ਖੇਤੀ ਕਾਨੂੰਨ: ਅਕਾਲੀਆਂ ਤੇ ਭਾਜਪਾਈਆਂ ਦਰਮਿਆਨ ਸ਼ਬਦੀ ਜੰਗ ਭਖੀ

ਚੰਡੀਗੜ੍ਹ: ਖੇਤੀ ਕਾਨੂੰਨਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਭਾਜਪਾ ਆਗੂ ਆਹਮੋ ਸਾਹਮਣੇ ਆ ਗਏ ਹਨ। ਅਕਾਲੀ ਦਲ ਨੇ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਨੂੰ ਆਖਿਆ ਹੈ ਕਿ ਉਹ ਆਪਣੀ ਹਾਈ ਕਮਾਂਡ ਨੂੰ ਪੁੱਛੇ ਕਿ ਉਸ ਨੇ ਅਟਲ ਬਿਹਾਰੀ ਵਾਜਪਾਈ ਦੇ ਮੂਲ ਸਿਧਾਂਤ ਕਿਉਂ ਛੱਡ ਦਿੱਤੇ ਅਤੇ ਅਕਾਲੀ ਦਲ ਦੇ ਮਾਮਲੇ ਵਿਚ ਨਫਰਤ ਭਰੀ ਰਾਜਨੀਤੀ ਕਰ ਕੇ ਗੱਠਜੋੜ ਧਰਮ ਕਿਉਂ ਨਹੀਂ ਨਿਭਾਇਆ।

ਅਕਾਲੀ ਦਲ ਨੇ ਆਖਿਆ ਹੈ ਕਿ ਭਾਜਪਾ ਨੇ ਸੂਬੇ ਵਿਚ ਫਿਰਕੂ ਮਾਹੌਲ ਪੈਦਾ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸੁਖਬੀਰ ਸਿੰਘ ਬਾਦਲ ਨੇ ਰਾਸ਼ਟਰਪਤੀ ਨੂੰ ਅਪੀਲ ਕੀਤੀ ਹੈ ਕਿ ਉਹ ਤੁਰਤ ਦਖਲ ਦੇ ਕੇ ਸੰਸਦ ਦਾ ਸਰਦ ਰੁੱਤ ਇਜਲਾਸ ਬੁਲਵਾਉਣ। ਅਕਾਲੀ ਦਲ ਦੇ ਪ੍ਰਧਾਨ ਨੇ ਰਾਸ਼ਟਰਪਤੀ ਨੂੰ ਪੱਤਰ ਲਿਖ ਕੇ ਆਖਿਆ ਹੈ ਕਿ ਕਰੋਨਾ ਦਾ ਬਹਾਨਾ ਬਣਾ ਕੇ ਸੰਸਦ ਦੇ ਸਰਦ ਰੁੱਤ ਇਜਲਾਸ ਰੱਦ ਕਰਨ ਨੂੰ ਸਹੀ ਠਹਿਰਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਕਰੋਨਾ ਮਹਾਮਾਰੀ ਦੌਰਾਨ ਤਿੰਨ ਵਿਵਾਦਗ੍ਰਸਤ ਬਿੱਲ ਪਾਸ ਕਰਨ ਲਈ ਸੰਸਦ ਦਾ ਸੈਸ਼ਨ ਸੱਦ ਲਿਆ ਸੀ ਤੇ ਉਸ ਵੇਲੇ ਦੇਸ ਵਿਚ ਲੌਕਡਾਊਨ ਲੱਗਿਆ ਸੀ। ਹੁਣ ਜਦੋਂ ਸਰਕਾਰ ਨੇ ਖੁਦ ਮੰਨਿਆ ਹੈ ਕਿ ਮਹਾਮਾਰੀ ਦਾ ਪ੍ਰਭਾਵ ਘੱਟ ਗਿਆ ਹੈ ਤੇ ਲੌਕਡਾਊਨ ਦੀ ਜਰੂਰਤ ਨਹੀਂ ਹੈ ਤਾਂ ਫਿਰ ਸਰਦ ਰੁੱਤ ਇਜਲਾਸ ਰੱਦ ਕਰਨਾ ਕਿਸ ਤਰ੍ਹਾਂ ਵਾਜਬ ਹੈ। ਸ੍ਰੀ ਬਾਦਲ ਨੇ ਪੱਤਰ ਦੀਆਂ ਕਾਪੀਆਂ ਲੋਕ ਸਭਾ ਸਪੀਕਰ ਅਤੇ ਭਾਰਤ ਦੇ ਉਪ ਰਾਸ਼ਟਰਪਤੀ ਨੂੰ ਵੀ ਭੇਜੀਆਂ ਹਨ। ਅਕਾਲੀ ਆਗੂ ਨੇ ਕਿਹਾ ਕਿ ਇਹ ਹੈਰਾਨ ਕਰਨ ਵਾਲੀ ਗੱਲ ਹੈ ਕਿ ਸੱਤਾਧਾਰੀ ਪਾਰਟੀ ਨੂੰ ਬਿਹਾਰ ਵਿਚ ਚੋਣ ਰੈਲੀਆਂ ਵਿਚ ਹਜ਼ਾਰਾਂ ਲੋਕਾਂ ਦੇ ਇਕੱਠ ਤੇ ਹੁਣ ਪੱਛਮੀ ਬੰਗਾਲ ਵਿਚ ਹਜ਼ਾਰਾਂ ਲੋਕਾਂ ਦੇ ਇਕੱਠ ਵਿਚ ਲੋਕਾਂ ਦੀ ਜਾਨ ਤੇ ਸਿਹਤ ਨੂੰ ਕੋਈ ਖਤਰਾ ਨਹੀਂ ਲੱਗਿਆ ਪਰ ਇਜਲਾਸ ਸੱਦਣ ਵਿਚ ਖਤਰਾ ਦੱਸਿਆ ਜਾ ਰਿਹਾ ਹੈ। ਉਨ੍ਹਾਂ ਸਰਕਾਰ ਦੇ ਰਵੱਈਏ ਨੂੰ ਇਤਿਹਾਸਕ ਗਲਤੀ ਕਰਾਰ ਦਿੰਦਿਆਂ ਕਿਹਾ ਕਿ ਸੱਤਾਧਾਰੀ ਪਾਰਟੀ ਦੇਸ ਦੇ ਅੰਨਦਾਤਾ ਦੀ ਗੱਲ ਨਹੀਂ ਸੁਣ ਰਹੀ ਜਦਕਿ ਕਿਸਾਨਾਂ ਦੇ ਅੰਦੋਲਨ ਨੂੰ ਕੌਮੀ ਤਰਜੀਹ ਅਨੁਸਾਰ ਵੇਖਣਾ ਚਾਹੀਦਾ ਹੈ।
ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੋ.ਪ੍ਰੇਮ ਸਿੰਘ ਚੰਦੂਮਾਜਰਾ ਨੇ ਆਖਿਆ ਕਿ ਪੰਜਾਬ ਭਾਜਪਾ ਨੇ ਕਾਂਗਰਸ ਦੀ ਪਾੜੋ ਤੇ ਰਾਜ ਕਰੋ ਦੀ ਨੀਤੀ ਅਪਣਾ ਲਈ ਹੈ ਜਿਸ ਦਾ ਸੂਬੇ ‘ਤੇ ਬਹੁਤ ਮਾਰੂ ਅਸਰ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਆਗੂ ਇਕ ਸਿੱਖ ਭਰਾ ਨੂੰ ਦੂਜੇ ਹਿੰਦੂ ਭਰਾ ਖਿਲਾਫ ਲੜਵਾਉਣਾ ਚਾਹੁੰਦੇ ਹਨ ਅਤੇ ਇਨ੍ਹਾਂ ਦਾ ਮਕਸਦ ਆਪਣੀ ਸਥਿਤੀ ਮਜਬੂਤ ਬਣਾਉਣਾ ਹੈ ਕਿਉਂਕਿ ਭਾਜਪਾ ਦਾ ਖੇਤੀ ਕਾਨੂੰਨਾਂ ਕਾਰਨ ਲੋਕ ਵਿਰੋਧ ਕਰ ਰਹੇ ਹਨ।
ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਅਕਾਲੀ ਦਲ ਨੇ ਭਾਜਪਾ ਨਾਲ ਗੱਠਜੋੜ ਸਿਰਫ ਲੋਕਾਂ ਦੀ ਭਲਾਈ ਲਈ ਕੀਤਾ ਸੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਭਾਜਪਾ ਹਾਈ ਕਮਾਂਡ ਨੂੰ ਆਖਿਆ ਸੀ ਕਿ ਉਹ ਖੇਤੀ ਆਰਡੀਨੈਂਸਾਂ ਨੂੰ ਕਾਨੂੰਨ ਵਿਚ ਬਦਲਣ ਤੋਂ ਪਹਿਲਾਂ ਕਿਸਾਨਾਂ ਦੀ ਗੱਲ ਸੁਣੇ ਪਰ ਭਾਜਪਾ ਨੇ ਭਰੋਸਾ ਦੁਆਇਆ ਸੀ ਕਿ ਸਾਰੀਆਂ ਸ਼ਿਕਾਇਤਾਂ ਦੂਰ ਕੀਤੀਆਂ ਜਾਣਗੀਆਂ ਪਰ ਇਸ ਨੇ ਧੱਕੇ ਨਾਲ ਸੰਸਦ ਵਿਚ ਖੇਤੀ ਬਿੱਲ ਪਾਸ ਕਰਵਾ ਕੇ ਇਹ ਕਾਨੂੰਨ ਬਣਾ ਦਿੱਤੇ।
_________________________________________
ਸੰਸਦ ਦਾ ਇਜਲਾਸ ਰੱਦ ਕਰਨਾ ਤਾਨਾਸ਼ਾਹੀ ਫੈਸਲਾ ਕਰਾਰ
ਲੁਧਿਆਣਾ: ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਕਿਸਾਨ ਅੰਦੋਲਨ ਕਾਰਨ ਸੰਸਦ ਦਾ ਸਰਦ ਰੁੱਤ ਇਜਲਾਸ ਰੱਦ ਕਰ ਕੇ ਕੇਂਦਰ ਦੀ ਮੋਦੀ ਸਰਕਾਰ ਤਾਨਾਸ਼ਾਹੀ ਰਵੱਈਆ ਅਪਣਾ ਰਹੀ ਹੈ, ਜੋ ਵਿਰੋਧੀਆਂ ਵੱਲੋਂ ਪੁੱਛੇ ਜਾਣ ਵਾਲੇ ਸਵਾਲਾਂ ਦੇ ਜਵਾਬ ਦੇਣ ਤੋਂ ਭੱਜਣ ਦੇ ਬਰਾਬਰ ਹੈ। ਉਨ੍ਹਾਂ ਕਿਹਾ, ‘ਧੱਕੇ ਦੀ ਇਹ ਰਾਜਨੀਤੀ ਲੋਕਤੰਤਰ ਦਾ ਘਾਣ ਹੈ ਅਤੇ ਇਹ ਧੱਕਾ ਉਨ੍ਹਾਂ ਨੂੰ ਬਹੁਤ ਭਾਰੀ ਪੈ ਸਕਦਾ ਹੈ।` ਸ੍ਰੀ ਬੈਂਸ ਨੇ ਸਵਾਲ ਕੀਤਾ, ਕੀ ਕਰੋਨਾ ਵਾਇਰਸ ਨੇ ਕਿਸਾਨਾਂ ਨਾਲ ਕੋਈ ਸਮਝੌਤਾ ਕੀਤਾ ਹੋਇਆ ਹੈ, ਜਿਹੜਾ ਲੋਕ ਸਭਾ ਮੈਂਬਰਾਂ ਨਾਲ ਨਹੀਂ ਹੋ ਸਕਿਆ, ਜਿਸ ਕਾਰਨ ਸੰਸਦ ਦਾ ਇਜਲਾਸ ਰੱਦ ਕਰ ਦਿੱਤਾ ਗਿਆ।
_________________________________________
ਸਰਦ ਰੁੱਤ ਇਜਲਾਸ ਰੱਦ ਕਰਨ ਦੀ ਨਿਖੇਧੀ
ਬਠਿੰਡਾ: ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕੇਂਦਰ ਸਰਕਾਰ ਵੱਲੋਂ ਸੰਸਦ ਦਾ ਸਰਦ ਰੁੱਤ ਇਜਲਾਸ ਰੱਦ ਕੀਤੇ ਜਾਣ ਦੀ ਨਿਖੇਧੀ ਕਰਦਿਆਂ ਕਿਹਾ ਕਿ ਸਰਕਾਰ ਨਵੇਂ ਖੇਤੀ ਕਾਨੂੰਨ ਰੱਦ ਕਰਨ ਦੀ ਕਿਸਾਨਾਂ ਪ੍ਰਤੀ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਤਿੰਨ ਖੇਤੀ ਕਾਨੂੰਨਾਂ ਨੂੰ ਕਿਸਾਨਾਂ ਦੀ ਇੱਛਾ ਅਨੁਸਾਰ ਰੱਦ ਕਰਨ ਵਾਸਤੇ ਸੰਸਦ ਦਾ ਇਕ ਰੋਜ਼ਾ ਵਿਸ਼ੇਸ਼ ਸੈਸ਼ਨ ਸੱਦਿਆ ਜਾਵੇ। ਬਠਿੰਡਾ ਤੋਂ ਸੰਸਦ ਮੈਂਬਰ ਨੇ ਕਿਹਾ ਕਿ ਕੇਂਦਰ ਨੇ ਖੇਤੀਬਾੜੀ ਵਿਸ਼ੇ ‘ਤੇ ਕਾਨੂੰਨ ਬਣਾ ਦਿੱਤੇ ਜਦਕਿ ਇਹ ਸੂਬਿਆਂ ਦੀ ਸੂਚੀ ਦਾ ਵਿਸ਼ਾ ਹੈ ਅਤੇ ਸਾਰੇ ਰਾਜਾਂ ਦੇ ਕਿਸਾਨਾਂ ਨੇ ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕੀਤਾ ਹੈ।