ਯੂ. ਏ. ਈ: ਨਿੱਜੀ ਆਜ਼ਾਦੀ ਖਾਤਰ ਇਸਲਾਮਿਕ ਕਾਨੂੰਨਾਂ ਵਿਚ ਬਦਲਾਓ ਕੀਤਾ

ਦੁਬਈ: ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਨੇ ਨਿੱਜੀ ਆਜ਼ਾਦੀ ਦਾ ਦਾਇਰਾ ਵਧਾਉਣ ਲਈ ਮੁਲਕ ਦੇ ਇਸਲਾਮਿਕ ਕਾਨੂੰਨਾਂ ਵਿਚ ਢਿੱਲ ਦੇਣ ਦਾ ਐਲਾਨ ਕੀਤਾ ਹੈ। ਵੱਡੇ ਪੱਧਰ ਉਤੇ ਕੀਤੇ ਜਾ ਰਹੇ ਬਦਲਾਓ ਵਿਚ ਅਣਵਿਆਹੇ ਜੋੜਿਆਂ ਨੂੰ ਇਕੱਠਿਆਂ ਰਹਿਣ ਦੀ ਇਜਾਜ਼ਤ ਦੇਣ, ਸ਼ਰਾਬ ਉਤੇ ਪਾਬੰਦੀਆਂ ਵਿਚ ਢਿੱਲ ਦੇਣਾ ਤੇ ‘ਅਣਖ ਖਾਤਰ ਕਤਲ’ ਨੂੰ ਅਪਰਾਧ ਦੀ ਸ਼੍ਰੇਣੀ ਵਿਚ ਲਿਆਉਣਾ ਸ਼ਾਮਲ ਹੈ।
ਨਿੱਜੀ ਆਜ਼ਾਦੀ ਦਾ ਦਾਇਰ ਵਧਾਉਣਾ ਮੁਲਕ ਦੇ ਬਦਲ ਰਹੇ ਮੁਹਾਂਦਰੇ ਨੂੰ ਦਰਸਾਉਂਦਾ ਹੈ

ਜੋ ਕਿ ਪੱਛਮੀ ਸੈਲਾਨੀਆਂ ਨੂੰ ਖਿੱਚਣ ਲਈ ਹਰ ਢੰਗ-ਤਰੀਕਾ ਅਪਣਾ ਰਿਹਾ ਹੈ। ਇਸ ਦਾ ਮਕਸਦ ਕਾਰੋਬਾਰੀਆਂ ਤੇ ਦੌਲਤਮੰਦਾਂ ਨੂੰ ਖਿੱਚਣਾ ਵੀ ਹੈ ਜੋ ਯੂ.ਏ.ਈ. ਵਿਚ ਆਪਣਾ ਭਵਿੱਖ ਬਣਾਉਣ ਦੇ ਚਾਹਵਾਨ ਹਨ, ਪਰ ਇਸਲਾਮਿਕ ਕਾਨੂੰਨ ਦੀ ਸਖਤੀ ਕਾਰਨ ਪਿੱਛੇ ਹਟਦੇ ਹਨ। ਇਹ ਬਦਲਾਓ ਇਹ ਵੀ ਦਰਸਾਉਂਦੇ ਹਨ ਕਿ ਯੂ.ਏ.ਈ. ਦੇ ਸ਼ਾਸਕ ਮੁਲਕ ਵਿਚ ਲਗਾਤਾਰ ਬਦਲ ਰਹੇ ਸਮਾਜ ਨਾਲ ਢਲਣ ਦੇ ਚਾਹਵਾਨ ਹਨ।
ਅਮੀਰਾਤ ਦਾ ਇਹ ਐਲਾਨ ਯੂ.ਏ.ਈ. ਤੇ ਇਜ਼ਰਾਈਲ ਦੇ ਇਤਿਹਾਸਕ ਸਮਝੌਤੇ ਮਗਰੋਂ ਸਾਹਮਣੇ ਆਇਆ ਹੈ ਜਿਸ ਵਿਚ ਅਮਰੀਕਾ ਨੇ ਵਿਚੋਲਗੀ ਕੀਤੀ ਹੈ। ਵੱਡੀ ਗਿਣਤੀ ਇਜ਼ਰਾਇਲੀ ਸੈਲਾਨੀਆਂ ਤੇ ਨਿਵੇਸ਼ਕਾਂ ਦੇ ਯੂ.ਏ.ਈ. ਦਾ ਰੁਖ ਕਰਨ ਦੀ ਸੰਭਾਵਨਾ ਹੈ। ਕੀਤੇ ਗਏ ਨਵੇਂ ਬਦਲਾਓ ਤਹਿਤ ਹੁਣ 21 ਸਾਲ ਜਾਂ ਇਸ ਤੋਂ ਵੱਧ ਦੇ ਵਿਅਕਤੀ ਨੂੰ ਸ਼ਰਾਬ ਪੀਣ ਲਈ ਜੁਰਮਾਨਾ ਨਹੀਂ ਹੋਵੇਗਾ। ਉਹ ਇਸ ਨੂੰ ਖਰੀਦ ਕੇ ਵੀ ਰੱਖ ਸਕਣਗੇ। ਇਸ ਤੋਂ ਪਹਿਲਾਂ ਸ਼ਰਾਬ ਖਰੀਦਣ, ਕਿਤੇ ਲਿਜਾਣ ਤੇ ਘਰ ਰੱਖਣ ਲਈ ਲਾਇਸੈਂਸ ਲੈਣਾ ਪੈਂਦਾ ਸੀ।
_______________________________________
ਪਰਵਾਸੀ ਕਾਮਿਆਂ ਬਾਰੇ ਨਵੇਂ ਸੁਧਾਰਾਂ ਦਾ ਐਲਾਨ
ਦੁਬਈ: ਸਾਊਦੀ ਅਰਬ ਵਲੋਂ ਨਵੇਂ ਸੁਧਾਰਾਂ ਦਾ ਐਲਾਨ ਕੀਤਾ ਗਿਆ ਹੈ, ਜਿਨ੍ਹਾਂ ਰਾਹੀਂ ਰੁਜ਼ਗਾਰਦਾਤਿਆਂ ਦੇ ਤਸ਼ੱਦਦ ਦਾ ਸ਼ਿਕਾਰ ਹੁੰਦੇ ਲੱਖਾਂ ਪਰਵਾਸੀ ਕਾਮਿਆਂ ਤੋਂ ਕੁਝ ਪਾਬੰਦੀਆਂ ਹਟਣਗੀਆਂ। ਮਨੁੱਖ ਸਰੋਤ ਅਤੇ ਸਮਾਜਿਕ ਵਿਕਾਸ ਮੰਤਰਾਲੇ ਨੇ ਕਿਹਾ ਕਿ ਇਨ੍ਹਾਂ ਸੁਧਾਰਾਂ ਦੇ ਲਾਗੂ ਹੋਣ ਨਾਲ ਵਿਦੇਸ਼ੀ ਕਾਮਿਆਂ ਨੂੰ ਆਪਣੀ ਸਪਾਂਸਰਸ਼ਿਪ ਇਕ ਰੁਜ਼ਗਾਰਦਾਤੇ ਤੋਂ ਦੂਜੇ ਤੱਕ ਤਬਦੀਲ ਕਰਵਾ ਕੇ ਆਪਣੀ ਨੌਕਰੀ ਬਦਲਣ ਦਾ ਅਧਿਕਾਰ ਮਿਲੇਗਾ, ਮੁਲਕ ਛੱਡਣ ਅਤੇ ਮੁੜ ਦਾਖਲ ਹੋਣ ਦੀ ਆਗਿਆ ਮਿਲੇਗੀ ਅਤੇ ਰੁਜ਼ਗਾਰਦਾਤੇ ਦੀ ਆਗਿਆ ਲਏ ਬਿਨਾਂ ਮੁਲਕ ਛੱਡਣ ਲਈ ਵੀਜ਼ਾ ਮਿਲੇਗਾ। ਇਨ੍ਹਾਂ ਸੁਧਾਰਾਂ ਦੀ ਪਿਛਲੇ ਲੰਬੇ ਸਮੇਂ ਤੋਂ ਲੋੜ ਮਹਿਸੂਸ ਕੀਤੀ ਜਾ ਰਹੀ ਸੀ। ਉਪ ਮੰਤਰੀ ਨੇ ਕਿਹਾ ਕਿ ਲੇਬਰ ਸਬੰਧੀ ਇਹ ਨਵੇਂ ਸੁਧਾਰ ਮਾਰਚ 2021 ਤੋਂ ਲਾਗੂ ਹੋਣਗੇ।