦੇਸ਼ ਤੋਂ ਗਿਆ ਕੋਈ ਬਾਬਾ ਨੋਟਾਂ ਦਾ ਝੋਲਾ, ਤੁੱਛ ਭੇਟਾ ਵਜੋਂ ਅਰਪੱਤ ਕਰਦਾ। ਅਜ਼ਾਦੀ ਅੰਦੋਲਨ ਲਈ ਅਮਰੀਕਾ ਤੋਂ ਤੁਰੀ ਗਦਰ ਲਹਿਰ ਦੀ ਨਵੀਂ ਕਰਵਟ ਹੀ ਹੈ ਕਿ ਵਿਦੇਸ਼ਾਂ ਵਿਚ ਵੱਸੇ ਪੰਜਾਬੀਆਂ ਨੇ ਆਪਣੇ ਪੁਰਖਿਆਂ ਦੇ ਕਾਰਨਾਮਿਆਂ ਨੂੰ ਕਦੇ ਨਹੀਂ ਵਿਸਾਰਿਆ। ਪੰਜਾਬੀਆਂ ਵਿਚ ਲੈਣ ਨਾਲੋਂ ਹੱਥੋਂ ਕੁਝ ਦੇਣ ਦਾ ਹੌਂਸਲਾ ਅਤੇ ਨਿਮਰਤਾ ਨੇ ਇਕ ਅਲੋਕਾਰੀ ਪਛਾਣ ਸਿਰਜੀ ਹੈ।
ਇਹ ਪੰਜਾਬੀਆਂ ਦਾ ਹੀ ਕਰਮ ਏ ਕਿ ਉਹ ਜਿਥੇ ਵੀ ਜਾਂਦੇ ਨੇ, ਨਵਾਂ ਪੰਜਾਬ ਵਸਾ ਲੈਂਦੇ। ਦਿੱਲੀ ਦੇ ਬਾਰਡਰ `ਤੇ ਲਾਇਆ ਧਰਨਾ ਹੀ ਤਾਂ ਹੈ, ਨਵਾਂ-ਨਿਵੇਕਲਾ ਵੱਸਿਆ ਪੰਜਾਬ। ਇਸ ਦੀ ਖੁਸ਼ਬੂ। ਅਮੀਰ ਪਰੰਪਰਾਵਾਂ ਦੀ ਪ੍ਰਦਰਸ਼ਨੀ। ਸਹਿਜ, ਸ਼ਾਂਤੀ, ਸਿਦਕ ਅਤੇ ਸਿਰੜ ਨਾਲ ਕੁਦਰਤ ਦੇ ਭਾਣੇ ਵਿਚ ਰਹਿੰਦਿਆਂ, ਹਾਕਮ ਨੂੰ ਕੁੰਭਕਰਨੀ ਨੀਂਦ ਵਿਚੋਂ ਜਗਾਉਣਾ, ਤੇ ਹੱਕ-ਸੱਚ ਦਾ ਪਰਚਮ ਲਹਿਰਾਉਣਾ। ਦੁਨੀਆਂ ਨੂੰ ਇਹ ਦਿਖਾਉਣਾ ਕਿ ਸੰਘਰਸ਼ ਇਸ ਤਰ੍ਹਾਂ ਵੀ ਲੜੇ ਜਾ ਸਕਦੇ। ਦਰਅਸਲ ਇਸ ਸੰਘਰਸ਼ ਨੇ ਬੀਤੇ ਇਤਿਹਾਸ ਨੂੰ ਪੁਨਰਸੰਜੀਵ ਕਰ ਦਿੱਤਾ। ਨਵੀਆਂ ਨਸਲਾਂ ਨੂੰ ਦਿਖਾ ਦਿੱਤਾ ਕਿ ਬਜੁਰਗਾਂ ਦੀਆਂ ਕੀਰਤੀਆਂ ਤੇ ਕੁਰਬਾਨੀਆਂ ਨੂੰ ਕਿਸ ਤਰ੍ਹਾਂ ਸਿਜਦਾ ਕੀਤਾ ਜਾ ਸਕਦਾ? ਜਦ ਇਹ ਪੰਜਾਬੀ ਜਿੱਤ ਤੋਂ ਬਾਅਦ ਆਪਣੇ ਘਰਾਂ ਨੂੰ ਪਰਤਣਗੇ ਤਾਂ ਬਹੁਤ ਯਾਦ ਆਵੇਗਾ। ਸੜਕਾਂ ਦੇ ਕੰਢਿਆਂ ‘ਤੇ ਜਾਗਦਿਆਂ, ਬਿਤਾਈਆਂ ਰਾਤਾਂ। ਰਾਹਾਂ ਦੀਆਂ ਰੁਕਾਵਟਾਂ ਅਤੇ ਕੰਡਿਆਲੀਆਂ ਤਾਰਾਂ ਦੀ ਘੇਰਾਬੰਦੀ ਨੂੰ ਤੋੜਨ ਦਾ ਵਿਸਮਾਦ। ਮਨ ਦੀ ਮਸਤੀ ਨਾਲ ਫੱਕਰਤਾ ਨੂੰ ਹੰਢਾਉਣਾ, ਬਜੁਰਗਾਂ ਵਲੋਂ ਸੜਕਾਂ ਦੇ ਕੰਢਿਆਂ ਤੇ ਬੀਜੀਆਂ ਸਬਜੀਆਂ। ਬਹੁਤ ਯਾਦ ਕਰਨਗੇ ਆਲੇ-ਦੁਆਲੇ ਦੇ ਰਹਿਣ ਵਾਲੇ ਲੋਕ, ਜਿਨ੍ਹਾਂ ਨੂੰ ਪੰਜਾਬੀਆਂ ਦੀ ਸੰਗਤ ਅਤੇ ਸੁਹਬਤ ਮਾਣਨ ਦਾ ਸ਼ਰਫ ਹਾਸਲ ਹੋਇਆ। ਉਨ੍ਹਾਂ ਦੇ ਬੱਚਿਆਂ ਦੇ ਚੇਤਿਆਂ ਵਿਚ ਸਦਾ ਯਾਦ ਰਹੇਗੀ ਪੰਜਾਬੀ ਮਾਂ ਬੋਲੀ ਦੀ ਮਹਿਕ। ਪੰਜਾਬੀਆਂ ਦੀ ਸੇਵਾ ਭਾਵਨਾ। ਉਨ੍ਹਾਂ ਦੀਆਂ ਮੋਹਵੰਤੀਆਂ ਯਾਦਾਂ ਦਾ ਕਾਫਲਾ, ਬੱਚਿਆਂ ਦੇ ਸਮੁੱਚੇ ਜੀਵਨ ਦੇ ਨਾਲ ਨਾਲ ਹੀ ਤੁਰੇਗਾ। ਜਾਣ ਵੇਲੇ ਪੰਜਾਬੀ ਇਕ ਵਿਰਾਸਤ ਛੱਡ ਕੇ ਜਾਣਗੇ, ਜਿਸ ਨੇ ਕਈ ਪੀੜ੍ਹੀਆਂ ਤੱਕ ਲੋਕਾਂ ਨੂੰ ਜਾਗਰੂਕ ਕਰਨਾ ਅਤੇ ਪੰਜਾਬੀਆਂ ਦੇ ਮੋਹ ਭਰੇ ਵਰਤਾਰੇ ਦੀਆਂ ਮਿੱਠੀਆਂ ਯਾਦਾਂ ਨੂੰ ਸਾਂਭੀ ਰੱਖਣਾ। ਇਤਿਹਾਸ ਬਣਨਗੀਆਂ ਪੰਜਾਬੀਆਂ ਦੀਆਂ ਟਰਾਲੀਆਂ ਵਿਚ ਬਿਤਾਈਆਂ ਰਾਤਾਂ, ਗਿਲੇ ਸਿ਼ਕਵੇ ਭੁਲਾ ਕੇ ਭਾਈਚਾਰਕ ਸਾਂਝ ਦੀਆਂ ਪੀਡੀਆਂ ਤੰਦਾਂ, ਰੂਹ ਦੀ ਤਾਮੀਰਦਾਰੀ ਅਤੇ ਮੁਹੱਬਤ ਦਾ ਪੈਗਾਮਨਾਮਾ। ਇਹ ਸੜਕਾਂ, ਮੋੜ, ਚੌਰਸਤੇ ਅਤੇ ਘੇਰਾਬੰਦੀ, ਹਰੇਕ ਸ਼ਖਸ ਦੇ ਮਸਤਕ ਵਿਚ ਸਦੀਵੀ ਤੌਰ `ਤੇ ਧਰੀ ਜਾਵੇਗੀ।
ਪੰਜਾਬ, ਪੰਜਾਬੀਅਤ ਅਤੇ ਪੰਜਾਬੀਆਂ ਦੀ ਰਗ ਰਗ ਵੱਸਦੀ ਸੁਪਨਿਆਂ ਦੀ ਪਰਵਾਜ਼, ਜਿਉਣ ਦਾ ਨਿਰਾਲਾ ਅੰਦਾਜ਼। ਉਨ੍ਹਾਂ ਦੇ ਸਾਹਾਂ ਵਿਚ ਧੜਕਦਾ ਏ ਦੇਸ਼-ਭਗਤੀ ਦਾ ਰਿਆਜ਼ ਅਤੇ ਕਲਮਾਂ ਨੂੰ ਏ ਪੰਜਾਬੀ ਹੋਣ ‘ਤੇ ਨਾਜ਼; ਤਾਂ ਹੀ ਕਲਮ ‘ਚੋਂ ਕਵਿਤਾ ਉਗਦੀ ਹੈ,
ਸੜਕ ‘ਤੇ ਹੀ
ਨਿਆਂ-ਨਗਰੀ ਦਾ ਕੇਹਾ ਵਿਸਥਾਰ
ਸਜਿਆ ਏ ਲੋਕ-ਦਰਬਾਰ
ਮਹਿਮਾ ਏ ਅਪਰ-ਅਪਾਰ
ਕੇਹੀ ਰਹਿਮਤ-ਏ ਕਰਤਾਰ
ਕਿ ਹੋ ਗਿਆ
ਕਲਾਮਈ ਵਰਤਾਰਿਆਂ ਦਾ ਵਿਸਥਾਰ।

ਚਾਰੇ ਪਾਸੇ ਨਜ਼ਰ ਆਉਂਦੇ
ਝੁੰਡ ਹੀ ਝੁੰਡ
ਸਮੁੰਦਰਾਂ ਵਰਗੇ ਦਰਿਆਵਾਂ ਦੇ
ਅੰਬਰਾਂ ਵਰਗੀਆਂ ਮਾਂਵਾਂ ਦੇ
ਸੂਹੀਆਂ ਸੋਚ-ਸਭਾਵਾਂ ਦੇ
ਤੇ ਚੜ੍ਹਦੀਆਂ ਕਲਾਵਾਂ ਦੇ।

ਤਖਤ ਨੂੰ ਜਾਂਦੇ ਰਾਹਾਂ `ਤੇ
ਕਾਰਵਾਂ ਹੀ ਕਾਰਵਾਂ
ਕਿਰਤੀਆਂ, ਕਿਰਸਾਨਾਂ ਦੇ
ਕਾਲਜੀਏਟ ਜਵਾਨਾਂ ਦੇ
ਜ਼ੋਸ਼ੀਲੇ ਇਨਸਾਨਾਂ ਦੇ
ਤੇ ਚੜ੍ਹਦੇ ਆਉਂਦੇ ਤੁਫਾਨਾਂ ਦੇ।

ਦਿੱਲੀ ਵੱਲ ਨੂੰ ਹੀ ਮੂੰਹ ਹੈ
ਕਾਰਾਂ ਦੀਆਂ ਕਤਾਰਾਂ ਦਾ
ਟਰੈਕਟਰਾਂ ਦੀਆਂ ਮੁਹਾਰਾਂ ਦਾ
ਸਾਈਕਲ ਅਸਵਾਰਾਂ ਦਾ
ਤੇ ਉਡਣੇ ਸਰਦਾਰਾਂ ਦਾ।

ਸਿਰਫ ਪੰਜਾਬੀ
ਪਾਉਂਦੇ ਕਾਰਾਂ ਮਗਰ ਟਰਾਲੀਆਂ
ਰੁਸ਼ਨਾਉਂਦੇ ਰਾਤਾਂ ਕਾਲੀਆਂ
ਪਾਲਦੇ ਖੁਆਬ-ਖਿਆਲੀਆਂ
ਤੇ ਗਰਮਾਉਂਦੇ ਰਾਤਾਂ ਸਿਆਲੀਆਂ।

ਜੀਂਦਾ ਰਹਿ ਪੰਜਾਬ ਸਿੰਹਾਂ!
ਇਹ ਕਰਤਾਰੀ ਵਰਤਾਰਾ ਤੇਰਾ ਹੀ ਹਾਸਲ
ਕਿਉਂਕਿ
ਤੂੰ ‘ਕੱਲਾ ਹੁੰਦਾ ਵੀ ਅਨੇਕ ਏਂ
ਤੂੰ ਭੰਡਿਆ ਜਾਂਦਾ ਵੀ ਨੇਕ ਏਂ
ਦੱਬਿਆਂ ਕੁਚਲਿਆਂ ਲਈ ਟੇਕ ਏਂ
ਤੇ ਸਰਬੱਤ ਦੇ ਭਲੇ ਦੀ ਹੇਕ ਏਂ।
ਇਹ ਵੀ ਪੰਜਾਬੀ ਹੀ ਕਰ ਸਕਦੇ ਕਿ ਉਹ ਆਪਣੇ ਪਿੱਤਰੀ ਗਰਾਂ ਨੂੰ ਫਿਰ ਪਰਤਣ ਅਤੇ ਆਪਣੀਆਂ ਯਾਦਾਂ ਨੂੰ ਤਰੋ-ਤਾਜ਼ਾ ਕਰਨ ਲਈ ਵਾਰ ਵਾਰ ਪਰਤਦੇ ਰਹਿੰਦੇ। ਭਾਵੇਂ ਬਜੁਰਗਾਂ ਦਾ ਪਾਕਿਸਾਤਨ ਵਿਚ ਰਹਿ ਗਏ ਘਰਾਂ ਦੀ ਮਿੱਟੀ ਨੂੰ ਮੱਥੇ `ਤੇ ਲਾਉਣਾ ਹੋਵੇ ਜਾਂ ਵਿਦੇਸ਼ਾਂ ਵਿਚ ਵੱਸਿਆਂ ਦਾ ਪੰਜਾਬ ਨੂੰ ਪਰਤਣਾ ਹੋਵੇ। ਹੁਣ ਭਵਿੱਖ ‘ਚ ਪੰਜਾਬੀ ਵਾਰ ਵਾਰ ਸਿੰਘੂ, ਟਿਕਰੀ, ਗਾਜੀਪੁਰ, ਜੈਪੁਰ ਆਦਿ ਬਾਰਡਰਾਂ `ਤੇ ਨਤਮਸਤਕ ਹੋਇਆ ਕਰਨਗੇ, ਕਿਉਂਕਿ ਇਹ ਵੀ ਪੰਜਾਬੀਆਂ ਦੀਆਂ ਕਰਮ-ਰੇਖਾਵਾਂ ਬਣ ਗਏ ਨੇ।
ਇਸੇ ਲਈ ਤਾਂ ਦੁਨੀਆਂ ਸਾਨੂੰ ਪੰਜਾਬੀ ਕਹਿੰਦੀ ਆ।