ਜਤਿੰਦਰ ਮੌਹਰ
ਫੋਨ: +91-97799-34747
ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਸਾਡੇ ਚੇਤਿਆਂ ਵਿਚ ਕਈ ਕਿਰਦਾਰ, ਥਾਂ ਅਤੇ ਹਾਦਸੇ ਤਾਜ਼ਾ ਕਰਦਾ ਹੈ। ਇਹ ਸਾਨੂੰ ਸਾਂਝੀ ਆਲਮੀ ਜੁਝਾਰੂ ਵਿਰਾਸਤ ਦੇ ਅਹਿਸਾਸ ਨਾਲ ਜੋੜਦਾ ਹੈ। ਸਾਡੇ ਚੇਤਿਆਂ ਵਿਚ ਮਨੁੱਖੀ ਹਮਦਰਦੀ ਤੇ ਦਰਦਮੰਦੀ ਦੇ ਨੁਮਾਇੰਦੇ ਸ਼ੇਰ ਮੁਹੰਮਦ ਖਾਨ ਮਲੇਰਕੋਟਲਾ ਦਾ ਨਾਮ ਉਭਰਦਾ ਹੈ। ਬੱਚਿਆਂ ਦੇ ਅੰਤਮ ਸੰਸਕਾਰ ਲਈ ਸਭ ਕੁਝ ਦਾਅ ਤੇ ਲਾਉਣ ਵਾਲੇ ਟੋਡਰ ਮੱਲ ਨੂੰ ਅਸੀਂ ਸਿਜਦਾ ਕਰਦੇ ਹਾਂ। ਦਸਵੇਂ ਗੁਰੂ ਤੋਂ ਥਾਪੜਾ ਲੈ ਕੇ ਨਾਂਦੇੜ ਤੋਂ ਤੁਰੇ ਮੁੱਠੀ ਭਰ ਸੂਰਿਆਂ ਅਤੇ ਬਾਬਾ ਬੰਦਾ ਬਹਾਦਰ ਦੀ ਵੰਗਾਰ ਸਾਨੂੰ ਸੁਣਾਈ ਦਿੰਦੀ ਹੈ।
ਬਾਬਾ ਬੰਦਾ ਬਹਾਦਰ ਸ਼ਿਕਾਰੀ ਤੋਂ ਵੈਰਾਗੀ ਬਣਿਆ। ਹਿਰਨੀ ਦੇ ਤੜਫਦੇ ਬੱਚਿਆਂ ਦਾ ਦਰਦ ਨਾ ਸਹਿ ਸਕਣ ਵਾਲਾ ਬੰਦਾ, ਗੁਰੂ ਦੇ ਬਾਲਾਂ ਉਤੇ ਤਸ਼ੱਦਦ ਕਿਵੇਂ ਸਹਿਣ ਕਰਦਾ ਲੈਂਦਾ! ਉਹਦੇ ਕੋਲ ਲੜਨ ਦਾ ਹੁਨਰ ਅਤੇ ਦਰਦਮੰਦੀ ਦਾ ਜਜ਼ਬਾ ਸੀ ਜਿਸ ਨਾਲ ਲੈਸ ਹੋ ਕੇ ਉਹ ਮਹਾਰਾਸ਼ਟਰ ਤੋਂ ਰਾਜਸਥਾਨ ਅਤੇ ਹਰਿਆਣੇ ਵੱਲ ਵਧਦਾ ਹਿੰਦੂਆਂ, ਸਿੱਖਾਂ ਅਤੇ ਮੁਸਲਮਾਨਾਂ ਨੂੰ ਇਕੱਠੇ ਕਰਦਾ ਮੌਜੂਦਾ ਹਰਿਆਣੇ ਦੀ ਧਰਤੀ ਉਤੇ ਪਹੁੰਚਦਾ ਹੈ। ਇਹੀ ਉਹ ਇਲਾਕਾ ਹੈ ਜਿੱਥੇ ਅੱਜ ਪੰਜਾਬ, ਹਰਿਆਣਾ, ਰਾਜਸਥਾਨ, ਉਤਰ ਪ੍ਰਦੇਸ਼, ਮਹਾਰਾਸ਼ਟਰ ਅਤੇ ਹੋਰ ਸੂਬਿਆਂ ਦੇ ਕਿਰਤੀ ਕਿਸਾਨ ਭਾਜਪਾ ਦੀ ਕੇਂਦਰੀ ਅਤੇ ਸੂਬਾਈ ਹਕੂਮਤਾਂ ਖਿਲਾਫ ਮੋਰਚਾ ਲਾਈ ਬੈਠੇ ਹਨ। ਇਸ ਖਿੱਤੇ ਵਿਚ ਮੌਜੂਦ ਬਾਬਾ ਬੰਦਾ ਸਿੰਘ ਮਾਰਗ ਬਾਬੇ ਦੇ ਰਾਹ ਦਾ ਸਬੂਤ ਹੈ ਅਤੇ ਆਲੇ-ਦੁਆਲੇ ਦੇ ਪਿੰਡਾਂ ਵਿਚ ਬਾਬੇ ਦੇ ਨਾਮ ਦੇ ਗੁਰਦੁਆਰੇ ਆਮ ਮਿਲਦੇ ਹਨ।
ਬਾਬਾ ਬੰਦਾ ਇਸ ਖਿੱਤੇ ਦੇ ਨਾਬਰ ਸੁਭਾਅ ਬਾਰੇ ਜਾਣਦਾ ਸੀ। ਇਸ ਧਰਤੀ ਨੇ 1669-70 ਵਿਚ ਸਤਨਾਮੀਆਂ ਦੀ ਔਰੰਗਜ਼ੇਬ ਦੇ ਖਿਲਾਫ ਬਗਾਵਤ ਦੇਖੀ ਸੀ। ਦਿੱਲੀ ਦੀਆਂ ਹਕੂਮਤਾਂ ਬੇਸ਼ੱਕ ਦੂਰ-ਦੁਰੇਡੇ ਦੀਆਂ ਧਰਤੀਆਂ ਉਤੇ ਕਬਜ਼ੇ ਜਮਾਉਂਦੀਆਂ ਰਹੀਆਂ ਪਰ ਉਨ੍ਹਾਂ ਦੇ ਗੁਆਂਢੀ ਇਲਾਕੇ ਹਮੇਸ਼ਾਂ ਨਾਬਰ ਰਹੇ। ਮੁਗਲ ਹਕੂਮਤ ਉਨ੍ਹਾਂ ਨੂੰ ਮੁਕੰਮਲ ਗੁਲਾਮ ਨਹੀਂ ਬਣਾ ਸਕੀ। ਇਸ ਖਿੱਤੇ ਵਿਚ ਮੇਵਾਤੀ, ਸਤਨਾਮੀ, ਜਾਟ ਅਤੇ ਹੋਰ ਲੋਕ ਲਗਾਤਾਰ ਬਗ਼ਾਵਤਾਂ ਕਰਦੇ ਰਹੇ; ਜਿਵੇਂ ਬਾਰਾਂ ਨੂੰ ਕੋਈ ਨਿਜ਼ਾਮ ਮੁਕੰਮਲ ਤੌਰ ਤੇ ਗ਼ੁਲਾਮ ਨਹੀਂ ਬਣਾ ਸਕਿਆ। ਉਥੇ ਦੁੱਲਾ ਭੱਟੀ, ਅਹਿਮਦ ਖਾਨ ਖਰਲ ਅਤੇ ਅਜੀਤ ਸਿੰਘ ਦੀਆਂ ਬਗਾਵਤਾਂ ਤੇ ਵਿਦਰੋਹ ਪਨਪੇ।
ਬਾਬੇ ਬੰਦਾ ਨੇ ਹਰਿਆਣੇ ਦੇ ਇਸ ਹਿੱਸੇ ਦੇ ਲੋਕਾਂ ਨੂੰ ਨਾਲ ਮਿਲਾਇਆ ਜਾਂ ਕਹਿ ਲਈਏ ਕਿ ਉਹ ਇਨ੍ਹਾਂ ਲੋਕਾਂ ਨਾਲ ਮਿਲ ਗਿਆ। ਮੁਗ਼ਲਾਂ ਨੂੰ ਭੇਜੀ ਰਿਪੋਰਟ ਵਿਚ ਸਰਕਾਰੀ ਸੂਹੀਏ ਨੇ ਲਿਖਿਆ ਹੈ ਕਿ ਬੰਦਾ ਬਹਾਦਰ ਦੀ ਫੌਜ ਵਿਚ ਪੰਜ ਹਜ਼ਾਰ ਤੋਂ ਵੱਧ ਮੁਸਲਮਾਨ ਹਨ। ਇਹ ਫੌਜ ਇੱਥੋਂ ਪਹਿਲੀ ਮੁਹਿੰਮ ਦਾ ਆਗਾਜ਼ ਕਰਦੀ ਹੋਈ ਸੋਨੀਪਤ ਵੱਲ ਵਧੀ ਅਤੇ ਸੋਨੀਪਤ ਨੂੰ ਮੁਗਲਾਂ ਤੋਂ ਮੁਕਤ ਕਰਵਾ ਲਿਆ। ਕੈਥਲ, ਸਮਾਣਾ, ਘੁੜਾਮ, ਠਸਕਾ, ਸ਼ਾਹਬਾਦ, ਅੰਬਾਲਾ, ਮੁਸਤਫਾਬਾਦ, ਕਪੂਰੀ, ਸਢੌਰਾ, ਮੁਖਲਿਸਪੁਰ, ਰੋਪੜ ਅਤੇ ਜਗਾਧਰੀ ਦੇ ਇਲਾਕੇ ਮੁਕਤ ਕਰਵਾ ਕੇ ਸਰਹਿੰਦ ਦੀ ਹਿੰਡ ਭੰਨਣ ਲਈ ਕੂਚ ਕਰ ਦਿੱਤਾ। ਬਾਬੇ ਦੀ ਅਗਵਾਈ ਵਿਚ ਕੰਮੀ-ਕਿਸਾਨਾਂ ਦੀ ਫੌਜ ਨੇ ਸਰਹਿੰਦ ਫਤਹਿ ਕੀਤੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਵਾਲੇ ਵਜ਼ੀਰ ਖਾਨ ਦੇ ਜ਼ੁਲਮੀ ਰਾਜ ਦਾ ਬੇੜਾ ਡੋਬ ਦਿੱਤਾ। ਸਰਹਿੰਦ ਦੀ ਜਿੱਤ ਤੋਂ ਬਾਅਦ ਉਹ ਨਾਹਨ, ਚੰਬਾ (ਮੌਜੂਦਾ ਹਿਮਾਚਲ ਪ੍ਰਦੇਸ਼) ਅਤੇ ਉਤਰ ਪ੍ਰਦੇਸ਼ ਦੇ ਸਹਾਰਨਪੁਰ, ਜਲਾਲਾਬਾਦ, ਬੈਹਤ ਅਤੇ ਮੁਜ਼ੱਫਰਨਗਰ ਤੱਕ ਫੈਲ ਗਏ। ਸਤਲੁਜ ਤੋਂ ਜਮਨਾ ਦਰਿਆ ਤੱਕ ਦਾ ਖਿੱਤਾ ਮੁਕਤੀ ਫੌਜ ਦੇ ਅਸਰ ਹੇਠ ਆ ਗਿਆ। ਮੁਕਤ ਹੋਈ ਧਰਤੀ ਦੇ ਹਲ ਵਾਹਕਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ। ਕਿਰਤੀ-ਕੰਮੀਆਂ ਨੂੰ ਅਹੁਦੇ ਦਿੱਤੇ।
ਦਿੱਲੀ ਦੇ ਆਲੇ-ਦੁਆਲੇ ਅਤੇ ਹਰਿਆਣਾ ਦੇ ਲੋਕਾਂ ਨੇ ਨਾਬਰੀ ਦੀ ਰਵਾਇਤ ਨੂੰ ਅੱਗੇ ਵਧਾਉਂਦੇ ਹੋਏ 1857 ਦੇ ਗ਼ਦਰ ਵਿਚ ਅੰਗਰੇਜ਼ਾਂ ਨਾਲ ਦਸਤਪੰਜਾ ਲਿਆ। ਇਨ੍ਹਾਂ ਗ਼ਦਰੀਆਂ ਵਿਚ ਮੇਵਾਤ ਦੇ ਸਦਰੂਦੀਨ ਮੇਵਾਤੀ, ਰਿਵਾੜੀ ਦੇ ਰਾਉ ਤੁੱਲਾ ਰਾਮ, ਪਾਣੀਪਤ ਦੇ ਇਮਾਮ ਕਲੰਦਰੀ, ਝੱਜਰ ਦੇ ਅਬਦਸ ਸਮਦ ਖਾਨ, ਕਰਨਾਲ ਦੇ ਰਾਮੋ ਜਾਟ ਅਤੇ ਹਿਸਾਰ ਦੇ ਮੁਹੰਮਦ ਅਜ਼ੀਮ ਦਾ ਨਾਮ ਆਉਂਦਾ ਹੈ। ਫਕੀਰ ਸ਼ਾਮ ਦਾਸ ਨੇ ਜੀਂਦ, ਨਾਭਾ ਰਿਆਸਤ ਅਤੇ ਅੰਗਰੇਜ਼ਾਂ ਦੀ ਸਾਂਝੀ ਫੌਜ ਨੂੰ ਟੱਕਰ ਦਿੱੱਤੀ। ਥਾਨੇਸਰ, ਰਿਵਾੜੀ, ਗੁੜਗਾਉਂ, ਹਿਸਾਰ, ਪਾਣੀਪਤ, ਝੱਜਰ, ਫਾਰੂਖਨਗਰ, ਬਹਾਦਰਗੜ੍ਹ (ਮੌਜੂਦਾ ਟਿੱਕਰੀ ਕਿਸਾਨ ਮੋਰਚਾ ਦੇ ਨੇੜੇ), ਦੁਜਾਣਾ ਅਤੇ ਬੱਲਬਗੜ੍ਹ ਗ਼ਦਰ ਦੇ ਮੁੱਖ ਕੇਂਦਰ ਬਣੇ। ਮੋਹਰ ਸਿੰਘ ਨੇ 10 ਮਈ 1857 ਨੂੰ ਮੇਰਠ ਬਗ਼ਾਵਤ ਤੋਂ ਨੌਂ ਘੰਟੇ ਪਹਿਲਾਂ ਗਦਰ ਦਾ ਝੰਡਾ ਰੋਪੜ ਵਿਚ ਬੁਲੰਦ ਕਰ ਦਿੱਤਾ ਅਤੇ ਮੁਗਲ ਖਾਲਸਾ ਸਰਕਾਰ ਦੀ ਸਥਾਪਨਾ ਕੀਤੀ। ਕੁਝ ਇਤਿਹਾਸਕਾਰਾਂ ਅਨੁਸਾਰ ਉਹ 1857 ਦੀ ਬਗ਼ਾਵਤ ਵਿਚ ਉਤਰੀ ਭਾਰਤ ਵਿਚ ਫਾਹੇ ਲਾਇਆ ਜਾਣ ਵਾਲਾ ਪਹਿਲਾ ਬੰਦਾ ਸੀ। ਨਾਦਰ ਸ਼ਾਹ ਦੇ ਹਮਲੇ ਸਮੇਂ ਰੋਹਤਕ ਨੇੜੇ ਪਿੰਡ ਬੋਹੜ ਵਿਚ ਕੰਨਪਾਟੇ ਜੋਗੀਆਂ ਨੇ ਨਾਦਰ ਸ਼ਾਹ ਨੂੰ ਵੱਡੀ ਟੱਕਰ ਦਿੱਤੀ ਸੀ। ਪੰਜਾਬੀ ਕਵੀ ਨਜ਼ਾਬਤ ਨੇ ਆਪਣੀ ਰਚਨਾ ‘ਨਾਦਰ ਸ਼ਾਹ ਦੀ ਵਾਰ’ ਵਿਚ ਇਨ੍ਹਾਂ ਜੋਗੀਆਂ ਦੀ ਬੇਮਿਸਾਲ ਬਹਾਦਰੀ ਦਾ ਜ਼ਿਕਰ ਕੀਤਾ ਹੈ।
ਨਾਬਰੀ ਅਤੇ ਦਰਦਮੰਦੀ ਦੀ ਵਿਰਾਸਤ ਇਸ ਖਿੱਤੇ ਦੀ ਸਾਂਝੀ ਅਤੇ ਸੱਚੀ ਵਿਰਾਸਤ ਹੈ। ਇਹ ਵਿਰਾਸਤ ਜਮਹੂਰੀਅਤ ਦੀ ਲੜਾਈ ਨੂੰ ਉਸ ਸਮੇਂ ਤੱਕ ਲੜੇ ਜਾਣ ਦਾ ਇਸ਼ਾਰਾ ਕਰਦੀ ਹੈ, ਜਦੋਂ ਤੱਕ ਆਖਿਰੀ ਬੰਦੇ ਤੱਕ ਇਨਸਾਫ ਨਹੀਂ ਪਹੁੰਚਦਾ। ਦੂਜੇ ਪਾਸੇ ਵਜ਼ੀਰ ਖਾਨ ਦੀ ਵਿਰਾਸਤ ਹੈ। ਬੰਦਾ ਤਾਂ ਉਹ ਵੀ ਪੰਜਾਬ ਦਾ ਹੈ ਪਰ ਸਾਨੂੰ ਵਿਰਾਸਤ ਨੂੰ ਛਾਨਣਾ ਲਾਉਣਾ ਪੈਂਦਾ ਹੈ। ਅਸੀਂ ਮਨੁੱਖ ਦੀ ਬਿਹਤਰ ਜ਼ਿੰਦਗੀ ਲਈ ਲੜੇ ਘੋਲਾਂ ਦੀ ਵਿਰਾਸਤ ਨੂੰ ਆਪਣਾ ਮੰਨਦੇ ਹਾਂ ਅਤੇ ਜਾਬਰਾਂ ਦੀ ਵਿਰਾਸਤ ਨੂੰ ਅਸੀਂ ਰੱਦ ਕਰਦੇ ਹਾਂ। ਸਿੰਘੂ, ਟਿੱਕਰੀ, ਗਾਜ਼ੀਪੁਰ ਅਤੇ ਹੋਰ ਹੱਦਾਂ ਉਤੇ ਡਟੇ ਲੋਕਾਂ ਦੀ ਵਿਰਾਸਤ ਦਾ ਜੋੜ-ਮੇਲ ਗੁਰੂ ਗੋਬਿੰਦ ਸਿੰਘ, ਉਨ੍ਹਾਂ ਦੇ ਸ਼ਹੀਦ ਹੋਏ ਪੁੱਤਾਂ, ਬਾਬੇ ਬੰਦੇ ਅਤੇ ਉਹਦੇ ਸਾਥੀਆਂ- ਸਤਨਾਮੀਆਂ, ਜਾਟ ਵਿਰੋਧੀਆਂ (ਗੋਕਲ, ਚੂਰਾਮਨ ਆਦਿ) ਦੀ ਵਿਰਾਸਤ ਨਾਲ ਹੈ। ਇਹ ਵਿਰਾਸਤ ਉਨ੍ਹਾਂ ਪੰਜ ਹਜ਼ਾਰ ਮੁਸਲਮਾਨਾਂ ਦੀ ਕਾਇਮ ਕੀਤੀ ਹੋਈ ਹੈ ਜਿਹੜੇ ਬਾਬੇ ਬੰਦੇ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਸਨ। ਇਹ ਵਿਰਾਸਤ 1915 ਵਿਚ ਸਿੰਗਾਪੁਰ ਵਿਚ ਗਦਰ ਪਾਰਟੀ ਦੇ ਅਸਰ ਹੇਠ ਹਰਿਆਣੇ ਦੇ ਵਸਨੀਕ ਮੁਸਲਮਾਨਾਂ ਦੀ ਬਟਾਲੀਅਨ ਦੇ ਵਿਦਰੋਹ ਦੀ ਹੈ। ਇਹ ਵਿਰਾਸਤ ਸ਼ੇਰ ਮੁਹੰਮਦ ਖਾਨ ਮਲੇਰਕੋਟਲਾ ਅਤੇ ਟੋਡਰ ਮੱਲ ਦੀ ਦਰਦਮੰਦੀ ਦੀ ਹੈ। ਇਹ ਵਿਰਾਸਤ ਹਰਿਆਣੇ ਦੇ ਇਸ ਹਿੱਸੇ ਦੇ ਨਾਬਰ ਲੋਕਾਂ ਦੀ ਹੈ ਜਿਹੜੇ ਬਾਬੇ ਬੰਦੇ ਦੀ ਬਾਂਹ ਬਣੇ ਅਤੇ ਜਾਬਰ ਹਕੂਮਤਾਂ ਦੇ ਖਿਲਾਫ ਜੂਝਦੇ ਰਹੇ। ਇਹ ਵਿਰਾਸਤ ਮਹਾਰਾਸ਼ਟਰ, ਰਾਜਸਥਾਨ, ਹਰਿਆਣਾ, ਪੰਜਾਬ, ਹਿਮਾਚਲ ਪ੍ਰਦੇਸ਼, ਉਤਰ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਦੇ ਸਾਂਝੇ ਜੋੜ ਦੀ ਹੈ ਜਿਸ ਨੂੰ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਬਾਅਦ ਬਾਬੇ ਬੰਦੇ ਦੇ ਹੰਭਲਿਆਂ ਨੇ ਬਲ ਬਖਸ਼ਿਆ।
ਅੱਜ ਵਜ਼ੀਰ ਖਾਨ ਦੀ ਵਾਰਿਸ ਕੇਂਦਰ ਸਰਕਾਰ ਖੇਤੀ ਕਾਨੂੰਨਾਂ ਨੂੰ ਕਿਸਾਨਾਂ ਦੇ ਹੱਕ ਵਿਚ ਪ੍ਰਚਾਰਦੀ ਹੈ ਕਿ ਇਨ੍ਹਾਂ ਨਾਲ ਕਿਸਾਨਾਂ ਨੂੰ ਕਿਸੇ ਵੀ ਜਗ੍ਹਾ ਜਿਣਸ ਵੇਚਣ ਦੀ ਆਜ਼ਾਦੀ ਹੋਵੇਗੀ। ਅਸਲ ਵਿਚ ਇਹ ਆਜ਼ਾਦੀ ਭੁੱਖ ਨਾਲ, ਮਾਮੂਲੀ ਤੇ ਇਲਾਜਯੋਗ ਬਿਮਾਰੀਆਂ ਨਾਲ ਮਰਨ ਅਤੇ ਰੁਜ਼ਗਾਰ ਖੁਣੋਂ ਫਾਕੇ ਕੱਟਣ ਦੀ ਆਜ਼ਾਦੀ ਹੋਵੇਗੀ। ਸਾਡੇ ਬੱਚਿਆਂ ਨੂੰ ਸਿੱਖਿਆ ਤੋਂ ਵਿਰਵੇ ਕਰ ਕੇ ਅਨਪੜ੍ਹ ਰੱਖਣ ਦੀ ਆਜ਼ਾਦੀ ਹੋਵੇਗੀ। ਸਾਡਾ ਨਾਅਰਾ ਹਰ ਕਿਸੇ ਲਈ ਮੁਫਤ ਸਿੱਖਿਆ ਅਤੇ ਮੁਫਤ ਸਿਹਤ ਸੇਵਾਵਾਂ ਦਾ ਬਣਦਾ ਹੈ ਪਰ ਹਕੂਮਤ ਸਾਡੇ ਖੇਤ ਅਤੇ ਕਿੱਤੇ ਖੋਹਣ ਤੱਕ ਆ ਗਈ ਹੈ। ਸਰਕਾਰੀ ਸਕੂਲਾਂ ਅਤੇ ਬਚੇ-ਖੁਚੇ ਸਰਕਾਰੀ ਹਸਪਤਾਲਾਂ ਨੂੰ ਬੰਦ ਕਰਨ ਦੀ ਵਾਰੀ ਆਉਣ ਵਾਲੀ ਹੈ। ਨਿੱਜੀਕਰਨ ਦੇ ਦੈਂਤ ਨੇ ਅਜੇ ਆਪਣਾ ਭਿਆਨਕ ਰੂਪ ਦਿਖਾਉਣਾ ਹੈ।
ਜਮਹੂਰੀਅਤ ਦੀ ਧਾਰਨਾ ਨੂੰ ਪੱਕੇ ਕਰਨ ਦੀ ਲੜਾਈ ਇੱਕ-ਦੋ ਦਿਨ ਦੀ ਲੜਾਈ ਨਹੀਂ ਹੈ। ਇਹ ਹਰ ਪਲ ਹਰ ਦਿਨ ਲੜਨੀ ਪੈਂਦੀ ਹੈ। ਇਹ ਸਦੀਆਂ ਤੋਂ ਜਾਰੀ ਹੈ ਅਤੇ ਜਾਰੀ ਰਹੇਗੀ। ਹੱਕ ਖੋਹਣ ਵਾਲੇ ਅਤੇ ਹੱਕਾਂ ਲਈ ਲੜਨ ਵਾਲੇ ਨਵੇਂ ਨਵੇਂ ਰੂਪਾਂ ਅਤੇ ਵੱਖਰੇ ਵੱਖਰੇ ਸਮਿਆਂ ਵਿਚ ਆਉਂਦੇ ਰਹੇ ਹਨ ਅਤੇ ਆਉਂਦੇ ਰਹਿਣਗੇ। ਹਰ ਸਮਾਂ ਨਾਬਰਾਂ ਅਤੇ ਜਾਬਰਾਂ ਦੀ ਪਾਲਾਬੰਦੀ ਦਾ ਹੈ। ਦੋਵਾਂ ਨੇ ਆਪੋ-ਆਪਣੇ ਕਿਰਦਾਰ ਮੁਤਾਬਕ ਪਿੜ ਮੱਲੇ ਹੋਏ ਹਨ ਅਤੇ ਮੱਲਣੇ ਹਨ। ਇਹ ਦੁਨੀਆ ਨਿਮਾਣੇ ਅਤੇ ਨਿਗੂਣੇ ਲੋਕਾਂ ਦੀ ਸਿਰਜੀ ਹੋਈ ਹੈ। ਫਸਲਾਂ ਤੋਂ ਲੈ ਕੇ ਇਮਾਰਤਾਂ ਤੱਕ ਸਭ ਇਨ੍ਹਾਂ ਲੋਕਾਂ ਦੀ ਸਿਰਜਣਾ ਹੈ। ਅੱਜ ਤੱਕ ਇਨ੍ਹਾਂ ਲੋਕਾਂ ਨੇ ਹੀ ਕਲਾ ਵਰਤਾਈ ਹੈ ਅਤੇ ਵਰਤਾਉਂਦੇ ਰਹਿਣਗੇ। ਇਸ ਕਲਾ ਵਿਚ ਅਵਾਮ ਦੇ ਘੋਲ ਸ਼ਾਮਲ ਹਨ ਜਿਸ ਦਾ ਰੂਪ ਅਸੀਂ ਦਿੱਲੀ ਮੋਰਚੇ ਉਤੇ ਦੇਖ ਰਹੇ ਹਾਂ। ਨਿਮਾਣੇ, ਨਿਤਾਣੇ ਅਤੇ ਨਿਗੂਣੇ ਕਾਮਿਆਂ ਦੀ ਵਰਤਾਈ ਕਲਾ ਨੂੰ ਹਮੇਸ਼ਾਂ ਸਲਾਮ ਹੋਵੇਗਾ।