ਕਿਸਾਨੀ ਮੋਰਚਾ ਬਨਾਮ ਭਾਈਚਾਰਕ ਸਾਂਝ

ਹਰਚਰਨ ਸਿੰਘ ਪਰਹਾਰ
ਮੁੱਖ ਸੰਪਾਦਕ ‘ਸਿੱਖ ਵਿਰਸਾ’
ਫੋਨ: 403-681-8689
ਤਿੰਨ ਮਹੀਨੇ ਤੋਂ ਭਾਰਤ ਵਿਚ ਕਿਸਾਨੀ ਮੋਰਚਾ ਚੱਲ ਰਿਹਾ ਹੈ। ਦੇਸ਼-ਵਿਦੇਸ਼ ਵਿਚ ਬੈਠੇ ਪੰਜਾਬੀ ਸਿੱਖ ਕਿਸੇ ਨਾ ਕਿਸੇ ਢੰਗ ਨਾਲ ਇਸ ਮੋਰਚੇ ਨਾਲ ਜੁੜੇ ਹੋਏ ਹਨ ਜਿਸ ਤੋਂ ਪਤਾ ਲਗਦਾ ਹੈ ਕਿ ਪੰਜਾਬੀ ਜਿਥੇ ਮਰਜ਼ੀ ਬੈਠੇ ਹੋਣ, ਉਹ ਪੰਜਾਬ ਨਾਲ ਹਮੇਸ਼ਾਂ ਜੁੜੇ ਰਹਿੰਦੇ ਹਨ। ਆਪਣੇ ਲੋਕਾਂ ਨਾਲ ਖੜਨਾ ਤੇ ਆਪਣੇ ਹੱਕਾਂ ਲਈ ਸੰਘਰਸ਼ ਕਰਨਾ ਸ਼ਲਾਘਾਯੋਗ ਰੁਝਾਨ ਹੈ। ਅਸੀਂ ਕਿਸਾਨ ਜਾਂ ਲੋਕ ਹੱਕਾਂ ਲਈ ਸੰਘਰਸ਼ ਕਰ ਰਹੇ ਲੋਕਾਂ ਦੇ ਨਾਲ ਖੜ੍ਹੇ ਹਾਂ ਤੇ ਆਪਣੇ ਵਿਤ ਜਾਂ ਸਮਝ ਅਨੁਸਾਰ ਆਪਣਾ ਯੋਗਦਾਨ ਵੀ ਪਾਉਂਦੇ ਰਹਾਂਗੇ। ਅਸੀਂ ਸਿਰਫ ਪੰਜਾਬ ਵਿਚ ਹੀ ਨਹੀਂ, ਕੈਲਗਰੀ ਜਾਂ ਕੈਨੇਡਾ ਵਿਚ ਵੀ ਲੋਕਾਂ ਦੇ ਮਸਲਿਆਂ ਲਈ ਨਾ ਸਿਰਫ ਹਮੇਸ਼ਾਂ ਉਨ੍ਹਾਂ ਦੇ ਹੱਕ ਵਿਚ ਖੜ੍ਹੇ ਹਾਂ ਸਗੋਂ ਸੰਘਰਸ਼ਾਂ ਵਿਚ ਆਪਣਾ ਬਣਦਾ ਯੋਗਦਾਨ ਪਾਉਂਦੇ ਰਹੇ ਹਾਂ।

ਮੈਂ ਆਪਣੇ ਜੀਵਨ ਵਿਚ ਪਿਛਲੇ 25-30 ਸਾਲਾਂ ਵਿਚ ਕਈ ਮੋਰਚੇ ਜਾਂ ਸੰਘਰਸ਼ ਦੇਖੇ ਹਨ, ਜਦੋਂ ਆਪਣੇ ਲੋਕ ਇਤਨੇ ਜ਼ਿਆਦਾ ਜਜ਼ਬਾਤੀ ਤੇ ਉਲਾਰ ਹੋ ਜਾਂਦੇ ਹਨ ਕਿ ਉਨ੍ਹਾਂ ਲਈ ਇਹ ਮੋਰਚੇ ਜੀਵਨ ਮੌਤ ਦਾ ਸਵਾਲ ਬਣ ਜਾਂਦੇ ਹਨ ਜਾਂ ਬਹੁਤ ਸਾਰੇ ਲੋਕ ਮਰਨ-ਮਾਰਨ ਲਈ ਤਿਆਰ ਹੋ ਜਾਂਦੇ ਹਨ ਪਰ ਉਹ ਭੁੱਲ ਜਾਂਦੇ ਹਨ ਕਿ ਮੋਰਚੇ ਵੀ ਤੇ ਮਸਲੇ ਵੀ ਸਾਡੇ ਜੀਵਨ ਵਿਚ ਆਉਂਦੇ ਜਾਂਦੇ ਰਹਿੰਦੇ ਹਨ ਤੇ ਆਉਂਦੇ ਜਾਂਦੇ ਰਹਿਣਗੇ। ਇਥੇ ਕੁਝ ਵੀ ਸਦੀਵੀ ਨਹੀਂ, ਨਾ ਹੀ ਅਸੀਂ ਇਥੇ ਸਦੀਵੀ ਹਾਂ। ਇਸ ਲਈ ਸਾਨੂੰ ਕੁਝ ਵੀ ਕਰਨ ਵੇਲੇ ਰਿਸ਼ਤਿਆਂ ਦੀ ਮਰਿਯਾਦਾ, ਭਾਸ਼ਾ ਦੀ ਮਰਿਯਾਦਾ, ਦੂਸਰਿਆਂ ਦੇ ਮਨੁੱਖੀ ਅਧਿਕਾਰਾਂ ਨੂੰ ਸਵੀਕਾਰ ਕਰਨ, ਦੂਜਿਆਂ ਦਾ ਆਦਰ ਕਰਨ ਆਦਿ ਦਾ ਬਹੁਤ ਖਿਆਲ ਰੱਖਣਾ ਚਾਹੀਦਾ ਹੈ। ਸਾਨੂੰ ਦੂਜਿਆਂ ਨੂੰ ਵੀ ਆਪਣੇ ਵਾਂਗ ਆਜ਼ਾਦ ਹੋ ਕੇ ਬੋਲਣ, ਲਿਖਣ, ਕੁਝ ਕਰਨ ਦੀ ਉਵੇਂ ਹੀ ਆਜ਼ਾਦੀ ਦੇਣੀ ਚਾਹੀਦੀ ਹੈ, ਜਿਵੇਂ ਅਸੀਂ ਆਪਣੇ ਲਈ ਚਾਹੁੰਦੇ ਹਾਂ। ਮੈਨੂੰ ਯਾਦ ਹੈ ਕਿ 1997-1998 ਵਿਚ ਸਰੀ (ਕਨੇਡਾ) ਵਿਚ ਇੱਕ ਗੁਰਦੁਆਰੇ ਦੇ ਕਬਜ਼ੇ ਨੂੰ ਲੈ ਕੇ ਦੋ ਧੜਿਆਂ ਵਿਚ ਝਗੜਾ ਹੋ ਗਿਆ ਜੋ ਬਾਅਦ ਵਿਚ ਗੁਰਦੁਆਰਿਆਂ ਦੇ ਲੰਗਰ ਹਾਲ ਵਿਚ ਚੇਅਰਾਂ ਜਾਂ ਤੱਪੜਾਂ ‘ਤੇ ਬੈਠਣ ਦਾ ਮਸਲਾ ਬਣ ਗਿਆ ਜਾਂ ਬਣਾ ਦਿੱਤਾ ਗਿਆ, ਉਸ ਨੂੰ ਵੀ ਆਪਣੀ ਕਮਿਉਨਿਟੀ ਨੇ ਇਤਨਾ ਤੂਲ ਦਿੱਤਾ ਕਿ ਭੈਣਾਂ-ਭਰਾ, ਮਾਂ-ਪਿਉ, ਹੋਰ ਰਿਸ਼ਤੇਦਾਰ, ਦੋਸਤ-ਮਿੱਤਰ ਇੱਕ ਦੂਜੇ ਨਾਲ ਬੋਲਣੋਂ ਹਟ ਗਏ, ਇੱਕ ਦੂਜੇ ਦੇ ਦੁਸ਼ਮਣ ਬਣ ਗਏ, ਇੱਕ ਦੂਜੇ ਨਾਲ ਵਰਤਣੋਂ ਹਟ ਗਏ, ਇੱਕ ਦੂਜੇ ਦੇ ਵਿਆਹਾਂ ਜਾਂ ਮਰਨੇ ਦੇ ਭੋਗਾਂ ਤੇ ਨਹੀਂ ਜਾਂਦੇ ਸਨ ਕਿ ਇਨ੍ਹਾਂ ਦਾ ਵਿਆਹ ਜਾਂ ਮਰਨਾ ਤੱਪੜਾਂ ਵਾਲੇ ਜਾਂ ਚੇਅਰਾਂ ਵਾਲੇ ਗੁਰਦੁਆਰੇ ਹੈ। ਮੈਂ ਕਈ ਅਜਿਹੇ ਪਰਿਵਾਰਾਂ ਨੂੰ ਬੀ. ਸੀ. ਵਿਚ ਜਾਣਦਾ ਹਾਂ ਜਿਨ੍ਹਾਂ ਦੇ ਰਿਸ਼ਤੇ 20-22 ਸਾਲ ਬਾਅਦ ਵੀ ਠੀਕ ਨਹੀਂ ਹੋਏ।
ਇਸੇ ਤਰ੍ਹਾਂ ਲੋਕ 84 ਦੀਆਂ ਘਟਨਾਵਾਂ, ਸਿਰਸੇ ਵਾਲੇ ਸਾਧ ਵਲੋਂ ਗੁਰੂ ਗੋਬਿੰਦ ਸਿੰਘ ਦੀ ਫੋਟੋ ਵਰਗੀ ਪੁਸ਼ਾਕ ਪਾਉਣ, ਗੁਰੂ ਗ੍ਰੰਥ ਸਾਹਿਬ ਦੀਆਂ 2015 ਤੇ ਬਾਅਦ ਵਿਚ ਬੇਅਦਬੀ ਦੀਆਂ ਘਟਨਾਵਾਂ, 2013 ਵਿਚ ਗੁਰਬਖਸ਼ ਸਿੰਘ ਦੇ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼, 2014 ਤੇ 2017 ਦੀਆਂ ਵੋਟਾਂ ਵਿਚ ਆਮ ਆਦਮੀ ਪਾਰਟੀ ਦੀ ਹਮਾਇਤ ਲਈ ਉਲਾਰਪਨ ਆਦਿ ਅਨੇਕਾਂ ਮੁੱਦੇ ਪਿਛਲ਼ੇ ਸਾਲਾਂ ਵਿਚ ਆਏ ਹਨ, ਜਦੋਂ ਲੋਕ ਇਤਨੇ ਜਜ਼ਬਾਤੀ ਤੇ ਉਲਾਰ ਹੋ ਜਾਂਦੇ ਰਹੇ ਹਨ ਕਿ ਜਿਸ ਤਰ੍ਹਾਂ ਹੁਣ ਦੁਨੀਆ ਹੀ ਖਤਮ ਹੋ ਜਾਵੇਗੀ ਪਰ ਜੇ ਅੱਜ ਅਸੀਂ ਸਾਰੇ ਸੋਚੀਏ ਕਿ ਉਨ੍ਹਾਂ ਮਸਲਿਆਂ ਦਾ ਕੀ ਬਣਿਆ? ਕੀ ਉਹ ਮਸਲੇ ਹੱਲ ਹੋ ਗਏ? ਕੀ ਉਸ ਤੋਂ ਬਾਅਦ ਹੋਰ ਮਸਲੇ ਨਹੀਂ ਆਏ? ਪਰ ਉਨ੍ਹਾਂ ਸਮਿਆਂ ਵਿਚ ਅਸੀਂ ਬਹੁਤ ਸਾਰਿਆਂ ਨੇ ਆਪਣੇ ਦੋਸਤਾਂ-ਮਿੱਤਰਾਂ, ਰਿਸ਼ਤੇਦਾਰਾਂ ਜਾਂ ਆਪਣੇ ਲੋਕਲ ਭਾਈਚਾਰੇ ਵਿਚ ਦੁਫਾੜ ਜ਼ਰੂਰ ਪਾ ਲਿਆ। ਸਾਨੂੰ ਕਦੇ ਵੀ ਕੁਝ ਵੀ ਅਜਿਹਾ ਕਰਨ ਤੋਂ ਪਹਿਲਾਂ ਕਈ ਵਾਰ ਸੋਚਣਾ ਚਾਹੀਦਾ ਹੈ ਕਿ ਜਿਸ ਨਾਲ ਸਾਨੂੰ ਬਾਅਦ ਵਿਚ ਸ਼ਰਮਿੰਦੇ ਨਾ ਹੋਣਾ ਪਵੇ। ਮੇਰਾ ਇਹ ਤਜਰਬਾ ਰਿਹਾ ਹੈ ਕਿ ਅਸੀਂ ਜਜ਼ਬਾਤੀ ਹੋ ਕੇ ਕੌਮੀ ਤੌਰ ‘ਤੇ ਅਜਿਹੀ ਮਾਨਸਿਕਤਾ ਦਾ ਸ਼ਿਕਾਰ ਹੋ ਜਾਂਦੇ ਹਾਂ ਕਿ ਕਿਸੇ ਦਾ ਲਿਹਾਜ ਨਹੀਂ ਕਰਦੇ, ਕਿਸੇ ਦੀ ਇੱਜ਼ਤ ਨਹੀਂ ਕਰਦੇ, ਬੋਲਣ ਲੱਗੇ ਦੇਖਦੇ ਨਹੀਂ ਕਿ ਕੀ ਕਹਿ ਰਹੇ ਹਾਂ। ਸਾਡੀ ਭਾਸ਼ਾ ਬੜੀ ਨੀਵੇਂ ਪੱਧਰ ਦੀ ਹੋ ਜਾਂਦੀ ਹੈ। ਅਸੀਂ ਇਹ ਵੀ ਭੁੱਲ ਜਾਂਦੇ ਹਾਂ ਕਿ ਜੇ ਸਾਨੂੰ ਕਿਸੇ ਮਸਲੇ ਦੇ ਹੱਕ ਜਾਂ ਵਿਰੋਧ ਵਿਚ ਖੜ੍ਹਨ ਦਾ ਹੱਕ ਹੈ ਤਾਂ ਇਹ ਹੱਕ ਸਭ ਨੂੰ ਇਖਲਾਕੀ ਤੇ ਕਾਨੂੰਨੀ ਤੌਰ ‘ਤੇ ਮਿਲਿਆ ਹੋਇਆ ਹੈ? ਪਰ ਸਾਡੇ ਤੇ ਭੀੜ ਦੀ ਮਾਨਸਿਕਤਾ ਇਤਨੀ ਹਾਵੀ ਹੋ ਜਾਂਦੀ ਹੈ ਕਿ ਜੇ ਅਸੀਂ ਕਿਸੇ ਦੇ ਹੱਕ ਵਿਚ ਹਾਂ ਤਾਂ ਚਾਹੁੰਦੇ ਹਾਂ ਕਿ ਹੁਣ ਸਾਰੇ ਹੱਕ ਵਿਚ ਖੜ੍ਹਨ ਤੇ ਜੇ ਅਸੀਂ ਵਿਰੋਧ ਵਿਚ ਹਾਂ ਤਾਂ ਚਾਹੁੰਦੇ ਹਾਂ ਕਿ ਸਾਰੇ ਵਿਰੋਧ ਵਿਚ ਖੜ੍ਹਨ। ਅਜਿਹਾ ਕਦੇ ਵੀ ਨਹੀਂ ਹੋਇਆ ਤੇ ਨਾ ਕਦੇ ਹੋਵੇਗਾ ਕਿਉਂਕਿ ਕੁਦਰਤ ਵਲੋਂ ਹੀ ਸਾਨੂੰ ਸਭ ਨੂੰ ਅਕਲ ਤੇ ਸ਼ਕਲ ਕਰ ਕੇ ਵੱਖਰੇ ਬਣਾਇਆ ਹੋਇਆ ਹੈ। ਸਾਡੇ ਇਸ ਬ੍ਰਹਿਮੰਡ ਵਿਚ ਗਲਤ-ਸਹੀ ਕੁਝ ਨਹੀਂ ਹੈ, ਸਿਰਫ ਨਜ਼ਰੀਆ ਹੈ ਕਿ ਤੁਸੀਂ ਕਿਸ ਨਜ਼ਰੀਏ ਨਾਲ ਘਟਨਾਵਾਂ ਨੂੰ ਦੇਖਦੇ ਹੋ? ਗਲਤ-ਸਹੀ ਸਿਰਫ ਇਹ ਹੁੰਦਾ ਹੈ ਕਿ ਤੁਸੀਂ ਕਿਸੇ ਦਾ ਨਿੱਜੀ ਜਾਂ ਸਮਾਜ ਦਾ ਸਾਂਝਾ ਨੁਕਸਾਨ ਤੇ ਨਹੀਂ ਕਰ ਰਹੇ, ਤੁਸੀਂ ਕੁਝ ਕਾਨੂੰਨ ਵਿਰੋਧੀ ਜਾਂ ਸਮਾਜ ਵਿਰੋਧੀ ਤੇ ਨਹੀਂ ਕਰ ਰਹੇ, ਜਿਸ ਨਾਲ ਕਿਸੇ ਦਾ ਨਿੱਜੀ ਜਾਂ ਸਮਾਜ ਦਾ ਸਾਂਝਾ ਨੁਕਸਾਨ ਹੋ ਰਿਹਾ ਹੈ ਜਾਂ ਹੋ ਸਕਦਾ ਹੈ।
ਹੁਣ ਇਸ ਮੋਰਚੇ ਵਿਚ ਵੀ ਅਜਿਹਾ ਹੀ ਵਾਪਰ ਰਿਹਾ ਹੈ, ਅਸੀਂ ਕਿਸੇ ਨੂੰ ਵੀ ਆਪਣੀ ਵਿਚਾਰਧਾਰਾ ਤੋਂ ਉਲਟ ਆਪਣਾ ਪੱਖ ਰੱਖਣ ਦਾ ਹੱਕ ਨਹੀਂ ਦੇਣਾ ਚਾਹੁੰਦੇ? ਜੇ ਅਸੀਂ ਸਹੀ ਹਾਂ ਤਾਂ ਫਿਰ ਸਾਨੂੰ ਦੂਜਿਆਂ ਤੋਂ ਡਰਨ ਦੀ ਲੋੜ ਨਹੀਂ? ਸਾਡੇ ਵਿਚ ਇੱਕ ਹੋਰ ਬੜੀ ਘਾਟ ਹੈ ਕਿ ਅਸੀਂ ਹਰ ਇਤਰਾਜ਼ ਜਾਂ ਵੱਖਰੇ ਵਿਚਾਰ ਨੂੰ ਵਿਰੋਧ ਮੰਨ ਲੈਂਦੇ ਹਾਂ ਪਰ ਸਾਡੀ ਅਜਿਹੀ ਸੋਚ ਸਾਡੀ ਸੁੰਗੜੀ ਮਾਨਸਿਕਤਾ ਦਾ ਪ੍ਰਗਟਾਵਾ ਹੈ। ਸਾਡੀ ਬੌਧਿਕ ਕੰਗਾਲੀ ਦੀ ਨਿਸ਼ਾਨੀ ਹੈ। ਅਜਿਹਾ ਨਹੀਂ ਹੁੰਦਾ ਕਿ ਹਰ ਇਤਰਾਜ਼ ਜਾਂ ਵੱਖਰਾ ਵਿਚਾਰ ਤੁਹਾਡੇ ਨਾਲੋਂ ਹਰ ਪੱਖ ਤੋਂ ਵੱਖਰਾ ਹੁੰਦਾ ਹੈ, ਤੁਸੀਂ ਕੁਝ ਨੁਕਤਿਆਂ ਤੇ ਵੱਖਰੇ ਵਿਚਾਰ ਵਾਲੇ ਹੋ ਸਕਦੇ ਤੇ ਬਹੁਤ ਸਾਰਿਆਂ ਤੇ ਤੁਹਾਡੀ ਸਹਿਮਤੀ ਵੀ ਹੋ ਸਕਦੀ ਹੈ? ਇਸ ਤੋਂ ਉਲਟ ਵੀ ਹੋ ਸਕਦਾ ਹੈ। ਕਈ ਵਿਅਕਤੀ ਅਜਿਹੀਆਂ ਪੋਸਟਾਂ ਪਾ ਰਹੇ ਹਨ ਕਿ ਫਲਾਣੀ ਕਮਿਉਨਿਟੀ ਜਾਂ ਫਲਾਣੀ ਵਿਚਾਰਧਾਰਾ ਵਾਲੇ ਲੋਕ ਮੈਨੂੰ ਅਨਫਰੈਂਡ ਕਰ ਜਾਣ ਜਾਂ ਮੈਂ ਕਰ ਦੇਣੇ ਹਨ? ਇਹ ਕਿਹੋ ਜਿਹੀ ਮਾਨਸਿਕਤਾ ਹੈ, ਜਿਥੇ ਅਸੀਂ ਦੂਸਰੇ ਦੇ ਵਿਚਾਰ ਪ੍ਰਤੀ ਇਤਨੇ ਅਸਹਿਣਸ਼ੀਲ ਹੋ ਰਹੇ ਹਾਂ ਕਿ ਇਥੋਂ ਤੱਕ ਪਬਲਿਕਲੀ ਕਹਿ ਰਹੇ ਹਾਂ, ਮੇਰੇ ਕੋਲੋਂ ਦੂਰ ਹੋ ਜਾਵੋ? ਅਸੀਂ ਅਕਸਰ ਥੋੜ੍ਹੇ ਜਿਹੇ ਵਿਚਾਰਧਾਰਕ ਮੱਤਭੇਦਾਂ ਕਾਰਨ ਵੱਡੇ-ਵੱਡੇ ਇਲਜ਼ਾਮ ਲਗਾਉਣ ਤੋਂ ਵੀ ਗੁਰੇਜ ਨਹੀਂ ਕਰਦੇ। ਜਦੋਂ ਅਸੀਂ ਕਿਸੇ ਨੂੰ ਚੰਗਾ ਜਾਂ ਮਾੜਾ ਕਹਿੰਦੇ ਹਾਂ ਤਾਂ ਅਸੀਂ ਦੂਜੇ ਬਾਰੇ ਨਹੀਂ ਆਪਣੇ ਬਾਰੇ ਹੀ ਦੱਸ ਰਹੇ ਹੁੰਦੇ ਹਾਂ ਕਿ ਅਸੀਂ ਕਿਸ ਔਕਾਤ ਦੇ ਮਾਲਕ ਹਾਂ? ਮੇਰੀ ਸਮਝ ਅਨੁਸਾਰ ਸੋਸ਼ਲ ਮੀਡੀਆ ਤੇ, ਕੌਮੀ ਤੌਰ ਤੇ ਅਸੀਂ ਜਿਸ ਢੰਗ ਨਾਲ ਵਿਚਰ ਰਹੇ ਹਾਂ, ਉਹ ਬਹੁਤ ਖਤਰਨਾਕ ਰੁਝਾਨ ਹੈ। ਉਸ ਤੋਂ ਲਗਦਾ ਨਹੀਂ ਕਿ ਅਸੀਂ 21ਵੀਂ ਸਦੀ ਦੇ ਲੋਕਤੰਤਰੀ, ਸਭਿਅਕ ਤੇ ਵਿਕਸਤ ਸਮਾਜ ਦਾ ਹਿੱਸਾ ਹਾਂ? ਸੋਸ਼ਲ ਮੀਡੀਆ ਤੇ ਜਿਸ ਢੰਗ ਦੀਆਂ ਬਹੁਤ ਘਟੀਆ ਪੱਧਰ ਦੀਆਂ ਟਿੱਪਣੀਆਂ ਜਾਂ ਪੋਸਟਾਂ ਸ਼ੇਅਰ ਹੋ ਰਹੀਆਂ ਹਨ, ਉਹ ਸਾਡੀ ਦੂਜਿਆਂ ਪ੍ਰਤੀ ਮਾਨਸਿਕਤਾ ਦਰਸਾ ਰਹੀਆਂ ਹਨ। ਜਿਸ ਤਰ੍ਹਾਂ ਅਸੀਂ ਵੱਖ-ਵੱਖ ਵਿਅਕਤੀਆਂ ਦੀਆਂ ਫੋਟੋਆਂ ਐਡਿਟ ਕਰ ਕੇ ਮਜ਼ਾਕ ਉਡਾ ਰਹੇ ਹਾਂ, ਅਸਲ ਵਿਚ ਉਹ ਸਾਡੀ ਆਪਣੀ ਸੋਚ ਦਾ ਮਜ਼ਾਕ ਬਣ ਰਿਹਾ ਹੈ?
ਜਿਹੜੇ ਲੋਕ ਕੁਝ ਸਾਲ ਪਹਿਲਾਂ ਆਮ ਆਦਮੀ ਪਾਰਟੀ ਦੀ ਹਮਾਇਤ ਲਈ ਮਰਨ-ਮਾਰਨ ਨੂੰ ਤਿਆਰ ਸਨ, ਕਿਸੇ ਦੀ ਕੋਈ ਅਕਲ ਦੀ ਗੱਲ ਨਹੀਂ ਸੁਣਦੇ ਸਨ, ਜਹਾਜ਼ ਭਰ-ਭਰ ਕੇ ਇੰਡੀਆ ਜਾ ਰਹੇ ਸਨ, ਫੰਡ ਰੇਜ਼ ਕਰਦੇ ਸਨ, ਲੋਕ ਇਕੱਠ ਕਰਦੇ ਸਨ, ਅੱਜ ਉਹੀ ਕੇਜਰੀਵਾਲ, ਭਗਵੰਤ ਮਾਨ ਜਾਂ ਹੋਰ ਲੀਡਰਾਂ ਨੂੰ ਵੱਧ ਗਾਲਾਂ ਕੱਢਦੇ ਹਨ, ਕਿਉਂਕਿ ਅਸੀਂ ਕੁਝ ਵੀ ਕਰਨ ਤੋਂ ਪਹਿਲਾਂ ਸੋਚਣ ਵਾਲਾ ਪੁਰਜਾ ਆਫ ਕਰ ਲੈਂਦੇ ਹਾਂ। ਮੈਨੂੰ ਪਤਾ ਹੈ ਕਿ ਬਹੁਤ ਲੋਕ ਅਜਿਹੇ ਮੌਕਿਆਂ ਤੇ ਵਿਚਾਰਾਂ ਦੇ ਵਖਰੇਵੇਂ ਕਾਰਨ ਕਈ ਦੋਸਤ-ਮਿੱਤਰ ਜਾਂ ਰਿਸ਼ਤੇਦਾਰ ਗੁਆ ਲੈਂਦੇ ਹਨ ਜਾਂ ਰਿਸ਼ਤਿਆਂ ਵਿਚ ਕੁੜੱਤਣ ਭਰ ਲੈਂਦੇ ਹਨ। ਮੈਂ ਖੁਦ ਅਜਿਹੇ ਮੌਕਿਆਂ ‘ਤੇ ਕਈ ਦੋਸਤ ਗੁਆਏ ਹਨ, ਜਿਹੜੇ ਮੈਨੂੰ ਇਸ ਕਰ ਕੇ ਨਹੀਂ ਛੱਡ ਕੇ ਗਏ ਕਿ ਹਰਚਰਨ ਕਰੈਕਟਰਲੈਸ ਹੈ, ਵਿਭਚਾਰੀ ਹੈ, ਦੁਰਾਚਾਰੀ ਹੈ, ਨਸ਼ਈ ਹੈ, ਧੋਖੇਬਾਜ਼ ਹੈ, ਠੱਗ ਹੈ, ਦੂਜਿਆਂ ਦਾ ਹੱਕ ਮਾਰਦਾ ਹੈ, ਕਾਨੂੰਨ ਵਿਰੋਧੀ ਕੋਈ ਜੁਰਮ ਕਰ ਰਿਹਾ ਹੈ, ਨਸ਼ੇ ਵੇਚਦਾ ਹੈ, ਸਮਗਲਰ ਹੈ, ਗੈਂਗਸਟਰ ਹੈ, ਦੂਜਿਆਂ ਦਾ ਨਿੱਜੀ ਨੁਕਸਾਨ ਕਰਦਾ ਹੈ, ਕਮਿਉਨਿਟੀ ਦੇ ਕੰਮਾਂ ਵਿਚ ਯੋਗਦਾਨ ਨਹੀਂ ਪਾਉਂਦਾ, ਲੋਕਾਂ ਦੇ ਦੁੱਖ-ਸੁੱਖ ਵਿਚ ਨਾਲ ਨਹੀਂ ਖੜ੍ਹਦਾ, ਸਗੋਂ ਇਸ ਕਰ ਕੇ ਛੱਡ ਗਏ ਕਿ ਇਸ ਦੇ ਵਿਚਾਰ ਸਾਡੇ ਨਾਲੋਂ ਵੱਖਰੇ ਹਨ; ਇਹ ਸਾਡੇ ਨਾਲੋਂ ਵੱਖਰੇ ਢੰਗ ਨਾਲ ਸੋਚਦਾ ਹੈ, ਜਦ ਕਿ ਪਿਛਲੇ 25-30 ਸਾਲਾਂ ਵਿਚ ਨਿੱਜੀ ਤੌਰ ਤੇ ਮੇਰੇ ਵਲੋਂ ਕਦੇ ਕਿਸੇ ਬਾਰੇ ਇੱਕ ਲਫਜ਼ ਵੀ ਕੋਈ ਗਲਤ ਲਿਖਿਆ ਜਾਂ ਬੋਲਿਆ ਨਹੀਂ ਗਿਆ। ਕਦੇ ਕਿਸੇ ਨਾਲ ਲੜਾਈ ਝਗੜਾ ਨਹੀਂ ਕੀਤਾ, ਕਿਸੇ ਨੂੰ ਕਦੇ ਕੋਈ ਗਾਲ ਨਹੀਂ ਕੱਢੀ? ਪਰ ਇਹ ਇਸ ਲਈ ਇਹ ਘਟੀਆ ਬੰਦਾ ਹੈ ਕਿ ਇਸ ਦੇ ਵਿਚਾਰ ਸਾਡੇ ਨਾਲੋਂ ਵੱਖਰੇ ਹਨ? ਜਦਕਿ ਅਜਿਹਾ ਪ੍ਰਚਾਰ ਕਰਨ ਵਾਲੇ ਲੋਕਾਂ ਦੇ ਉਪਰ ਦੱਸੇ ਔਗੁਣਾਂ ਵਾਲੇ ਲੋਕਾਂ ਨਾਲ ਜਾਤੀ ਤੇ ਜਮਾਤੀ ਦੋਨੋਂ ਸਬੰਧ ਹਨ।
ਪਿਛਲੇ ਸਮੇਂ ਵਿਚ ਅਸੀਂ ਦੇਖਦੇ ਰਹੇ ਹਾਂ ਜਾਂ ਪਿਛਲਾ ਇਤਿਹਾਸ ਗਵਾਹ ਹੈ ਕਿ ਕਿਸ ਤਰ੍ਹਾਂ ਮੌਕੇ ਦੀਆਂ ਹਕੂਮਤਾਂ ਲੋਕਾਂ ਨੂੰ ਧਰਮ, ਜਾਤ, ਕੌਮ, ਮਜ਼ਹਬ, ਇਲਾਕੇ ਆਦਿ ਦੇ ਨਾਮ ਤੇ ਲੜਾਉਂਦੀਆਂ ਰਹੀਆਂ ਹਨ। ਜਿਹੜੇ ਲੋਕ 100 ਸਾਲ ਅੰਗਰੇਜ਼ਾਂ ਖਿਲਾਫ ਧਰਮਾਂ, ਕੌਮਾਂ, ਜਾਤਾਂ ਤੋਂ ਉਪਰ ਉਠ ਕੇ ਦੇਸ਼ ਦੀ ਆਜ਼ਾਦੀ ਲਈ ਲੜਦੇ ਰਹੇ, ਕਿਵੇਂ ਅੰਗਰੇਜ਼ਾਂ ਜਾਂ ਦੇਸੀ ਲੀਡਰਾਂ ਦੀ ਚਾਲ ਵਿਚ ਫਸ ਕੇ 1947 ਵਿਚ ਕਤਲੇਆਮ ਲਈ ਉਤਾਰੂ ਹੋ ਗਏ, ਜਿਸ ਵਿਚ 2 ਮਿਲੀਅਨ ਵਿਅਕਤੀ ਅਸੀਂ ਆਪ ਹੀ ਬਿਨਾਂ ਫੌਜਾਂ ਤੋਂ ਧਰਮ ਜਾਂ ਦੇਸ਼ ਦੇ ਨਾਮ ਤੇ ਕਤਲ ਕਰ ਦਿੱਤਾ? ਇਸੇ ਤਰ੍ਹਾਂ 84 ਵਿਚ ਕਿਵੇਂ ਸਿੱਖਾਂ ਦਾ ਕਤਲੇਆਮ ਹੋਇਆ? 1978 ਤੋਂ 1995 ਤੱਕ ਕਿਵੇਂ ਪੰਜਾਬ ਵਿਚ ਕਤਲੇਆਮ ਹੋਇਆ? ਅੱਜ ਦੁਨੀਆਂ ਭਰ ਵਿਚ ਕਨੂੰਨੀ ਤੌਰ ਤੇ ਹਰ ਇੱਕ ਵਿਅਕਤੀ ਨੂੰ ਆਪਣਾ ਧਰਮ, ਭਾਸ਼ਾ, ਸਭਿਆਚਾਰ ਮੰਨਣ, ਉਸ ਦਾ ਪ੍ਰਚਾਰ ਕਰਨ ਦਾ ਹੱਕ ਹੈ, ਫਿਰ ਝਗੜਾ ਕਿਸ ਗੱਲ ਹੈ? ਫਿਰ ਅਸੀਂ ਕਿਉਂ ਦੂਜੇ ਦੀ ਆਜ਼ਾਦੀ ਵਿਚ ਦਖਲ ਦਿੰਦੇ ਹਾਂ? ਕਿਉਂ ਦੂਜੇ ਨੂੰ ਬੋਲਣ, ਲਿਖਣ, ਪੜ੍ਹਨ, ਮੰਨਣ, ਵਿਚਰਨ ਦੀ ਆਜ਼ਾਦੀ ਨਹੀਂ ਦੇਣਾ ਚਾਹੁੰਦੇ, ਜਦਕਿ ਆਪਣੇ ਲਈ ਉਹ ਸਭ ਕੁਝ ਚਾਹੁੰਦੇ ਹਾਂ?
ਸਾਨੂੰ ਇਹ ਕਦੇ ਵੀ ਨਹੀਂ ਭੁੱਲਣਾ ਚਾਹੀਦਾ ਹੈ ਕਿ ਕੋਈ ਵੀ ਵੱਡੇ ਤੋਂ ਵੱਡਾ ਮਸਲਾ ਜਾਂ ਘਟਨਾ ਸਦੀਵੀ ਨਾ ਕਦੇ ਹੋਈ ਹੈ ਤੇ ਨਾ ਹੋਵੇਗੀ, ਪਰ ਅਸੀਂ ਜਿਥੇ ਰਹਿੰਦੇ ਹਾਂ, ਉਸੇ ਭਾਈਚਾਰੇ ਵਿਚ, ਉਨ੍ਹਾਂ ਲੋਕਾਂ ਵਿਚ ਹੀ ਰਹਿਣਾ ਹੈ, ਉਨ੍ਹਾਂ ਨਾਲ ਹੀ ਮਿਲਣਾ ਵਰਤਣਾ ਹੈ, ਉਨ੍ਹਾਂ ਨਾਲ ਹੀ ਕਾਰ-ਵਿਹਾਰ ਕਰਨਾ ਹੈ, ਉਨ੍ਹਾਂ ਨਾਲ ਹੀ ਸਾਡੇ ਦੁੱਖ-ਸੁੱਖ ਰਹਿਣੇ ਹਨ, ਸਾਨੂੰ ਅਜਿਹਾ ਕੁਝ ਵੀ ਕਰਨ ਤੋਂ ਪਹਿਲਾਂ ਕਈ ਵਾਰ ਸੋਚਣਾ ਚਾਹੀਦਾ ਹੈ, ਜਿਸ ਨਾਲ ਸਾਨੂੰ ਬਾਅਦ ਵਿਚ ਆਪਣੇ ਕਹੇ ਜਾਂ ਕੁਝ ਕੀਤੇ ਤੇ ਨਾਮੋਸ਼ੀ ਨਾ ਸਹਿਣੀ ਪਵੇ। ਸਾਨੂੰ ਆਪਣੀ ਗੱਲ ਕਹਿਣ ਜਾਂ ਆਪਣੀ ਵਿਚਾਰਧਾਰਾ ਅਨੁਸਾਰ ਕੁਝ ਵੀ ਮੰਨਣ ਜਾਂ ਨਾ ਮੰਨਣ ਦਾ ਪੂਰਾ ਹੱਕ ਹੈ ਪਰ ਕਿਸੇ ਨੂੰ ਵਿਚਾਰਧਾਰਕ ਮੱਤਭੇਦ ਹੋਣ ਕਰ ਕੇ ਅਪਮਾਨਿਤ ਕਰਨ ਜਾਂ ਸਰੀਰਕ ਹਮਲਾ ਕਰਨ ਜਾਂ ਝੂਠੇ ਇਲਜ਼ਾਮ ਲਗਾ ਕੇ ਬਦਨਾਮ ਕਰਨ ਦਾ ਕੋਈ ਹੱਕ ਨਹੀਂ? ਸਾਨੂੰ ਇਨ੍ਹਾਂ ਮਸਲਿਆਂ, ਸਮੱਸਿਆਵਾਂ, ਮੋਰਚਿਆਂ, ਸੰਘਰਸ਼ਾਂ ਵਿਚ ਕਦੇ ਵੀ ਨਾ ਮਨੁੱਖਤਾ (ਹਿਊਮੈਨਿਟੀ) ਗੁਆਉਣੀ ਚਾਹੀਦੀ ਤੇ ਨਾ ਹੀ ਭਾਈਚਾਰਕ ਸਾਂਝ ਖਰਾਬ ਕਰਨੀ ਚਾਹੀਦੀ ਹੈ। ਕੋਈ ਵੀ ਮਸਲਾ ਜਾਂ ਵਿਚਾਰਧਾਰਾ ਮਨੁੱਖਤਾ ਤੋਂ ਉਪਰ ਨਹੀਂ ਹੈ। ਮੇਰੀ ਕਮਿਉਨਿਟੀ ਦੇ ਸੂਝਵਾਨ, ਲੋਕ ਪੱਖੀ ਵਿਅਕਤੀਆਂ, ਸੰਸਥਾਵਾਂ, ਮੀਡੀਆ ਨੂੰ ਅਪੀਲ ਹੈ ਕਿ ਉਹ ਲੋਕਾਂ ਨੂੰ ਅਜਿਹੇ ਮੌਕਿਆਂ ਤੇ ਸਹੀ ਸੇਧ ਦੇਣ ਲਈ ਆਪਣਾ ਬਣਦਾ ਰੋਲ ਅਦਾ ਕਰਨ, ਨਾ ਕਿ ਉਹ ਵੀ ਸਮੇਂ ਦੇ ਵਹਾਅ ਵਿਚ ਭੀੜ ਦੀ ਮਾਨਸਕਿਤਾ ਜਾਂ ਸਹਿਮ ਦਾ ਸ਼ਿਕਾਰ ਹੋ ਕੇ ਹਾਲਾਤ ਨੂੰ ਹੋਰ ਖਰਾਬ ਕਰਨ। ਲੋਕ ਵਿਰੋਧੀ ਹਾਕਮਾਂ, ਸਰਮਾਏਦਾਰਾਂ, ਘੜੰਮ ਚੌਧਰੀਆਂ ਦਾ ਹਰ ਜਗ੍ਹਾ ਇਹ ਕੰਮ ਹੁੰਦਾ ਹੈ ਕਿ ਉਹ ਲੋਕ ਲਹਿਰਾਂ ਨੂੰ ਜਾਂ ਲੋਕ ਮਸਲਿਆਂ ਲਈ ਲੜਦੇ ਲੋਕਾਂ ਨੂੰ ਧਰਮ, ਜਾਤ, ਕੌਮ, ਫਿਰਕੇ ਆਦਿ ਦੇ ਨਾਮ ਤੇ ਵੰਡ ਕੇ ਆਪਣੀ ਸੌੜੀ ਤੇ ਖੁਦਗਰਜ ਰਾਜਨੀਤੀ ਚਲਾਉਣ। ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣੇ ਹੱਕਾਂ ਤੇ ਫਰਜ਼ਾਂ ਲਈ ਮਨੁੱਖਤਾ ਦੇ ਪੱਖ ਤੋਂ ਇਕੱਠੇ ਹੋ ਕੇ ਲੜੀਏ। ਇਸ ਵੇਲੇ ਕਿਸਾਨੀ ਸੰਘਰਸ਼ ਵਿਚ ਕਿਸਾਨ, ਮਜ਼ਦੂਰ, ਮੁਲਾਜ਼ਮ ਜਾਂ ਹਰ ਵਰਗ, ਹਰ ਧਰਮ, ਹਰ ਫਿਰਕੇ, ਹਰ ਇਲਾਕੇ ਦੇ ਵਿਅਕਤੀ, ਲੋਕ ਵਿਰੋਧੀ ਹਾਕਮਾਂ ਵਿਰੁੱਧ ਲੜ ਰਹੇ ਹਨ, ਸਾਨੂੰ ਲੋਕਾਂ ਦਾ ਏਕਾ ਇਸੇ ਤਰ੍ਹਾਂ ਕਾਇਮ ਰੱਖਣਾ ਚਾਹੀਦਾ ਹੈ। ਸਰਕਾਰਾਂ ਸੰਘਰਸ਼ਕਾਰੀਆਂ ਨੂੰ ਪਾੜਨ ਲਈ ਆਪਣੀਆਂ ਚਾਲਾਂ ਚੱਲ ਰਹੀਆਂ ਹਨ, ਆਪਣੀ ਘੁਸਪੈਠ ਵੀ ਕਰ ਰਹੀਆਂ ਹਨ, ਆਪਣੇ ਮੀਡੀਆ ਸਾਧਨਾਂ ਰਾਹੀਂ ਬਦਨਾਮ ਵੀ ਕਰ ਰਹੀਆਂ ਹਨ, ਉਹ ਇਸ ਵਿਚ ਹਿੰਸਕ ਤੇ ਸਮਾਜ ਵਿਰੋਧੀ ਤੱਤ ਵੀ ਵਾੜ ਸਕਦੀਆਂ ਹਨ, ਜੇ ਲੋਕ ਇਕੱਠੇ ਰਹਿਣਗੇ ਤਾਂ ਕੁਝ ਪ੍ਰਾਪਤੀ ਹੋ ਸਕਦੀ ਹੈ, ਪਰ ਜੇ ਪਹਿਲੇ ਸੰਘਰਸ਼ਾਂ ਵਾਂਗ ਸਰਕਾਰ ਲੋਕਾਂ ਨੂੰ ਪਾੜਨ ਵਿਚ ਸਫਲ ਹੋ ਗਈ ਤਾਂ ਨਾ ਸਿਰਫ ਮੋਰਚਾ ਫੇਲ੍ਹ ਹੋਵੇਗਾ, ਸਗੋਂ ਸਰਕਾਰਾਂ ਨੂੰ ਲੋਕਾਂ ਨੂੰ ਲੁੱਟਣ-ਕੁੱਟਣ ਜਾਂ ਝੂਠੇ ਕੇਸਾਂ ਵਿਚ ਫਸਾਉਣ ਦਾ ਮੌਕਾ ਮਿਲੇਗਾ। ਪਿਛਲੇ ਸੰਘਰਸ਼ਾਂ ਦੇ ਮੁਕਾਬਲੇ ਇਸ ਵਾਰ ਵੱਖਰੀ ਗੱਲ ਇਹ ਹੈ ਕਿ ਸੰਘਰਸ਼ ਚਲਾਉਣ ਵਾਲੀਆਂ ਜਥੇਬੰਦੀਆਂ ਉਹ ਹਨ, ਜੋ ਕਈ ਦਹਾਕਿਆਂ ਤੋਂ ਕਿਸਾਨ ਹੱਕਾਂ ਲਈ ਲੜਦੀਆਂ ਰਹੀਆਂ ਹਨ, ਉਨ੍ਹਾਂ ਕੋਲ ਸੰਘਰਸ਼ਾਂ ਦਾ ਲੰਮਾ ਤਜਰਬਾ ਹੈ। ਉਨ੍ਹਾਂ ਦੀ ਪਿਛਲੇ 3 ਮਹੀਨਿਆਂ ਤੋਂ ਸੰਘਰਸ਼ ਤੇ ਪੂਰੀ ਪਕੜ ਹੈ ਤੇ ਉਨ੍ਹਾਂ ਨੇ ਰਵਾਇਤੀ ਰਾਜ ਕਰਨ ਵਾਲੀਆਂ ਪਾਰਟੀਆਂ ਨੂੰ ਪੂਰੀ ਤਰ੍ਹਾਂ ਨਕਾਰ ਕੇ ਸੰਘਰਸ਼ ਵਿਚ ਘੁਸਪੈਠ ਨਹੀਂ ਕਰਨ ਦਿੱਤੀ, ਇਸੇ ਤਰ੍ਹਾਂ ਪੰਜਾਬ ਵਿਚਲੇ ਸੰਘਰਸ਼ਾਂ ਵਿਚ ਧਾਰਮਿਕ ਜਥੇਬੰਦੀਆਂ ਹਰ ਸੰਘਰਸ਼ ਵਿਚ ਘੁਸਪੈਠ ਕਰ ਕੇ ਇਸ ਨੂੰ ਧਾਰਮਿਕ ਮੁੱਦਾ ਬਣਾ ਦਿੰਦੀਆਂ ਰਹੀਆਂ ਹਨ ਜੋ ਇਸ ਵਾਰ ਕਿਸਾਨ ਜਥੇਬੰਦੀਆਂ ਨੇ ਬਣਨ ਨਹੀਂ ਦਿੱਤਾ, ਜਿਸ ਦਾ ਨਤੀਜਾ ਸਭ ਦੇ ਸਾਹਮਣੇ ਹੈ ਕਿ ਪੰਜਾਬ ਤੋਂ ਸ਼ੁਰੂ ਹੋਇਆ ਸੰਘਰਸ਼ ਹਰਿਆਣੇ ਤੋਂ ਬਾਅਦ ਹੁਣ ਪੂਰੇ ਭਾਰਤ ਦੇ ਕਿਸਾਨਾਂ ਦਾ ਹੀ ਨਹੀਂ ਸਗੋਂ ਸਾਰੇ ਵਰਗਾਂ ਦੇ ਲੋਕਾਂ ਦਾ ਸੰਘਰਸ਼ ਬਣਦਾ ਜਾ ਰਿਹਾ ਹੈ। ਇਸ ਸੰਘਰਸ਼ ਵਿਚ ਹੋਰ ਕੋਈ ਪ੍ਰਾਪਤੀ ਜੇ ਨਾ ਵੀ ਹੋਵੇ ਤਾਂ ਇਹ ਵੀ ਵੱਡੀ ਪ੍ਰਾਪਤੀ ਹੋਵੇਗੀ ਕਿ ਲੋਕ ਆਪਣੇ ਹੱਕਾਂ ਲਈ ਜਾਤ, ਧਰਮ, ਕੌਮ, ਇਲਾਕੇ ਤੋਂ ਉਪਰ ਉਠ ਇੱਕ ਪਲੈਟਫਾਰਮ ਤੋਂ ਲੜ ਰਹੇ ਹਨ। ਅਸੀਂ ਇੰਡੀਆ ਵਿਚ ‘ਗੋਦੀ ਮੀਡੀਆ` ਦੀ ਗੱਲ ਕਰਦੇ ਹਾਂ, ਇਥੇ ਵੀ ਬਥੇਰਾ ‘ਗੋਦੀ ਮੀਡੀਆ` ਜਾਂ ‘ਘਨੇੜੀ ਚੜ੍ਹਿਆ ਮੀਡੀਆ` ਹੈ। ਸਾਨੂੰ ਸਭ ਜਗ੍ਹਾ ਸੁਚੇਤ ਹੋਣ ਦੀ ਲੋੜ ਹੈ। ਜੇ ਕੋਈ ਵੱਖਰੇ ਵਿਚਾਰ ਰੱਖਦਾ ਹੈ, ਉਸ ਨੂੰ ਵੀ ਆਪਣੇ ਵਿਚਾਰ ਰੱਖਣ ਦਾ ਹੱਕ ਦਿਉ? ਜੇ ਤੁਸੀਂ ਕਿਸੇ ਨੂੰ ਜਵਾਬ ਦੇਣਾ ਹੀ ਹੈ ਤਾਂ ਸਭਿਅਕ ਭਾਸ਼ਾ ਵਿਚ ਤੱਥਾਂ ਅਧਾਰਿਤ ਜਵਾਬ ਦਿਉ। ਮੇਰਾ ਇਹ ਮੰਨਣਾ ਹੈ ਕਿ ਕੋਈ ਕਿਸੇ ਦੇ ਸਮਝਾਏ ਕਦੇ ਨਹੀਂ ਸਮਝਦਾ, ਤੁਸੀਂ ਦੂਜੇ ਨੂੰ ਆਪਣਾ ਨਜ਼ਰੀਆ ਦੱਸ ਸਕਦੇ ਹੋ, ਜੇ ਅਗਲਾ ਸਮਝਣਾ ਚਾਹੁੰਦਾ ਹੋਵੇਗਾ ਜਾਂ ਤੁਹਾਡੀ ਗੱਲ ਉਸ ਨੂੰ ਤਰਕ, ਦਲੀਲ ਅਧਾਰਿਤ ਜਾਂ ਆਪਣੇ ਹਿੱਤਾਂ ਜਾਂ ਸਮਝ ਅਨੁਸਾਰ ਸਹੀ ਲੱਗੇਗੀ ਤਾਂ ਉਹ ਤੁਹਾਡੇ ਨਾਲ ਸਹਿਮਤ ਹੋ ਜਾਵੇਗਾ, ਜੇ ਨਹੀਂ ਹੁੰਦਾ ਤਾਂ ਉਸ ਨੂੰ ਉਸ ਦਾ ਕੰਮ ਕਰਨ ਦਿਉ, ਤੁਸੀਂ ਜੋ ਤੁਹਾਨੂੰ ਠੀਕ ਲਗਦਾ ਹੈ, ਕਰੋ?