ਸਰੀਰਕ ਸਬੰਧਾਂ ਦੀ ਸੁਗੰਧਤਾ

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਨ੍ਹਾਂ ਦੀ ਵਾਰਤਕ ਵਿਚ ਕਾਵਿ ਰੰਗ ਇੰਨਾ ਭਾਰੂ ਹੁੰਦਾ ਹੈ ਕਿ ਕਈ ਵਾਰ ਤਾਂ ਭੁਲੇਖਾ ਪੈਂਦਾ ਹੈ ਕਿ ਇਹ ਵਾਰਤਕ ਹੈ ਜਾਂ ਕਵਿਤਾ! ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਪ੍ਰਤੀਬੱਧਤਾ ਦੀ ਪੂਣੀ ਕੱਤਦਿਆਂ ਛਿੱਕੂ ਵਿਚ ਪ੍ਰਗੀਤ ਦੇ ਗਲੋਟੇ ਸਜਾਏ ਸਨ। ਉਨ੍ਹਾਂ ਤਾਕੀਦ ਕੀਤੀ ਸੀ, “ਪ੍ਰਤੀਬੱਧਤਾ ਅੰਤਰੀਵੀ ਹੋਵੇ, ਸੁੱਚਮ ਨਾਲ ਭਰਪੂਰ ਹੋਵੇ, ਪਾਕੀਜ਼ ਹੋਵੇ ਅਤੇ ਰੂਹਾਨੀ ਹੋਵੇ ਤਾਂ ਮਨੁੱਖ ਨੂੰ ਨਵੀਂ ਪਛਾਣ ਮਿਲਦੀ, ਪਰ ਜੇ ਪ੍ਰਤੀਬੱਧਤਾ ਨਾਪਾਕ ਹੋਵੇ, ਕਾਲਖੀ ਹੋਵੇ, ਓਪਰੀ ਹੋਵੇ ਅਤੇ ਦਿਖਾਵੇ ਤੀਕ ਸੀਮਤ ਹੋਵੇ ਤਾਂ ਇਸ ਦੇ ਕੋਈ ਅਰਥ ਨਹੀਂ।…ਪ੍ਰਤੀਬੱਧਤਾ ਸਭ ਤੋਂ ਜਰੂਰੀ ਹੈ, ਮਨੁੱਖ ਦੀ ਖੁਦ ਨਾਲ।

ਜੇ ਮਨੁੱਖ ਖੁਦ ਨਾਲ ਹੀ ਪ੍ਰਤੀਬੱਧ ਨਹੀਂ ਹੋਵੇਗਾ ਤਾਂ ਉਸ ਕਿਸ ਨਾਲ ਪ੍ਰਤੀਬੱਧ ਹੋ ਸਕਦੈ?” ਹਥਲੇ ਲੇਖ ਵਿਚ ਡਾ. ਭੰਡਾਲ ਨੇ ਸਰੀਰਕ ਸਬੰਧਾਂ ਦੀ ਗੱਲ ਕਰਦਿਆਂ ਇਸ ਨੂੰ ਵੱਖ ਵੱਖ ਰੂਪਾਂ ਵਿਚ ਪਰਿਭਾਸ਼ਿਤ ਕੀਤਾ ਹੈ। ਉਹ ਕਹਿੰਦੇ ਹਨ, “ਸਰੀਰਕ ਸਬੰਧ ਜ਼ਿੰਦਗੀ ਦੀਆਂ ਸਮੁੱਚੀਆਂ ਕਿਰਿਆਵਾਂ ਵਿਚੋਂ ਸਭ ਤੋਂ ਉਤਮ ਅਤੇ ਸੁੱਚਮ, ਬਸ਼ਰਤੇ ਇਸ ਵਰਤਾਰੇ ਨੂੰ ਸਮੁੱਚ ਨਾਲ ਨਿਭਾਇਆ ਜਾਵੇ। ਇਸ ਵਿਚ ਰੂਹਾਂ ਦੀ ਰਾਜ਼ਦਾਰੀ, ਭਾਈਵਾਲੀ ਅਤੇ ਹਾਜ਼ਰੀ। ਇਹ ਰੂਹ ਤੋਂ ਰੂਹ ਤੀਕ ਦੀ ਪਰਵਾਜ਼, ਅਨੂਠਾ ਜਿਉਣ ਅੰਦਾਜ਼।…ਸਰੀਰਕ ਸਬੰਧ ਸਿਆਣਪ, ਸੱਚੇ, ਸਾਦਗੀ, ਸੰਪੂਰਨਤਾ ਤੇ ਸਮਰਪਿੱਤਾ ਭਿੱਜੇ ਹੋਣ ਤਾਂ ਇਸ ਨਾਲ ਬਹੁਤ ਹੀ ਪੀਢੀ ਤੇ ਪਕੇਰੀ ਸਾਂਝ ਪੈਦਾ ਹੁੰਦੀ।” ਡਾ. ਭੰਡਾਲ ਕਹਿੰਦੇ ਹਨ, “ਅਜਿਹੇ ਸਰੀਰਕ ਸਬੰਧ ਅਸੰਤੁਲਤਾ ਦਾ ਆਧਾਰ, ਜਿਨ੍ਹਾਂ ਵਿਚੋਂ ਅਸਾਵੀਂ ਸੋਚ ਨੂੰ ਪਨਪਣ ਅਤੇ ਕਾਮੁਕਤਾ ਨੂੰ ਮਾਣਨ ਦਾ ਹੱਠ ਤੇ ਹੱਕ ਸਮਝਿਆ ਗਿਆ।…ਸਰੀਰਕ ਸਬੰਧ ਦਿਲ ਦੇ ਹੁੰਦੇ, ਦਿਮਾਗ ਦੇ ਨਹੀਂ। ਇਸ ਵਿਚ ਨਫਾ, ਨੁਕਸਾਨ ਜਾਂ ਗਿਣਤੀਆਂ-ਮਿਣਤੀਆਂ ਨਹੀਂ ਹੁੰਦੀਆਂ। ਨਾ ਹੀ ਰੰਗ, ਨਸਲ, ਜਾਤ, ਧਰਮ ਜਾਂ ਊਚ-ਨੀਚ ਲਈ ਕੋਈ ਥਾਂ ਹੁੰਦੀ।…ਲੋੜ ਹੈ, ਸਰੀਰਕ ਸਬੰਧਾਂ ਨੂੰ ਸੁਖਾਵੇਂ ਤੇ ਸੰਤੁਲਤ ਬਣਾ ਕੇ ਸੁੰਦਰ ਸਮਾਜ ਦੀ ਸਿਰਜਣਾ ਕਰਨ ਵਿਚ ਪਹਿਲ ਕਰੀਏ।” -ਸੰਪਾਦਕ

ਡਾ. ਗੁਰਬਖਸ਼ ਸਿੰਘ ਭੰਡਾਲ
ਸਰੀਰਕ ਸਬੰਧਾਂ ਦੀ ਸਥਾਪਤੀ, ਸਰੀਰਕ ਤੇ ਮਾਨਸਿਕ ਲੋੜ। ਕੁਦਰਤੀ ਪ੍ਰਕਿਰਿਆ; ਜਿਸਮਾਨੀ ਤੇ ਮਾਨਸਿਕ ਪੱਧਰ ‘ਤੇ ਵਾਪਰਦੀ। ਉਮਰ ਦੇ ਇਕ ਪੜਾਅ ‘ਤੇ ਸਰੀਰਕ ਤਬਦੀਲੀਆਂ ਦਾ ਰੂਪ ਅਤੇ ਸਰੀਰਕ ਤੰਦਰੁਸਤੀ ਦਾ ਰਾਜ਼।
ਸਰੀਰਕ ਸਬੰਧ, ਸਮਾਜਕ ਦਾਇਰਿਆਂ ਵਿਚ ਸੁੰਦਰ ਰੂਪ ਤੇ ਸਦੀਵ ਰਿਸ਼ਤੇ। ਨਿਸ਼ਚਿਤ ਮਰਿਆਦਾਵਾਂ ਦੀ ਪਾਲਣਾ ਜਰੂਰੀ। ਇਕ ਵਲਗਣ ਵਿਚ ਰਹਿ ਕੇ ਇਸ ਦੀ ਤ੍ਰਿਪਤੀ, ਜੀਵਨ-ਜਾਚ ਦਾ ਅਹਿਮ ਰੂਪ।
ਸਰੀਰਕ ਸਬੰਧ, ਦੋ ਜਿਸਮਾਂ ਦਾ ਮਿਲਾਪ। ਮੋਹਵੰਤਾ ਮਿਲਣ-ਬਿੰਦੂ। ਅਥਾਹ ਤੇ ਅਸੀਮ ਖੁਸ਼ੀ ਦਾ ਆਧਾਰ। ਅਜ਼ੀਮ ਪਲਾਂ ਵਿਚ ਦੋ ਰੂਹਾਂ ਦੀ ਇਕਮਿੱਕਤਾ ਦਾ ਸਿਖਰ। ਜੀਵਨ-ਜੋਤ ਨੂੰ ਚਾਨਣ ਤੇ ਨਿੱਘ ਅਰਪਦਾ।
ਸਰੀਰਕ ਸਬੰਧ ਮਨੁੱਖ ਦੀ ਹੀ ਲੋੜ ਨਹੀਂ, ਸਗੋਂ ਇਹ ਪਰਿਵਾਰ ਤੇ ਸਮਾਜਕ ਪ੍ਰਗਤੀ ਵਿਚ ਅਹਿਮ ਸੂਰਤਧਾਰ। ਜਣਨ ਪ੍ਰਕਿਰਿਆ ਲਈ ਸਭ ਤੋਂ ਜਰੂਰੀ। ਮਨੁੱਖੀ ਵਾਧੇ ਤੇ ਵਿਕਾਸ ਲਈ ਅਤਿਅੰਤ ਕਾਰਗਰ। ਸਾਇੰਸ ਭਾਵੇਂ ਬੱਚੇ ਪੈਦਾ ਕਰਨ ਲਈ ਕਲੋਨਿੰਗ ਨੂੰ ਅਪਨਾਉਣਾ ਚਾਹੁੰਦੀ ਏ, ਪਰ ਕੁਦਰਤੀ ਪ੍ਰਕਿਰਿਆ ਦਾ ਕੋਈ ਬਦਲ ਨਹੀਂ।
ਸਰੀਰਕ ਸਬੰਧ ਸਮੁੱਚੇ ਜੀਵ-ਸੰਸਾਰ ਲਈ ਹੀ ਬਹੁਤ ਜਰੂਰੀ। ਇਸ ਤੋਂ ਬਿਗਨਾ ਸੰਸਾਰ ਦਾ ਵਾਧਾ ਰੁਕ ਜਾਵੇਗਾ। ਅਗਲੀਆਂ ਨਸਲਾਂ ਸਾਡੀ ਵਿਰਾਸਤ ਨੂੰ ਅੱਗੇ ਕਿਵੇਂ ਤੋਰਨਗੀਆਂ ਅਤੇ ਨਵੀਆਂ ਪੈੜਾਂ ਕਿੰਜ ਸਿਰਜਣਗੀਆਂ?
ਸਰੀਰਕ ਸਬੰਧ ਬਹੁਤ ਹੀ ਸੂਖਮ ਤੇ ਸਕੂਨ-ਮਈ। ਇਸ ਵਿਚ ਚਾਹੀਦਾ ਏ ਸਹਿਜ ਤੇ ਸੁਹਜ। ਫਿਰ ਇਸ ‘ਚੋਂ ਬਰਸਦੀਆਂ ਅਸੀਮ ਖੁਸ਼ੀਆਂ ਅਤੇ ਮੋਹ ਭਰੇ ਪਲਾਂ ਦਾ ਨਿਉਂਦਾ। ਇਹ ਤਾਂ ਬੁੱਕਲ ਦਾ ਨਿੱਘ, ਜਿਸ ਵਿਚ ਤਰਲ ਹੋ ਜਾਂਦੀਆਂ ਨੇ ਮਨੁੱਖ ਦੀਆਂ ਹੱਠੀ ਭਾਵਨਾਵਾਂ।
ਸਰੀਰਕ ਸਬੰਧ ਮਨੁੱਖ ਲਈ ਕੁਦਰਤ ਦਾ ਸਭ ਤੋਂ ਅਜ਼ੀਮ ਅਤੇ ਅਮੁੱਲ ਤੋਹਫਾ। ਇਕ ਦੂਜੇ ਦੀ ਨੇੜਤਾ ਮਾਣਨ ਅਤੇ ਇਕ ਦੂਜੇ ਵਿਚੋਂ ਖੁਦ ਨੂੰ ਵਿਕਸਿਤ ਕਰਨ ਦਾ ਸਬੱਬ।
ਸਰੀਰਕ ਸਬੰਧਾਂ ਤੋਂ ਪਹਿਲਾਂ ਜਰੂਰੀ ਏ ਇਕ ਦੂਜੇ ਨੂੰ ਸਮਝਣਾ। ਇਕ ਦੂਜੇ ਦੇ ਅੰਤਰੀਵ ਵਿਚ ਵੱਸਣ ਦਾ ਹੁਨਰ ਤੇ ਹਾਸਲ। ਚਾਅ-ਤਰੰਗਾਂ ਵਿਚ ਅਨਾਦੀ ਨਾਦ ਪੈਦਾ ਕਰਨ ਦਾ ਹੁਨਰ। ਸਰੀਰਕ ਤੇ ਮਾਨਸਿਕ ਲੋੜਾਂ ਨੂੰ ਸਮਝਣ ਦਾ ਖਬਤ ਅਤੇ ਪੂਰਨ-ਪੂਰਤੀ ਦਾ ਅਹਿਸਾਸ। ਜਦ ਦੋ ਜਿੰਦਾਂ ਇਕ ਜਾਨ ਬਣ ਕੇ ਇਕ ਦੂਜੇ ਨੂੰ ਅਰਪਿਤ ਹੁੰਦੀਆਂ, ਇਕ ਦੂਜੇ ਵਿਚੋਂ ਆਪਣੀ ਹੋਂਦ ਤੇ ਹਸਤੀ ਕਿਆਸਦੀਆਂ ਅਤੇ ਇਸ ਦੀ ਪ੍ਰਫੁਲਤਾ ਨੂੰ ਜੀਵਨ ਆਧਾਰ ਬਣਾਉਂਦੀਆਂ ਤਾਂ ਬਹੁਤ ਹੀ ਪਿਆਰੇ ਤੇ ਪੁਰ-ਖਲੂਸ ਪਲਾਂ ਦੇ ਨਾਲ-ਨਾਲ ਸਾਡੀ ਝੋਲੀ ਉਨ੍ਹਾਂ ਅਸੀਮ ਬਰਕਤਾਂ ਨਾਲ ਭਰ ਜਾਂਦੀ, ਜੋ ਸਿਰਫ ਕੁਝ ਵਿਰਲਿਆਂ ਦੇ ਨਸੀਬੀਂ ਹੁੰਦੀਆਂ।
ਸਰੀਰਕ ਸਬੰਧਾਂ ਦੀ ਮਾਣਨ ਰੁੱਤੇ ਇਹ ਵੀ ਜਾਣਨਾ ਜਰੂਰੀ ਕਿ ਇਹ ਦੁਵੱਲਾ ਕਾਰਜ਼ ਏ। ਬਹੁਤ ਹੀ ਪਵਿੱਤਰ ਅਤੇ ਪਾਕੀਜ਼ ਕਰਮ-ਧਰਮ। ਸਮੁੱਚ ਵਿਚ ਹਾਜ਼ਰ-ਨਾਜ਼ਰ ਹੋਣਾ ਬਹੁਤ ਜਰੂਰੀ। ਮਾਨਸਿਕ ਤੇ ਸਰੀਰਕ ਇਕਸੁਰਤਾ ਅਤੇ ਇਕਮਿਕਤਾ ਵਿਚੋਂ ਹੀ ਸਰੀਰਕ ਸਬੰਧਾਂ ਵਿਚਲੇ ਸਰੂਰ ਅਤੇ ਸਮਰਪਣ ਨੂੰ ਪੂਰਨ ਰੂਪ ਵਿਚ ਮਾਣਿਆ ਤੇ ਨਿਭਾਇਆ ਜਾ ਸਕਦਾ। ਇਕ ਦੀ ਅਪੂਰਤੀ ਵਿਚੋਂ ਦੂਸਰੇ ਦੀ ਪੂਰਤੀ ਕਿਵੇਂ ਹੋ ਸਕਦੀ?
ਸਰੀਰਕ ਸਬੰਧਾਂ ਦੇ ਅਰਥ, ਜੀਵ-ਸੰਸਾਰ ਅਤੇ ਮਨੁੱਖਾਂ ਲਈ ਵੱਖ-ਵੱਖ। ਦੋਹਾਂ ਵਿਚ ਬਹੁਤ ਅੰਤਰ ਹੈ ਸਰੀਰਕ ਸਬੰਧ ਬਣਾਉਣਾ ਅਤੇ ਇਨ੍ਹਾਂ ਨੂੰ ਮਾਣਨ ਵਿਚ। ਮਨੁੱਖ ਤੋਂ ਬਿਨਾ ਸਮੁੱਚਾ ਜੀਵ-ਸੰਸਾਰ ਸਰੀਰਕ ਸਬੰਧ ਬਣਾਉਣ ਲੱਗਿਆਂ ਕੁਦਰਤ ਦੇ ਨੇਮਾਂ ਦੀ ਅਵੱਗਿਆ ਨਹੀਂ ਕਰਦਾ। ਉਨ੍ਹਾਂ ਵਿਚ ਸਰੀਰਕ ਸਬੰਧ ਬਣਾਉਣ ਦਾ ਇਕ ਨਿਸ਼ਚਿਤ ਸਮਾਂ। ਇਸ ਵਿਚ ਨਰ ਤੇ ਮਾਦਾ ਦੀ ਬਰਾਬਰ ਦੀ ਭਾਈਵਾਲੀ ਤੇ ਪੂਰਨ ਰੂਪ ਵਿਚ ਸ਼ਮੂਲੀਅਤ। ਕਦੇ ਵੀ ਸਰੀਰਕ ਸਬੰਧ ਬਣਾਉਣ ਲਈ ਜੋਰ-ਜ਼ਬਰਦਸਤੀ ਨਹੀਂ ਕਰਦੇ ਅਤੇ ਨਾ ਹੀ ਉਹ ਆਪਣੀ ਮਰਜੀ ਕਿਸੇ ‘ਤੇ ਠੋਸਦੇ। ਵਧੀਆ ਵਿਧੀ ਵਿਧਾਨ ਹੈ ਉਨ੍ਹਾਂ ਦੇ ਸਰੀਰਕ ਸਬੰਧਾਂ ਦੀ ਸਿਰਜਣਾ ਅਤੇ ਨਿਭਾਉਣ ਪ੍ਰਤੀ। ਜਦ ਕੋਈ ਮਨੁੱਖ ਜ਼ਬਰਦਸਤੀ ਕਿਸੇ ਦਾ ਸਰੀਰਕ ਸ਼ੋਸ਼ਣ ਕਰਦਾ ਤਾਂ ਇਹ ਜੰਗਲ-ਰਾਜ਼ ਨਹੀਂ ਹੁੰਦਾ, ਸਗੋਂ ਅਮਾਨਵੀ ਕੁਕਰਮ ਹੁੰਦਾ, ਕਿਉਂਕਿ ਜੰਗਲ ਵਿਚ ਅਜਿਹਾ ਕੁਝ ਨਹੀਂ ਵਾਪਰਦਾ।
ਸਰੀਰਕ ਸਬੰਧ ਬਣਾਉਣ ਅਤੇ ਇਸ ਦਾ ਸੁੰਦਰ ਸਰੂਪ ਵਿਗਾੜਨ ਲਈ ਮਨੁੱਖ ਹੀ ਸਭ ਤੋਂ ਜ਼ਿਆਦਾ ਉਲਾਰ। ਮਨੁੱਖ ਨੇ ਇਨ੍ਹਾਂ ‘ਚੋਂ ਅਕਹਿ ਖੁਸ਼ੀ ਤੇ ਅਨੰਦ ਭਰੇ ਪਲ ਵਾਰ ਵਾਰ ਮਾਣਨ ਲਈ ਆਪਣੀਆਂ ਹੀ ਧਾਰਨਾਵਾਂ ਨਿਸ਼ਚਿਤ ਕਰ ਲਈਆਂ। ਇਨ੍ਹਾਂ ਵਿਚ ਮਰਦਾਵੀਂ ਸੋਚ ਅਤੇ ਮਨਮਰਜ਼ੀ ਸਾਫ ਰੂਪ ਵਿਚ ਝਲਕਦੀ। ਵਿਆਹ ਦੀ ਸੰਸਥਾ ਜਿਥੇ ਸਮਾਜਕ ਦਾਇਰਿਆਂ ਨੂੰ ਨਿਸ਼ਚਿਤ ਕਰਨ ਤੇ ਸਮਾਜਕ ਦਿੱਖ ਨੂੰ ਸੁੰਦਰ ਰੂਪ ਦੇਣ ਲਈ ਬਹੁਤ ਅਹਿਮ ਏ, ਉਥੇ ਇਸ ਨੇ ਆਦਮੀ ਨੂੰ ਔਰਤ ਨਾਲ ਸਰੀਰਕ ਸਬੰਧਾਂ ਨੂੰ ਆਪਣੀ ਮਰਜ਼ੀ ਅਨੁਸਾਰ ਮਾਣਨ ਦੀ ਖੁੱਲ੍ਹ ਵੀ ਪ੍ਰਾਪਤ ਕਰ ਲਈ। ਬਹੁਤੀ ਵਾਰ ਇਹ ਸਰੀਰਕ ਸਾਂਝ ਦੇ ਪਲ ਇਕਪਾਸੜ ਹੀ ਹੁੰਦੇ। ਇਹ ਸੂਖਮ ਰੂਪ ਵਿਚ ਔਰਤ ਦਾ ਸ਼ੋਸ਼ਣ। ਇਹ ਬੱਚੇ ਪੈਦਾ ਕਰਨ ਤੋਂ ਇਲਾਵਾ ਲਾਲਸੀ ਇੰਦਰੀਆਂ ਦੀ ਭੁੱਖ ਨੂੰ ਮਿਟਾਉਣ ਅਤੇ ਆਪਣੀ ਵਾਸ਼ਨਾ ਦੀ ਅਸੀਮਤਾ ਨੂੰ ਪੂਰੀ ਕਰਨ ਦੀ ਆਗਿਆ ਵੀ ਸਮਝ ਬੈਠਾ। ਅਜਿਹੇ ਸਰੀਰਕ ਸਬੰਧ ਅਸੰਤੁਲਤਾ ਦਾ ਆਧਾਰ, ਜਿਨ੍ਹਾਂ ਵਿਚੋਂ ਅਸਾਵੀਂ ਸੋਚ ਨੂੰ ਪਨਪਣ ਅਤੇ ਕਾਮੁਕਤਾ ਨੂੰ ਮਾਣਨ ਦਾ ਹੱਠ ਤੇ ਹੱਕ ਸਮਝਿਆ ਗਿਆ। ਔਰਤ ਸਿਰਫ ਵਰਤਣ ਦੀ ਚੀਜ਼ ਬਣ ਕੇ ਰਹਿ ਗਈ।
ਸਰੀਰਕ ਸਬੰਧਾਂ ਨੂੰ ਮਾਣਨ ਦੀ ਖੁੱਲ੍ਹ ਇਸ ਹੱਦ ਤੀਕ ਆਦਮੀ ਨੇ ਆਪਣੇ ਹੱਕ ਵਿਚ ਕਰ ਲਈ ਕਿ ਇਕ ਵਿਅਕਤੀ ਨੂੰ ਆਪਣੀ ਮਰਜ਼ੀ ਅਨੁਸਾਰ ਕਈ ਵਿਆਹ ਕਰਵਾਉਣ ਦੀ ਖੁੱਲ੍ਹ ਵੀ ਮਿਲ ਗਈ। ਕਈ ਰਾਜਿਆਂ ਦੇ ਹਰਮ ਵਿਚ ਰਾਣੀਆਂ, ਮਹਾਰਾਣੀਆਂ, ਰਖੇਲਾਂ ਆਦਿ ਕਈ ਪਰਤਾਂ ਵਿਚ ਅਤਿ ਸੁੰਦਰ ਔਰਤਾਂ ਹਾਜਰ ਹੁੰਦੀਆਂ, ਜੋ ਰਾਜਿਆਂ ਜਾਂ ਸ਼ਾਸ਼ਕਾਂ ਦੀ ਸਰੀਰਕ ਭੁੱਖ ਨੂੰ ਤ੍ਰਿਪਤ ਲਈ ਹਰਦਮ ਹਾਜ਼ਰ ਰਹਿੰਦੀਆਂ। ਕਈ ਵਾਰ ਤਾਂ ਇਹ ਮਹਿਮਾਨਾਂ ਨੂੰ ਵੀ ਪਰੋਸੀਆਂ ਜਾਂਦੀਆਂ।
ਸਰੀਰਕ ਸਬੰਧਾਂ ਦੀ ਖਿੱਲੀ, ਧਰਮ ਵਿਚ ਖੂਬ ਉਡਾਈ ਗਈ। ਇਸ ਦੀ ਅਣਦੇਖੀ ਤੇ ਮਨਮਾਨੀ ਵਿਚੋਂ ਬਹੁਤ ਸਾਰੇ ਕੁਕਰਮੀ ਰਿਵਾਜ਼ ਪੈਦਾ ਹੋਏ, ਜਿਨ੍ਹਾਂ ਨੇ ਮਨੁੱਖੀ ਜਾਤੀ ਨੂੰ ਸ਼ਰਮਸ਼ਾਰ ਕੀਤਾ। ਭਾਵੇਂ ਇਹ ਮੰਦਿਰਾਂ ਵਿਚ ਦਾਸੀ ਪ੍ਰਥਾ ਹੋਵੇ, ਮੁਸਲਿਮ ਧਰਮ ਵਿਚ ਇਕ ਤੋਂ ਵੱਧ ਵਿਆਹ ਕਰਵਾਉਣ ਦੀ ਇਜਾਜ਼ਤ ਹੋਵੇ, ਪੰਜ ਪਾਡਵਾਂ ਵਲੋਂ ਦਰੋਪਤੀ ਦੇ ਨਾਰੀਤਵ ਦੀ ਦੁਰਗਤੀ ਹੋਵੇ ਜਾਂ ਪਾਖੰਡੀ ਧਾਰਮਿਕ ਆਗੂਆਂ ਵਲੋਂ ਔਰਤ ਸ਼ਰਧਾਲੂਆਂ ਨਾਲ ਸਰੀਰਕ ਖੁੱਲ੍ਹ ਮਾਣਨਾ ਹੋਵੇ। ਧਾਰਮਿਕ ਧੌਂਸ ਅੱਗੇ ਔਰਤ ਨੂੰ ਨਿਤਾਣੀ ਸਮਝ ਕੇ ਉਸ ਦੀਆਂ ਚੀਖ਼ਾਂ ਤੇ ਸਿਸਕੀਆਂ ਨੂੰ ਆਪਣੀ ਖੁਸ਼ੀ ਤੇ ਮਰਦਾਨਗੀ ਸਮਝਣਾ ਹੋਵੇ। ਸਾਧਾਂ ਦੇ ਡੇਰਿਆਂ ‘ਤੇ ਵਾਪਰਦੇ ਅਜਿਹੇ ਕੁਕਰਮਾਂ ਦੀ ਤਾਂ ਕਈ ਵਾਰ ਉਘ-ਸੁੱਘ ਵੀ ਨਹੀਂ ਨਿਕਲਦੀ।
ਸਰੀਰਕ ਸਬੰਧ ਦੀ ਦੁਰਵਰਤੋਂ ਤਾਂ ਕਈ ਵਾਰ ਹੀਣਾ ਮਨੁੱਖ ਵੀ ਕਰਦਾ। ਇਹ ਭਾਵੇਂ ਉਚੇ ਰੁਤਬੇ ਨੂੰ ਹਾਸਲ ਕਰਨ ਲਈ ਔਰਤ ਨੂੰ ਵਰਤਣਾ ਹੋਵੇ। ਪੁਰਾਣੇ ਸਮਿਆਂ ਵਿਚ ਪਿੰਡਾਂ ਵਿਚ ਅਕਸਰ ਹੀ ਇਕ ਭਰਾ ਦੇ ਵਿਆਹ ਤੋਂ ਬਾਅਦ ਛੜੇ ਭਰਾਵਾਂ ਵਲੋਂ ਉਸ ਨਾਲ ਸਰੀਰਕ ਸਬੰਧ ਸਥਾਪਤ ਕਰਨੇ ਅਤੇ ਔਰਤ ਜਾਂ ਪਤੀ ਵਲੋਂ ਵਿਰੋਧ ਨਾ ਕਰਨ ਦਾ ਮਤਲਬ ਮੂਕ ਸਹਿਮਤੀ ਹੁੰਦੀ ਸੀ। ਇਸ ਪਿਛੇ ਜੱਦੀ ਜਾਇਦਾਦ ਨੂੰ ਸਾਂਭਣ ਦਾ ਨਿੱਜੀ ਮੁਫਾਦ ਹੁੰਦਾ ਸੀ। ਨਿੱਕੇ ਨਿੱਕੇ ਲਾਭਾਂ, ਮਾਨਾਂ-ਸਨਮਾਨਾਂ ਜਾਂ ਮਾਇਕ ਫਾਇਦੇ ਲਈ ਔਰਤ ਦੀ ਆਬਰੂ ਨਾਲ ਖੇਡਣਾ, ਸਿਰਫ ਮਨੁੱਖੀ ਫਿਤਰਤ ਦਾ ਹੀ ਹਿੱਸਾ।
ਸਰੀਰਕ ਸਬੰਧਾਂ ਦੀ ਦੁਰਦਸ਼ਾ ਦੇਖ ਕੇ ਮਨ ਭਰ ਆਉਂਦਾ ਕਿ ਮਨੁੱਖ ਨੇ ਨਾ ਤਾਂ ਇਸ ਦੀ ਅਮੁੱਲਤਾ ਤੇ ਅਮੀਰਤਾ ਨੂੰ ਸਮਝਿਆ ਅਤੇ ਨਾ ਹੀ ਇਸ ਨੂੰ ਜੀਵਨ ਸਾਰਥਕਤਾ ਦਾ ਹਿੱਸਾ ਬਣਾਇਆ। ਜ਼ਿਆਦਾਤਰ ਇਹ ਸਿਰਫ ਇਕਪਾਸੜ ਕਿਰਿਆ ਹੀ ਬਣ ਕੇ ਰਹਿ ਗਈ। ਜਦ ਕਈ ਵਿਅਕਤੀ ਇਕੱਲੀ ਔਰਤ ਜਾਂ ਲੜਕੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਂਦੇ ਤਾਂ ਉਹ ਮਾਨਸਿਕ ਤੌਰ ‘ਤੇ ਬਿਮਾਰ ਹੁੰਦੇ। ਉਨ੍ਹਾਂ ਦੇ ਮਨਾਂ ਵਿਚ ਆਪਣੀ ਜਿਸਮਾਨੀ ਤਾਕਤ ਅਤੇ ਔਰਤ ਦੀ ਕਮਜੋਰੀ ਦਾ ਭਰਮ ਹੁੰਦਾ। ਲੋੜ ਹੈ, ਸਰੀਰਕ ਸਬੰਧਾਂ ਨੂੰ ਸੁਖਾਵੇਂ ਤੇ ਸੰਤੁਲਤ ਬਣਾ ਕੇ ਸੁੰਦਰ ਸਮਾਜ ਦੀ ਸਿਰਜਣਾ ਕਰਨ ਵਿਚ ਪਹਿਲ ਕਰੀਏ।
ਸਰੀਰਕ ਸਬੰਧ ਬਹੁਤ ਸਾਰੀਆਂ ਧਰਾਤਲਾਂ ‘ਤੇ ਨਿਭਾਏ ਤੇ ਪ੍ਰਣਾਏ ਜਾਂਦੇ। ਇਹ ਮਾਨਸਿਕ, ਸਰੀਰਕ, ਸਮਾਜਕ ਆਦਿ ਪੱਧਰ ‘ਤੇ ਪੂਰਨਤਾ ਵਿਚ ਹੰਢਾਏ ਤੇ ਮਾਣੇ ਜਾਣ ਤਾਂ ਇਸ ਦੀ ਸੁੰਦਰਤਾ ਵਿਚੋਂ ਨਵੇਂ ਸਮਾਜ ਦੇ ਨਕਸ਼ ਨਜ਼ਰ ਆਉਂਦੇ, ਜਿਨ੍ਹਾਂ ਨੇ ਮਨੁੱਖੀ ਜਾਤ ਨੂੰ ਮਾਣ ਅਤੇ ਮਰਿਆਦਾ ਦਾ ਅਲੰਮਬਰਦਾਰ ਬਣਾਉਣਾ ਹੁੰਦਾ।
ਕਈ ਵਾਰ ਸਰੀਰਕ ਸਬੰਧ ਰਿਸ਼ਤਿਆਂ ਵਿਚ ਵੀ ਅਤੇ ਰਿਸ਼ਤਿਓਂ ਬਾਹਰੀ ਵੀ। ਰਿਸ਼ਤਿਓਂ ਬਾਹਰੀ ਸਬੰਧ ਕਈ ਵਾਰ ਮਜ਼ਬੂਰੀ ਹੁੰਦੇ ਅਤੇ ਕਈ ਵਾਰ ਅਯਾਸ਼ੀ। ਇਹ ਸਮਾਜਕ ਹਾਲਾਤਾਂ, ਪਰਿਵਾਰਕ ਗੁੰਝਲਾਂ ਅਤੇ ਨਿੱਜ ਦੇ ਬਖੇੜਿਆਂ ਕਾਰਨ ਬਹੁਤ ਕੁਝ ਅਜਿਹਾ ਹੁੰਦਾ, ਜਿਸ ਨੂੰ ਸਮਾਜ ਤਾਂ ਅਨੈਤਿਕ ਕਹਿੰਦਾ, ਜਦ ਕਿ ਰਿਸ਼ਤਿਆਂ ਵਿਚਲੇ ਸਬੰਧਾਂ ਵਿਚ ਕੀਤੀ ਧੱਕੇਸ਼ਾਹੀ ਅਤੇ ਜਬਰਦਸਤੀ ਨੂੰ ਨੈਤਿਕ ਸਮਝਿਆ ਜਾਂਦਾ। ਇਹ ਮਿਆਰ ਵੀ ਆਦਮੀ ਨੇ ਆਪਣੇ ਹਿੱਤ ਵਿਚ ਸਿਰਜੇ। ਚਰਿੱਤਰ ਨੂੰ ਸਿਰਫ ਸਰੀਰਕ ਸਬੰਧਾਂ ਦੀ ਉਚਤਾ ਅਤੇ ਅਣਉਚਤਾ ਸਦਕਾ ਪਰਿਭਾਸ਼ਤ ਨਹੀਂ ਕੀਤਾ ਜਾ ਸਕਦਾ। ਇਸ ਵਿਚ ਸਾਰੇ ਮਨੁੱਖੀ ਗੁਣਾਂ ਨੂੰ ਸ਼ਾਮਲ ਕਰਨਾ ਬਹੁਤ ਜਰੂਰੀ। ਇਸ ਵਿਚ ਸੱਚਾਈ, ਦ੍ਰਿੜਤਾ, ਹਿੰਮਤ, ਮਿਹਨਤੀ, ਸੁੰਦਰ, ਸੁਸ਼ੀਲ, ਸਿਆਣਾ, ਸਮਰਪਿਤ, ਸਮਝਦਾਰ, ਸਹਿਜ ਤੇ ਸੁਹਜਮਈ ਬਿਰਤੀ ਦਾ ਹੋਣਾ ਵੀ ਜਰੂਰੀ। ਮਨੁੱਖ-ਪੱਖੀ ਸਮਾਜਕ ਸੰਦਰਭ ਨੂੰ ਬਦਲਣ ਦੀ ਅਤਿਅੰਤ ਲੋੜ। ਜੇ ਕੋਈ ਮਰਦ ਬਾਹਰੀ ਸਬੰਧ ਸਥਾਪਤ ਕਰੇ ਤਾਂ ਸਮਾਜਕ ਮਨਜ਼ੂਰੀ, ਪਰ ਜੇ ਔਰਤ ਕਰੇ ਤਾਂ ਉਸ ਨੂੰ ਬਦਨਾਮੀ ਤੇ ਬੇਗੈਰਤੀ ਦਾ ਟਿੱਕਾ ਲਾ ਕੇ ਦਰ-ਬ-ਦਰ ਬਦਨਾਮ ਕੀਤਾ ਜਾਂਦਾ। ਸਮਾਜ ਦੀਆਂ ਨੀਂਹਾਂ ਵਿਚਲੀਆਂ ਖੋੜਾਂ ਤੇ ਮਘੋਰਿਆਂ ਨੂੰ ਪੂਰਨ ਵੰਨੀਂ ਕਦੇ ਕਿਸੇ ਦਾ ਖਿਆਲ ਹੀ ਨਹੀਂ ਗਿਆ।
ਸਰੀਰਕ ਸਬੰਧ, ਸੁਹਜਮਈ ਅਤੇ ਸਹਿਜਤਾ ਪੂਰਨ ਹੋਣ ਤਾਂ ਇਸ ਵਰਗਾ ਅਲੋਕਾਰੀ ਅਹਿਸਾਸ ਪੂਰਵਕ ਹੋਰ ਕੋਈ ਕਾਰਜ ਨਹੀਂ। ਉਸ ਵਕਤ ਦੋਵੇਂ ਰੂਹਾਂ ਦੁਨੀਆਂ ਤੋਂ ਬੇਖਬਰ, ਆਪਣੀ ਮਸਤੀ ਤੇ ਹਸਤੀ ਦੀ ਇਕਸੁਰਤਾ ਤੇ ਸਾਂਝ ਵਿਚੋਂ ਨਵੀਨ ਧਰਾਤਲਾਂ ਨੂੰ ਛੂਹਣ ਵਿਚ ਲੀਨ। ਨਵੇਂ ਨਰੋਏ ਅਰਥਾਂ ਤੇ ਵਿਸਮਾਦੀ ਲੋਰਾਂ ਦੀ ਨਿਸ਼ਾਨਦੇਹੀ ਕਰਨ ਵਿਚ ਗਵਾਚੇ। ਰੂਹ-ਰੰਗਤਾ ਦੇ ਇਸ ਆਲਮ ਵਿਚ ਜ਼ਿੰਦਗੀ ਨੂੰ ਨਵੇਂ ਰੰਗਾਂ ਤੇ ਰੁੱਤਾਂ ਦੀ ਅਮੀਰੀ ਮਿਲਦੀ।
ਸਰੀਰਕ ਸਬੰਧ, ਦਰਿਆਵਾਂ ਦਾ ਸਮੁੰਦਰ ਵਿਚ ਸਮਾ ਕੇ ਹਸਤੀ ਮਿਟਾਉਣ ਵਾਂਗ। ਵਾਸ਼ਪ ਕਣਾਂ ਦਾ ਬੱਦਲ ਵਿਚ ਰਚ ਜਾਣ ਦੀ ਪ੍ਰਕਿਰਿਆ। ਫੁੱਲ-ਪੱਤੀਆਂ ਵਿਚ ਸਮਾਏ ਰੰਗ ਅਤੇ ਮਹਿਕ ਦੀ ਅਵਾਰਗੀ।
ਸਰੀਰਕ ਸਬੰਧ ਜਦ ਅੰਤਰੀਵਤਾ ਤੋਂ ਅੰਤਰੀਵਤਾ ਦਾ ਸਫਰ ਤੈਅ ਕਰਦੇ ਤਾਂ ਇਸ ਸਫਰ ਵਿਚੋਂ ਨਵੀਆਂ ਪਹਿਲਕਦਮੀਆਂ ਤੇ ਪੇਸ਼ਕਦਮੀਆਂ ਦਾ ਅਨੁਭਵ ਹੁੰਦਾ, ਜਿਸ ਨੇ ਜੀਵਨ ਦੇ ਨਵੇਂ ਦਿਸਹੱਦਿਆਂ ਨੂੰ ਨਰੋਈ ਦਿੱਖ ਤੇ ਸੰਦੇਸ਼ ਦੇਣਾ ਹੁੰਦਾ।
ਸਰੀਰਕ ਸਬੰਧ ਸਿਆਣਪ, ਸੱਚੇ, ਸਾਦਗੀ, ਸੰਪੂਰਨਤਾ ਤੇ ਸਮਰਪਿੱਤਾ ਭਿੱਜੇ ਹੋਣ ਤਾਂ ਇਸ ਨਾਲ ਬਹੁਤ ਹੀ ਪੀਢੀ ਤੇ ਪਕੇਰੀ ਸਾਂਝ ਪੈਦਾ ਹੁੰਦੀ। ਅਜਿਹੇ ਮਿਲਾਪ ਵਿਚ ਰੂਹ ਆਪਣੇ ਮਾਪਦੰਡ ਖੁਦ ਸਿਰਜਦੀ। ਰੂਹ ਨਾਲ ਸਿਰਜਿਆਂ ਰਿਸ਼ਤਿਆਂ ਜਾਂ ਸਬੰਧਾਂ ਨੂੰ ਸੀਮਤ ਦਾਇਰੇ ਜਾਂ ਵਲਗਣਾਂ ਵਿਚ ਸੀਮਤ ਨਹੀਂ ਕੀਤਾ ਜਾ ਸਕਦਾ।
ਸਰੀਰਕ ਸਬੰਧ ਸਿਰਫ ਸੰਤਾਨ ਉਤਪਤੀ ਤੀਕ ਹੀ ਸੀਮਤ ਨਹੀਂ। ਇਹ ਕਿਸੇ ਨੂੰ ਨਿੱਘੀ ਗਲਵੱਕੜੀ ਪਾਉਣਾ, ਕਿਸੇ ਦੇ ਹੋਠ ਚੁੰਮਣਾ, ਕਿਸੇ ਨੂੰ ਪਿਆਰ ਕਰਨਾ, ਕਿਸੇ ਦੀਆਂ ਬਾਹਾਂ ਵਿਚ ਸਮਾ ਜਾਣਾ ਜਾਂ ਕਿਸੇ ਦੀ ਕੋਸੀ ਸੰਗਤ ਮਾਣਨਾ। ਇਸ ਵਿਚੋਂ ਵੀ ਬਹੁਤ ਅਟੁੱਟ ਅਤੇ ਅਸੀਮ ਖੁਸ਼ੀਆਂ ਨੂੰ ਹਾਸਲ ਕਰਨਾ ਹੁੰਦਾ। ਦਰਅਸਲ ਜਦ ਦਿਲਾਂ ਵਿਚ ਪਨਪੇ ਪਿਆਰ ਦਾ ਇਜ਼ਹਾਰ ਹੋਵੇ, ਨੈਣਾਂ ਵਿਚ ਉਤਰਨ ਦਾ ਖੁਮਾਰ ਹੋਵੇ, ਬੋਲਾਂ ਵਿਚ ਘੁੱਲ ਜਾਣ ਦਾ ਅਸਰਾਰ ਹੋਵੇ, ਸੋਚ ਵਿਚ ਖੁਦ ਦੀ ਹੋਂਦ ਦਾ ਵਿਸਥਾਰ ਹੋਵੇ, ਮਨ-ਮਸਤਕ ਵਿਚ ਦਿੱਤੀ ਦਸਤਕ ਕਾਰਨ ਖੁੱਲ੍ਹਿਆ ਮਨ-ਦੁਆਰ ਹੋਵੇ ਜਾਂ ਆਪਣੇ ਤੋਂ ਆਪਣੇ ਤੀਕ ਦੇ ਸਫਰ ਦਾ ਆਗਾਜ਼ ਹੋਵੇ ਤਾਂ ਸਰੀਰਕ ਸਬੰਧਾਂ ਨੂੰ ਨਿਵੇਕਲੀ ਤਸ਼ਬੀਹ ਅਤੇ ਤਾਸੀਰ ਮਿਲਦੀ।
ਸਰੀਰਕ ਸਬੰਧਾਂ ਵਿਚ ਹੱਥਾਂ ਦੀ ਛੋਹ, ਇਕ ਦੂਜੇ ਦੇ ਅੰਗਾਂ ਨੂੰ ਸਹਿਲਾਉਣਾ। ਅਕਹਿ ਤੇ ਅਨੰਦਤ ਅਵਸਥਾ ਨੂੰ ਮਹਿਸੂਸ ਕਰਨਾ। ਮਾਨਵੀ ਮੁਦਰਾਵਾਂ ਵਿਚ ਕੋਮਲ ਅਤੇ ਅਛੋਹ ਹਰਕਤਾਂ ਨੂੰ ਸਮਾਉਣਾ ਤੇ ਸਾਹ-ਸੁਰੰਗੀ ਵਿਚ ਸੰਗੀਤਕਤਾ ਉਪਜਾਉਣਾ ਅਤੇ ਸੁਰਬੱਧਤਾ ਨੂੰ ਜੀਵਨ ਦੇ ਨਾਮ ਲਾਉਣਾ ਵੀ ਹੁੰਦਾ।
ਸਰੀਰਕ ਸਬੰਧ ਕੁਦਰਤੀ ਹੋਣ ਤਾਂ ਕਾਇਨਾਤ ਪੂਰਨ ਜੋਬਨ ਅਤੇ ਰੰਗ ਵਿਚ ਇਨ੍ਹਾਂ ਸਬੰਧਾਂ ਦੇ ਜਸ਼ਨ ਮਨਾਉਂਦੀ, ਪਰ ਜਦ ਇਹ ਸਬੰਧ ਗੈਰ-ਕੁਦਰਤੀ ਵਰਤਾਰਿਆਂ ਵਿਚ ਬਦਲਦੇ ਤਾਂ ਕੁਦਰਤ ਮਸੋਸ ਕਰ ਕੇ ਰਹਿ ਜਾਂਦੀ। ਇਹ ਗੈਰ-ਕੁਦਰਤੀ ਸਬੰਧ ਹੀ ਹੁੰਦੇ, ਜੋ ਬਹੁਤ ਸਾਰੀਆਂ ਅਲਾਮਤਾਂ, ਬਿਮਾਰੀਆਂ ਅਤੇ ਸਮਾਜਕ ਵਿਗਾੜਾਂ ਦਾ ਰੂਪ ਧਾਰ ਅਜੋਕੇ ਸਮਾਜ ਨੂੰ ਕਲੰਕਿਤ ਕਰਦੇ।
ਸਰੀਰਕ ਸਬੰਧ ਬਹੁਤ ਹੀ ਕੋਮਲਭਾਵੀ, ਅਹਿਸਾਸ ਭਕੁੰਨੇ, ਕੂਲੇ ਜਿਹੇ, ਨਰਮਾਈ ਭਰਪੂਰ, ਮੁਲਾਇਮਤਾ ਭਰੇ। ਰੂਹ ਵਿਚ ਬੈਠੀਆਂ ਸੁੱਚੀਆਂ ਤੇ ਉਚੀਆਂ ਭਾਵਨਾਵਾਂ ਦਾ ਸਪੱਸ਼ਟ ਪ੍ਰਗਟਾਵਾ। ਕੋਈ ਕੋਹਝ, ਕਪਟ ਜਾਂ ਕੂੜ ਨਹੀਂ।
ਸਰੀਰਕ ਸਬੰਧ, ਆਤਮਿਕ ਲੋਰ ਨੂੰ ਉਲੱਛਣਾ, ਅੰਦਰਲੇ ਭਾਵਾਂ ਨੂੰ ਮਿਲੀ ਜ਼ੁਬਾਨ ਅਤੇ ਮਨ ਦੀਆਂ ਅਮੋੜ ਮੁਹਾਰਾਂ ਨੂੰ ਇਕ ਸੇਧ ਤੇ ਸੰਯੋਗਤਾ। ਇਸ ਵਿਚੋਂ ਹੀ ਫੁੱਟਦੀ ਏ ਨਵੀਂ ਕਿਰਨ, ਜਿਸ ਨੇ ਜਹਾਨ ਦੀ ਉਤਪਤੀ ਅਤੇ ਵਿਕਾਸ ਨੂੰ ਆਪਣੇ ਮੋਢਿਆਂ ‘ਤੇ ਉਠਾਉਣਾ ਹੁੰਦਾ।
ਸਰੀਰਕ ਸਬੰਧ ਜ਼ਿੰਦਗੀ ਦੀਆਂ ਸਮੁੱਚੀਆਂ ਕਿਰਿਆਵਾਂ ਵਿਚੋਂ ਸਭ ਤੋਂ ਉਤਮ ਅਤੇ ਸੁੱਚਮ ਬਸ਼ਰਤੇ ਇਸ ਵਰਤਾਰੇ ਨੂੰ ਸਮੁੱਚ ਨਾਲ ਨਿਭਾਇਆ ਜਾਵੇ। ਇਸ ਵਿਚ ਰੂਹਾਂ ਦੀ ਰਾਜ਼ਦਾਰੀ, ਭਾਈਵਾਲੀ ਅਤੇ ਹਾਜ਼ਰੀ। ਇਹ ਰੂਹ ਤੋਂ ਰੂਹ ਤੀਕ ਦੀ ਪਰਵਾਜ਼, ਅਨੂਠਾ ਜਿਉਣ ਅੰਦਾਜ਼। ਇਸ ਤੋਂ ਮੁੱਨਕਰੀ ਕਾਰਨ ਪੈਦਾ ਹੁੰਦਾ ਏ ਮਨੁੱਖੀ ਸੋਚ ਦਾ ਵਿਗਾੜ ਅਤੇ ਮਨੁੱਖ ਖੁਦ ਤੋਂ ਹੀ ਹੋ ਜਾਂਦਾ ਏ ਦਰ-ਕਿਨਾਰ।
ਸਰੀਰਕ ਸਬੰਧਾਂ ਨੂੰ ਰੂਹ-ਰੇਜ਼ਤਾ ਸੰਗ ਮਾਣੋ। ਇਨ੍ਹਾਂ ਵਿਚ ਉਤਰੋ, ਡੁੱਬਕੀਆਂ ਲਾਓ, ਮਲ ਮਲ ਕੇ ਨਹਾਓ, ਖੁਦ ਨੂੰ ਵੀ ਸੁੱਚਾ ਕਰੋ ਅਤੇ ਸੁੱਚਮ ਵਰਤਾਓ; ਪਰ ਕਦੇ ਵੀ ਇਨ੍ਹਾਂ ਦੀ ਲੋੜ ਅਤੇ ਅਹਿਮੀਅਤ ਤੋਂ ਮੁਨਕਰ ਨਾ ਹੋਵੋ।
ਸਰੀਰਕ ਸਬੰਧ ਉਮਰ ਨਾਲ ਬਦਲਦੇ। ਬਦਲ ਰਹੇ ਪਰਿਪੇਖਾਂ ਵਿਚ ਆਪਣੇ ਆਪ ਨੂੰ ਢਾਲਣ ਅਤੇ ਇਸ ਦੀ ਅੰਤਰੀਵਤਾ ਤੇ ਸੁੰਦਰਤਾ ਨੂੰ ਸਮਝਣ ਅਤੇ ਅਪਨਾਉਣ ਵਾਲੇ ਜੀਵਨ ਮਾਰਗ ਦੇ ਸ਼ਾਹ ਅਸਵਾਰ। ਅਜਿਹੇ ਜੀਵਨ ਦਰਸ਼ਨ ਵਿਚੋਂ ਆਉਣ ਵਾਲੀਆਂ ਨਸਲਾਂ ਅਤੇ ਪੀੜ੍ਹੀਆਂ ਨੂੰ ਨਵੀਂ ਸੇਧ ਤੇ ਸੰਦੇਸ਼ ਮਿਲਦਾ। ਸੁੰਦਰ ਅਤੇ ਸੰਤੁਲਿਤ ਸਮਝਦਾਰੀ। ਸਥਾਪਤ ਸਮਾਜਕ ਦਾਇਰੇ ਵਿਚ ਤਾਜ਼ਗੀ, ਪੁਖਤਗੀ ਅਤੇ ਪ੍ਰਮਾਣਿਕਤਾ ਧਰਦਾ ਅਤੇ ਸਮਾਜ ਨੂੰ ਨਰੋਏ ਦਿਸਹੱਦਿਆਂ ਦਾ ਹਾਣੀ ਬਣਾਉਂਦਾ।
ਸਰੀਰਕ ਸਬੰਧ ਸਮੇਂ, ਸਥਾਨ, ਸੰਭਾਵਨਾ, ਸਿਹਤ ਅਤੇ ਸਰੋਕਾਰਾਂ ‘ਤੇ ਵੀ ਨਿਰਭਰ ਕਰਦੇ, ਜਿਨ੍ਹਾਂ ਦਾ ਅਨੁਕੂਲ ਹਾਲਾਤਾਂ ਵਿਚ ਨਿਭਾਅ, ਜੀਵਨ-ਬੁਲੰਦੀ।
ਸਰੀਰਕ ਸਬੰਧ, ਸੁਪਨਿਆਂ ਦੀ ਅੰਬਰੀਂ ਉਡਾਣ ਲਈ ਤੁਣਕਾ। ਖਿਆਲਾਂ ਦੀ ਝੜੀ। ਖੁਆਬਾਂ ਨੂੰ ਹਰਫਾਂ ਵਿਚ ਢਾਲਣ ਅਤੇ ਵਰਕਿਆਂ ‘ਤੇ ਨਵੀਆਂ ਇਬਾਰਤਾਂ ਉਕਰਨ ਲਈ ਅਚੇਤ ਰੂਪ ਵਿਚ ਸ਼ੁਭ-ਅਰੰਭ।
ਸਰੀਰਕ ਸਬੰਧ ਸੰਭੋਗ ਤੋਂ ਬਹੁਤ ਉਪਰ ਤੇ ਉਚਤਮ। ਇਸ ਨੂੰ ਸੀਮਤ ਦਾਇਰੇ ਵਿਚ ਸੀਮਤ ਕਰਨਾ, ਸਰੀਰਕ ਸਬੰਧਾਂ ਦੀ ਨਿਰਾਦਰੀ। ਸਰੀਰਕ ਸਬੰਧ ਬਹੁ-ਪਰਤੀ, ਬਹੁ-ਅੰਗਾਈ, ਬਹੁ-ਪ੍ਰਭਾਵੀ, ਬਹੁ-ਸੰਸਕਾਰੀ ਅਤੇ ਬਹੁ-ਆਧਾਰੀ।
ਸਰੀਰਕ ਸਬੰਧ ਸਿਰਫ ਕਿਸੇ ਦਾ ਜਿਸਮਾਨੀ ਸਾਥ ਮਾਣਨਾ ਹੀ ਨਹੀਂ ਹੁੰਦਾ। ਦਰਅਸਲ ਇਹ ਇਕ ਅਜਿਹੀ ਪ੍ਰਕਿਰਿਆ, ਜਿਸ ਰਾਹੀਂ ਇਕ ਵਿਅਕਤੀ ਦੂਸਰੇ ਨੂੰ ਅਜਿਹੀ ਅਮੁੱਲ ਤੇ ਅਮਿਣਵੀਂ ਖੁਸ਼ੀ ਪ੍ਰਦਾਨ ਕਰਦਾ, ਜੋ ਹੋਰ ਕਿਸੇ ਵੀ ਰੂਪ ਵਿਚ ਨਹੀਂ ਦੇ ਸਕਦਾ।
ਸਰੀਰਕ ਸਬੰਧ ਦਿਲ ਦੇ ਹੁੰਦੇ, ਦਿਮਾਗ ਦੇ ਨਹੀਂ। ਇਸ ਵਿਚ ਨਫਾ, ਨੁਕਸਾਨ ਜਾਂ ਗਿਣਤੀਆਂ-ਮਿਣਤੀਆਂ ਨਹੀਂ ਹੁੰਦੀਆਂ। ਨਾ ਹੀ ਰੰਗ, ਨਸਲ, ਜਾਤ, ਧਰਮ ਜਾਂ ਊਚ-ਨੀਚ ਲਈ ਕੋਈ ਥਾਂ ਨਹੀਂ। ਇਹ ਤਾਂ ਸਮੁੱਚ ਦਾ ਅਪਨਾਉਣਾ।
ਸਰੀਰਕ ਸਬੰਧਾਂ ਦਾ ਮੂਲ ਆਧਾਰ ਹੈ, ਮੁਸਕਰਾਹਟ ਵੰਡਣੀ; ਹੱਸਣਾ ਤੇ ਹਸਾਉਣਾ; ਪਿਆਰੀਆਂ ਯਾਦਾਂ ਨੂੰ ਜੀਵਨ-ਸਫਰ ਦੇ ਨਾਮ ਲਾ ਕੇ ਜੀਵਨ ਖਜਾਨਾ ਬਣਾਉਣਾ। ਮਨ ਵਿਚ ਕੋਈ ਡਰ, ਦੁਰ-ਭਾਵਨਾ ਜਾਂ ਰੋਣਾ-ਧੋਣਾ ਨਹੀਂ, ਸਿਰਫ ਰੂਹਾਂ ਦਾ ਲੈਣਾ-ਦੇਣਾ। ਰੂਹਾਂ ਦੇ ਸੁੱਚੇ ਵਪਾਰ ਬਹੁਤ ਹੀ ਵਿਰਲੇ ਕਰਦੇ। ਰੂਹਾਂ ਦੇ ਸੌਦੇ ਨਹੀਂ ਹੁੰਦੇ, ਸਗੋਂ ਰੂਹਾਂ ਦਾ ਰੂਹਾਂ ਨਾਲ ਵਟਾਂਦਰਾ ਹੁੰਦੇ।
ਸੁੱਚੇ ਸਰੀਰਕ ਸਬੰਧਾਂ ਵਿਚ ਈਰਖਾ, ਸ਼ੱਕ, ਵਰਗਲਾਉਣਾ, ਨੁਕਸਾਨ, ਹਿੰਸਾ, ਘ੍ਰਿਣਾ, ਗੁਸਤਾਖੀ ਜਾਂ ਗੁਨਾਹ ਦੀ ਕੋਈ ਗੁੰਜਾਇਸ਼ ਨਹੀਂ। ਇਹ ਪਾਕੀਜ਼ ਪਾਣੀ ਦੇ ਝਰਨੇ ਦੀ ਕਲ-ਕਲ ਵਰਗੇ ਹੁੰਦੇ, ਜਿਨ੍ਹਾਂ ਦੀ ਪਵਿੱਤਰਤਾ ਦੀ ਸਹੁੰ ਖਾਧੀ ਜਾ ਸਕਦੀ।
ਸਰੀਰਕ ਸਬੰਧ ਤਾਂ ਸਤਰੰਗੀ ਨੂੰ ਮਨ ਅੰਬਰ ਦੇ ਨਾਮ ਲਾਉਣਾ, ਪੱਤਝੱੜ ਦੇ ਗਰਭ ਵਿਚ ਬਹਾਰਾਂ ਦੀ ਪਿਉਂਦ ਲਾਉਣਾ ਅਤੇ ਰੱਕੜ-ਜੂਹਾਂ ਵਿਚ ਬਦਲੋਟੀਆਂ ਬਣ ਕੇ ਮੇਘਲਾ ਵਰਸਾਉਣਾ ਹੁੰਦਾ।
ਸਰੀਰਕ ਸਬੰਧ, ਇਕ ਦੂਜੇ ਵਿਚ ਗਵਾਚਣਾ, ਇਕ ਦੂਜੇ ਨੂੰ ਪਾਉਣਾ ਅਤੇ ਇਕ ਦੂਜੇ ਦੀ ਚੇਤਨਾ ਤੇ ਸੰਵੇਦਨਾ ਨੂੰ ਆਪਣੀ ਸੋਚ ਦਾ ਹਿੱਸਾ ਬਣਾਉਣਾ। ਸੋਚਾਂ, ਸੁਪਨਿਆਂ, ਸੰਭਾਵਨਾਵਾਂ ਅਤੇ ਸਮਰੱਥਾਵਾਂ ਵਿਚ ਜਦ ਕੋਈ ਹਰ ਦਮ ਹਾਜਰ ਹੋਵੇ ਤਾਂ ਸਰੀਰਕ ਸਾਂਝ ਦੀ ਨਰੋਈ ਨੀਂਹ ਨੂੰ ਆਪਣੀ ਖੁਦਦਾਰੀ ‘ਤੇ ਮਾਣ ਹੁੰਦਾ।
ਸਰੀਰਕ ਸਬੰਧ ਇਕ ਦੀ ਸ਼ੁਰੂਆਤ ਵਿਚੋਂ ਦੂਸਰੇ ਦਾ ਅਰੰਭ। ਨਜ਼ਦੀਕੀਆਂ ਨਾਲ ਫਾਸਲੇ ਦਾ ਸਿਮਟਣਾ। ਇਕ ਦੀ ਪ੍ਰੇਰਨਾ ਨਾਲ ਦੂਸਰੇ ਦੀ ਪ੍ਰਾਪਤੀ।
ਸਰੀਰਕ ਸਬੰਧਾਂ ਨੂੰ ਦਿਲ ਨਾਲ ਨਿਭਾਉਣਾ ਸਿੱਖੋ। ਦਿਮਾਗ ਨਾਲ ਨਿਭਾਏ ਜਾ ਰਹੇ ਸਰੀਰਕ ਸਬੰਧਾਂ ਦਾ ਕੇਹਾ ਅੰਜ਼ਾਮ ਏ ਕਿ ਮਨੁੱਖ ਇਕੱਲਾ ਰਹਿ ਗਿਆ। ਕੋਈ ਫੋਟੋ ਲੈਣ ਵਾਲਾ ਵੀ ਨਹੀਂ ਰਿਹਾ ਅਤੇ ਮਨੁੱਖ ਨੂੰ ਸੈਲਫੀ ਲੈਣੀ ਪੈ ਰਹੀ ਏ।
ਸਰੀਰਕ ਸਬੰਧ ਬਣਾਉਣੇ ਕੋਈ ਅਵੱਗਿਆ ਜਾਂ ਅਨੈਤਿਕਤਾ ਨਹੀਂ, ਬਸ਼ਰਤੇ ਇਨ੍ਹਾਂ ਵਿਚ ਰੂਹਾਨੀਅਤ ਤੇ ਰੂਹਦਾਰੀ ਹੋਵੇ। ਰੂਹ-ਰੰਗਤਾ ਦੀ ਲਬਰੇਜ਼ਤਾ ਨੂੰ ਮਾਣਨ ਦੀ ਲੋਚਾ। ਅਰਪਿਤਾ ਨੂੰ ਅਰਾਧਨਾ ਅਤੇ ਅਰਦਾਸ ਬਣਾ ਕੇ ਸੁ.ੱਭ ਇੱਛਾ ਤੇ ਸ਼ੁਭ-ਵਿਚਾਰਾਂ ਦੀ ਤਰਕਸੰਗਤਾ ਨੂੰ ਨਵੀਂ ਤਰਕੀਬ।
ਸਰੀਰਕ ਸਬੰਧਾਂ ਦੇ ਸੁੱਚਮ, ਸੰਪੂਰਨਤਾ ਅਤੇ ਸਮਝਦਾਰੀ ਲਈ ਜਰੂਰੀ ਹੈ, ਪਹਿਲਾਂ ਖੁਦ ਨੂੰ ਸਮਝਿਆ ਜਾਵੇ, ਸਾਥੀ ਨੂੰ ਸਮਝਿਆ ਜਾਵੇ ਅਤੇ ਫਿਰ ਸਬੰਧਾਂ ਦੀ ਸ਼ੁਰੂਆਤ ਕੀਤੀ ਜਾਵੇ, ਜਿਨ੍ਹਾਂ ਨੇ ਜੀਵਨ ਦੀ ਆਧਾਰਸ਼ਿਲਾ ਨੂੰ ਸਿਰਜਣਾ ਹੁੰਦਾ। ਇਸ ਨਾਲ ਹੀ ਨਰੋਏ ਸਮਾਜ ਤੇ ਪਰਿਵਾਰ ਦੀ ਸਿਰਜਣਾ ਤੇ ਸਥਾਪਨਾ ਹੁੰਦੀ।
ਸਰੀਰਕ ਸਬੰਧਾਂ ਵਿਚ ਪਿਆਰ ਤੇ ਪ੍ਰਵਾਹ, ਭਰੋਸਾ ਤੇ ਵਿਸ਼ਵਾਸ, ਬੇ-ਗਰਜ਼ੀ ਅਤੇ ਬੇ-ਮਤਲਬੀ, ਆਸ ਤੇ ਧਰਵਾਸ, ਸੁਹਜ ਤੇ ਸਹਿਜ, ਸਮਰਪਣ ਅਤੇ ਸਾਰਥਕਤਾ, ਸਦੀਵਤਾ ਤੇ ਸਥਿਰਤਾ, ਸਿਆਣਪ ਤੇ ਸਾਦਗੀ, ਸਮਾਂ ਤੇ ਸਥਾਨ, ਸੰਕਲਪ ਤੇ ਸੁਪਨਾ ਅਤੇ ਅਨੰਦ ਤੇ ਅਵਸਥਾ ਦਾ ਸੰਤੁਲਨ ਹੋਵੇ ਤਾਂ ਇਹ ਸਬੰਧ ਸਦੀਵ ਹੁੰਦੇ।