ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਬੰਦੀ ਛੋੜ ਦਿਵਸ

ਅੰਮ੍ਰਿਤਸਰ: ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਵਲੋਂ ਤਕਰੀਬਨ ਚਾਰ ਸਦੀਆਂ ਪਹਿਲਾਂ ਮੁਗਲ ਹਕੂਮਤ ਦੁਆਰਾ ਗਵਾਲੀਅਰ ਦੇ ਕਿਲ੍ਹੇ ‘ਚ ਕੈਦ ਕੀਤੇ 52 ਰਾਜਿਆਂ ਨੂੰ ਮੁਕਤ ਕਰਾ ਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਰਤਣ ਦੀ ਖੁਸ਼ੀ ਵਿਚ ਸਿੱਖ ਜਗਤ ਵਲੋਂ ਮਨਾਇਆ ਜਾਂਦਾ ਬੰਦੀ ਛੋੜ ਦਿਵਸ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਅਤੇ ਸਿੱਖ ਸੰਗਤ ਵਲੋਂ ਅਥਾਹ ਸ਼ਰਧਾ ਤੇ ਉਤਸ਼ਾਹ ਸਹਿਤ ਮਨਾਇਆ।

ਲੱਖਾਂ ਦੀ ਗਿਣਤੀ ‘ਚ ਦੂਰੋਂ ਨੇੜਿਓਂ ਸੰਗਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਇਸ਼ਨਾਨ ਕਰਨ ਅਤੇ ਇਸ ਪਾਵਨ ਅਸਥਾਨ ‘ਤੇ ਦੀਪਮਾਲਾ ਕਰਨ ਪੁੱਜੀ। ਇਸ ਮੌਕੇ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਪੁਰਾਤਨ ਚਲੀ ਆਉਂਦੀ ਰਵਾਇਤ ਅਨੁਸਾਰ ਦਰਸ਼ਨੀ ਡਿਉਢੀ ਤੋਂ ਸਿੱਖ ਕੌਮ ਦੇ ਨਾਂ ਸੰਦੇਸ਼ ਦਿੱਤਾ ਗਿਆ।
ਜਿਥੇ ਸ੍ਰੀ ਅਕਾਲ ਤਖਤ ਸਾਹਿਬ ਤੇ ਸਮੁੱਚੇ ਸ੍ਰੀ ਹਰਿਮੰਦਰ ਸਾਹਿਬ ਸਮੂਹ ਦੀਆਂ ਇਮਾਰਤਾਂ ਵਿਖੇ ਆਧੁਨਿਕ ਰੌਸ਼ਨੀਆਂ ਨਾਲ ਸੁੰਦਰ ਦੀਪਮਾਲਾ ਕੀਤੀ ਗਈ, ਉਥੇ ਸੰਗਤ ਨੇ ਪੁਰਾਤਨ ਰਵਾਇਤ ਅਨੁਸਾਰ ਪਰਿਕਰਮਾ ‘ਚ ਸਰੋਵਰ ਕਿਨਾਰੇ ਤੇ ਹੋਰਨਾਂ ਥਾਵਾਂ ਉਤੇ ਦੇਸੀ ਘਿਉ ਦੇ ਦੀਵੇ ਵੀ ਬਾਲ ਕੇ ਸ਼ਰਧਾ ਦਾ ਪ੍ਰਗਟਾਵਾ ਕੀਤਾ। ਦੀਵੇ ਜਗਾਉਣ ਦੀ ਸ਼ੁਰੂਆਤ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਕੀਤੀ। ਰਹਿਰਾਸ ਸਾਹਿਬ ਦੇ ਪਾਠ ਉਪਰੰਤ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਦੀਆਂ ਛੱਤਾਂ ਤੋਂ ਮਾਹਿਰ ਆਤਿਸ਼ਬਾਜ਼ਾਂ ਵਲੋਂ ਚਲਾਈ ਰੰਗ-ਬਿਰੰਗੀਆਂ ਰੌਸ਼ਨੀਆਂ ਵਾਲੀ ਆਤਿਸ਼ਬਾਜ਼ੀ ਦਾ ਅਲੌਕਿਕ ਨਜ਼ਾਰਾ ਵੀ ਸੰਗਤ ਨੇ ਮਾਣਿਆ। ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਅਤੇ ਅਕਾਲ ਤਖਤ ਸਾਹਿਬ ਵਿਖੇ ਧਾਰਮਿਕ ਦੀਵਾਨ ਸਜਾਏ ਗਏ।
ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਬੰਦੀ ਛੋੜ ਦਿਵਸ ਮੌਕੇ ਸ੍ਰੀ ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਉਢੀ ਤੋਂ ਸਿੱਖ ਕੌਮ ਦੇ ਨਾਂ ਸੰਦੇਸ਼ ਜਾਰੀ ਕਰਦਿਆਂ ਕਿਹਾ ਕਿ ਅੱਜ ਦੇ ਦਿਹਾੜੇ ਮੌਕੇ ਇਸ ਵਿਲੱਖਣਤਾ ਦੇ ਇਤਿਹਾਸ ਦੀ ਪੜਚੋਲ ਕਰਨੀ ਸਾਡੇ ਸਭਨਾਂ ਲਈ ਅਹਿਮ ਅਤੇ ਲਾਜ਼ਮੀ ਹੈ ਕਿ ਅੱਜ ਖਾਲਸਾ ਪੰਥ ਕਿੱਥੇ ਖੜ੍ਹਾ ਹੈ। ਦੇਸ਼ ਦੇ ਮੌਜੂਦਾ ਹਾਲਾਤ ਦਾ ਅਸਿੱਧੇ ਢੰਗ ਨਾਲ ਜ਼ਿਕਰ ਕਰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਿੱਖ ਫਲਸਫੇ ਅਨੁਸਾਰ ਬਦੀ ਦੇ ਰਸਤੇ ‘ਤੇ ਤੁਰੇ ਹੁਕਮਰਾਨਾਂ ਨੂੰ ਨੇਕੀ ਦੇ ਰਸਤੇ ਉਤੇ ਲਿਆਉਣ ਲਈ ਹਰ ਸਿੱਖ, ਖਾਸ ਕਰਕੇ ਨੌਜਵਾਨ ਸਿੱਖ ਪੀੜ੍ਹੀ ਨੂੰ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਹੋਣਾ ਚਾਹੀਦਾ ਹੈ ਅਤੇ ਇਹ ਅਹਿਸਾਸ ਉਸ ਮੌਕੇ ਹੋਰ ਵੀ ਜ਼ਰੂਰੀ ਤੇ ਚੁਣੌਤੀਆਂ ਭਰਿਆ ਬਣ ਜਾਂਦਾ ਹੈ ਜਦੋਂ ਮੁੜ ਤੋਂ ਦੇਸ਼ ਅੰਦਰ ਧਰਮ, ਭਾਸ਼ਾ, ਰਾਜਨੀਤੀ, ਆਰਥਿਕਤਾ, ਸਿੱਖਿਆ ਅਤੇ ਸੱਭਿਆਚਾਰ ਵਾਲੀ ਕੁਦਰਤੀ ਵੰਨ ਸੁਵੰਨਤਾ ਨੂੰ ਖਤਮ ਕਰਕੇ ਇਕਸਾਰਤਾ ਲਿਆਉਣ ਦੇ ਨਾਂ ਹੇਠ ਜਬਰ ਜ਼ੁਲਮ ਤੇ ਵਿਤਕਰੇਬਾਜ਼ੀ ਦੀ ਲਹਿਰ ਤੇਜ਼ ਹੋਣ ਲੱਗੇ, ਅਸਹਿਮਤੀ ਦੀ ਆਵਾਜ਼ ਨੂੰ ਰਾਜਸੀ ਤਾਕਤ ਦੇ ਜ਼ੋਰ ਨਾਲ ਬੰਦ ਕਰਵਾਇਆ ਜਾ ਰਿਹਾ ਹੋਵੇ, ਨਵੇਂ ਕਾਲੇ ਕਾਨੂੰਨ ਲਿਆ ਕੇ ਬੁੱਧੀਜੀਵੀਆਂ ਸਮੇਤ ਆਮ ਨਾਗਰਿਕਾਂ ਨੂੰ ਜੇਲ੍ਹਾਂ ‘ਚ ਬੰਦ ਕਰਨ ਦੀ ਪ੍ਰਕਿਰਿਆ ਵਿਚ ਵਾਧਾ ਹੋਣ ਦਾ ਚਿੰਤਾਜਨਕ ਵਰਤਾਰਾ ਵਾਪਰ ਰਿਹਾ ਹੋਵੇ, ਸਿੱਖ ਕੈਦੀਆਂ ਨੂੰ 35-35 ਸਾਲਾਂ ਤੋਂ ਜੇਲ੍ਹਾਂ ‘ਚ ਬੰਦੀ ਬਣਾ ਕੇ ਰੱਖਿਆ ਹੋਇਆ ਹੋਵੇ।
ਆਪਣੇ ਸੰਦੇਸ਼ ‘ਚ ਕਿਸਾਨ ਅੰਦੋਲਨ ਦਾ ਜ਼ਿਕਰ ਕਰਦਿਆਂ ਅਤੇ ਇਤਿਹਾਸ ਵਿਚ ਬਾਬਾ ਬੰਦਾ ਸਿੰਘ ਬਹਾਦਰ ਵਲੋਂ ਕਿਸਾਨਾਂ ਨੂੰ ਜ਼ਮੀਨਾਂ ਦੇ ਮਾਲਕਾਨਾ ਹੱਕ ਦੇਣ ਦਾ ਹਵਾਲਾ ਦਿੰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅਸੀਂ ਇਸ ਸਾਲ ਬੰਦੀ ਛੋੜ ਦਿਹਾੜਾ ਉਸ ਮੌਕੇ ਮਨਾ ਰਹੇ ਹਾਂ ਜਦੋਂ ਭਾਰਤ ਦੇ ਹਰ ਕਿਸਾਨ ਦੇ ਪਰਿਵਾਰਾਂ ਵਿਚੋਂ ਬਜ਼ੁਰਗ, ਬੱਚੇ, ਬੀਬੀਆਂ-ਭੈਣਾਂ ਅਤੇ ਨੌਜਵਾਨ ਆਪਣੇ ਵਿਰਾਸਤੀ ਹੱਕਾਂ ਦੀ ਲੜਾਈ ਲਈ ਰਣ ਮੈਦਾਨ ‘ਚ ਉਤਰੇ ਹੋਏ ਹਨ। ਉਨ੍ਹਾਂ ਕਿਹਾ ਕਿ ਬੰਦੀ ਛੋੜ ਦਿਹਾੜੇ ਮੌਕੇ ਸਮੁੱਚਾ ਖਾਲਸਾ ਪੰਥ ਕਿਸਾਨਾਂ-ਮਜ਼ਦੂਰਾਂ ਸਮੇਤ ਹਰ ਪੀੜਤ ਧਿਰ ਨੂੰ ਕੇਵਲ ਇਹ ਵਿਸ਼ਵਾਸ ਨਾ ਦੁਆਏ ਕਿ ਪੰਥ ਦੀ ਸ਼ਕਤੀ ਉਨ੍ਹਾਂ ਨਾਲ ਖੜ੍ਹੀ ਹੈ, ਬਲਕਿ ਇਸ ਅੰਦੋਲਨ ਦੀ ਢਾਲ ਬਣ ਕੇ ਇਹ ਲੜਾਈ ਲੜਨ ਲਈ ਅੱਗੇ ਆਵੇ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਸੰਗਤ ਨੂੰ ਮੌਜੂਦਾ ਸਮੇਂ ‘ਚ ਫੈਲੀਆਂ ਸਮਾਜਿਕ ਕੁਰੀਤੀਆਂ ਵਿਰੁੱਧ ਸੰਘਰਸ਼ਸ਼ੀਲ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਦੀ ਵੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ। ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ, ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਰਘਬੀਰ ਸਿੰਘ, ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਗੌਹਰ, ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਅਤੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਆਦਿ ਨੇ ਵੀ ਸੰਬੋਧਨ ਕੀਤਾ।