ਸ਼ਰਾਬ ਦੀ ਵਿਕਰੀ ਨਾਲ ਕੱਟੀ ਜਾ ਰਹੀ ਹੈ ਕੈਪਟਨ ਸਰਕਾਰ ਦੀ ਤੰਗੀ

ਚੰਡੀਗੜ੍ਹ: ਮਾਲੀ ਆਫਤ ਵਿਚ ਘਿਰੀ ਪੰਜਾਬ ਸਰਕਾਰ ਦੀ ਬਾਂਹ ਆਖਰ ਸ਼ਰਾਬ ਦੇ ਸ਼ੌਕੀਨਾਂ ਨੇ ਫੜੀ ਹੈ। ਕੋਵਿਡ ਦੌਰਾਨ ਆਬਕਾਰੀ ਮਾਲੀਏ ‘ਚ ਬੇਹੱਦ ਕਟੌਤੀ ਹੋ ਗਈ ਸੀ, ਜਿਸ ਵਜੋਂ ਪੰਜਾਬ ਸਰਕਾਰ ਵਿਰੋਧੀ ਧਿਰਾਂ ਦੇ ਨਿਸ਼ਾਨੇ ਉਤੇ ਵੀ ਆ ਗਈ ਸੀ। ਜਦੋਂ ਹੁਣ ਆਬਕਾਰੀ ਕਮਾਈ ਵਿਚ ਵਾਧੇ ਦਾ ਅੰਕੜਾ ਦਿੱਸਣ ਲੱਗਿਆ ਹੈ ਤਾਂ ਆਬਕਾਰੀ ਮਹਿਕਮੇ ਨੇ ਸੁੱਖ ਦਾ ਸਾਹ ਲਿਆ ਹੈ।

ਵੇਰਵਿਆਂ ਅਨੁਸਾਰ ਚਾਲੂ ਮਾਲੀ ਵਰ੍ਹੇ ਦੇ ਇਕੱਲੇ ਅਕਤੂਬਰ ਮਹੀਨੇ ਵਿਚ ਆਬਕਾਰੀ ਆਮਦਨ ਵਿਚ ਕਰੀਬ 20 ਫੀਸਦੀ ਦਾ ਵਾਧਾ ਹੋਇਆ ਹੈ ਜਦੋਂ ਕਿ ਕੋਵਿਡ ਮਗਰੋਂ ਮੁੜ ਠੇਕੇ ਖੁੱਲ੍ਹਣ ਉਤੇ ਆਬਕਾਰੀ ਮਾਲੀਏ ਵਿਚ ਕਰੀਬ 9 ਫੀਸਦੀ ਦਾ ਵਾਧਾ ਹੋ ਗਿਆ ਹੈ। ਅਕਤੂਬਰ 2020 ਦੌਰਾਨ 501 ਕਰੋੜ ਰੁਪਏ ਆਬਕਾਰੀ ਆਮਦਨ ਵਜੋਂ ਪ੍ਰਾਪਤ ਹੋਏ ਹਨ ਜਦੋਂ ਕਿ ਅਕਤੂਬਰ 2019 ਦੌਰਾਨ 419 ਕਰੋੜ ਦੀ ਆਮਦਨ ਸੀ। ਇਹ ਵਾਧਾ ਕਰੀਬ 20 ਫੀਸਦੀ ਦਾ ਬਣਦਾ ਹੈ। ਇਸੇ ਤਰ੍ਹਾਂ 15 ਮਈ 2020 ਤੋਂ 31 ਅਕਤੂਬਰ 2020 ਤੱਕ ਕਰੀਬ 9 ਫੀਸਦੀ ਆਬਕਾਰੀ ਆਮਦਨ ਵਿਚ ਵਾਧਾ ਹੋਇਆ ਹੈ। ਵੇਰਵਿਆਂ ਅਨੁਸਾਰ ਅਪਰੈਲ ਤੋਂ ਅਕਤੂਬਰ 2019 ਦੇ ਸਮੇਂ ਦੌਰਾਨ ਆਬਕਾਰੀ ਆਮਦਨ 2735 ਕਰੋੜ ਰੁਪਏ ਇਕੱਤਰ ਹੋਈ ਸੀ। ਚਾਲੂ ਮਾਲੀ ਸਾਲ ਦੇ ਇਸ ਸਮੇਂ ਦੌਰਾਨ ਆਬਕਾਰੀ ਵਸੂਲੀ 2984 ਕਰੋੜ ਰੁਪਏ ਹੋ ਗਈ ਹੈ। ਪੰਜਾਬ ਸਰਕਾਰ ਵੱਲੋਂ ਪਹਿਲਾਂ ਅਗਸਤ ਵਿਚ 5 ਫੀਸਦੀ ਅਤੇ ਮੁੜ ਨਵੰਬਰ ਵਿਚ 5 ਫੀਸਦੀ ਕੋਟਾ ਵੀ ਵਧਾਇਆ ਗਿਆ, ਜਿਸ ਨਾਲ ਸਰਕਾਰ ਨੂੰ 250 ਕਰੋੜ ਦੀ ਵਾਧੂ ਆਮਦਨ ਹੋਵੇਗੀ।
ਦੱਸਣਯੋਗ ਹੈ ਕਿ ਸ਼ਰਾਬ ਦੇ ਠੇਕੇਦਾਰਾਂ ਨੇ ਕੋਵਿਡ ਵਿਚ ਪਏ ਘਾਟੇ ਮਗਰੋਂ ਸਰਕਾਰ ਨਾਲ ਰੱਫੜ ਵੀ ਪਾਈ ਰੱਖਿਆ ਸੀ। ਪੰਜਾਬ ਸਰਕਾਰ ਨੇ ਮੁਢਲੇ ਪੜਾਅ ਉਤੇ ਸਾਲ 2020-21 ਦੌਰਾਨ ਆਬਕਾਰੀ ਆਮਦਨ ਦਾ ਟੀਚਾ 6200 ਕਰੋੜ ਰੁਪਏ ਰੱਖਿਆ ਸੀ ਪਰ ਕੋਵਿਡ ਦੌਰਾਨ ਪਈ ਮਾਰ ਮਗਰੋਂ ਇਹ ਟੀਚਾ ਰਿਵਾਈਜ਼ ਕਰਕੇ 4700 ਕਰੋੜ ਰੁਪਏ ਕਰ ਦਿੱਤਾ ਗਿਆ। ਪੰਜਾਬ ਸਰਕਾਰ ਵੱਲੋਂ ਸ਼ਰਾਬ ਤਸਕਰੀ ਖਿਲਾਫ ਉੱਠੀ ਆਵਾਜ਼ ਨੂੰ ਠੱਲ੍ਹਣ ਲਈ ਨਾਜਾਇਜ਼ ਸ਼ਰਾਬ ਖਿਲਾਫ ਅਪਰੇਸ਼ਨ ਚਲਾਇਆ। ਪੰਜਾਬ ਪੁਲਿਸ ਨੇ ਰਾਤੋਂ-ਰਾਤ ਸ਼ਰਾਬ ਤਸਕਰੀ ਦੀ ਪੈੜ ਨੱਪਣੀ ਸ਼ੁਰੂ ਕਰ ਦਿੱਤੀ ਸੀ।
ਇਸ ਵਿਸ਼ੇਸ਼ ਅਪਰੇਸ਼ਨ ਤਹਿਤ ਸਤੰਬਰ ਤੱਕ ਪੰਜਾਬ ਵਿਚ 10,963 ਕੇਸ ਦਰਜ ਕੀਤੇ ਗਏ ਅਤੇ 1.18 ਲੱਖ ਲੀਟਰ ਨਾਜਾਇਜ਼ ਸ਼ਰਾਬ ਜ਼ਬਤ ਕੀਤੀ ਗਈ। 5.10 ਲੱਖ ਕਿਲੋ ਲਾਹਨ ਵੀ ਫੜਿਆ ਗਿਆ। ਪੰਜਾਬ ਸਰਕਾਰ ਦਾ ਦਾਅਵਾ ਹੈ ਕਿ ਰਾਜ ਵਿਚ ਨਾਜਾਇਜ਼ ਸ਼ਰਾਬ ਦੀ ਤਸਕਰੀ ਰੁਕ ਗਈ ਹੈ, ਜਿਸ ਵਜੋਂ ਠੇਕਿਆਂ ਦੀ ਸ਼ਰਾਬ ਦੀ ਵਿਕਰੀ ਵਧੀ ਹੈ। ਕਰ ਅਤੇ ਆਬਕਾਰੀ ਕਮਿਸ਼ਨਰ ਏ.ਵੀਨੂੰ ਪ੍ਰਸ਼ਾਦ ਨੇ ਦੱਸਿਆ ਕਿ ਚਾਲੂ ਮਾਲੀ ਵਰ੍ਹੇ ਦੌਰਾਨ ਕਰੀਬ 20 ਫੀਸਦੀ ਆਬਕਾਰੀ ਆਮਦਨ ਵਿਚ ਇਜ਼ਾਫਾ ਹੋਣ ਦਾ ਅਨੁਮਾਨ ਹੈ। ਉਨ੍ਹਾਂ ਦੱਸਿਆ ਕਿ ਕੋਵਿਡ ਮਗਰੋਂ ਜੋ ਆਬਕਾਰੀ ਵਸੂਲੀ ਹੋਈ ਹੈ, ਉਸ ਵਿਚ ਕਾਫੀ ਵਾਧਾ ਹੋਇਆ।