ਸੰਘਰਸ਼ ਦੌਰਾਨ ਜਾਨ ਗੁਆਉਣ ਵਾਲੇ ਕਿਸਾਨਾਂ ਨੂੰ ਸ਼ਰਧਾਂਜਲੀਆਂ ਭੇਟ

ਨਵੀਂ ਦਿੱਲੀ: ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਖਿਲਾਫ ਦਿੱਲੀ ਦੇ ਸਿੰਘੂ ਤੇ ਟਿਕਰੀ ਬਾਰਡਰਾਂ ‘ਤੇ ਕਿਸਾਨ ਅੰਦੋਲਨ ਦੌਰਾਨ ਵੱਖ-ਵੱਖ ਕਾਰਨਾਂ ਕਰਕੇ ਜਾਨ ਗੁਆਉਣ ਵਾਲੇ ਕਿਸਾਨਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਸੱਦੇ ‘ਤੇ ਦੇਸ ਦੇ ਹੋਰਨਾਂ ਹਿੱਸਿਆਂ ਵਿੱਚ ਵੀ ਪਿੰਡ ਤੇ ਬਲਾਕ ਪੱਧਰ ‘ਤੇ ਸ਼ਰਧਾਂਜਲੀ ਸਮਾਗਮ ਕੀਤੇ ਗਏ। ਇਸ ਦੌਰਾਨ ਕਿਸਾਨਾਂ ਨੇ ਕੇਂਦਰ ਸਰਕਾਰ ਨੂੰ ਰੱਜ ਕੇ ਭੰਡਿਆ।

ਸਿੰਘੂ ਬਾਰਡਰ ‘ਤੇ ਮ੍ਰਿਤਕ ਕਿਸਾਨਾਂ ਨੂੰ ਸਰਧਾਂਜਲੀ ਦੇਣ ਵਾਲਿਆਂ ਵਿਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ (ਪੰਜਾਬ) ਦੇ ਪ੍ਰਧਾਨ ਡਾ. ਦਰਸ਼ਨ ਪਾਲ, ਫੁਰਮਾਨ ਸਿੰਘ ਸੰਧੂ, ਡਾ. ਸਤਨਾਮ ਸਿੰਘ, ਜਗਜੀਤ ਸਿੰਘ ਡੱਲੇਵਾਲ, ਉਂਕਾਰ ਸਿੰਘ, ਹਰਿੰਦਰ ਸਿੰਘ ਲੱਖੋਵਾਲ, ਸੁਰਜੀਤ ਸਿੰਘ ਫੂਲ, ਪ੍ਰੇਮ ਸਿੰਘ ਭੰਗੂ, ਹਰਜੀਤ ਸਿੰਘ ਰਵੀ, ਰੁਲਦੂ ਸਿੰਘ ਮਾਨਸਾ, ਲਖਬੀਰ ਸਿੰਘ ਨਿਜਾਮਪੁਰ, ਲਖਵਿੰਦਰ ਸਿੰਘ, ਹਰਮੀਤ ਸਿੰਘ ਕਾਦੀਆਂ, ਕਮਲਜੀਤ ਸਿੰਘ ਤੇ ਹੋਰ ਆਗੂ ਸਾਮਲ ਸਨ।
ਬੁਲਾਰਿਆਂ ਵੱਲੋਂ ਪਹਿਲਾਂ ‘ਸ਼ਹੀਦ` ਕਿਸਾਨਾਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸਰਧਾਂਜਲੀਆਂ ਦਿੱਤੀਆਂ ਗਈਆਂ। ਆਗੂਆਂ ਨੇ ਵਿੱਛੜੀਆਂ ਰੂਹਾਂ ਨੂੰ ਸਮਰਪਿਤ ਹੋ ਕੇ ਇਸ ਕਿਸਾਨੀ ਸੰਘਰਸ਼ ਨੂੰ ਫੈਸਲਾਕੁਨ ਅੰਜਾਮ ਤੱਕ ਪਹੁੰਚਾਉਣ ਲਈ ਕੇਂਦਰ ਸਰਕਾਰ ਦੀਆਂ ਦਬਾਅ ਪਾਊ ਨੀਤੀਆਂ ਦਾ ਡਟ ਕੇ ਟਾਕਰਾ ਕਰਨ ਦਾ ਅਹਿਦ ਲਿਆ। ਉਨ੍ਹਾਂ ਖੇਤੀਬਾੜੀ ਕਾਨੂੰਨਾਂ ਨੂੰ ਕਿਸਾਨਾਂ ਦੇ ਨਾਲ ਨਾਲ ਹੋਰ ਵਰਗਾਂ ਲਈ ਵੀ ਘਾਤਕ ਕਰਾਰ ਦਿੱਤਾ। ਸਾਬਕਾ ਪੁਲਿਸ ਅਧਿਕਾਰੀ ਕਿਰਨਦੀਪ ਕੌਰ ਨੇ ਕੰਟਰੈਕਟ (ਠੇਕਾ) ਖੇਤੀ ਦੇ ਨੁਕਸਾਨ ਗਿਣਾਏ। ਉੱਤਰ ਪ੍ਰਦੇਸ ਦੇ ਗਾਜੀਪੁਰ ਤੋਂ ਆਏ ਕਿਸਾਨ ਆਗੂ ਧਰਮਪਾਲ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਵੱਲੋਂ ਲਾਈ ਚਿਣਗ ਹੁਣ ਦੇਸ ਦੇ ਕੋਨੇ ਕੋਨੇ ਤਕ ਭਾਂਬੜ ਦਾ ਰੂਪ ਲੈ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਕਰਕੇ ਹੀ ਦੇਸ ਦੇ ਵੱਖ ਵੱਖ ਹਿੱਸਿਆਂ ਤੋਂ ਆਏ ਕਿਸਾਨਾਂ ਨੂੰ ਇਕ ਦੂਜੇ ਨਾਲ ਮਿਲਣ ਦਾ ਮੌਕਾ ਮਿਲਿਆ ਹੈ। ਇਸ ਦੌਰਾਨ ਟਿਕਰੀ ਬਾਰਡਰ `ਤੇ ਵੀ ਕਿਸਾਨ ਅੰਦੋਲਨ ਦੌਰਾਨ ਜਹਾਨੋਂ ਕੂਚ ਕਰ ਗਏ ਕਿਸਾਨਾਂ ਨੂੰ ਸਰਧਾਂਜਲੀਆਂ ਭੇਟ ਕੀਤੀਆਂ ਗਈਆਂ। ਇਸ ਦੌਰਾਨ ਟਿਕਰੀ ਬਾਰਡਰ `ਤੇ ਬੀਕੇਯੂ ਏਕਤਾ (ਉਗਰਾਹਾਂ) ਦੀ ਅਗਵਾਈ `ਚ ਜੁੜੇ ਇਕੱਠ ਨੇ ਕਿਸਾਨੀ ਸੰਘਰਸ਼ ਦੌਰਾਨ ਸ਼ਹੀਦੀਆਂ ਪਾਉਣ ਵਾਲੇ ਕਿਸਾਨਾਂ ਨੂੰ ਸੰਗਰਾਮੀ ਸਰਧਾਂਜਲੀਆਂ ਭੇਟ ਕੀਤੀਆਂ। ਹਜ਼ਾਰਾਂ ਦੀ ਤਦਾਦ `ਚ ਜੁੜੇ ਇਕੱਠ ਨੇ ਸਮੂਹਿਕ ਤੌਰ `ਤੇ ਖੜ੍ਹੇ ਹੋ ਕੇ ਦੋ ਮਿੰਟ ਲਈ ਮੌਨ ਰੱਖਿਆ ਤੇ ਸ਼ਹੀਦਾਂ ਦੀ ਯਾਦ ਨੂੰ ਸਿਜਦਾ ਕੀਤਾ।
ਕਿਸਾਨਾਂ ਨੇ ‘ਅਮਰ ਸ਼ਹੀਦਾਂ ਦਾ ਪੈਗਾਮ- ਜਾਰੀ ਰੱਖਣਾ ਹੈ ਸੰਗਰਾਮ` ਦੇ ਬੁਲੰਦ ਨਾਅਰਿਆਂ ਨਾਲ ਸ਼ਹੀਦਾਂ ਦੀ ਕੁਰਬਾਨੀ ਨੂੰ ਅਜਾਈਂ ਨਾ ਜਾਣ ਦੇਣ ਦਾ ਅਹਿਦ ਲੈਂਦਿਆਂ ਮੁਕੰਮਲ ਜਿੱਤ ਤਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ। ਬੀ.ਕੇ.ਯੂ. ਏਕਤਾ (ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਲਗਭਗ ਦੋ ਦਰਜਨ ਜ਼ਿੰਦਗੀਆਂ ਦਿੱਲੀ ਮੋਰਚੇ `ਚ ਹੀ ਕੁਰਬਾਨ ਹੋ ਚੁੱਕੀਆਂ ਹਨ। ਉਨ੍ਹਾਂ ਕਿਹਾ, ‘ਸ਼ਹੀਦਾਂ ਦੇ ਡੁੱਲ੍ਹੇ ਲਹੂ ਨੂੰ ਮਸਤਕ ਨਾਲ ਲਾ ਕੇ ਅਸੀਂ ਕਸਮ ਖਾਂਦੇ ਹਾਂ ਕਿ ਸਿਦਕ ਦੀ ਇਸ ਅਜ਼ਮਾਇਸ਼ `ਚ ਹਰ ਹਾਲ ਪੂਰੇ ਉਤਰਾਂਗੇ।` ਉਨ੍ਹਾਂ ਕਿਹਾ ਕਿ ਕਿਸਾਨੀ ਸੰਘਰਸ਼ ਲਈ ਕੁਰਬਾਨੀਆਂ ਅੱਗੋਂ ਵੀ ਜਾਰੀ ਰਹਿਣਗੀਆਂ, ਪਰ ਇਹ ਵਿਛੋੜੇ ਸਾਡੇ ਹੌਸਲੇ ਪਸਤ ਨਹੀਂ ਕਰ ਸਕਣਗੇ। ਰੈਲੀ ਨੂੰ ਜਥੇਬੰਦੀ ਦੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ, ਔਰਤ ਵਿੰਗ ਦੀ ਆਗੂ ਕੁਲਦੀਪ ਕੌਰ ਕੁੱਸਾ ਨੇ ਵੀ ਸੰਬੋਧਨ ਕੀਤਾ ਤੇ ਸੰਘਰਸ਼ ਦੌਰਾਨ ਮਾਰੀਆਂ ਮੱਲਾਂ ਦੀ ਚਰਚਾ ਕੀਤੀ। ਕੰਵਰ ਗਰੇਵਾਲ, ਹਰਫ਼ ਚੀਮਾ, ਸੋਨੀਆ ਮਾਨ ਤੇ ਹੋਰਨਾਂ ਕਲਾਕਾਰਾਂ ਨੇ ਸੰਘਰਸ਼ ਨਾਲ ਇਕਜੁੱਟਤਾ ਜਾਹਿਰ ਕੀਤੀ। ਇੰਡੀਅਨ ਡਾਕਟਰਜ਼ ਫਾਰ ਪੀਸ ਐਂਡ ਡਿਵੈਲਪਮੈਂਟ ਵੱਲੋਂ ਇਥੇ ਮੈਡੀਕਲ ਕੈਂਪ ਵੀ ਲਗਾਇਆ ਗਿਆ।
ਇਸ ਦੌਰਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਨੇ ਸਾਂਝੀ ਪ੍ਰੈੱਸ ਕਾਨਫਰੰਸ ਵੀ ਕੀਤੀ। ਪੰਨੂ ਨੇ ਕਿਹਾ ਕਿ ਮੋਦੀ ਸਰਕਾਰ ਖੇਤੀ ਕਾਨੂੰਨਾਂ ਨੂੰ ਕਿਸਾਨ ਪੱਖੀ ਦੱਸਣ ਲਈ ਪ੍ਰਚਾਰ ਸਾਧਨਾਂ ਵਿਚ ਸਿਰੇ ਦਾ ਜੋਰ ਲਾ ਰਹੀ ਹੈ। ਆਗੂਆਂ ਨੇ ਆੜ੍ਹਤੀਆਂ ਤੇ ਵਪਾਰੀਆਂ ਨੂੰ ਧਮਕਾਉਣ ਅਤੇ ਉਨ੍ਹਾਂ ਖਿਲਾਫ ਆਮਦਨ ਕਰ ਵਿਭਾਗ ਦੇ ਛਾਪਿਆਂ ਨੂੰ ਬਦਲੇ ਦੀ ਭਾਵਨਾ ਨਾਲ ਕੀਤੀ ਕਾਰਵਾਈ ਦੱਸਦਿਆਂ ਨਿੰਦਾ ਕੀਤੀ। ਇਸ ਤੋਂ ਪਹਿਲਾਂ ਦਿਨੇ 12 ਵਜੇ ਮੋਰਚੇ ਵਿਚ ਅਰਦਾਸ ਕਰਕੇ ਸਾਮ ਨੂੰ ਮੋਮਬੱਤੀਆਂ ਜਗਾ ਕੇ ਸਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਮੌਕੇ ਪ੍ਰੋ. ਮਨਜੀਤ ਸਿੰਘ, ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਭਾਨੂੰ ਪ੍ਰਤਾਪ ਸਿੰਘ, ਰਣਜੀਤ ਸਿੰਘ ਕਲੇਰਬਾਲਾ, ਬਾਜ ਸਿੰਘ, ਦਿਆਲ ਸਿੰਘ, ਇਕਬਾਲ ਸਿੰਘ, ਅਮਰਦੀਪ ਗੋਪੀ, ਮੇਜਰ ਸਿੰਘ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ। ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੇ ਪ੍ਰਧਾਨ ਸੁਰਜੀਤ ਸਿੰਘ ਫੂਲ ਨੇ ਕਿਹਾ ਕਿ ਜਦੋਂ ਪਰਵਾਸੀ ਪੰਜਾਬੀਆਂ ਨੂੰ ਇਹ ਪਤਾ ਲੱਗਾ ਕਿ ਸਟੇਜ ਵੱਡੀ ਕਰਨ ਲਈ ਯੂਨੀਅਨਾਂ ਵੱਲੋਂ 10-10 ਹਜ਼ਾਰ ਰੁਪਏ ਇਕੱਠੇ ਕੀਤੇ ਜਾਣਗੇ ਤਾਂ ਐਨ.ਆਰ.ਆਈਜ਼. ਨੇ ਸੁਨੇਹਾ ਭੇਜਿਆ ਕਿ ਉਹ ਹੀ ਪੈਸਾ ਭੇਜ ਦੇਣਗੇ।