ਇੰਦਰਜੀਤ ਸਿੰਘ ਪੱਡਾ: ਮਾਈਕ ਤੋਂ ਕਲਮ ਵੱਲ

ਪੰਜਾਬੀ ਖੇਡ ਸਾਹਿਤ-19
ਪ੍ਰਿੰ. ਸਰਵਣ ਸਿੰਘ
ਇੰਦਰਜੀਤ ਸਿੰਘ ਪੱਡਾ ਕਬੱਡੀ ਕੁਮੈਂਟੇਟਰਾਂ ਵਿਚ ਉੱਘਾ ਨਾਂ ਹੈ। ਉਹ ਦੇਸ਼ ਤੋਂ ਬਾਹਰ ਵਿਦੇਸ਼ਾਂ ਵਿਚ ਵੀ ਕਬੱਡੀ ਮੈਚਾਂ ਦੀ ਕੁਮੈਂਟਰੀ ਕਰਦਾ ਰਹਿੰਦਾ ਹੈ, ਜਿਸ ਕਰਕੇ ਇੰਟਰਨੈਸ਼ਨਲ ਕੁਮੈਂਟੇਟਰ ਵੱਜਦਾ ਹੈ। ਕਿੱਤੇ ਵਜੋਂ ਲੈਕਚਰਾਰ ਸੀ ਤੇ ਸ਼ੌਕ ਵਜੋਂ ਸਾਹਿਤ ਰਸੀਆ। ਉਹਦੀ ਅਵਾਜ਼ ਵਿਚ ਦਮ ਹੈ ਤੇ ਲਿਖਤ ਵਿਚ ਜਾਨ। ਲਿਖਦਾ ਹੈ: ਮੇਰਾ ਜਨਮ ਮਈ ਮਹੀਨੇ ਦੀ 23 ਤਰੀਕ ਸੰਨ 1962 ਦਾ ਹੈ। ਮੇਰੀ ਪੜਦਾਦੀ ਕਹਿੰਦੀ ਹੁੰਦੀ ਸੀ, “ਜਿੱਦਣ ਮੇਰੇ ਪੋਤੇ ਦੀਦਾਰ ਸਿਹੁੰ ਦੇ ਘਰ ਮੁੰਡਾ ਹੋਇਆ, ਮੈਂ ਖੁਸ਼ੀ ਵਿਚ ਕੋਠੇ ਤੋਂ ਛਾਲ ਮਾਰਨੀ ਹੈ।”

ਪੜਦਾਦੀ ਨੇ ਪਤਾ ਨਹੀਂ ਛਾਲ ਮਾਰੀ ਕਿ ਨਹੀਂ, ਪਰ ਟੱਬਰ ਨੇ ਚਿੰਤਾ ਦਾ ਟੋਆ ਜਿਵੇਂ ਛਾਲ ਮਾਰ ਕੇ ਟੱਪ ਲਿਆ ਸੀ। ਅਸਲ ਵਿਚ ਭਾਪਾ ਜੀ ਦਾ ਵਿਆਹ ਲੇਟ ਹੋਇਆ ਸੀ, ਕਿਉਂਕਿ ਵੇਖਣ ਵਾਲੇ ਮੁੰਡੇ ਦੇ ਹਿੱਸੇ ਆਉਂਦੇ ਸਿਆੜ ਵੀ ਗਿਣਦੇ ਸਨ, ਜਿਹੜੇ ਸਾਡੇ ਕੋਲ ਉਂਗਲਾਂ ‘ਤੇ ਗਿਣਨ ਜੋਗੇ ਹੀ ਸਨ। ਮੇਰੇ ਭਾਪਾ ਜੀ ਖੇਤਾਂ ਦੇ ਸਾਧੂ ਸਨ। ਛੋਟੀ ਕਿਸਾਨੀ ਨਾਲ ਵੱਡੇ ਟੱਬਰ ਦੇ ਮੂੰਹ ਰਿਜ਼ਕ ਪਾਉਣ ਵਾਲੇ।
ਮੈਂ ਛੇਵੀਂ ਜਮਾਤ ਵਿਚ ਪੜ੍ਹਦਾ ਸਾਂ, ਜਦੋਂ ਮੇਰੇ ਬੀਜੀ ਸਾਨੂੰ ਨਿੱਕਿਆਂ ਨਿੱਕਿਆਂ ਨੂੰ ਹੀ ਸਦੀਵੀ ਵਿਛੋੜਾ ਦੇ ਗਏ। ਬੀਜੀ ਦੇ ਜਾਣ ਨਾਲ ਸਾਡੀ ਜ਼ਿੰਦਗੀ ਦੀ ਬਾਂਸੁਰੀ ਬੇਸੁਰ ਹੋ ਗਈ। ਵੱਡੀ ਭੈਣ ਨੇ ਨੌਂਵੀਂ ਜਮਾਤ ‘ਚੋਂ ਹਟ ਕੇ ਮਾਂ ਵਾਲਾ ਫਰਜ਼ ਸੰਭਾਲ ਲਿਆ। ਮੇਰੇ ਤੋਂ ਛੋਟੀਆਂ ਚਾਰ ਭੈਣਾਂ, ਦੋ-ਦੋ ਸਾਲ ਦੇ ਫਰਕ ਨਾਲ ਛੋਟੀਆਂ ਸਨ। ਸਭ ਤੋਂ ਛੋਟੀ ਛੇ ਮਹੀਨੇ ਦੀ ਸੀ, ਉਸ ਨੂੰ ਸਾਡੀ ਮਾਸੀ ਆਪਣੀ ਧੀ ਬਣਾ ਕੇ ਲੈ ਗਈ। ਸਾਡੇ ਟੱਬਰ ਨੂੰ ਦੁਖੀ ਹਾਲਤ ਦੇਖ ਕੇ ਹਰੇਕ ਦੀ ਅੱਖ ਰੋਂਦੀ ਸੀ।
ਮੈਂ ਨਿੱਕਾ ਹੁੰਦਾ ਕੜੇ ਵਾਲੀ ਪਿੱਤਲ ਦੀ ਗਲਾਸੀ ਦੇ ਥੱਲੇ ਨੂੰ ਰੱਸੀ ਬੰਨ੍ਹ ਕੇ ਦੂਜੇ ਸਿਰੇ ਤੋਂ ਸਪੀਕਰ ਸਮਝ ਕੇ ਬੋਲਦਾ ਸੀ। ਛੇਵੀਂ-ਸੱਤਵੀਂ ‘ਚ ਪੜ੍ਹਦਿਆਂ ਗੁਰਦੁਆਰੇ ਦੇ ਸਪੀਕਰ ਤੋਂ ਪਾਠ ਕਰਨ ਲੱਗ ਪਿਆ ਸਾਂ। ਸ਼ਾਇਦ ਰੱਬ ਨੇ ਮੇਰੀ ਪਾਠ ਕਰਨ ਦੀ ਸੇਵਾ ਕਬੂਲ ਕਰ ਲਈ ਕਿ ਅੱਜ ਤੱਕ ਮਾਈਕ ਨਾਲ ਯਾਰੀ ਨਿਭੀ ਜਾਂਦੀ ਹੈ। ਦਸਵੀਂ ਮੈਂ ਸਰਕਾਰੀ ਹਾਈ ਸਕੂਲ ਲੱਖਣ ਕੇ ਪੱਡੇ ਤੋਂ ਪਾਸ ਕੀਤੀ। ਸ਼ਰੀਕੇ ਭਾਈਚਾਰੇ ਨੇ ਮੇਰੇ ਭਾਪਾ ਜੀ ਨੂੰ ਸਲਾਹ ਦਿੱਤੀ, “ਤੁਹਾਡੀ ਕਬੀਲਦਾਰੀ ਵੱਡੀ ਹੈ, ਹੋਰ ਪੜ੍ਹਾਉਣ ਦਾ ਕੋਈ ਫਾਇਦਾ ਨਹੀਂ, ਨੌਕਰੀ ਕੋਈ ਮਿਲਣੀ ਨਹੀਂ, ਮੁੰਡੇ ਨੂੰ ਕਿਸੇ ਕੰਮ ‘ਤੇ ਲਾ ਦਿਓ।” ਪਰ ਮੇਰਾ ਮਨ ਹੋਰ ਪੜ੍ਹਨ ਨੂੰ ਕਰਦਾ ਸੀ, ਉਹ ਵੀ ਸੌਲਾਂ ਜਮਾਤਾਂ। ਸੁਪਨਾ ਵੱਡਾ ਸੀ।
ਮੈਨੂੰ ਯਾਦ ਹੈ, ਮੈਂ ਕਾਲਜ ਦਾਖਲ ਹੋਣ ਲਈ ਤਰਲੇ ਕਰਦਾ ਰੋ ਪਿਆ ਸਾਂ। ਭਾਪਾ ਜੀ ਨੇ ਦਿਲਾਸਾ ਦਿੱਤਾ ਅਤੇ ਮੇਰੇ ਨਾਲ ਵਾਅਦਾ ਕੀਤਾ ਕਿ ਉਹ ਮੈਨੂੰ 14 ਜਮਾਤਾਂ ਤੱਕ ਪੜ੍ਹਾ ਦੇਣਗੇ। ਮੈਂ ਸ਼ੁਕਰ ਕੀਤਾ। ਮੇਰਾ ਮਨ ਖੁਸ਼ ਸੀ। ਮੈਨੂੰ ਏਨੀ ਖੁਸ਼ੀ ਦਸਵੀਂ ਪਾਸ ਕਰਨ ਦੀਆਂ ਵਧਾਈਆਂ ਦੀ ਨਹੀਂ ਸੀ ਹੋਈ, ਜਿੰਨੀ ਅੱਗੇ ਪੜ੍ਹਾਉਣ ਦੇ ਵਾਇਦੇ ਦੀ ਹੋਈ।
ਕਾਲਜ ਦੀ ਪੜ੍ਹਾਈ ਦੌਰਾਨ ਕਵਿਤਾ ਉਚਾਰਨ ਮੁਕਾਬਲਿਆਂ ਲਈ, ਭਾਸ਼ਣਾਂ ਲਈ, ਕਾਲਜ ਆਏ ਮਹਿਮਾਨਾਂ ਨੂੰ ਜੀ ਆਇਆਂ ਕਹਿਣ ਲਈ ਮਾਈਕ ਮੈਨੂੰ ਉਡੀਕਦਾ ਰਹਿੰਦਾ। ਜਿਉਂਦੇ ਰਹਿਣ ਪ੍ਰੋਫੈਸਰ ਜਗੀਰ ਸਿੰਘ ਜਿਨ੍ਹਾਂ ਮੈਨੂੰ ਸਟੇਜਾਂ ‘ਤੇ ਚੜ੍ਹਾਇਆ। 1987 ਵਿਚ ਮੈਨੂੰ ਨਿੱਕੀ ਜਿਹੀ ਸਰਕਾਰੀ ਨੌਕਰੀ ਮਿਲ ਗਈ, ਜਿਸ ਨਾਲ ਮੇਰਾ ਹੌਂਸਲਾ ਵੱਡਾ ਸਾਰਾ ਬਣ ਗਿਆ। ਮੈਂ ਸੱਚ-ਮੁੱਚ ਆਪਣੇ ਪੈਰਾਂ ‘ਤੇ ਹੋ ਗਿਆ ਤੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਲਈ ਭਾਪਾ ਜੀ ਦੀ ਬਾਂਹ ਬਣ ਗਿਆ। ਇਨ੍ਹੀਂ ਦਿਨੀਂ ਏਧਰੋਂ ਓਧਰੋਂ ਹੱਥ-ਹੁਧਾਰ ਕਿਤਾਬਾਂ ਲੈ ਕੇ ਮੈਂ ਐੱਮ. ਏ. ਪੰਜਾਬੀ ਪ੍ਰਾਈਵੇਟ ਤੌਰ ‘ਤੇ ਕਰ ਕੇ ਆਪਣੇ ਸੌਲਾਂ ਜਮਾਤਾਂ ਪੜ੍ਹਨ ਦੇ ਸੁਪਨੇ ਨੂੰ ਸਾਕਾਰ ਕਰ ਲਿਆ। 1989 ਵਿਚ ਮੈਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਕਾਰਸਪੌਡੈਂਟ ਰਾਹੀਂ ਬੀ. ਐੱਡ. ਕਰ ਲਈ।
1997 ਵਿਚ ਮੈਂ ਬਤੌਰ ਪੰਜਾਬੀ ਅਧਿਆਪਕ ਆਪਣੇ ਪਿੰਡ ਵਾਲੇ ਸਕੂਲ, ਜਿਥੋਂ ਮੈਂ ਦਸਵੀਂ ਪਾਸ ਕੀਤੀ ਸੀ, ਉਥੇ ਆਣ ਹਾਜ਼ਰੀ ਲਾਈ। 2016 ਵਿਚ ਮੇਰੀ ਪ੍ਰਮੋਸ਼ਨ ਬਤੌਰ ਪੰਜਾਬੀ ਲੈਕਚਰਾਰ ਹੋ ਗਈ, 2020 ਵਿਚ ਮੈਂ ਰਿਟਾਇਰ ਹੋਇਆ। ਅਧਿਆਪਕ ਕਿੱਤੇ ਦੇ ਨਾਲ ਸਾਹਿਤ ਪੜ੍ਹਨਾ, ਸਕੂਲ ਵਿਚ ਸਭਿਆਚਾਰਕ ਗਤੀਵਿਧੀਆਂ, ਸਭਿਆਚਾਰਕ ਮੇਲੇ ਦੇਖਣੇ ਮੈਨੂੰ ਧੂਹ ਪਾਉਂਦੇ। ਮੇਰੇ ਵਿਦਿਆਰਥੀਆਂ ਨੇ ਸਟੇਟ ਪੱਧਰ ਤੱਕ ਦੇ ਸੱਭਿਆਚਾਰਕ ਮੁਕਾਬਲਿਆਂ ਵਿਚ ਪਹੁੰਚ ਕੇ ਸਕੂਲ ਤੇ ਇਲਾਕੇ ਦਾ ਨਾਂ ਰੌਸ਼ਨ ਕਰਨ ਦੇ ਨਾਲ ਮੇਰੀ ਰੂਹ ਵੀ ਸਰਸ਼ਾਰ ਕੀਤੀ। ਆਪਣੇ ਮਹਿਕਮੇ ਦੀਆਂ ਸਟੇਟ ਪੱਧਰ ਦੀਆਂ ਸਟੇਜਾਂ ਦੇ ਸੰਚਾਲਨ ਲਈ ਮੈਨੂੰ ਦੋ ਮਹੀਨੇ ਪਹਿਲਾਂ ਹੀ ਨਿਉਂਦਾ ਆ ਜਾਂਦਾ ਸੀ। ਸੱਭਿਆਚਾਰਕ ਮੁਕਾਬਲਿਆਂ ਦੀ ਜੱਜਮੈਂਟ ਪੈਨਲ ਵਿਚ ਮੇਰਾ ਨਾਂ ਪੱਕੇ ਤੌਰ ‘ਤੇ ਸ਼ਾਮਿਲ ਸੀ।
ਗੁਆਂਢੀ ਕਸਬੇ ਨਡਾਲੇ ਦੇ ਕਬੱਡੀ ਟੂਰਨਾਮੈਂਟ ‘ਚ ਪ੍ਰੋ. ਮੱਖਣ ਸਿੰਘ ਹਕੀਮਪੁਰ ਦੀ ਕੁਮੈਂਟਰੀ ਸੁਣ ਕੇ ਮਨ ਵਿਚ ਕੁਮੈਂਟਰੀ ਕਰਨ ਦੀ ਤਰੰਗ ਉੱਠੀ ਤਾਂ ਰਿਆਜ਼ ਕਰ ਕੇ ਇਸ ਰਾਹੇ ਪੈ ਗਿਆ। ਕਬੱਡੀ ਦੀ ਕੁਮੈਂਟਰੀ ਨੇ ਮੈਨੂੰ ਚੋਖੀ ਪਛਾਣ ਦਿੱਤੀ। ਹਵਾਈ ਜਹਾਜਾਂ ‘ਤੇ ਚੜ੍ਹਨ ਦੇ ਝੂਟੇ ਮਿਲੇ। ਖੇਡ ਸਾਹਿਤ ਪੜ੍ਹਦਿਆਂ ਪ੍ਰਿੰ. ਸਰਵਣ ਸਿੰਘ ਦੀਆਂ ਖੇਡ ਲਿਖਤਾਂ ਨੇ ਮੇਰੇ ਹੱਥ ਕਲਮ ਫੜਾ ਦਿੱਤੀ। ਮਾਂ-ਬੋਲੀ ਪੰਜਾਬੀ ਦੇ ਸ਼ਬਦਾਂ ਨੇ ਬੜਾ ਮਾਣ ਬਖਸ਼ਿਆ। ਇਹ ਮਾਣ ਪੰਜਾਬੀ ਦਾ ਹੈ, ਜਿਸ ਬਾਰੇ ਕਦੇ ਮਰਹੂਮ ਸ਼ਾਇਰ ਕੰਵਰ ਇਮਤਿਆਜ਼ ਨੇ ਲਿਖਿਆ ਸੀ:
ਬਾਣੀ ਮੈਂ ਫਰੀਦ ਜੀ ਦੀ
ਸੁਖਨ ਮੀਆਂ ਵਾਰਸੇ ਦਾ,
ਬੁੱਲ੍ਹੇ ਦੀ ਸਾਰੰਗੀ ਮੈਂ
ਮਿੱਠੀ ਮਿੱਠੀ ਤਾਨ ਹਾਂ।
ਹਾਸ਼ਮ ਦੀ ਹੇਕ ਹਾਂ ਮੈਂ
ਪੀਲੂ ਜੀ ਦੀ ਆਤਮਾ,
ਸੱਚੀ-ਮੁੱਚੀ ਹੀਰਿਆਂ ਤੇ
ਮੋਤੀਆਂ ਦੀ ਖਾਣ ਹਾਂ।
ਮੈਂ ਹਾਂ ਸੁਹਾਗ ਬੋਲੀ
ਗੌਣ ਹਾਂ ਮੈਂ ਗਿੱਧਿਆਂ ਦੀ,
ਪੀੜ੍ਹਾ ਡਾਹੀ ਬੈਠੀ
ਵਿਹੜੇ ਪੰਜਾਬਣ ਰਕਾਨ ਹਾਂ।
ਸਹੁੰ ਮੈਨੂੰ ਲੱਗੇ ਮੀਆਂ
ਰਾਂਝਣੇ ਦੀ ਵੰਝਲੀ ਦੀ,
ਮੈਂ ਹਾਂ ਪੰਜਾਬੀ ਤੇ
ਪੰਜਾਬ ਦੀ ਜ਼ੁਬਾਨ ਹਾਂ…।

ਪੇਸ਼ ਹਨ, ਉਹਦੇ ਉਲੀਕੇ ਦੋ ਸ਼ਬਦ ਚਿੱਤਰਾਂ ਦਾ ਸਾਰ:
ਆਇਆ ਪ੍ਰੀਤਾ ਗਿਆ ਪ੍ਰੀਤਾ
ਜਿਵੇਂ ਵਾਰਿਸ ਦਾ ਕਿੱਸਾ ‘ਹੀਰ’ ਮਸ਼ਹੂਰ ਹੈ, ਜਗਰਾਵਾਂ ਦੀ ਰੌਸ਼ਨੀ ਤੇ ਬੱਬੇਹਾਲੀ ਦੀ ਛਿੰਝ ਹੈ, ਇਵੇਂ ਕਬੱਡੀ ਜਗਤ ਵਿਚ ਪ੍ਰੀਤੇ ਦਾ ਨਾਂ ਮਸ਼ਹੂਰ ਹੈ। ਕੋਈ ਵੇਲਾ ਸੀ ਜਦੋਂ ਪਿੰਡਾਂ ਦੀਆਂ ਸੱਥਾਂ ਵਿਚ ‘ਪ੍ਰੀਤਾ-ਪ੍ਰੀਤਾ’ ਹੁੰਦੀ ਸੀ। ਪ੍ਰੀਤੇ ਦਾ ਨਾਂ ਮੈਂ ਪਹਿਲੀ ਵਾਰ ਆਪਣੇ ਬਾਪੂ ਦੇ ਮੂੰਹੋਂ ਸੁਣਿਆ ਸੀ। ਉਦੋਂ ਮੈਂ ਛੇਵੀਂ ਜਮਾਤ ਵਿਚ ਪੜ੍ਹਦਾ ਸਾਂ। ਕਬੱਡੀ ਟੂਰਨਾਮੈਂਟਾਂ ਉਤੇ ਲੋਕਾਂ ਨੇ ਕੱਪੜੇ ਲਾਹੁੰਦੇ ਖਿਡਾਰੀਆਂ ਕੋਲ ਖੜ੍ਹ ਜਾਣਾ। ਭੀੜ ਵਿਚੋਂ ਅਵਾਜ਼ਾਂ ਆਉਣੀਆਂ, “ਅਹੁ ਆ ਪ੍ਰੀਤਾ, ਅੱਜ ਸਵਾਦ ਆਊ ਮੈਚ ਦੇਖਣ ਦਾ।” ਲੋਕਾਂ ਨੇ ਸਾਹ ਰੋਕ ਕੇ ਕਬੱਡੀ ਦੇਖਣੀ।
ਪ੍ਰੀਤੇ ਨੇ ਜਦੋਂ ਕੌਡੀ ਪਾਉਣੀ, ਪਹਿਲਾਂ ਸੂਰਜ ਵੱਲ ਦੇਖਣਾ, ਫਿਰ ਸੱਜੀ ਕੰਨੀਉਂ ਧਾਵਾ ਬੋਲਣਾ, ਜਿਵੇਂ ਕਹਿੰਦੇ ਹੁੰਦੇ ਆ, ‘ਬੱਦਲ ਉਠਿਆ ਟਿੱਲਿਉਂ, ਗਾਂ ਮਹਿੰ ਨਾ ਖੁੱਲ੍ਹੇ ਕਿੱਲਿਉਂ।’ ਜਾਫੀਆਂ ਨੂੰ ਭਾਜੜਾਂ ਪੈ ਜਾਣੀਆਂ, ਪੈਰ ਜ਼ਮੀਨ ‘ਤੇ ਨਾ ਲੱਗਣੇ, ਧੌਲੋਂ-ਧੌਲੀਂ ਹੋਣਾ। ਦਰਸ਼ਕਾਂ ਦਾ ਵੱਖ ਜ਼ੋਰ ਲੱਗਣਾ। ਦੇਖਣ ਵਾਲਿਆਂ ਵਿਚੋਂ ਕਈਆਂ ਨੇ ਆਪ ਹੀ ਦੋ-ਦੋ ਫੁੱਟ ਪਿੱਛੇ ਖਿਸਕੀ ਜਾਣਾ। ਜਦੋਂ ਮਗਰਲੇ ਨੇ ਕਹਿਣਾ, “ਦੇਖੀਂ ਭਰਾਵਾ, ਸਾਡੇ ‘ਤੇ ਕਿਉਂ ਚੜ੍ਹੀ ਜਾਨਾਂ” ਤਾਂ ਕਿਤੇ ਉਹਨੇ ਥਾਂ ਸਿਰ ਹੋਣਾ। ਇਹ ਹਾਲ ਸੀ, ਪ੍ਰੀਤੇ ਦੀ ਕਬੱਡੀ ਦੇ ਚਹੇਤਿਆਂ ਦਾ।
ਪ੍ਰੀਤਮ ਸਿੰਘ ਨਡਾਲੀਏ ਦਾ ਜਨਮ 15 ਜਨਵਰੀ 1944 ਨੂੰ ਪਿੰਡ ਡਸਕਾ, ਜਿਲਾ ਸਿਆਲਕੋਟ ਵਿਚ ਪਿਤਾ ਲਾਭ ਸਿੰਘ ਅਤੇ ਮਾਤਾ ਜਿੰਦ ਕੌਰ ਦੇ ਘਰ ਹੋਇਆ। ਉਹ ਤਿੰਨ ਭਰਾ ਸਨ। ਉਨ੍ਹਾਂ ਦਾ ਪਰਿਵਾਰ ਪਹਿਲਵਾਨਾਂ ਦੇ ਪਰਿਵਾਰ ਵਜੋਂ ਜਾਣਿਆ ਜਾਂਦਾ ਸੀ। ਪ੍ਰੀਤੇ ਦੇ ਤਾਏ ਗੰਡਾ ਸਿੰਘ ਦਾ ਲੜਕਾ ਸੁੰਦਰ ਸਿੰਘ ਇਲਾਕੇ ਦਾ ਨਾਮੀ ਪਹਿਲਵਾਨ ਸੀ। ਵੇਲਣੇ ਦੀਆਂ ਗੋਗੜਾਂ ਨਾਲ ਦੋ-ਦੋ ਹੱਥ ਕਰਨੇ ਤੇ ਡੰਡ ਬੈਠਕਾਂ ਕੱਢਣੀਆਂ, ਉਹਦਾ ਨਿੱਤ ਨੇਮ ਸੀ। ਬਾਲਕ ਪ੍ਰੀਤੇ ਨੇ ਸਰੀਰ ਸਾਧਨਾ ਦੇ ਇਸ ਸਬਕ ਨੂੰ ਨਿੱਕੇ ਹੁੰਦਿਆਂ ਹੀ ਦੇਖ-ਦੇਖ ਕੇ ਰਟ ਲਿਆ ਸੀ।
ਸੰਨ ਸੰਤਾਲੀ ਦੇ ਰੌਲਿਆਂ ਨੇ ਨਿੱਕੇ ਪ੍ਰੀਤੇ ਨੂੰ ਪਰਿਵਾਰ ਨਾਲ ਨਡਾਲੇ ਲੈ ਆਂਦਾ। ਬਾਪ ਦੀ ਅੱਸੀ ਕਿੱਲੇ ਵਾਹੀ ਸੀ, ਪਰ ਇਧਰ ਆ ਕੇ ਪੈਂਤੀ ਕਿੱਲੇ ਰਹਿ ਗਈ। ਨਾਲੇ ਵੰਡ ਦਾ ਦੁਖ ਹੰਢਾਇਆ, ਨਾਲੇ ਅੱਧਾ ਘਰ ਗੁਆਇਆ। ਸਿਆਣੇ ਕਹਿੰਦੇ ਹਨ, ‘ਉਦਮ ਅੱਗੇ ਲੱਛਮੀ, ਪੱਖੇ ਅੱਗੇ ਪੌਣ’, ਪਰਿਵਾਰ ਦੀ ਕਰੜੀ ਮਿਹਨਤ ਨੇ ਮੁੜ ਉਹੀ ਦਿਨ ਮੋੜ ਦਿੱਤੇ।
ਮਾਸਟਰ ਅਮਰ ਸਿੰਘ ਨੇ ਪ੍ਰੀਤਮ ਅੰਦਰ ਲੁਕੇ ਖਿਡਾਰੀ ਨੂੰ ਪਛਾਣ ਲਿਆ। ਜਿਵੇਂ ਲੁਹਾਰ ਲੋਹੇ ਨੂੰ ਤਾਅ ਕੇ ਚੰਡਦਾ ਹੈ, ਇਵੇਂ ਮਾਸਟਰ ਜੀ ਨੇ ਪ੍ਰੀਤਮ ਸਿੰਘ ਨੂੰ ਅਭਿਆਸ ਦੀ ਭੱਠੀ ਵਿਚ ਤਾਅ ਕੇ ਪ੍ਰੀਤਮ ਤੋਂ ‘ਪ੍ਰੀਤਾ ਨਡਾਲੀਆ’ ਬਣਾ ਦਿੱਤਾ। ਇਹ ਗੱਲ 1960 ਦੀ ਹੈ। ਜਿਲਾ ਪੱਧਰ ਦਾ ਸਕੂਲੀ ਮੈਚ ਸੀ। ਮੈਚ ਕਾਹਦਾ, ਸਾਨ੍ਹ ਭਿੜਨੇ ਸਨ। ਪ੍ਰੀਤੇ ਦੀ ਵਿਰੋਧੀ ਟੀਮ ਵਿਚ ਮੋਹਣਾ ਦੋਲੋ ਨੰਗਲੀਆ ਤੇ ਨੱਥਾ ਵਜ਼ੀਰ ਭੁੱਲਰ, ਦੋਵੇਂ ਖਿਡਾਰੀ ਵਡੇਰੀ ਉਮਰ ਦੇ ਲਏ ਗਏ। ਰੱਟਾ ਪੈ ਗਿਆ। ਗੱਲ ਕਿਸੇ ਪਾਸੇ ਨਾ ਲੱਗੇ। ਵਿਰੋਧੀ ਟੀਮ ਦੋਹਾਂ ਖਿਡਾਰੀਆਂ ਨੂੰ ਖਿਡਾਉਣ ਲਈ ਬਜ਼ਿੱਦ ਸੀ। ਆਤਮ-ਵਿਸ਼ਵਾਸ ਕਹਿ ਲਉ ਜਾਂ ਜ਼ੋਰ ਬੇਸ਼ਰਮ ਕਹਿ ਲਉ, ਪ੍ਰੀਤਾ ਮੰਨ ਗਿਆ। ਉਦੋਂ ਪ੍ਰੀਤੇ ਦੀ ਟੀਮ ਵਿਚ ਪਿੰਦਰ ਨਿਹਾਲਗੜ੍ਹੀਆ ਜਾਫੀ ਸੀ। ਪਿਆਰਾ ਗਿੱਲ ਤੇ ਧੀਰਾ ਘੁੰਮਣ ਨਡਾਲੀਆ ਰੇਡਰ ਸਨ। ਮੈਚ ਦੇਖਣ ਲਈ ਪਾੜ੍ਹਿਆਂ ਦਾ ਹੜ੍ਹ ਆਇਆ ਹੋਇਆ ਸੀ। ਪਹਿਲੇ ਅੱਧ ਵਿਚ ਪ੍ਰੀਤੇ ਦੀ ਟੀਮ ਨੇ 18 ਨੰਬਰ ਲਏ ਅਤੇ ਵਿਰੋਧੀ ਟੀਮ ਨੇ 6 ਨੰਬਰ, ਦੂਜੇ ਅੱਧ ਵਿਚ ਵੀ ਵਿਰੋਧੀ ਟੀਮ 6 ਦਾ ਅੰਕੜਾ ਪਾਰ ਨਾ ਕਰ ਸਕੀ ਤੇ ਪ੍ਰੀਤੇ ਹੁਰਾਂ ਨੇ 43 ਅੰਕ ਲੈ ਕੇ ਮੈਚ ਜਿੱਤ ਲਿਆ।
ਉਹਦੇ ਮੁਢਲੇ ਮੈਚਾਂ ਵਿਚੋਂ ਇਕ ਮੈਚ ਅੱਜ ਵੀ ਲੋਕਾਂ ਦੇ ਚੇਤਿਆਂ ਵਿਚ ਵਸਿਆ ਹੋਇਐ। ਇਹ ਮੈਚ ਨਡਾਲੇ ਲਾਗੇ ਪਿੰਡ ਦਮੂਲੀਆ ਵਿਚ ਹੋਇਆ ਸੀ। ਫੈਸਲਾ ਹੋਇਆ ਕਿ ਨਡਾਲੇ ਤੋਂ ਬੇਗੋਵਾਲ ਵੱਲ ਦੇ ਖਿਡਾਰੀ ਇਕ ਪਾਸੇ ਅਤੇ ਲੱਖਣ ਕੇ ਪੱਡੇ ਵੱਲ ਦੇ ਖਿਡਾਰੀ ਦੂਜੇ ਪਾਸੇ ਖੇਡਣਗੇ। ਮੈਚ ਵਾਲੇ ਦਿਨ ਛਪਾਰ ਦੇ ਮੇਲੇ ਵਾਂਗ ਇਕੱਠ ਹੋ ਗਿਆ। ਮੈਦਾਨ ਵਿਚ ਢੋਲ ਵੱਜ ਰਿਹਾ ਸੀ। ਪ੍ਰੀਤੇ ਨੇ ਆਪਣੇ ਨਾਲ ਬਲਦੇਵ ਤਲਵੰਡੀ ਤੇ ਪਾਲੂ ਧਾਲੀਵਾਲ ਹੋਰੀਂ ਰੇਡਰ ਲੈ ਲਏ। ਬਿੰਦੀ ਢਿੱਲਵਾਂ ਤੇ ਗਿੰਦੀ ਪੱਡਾ ਜਾਫੀ ਹੋ ਗਏ। ਵਿਰੋਧੀ ਟੀਮ ਦੇ ਜਾਫੀਆਂ ਵਿਚ ਸ਼ਿਵਦੇਵ ਨਾਲ ਮਹਿੰਦਰ ਮੋਹਨ ਹੁਰੀਂ ਹੋ ਗਏ। ਨਾਲ ਅਮਰਜੀਤ, ਗੁਰਕੇਵਲ ਤੇ ਬਾਘਾ ਮਿਆਣੀ ਧਾਵੀ ਸਨ। ਮੈਚ ਸ਼ੁਰੂ ਹੋਇਆ। ਦਰਸ਼ਕਾਂ ਦੀਆਂ ਧੜਕਣਾਂ ਤੇਜ਼ ਹੋ ਗਈਆਂ। ਧੂੜਾਂ ਅਸਮਾਨੀਂ ਚੜ੍ਹ ਚੱਲੀਆਂ। ਨਵੇਂ ਖਿਡਾਰੀਆਂ ਦੇ ਹੌਂਸਲੇ ਵਧ ਗਏ। ਅੱਜ ਵੀ ਬਿੰਦੀ ਢਿੱਲਵਾਂ ਇਸ ਮੈਚ ਦਾ ਹਾਲ ਬੜੇ ਚਾਅ ਨਾਲ ਦੱਸਦੈ, “ਭਾਊ ਪ੍ਰੀਤਮ ਦੇ ਹੁੰਦਿਆਂ ਜੋ ਰੇਡਾਂ ਉਦੋਂ ਪਾ ਦਿੱਤੀਆਂ, ਉਹ ਮੀਲ ਪੱਥਰ ਬਣ ਗਈਆਂ। ਪ੍ਰੀਤਮ ਦੀ ਰਹਿਨੁਮਾਈ ਨੇ ਸਾਰੇ ਡਰ ਭਉ ਲਾਹ ਦਿੱਤੇ।” ਸਾਥੀ ਖਿਡਾਰੀ ਪ੍ਰੀਤਮ ਦੀ ਵਡਿਆਈ ਇਸ ਕਰਕੇ ਵੀ ਕਰਦੇ ਹਨ ਕਿ ਉਸ ਨੇ ਨਵੇਂ ਖਿਡਾਰੀਆਂ ਨੂੰ ਗਰਾਊਂਡ ਵਿਚ ਆਉਣ ਦੇ ਪੂਰੇ ਮੌਕੇ ਦਿੱਤੇ। ਜਿਵੇਂ ਕੋਈ ਬਾਪ ਉਂਗਲ ਫੜਾ ਕੇ ਬਾਲ ਨੂੰ ਤੁਰਨਾ ਸਿਖਾਉਂਦਾ ਹੈ, ਉਵੇਂ ਉਸ ਨੇ ਨਵੇਂ ਖਿਡਾਰੀਆਂ ਨੂੰ ਖੇਡਣ ਲਾਇਆ।
ਲੋਕ ਦੱਸਦੇ ਆ, ਬਈ ਸੁਲਤਾਨਪੁਰ ਲੋਧੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ‘ਤੇ ਜਲੰਧਰ ਤੇ ਕਪੂਰਥਲੇ ਦੀਆਂ ਟੀਮਾਂ ਵਿਚਕਾਰ ਮੈਚ ਫਸ ਗਿਆ। ਦੋਵੇਂ ਟੀਮਾਂ ਦੇ ਖਿਡਾਰੀ ਲੋਕਾਂ ਦੇ ਦੇਖੇ-ਪਰਖੇ ਸਨ। ਸਟੇਡੀਅਮ ਵਿਚ ਤਿਲ ਸੁੱਟਣ ਦੀ ਥਾਂ ਨਹੀਂ ਸੀ। ਮੈਚ ਦਾ ਅੱਧਾ ਸਮਾਂ ਹੋ ਚੁਕਾ ਸੀ, ਜਦੋਂ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਸਟੇਜ ‘ਤੇ ਪੁੱਜੇ। ਅਨਾਊਂਸਮੈਂਟ ਹੋਈ ਕਿ ਦੋਵੇਂ ਟੀਮਾਂ ਦੇ ਖਿਡਾਰੀਆਂ ਨੂੰ ਕਤਾਰਾਂ ਵਿਚ ਖੜ੍ਹਾ ਕਰ ਦਿੱਤਾ ਜਾਵੇ। ਗਿਆਨੀ ਜੀ ਅਸ਼ੀਰਵਾਦ ਦੇਣਗੇ। ਮੈਚ ਰੋਕ ਕੇ ਕਤਾਰਾਂ ਬਣਾ ਦਿੱਤੀਆਂ ਗਈਆਂ। ਸਟੇਜ ‘ਤੇ ਸਿਆਸੀ ਭਾਸ਼ਣਬਾਜ਼ੀ ਭਾਰੂ ਹੋ ਗਈ। ਖਿਡਾਰੀਆਂ ਦੇ ਭਖੇ ਜੁੱਸੇ ਠੰਢੇ ਪੈਣ ਲੱਗੇ। ਲੋਕ ਮੈਚ ਦੇਖਣ ਲਈ ਪੱਬਾਂ ਭਾਰ ਸਨ। ਕਾਫੀ ਸਮਾਂ ਲੰਘ ਗਿਆ। ਫਿਰ ਕੀ ਸੀ? ਉਹੀ ਗੱਲ ਹੋਈ ਜਿਹਦਾ ਡਰ ਸੀ। ਜਲੰਧਰ ਦੀ ਟੀਮ ਦਾ ਕਪਤਾਨ ਬੰਸਾ ਲੋਹੀਆਂ ਅਤੇ ਕਪੂਰਥਲਾ ਟੀਮ ਦਾ ਕਪਤਾਨ ਪ੍ਰੀਤਾ ਨਡਾਲੀਆ ਆਪੋ-ਆਪਣੀਆਂ ਟੀਮਾਂ ਲੈ ਕੇ ਮੈਦਾਨੋਂ ਬਾਹਰ ਆ ਗਏ। ਫਿਰ ਸਪੀਕਰ ਵਿਚੋਂ ਕਈ ਵਾਰ ਅਵਾਜ਼ਾਂ ਆਈਆਂ ਕਿ ਮੈਚ ਦਿਖਾਉ ਪਰ ਕੌਣ ਮੰਨਦਾ? ਖਿਡਾਰੀਆਂ ਦਾ ਸਵਾਲ ਸੀ, ਪਈ ਖੇਡ ਪਹਿਲਾਂ ਜਾਂ ਸਿਆਸਤ?
ਨਾਮਵਰ ਖਿਡਾਰੀ ਨਾਲ ਕੋਈ ਨਾ ਕੋਈ ਰੌਚਕ ਕਿੱਸਾ ਜੁੜ ਜਾਂਦਾ ਹੈ, ਜੋ ਦੰਦ ਕਥਾ ਬਣ ਜਾਂਦਾ ਹੈ। ਗੱਲ ਪਟਿਆਲੇ ਹੋਈ 27ਵੀਂ ਕਬੱਡੀ ਚੈਂਪੀਅਨਸ਼ਿਪ ਦੀ ਹੈ। ਮੈਚ ਕਪੂਰਥਲੇ ਤੇ ਫਰੀਦਕੋਟ ਦੀਆਂ ਟੀਮਾਂ ਵਿਚਕਾਰ ਖੇਡਿਆ ਜਾ ਰਿਹਾ ਸੀ। ਉਦੋਂ ਬਲਕਾਰਾ ਹਰਨਾਮਪੁਰੀਆ, ਗਿਆਨੀ ਮੋਠਾਂਵਾਲੀਆ ਤੇ ਬੋਲਾ ਪੱਤੜ ਮੋਢਿਆਂ ਉਤੋਂ ਦੀ ਥੁੱਕਦੇ ਸਨ। ਨਿੰਦੀ ਔਜਲਾ ਤੇ ਭੱਜੀ ਖੀਰਾਂਵਾਲੀਏ ਦੀ ਕੋਈ ਪੇਸ਼ ਨਹੀਂ ਸੀ ਜਾ ਰਹੀ। ਫਰੀਦਕੋਟੀਏ, ਕਪੂਰਥਲੀਆਂ ਨੂੰ ਸੱਜਰੇ ਸ਼ਰੀਕਾਂ ਵਾਂਗ ਟੱਕਰੇ ਸਨ। ਜਾਫੀ ਵੀਰੂ ਤੇ ਸੇਵੀ ਨੇ ਕਪੂਰਥਲੀਏ ਧਾਵੀਆਂ ਦੀ ਅਸਲੋਂ ਮੱਤ ਮਾਰੀ ਛੱਡੀ ਸੀ। ਇਸ ਦੌਰਾਨ ਪ੍ਰੀਤੇ ਨੇ ਕਬੱਡੀ ਪਾਈ। ਸੇਵੀ ਨੇ ਦਸਤਪੰਜਾ ਲਿਆ। ਸੇਵੀ ਰਾਹ ਨਾ ਦੇਵੇ। ਪ੍ਰੀਤਾ ਕਰੇ ਤਾਂ ਕਰੇ ਕੀ? ਅੰਤ ਪ੍ਰੀਤੇ ਨੇ ਸੇਵੀ ਨੂੰ ਬਗਲਾਂ ਭਰ ਉਤਾਂਹ ਚੁੱਕ ਕੇ ਵੀਰੂ ‘ਤੇ ਐਸਾ ਸੁੱਟਿਆ ਕਿ ਦੋਹਾਂ ਭਰਾਵਾਂ ਦੇ ਸਿਰ ਪਾਟ ਗਏ। ਲਹੂ ਦੀਆਂ ਤਤੀਰੀਆਂ ਵਹਿ ਤੁਰੀਆਂ…।
1965 ਵਿਚ ਪ੍ਰੀਤਮ ਪੰਜਾਬ ਪੁਲਿਸ ਵਿਚ ਬਤੌਰ ਹੌਲਦਾਰ ਭਰਤੀ ਹੋਇਆ। ਭਰਤੀ ਹੋ ਕੇ ਵੀ ਉਸ ਨੇ ਪੇਂਡੂ ਟੂਰਨਾਮੈਂਟ ਖੇਡਣੇ ਨਾ ਛੱਡੇ। 1966 ਵਿਚ ਉਸ ਨੇ ਜੈਵਲਿਨ ਸੁੱਟਣਾ ਸ਼ੁਰੂ ਕੀਤਾ। 1969 ਵਿਚ ਅਜਮੇਰ ਵਿਖੇ 67.32 ਮੀਟਰ ਨੇਜਾ ਸੁੱਟ ਕੇ ਭਾਰਤ ਦਾ ਨਵਾਂ ਕੌਮੀ ਰਿਕਾਰਡ ਰੱਖਿਆ। ਉਦੋਂ ਗੁਰਬਚਨ ਸਿੰਘ ਰੰਧਾਵੇ ਦਾ ਕੌਮੀ ਰਿਕਾਰਡ 64.09 ਮੀਟਰ ਸੀ। 1971 ਵਿਚ ਉਹ ਸਿੰਗਾਪੁਰ ਪ੍ਰੀ-ਏਸ਼ੀਅਨ ਮੁਕਾਬਲਿਆਂ ਵਿਚ ਗਿਆ। ਉਥੇ ਜੈਵਲਿਨ ਸੁੱਟ ਕੇ ਇੰਡੀਆ ਲਈ ਗੋਲਡ ਮੈਡਲ ਜਿੱਤਿਆ ਅਤੇ ਪਹਿਲਾ ਰਿਕਾਰਡ ਤੋੜਿਆ, ਜੋ ਮਲੇਸ਼ੀਆ ਦੇ ਨਛੱਤਰ ਸਿੰਘ ਦੇ ਨਾਂ ਸੀ। ਜਦੋਂ ‘ਜਨ-ਗਣ-ਮਨ’ ਦੀ ਧੁਨ ਗੂੰਜੀ ਤਾਂ ਭਾਵਕ ਹੋਏ ਦੀਆਂ ਅੱਖਾਂ ਛਲਕ ਪਈਆਂ।
ਪ੍ਰੀਤਮ ਹੈਂਡਬਾਲ ਦਾ ਖਿਡਾਰੀ ਵੀ ਰਿਹਾ। ਜਦੋਂ 100 ਮੀਟਰ ਦੌੜਦਾ ਤਾਂ ਲੋਕਾਂ ਦੇ ਮੂੰਹ ਅੱਡੇ ਰਹਿ ਜਾਂਦੇ। 400 ਮੀਟਰ ਦੌੜ ਵਿਚ ਉਹ ਪੰਜਾਬ ਪੁਲਿਸ ਦੀ ਰਿਲੇਅ ਟੀਮ ਦਾ ਮੈਂਬਰ ਰਿਹਾ। ਡਿਸਕਸ ਥ੍ਰੋਅ ਵਿਚ ਵੀ ਪੁਜ਼ੀਸ਼ਨਾਂ ਮਾਰਦਾ। ਪ੍ਰੀਤੇ ਵਿਚ ਇੰਨਾ ਜ਼ੋਰ ਤੇ ਹੁਨਰ ਕਿਥੋਂ ਆਇਆ, ਇਹ ਰੱਬ ਹੀ ਜਾਣਦਾ। ਖੇਡ ਲੇਖਕ ਬਲਿਹਾਰ ਸਿੰਘ ਰੰਧਾਵਾ ਲਿਖਦਾ ਹੈ, “ਨੇਜ਼ੇ ਨੂੰ ਉਹ ਸਾਹਾਂ ਤੋਂ ਵੱਧ ਪਿਆਰ ਕਰਦਾ ਸੀ। ਜਿਥੇ ਮੈਚ ਖੇਡਣ ਜਾਂਦਾ, ਨੇਜ਼ਾ ਆਪਣੇ ਨਾਲ ਲੈ ਜਾਂਦਾ, ਗਰਾਊਂਡ ਵਿਚ ਜਾ ਗੱਡਦਾ, ਜਿਵੇਂ ਕੋਈ ਜੇਤੂ ਜਰਨੈਲ ਆਪਣੀ ਜਿੱਤ ਦਾ ਝੰਡਾ ਗੱਡਦਾ ਹੈ।”
1974 ਤੇ 77 ਵਿਚ ਉਹਦੀ ਕਪਤਾਨੀ ਹੇਠ ਭਾਰਤ ਦੀ ਕਬੱਡੀ ਟੀਮ ਇੰਗਲੈਂਡ ਮੈਚ ਖੇਡਣ ਗਈ। ਉਦੋਂ ਸਾਊਥਾਲ ਦੀ ਟੀਮ ਪੂਰੀ ਚੜ੍ਹਾਈ ਵਿਚ ਸੀ। ਹਿੰਮਤ ਸਿੰਘ ਸੋਹੀ ਤੇ ਹਰਪਾਲ ਸਿੰਘ ਬਰਾੜ ਪੂਰੀ ਚੜ੍ਹਤ ਵਿਚ ਸਨ। ਉਸ ਵਕਤ ਜੀਤਾ ਸਿਪਾਹੀ, ਸੱਤਾ ਸਠਿਆਲੀਆ, ਭੱਜੀ ਖੁਰਦਪੁਰੀਆ ਤੇ ਰਸਾਲਾ ਅੰਬਰਸਰੀਆ ਚੋਟੀ ਦੇ ਖਿਡਾਰੀ ਸਨ। ਸੰਨ 1977 ਦੇ ਸਮੇਂ ਨੂੰ ਯਾਦ ਕਰ ਕੇ ਪ੍ਰੀਤਾ ਅੱਜ ਵੀ ਅਰਜਨ ਕੌਂਕੇ, ਫਿੱਡੂ, ਬੋਲਾ ਪੱਤੜ, ਦੇਵੀ ਦਿਆਲ ਤੇ ਭੱਜੀ ਖੀਰਾਂਵਾਲੀਏ ਨੂੰ ਆਪਣੇ ਪੋਟਿਆਂ ‘ਤੇ ਗਿਣਦਾ ਹੈ। ਸਰਵਣ ਰਮੀਦੀ ਨੂੰ ਸੀਨੀਅਰ ਖਿਡਾਰੀ ਮੰਨ ਕੇ ਸਤਿਕਾਰ ਦਿੰਦਾ ਹੈ। ਪ੍ਰੀਤੇ ਨੇ ਕਬੱਡੀ ਵਿਚੋਂ ਕਈਆਂ ਵਾਂਗ ਡਾਲਰ ਪੌਂਡ ਨਹੀਂ ਕਮਾਏ। ਕਾਰਾਂ, ਕੋਠੀਆਂ ਤੇ ਪਲਾਟ ਨਹੀਂ ਖਰੀਦੇ। ਪੈਸੇ ਨੂੰ ਉਹ ਹੱਥਾਂ ਦੀ ਮੈਲ ਸਮਝਦਾ ਤੇ ਸਮਾਜ ਸੇਵਾ ਨੂੰ ਪੁੰਨ ਦਾ ਕਾਰਜ। ਉਸ ਨੇ ਸਿਰੜੀ ਮਿਹਨਤ ਕਰ ਕੇ ਆਪਣੇ ਸਾਧੇ ਜੁੱਸੇ ਨਾਲ ਪੰਜਾਬੀਆਂ ਦੀ ਰੂਹ ਨੂੰ ਧੁਰ ਅੰਦਰ ਤਕ ਸਰਸ਼ਾਰ ਕੀਤਾ ਹੈ।
ਕਬੱਡੀ ਤੇ ਰੱਸਾਕਸ਼ੀ ਦਾ ਸੁਮੇਲ
ਦਰਮਿਆਨੇ ਕੱਦ-ਕਾਠ ਅਤੇ ਗੋਲ ਭਰਵੇਂ ਚਿਹਰੇ ਵਾਲਾ ਹੈ, ਲਹਿੰਬਰ ਸਿੰਘ ਸੰਘਵਾਲ। ਉਹਦੇ ਮੱਥੇ ਦੀਆਂ ਲਕੀਰਾਂ ਵਿਚ ਖੇਡ ਮੈਦਾਨਾਂ ਦੇ ਕਿੱਸੇ ਲਿਖੇ ਪਏ ਹਨ ਅਤੇ ਚੇਤੇ ਵਿਚ ਜਾਂਘੀਏ ਲੰਗੋਟਾਂ ਤੋਂ ਲੈ ਕੇ ਬਲੇਜ਼ਰਾਂ ਤੱਕ ਦੇ ਸਫਰ ਦੀ ਕਹਾਣੀ ਸਾਂਭੀ ਹੋਈ ਹੈ। ਉਹ ਨੱਬੇ ਫੀਸਦੀ ਗੱਲਾਂ ਕਬੱਡੀ ਬਾਰੇ ਹੀ ਕਰਦਾ ਹੈ, ਜਿਹੜੀਆਂ ਰਾਹ ਜਾਂਦਿਆਂ ‘ਤੇ ਜਾਦੂ ਧੂੜਦੀਆਂ ਹਨ। ਉਹਦੀ ਮੋਹਣੇ ‘ਸੰਘੇ’ ਨਾਲ ਮੁੱਢ-ਕਦੀਮ ਦੀ ਯਾਰੀ ਹੈ। ਦੋਵੇਂ ਕਬੱਡੀ ਦੀਆਂ ਗੱਲਾਂ ਦੇ ਧਨੰਤਰ ਹਨ। ਲਹਿੰਬਰ ਚੜ੍ਹਦੀ ਕਲਾ ਵਾਲਾ ਖਿਡਾਰੀ ਅਤੇ ਖੇਡ ਮੈਦਾਨਾਂ ਦਾ ਆਸ਼ਕ ਰਿਹਾ ਹੈ। ਅਜਿਹੇ ਇਨਸਾਨ ਲੋਕ ਚੇਤਿਆਂ ਵਿਚ ਵਸ ਜਾਂਦੇ ਹਨ। ਕਬੱਡੀ ਅਤੇ ਰੱਸਾਕਸ਼ੀ ਵਿਚ ਅਜਿਹਾ ਹੀ ਦਰਵੇਸ਼ ਖਿਡਾਰੀ ਹੈ, ਲਹਿੰਬਰ ਸੰਘਵਾਲ।
ਉਹਦਾ ਜਨਮ ਪਹਿਲੀ ਨਵੰਬਰ, 1963 ਦਾ ਹੈ। ਉਸ ਦਾ ਬਾਪ ਸੁੱਚਾ ਸਿੰਘ ਆਪਣੇ ਨਾਂ ਦੇ ਅਰਥਾਂ ਮੁਤਾਬਿਕ ਸੱਚਾ ਸੁੱਚਾ ਇਨਸਾਨ ਹੈ। ਦਾਦੇ ਤਾਰਾ ਸਿੰਘ ਬਾਰੇ ਲਹਿੰਬਰ ਦੱਸਦਾ ਹੁੰਦਾ ਕਿ ਮੱਸਿਆ ਤੋਂ ਇੱਕ ਦਿਨ ਪਹਿਲਾਂ ਸੰਘਵਾਲੋਂ ਤੁਰ ਪੈਂਦਾ, ਰਾਤ ਗੁਰੂ ਕੀ ਨਗਰੀ ਅੰਮ੍ਰਿਤਸਰ ਪਹੁੰਚਦਾ ਤੇ ਦਰਬਾਰ ਸਾਹਿਬ ਦੇ ਦਰਸ਼ਨ ਦੀਦਾਰੇ ਕਰਨ ਪਿੱਛੋਂ ਪੈਰੀਂ 170 ਕਿਲੋਮੀਟਰ ਦਾ ਪੈਂਡਾ ਮਾਰ ਕੇ ਪਿੰਡ ਮੁੜਦਾ। ਲਹਿੰਬਰ ਨੇ ਕਰਾੜੀ ਸਕੂਲ ਤੋਂ ਅੱਠਵੀਂ ਪਾਸ ਕਰ ਕੀਤੀ। ਨੌਂਵੀਂ ਵਿਚ ਸਪੋਰਟਸ ਸਕੂਲ ਜਲੰਧਰ ਦਾਖਲ ਹੋਇਆ। ਦਸਵੀਂ ਵਿਚ ਉਹ ਸਪੋਰਟਸ ਵਿੰਗ ਰਣਧੀਰ ਸਕੂਲ ਕਪੂਰਥਲੇ ਆ ਗਿਆ। ਸਪੋਰਟਸ ਵਿੰਗ ਵਿਚ ਉਹੀ ਦਾਖਲ ਹੁੰਦਾ ਸੀ, ਜਿਹਦੇ ਡੌਲਿਆਂ ਤੇ ਪੱਟਾਂ ਵਿਚ ਜਾਨ ਹੁੰਦੀ ਸੀ। ਵਿੰਗ ਦੇ ਕੋਚ ਸ਼ੇਰ ਸਿੰਘ ਨੇ ਲਹਿੰਬਰ ਨੂੰ ਮਿਹਨਤ ਦੀ ਮਧਾਣੀ ਨਾਲ ਰਿੜਕ ਕੇ ਕਬੱਡੀ ਦੇ ਮੱਖਣ ਦਾ ਪੇੜਾ ਬਣਾ ਦਿੱਤਾ। 1979 ਵਿਚ ਅੰਤਰ ਜਿਲਾ ਜਲੰਧਰ ਨੈਸ਼ਨਲ ਸਟਾਈਲ ਕਬੱਡੀ ਵਿਚ ਉਨ੍ਹਾਂ ਦੀ ਟੀਮ ਰਨਰ ਅੱਪ ਰਹੀ। 1980 ‘ਚ ਅੰਮ੍ਰਿਤਸਰ ਵਿਚ ਫਿਰ ਰਨਰ ਅੱਪ। 1981 ਵਿਚ ਪੰਜਾਬ ਦੇ ਸਾਰੇ ਜਿਲੇ, ਮਾਲਵੇ ਦੇ ਬਠਿੰਡਾ ਸ਼ਹਿਰ ਵਿਚ ਭਿੜੇ। ਫਾਈਨਲ ਮੁਕਾਬਲੇ ਵਿਚ ਸਪੋਰਟਸ ਵਿੰਗ ਕਪੂਰਥਲਾ ਨੇ ਸਪੋਰਟਸ ਵਿੰਗ ਜਲੰਧਰ ਦੀਆਂ ਗੋਡਣੀਆਂ ਲਵਾ ਕੇ ਕਪੂਰਥਲੇ ਦਾ ਨਾਂ ਕਬੱਡੀ ਦੇ ਇਤਿਹਾਸ ਵਿਚ ਮੂਹਰਲੀਆਂ ਸਤਰਾਂ ਵਿਚ ਲਿਖ ਦਿੱਤਾ। 1981 ਵਿਚ ਕੋਚ ਅਜੀਤ ਸਿੰਘ ਮਾਲੜੀ ਦੀ ਅਗਵਾਈ ਹੇਠ ਇੱਕ ਮਹੀਨੇ ਦਾ ਕਬੱਡੀ ਕੈਂਪ ਸਪੋਰਟਸ ਸਕੂਲ ਜਲੰਧਰ ਲੱਗਾ। ਲਹਿੰਬਰ ਦੇ ਦੱਸਣ ਮੁਤਾਬਿਕ, ਮਾਲੜੀ ਸਾਹਿਬ ਨੇ ਮਿਹਨਤ ਕਰਵਾ ਕੇ ਸੂਈ ਦੇ ਨੱਕੇ ਵਿਚ ਦੀ ਕੱਢ ਦਿੱਤਾ!
1981 ਵਿਚ ਨੈਸ਼ਨਲ ਪਟਨਾ ਸਾਹਿਬ, ਬਿਹਾਰ ਵਿਚ ਹੋਈ। ਫਾਈਨਲ ਮੈਚ ਮਹਾਰਾਸ਼ਟਰ ਨਾਲ ਖੇਡ ਕੇ ਜੇਤੂ ਟਰਾਫੀ ਦਾ ਮੂੰਹ ਪੰਜਾਬੀਆਂ ਨੇ ਚੁੰਮਿਆ। ਉਸ ਮੈਚ ਵਿਚ ਬਿੰਦਰ ਸੰਮੀਪੁਰੀਆ, ਗਿਆਨਾ ਸ਼ੇਖੂਪੁਰੀਆ, ਅਖਤਰ ਢੱਡਾ, ਜੈਲਾ ਹੁਸ਼ਿਆਰਪੁਰੀਆ, ਜੋਗਾ ਚਮਿਆਰਾ, ਨਛੱਤਰ ਜਖੇਪਲ, ਛਿੰਦਾ ਤਰਨਤਾਰਨ, ਟਹਿਲਾ ਅੰਬਰਸਰੀਆ ਤੇ ਸੁਲਤਾਨਾ ਉਹਦੇ ਸਾਥੀ ਖਿਡਾਰੀ ਸਨ। ਸਪੋਰਟਸ ਵਿੰਗ ਕਪੂਰਥਲਾ ਤੋਂ ਬਾਅਦ ਲਹਿੰਬਰ ਕਾਂਗੜਾ ਕਾਲਜ ‘ਚ ਦਾਖਲ ਹੋਇਆ ਤੇ ਸ਼ਿਮਲਾ ਯੂਨੀਵਰਸਿਟੀ ਚੈਂਪੀਅਨਸ਼ਿਪ ਵਿਚ ਕਾਂਗੜੇ ਦਾ ਜੇਤੂ ਪਰਚਮ ਲਹਿਰਾਇਆ।
1987 ਵਿਚ ਮੈਨੂੰ ਕਰਾੜੀ ਹਾਈ ਸਕੂਲ ਵਿਚ ਨੌਕਰੀ ਮਿਲੀ। ਲਹਿੰਬਰ ਦੀ ਖੇਡ ਉਨ੍ਹੀਂ ਦਿਨੀਂ ਸਿਖਰ ‘ਤੇ ਸੀ। ਵੱਡੇ ਵੱਡੇ ਪਹਿਲਵਾਨਾਂ, ਕੌਡਿਆਲਾਂ ਤੇ ਕੋਚਾਂ ਵਿਚ ‘ਲਹਿੰਬਰ ਲਹਿੰਬਰ’ ਹੁੰਦੀ ਸੀ। ਸਰਦਾਰ ਉਮਰਾਓ ਸਿੰਘ ਉਨ੍ਹੀਂ ਦਿਨੀਂ ਟੱਗ ਆਫ ਵਾਰ ਫੈਡਰੇਸ਼ਨ ਭਾਰਤ ਦੇ ਪ੍ਰਧਾਨ ਸਨ। ਭਾਰਤ ਦੀ ਰੱਸਾਕਸ਼ੀ ਟੀਮ ਨੇ ਜਪਾਨ ਜਾਣਾ ਸੀ। ਜਿਲਾ ਸਪੋਰਟਸ ਅਫਸਰ ਮਹਿੰਦਰ ਸਿੰਘ ਨੇ ਲਹਿੰਬਰ ਨੂੰ ਸੁਨੇਹਾ ਭੇਜਿਆ ਕਿ ਰੱਸਾਕਸ਼ੀ ਦੇ ਟਰਾਇਲ 3 ਨਵੰਬਰ ਨੂੰ ਹਨ। ਤਿਆਰੀ ਕਰ ਲਵੇ। ਚੁੰਭੇ ‘ਤੇ ਗੁੜ ਬਣਾਉਂਦੇ ਲਹਿੰਬਰ ਨੂੰ ਜਦੋਂ ਸੁਨੇਹਾ ਮਿਲਿਆ ਤਾਂ ਉਹ ਗੁੜ ਤੋਂ ਵੀ ਮਿੱਠਾ ਲੱਗਾ। ਤਿਆਰੀ ਲਈ ਦਿਨ ਥੋੜ੍ਹੇ ਹੀ ਸਨ। ਲਹਿੰਬਰ ਨੇ ਦੱਸਿਆ ਕਿ ਭਲਵਾਨ ਮਹਿੰਦਰ ਸਿੰਘ ਨੇ ਤਿਆਰੀ ਕਰਵਾਉਣ ਲਈ ਖੂਹ ਤੇ ਅੰਬ ਨਾਲ ਰੱਸਾ ਬੰਨ੍ਹ ਲਿਆ। ਇੱਕ ਹਫਤਾ ਠੋਕ ਕੇ ਮਿਹਨਤ ਕਰਵਾਈ। ਗਿਆਨੀ ਜਰਨੈਲ ਸਿੰਘ ਮੋਠਾਂਵਾਲੀਏ ਤੇ ਬਲਵਿੰਦਰ ਫਿੱਡੂ ਨੇ ਹੌਂਸਲਾ ਦਿੱਤਾ। ਜੰਗ ‘ਚ ਜਾਣ ਵਾਲੇ ਸਿਪਾਹੀ ਵਾਂਗ ਲਹਿੰਬਰ ਤਿਆਰ ਸੀ।
ਦੋ ਦਿਨ ਟਰਾਇਲ ਚਲਦੇ ਰਹੇ। ਆਰਮੀ ਵਾਲੇ ਵੀ ਟਰਾਇਲ ਦੇਣ ਆਉਂਦੇ। ਲਮਕਦੇ ਰੱਸੇ ਨੂੰ ਫੜ ਕੇ ਉੱਪਰ ਚੜ੍ਹਨਾ ਮਾਊਂਟ ਐਵਰੈਸਟ ਚੜ੍ਹਨ ਵਾਂਗ ਸੀ। ਹੱਥ ਪੱਟ ਕੇ ਪਾਉਣਾ, ਸਰੀਰ ਨੂੰ ਤੁੱਕੇ ਵਾਂਗ ਸਿੱਧਾ ਰੱਖਣਾ ਡਾਢਾ ਔਖਾ ਸੀ। ਪਹਿਲਾਂ ਸਿੰਗਲ ਫਿਰ ਡਬਲ ਰੱਸਾ। ਲਹਿੰਬਰ ਨੇ ਅੰਬ ‘ਤੇ ਪਾਏ ਰੱਸੇ ਦਾ ਧਿਆਨ ਧਰਿਆ। ਉਹਨੂੰ ਭਲਵਾਨ ਮਹਿੰਦਰ ਸਿੰਘ ਦਰੋਣਾਚਾਰੀਆ ਵਾਂਗ ਦਿਸਿਆ। 22 ਸਕਿੰਟ ਵਿਚ ਰੱਸੇ ਦਾ ਸਿਰਾ ਜਾ ਛੋਹਿਆ। ਸਿਲੈਕਸ਼ਨ ਕਮੇਟੀ ਵਿਚ ਖਲੋਤੇ ਡੀ. ਸੀ. ਜਲੰਧਰ ਸ੍ਰੀ ਸੁਧੀਰ ਮਿੱਤਰ ਨੇ ਖੁਸ਼ੀ ਵਿਚ ਲਹਿੰਬਰ ਦਾ ਮੂੰਹ ਚੁੰਮ ਲਿਆ।
1988 ਵਿਚ ਲਹਿੰਬਰ ਰੱਸਾਕਸ਼ੀ ਦੀ ਭਾਰਤੀ ਟੀਮ ਦਾ ਕਪਤਾਨ ਬਣ ਕੇ ਜਪਾਨ ਗਿਆ। ਪੱਠਿਆਂ ਵਾਲੇ ਗੱਡੇ ਤੋਂ ਉੱਤਰ ਕੇ ਹਵਾਈ ਜਹਾਜ ‘ਤੇ ਚੜ੍ਹਨ ਉਹਨੂੰ ਸੱਚ ਨਾ ਆਵੇ! ਆਪਣੇ ਆਪ ਦੇ ਚੂੰਢੀ ਵੱਢੀ ਮਤੇ ਸੁਪਨਾ ਹੀ ਨਾ ਹੋਵੇ। ਅੱਗੇ ਜਪਾਨ ‘ਚ 60 ਦੇਸ਼ਾਂ ਦੀਆਂ ਟੀਮਾਂ ਪਹੁੰਚੀਆਂ ਹੋਈਆਂ ਸਨ। ਉਨ੍ਹਾਂ ‘ਚ ਲਹਿੰਬਰ ਦੀ ਦਿੱਖ ਵੱਖਰੀ ਸੀ। ਗੁੱਝੀ ਰਹੇ ਨਾ ਹੀਰ ਹਜ਼ਾਰ ਵਿਚੋਂ। ਲਵੀ ਕਾਲੀ ਸ਼ਾਹ ਦਾਹੜੀ, ਨਿੱਕੇ ਘੁੰਗਰਾਲੇ ਵਾਲ, ਨਿੱਕੀਆਂ ਖੜ੍ਹੀਆਂ ਮੁੱਛਾਂ ਤੇ ਸਿਰ ‘ਤੇ ਦਸਤਾਰ। ਕਿਸੇ ਪਲਟਨ ਦੇ ਜਰਨੈਲ ਹੋਣ ਦਾ ਭੁਲੇਖਾ ਪਾਉਂਦਾ ਸੀ। ਮਾਂ ਸ਼ਮਿੰਦਰ ਕੌਰ ਦਾ ਲਾਡਾਂ ਨਾਲ ਪਾਲਿਆ ਲਹਿੰਬਰ ਲੋਕਾਂ ਦੇ ਦਿਲਾਂ ਵਿਚ ਲਹਿ ਲਹਿ ਜਾਂਦਾ ਸੀ।
…ਭਾਰਤੀ ਟੀਮ ਦਾ ਫਾਈਨਲ ਮੁਕਾਬਲਾ ਮੇਜ਼ਬਾਨ ਮੁਲਕ ਜਪਾਨ ਨਾਲ ਫਸ ਗਿਆ। ਦੋਵੇਂ ਟੀਮਾਂ ਜ਼ੋਰ ਲਾ ਲਾ ਥੱਕ ਗਈਆਂ। ਪੈਰ ਜ਼ਮੀਨ ਵਿਚ ਉਲਟਾਵੇਂ ਹਲ ਵਾਂਗ ਧਸਦੇ ਜਾਣ। ਵੱਡੇ ਵੱਡੇ ਖੁੱਤ ਪੈ ਗਏ। ਦਰਸ਼ਕ ਵੀ ਖਿਡਾਰੀਆਂ ਨਾਲ ਜੋਸ਼ ਵਿਚ ਦੂਹਰੇ ਤੀਹਰੇ ਹੋ ਰਹੇ ਸਨ। ਇਹ ਗੱਲ ਦੱਸਦਾ ਲਹਿੰਬਰ ਆਪ ਵੀ ਇੱਕ ਪਾਸੇ ਨੂੰ ਉੱਲਰ ਗਿਆ ਸੀ। ਆਪੋ ਆਪਣੇ ਮੁਲਕ ਦੀ ਸ਼ਾਨ ਦਾ ਸਵਾਲ ਸੀ। ਆਖਰ ਜਪਾਨੀ ਅੱਵਲ ਆ ਗਏ ਤੇ ਭਾਰਤੀ ਦੋਇਮ ਰਹੇ। ਇਨਾਮ ਵੰਡ ਰਸਮ ਵੇਲੇ ਜਪਾਨ ਦੇ ਪ੍ਰਧਾਨ ਮੰਤਰੀ ਨੋਮੋਰੂ ਟੇਕੇਸ਼ਤਾ ਨੇ ਆਪਣੇ ਕੋਟ ਨਾਲੋਂ ਪਿੰਨ ਲਾਹ ਕੇ ਲਹਿੰਬਰ ਦੇ ਸੀਨੇ ‘ਤੇ ਲਾ ਦਿੱਤਾ। ਅਸਲ ਵਿਚ ਲਹਿੰਬਰ ਦਾ ਖੇਡ ਹੁਨਰ, ਤਕਨੀਕ, ਠਰ੍ਹੰਮਾ ਤੇ ਜ਼ੋਰ ਪ੍ਰਧਾਨ ਮੰਤਰੀ ਦੇ ਦਿਲ ‘ਚ ਲਹਿ ਗਿਆ ਸੀ। ਪਿੰਨ ਸੌ ਮੈਡਲਾਂ ਤੋਂ ਵੀ ਵੱਡਾ ਮੈਡਲ ਸੀ। ਸੀਨਾ ਫੁੱਲ ਕੇ ਦੋ ਇੰਚ ਹੋਰ ਚੌੜਾ ਹੋ ਗਿਆ ਸੀ। ਲਹਿੰਬਰ ਲਈ ਇਹ ਜ਼ਿੰਦਗੀ ਦਾ ਸਭ ਤੋਂ ਵੱਡਾ ਸਨਮਾਨ ਸੀ।
ਲਹਿੰਬਰ ਹੁਰਾਂ ਦਾ ਚਹੇੜੂ ਹੋਇਆ ਮੈਚ ਕਬੱਡੀ ਇਤਿਹਾਸ ਦੀ ਅਭੁੱਲ ਯਾਦ ਹੈ। ਸੰਘਵਾਲੀਏ ਉਦੋਂ ਨਵੇਂ ਉੱਠੇ ਸਨ। ਫਾਈਨਲ ਮੈਚ ਮੇਹਟਾਂ ਨਾਲ ਪੈ ਗਿਆ। ਸੰਘਵਾਲੀਏ ਰੰਗ ਬਰੰਗੇ ਕੱਛੇ ਪਾਈ ਮੈਦਾਨ ਵਿਚ ਉੱਤਰ ਆਏ। ਮੇਹਟਾਂ ਦੇ ਖਿਡਾਰੀ ਮੁਕਾਬਲੇ ਵਿਚ ਉੱਚੇ ਲੰਬੇ, ਗੱਠੇ ਹੋਏ ਚੰਗੀ ਚੜ੍ਹਤ ਵਿਚ ਸਨ। ਲੋਕਾਂ ਦਾ ਭਾਰੀ ‘ਕੱਠ ਸੀ। ਉਪਰ ਤਪਿਆ ਹੋਇਆ ਸੂਰਜ ਵੀ ਸ਼ਹਿ ਲਾਈ ਖੜ੍ਹਾ ਸੀ। ਮੈਚ ਸ਼ੁਰੂ ਹੋ ਗਿਆ। ਪਹਿਲੇ ਹਾਫ ਵਿਚ ਮੇਹਟਾਂ ਦੇ ਖਿਡਾਰੀਆਂ ਨੇ 9 ਨੰਬਰ ਲੈ ਲਏ, ਜਦੋਂ ਕਿ ਸੰਘਵਾਲੀਆਂ ਦਾ ਖਾਤਾ ਵੀ ਨਾ ਖੁੱਲ੍ਹ ਸਕਿਆ। ਲੋਕ ਟਿੱਚਰਾਂ ਕਰਨ, “ਆਹ ਵੱਛੀਆਂ ਜਿਹੀਆਂ ਕਿੱਥੋਂ ਲਿਆਂਦੀਆਂ ਨੇ?”
ਮੈਚ ਦਾ ਦੂਜਾ ਅੱਧ ਸ਼ੁਰੂ ਹੋ ਗਿਆ। ਲਹਿੰਬਰ ਕੌਡੀਆਂ ਪਾਉਣ ਲੱਗਾ। ਮੇਹਟਾਂ ਦੇ ਖਿਡਾਰੀ ਨੇ ਕੌਡੀ ਪਾਈ। ਜੱਸੇ ਖਹਿਰੇ ਨੇ ਜੱਫਾ ਲਾ ਦਿੱਤਾ। ਲਹਿੰਬਰ ਕੌਡੀ ਗਿਆ। ਜਾਫੀ ਨੇ ਗੁੱਟ ਫੜ ਕੇ ਕੈਂਚੀ ਮਾਰ ਦਿੱਤੀ। ਲਹਿੰਬਰ ਨੇ ਜਾਫੀ ਨੂੰ ਤੋਲ ਕੇ ਵਗਾਹ ਮਾਰਿਆ। ਮਾਂ ਦੀਆਂ ਖਾਧੀਆਂ ਉਂਨੀ ਉਂਨੀ ਰੋਟੀਆਂ ਨੇ ਮੈਚ ਉਂਨੀ-ਇੱਕੀ ਦੇ ਫਰਕ ‘ਤੇ ਲੈ ਆਂਦਾ। ਜਰਮਨ ਚਾਹਲ ਨੇ ਉਪਰੋਥਲੀ ਜੱਫੇ ਤੇ ਜੱਫੇ ਲਾਏ। ਮੈਚ ਦਾ ਪਾਸਾ ਹੀ ਪਲਟ ਗਿਆ। ਮੈਚ ਦੇ ਅਖੀਰ ਵਿਚ ਸੰਘਵਾਲੀਆਂ ਨੂੰ ਲੋਕਾਂ ਨੇ ਮੋਢਿਆਂ ‘ਤੇ ਚੁੱਕ ਲਿਆ। ਵੱਛੀਆਂ ਸਾਹਨ ਬਣ ਗਈਆਂ ਸਨ!
ਲਹਿੰਬਰ ਨੇ ਕਹਿੰਦੇ ਕਹਾਉਂਦੇ ਧਾਵੀਆਂ ਨੂੰ ਆਪਣੇ ਨਾਗਵਲਾਂ ਨਾਲ ਡੱਕਿਆ ਹੈ। ਉਹਦੇ ਬਾਜ਼ ਦੇ ਪੰਜਿਆਂ ਵਰਗੇ ਹੱਥ ਧਾਵੀ ਅਤੇ ਰੱਸੇ ਨੂੰ ਐਸਾ ਵਲ ਮਾਰਦੇ ਹਨ ਕਿ ਦਰਸ਼ਕਾਂ ਦੇ ਹੱਥ ਤਾੜੀਆਂ ਮਾਰਨ ਲਈ ਮਜਬੂਰ ਹੋ ਜਾਂਦੇ ਹਨ। ਉਹਦੇ ਲੱਗੇ ਜੱਫੇ ‘ਤੇ ਦਰਸ਼ਕਾਂ ਦੀਆਂ ਅਵਾਜ਼ਾਂ ਆਉਂਦੀਆਂ ਹਨ, “ਪਾਅ ‘ਤਾ ਨਾਗਵਲ, ਹੁਣ ਨੀ ਛੱਡਦਾ।”
ਲਹਿੰਬਰ ਸਿੰਘ ਅੱਜ ਕੱਲ੍ਹ ਕੈਲੀਫੋਰਨੀਆ ਦੇ ਸ਼ਹਿਰ ਫਰਿਜ਼ਨੋ ਰਹਿੰਦਾ ਹੈ। ਉਹ ਆਪਣੇ ਪਿੰਡ ਦੇ ਗਦਰੀ ਬਾਬਿਆਂ ਤੇ ਭਲਵਾਨਾਂ ਦੇ ਕਿੱਸੇ ਸੁਣਾਉਂਦਾ ਅਕਸਰ ਵਜਦ ਵਿਚ ਆ ਜਾਂਦਾ ਹੈ। ਕਿਰਤੀ ਤੇ ਕਿਰਸੀ ਹੈ। ਉਸ ਨੇ ਆਪਣੀ ਕਿਰਤ ਵਿਚੋਂ ਕੁੱਝ ਪੈਸੇ ਜੋੜ ਕੇ ਇਲਾਕੇ ਵਿਚ ਇੱਕ ਅਖਾੜਾ ਬਣਾਇਆ ਅਤੇ ਸਪੋਰਟਸ ਅਫਸਰ ਕੋਚ ਸ਼ਾਮ ਲਾਲ ਨੂੰ ਅਖਾੜੇ ਦਾ ਸੰਚਾਲਕ ਬਣਾਇਆ ਹੈ। ਲਾਗਲੇ ਪਿੰਡਾਂ ਦੇ ਨੌਜਵਾਨ ਓਸ ਅਖਾੜੇ ਵਿਚ ਆਪਣਾ ਮੁੜ੍ਹਕਾ ਡੋਲ੍ਹ ਕੇ ਲਹਿੰਬਰ ਦੇ ਬੀਜੇ ਸੁਪਨਿਆਂ ਨੂੰ ਸਿੰਜ ਰਹੇ ਹਨ। ਇੱਕ ਦਿਨ ਜ਼ਰੂਰ ਉਸ ਅਖਾੜੇ ਵਿਚੋਂ ਕੋਈ ਜਗੀਰੀ, ਮਹਿੰਦਰ, ਸ਼ੀਰੀ, ਨਰੰਜਣ, ਭਜਨ, ਜੋਗੀ ਜਾਂ ਅਮਰ ਢੇਸੀ ਵਰਗਾ ਭਲਵਾਨ ਪੈਦਾ ਹੋਵੇਗਾ, ਜੋ ਲਹਿੰਬਰ ਸਿੰਘ ਦੇ ਸੁਪਨੇ ਸਾਕਾਰ ਕਰੇਗਾ।
ਇੰਦਰਜੀਤ ਸਿੰਘ ਪੱਡਾ ਨਾਲ ਸੰਪਰਕ ਫੋਨ: 91-98159-67462 ਰਾਹੀਂ ਹੋ ਸਕਦਾ ਹੈ।