ਅਮਰੀਕਾ ‘ਚ ਕਿਸਾਨ ਸੰਘਰਸ਼ ਦੀ ਹਮਾਇਤ ‘ਚ ਮੁਜਾਹਰੇ ਤੇ ਕਾਰ ਰੈਲੀਆਂ

ਸ਼ਿਕਾਗੋ (ਬਿਊਰੋ): ਭਾਰਤ ਵਿਚ ਨਵੇਂ ਖੇਤੀ ਕਾਨੂੰਨ ਵਾਪਸ ਲਏ ਜਾਣ ਵਿਰੁਧ ਚੱਲ ਰਹੇ ਕਿਸਾਨ ਸੰਘਰਸ਼ ਦੀ ਹਮਾਇਤ ਵਿਚ ਅਮਰੀਕਾ ਤੇ ਕੈਨੇਡਾ ਵਿਚ ਵੀ ਮੁਜਾਹਰੇ ਤੇ ਕਾਰ ਰੈਲੀਆਂ ਕੀਤੀਆਂ ਗਈਆਂ। ਸ਼ਿਕਾਗੋ ਡਾਊਨ ਟਾਊਨ ਵਿਖੇ ਸਥਿੱਤ ਭਾਰਤੀ ਕੌਂਸਲਖਾਨੇ ਅੱਗੇ ਵੀ ਰੋਸ ਮੁਜਾਹਰਾ ਕੀਤਾ ਗਿਆ ਤੇ ਕਾਰ ਰੈਲੀ ਕੀਤੀ ਗਈ। ਮੁਜਾਹਰਾਕਾਰੀਆਂ ਨੇ ਕਿਸਾਨਾਂ ਦੇ ਹੱਕ ਵਿਚ ‘ਨੋ ਫਾਰਮਰਜ਼, ਨੋ ਫੂਡ’ ਦੇ ਨਾਅਰੇ ਲਾਏ ਅਤੇ ਮੋਦੀ ਸਰਕਾਰ ਵਲੋਂ ਪਾਸ ਕੀਤੇ ਨਵੇਂ ਖੇਤੀ ਕਾਨੂੰਨ ਵਾਪਸ ਲਏ ਜਾਣ ਦੀ ਮੰਗ ਕੀਤੀ। ਮੁਜਾਹਰਾਕਾਰੀਆਂ ਨੇ ਤਖਤੀਆਂ ਫੜ ਕੇ ਕਿਸਾਨਾਂ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਨ ਦੇ ਨਾਲ ਨਾਲ ਮੋਦੀ ਸਰਕਾਰ ਅਤੇ ਧਨਾਢ ਵਪਾਰੀਆਂ-ਅੰਬਾਨੀ ਤੇ ਅਡਾਨੀ ਖਿਲਾਫ ਵੀ ਨਾਅਰੇ ਲਾਏ।

ਸ਼ਿਕਾਗੋ ਸਥਿੱਤ ਭਾਰਤੀ ਕੌਂਸਲਖਾਨੇ ਅੱਗੇ ਰੋਸ ਮੁਜਾਹਰੇ ਹੁੰਦੇ ਆਏ ਹਨ, ਪਰ ਸਿਰਫ ਕਿਸਾਨਾਂ ਦੀ ਹਮਾਇਤ ਵਿਚ ਕੌਂਸਲਖਾਨੇ ਅੱਗੇ ਰੋਸ ਪ੍ਰਗਟਾਉਣ ਦਾ ਸ਼ਾਇਦ ਇਹ ਪਹਿਲਾ ਮੌਕਾ ਸੀ। ਹਾਲਾਂਕਿ ਇਹ ਮੁਜਾਹਰਾ ਬਿਨਾ ਕਿਸੇ ਸਿਆਸੀ ਤੇ ਧਾਰਮਿਕ ਰੰਗਤ ਸਿਰੇ ਚਾੜ੍ਹਨ ਅਤੇ ਭਾਰਤ ਵਿਚ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਵਿਰੁੱਧ ਤੇ ਕਿਸਾਨ ਸੰਘਰਸ਼ ਦੀ ਹਮਾਇਤ ਪ੍ਰਗਟਾਉਣ ਲਈ ਸੀ, ਪਰ ਇਸ ਮੁਜਾਹਰੇ ਵਿਚ ਖਾਲਿਸਤਾਨ ਪੱਖੀਆਂ ਨੇ ਨਵੇਂ ਖੇਤੀ ਕਾਨੂੰਨਾਂ ਸਬੰਧੀ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਆਪਣੀ ਭੜਾਸ ਕੱਢੀ, ਪਰ ਨਾਲ ਦੀ ਨਾਲ ਵੱਖਰੇ ਮੁਲਕ ‘ਖਾਲਿਸਤਾਨ’ ਦੀ ਸਥਾਪਤੀ ਦਾ ਵਿਚਾਰ ਵੀ ਪ੍ਰਚਾਰਿਆ।
ਇੰਡੀਆਨਾ: ਇਸੇ ਦੌਰਾਨ ਇੰਡੀਅਨਐਪੋਲਿਸ ਦੇ ਡਾਊਨ ਟਾਊਨ ਵਿਚ ਵੀ 5 ਦਸੰਬਰ ਨੂੰ ਫਾਰਮਰਜ਼ ਸੁਪੋਰਟ ਯੂਥ ਰੈਲੀ ਕੀਤੀ ਗਈ, ਜਿਸ ਵਿਚ ਕਰੀਬ 4 ਸੌ ਲੋਕਾਂ ਨੇ ਸ਼ਮੂਲੀਅਤ ਕਰ ਕੇ ਭਾਰਤ ਸਰਕਾਰ ਦੇ ਨਵੇਂ ਖੇਤੀ ਕਾਨੂੰਨਾਂ ਖਿਲਾਫ ਅਵਾਜ਼ ਉਠਾਉਂਦਿਆਂ ਕਿਸਾਨਾਂ ਦੀ ਹਮਾਇਤ ਦਾ ਤਹੱਈਆ ਕੀਤਾ। ਲੋਕਾਂ ਨੇ ਕਾਲੇ ਖੇਤੀ ਕਾਨੂੰਨ ਵਾਪਸ ਲਏ ਜਾਣ ਅਤੇ ਕਿਸਾਨਾਂ ਦਾ ਸਾਥ ਦੇਣ ਦਾ ਸੁਨੇਹਾ ਦਰਸਾਉਂਦੇ ਬੈਨਰ ਤੇ ਤਖਤੀਆਂ ਫੜੇ ਹੋਏ ਸਨ।
ਮਿਸ਼ੀਗਨ: ਕੈਂਟਨ ਦੇ ਹੈਰੀਟੇਜ ਪਾਰਕ ਵਿਚ ਵੀ ਪੰਜਾਬੀ ਭਾਈਚਾਰੇ ਵਲੋਂ ਨਵੇਂ ਖੇਤੀ ਕਾਨੂੰਨਾਂ ਖਿਲਾਫ ਰੋਸ ਮੁਜਾਹਰਾ ਕੀਤਾ ਗਿਆ। ਇਸ ਮੌਕੇ ਬੱਚਿਆਂ ਤੋਂ ਇਲਾਵਾ ਬੀਬੀਆਂ, ਨੌਜਵਾਨਾਂ ਤੇ ਬਜੁਰਗਾਂ ਨੇ ਵੀ ਹਿੱਸਾ ਲਿਆ। ਇਕ ਅੰਦਾਜ਼ੇ ਮੁਤਾਬਕ ਵਿਚ ਰੋਸ ਮੁਜਾਹਰੇ ਵਿਚ ਕਰੀਬ ਸੱਤ ਸੌ ਲੋਕਾਂ ਨੇ ਸ਼ਮੂਲੀਅਤ ਕੀਤੀ ਅਤੇ ਕਿਸਾਨਾਂ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਿਆ। ਇਸ ਤੋਂ ਇਲਾਵਾ ਨਿਊ ਯਾਰਕ ਦੇ ਰਿਚਮੰਡ ਹਿੱਲ ਏਰੀਏ ਵਿਚ ਵੀ ਖੇਤੀ ਕਾਨੂੰਨਾਂ ਖਿਲਾਫ ਕਾਰ ਰੈਲੀ ਕੀਤੀ ਗਈ।
ਫਰਿਜ਼ਨੋ: ਕੈਲੀਫੋਰਨੀਆ ਦੇ ਸ਼ਹਿਰ ਫਰਿਜ਼ਨੋ ਵਿਚ ਵੀ ਇੱਕ ਵੱਡੀ ਕਿਸਾਨ ਰੈਲੀ ਕੀਤੀ ਗਈ। ਲਾਗਲੇ ਸ਼ਹਿਰਾਂ ਦੇ ਪੰਜਾਬੀਆਂ ਨੇ ਇੱਕ ਵਿਸ਼ਾਲ ਕਾਰ, ਟਰੈਕਟਰ ਅਤੇ ਮੋਟਰ-ਸਾਈਕਲ ਰੋਡ ਸ਼ੋਅ ਦਾ ਆਯੋਜਨ ਕੀਤਾ, ਜਿਸ ਵਿਚ ਪੰਜਾਬੀ ਭਾਈਚਾਰੇ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਇਸ ਤੋਂ ਇਲਾਵਾ ਕਲੋਵਿਸ, ਸੈਲਮਾਂ, ਫਾਊਲਰ, ਕਰਮਨ, ਸਨਵਾਕੀਨ, ਮੰਡੇਰਾ, ਸੈਘਰ ਆਦਿ ਲਾਗਲੇ ਸ਼ਹਿਰਾਂ ਤੋਂ ਕਿਸਾਨੀ ਨਾਲ ਸਬੰਧਤ ਸਮੁੱਚੇ ਭਾਈਚਾਰੇ ਨੇ ਸ਼ਿਰਕਤ ਕੀਤੀ।
ਇਸ ਸਮੇਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਅਸੀਂ ਤਨੋਂ, ਮਨੋਂ, ਧਨੋਂ ਪੰਜਾਬ-ਭਾਰਤ ਦੇ ਕਿਸਾਨਾਂ ਨਾਲ ਖੜ੍ਹੇ ਹਾਂ ਅਤੇ ਭਾਰਤ ਸਰਕਾਰ ਦੇ ਇਹ ਤਿੰਨੇ ਕਾਨੂੰਨਾਂ ਦਾ ਡਟ ਕੇ ਵਿਰੋਧ ਕਰਦੇ ਹਾਂ। ਰੈਲੀ ਵਿਚ ਸ਼ਾਮਲ ਟਰੈਕਟਰ ਅਤੇ ਕਾਰਾ ਦਾ ਕਾਫਲਾ ਇਹ ਦੱਸ ਰਿਹਾ ਸੀ ਕਿ ਬੇਸੱਕ ਅਸੀਂ ਆਰਥਕ ਲੋੜਾਂ ਅਤੇ ਨੌਕਰੀਆਂ ਦੀ ਮਜਬੂਰੀ ਕਰਕੇ ਵਿਦੇਸ਼ ਆ ਵਸੇ, ਪਰ ਅੱਜ ਵੀ ਅਸੀਂ ਦੁੱਖ-ਸੁੱਖ ਵਿਚ ਆਪਣੇ ਪੰਜਾਬ ਵਸਦੇ ਪਰਿਵਾਰਾਂ ਨਾਲ ਖੜ੍ਹੇ ਹਾਂ।
ਇਸ ਸਮੇਂ ਗੱਡੀਆਂ ‘ਤੇ ਕਿਸਾਨਾਂ ਦੇ ਹੱਕ ਵਿਚ ਵੱਡੇ ਝੰਡੇ ਅਤੇ ਸਟਿਕਰ ਲਾਏ ਹੋਏ ਸਨ। ਇਸ ਰੋਡ ਸ਼ੋਅ ਦੌਰਾਨ ਪੰਜਾਬੀ, ਪੰਜਾਬੀਅਤ ਅਤੇ ਸਿੱਖੀ ਦੇ ਰੰਗ ਵਿਚ ਰੰਗੇ ਇੱਕ ਵੱਖਰੇ ਜੋਸ਼ ਵਿਚ ਨਜ਼ਰੀਂ ਆਏ।
ਓਰੇਗਾਨ: ਓਰੇਗਾਨ ਸਟੇਟ ਅਤੇ ਵਾਸ਼ਿੰਗਟਨ ਸਟੇਟ ਦੇ ਵੈਨਕੁਵਰ ਦੀ ਸੰਗਤ ਵਲੋਂ ਵੀ ਸਾਂਝੇ ਤੌਰ ‘ਤੇ ਰੋਸ ਮੁਜਾਹਰਾ ਕੀਤਾ ਗਿਆ। ਇਸ ਮੌਕੇ ਡੈਮੋਕਰੈਟਿਕ ਪਾਰਟੀ ਵਲੋਂ ਚੁਣੀ ਗਈ ਸੈਨੇਟਰ ਡੈਬਰਾ ਪੈਟਰਸਨ ਨੇ ਭਾਰਤ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਮੰਨਣ ਦੀ ਅਪੀਲ ਕੀਤੀ।
ਸਮਾਜ ਸੇਵੀ ਬਹਾਦਰ ਸਿੰਘ ਸੇਲਮ ਨੇ ਦੱਸਿਆ ਕਿ ਸੋਨਾ ਅਟਵਾਲ, ਨਿਰਮਲ ਸਿੰਘ ਅਤੇ ਵੈਨਕੁਵਰ ਤੋਂ ਗੁਰਜੀਤ ਸਿੰਘ ਦੀ ਅਗਵਾਈ ਹੇਠ ਰੋਸ ਮੁਜਾਹਰਾ ਸਫਲ ਬਣਿਆ। ਇਸ ਮੌਕੇ ਜਸਮੀਤ ਕੌਰ, ਪਵਨ ਕੌਰ, ਨਵਨੀਤ ਕੌਰ ਅਤੇ ਅਮਿਤ ਸਿੰਘ ਨੇ ਅੰਗਰੇਜ਼ੀ-ਪੰਜਾਬੀ ਵਿਚ ਤਕਰੀਰਾਂ ਕਰ ਕੇ ਕਿਸਾਨਾਂ ਦੀਆਂ ਮੰਗਾਂ ਨੂੰ ਜਾਇਜ ਦੱਸਿਆ।
ਵਾਸ਼ਿੰਗਟਨ ਡੀ. ਸੀ.: ਸਿੱਖਸ ਆਫ ਅਮਰੀਕਾ ਨਾਂ ਦੀ ਸੰਸਥਾ ਨੇ ਖੇਤੀ ਕਾਨੂੰਨਾਂ ਨੂੰ ਲੈ ਕੇ ਵਾਸ਼ਿੰਗਟਨ ਡੀ. ਸੀ. ‘ਚ ਭਾਰਤੀ ਅੰਬੈਸੀ ਨੂੰ ਮੰਗ ਪੱਤਰ ਦਿੱਤਾ। ਸੰਸਥਾ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ, ਪ੍ਰਧਾਨ ਕੰਵਲਜੀਤ ਸਿੰਘ ਸੋਨੀ, ਬਾਲਟੀਮੋਰ ਸੂਬੇ ਦੇ ਚੇਅਰਮੈਨ ਬਲਜਿੰਦਰ ਸਿੰਘ ਸ਼ੰਮੀ, ਗੁਰਚਰਨ ਸਿੰਘ ਤੇ ਦਲਬੀਰ ਸਿੰਘ ਨੇ ਅੰਬੈਸੀ ਨੂੰ ਸੌਂਪੇ ਪੱਤਰ ਵਿਚ ਕਿਹਾ ਗਿਆ ਹੈ ਕਿ ਵੱਡੀ ਗਿਣਤੀ ਵਿਚ ਸਿੱਖ-ਅਮਰੀਕਨ ਕਮਿਊਨਿਟੀ ਭਾਰਤ ਸਰਕਾਰ ਵਲੋਂ ਪਾਸ ਕੀਤੇ ਗਏ ਤਿੰਨ ਕਾਨੂੰਨਾਂ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ।
ਸੰਸਥਾ ਨੇ ਅਪੀਲ ਕੀਤੀ ਹੈ ਖੇਤੀ ਕਾਨੂੰਨਾਂ ਸਬੰਧੀ ਬੈਠ ਕੇ ਕੋਈ ਸਾਰਥਕ ਹੱਲ ਕੱਢਿਆ ਜਾਣਾ ਚਾਹੀਦਾ ਹੈ, ਕਿਉਂਕਿ ਕਿਸਾਨ ਅੰਦੋਲਨ ਵਿਚ ਭਾਰਤ ਦੇ ਪੰਜਾਬ, ਹਰਿਆਣਾ, ਯੂ. ਪੀ., ਰਾਜਸਥਾਨ ਤੋਂ ਇਲਾਵਾ ਕੇਰਲਾ, ਤਾਮਿਲਨਾਡੂ ਵਰਗੇ ਦੱਖਣੀ ਸੂਬਿਆਂ ਦੇ ਕਿਸਾਨ ਵੀ ਜੁੜ ਗਏ ਹਨ ਅਤੇ ਕਿਸਾਨਾਂ ਦੁਆਰਾਂ ਵਲੋਂ ਕੀਤੇ ਗਏ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਵਿਰੁੱਧ ਸਰਕਾਰ ਵੱਲੋਂ ਹਮਲਾਵਾਰ ਰੁਖ ਅਖਤਿਆਰ ਕਰਨਾ ਲੋਕਤੰਤਰੀ ਸਿਧਾਂਤਾਂ ਦੇ ਵਿਰੁੱਧ ਹੋਵੇਗਾ।
_____________________________________________________
ਕੈਲੀਫੋਰਨੀਆ ਦੇ ਪੰਜਾਬੀਆਂ ਨੇ ਸਿਰਜਿਆ ਇਤਿਹਾਸ, ਹੁਣ ਤੱਕ ਦੀ ਸਭ ਤੋਂ ਵੱਡੀ ਕਾਰ ਰੈਲੀ ਕੱਢੀ
ਸੈਨ ਫਰਾਂਸਿਸਕੋ: ਪੂਰੇ ਭਾਰਤ ਵਿਚ ਚੱਲ ਰਹੇ ਕਿਸਾਨ ਸੰਘਰਸ਼ ਨੂੰ ਬਲ ਅਤੇ ਆਪਣੀ ਹਮਾਇਤ ਦੇਣ ਲਈ ਪੂਰੀ ਦੁਨੀਆਂ ਵਿਚ ਪੰਜਾਬੀਆਂ ਵਲੋਂ ਰੋਸ ਮੁਜਾਹਰੇ ਹੋ ਰਹੇ ਹਨ। ਇਸੇ ਕੜੀ ਤਹਿਤ ਕੈਲੀਫੋਰਨੀਆ ਦੇ ਸ਼ਹਿਰ ਓਕਲੈਂਡ ਤੋਂ ਸੈਨ ਫਰਾਂਸਿਸਕੋ ਤੱਕ ਇੱਕ ਕਾਰ-ਟਰੱਕ ਰੈਲੀ ਕੀਤੀ ਗਈ। ਇਸ ਰੈਲੀ ਵਿਚ ਪ੍ਰਬੰਧਕਾਂ ਦੇ ਅੰਦਾਜ਼ੇ ਤੋਂ ਕਿਤੇ ਵੱਧ ਲੋਕਾਂ ਨੇ ਸ਼ਮੂਲੀਅਤ ਕਰਕੇ ਇਕ ਇਤਿਹਾਸ ਸਿਰਜ ਦਿੱਤਾ। ਕੋਈ ਤਿੰਨ ਹਜ਼ਾਰ ਤੋਂ ਵੱਧ ਕਾਰਾਂ ਦੇ ਕਾਫਲੇ ਵਿਚ ਕਰੀਬ ਦਸ ਹਜ਼ਾਰ ਲੋਕਾਂ ਨੇ ਹਿੱਸਾ ਲਿਆ।
ਸਥਾਨਕ ਬੇਅ ਏਰੀਏ ਦੇ ਲੋਕਾਂ ਤੋਂ ਇਲਾਵਾ ਦੂਰ ਦੁਰਾਡੇ ਦੇ ਅਨੇਕਾਂ ਸ਼ਹਿਰਾਂ ਤੋਂ ਪੁੱਜੇ ਲੋਕਾਂ ਨੇ ਆਪਣੀਆਂ ਕਾਰਾਂ ਉਤੇ ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ ਕਰਦੇ ਅਤੇ ਸਰਕਾਰ ਵਿਰੋਧੀ ਸਟਿੱਕਰ, ਪੋਸਟਰ ਅਤੇ ਝੰਡੇ ਲਾਏ ਹੋਏ ਸਨ। ਯੂਬਾ ਸਿਟੀ, ਰੋਜ਼ਵਿੱਲ, ਸੈਕਰਾਮੈਂਟੋ, ਸਟਾਕਟਨ, ਲੈਥਰੋਪ, ਮਨਟੀਕਾ, ਟਰੇਸੀ ਤੇ ਆਸ-ਪਾਸ ਦੇ ਹੋਰ ਸ਼ਹਿਰਾਂ ਤੋਂ ਇਲਾਵਾ ਫਰਿਜ਼ਨੋ ਤੋਂ ਵੀ ਲੋਕ ਵੱਡੀ ਗਿਣਤੀ ਵਿਚ ਪੁੱਜੇ ਹੋਏ ਸਨ।
ਜੈਕਾਰਾ ਗਰੁੱਪ ਅਤੇ ਸੰਦੀਪ ਸਿੰਘ ਜੰਟੀ ਦੇ ਸੱਦੇ ‘ਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਅਨੇਕਾਂ ਹੋਰ ਸੰਸਥਾਵਾਂ ਨੇ ਇਸ ਰੈਲੀ ਵਿਚ ਵੱਧ ਚੜ੍ਹ ਕੇ ਹਿੱਸਾ ਲਿਆ। ਬੁਲਾਰਿਆਂ ਨੇ ਭਾਰਤ ਸਰਕਾਰ ਦੀ ਪੁਰਜ਼ੋਰ ਨਿੰਦਾ ਕਰਦਿਆਂ ਕਾਲੇ ਕਾਨੂੰਨ ਵਾਪਸ ਲੈਣ ਦੀ ਪੁਰਜ਼ੋਰ ਮੰਗ ਕੀਤੀ। ਦੁਪਹਿਰ ਨੂੰ ਸ਼ੁਰੂ ਹੋਈ ਇਹ ਰੈਲੀ ਰਾਤ 8 ਵਜੇ ਤੱਕ ਜਾਰੀ ਰਹੀ।