ਸੋਚਾਂ ਦੀਆਂ ਲੜੀਆਂ ਅਤੇ ਅੱਲ੍ਹੜ ਵਰੇਸ ਦਾ ਨਾਟਕ

ਡਾ. ਸਾਹਿਬ ਸਿੰਘ
ਫੋਨ: +91-98880-11096
ਸਾਡੇ ਕੋਲ ਬਾਲਗ ਵਰਗ ਲਈ ਅਨੇਕਾਂ ਨਾਟਕ ਹਨ। ਬਾਲ ਨਾਟਕ ਬਹੁਤ ਜ਼ਿਆਦਾ ਨਹੀਂ, ਫਿਰ ਵੀ ਇਸ ਦੀ ਹੋਂਦ ਨਜ਼ਰ ਪੈਂਦੀ ਹੈ। ਨਾਟਕ ਮਨ ਦੀ ਗੱਲ ਕਰਦਾ ਹੈ। ਭਾਵਨਾਵਾਂ ਦੀ ਤਰਜਮਾਨੀ ਕਰਦਾ ਹੈ। ਸਮੱਸਿਆ ਦੀ ਪੇਸ਼ਕਾਰੀ ਕਰਦਾ ਹੈ। ਫਿਰ ਕੀ ਕਾਰਨ ਹੈ ਕਿ ਅੱਲ੍ਹੜ ਵਰੇਸ ਦਾ ਨਾਟਕ ਲਗਪਗ ਨਾਦਾਰਦ ਹੈ। ਪੰਜਾਬੀ ਨਾਟਕਕਾਰੀ ‘ਚ ਤਾਂ ਮੁਸ਼ਕਿਲ ਨਾਲ ਲੱਭਦਿਆਂ ਲਭਾਉਂਦਿਆਂ ਕੁਝ ਸੰਕੇਤ ਹੀ ਮਿਲਦੇ ਹਨ ਪਰ ਇਸ ਵਿਸ਼ੇ ਨੂੰ, ਇਸ ਉਮਰ ਨੂੰ ਮੁਖਾਤਿਬ ਹੁੰਦਾ ਕੋਈ ਸੰਪੂਰਨ ਨਾਟਕ ਗੈਰ-ਹਾਜ਼ਰ ਹੈ।

ਕੀ ਕਾਰਨ ਹਨ? ਕੀ ਅੱਲ੍ਹੜ ਉਮਰ ਦੇ ਜਜ਼ਬਾਤ ਨਾਟਕ ਦੇ ਮੇਚ ਦੇ ਨਹੀਂ? ਕੀ ਅਸੀਂ ਇਨ੍ਹਾਂ ਦੀ ਗੱਲ ਕਰਦਿਆਂ ਸੁਰੱਖਿਅਤ ਮਹਿਸੂਸ ਨਹੀਂ ਕਰਦੇ? ਕੀ ਇਨ੍ਹਾਂ ਦੀ ਗੱਲ ਕਰਦਿਆਂ ਸਾਨੂੰ ਸਮਾਜਕ ਧਾਰਮਿਕ ਚੁਣੌਤੀਆਂ ਨਾਲ ਟਕਰਾਉਣ ਤੋਂ ਡਰ ਲੱਗਦਾ ਹੈ? ਕੀ ਇਹ ਵਰੇਸ ਐਡੀ ਹੀ ਮੂੰਹ ਜ਼ੋਰ ਹੈ ਕਿ ਨਾਟਕਕਾਰਾਂ ਦੇ ਵੱਸ ‘ਚ ਨਹੀਂ ਆ ਰਹੀ? ਜਾਂ ਅਸੀਂ ਸਾਰੇ ਵੀ ਉਸ ਸਾਜ਼ਿਸ਼ ਦਾ ਸ਼ਿਕਾਰ ਹਾਂ ਜਿਹੜੀ ਸਾਜ਼ਿਸ਼ ਇਸ ਵਰੇਸ ਨੂੰ ਪਤਿਆ ਕੇ, ਪਲੋਸ ਕੇ ਕਾਬੂ ‘ਚ ਰੱਖਣ ‘ਚ ਵਿਸ਼ਵਾਸ ਰੱਖਦੀ ਹੈ ਪਰ ਉਸ ਦੀ ਗੱਲ ਸੁਣਨੀ ਨਹੀਂ ਚਾਹੁੰਦੀ। ਬਾਲ ਮਨ ਵੀ ਤਸਵੀਰਾਂ ਵਾਹੁੰਦਾ ਹੈ, ਸੁਪਨੇ ਬੁਣਦਾ ਹੈ, ਖਿਆਲਾਂ ਦੇ ਖੰਭਾਂ ‘ਤੇ ਉਡਣ ਦਾ ਯਤਨ ਕਰਦਾ ਹੈ ਪਰ ਅੱਲ੍ਹੜ ਉਮਰ ਦੀਆਂ ਭਾਵਨਾਵਾਂ ਵੱਖਰੀਆਂ ਹੁੰਦੀਆਂ ਹਨ। ਉਹ ਨਾ ਬਾਲਕ ਹੁੰਦਾ ਹੈ, ਤੇ ਨਾ ਬਾਲਗ। ਉਹ ਖਾਲੀ ਵੀ ਨਹੀਂ ਹੁੰਦਾ ਤੇ ਭਰਿਆ ਹੋਇਆ ਵੀ ਨਹੀਂ। ਉਹ ਨਿਆਣਪੁਣੇ ਦੀ ਕੰਧ ਟੱਪ ਚੁੱਕਾ ਹੁੰਦਾ ਹੈ ਪਰ ਅਜੇ ਸਿਆਣਿਆਂ ਦੀ ‘ਸਿਆਣਪ’ ਤੋਂ ਮਾਸਾ ਕੁ ਦੂਰ ਹੁੰਦਾ ਹੈ। ਉਹਦੀ ਮਾਸੂਮੀਅਤ ਅਜੇ ਮਰੀ ਤਾਂ ਨਹੀਂ ਹੁੰਦੀ ਪਰ ਗੱਲ੍ਹਾਂ ਦੀ ਲਾਲੀ ਭਖਣ ਦੇ ਰਾਹ ਪੈ ਚੁੱਕੀ ਹੁੰਦੀ ਹੈ। ਉਹਦੀਆਂ ਤਸਵੀਰਾਂ ਦੀ ਹੱਦਬੰਦੀ ਉਭਰਨੀ ਸ਼ੁਰੂ ਹੋ ਚੁੱਕੀ ਹੁੰਦੀ ਹੈ। ਉਹਦੇ ਸੁਫਨੇ ਖੌਰੂ ਪਾਉਣ ਵਾਲੀ ਅਵਸਥਾ ਵੱਲ ਵਧ ਰਹੇ ਹੁੰਦੇ ਹਨ। ਉਹਦੇ ਖਿਆਲਾਂ ‘ਚ ਉਗੇ ਖੰਭ ਅਵੱਲੀ ਤਾਕਤ ਨਾਲ ਕੰਬਣ ਲੱਗ ਪੈਂਦੇ ਹਨ। ਇਨ੍ਹਾਂ ਦੀ ਉਡਾਰੀ ਨੂੰ ਦਿਸ਼ਾ ਕੌਣ ਦੇਵੇਗਾ?
ਨਾਟਕਕਾਰ ਜਦ ਆਪਣੇ ਨਾਟਕ ਦੀ ਉਸਾਰੀ ਸ਼ੁਰੂ ਕਰਦਾ ਹੈ ਤਾਂ ਇਸ ਦੀਆਂ ਨੀਂਹਾਂ ਆਪਣੇ ਵਿਚਾਰਾਂ ਨਾਲ ਭਰਦਾ ਹੈ। ਉਹਦੇ ਦਿਲ ਦਿਮਾਗ ਨੂੰ ਕਿਸੇ ਫੁਰਨੇ ਨੇ ਘੇਰਿਆ ਹੁੰਦਾ ਹੈ। ਉਹ ਉਠਦਾ ਬਹਿੰਦਾ, ਸੌਂਦਾ ਜਾਗਦਾ ਇਸ ਫੁਰਨੇ ਸੰਗ ਬਾਤਾਂ ਪਾਉਂਦਾ ਹੈ, ਇਸ ਫੁਰਨੇ ਦੀ ਅੰਦਰਲੀ ਤੰਦ ਫੜਨ ਲਈ ਤਰਲੋਮੱਛੀ ਹੋ ਰਿਹਾ ਹੁੰਦਾ ਹੈ। ਅੱਲ੍ਹੜ ਵਰੇਸ ਵੀ ਤਾਂ ਇਹੀ ਅਵਸਥਾ ਹੰਢਾਉਂਦੀ ਹੈ। ਉਹਦੇ ਸਰੀਰ ‘ਚ ਕੁਝ ਤਬਦੀਲੀਆਂ ਅਚਾਨਕ ਵਾਪਰ ਰਹੀਆਂ ਹੁੰਦੀਆਂ ਜੋ ਉਹਨੂੰ ਵੀ ਪੂਰੀ ਤਰ੍ਹਾਂ ਸਮਝ ਨਹੀਂ ਆਉਂਦੀਆਂ। ਹਾਰਮੋਨ ਤਾਂ ਤਕਨੀਕੀ ਨਾਮ ਹੈ ਪਰ ਮੱਸ ਫੁੱਟ ਗੱਭਰੂ ਜਾਂ ਅਚਾਨਕ ਅੱਡੀਆਂ ਕੂਚਣ ਦੇ ਰਾਹ ਪਈ ਮੁਟਿਆਰ ਜਿਸ ਦੁਚਿੱਤੀ ਨਾਲ ਘੁਲ ਰਹੇ ਹੁੰਦੇ ਹਨ, ਉਸ ਨੂੰ ਕਿਹੜੀ ਤਕਨੀਕ ਪਕੜ ਕੇ ਕਿਸੇ ਕੁੱਜੇ ਵਿਚ ਬੰਦ ਕਰੇ? ਅਚਾਨਕ ਉਹਨੂੰ ਜੁਆਕਾਂ ‘ਚ ਬੈਠਣਾ ਚੰਗਾ ਲੱਗਣੋਂ ਹਟ ਜਾਂਦਾ ਹੈ। ਆਪ ਮੁਹਾਰੇ ਉਹਦੇ ਸਾਹਾਂ ਦੀ ਧੜਕਣ ਉਹਦੇ ਕਾਬੂ ਤੋਂ ਬਾਹਰ ਹੋਣ ਲੱਗਦੀ ਹੈ। ਵਿਰੋਧੀ ਲਿੰਗ ਨੂੰ ਦੇਖ ਕੇ, ਉਹਦੀ ਸੰਗਤ ‘ਚ ਉਠ ਬੈਠ ਕੇ ਉਹਦੀ ਧੌਂਕਣੀ ਤੇਜ਼ ਹੋਣ ਲੱਗਦੀ ਹੈ। ਉਤੋਂ ਸਿਤਮਜ਼ਰੀਫੀ ਇਹ ਕਿ ਨਾਸਮਝ ਚੌਗਿਰਦਾ ਕਦੇ ਤਾਂ ਉਹਨੂੰ ਇਹ ਕਹਿੰਦਾ ਹੈ ਕਿ ‘ਤੂੰ ਨਿਆਣਿਆਂ ਸੰਗ ਕਿਓਂ ਨਹੀਂ ਖੇਡਦਾ ਜਾਂ ਖੇਡਦੀ’ ਤੇ ਕਦੇ ਸ਼ੱਕ ਕਰਦਾ ਹੈ ਕਿ ‘ਸਿਆਣਿਆਂ ਦੀਆਂ ਗੱਲਾਂ ‘ਚ ਦਖਲ ਕਿਉਂ ਦੇ ਰਿਹਾ ਏਂ ਜਾਂ ਇਹ ਗੁਸਤਾਖੀ ਕਿਉਂ ਕਰ ਰਹੀ ਏਂ।’ ਉਹ ਕੀ ਕਰੇ! ਉਹਦੀ ਜੁਆਕਾਂ ਦੀਆਂ ਖੇਡਾਂ ‘ਚ ਦਿਲਚਸਪੀ ਘਟਣ ਲੱਗਦੀ ਹੈ ਤੇ ਵੱਡਿਆਂ ਦੀਆਂ ਗੱਲਾਂ ਰੁੱਖੀਆਂ ਤੇ ਬੇਲੋੜੀਆਂ ਲੱਗ ਰਹੀਆਂ ਹੁੰਦੀਆਂ ਹਨ। ਉਹ ਆਪਣੀ ਵਰੇਸ ਦੀ ਸ਼ਹਿਨਸ਼ਾਹੀ ਹੰਢਾਅ ਰਿਹਾ ਹੁੰਦਾ ਹੈ। ਇੱਥੇ ਹੀ ਸਮਾਜ ਆਪਣੀ ਜ਼ਿੰਮੇਵਾਰੀ ਤੋਂ ਭੱਜਦਾ ਹੈ। ਇੱਥੋਂ ਹੀ ਸਮੱਸਿਆ ਦਾ ਆਗਮਨ ਹੁੰਦਾ ਹੈ। ਅਸੀਂ ‘ਸੱਤਾ ਪਸੰਦ ਲੋਕ’ ਕਿਸੇ ਨੂੰ ਆਪਣੇ ਮਨ ਦੀ ਬਾਦਸ਼ਾਹੀ ਦੇਣ ਲਈ ਕਦੇ ਤਿਆਰ ਨਹੀਂ ਹੁੰਦੇ। ਇਹ ਸਮੱਸਿਆ ਨਾਟਕ ਰਚਣ ਦੇ ਨੇੜੇ ਦੀ ਸਮੱਸਿਆ ਹੈ। ਸਮਾਜ ਕਦੇ ਨਹੀਂ ਚਾਹੁੰਦਾ ਕਿ ਕੋਈ ‘ਮੈਂ ਤਾਂ ਇਕ ਸਾਰੰਗੀ ਹਾਂ!’ ਲਿਖੇ। ਤੁਸੀਂ ‘ਵੈਜਾਈਨਾ ਟਾਕਸ’ ਲਿਖਦੇ ਹੋ ਤਾਂ ਸਮਾਜ ਤੁਹਾਡੇ ਵੱਲ ਸਵਾਲਾਂ ਦੀ ਝੜੀ ਲਗਾ ਦਿੰਦਾ ਹੈ ਤੇ ਐਲਾਨ ਕਰਦਾ ਹੈ ਕਿ ਇਹ ਲਿਖਣ ਦਾ ਤੈਨੂੰ ਹੱਕ ਨਹੀਂ! ਫਿਰ ਅੱਲ੍ਹੜ ਵਰੇਸ ਦੀ ਗੱਲ ਕਰਨ ਲਈ ਹੌਸਲਾ ਤੇ ਜੇਰਾ ਕਿੱਥੋਂ ਆਏਗਾ!
ਡਾ. ਆਤਮਜੀਤ ਜਦੋਂ ਆਪਣੇ ਨਾਟਕ ਦੀ ਕਿਰਦਾਰ ਪਾਲ ਦੇ ਮੂੰਹੋਂ ਇਹ ਸੰਵਾਦ ਅਦਾ ਕਰਵਾਉਂਦਾ ਹੈ, ‘ਪੂਰੀ ਤਰ੍ਹਾਂ ਯਾਦ ਹੈ… ਕਿਰਨ ਨੂੰ ਸਭ ਪਤਾ ਹੈ… ਬੇਸਬਰੀ ਨਾਲ ਲਾਲ ਰੰਗ ਦਾ ਇੰਤਜ਼ਾਰ ਕਰ ਰਹੀ ਹੈ…।’ ਤਾਂ ਸਭਿਅਕ ਸਮਾਜ ਦੇ ਭਰਵੱਟੇ ਤਣ ਜਾਂਦੇ ਹਨ ਪਰ ਅੱਖਾਂ ਨੀਵੀਆਂ ਹੋ ਜਾਂਦੀਆਂ ਹਨ। ਬਾਰਾਂ ਸਾਲ ਦੀ ਕੁੜੀ ਆਪਣੇ ਮਾਸਿਕ ਧਰਮ ਦਾ ਜਸ਼ਨ ਕਰਨਾ ਚਾਹੁੰਦੀ ਹੈ। ਇਹ ਮੁੱਢੋਂ ਸੁੱਢੋਂ ਇਨਕਲਾਬ ਹੈ! ਨਿਰਾ ਇਨਕਲਾਬ! ਪਰ ਅਸੀਂ ਇਨਕਲਾਬ ਲਈ ਤਿਆਰ ਨਹੀਂ ਹਾਂ। ਪਾਸ਼ ਦੇ ਲਫਜ਼ਾਂ ਵਿਚ ਅਸੀਂ ਜ਼ਿੰਦਗੀ ਜਿਊਣ ਦੇ ਮਾਮਲੇ ‘ਚ ‘ਸੱਚੇ ਬਾਣੀਏ’ ਹਾਂ। ਇਸੇ ਲਈ ‘ਮੈਂ ਤਾਂ ਇੱਕ ਸਾਰੰਗੀ ਹਾਂ’ ਦਾ ਆਖਰੀ ਦ੍ਰਿਸ਼ (ਜੋ ਅਸਲ ਵਿਚ ਪਹਿਲਾ ਦ੍ਰਿਸ਼ ਹੈ) ਇਕ ਲੋਕ ਗਾਥਾ ਦਾ ਸਹਾਰਾ ਲੈਂਦਾ ਹੈ। ਰਾਣੋ ਆਪਣੀ ਭਾਬੀ ਦਾ ਲਹਿੰਗਾ ‘ਖਰਾਬ’ ਕਰ ਆਈ ਹੈ, ਕਿਉਂਕਿ ਉਸ ‘ਤੇ ਲਾਲ ਰੰਗ ਲੱਗ ਗਿਆ ਹੈ। ਰਾਣੋ ਮਾਂ ਨੂੰ ਦੱਸਦੀ ਹੈ, ‘ਮੈਨੂੰ ਪਤਾ ਹੀ ਨਹੀਂ ਲੱਗਾ, ਕਿੱਥੋਂ ਇੰਨਾ ਸਾਰਾ ਖੂਨ ਆ ਗਿਆ… ਤੇ ਮੈਂ ਲਹਿੰਗੇ ਨਾਲ ਪੂੰਝ ਦਿੱਤਾ!’ ਮਾਂ ਨਾਰਾਜ਼ ਹੈ। ਪਾਪ ਹੋ ਗਿਆ ਹੈ। ਰਾਣੋ ਹੁਣ ਤਿੰਨ ਦਿਨਾਂ ਲਈ ‘ਪਾਪੀ’ ਹੈ। ਉਹ ਰਸੋਈ ‘ਚ ਨਹੀਂ ਜਾ ਸਕਦੀ। ਭਾਬੀ ਦਾ ਹਠ ਹੈ। ਰਾਣੋ ਦਾ ਕਤਲ ਹੁੰਦਾ ਹੈ। ਲਹਿੰਗਾ ਉਹਦੇ ਖੂਨ ਨਾਲ ਰੰਗਿਆ ਜਾਂਦਾ ਹੈ। ਨਾਟਕਕਾਰ ਇਸ ਲੋਕ ਗਾਥਾ ‘ਚ ਫਿਰ ਆਪਣਾ ਰੰਗ ਭਰਦਾ ਹੈ। ਰਾਣੋ ਦੇ ਖੂਨ ‘ਚੋਂ ਅੰਬ ਦਾ ਦਰੱਖਤ ਉਗਿਆ। ਇਕ ਰਮਤੇ ਜੋਗੀ ਨੂੰ ਰਾਣੋ ਦੀ ਹੂਕ ਸੁਣੀ। ਉਸ ਨੇ ਦਰੱਖਤ ਦੀਆਂ ਕਿੰਨੀਆਂ ਸਾਰੀਆਂ ਸਾਰੰਗੀਆਂ ਬਣਾ ਦਿੱਤੀਆਂ। ਨਾਟਕਕਾਰ ਦੀ ਇੱਛਾ ਹੈ ਕਿ ਅੱਲ੍ਹੜ ਵਰੇਸ ਦੀ ਸਾਰੰਗੀ ਵਿਚੋਂ ਨਿਕਲਦੀ ਤਾਨ ਨੂੰ ਸੁਣੀਏ ਅਤੇ ਗੌਰ ਕਰੀਏ ਪਰ ਅਸੀਂ ਤਿਆਰ ਨਹੀਂ ਹਾਂ!
ਨਾਟਕ ਨੂੰ ਤਣਾਅ ਚਾਹੀਦੈ, ਟੱਕਰ ਚਾਹੀਦੀ! ਅੱਲ੍ਹੜ ਵਰੇਸ ਦੀ ਟੱਕਰ ਨੂੰ ਸ਼ਾਇਦ ਅਜੇ ਅਸੀਂ ਸ਼ਬਦ ਨਹੀਂ ਦਿੱਤੇ। ਸ਼ਾਇਦ ਇਸ ਤਣਾਅ ਦਾ ਨਿਕਾਸ ਅਭੋਲ ਵਾਪਰਦੀਆਂ ਦੁਖਦਾਈ ਘਟਨਾਵਾਂ, ਅਪੂਰਨ ਖਾਹਿਸ਼ਾਂ ਦਾ ਦੇਰੀ ਨਾਲ ਪ੍ਰਗਟਾਵਾ, ਰਚਨਾਤਮਕ ਸ਼ਕਤੀ ਦੀ ਜ਼ਾਇਆ ਹੁੰਦੀ ਪ੍ਰਕਿਰਿਆ ਦਾ ਸਾਨੂੰ ਅਸਹਿਜ ਲੱਗਣਾ ਅਜੇ ਆਰੰਭ ਨਹੀਂ ਹੋਇਆ। ਸ਼ਾਇਦ ਅਸੀਂ ਇਸੇ ਲਈ ‘ਅਤਿਵਾਦੀ’ ਹਾਂ। ਜਾਂ ਬਾਲਕ ਹਾਂ ਜਾਂ ਬਾਲਗ! ਵਿਚ ਵਿਚਾਲੇ, ਵੇਗ ਨਾਲ ਲੱਦਿਆ ‘ਦਰੱਖਤ’ ਸਾਨੂੰ ਨਜ਼ਰ ਨਹੀਂ ਆ ਰਿਹਾ। ਅਸੀਂ ਸ਼ਾਇਦ ਇਸੇ ਲਈ ‘ਕਾਲੇ ਸ਼ਹਿਜ਼ਾਦੇ’ ਦਲੀਪ ਸਿੰਘ ਦੀ ਬਾਤ ਪਾਉਂਦਿਆਂ ਉਸ ਨੂੰ ਨਾਇਕ ਜਾਂ ਖਲਨਾਇਕ ਦੇ ਤੌਰ ‘ਤੇ ਤਾਂ ਉਭਾਰਿਆ ਪਰ ਗਭਰੇਟ ਉਮਰ ‘ਚ ਵਾਪਰਦੇ ਅਹਿਸਾਸਾਂ ਸੰਗ ਭਿੜਦੇ ‘ਇਨਸਾਨ ਦਲੀਪ ਸਿੰਘ’ ਦੀ ਗਾਥਾ ਨਹੀਂ ਛੋਹੀ। ਅਸੀਂ ਸ਼ਾਇਦ ਨਾਇਕ ਖਲਨਾਇਕ ਦੇ ਤਲਿਸਮ ਤੋਂ ਬਾਹਰ ਨਹੀਂ ਨਿਕਲ ਰਹੇ। ਗਭਰੇਟ ਅਵਸਥਾ ‘ਚ ਇਨਸਾਨ ਨਾ ਨਾਇਕ ਹੁੰਦਾ ਹੈ, ਨਾ ਖਲਨਾਇਕ। ਉਹ ਸਿਰਫ ਮਨੁੱਖ ਹੁੰਦਾ ਹੈ। ਅਸੀਂ ਮਨੁੱਖ ਦੀ ਬਾਤ ਅਜੇ ਪਾਉਣੀ ਹੈ। ਅਸੀਂ ਇਨਸਾਨ ਦਾ ਨਾਟਕ ਅਜੇ ਰਚਣਾ ਹੈ। ਅੱਲ੍ਹੜ ਵਰੇਸ ਸਾਨੂੰ ਲਲਕਾਰ ਰਹੀ ਹੈ। ਇਸ ਲਲਕਾਰ ਨੂੰ ਡਾ. ਸ਼ਿਆਮ ਸੁੰਦਰ ਦੀਪਤੀ ਨੇ ਹਲਕਾ ਜਿਹਾ ਸੁਣਿਆ ਹੈ।