ਸਿੱਖ ਇਤਿਹਾਸ ਦਾ ਮਹਾਂ ਨਾਇਕ ਬੰਦਾ ਸਿੰਘ ਬਹਾਦਰ

ਸਾਲ 2020 ਬਾਬਾ ਬੰਦਾ ਸਿੰਘ ਬਹਾਦਰ ਦੇ 350ਵੇਂ ਜਨਮ ਦਿਨ ਵਾਲਾ ਵਰ੍ਹਾ ਹੈ। ਉਨ੍ਹਾਂ ਦਾ ਜਨਮ 27 ਅਕਤੂਬਰ 1670 ਨੂੰ ਹੋਇਆ ਅਤੇ ਉਨ੍ਹਾਂ ਦੀ ਸ਼ਹਾਦਤ 9 ਜੂਨ 1716 ਨੂੰ ਹੋਈ। ਬਾਬਾ ਬੰਦਾ ਸਿੰਘ ਪਹਿਲਾ ਸ਼ਖਸ ਸੀ ਜਿਨ੍ਹਾਂ ਨੇ ਸਿੱਖ ਰਾਜ ਕਾਇਮ ਕੀਤਾ ਪਰ ਬਾਅਦ ਵਿਚ ਉਨ੍ਹਾਂ ਬਾਰੇ ਕਈ ਵਿਰੋਧੀ ਗੱਲਾਂ ਫੈਲਾਈਆਂ ਗਈਆਂ। ‘ਸਿੱਖ ਵਿਰਸਾ’ ਦੇ ਸੰਪਾਦਕ ਹਰਚਰਨ ਸਿੰਘ ਪਰਹਾਰ ਨੇ ਇਸ ਬਾਰੇ ਚਰਚਾ ਆਪਣੇ ਇਸ ਲੇਖ ਵਿਚ ਕੀਤੀ ਹੈ।

-ਸੰਪਾਦਕ

ਹਰਚਰਨ ਸਿੰਘ ਪਰਹਾਰ
ਫੋਨ: 403-681-8689
ਓਮਅਲਿ: ਹਪ8689@ਗਮਅਲਿ।ਚੋਮ

ਬੰਦਾ ਸਿੰਘ ਬਹਾਦਰ ਗੁਰੂ ਗੋਬਿੰਦ ਸਿੰਘ ਜੀ ਦਾ ਸਮਕਾਲੀ ਅਤੇ ਉਨ੍ਹਾਂ ਤੋਂ ਸਿਰਫ ਚਾਰ ਕੁ ਸਾਲ ਛੋਟਾ ਸੀ। ਉਸ ਦਾ ਜਨਮ 16 ਅਕਤੂਬਰ, 1670 ਨੂੰ ਹੋਇਆ ਦੱਸਿਆ ਜਾਂਦਾ ਹੈ। ਸਿੱਖ ਇਤਿਹਾਸ ਵਿਚ ਭਾਵੇਂ ਕੋਈ ਅਜਿਹੀ ਸਮਕਾਲੀ ਰਚਨਾ ਨਹੀਂ ਮਿਲਦੀ ਜਿਸ ਵਿਚ ਬੰਦਾ ਸਿੰਘ ਬਹਾਦਰ ਦੇ ਮੁਢਲੇ ਜੀਵਨ ਬਾਰੇ ਕੋਈ ਜਾਣਕਾਰੀ ਮਿਲ ਸਕੇ, ਜ਼ਿਆਦਾਤਰ ਜਾਣਕਾਰੀ ਉਸ ਦੇ ਗੁਰੂ ਗੋਬਿੰਦ ਸਿੰਘ ਜੀ ਨੂੰ ਨਾਂਦੇੜ ਨੇੜੇ ਮਿਲਣ ਅਤੇ ਉਸ ਤੋਂ ਬਾਅਦ ਪੰਜਾਬ ਵਿਚ ਬਿਤਾਏ 7-8 ਸਾਲ ਦੇ ਸਮੇਂ ਬਾਰੇ ਹੈ। ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ 350ਵੀਂ ਜਨਮ ਸ਼ਤਾਬਦੀ ਮੌਕੇ ਅਸੀਂ ਉਨ੍ਹਾਂ ਦੀ ਲਾਸਾਨੀ ਸ਼ਹਾਦਤ ਅਤੇ ਕੁਰਬਾਨੀ ਨੂੰ ਲੱਖ-ਲੱਖ ਵਾਰ ਸਿਜਦਾ ਕਰਦੇ ਹਾਂ। ਉਹ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਦੱਬੇ-ਕੁਚਲੇ ਲੋਕਾਂ ਦੇ ਹੱਕਾਂ ਵਿਚ ਅਜਿਹੇ ਇਨਕਲਾਬੀ ਰਹਿਬਰ ਬਣ ਕੇ ਉਭਰੇ ਜਿਸ ਨੇ ਨਾ ਸਿਰਫ ਮੁਗਲੀਆ ਹਕੂਮਤਾਂ ਦੀਆਂ ਜੜ੍ਹਾਂ ਹਿਲਾ ਦਿੱਤੀਆਂ ਸਗੋਂ ਕੁਝ ਸਾਲਾਂ ਵਿਚ ਹੀ ਆਮ ਲੋਕਾਂ ਦਾ ਪਹਿਲਾ ਖਾਲਸਈ ਰਾਜ ਸਥਾਪਿਤ ਕਰ ਦਿੱਤਾ ਜਿਸ ਵਿਚ ਉਨ੍ਹਾਂ ਜਾਤਾਂ-ਧਰਮਾਂ ਦੀਆਂ ਵੰਡਾਂ ਤੋਂ ਉਪਰ ਉਠ ਕੇ ਲੁਟੇਰੇ ਜਗੀਰਦਾਰਾਂ ਤੋਂ ਜ਼ਮੀਨਾਂ ਖੋਹ ਕੇ ਹਲ਼ ਵਾਹਕਾਂ (ਆਮ ਲੋਕਾਂ) ਨੂੰ ਜ਼ਮੀਨਾਂ ਦੇ ਮਾਲਕ ਬਣਾਇਆ। ਉਨ੍ਹਾਂ ਨੇ ਆਪਣੇ ਰਾਜ ਦਾ ਸਿੱਕਾ ਗੁਰੂ ਨਾਨਕ-ਗੁਰੂ ਗੋਬਿੰਦ ਸਿੰਘ ਜੀ ਨਾਮ ‘ਤੇ ਜਾਰੀ ਕੀਤਾ। ਉਨ੍ਹਾਂ ਨੂੰ ਭਾਵੇਂ ਰਾਜ ਕਰਨ ਜਾਂ ਜੀਣ ਲਈ ਬਹੁਤਾ ਸਮਾਂ ਨਹੀਂ ਮਿਲਿਆ ਪਰ ਆਪਣੇ 7-8 ਸਾਲ ਦੇ ਸਮੇਂ ਵਿਚ ਹੀ ਉਹ ਅਜਿਹਾ ਤੂਫਾਨ ਬਣ ਕੇ ਆਏ ਕਿ ਜਾਬਰਾਂ-ਜਰਵਾਣਿਆਂ ਨੂੰ ਆਪਣੀਆਂ ਹਕੂਮਤਾਂ ਹੀ ਨਹੀਂ, ਜਾਨਾਂ ਬਚਾਉਣੀਆਂ ਮੁਸ਼ਕਿਲ ਹੋ ਗਈਆਂ ਸਨ। ਜਿਥੇ ਉਹ ਮੈਦਾਨੇ-ਜੰਗ ਵਿਚ ਬੜੀ ਸੂਰਮਗਤੀ ਨਾਲ ਲੜਿਆ ਤੇ ਬਿਨਾ ਕਿਸੇ ਟਰੇਂਡ ਫੌਜ ਦੇ ਆਮ ਲੋਕਾਂ ਦੀ ਮਦਦ ਨਾਲ ਜਿੱਤਾਂ ਹਾਸਿਲ ਕੀਤੀਆਂ, ਉਥੇ ਬੜੀ ਬਹਾਦਰੀ ਨਾਲ ਖਿੜੇ ਮੱਥੇ ਸ਼ਹਾਦਤ ਪ੍ਰਾਪਤ ਕੀਤੀ।
ਪੁਰਾਣੀ ਦਿੱਲੀ ਵਿਚ ਮਹਿਰੌਲੀ ਦੇ ਸਥਾਨ ‘ਤੇ ਬੰਦਾ ਸਿੰਘ ਨੂੰ ਸ਼ਹੀਦ ਕਰਨ ਤੋਂ ਪਹਿਲਾਂ ਕਈ ਦਿਨ ਰੋਜ਼ਾਨਾ ਉਸ ਦੇ 100 ਸਾਥੀਆਂ ਨੂੰ ਕੋਤਵਾਲੀ ਚੌਕ ਵਿਚ ਲੋਕਾਂ ਸਾਹਮਣੇ ਸ਼ਹੀਦ ਕੀਤਾ ਜਾਂਦਾ ਸੀ ਤੇ ਲਾਸ਼ਾਂ ਦੇ ਸਿਰ ਕੱਟ ਕੇ ਸੜਕਾਂ ਦੇ ਮੋੜਾਂ ‘ਤੇ ਟੰਗੇ ਜਾਂਦੇ ਸਨ ਤਾਂ ਲੋਕਾਂ ਨੂੰ ਸੁਨੇਹਾ ਜਾਵੇ ਕਿ ਮੁਗਲੀਆ ਹਕੂਮਤ ਵਿਰੁਧ ਬਗਾਵਤ ਕਰਨ ਵਾਲਿਆਂ ਦਾ ਹਸ਼ਰ ਕੀ ਹੁੰਦਾ ਹੈ ਪਰ ਬੰਦਾ ਸਿੰਘ ਨੇ ਫਿਰ ਵੀ ਈਨ ਨਹੀਂ ਮੰਨੀ ਤਾਂ ਮਾਰਚ 1716 ਨੂੰ ਉਸ ਦੇ ਸਾਹਮਣੇ ਉਸ ਦੇ ਛੋਟੇ ਜਿਹੇ ਪੁੱਤਰ ਨੂੰ ਸ਼ਹੀਦ ਕਰਨ ਉਪਰੰਤ ਉਸ ਦਾ ਦਿਲ ਕੱਢ ਕੇ ਬੰਦਾ ਸਿੰਘ ਦੇ ਮੂੰਹ ਵਿਚ ਤੁੰਨਿਆ ਗਿਆ ਤੇ ਅਖੀਰ ਬਾਬਾ ਬੰਦਾ ਸਿੰਘ ਅੰਤਾਂ ਦੇ ਤਸੀਹੇ ਝੱਲਦਾ ਸ਼ਹੀਦ ਹੋ ਗਿਆ। ਪੋਰਸ ਤੋਂ ਬਾਅਦ ਬੰਦਾ ਸਿੰਘ ਅਜਿਹਾ ਪਹਿਲਾ ਜਰਨੈਲ ਹੋ ਨਿਬੜਿਆ ਜਿਸ ਨੇ ਪੰਜਾਬ ਨੂੰ ਸੁਤੰਤਰ ਰਾਜ ਵਿਚ ਤਬਦੀਲ ਕੀਤਾ। ਅੰਗਰੇਜ਼ ਇਤਿਹਾਸਕਾਰ ਵਿਲੀਅਮ ਇਰਵਨ ਆਪਣੀ ਕਿਤਾਬ ‘ਲੇਟਰ ਮੁਗਲਜ਼’ ਲਿਖਦਾ ਹੈ ਕਿ ਬੰਦਾ ਸਿੰਘ ਦੀ ਸੈਨਾ ਵਿਚ ਜਿਹੜੇ ਚੂਹੜੇ, ਚਮਿਆਰ, ਕਲਾਲ ਤੇ ਨੀਚ ਜਾਤਾਂ ਦੇ ਲੋਕ ਸ਼ਾਮਿਲ ਹੁੰਦੇ ਸਨ, ਉਹ ਆਪਣੇ ਘਰਾਂ ਨੂੰ ਹਾਕਮ ਬਣ ਕੇ ਮੁੜਦੇ ਸਨ। ਵੱਡੇ ਧਨਾਢ ਲੋਕ ਵੀ ਉਨ੍ਹਾਂ ਦਾ ਸਵਾਗਤ ਕਰਦੇ ਸਨ ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਬੰਦਾ ਸਿੰਘ ਬਹਾਦਰ ਨੇ ਉਨ੍ਹਾਂ ਨੀਚਾਂ ਨੂੰ ਪਾਤਸ਼ਾਹੀ ਬਖਸ਼ ਦਿੱਤੀ ਸੀ ਜਿਸ ਦਾ ਸੁਪਨਾ ਗੁਰੂ ਗੋਬਿੰਦ ਸਿੰਘ ਜੀ ਨੇ ਲਿਆ ਸੀ: ਇਨ ਗਰੀਬ ਸਿੱਖਨ ਕੋ ਦੇਊਂ ਪਾਤਸ਼ਾਹੀ, ਇਹ ਯਾਦ ਰਖੇਂ ਹਮਰੀ ਗੁਰਿਆਈ’।
ਬੰਦਾ ਸਿੰਘ ਬਹਾਦਰ ਸਿੱਖ ਇਤਿਹਾਸ ਦੀ ਅਜਿਹੀ ਬੁਝਾਰਤ ਹੈ ਜਿਸ ਬਾਰੇ ਸਿੱਖ ਵਿਦਵਾਨਾਂ ਤੇ ਇਤਿਹਾਸਕਾਰਾਂ ਵਲੋਂ ਕੋਈ ਖੋਜ ਕਰਨ ਦੀ ਥਾਂ ਪੁਰਾਣੀਆਂ ਲਿਖਤਾਂ ਨੂੰ ਆਧਾਰ ਬਣਾ ਕੇ ਮੱਖੀ ‘ਤੇ ਮੱਖੀ ਮਾਰ ਕੇ ਵਰਕੇ ਕਾਲੇ ਕਰਨ ਤੋਂ ਵੱਧ ਕੁਝ ਨਹੀਂ ਕੀਤਾ ਪਰ ਇਸ ਦਾ ਮਤਲਬ ਇਹ ਨਹੀਂ ਕਿ ਬੰਦਾ ਸਿੰਘ ਬਹਾਦਰ ਬਾਰੇ ਕਿਸੇ ਨੇ ਕੁਝ ਨਹੀਂ ਲਿਖਿਆ। ਬੰਦਾ ਸਿੰਘ ਬਾਰੇ ਫਾਰਸੀ, ਪੰਜਾਬੀ, ਹਿੰਦੀ, ਅੰਗਰੇਜ਼ੀ ਵਿਚ ਅਨੇਕਾਂ ਲਿਖਤਾਂ ਹਨ ਜਿਨ੍ਹਾਂ ਵਿਚੋਂ ਪੰਜਾਬੀ ਦੀਆਂ ਲਿਖਤਾਂ ਉਸ ਦੇ ਜੀਵਨ ਕਾਲ ਤੋਂ 50-60 ਬਾਅਦ ਲਿਖਣੀਆਂ ਸ਼ੁਰੂ ਹੋਈਆਂ ਸਨ। ਕੇਸਰ ਸਿੰਘ ਛਿੱਬਰ ਦਾ ‘ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ’ ਪਹਿਲੀ ਪੰਜਾਬੀ ਲਿਖਤ ਹੈ ਜਿਸ ਵਿਚ ਬੰਦਾ ਸਿੰਘ ਬਹਾਦਰ ਬਾਰੇ ਜ਼ਿਕਰ ਮਿਲਦਾ ਹੈ। ਇਹ ਲਿਖਤ 1769 ਦੇ ਕਰੀਬ ਲਿਖੀ ਗਈ ਸੀ। ਇਸ ਤੋਂ ਇਲਾਵਾ ਢਾਡੀ ਨੱਥ ਮੱਲ ਦਾ ਫਾਰਸੀ ‘ਅਮਰਨਾਮਾ’ ਉਨ੍ਹਾਂ ਸਮਿਆਂ ਵਿਚ ਲਿਖਿਆ ਮਿਲਦਾ ਹੈ। ਇਹ ਉਹ ਸਮਾਂ ਸੀ, ਜਦੋਂ ਸਿੱਖ ਮਿਸਲਾਂ ਦਾ ਉਭਾਰ ਸ਼ੁਰੂ ਹੋ ਚੁੱਕਾ ਸੀ। ਇਸ ਤੋਂ ਪਹਿਲੀਆਂ ਸਾਰੀਆਂ ਲਿਖਤਾਂ ਫਾਰਸੀ ਵਿਚ ਮੁਸਲਮਾਨਾਂ ਵਲੋਂ ਲਿਖੀਆ ਹੀ ਮਿਲਦੀਆਂ ਹਨ ਜਿਨ੍ਹਾਂ ਵਿਚੋਂ ਬਹੁਤ ਸਾਰੀਆਂ ਮੁਸਲਮਾਨ ਹਾਕਮਾਂ ਦੇ ਰੋਜ਼ਨਾਮਚੇ, ਅਖਬਾਰਾਂ ਆਦਿ ਮੁੱਖ ਹਨ। ਇਨ੍ਹਾਂ ਵਿਚੋਂ ਕੋਈ ਵੀ ਲਿਖਤ ਬੰਦਾ ਸਿੰਘ ਬਹਾਦਰ ਦੀ ਸ਼ਖਸੀਅਤ ਨੂੰ ਮੁੱਖ ਰੱਖ ਕੇ ਨਹੀਂ ਲਿਖੀ ਮਿਲਦੀ ਸਗੋਂ ਉਸ ਸਮੇਂ ਦੇ ਹਾਲਾਤ ਵਿਚ ਬੰਦਾ ਸਿੰਘ ਬਾਰੇ ਜ਼ਿਕਰ ਮਿਲਦਾ ਹੈ, ਉਸ ਦੀਆਂ ਜਿੱਤਾਂ, ਹਾਰਾਂ, ਹਮਲਿਆਂ, ਸ਼ਹੀਦੀ ਦਾ ਵਰਨਣ ਹੈ ਪਰ ਬੱਝਵੇਂ ਰੂਪ ਵਿਚ ਬੰਦਾ ਸਿੰਘ ਬਾਰੇ ਕੋਈ ਠੋਸ ਜਾਣਕਾਰੀ ਨਹੀਂ ਮਿਲਦੀ।
ਇੱਕ ਪਾਸੇ ਜਿਥੇ ਮੁਸਲਮਾਨ ਲਿਖਾਰੀਆਂ ਨੇ ਬਹੁਤ ਕੁਝ ਸਮੇਂ ਦੇ ਹਾਕਮਾਂ ਨੂੰ ਖੁਸ਼ ਕਰਨ ਲਈ ਲਿਖਿਆ ਹੈ, ਉਥੇ ਮਜ਼ਹਬੀ ਫਿਰਕੂ ਜ਼ਹਿਨੀਅਤ ਵੀ ਭਾਰੂ ਸੀ ਜਿਸ ਕਰ ਕੇ ਬੰਦਾ ਸਿੰਘ ਦੇ ਹਮਲਿਆਂ ਨੂੰ ਆਧਾਰ ਬਣਾ ਕੇ ਉਸ ਨੂੰ ਜਾਬਰ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਉਸ ਦੇ ਨਾਲ ਜਾਨਾਂ ਹੂਲ ਕੇ ਲੜਨ ਵਾਲਿਆਂ ਨੂੰ ਚੋਰ, ਕਾਤਲ, ਲੁਟੇਰੇ ਆਦਿ ਸਾਬਤ ਕੀਤਾ ਗਿਆ ਹੈ। ਦੂਜੇ ਪਾਸੇ, ਸਿੱਖ ਲੇਖਕਾਂ ਨੇ ਮੌਕੇ ਦੀਆਂ ਕਾਬਜ਼ ਧਿਰਾਂ (ਤੱਤ ਖਾਲਸਾ) ਨੂੰ ਸਥਾਪਿਤ ਕਰਨ ਅਤੇ ਖੁਸ਼ ਕਰਨ ਲਈ ਬਹੁਤ ਕੁਝ ਅਜਿਹਾ ਲਿਖਿਆ ਹੈ ਜਿਸ ਨਾਲ ਬੰਦਾ ਸਿੰਘ ਦੀ ਸ਼ਖਸੀਅਤ ਨੂੰ ਪੂਰੀ ਤਰ੍ਹਾਂ ਦਾਗਦਾਰ ਕੀਤਾ ਜਾਵੇ, ਉਸ ਨੂੰ ਗੁਰੂ ਦੋਖੀ ਸਾਬਤ ਕੀਤਾ ਜਾਵੇ। ਅਨੇਕਾਂ ਤਰ੍ਹਾਂ ਦੀਆਂ ਮਨਘੜਤ ਕਹਾਣੀਆਂ ਬੰਦਾ ਸਿੰਘ ਨਾਲ ਜੋੜ ਕੇ ਉਸ ਦੀ ਕਿਰਦਾਰਕੁਸ਼ੀ ਕੀਤੀ ਗਈ ਹੈ। ਇਥੋਂ ਤੱਕ ਕਿ ਰਤਨ ਸਿੰਘ ਭੰਗੂ, ਕਵੀ ਸੰਤੋਖ ਸਿੰਘ, ਗਿਆਨੀ ਗਿਆਨ ਸਿੰਘ, ਕਰਮ ਸਿੰਘ ਹਿਸਟੋਰੀਅਨ ਤੇ ਉਨ੍ਹਾਂ ਦੀ ਨਕਲ ਕਰ ਕੇ ਕਈ ਹੋਰ ਸਿੱਖ ਲੇਖਕਾਂ ਨੇ ਬੰਦਾ ਸਿੰਘ ਦੀ ਸ਼ਹਾਦਤ ਨੂੰ ਇਸ ਢੰਗ ਨਾਲ ਨਕਾਰਿਆ ਹੈ ਕਿ ਮੁਗਲਾਂ ਨੇ ਤਸੀਹੇ ਦੇ ਕੇ ਸੁੱਟ ਦਿੱਤਾ ਸੀ ਤੇ ਉਹ ਬਚ ਕੇ ਕਸ਼ਮੀਰ ਦੀਆਂ ਪਹਾੜੀਆਂ ਵਿਚ ਲੁਕ ਕੇ ਰਹਿੰਦਾ ਰਿਹਾ ਅਤੇ 70 ਸਾਲ ਦੀ ਉਮਰ ਵਿਚ ਉਸ ਦੀ ਮੌਤ ਹੋਈ ਜਿਸ ਦੌਰਾਨ ਉਸ ਨੇ 2-3 ਹੋਰ ਵਿਆਹ ਵੀ ਕਰਵਾਏ ਸਨ। ਸਿੱਖ ਇਤਿਹਾਸਕਾਰਾਂ ਨੇ ਬੰਦਾ ਸਿੰਘ ਨਾਲ ਬੜਾ ਅਨਰਥ ਕੀਤਾ ਹੈ, ਜਦਕਿ ਉਸ ਦੀ ਸ਼ਹਾਦਤ ਬਾਰੇ ਫਾਰਸੀ ਦੀਆਂ ਸਮਕਾਲੀ ਰਚਨਾਵਾਂ ‘ਅਖਬਾਰ-ਏ-ਦਰਬਾਰ-ਏ-ਮੁਅੱਲਾ’, ਮੁਹੰਮਦ ਕਾਸਿਮ ਦਾ ‘ਇਬਰਤਨਾਮਾ’, ਮਿਰਜ਼ਾ ਮੁਹੰਮਦ ਦਾ ‘ਇਬਰਤਨਾਮਾ’, ਹਾਜ਼ੀ ਕਾਮਵਰ ਖਾਨ ਦਾ ‘ਤਜ਼ਕਿਰਾਤ-ਉਲ-ਸਲਾਤੀਨ ਚੁਗੱਤਾ’, ਖਾਫੀ ਖਾਨ ਦੀ ਲਿਖਤ ‘ਮੂਮਤਖਾਬ-ਉਲ-ਲੁਬਾਬ’ ਵਿਚ ਕਾਫੀ ਜ਼ਿਕਰ ਆਉਂਦਾ ਹੈ ਕਿ ਬੰਦਾ ਸਿੰਘ ਬਹਾਦਰ, ਉਸ ਦੇ ਪੁੱਤਰ ਅਤੇ 700 ਤੋਂ ਵੱਧ ਸਾਥੀਆਂ ਨੂੰ ਕਿਸ ਤਰ੍ਹਾਂ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ।
ਕੇਸਰ ਸਿੰਘ ਛਿੱਬਰ ਦੇ ‘ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ’ ਦੇ ਸਮਕਾਲੀ ਕੋਇਰ ਸਿੰਘ ਨੇ ‘ਗੁਰ ਬਿਲਾਸ ਪਾਤਸ਼ਾਹੀ 10’ ਅਤੇ ਸਰੂਪ ਸਿੰਘ ਕੌਸ਼ਿਸ਼ ਨੇ ‘ਗੁਰੂ ਕੀਆਂ ਸਾਖੀਆਂ’ ਤਕਰੀਬਨ 18ਵੀਂ ਸਦੀ ਦੇ ਅਖੀਰ ਵਿਚ ਮਿਸਲਾਂ ਦੇ ਦੌਰ ਵਿਚ ਹੀ ਲਿਖੀਆਂ ਸਨ। ਸਿੱਖ ਇਤਿਹਾਸਕਾਰਾਂ ਦੀਆਂ ਬਾਕੀ ਸਾਰੀਆਂ ਕਿਤਾਬਾਂ 19ਵੀਂ ਸਦੀ ਵਿਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਜਾਂ ਉਸ ਦੀ ਮੌਤ ਤੋਂ ਬਾਅਦ ਤੇ ਅੰਗਰੇਜ਼ਾਂ ਦੇ ਪੰਜਾਬ ‘ਤੇ ਕਬਜ਼ੇ ਦੌਰਾਨ ਲਿਖੀਆਂ ਮਿਲਦੀਆਂ ਹਨ। ਇਨ੍ਹਾਂ ਵਿਚੋਂ ਕਵੀ ਸੰਤੋਖ ਸਿੰਘ ਦਾ ‘ਸੂਰਜ ਪ੍ਰਕਾਸ਼ ਗ੍ਰੰਥ’, ਰਤਨ ਸਿੰਘ ਭੰਗੂ ਦਾ ‘ਪ੍ਰਾਚੀਨ ਪੰਥ ਪ੍ਰਕਾਸ਼’, ਗਿਆਨੀ ਗਿਆਨ ਸਿੰਘ ਦਾ ‘ਸ੍ਰੀ ਗੁਰ ਪੰਥ ਪ੍ਰਕਾਸ਼’, ਸਰੂਪ ਦਾਸ ਭੱਲਾ ਦਾ ‘ਮਹਿਮਾ ਪ੍ਰਕਾਸ਼’ ਦੇ ਨਾਮ ਵਰਨਣਯੋਗ ਹਨ। ਬਾਕੀ ਦੇ ਤਕਰੀਬਨ ਸਾਰੇ ਪੰਜਾਬੀ, ਭਾਰਤੀ ਜਾਂ ਅੰਗਰੇਜ਼ ਲਿਖਾਰੀਆਂ ਨੇ ਇਨ੍ਹਾਂ ਦੀਆਂ ਰਚਨਾਵਾਂ ਨੂੰ ਹੀ ਆਪਣੀਆਂ ਪੁਸਤਕਾਂ ਦਾ ਆਧਾਰ ਬਣਾਇਆ ਹੈ। ਰਤਨ ਸਿੰਘ ਭੰਗੂ ਅਤੇ ਕਰਮ ਸਿੰਘ ਹਿਸਟੋਰੀਅਨ ਨੇ ਬੰਦਾ ਸਿੰਘ ਬਹਾਦਰ ਦੀ ਸਭ ਤੋਂ ਵੱਧ ਕਿਰਦਾਰਕੁਸ਼ੀ ਕੀਤੀ ਹੈ। 20ਵੀਂ ਸਦੀ ਦੇ ਤਕਰੀਬਨ ਸਾਰੇ ਲੇਖਕਾਂ ਨੇ ਸਥਾਪਤੀ ਨੂੰ ਖੁਸ਼ ਕਰਨ ਲਈ ਜੋ ਪ੍ਰਚਲਤ ਹੋ ਚੁੱਕਾ ਸੀ, ਉਸ ‘ਤੇ ਮੋਹਰ ਹੀ ਲਗਾਈ ਹੈ, ਖੋਜ ਕਰ ਕੇ ਸਚਾਈ ਸਾਹਮਣੇ ਲਿਆਉਣ ਦੀ ਕੋਸ਼ਿਸ਼ ਨਹੀਂ ਕੀਤੀ। ਡਾ. ਗੰਡਾ ਸੰਘ ਨੇ ਬੇਸ਼ਕ ਫਾਰਸੀ ਦੀਆਂ ਰਚਨਾਵਾਂ ਨੂੰ ਆਧਾਰ ਬਣਾ ਕੇ ਕੁਝ ਨਵੇਂ ਪੱਖ ਉਭਾਰੇ ਸਨ ਪਰ ਵਿਰੋਧੀ ਦਾ ਅਸਲ ਨੁਕਤਾ ਨਾ ਸਮਝਣ ਕਰ ਕੇ ਬਹੁਤ ਜਗ੍ਹਾ ਟਪਲ਼ੇ ਖਾਧੇ ਹਨ।
ਬੰਦਾ ਸਿੰਘ ਬਹਾਦਰ ਨੂੰ ਨੀਵਾਂ ਦਿਖਾਉਣ, ਉਸ ਦੀ ਕਿਰਦਾਰਕੁਸ਼ੀ, ਉਸ ਨੂੰ ਗੁਰੂ ਦੋਖੀ ਦਰਸਾਉਣ ਵਿਚ ਮੁਸਲਮਾਨ ਲੇਖਕਾਂ ਦੀ ਸਮਝ ਤਾਂ ਸਭ ਨੂੰ ਨਜ਼ਰ ਆਉਂਦੀ ਰਹੀ ਹੈ ਕਿਉਂਕਿ ਉਸ ਨੇ ਨਾ ਸਿਰਫ ਜ਼ਾਲਮ ਮੁਗਲਾਂ ਹਾਕਮਾਂ ਨੂੰ ਸਜ਼ਾਵਾਂ ਦਿੱਤੀਆਂ ਸਗੋਂ ਉਨ੍ਹਾਂ ਦਾ ਰਾਜ ਭਾਗ ਵੀ ਖੋਹ ਲਿਆ ਸੀ ਪਰ ਤਕਰੀਬਨ ਬਹੁਤੇ ਨਵੇਂ ਸਿੱਖ ਲੇਖਕ ਜਾਂ ਖੋਜੀ, ਇਹ ਨੁਕਤਾ ਨਹੀਂ ਸਮਝ ਸਕੇ ਕਿ 18ਵੀਂ ਤੇ 19ਵੀਂ ਸਦੀ ਦੇ ਸਾਰੇ ਲੇਖਕ ਉਸ ਸਮੇਂ ਦੀਆਂ ਕਾਬਜ਼ ਧਿਰਾਂ ਦੀ ਨੁਮਾਇੰਦਗੀ ਕਰਨ ਵਾਲੇ ਅਤੇ ਸਿੱਖੀ ‘ਤੇ ਕਾਬਜ਼ ਹੋ ਚੁੱਕੀ ਬ੍ਰਾਹਮਣਵਾਦੀ ਪੁਜਾਰੀ ਸ਼੍ਰੇਣੀ ਦੇ ਪ੍ਰਭਾਵ ਵਿਚ ਸਨ ਜਿਨ੍ਹਾਂ ਨੇ ਬੰਦਾ ਸਿੰਘ ਬਾਰੇ ਹੀ ਨਹੀਂ, ਗੁਰੂ ਸਾਹਿਬਾਨ ਬਾਰੇ ਵੀ ਬੜਾ ਕੁਫਰ ਤੋਲਿਆ ਹੋਇਆ ਹੈ ਜਿਸ ਨੂੰ ਨਵੇਂ ਸਿੱਖ ਵਿਦਵਾਨਾਂ ਨੇ ਇਤਿਹਾਸ ਦੇ ਸੋਮਿਆਂ (ਅਖੌਤੀ) ਨੂੰ ਬਚਾਉਣ ਲਈ ਲੁਕਾ ਲਿਆ ਜਾਂਦਾ ਰਿਹਾ ਹੈ। ਦੂਜਾ ਪੱਖ ਇਹ ਹੈ ਕਿ 18ਵੀਂ ਅਤੇ 19ਵੀਂ ਸਦੀ ਦੇ ਇਤਿਹਾਸ ਦੀ ਗੁਰਬਾਣੀ ਨਜ਼ਰੀਏ ਤੋਂ ਪਰਖ-ਪੜਚੋਲ ਕਰ ਕੇ ਖੋਜ ਰਾਹੀਂ ਸੱਚ ਸਾਹਮਣੇ ਲਿਆਉਣ ਦੀ ਥਾਂ 20ਵੀਂ ਅਤੇ 21ਵੀਂ ਸਦੀ ਦੇ ਵਿਦਵਾਨਾਂ ਨੇ ਮੌਜੂਦਾ ਕਾਬਜ਼ ਧਿਰਾਂ ਦੇ ਡਰ ਅਤੇ ਉਨ੍ਹਾਂ ਨੂੰ ਖੁਸ਼ ਕਰਨ ਲਈ ਸਿਰਫ ਸੌਖੀ ਪੰਜਾਬੀ (ਪੁਰਾਣੇ ਗ੍ਰੰਥ ਕਵਿਤਾ ਵਿਚ ਹਨ) ਜਾਂ ਸੌਖੀ ਅੰਗਰੇਜ਼ੀ ਵਿਚ ਅਨੁਵਾਦ ਕਰ ਕੇ ਮੱਖੀ ‘ਤੇ ਮੱਖੀ ਹੀ ਮਾਰੀ ਹੈ, ਹੋਰ ਕੁਝ ਨਹੀਂ ਕੀਤਾ। ਇਸ ਨਾਲ ਇਤਿਹਾਸ ਦੇ ਹੀਰੋ ਜ਼ੀਰੋ ਹਨ ਅਤੇ ਮੁਗਲਾਂ ਤੇ ਅੰਗਰੇਜ਼ਾਂ ਦੇ ਹੀਰੋ ਸਿੱਖਾਂ ਦੇ ਹੀਰੋ ਬਣਾਏ ਹੋਏ ਹਨ।
ਜਦੋਂ ਅਸੀਂ ਬੰਦਾ ਸਿੰਘ ਬਹਾਦਰ ਬਾਰੇ ਪਾਏ ਭੁਲੇਖਿਆਂ ਬਾਰੇ ਵਿਚਾਰ ਕਰਦੇ ਹਾਂ ਤਾਂ ਕੁਝ ਗੱਲਾਂ ਮੁੱਖ ਤੌਰ ‘ਤੇ ਸਾਹਮਣੇ ਆਉਂਦੀਆਂ ਹਨ ਜਿਨ੍ਹਾਂ ਬਾਰੇ ਵਿਚਾਰ ਤੇ ਖੋਜ ਹੋਣੀ ਬਹੁਤ ਜ਼ਰੂਰੀ ਹੈ ਤਾਂ ਕਿ ਸੱਚ ਸਾਹਮਣੇ ਆ ਸਕੇ। ਸਿੱਖ ਲੇਖਕਾਂ ਨੇ ਬੰਦਾ ਸਿੰਘ ਬਹਾਦਰ ਬਾਰੇ ਕਿਹਾ ਹੈ ਕਿ ਉਸ ਦਾ ਰਾਜ ਕੁਝ ਸਾਲਾਂ ਵਿਚ ਇਸ ਲਈ ਸਮਾਪਤ ਹੋ ਗਿਆ ਸੀ ਕਿਉਂਕਿ ਉਸ ਨੇ ਗੁਰੂ ਦੇ ਹੁਕਮ ਤੋਂ ਉਲਟ ਵਿਆਹ ਕਰਵਾ ਲਿਆ ਸੀ ਜਿਸ ਨਾਲ ਗੁਰੂ ਤੋਂ ਮਿਲੀ ਸ਼ਕਤੀ ਖਤਮ ਹੋ ਗਈ ਸੀ। ਜਿਸ ਗੁਰੂ ਗੋਬਿੰਦ ਸਿੰਘ ਜੀ ਬਾਰੇ ਕਿਹਾ ਜਾਂਦਾ ਹੈ ਕਿ ਉਨ੍ਹਾਂ ਬੰਦਾ ਸਿੰਘ ਨੂੰ ਵਿਆਹ ਤੋਂ ਰੋਕਿਆ ਸੀ, ਉਸੇ ਗੁਰੂ ਗੋਬਿੰਦ ਸਿੰਘ ਜੀ ਬਾਰੇ ਇਨ੍ਹਾਂ ਗ੍ਰੰਥਾਂ ਵਿਚ ਹੀ ਲਿਖਿਆ ਹੈ ਕਿ ਉਨ੍ਹਾਂ ਤਿੰਨ ਵਿਆਹ ਕਰਾਏ ਸਨ? ਜਿਹੜਾ ਬੰਦਾ ਆਪ ਤਿੰਨ ਵਿਆਹ ਕਰਾ ਸਕਦਾ, ਉਹ ਹੋਰ ਕਿਸੇ ਨੂੰ ਕਿਵੇਂ ਜਾਂ ਕਿਸ ਆਧਾਰ ‘ਤੇ ਰੋਕ ਸਕਦਾ, ਜਦੋਂ ਸਾਰੇ ਗੁਰੂਆਂ ਨੇ ਵਿਆਹ ਕਰਾਏ ਹੋਏ ਸਨ? ਇਨ੍ਹਾਂ ਇਤਿਹਾਸਕਾਰਾਂ ਅਨੁਸਾਰ ਬੰਦਾ ਸਿੰਘ ਨੇ ਗੁਰੂ ਸਾਹਿਬ ਦੇ ਹੁਕਮ ਤੋਂ ਉਲਟ ਆਪਣੇ ਆਪ ਨੂੰ ‘ਗਿਆਰਵਾਂ ਗੁਰੂ’ ਕਹਾਉਣਾ ਸ਼ੁਰੂ ਕਰ ਦਿੱਤਾ ਸੀ ਤੇ ਇਸ ਦੇ ‘ਸਿੱਖ’ ਆਪਣੇ ਆਪ ਨੂੰ ‘ਬੰਦਈ ਖਾਲਸਾ’ ਕਹਾਉਂਦੇ ਸਨ ਅਤੇ ‘ਗੁਰੂ ਫਤਹਿ’ ਦੀ ਥਾਂ ਮਿਲਣ ਵੇਲੇ ‘ਫਤਹਿ ਦਰਸ਼ਨ’ ਕਹਿੰਦੇ ਸਨ? ਪੁਰਾਣੀਆਂ ਲਿਖਤਾਂ ਵਿਚ ਕਿਤੇ ਵੀ ‘ਫਤਹਿ ਦਰਸ਼ਨ’ ਜਾਂ ਮੌਜੂਦਾ ਪ੍ਰਚਲਤ ‘ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਿਹ॥ ਦਾ ਜ਼ਿਕਰ ਨਹੀਂ ਮਿਲਦਾ। ਇਹ ਬਹੁਤ ਬਾਅਦ ਵਿਚ ਮਿਸਲਾਂ ਦੇ ਸਮੇਂ ਜਦੋਂ ਤੱਤ ਖਾਲਸਾ (ਗੁਰੂ ਘਰ ਵਿਰੋਧੀ ਤਾਕਤਾਂ) ਕਾਬਜ਼ ਹੋ ਗਈਆਂ ਸਨ, ਉਨ੍ਹਾਂ ਵਲੋਂ ਬੰਦਾ ਸਿੰਘ ਨੂੰ ਬਦਨਾਮ ਕਰਨ ਲਈ ਕਹਾਣੀਆਂ ਘੜੀਆਂ ਗਈਆਂ, ਜਦਕਿ ਬੰਦਾ ਸਿੰਘ ਵਲੋਂ ਜਾਰੀ ਸਿੱਕਿਆਂ ਉਪਰ ਉਸ ਨੇ ਆਪਣੇ ਨਾਮ ਦੀ ਥਾਂ ਗੁਰੂ ਨਾਨਕ ਤੇ ਗੁਰੂ ਗੋਬਿੰਦ ਸ਼ਬਦ ਲਿਖੇ ਸਨ।
ਮੈਂ ਬਾਬਾ ਬੰਦਾ ਸਿੰਘ ਬਾਰੇ ਕਾਫੀ ਕਿਤਾਬਾਂ ਪੜ੍ਹੀਆਂ ਹਨ, ਜੇ ਸਭ ਤੋਂ ਵਧੀਆ ਖੋਜ ਵਾਲੀ ਕਿਤਾਬ ਹੈ ਤਾਂ ਉਹ ਡਾ. ਸੁਖਦਿਆਲ ਸਿੰਘ ਦੀ ‘ਬੰਦਾ ਸਿੰਘ ਬਹਾਦਰ: ਇਤਿਹਾਸਕ ਅਧਿਐਨ’ ਕਹੀ ਜਾ ਸਕਦੀ ਹੈ, ਬੇਸ਼ਕ ਉਹ ਵੀ ਆਪਣੀ ਖੋਜ ਦੇ ਸਿੱਟੇ ਲਿਖਣ ਵੇਲੇ ਮੌਜੂਦਾ ਪ੍ਰਚਲਤ ਪ੍ਰੰਪਰਾਵਾਂ ਨੂੰ ਧਿਆਨ ਵਿਚ ਰੱਖ ਕੇ ਜਾਂ ਮੌਜੂਦਾ ਕਾਬਜ਼ ਧਿਰਾਂ ਵਲੋਂ ਹੋਣ ਵਾਲੇ ਵਿਰੋਧ ਨੂੰ ਮੁੱਖ ਰੱਖ ਕੇ ਬਹੁਤ ਕੁਝ ਲੁਕੋ ਗਿਆ, ਫਿਰ ਵੀ ਤੁਸੀਂ ਉਸ ਦੀ ਖੋਜ ਦੇ ਆਧਾਰ ‘ਤੇ ਸਪਸ਼ਟ ਤੌਰ ‘ਤੇ ਇਸ ਫੈਸਲੇ ‘ਤੇ ਪਹੁੰਚ ਸਕਦੇ ਹੋ ਕਿ ਬੰਦਾ ਸਿੰਘ ਬਹਾਦਰ ਨਾ ਤਾਂ ਕੋਈ ਬੈਰਾਗੀ ਸੀ, ਨਾ ਹੀ ਕੋਈ ਕਰਾਮਾਤੀ ਸਾਧ ਸੀ, ਉਹ ਗੁਰੂ ਸਾਹਿਬ ਵਲੋਂ ਸ਼ਹਿਜ਼ਾਦਾ ਮੁਅੱਜਮ (ਔਰੰਗਜ਼ੇਬ ਦਾ ਪੁੱਤਰ ਜੋ ਬਾਅਦ ਵਿਚ ਬਹਾਦਰ ਸ਼ਾਹ ਦੇ ਨਾਮ ਹੇਠ ਭਾਰਤ ਦਾ ਬਾਦਸ਼ਾਹ ਬਣਿਆ ਸੀ), ਜੋ ਉਸ ਵਕਤ ਕਾਬੁਲ ਤੇ ਲਾਹੌਰ ਦਾ ਗਵਰਨਰ ਸੀ ਤੇ ਗੁਰੂ ਘਰ ਦਾ ਸ਼ਰਧਾਲੂ ਸੀ, ਦੀ ਸਿੱਖ ਫੌਜ ਦੀ ਟੁਕੜੀ ਦਾ ਜਰਨੈਲ ਸੀ ਜਿਹੜੀ ਫੌਜ ਗੁਰੂ ਸਾਹਿਬ ਦੀ ਸਹਿਮਤੀ ਨਾਲ ਸ਼ਹਿਜ਼ਾਦਾ ਮੁਅੱਜਮ ਨੇ ਬਣਾਈ ਸੀ। ਇਸ ਫੌਜ ਦੀ ਟੁਕੜੀ ਨੂੰ ‘ਗੁਰੂ ਕੀ ਫੌਜ’ ਤੇ ਉਸ ਦੇ ਜਰਨੈਲ ਨੂੰ ‘ਗੁਰੂ ਕਾ ਬੰਦਾ’ ਕਿਹਾ ਜਾਂਦਾ ਸੀ। ਬਾਬਾ ਬੰਦਾ ਸਿੰਘ ਬਹਾਦਰ ਹੀ ਉਸ ਦਾ ਜਰਨੈਲ ਸੀ।
ਇਸ ਸਬੰਧੀ ਟੁੱਟਵੀਆਂ ਗਵਾਹੀਆਂ ਡਾ. ਗੰਡਾ ਸਿੰਘ ਦੀ ਕਿਤਾਬ ‘ਹੁਕਮਨਾਮੇ’, ਕੇਸਰ ਸਿੰਘ ਛਿੱਬਰ ਦੀ ‘ਬੰਸਾਵਲੀਨਾਮਾ’, ਸਰੂਪ ਦਾਸ ਭੱਲਾ ਦੀ ‘ਮਹਿਮਾ ਪ੍ਰਕਾਸ਼’, ਕੋਇਰ ਸਿੰਘ ਦੀ ‘ਗੁਰ ਬਿਲਾਸ ਪਾਤਸ਼ਾਹੀ ਦਸਵੀਂ’, ਸਮਕਾਲੀ ਫਾਰਸੀ ਅਖਬਾਰ ‘ਅਖਬਾਰ-ਦਰਬਾਰ-ਏ-ਮੁਲਾਲਾ’, ਪਿਆਰਾ ਸਿੰਘ ਪਦਮ ਦੀ ‘ਰਹਿਤਨਾਮੇ’, ਵਿਲੀਅਮ ਇਰਵਿਨ ਦੀ ‘ਲੇਟਰ ਮੁਗਲਜ਼’ ਵਿਚੋਂ ਵੀ ਮਿਲਦੀਆਂ ਹਨ। ਅਸਲ ਵਿਚ ਔਰੰਗਜੇਬ ਦੀ ਮੌਤ ਤੋਂ ਬਾਅਦ ਗੁਰੂ ਕੀਆਂ ਫੌਜਾਂ ਨੇ ਗੁਰੂ ਸਾਹਿਬ ਦੇ ਹੁਕਮ ‘ਤੇ ਬਹਾਦਰ ਸ਼ਾਹ ਨੂੰ ਬਾਦਸ਼ਾਹ ਬਣਾਉਣ ਵਿਚ ਮਦਦ ਕੀਤੀ ਸੀ, ਗੁਰੂ ਸਾਹਿਬ ਤੇ ਕੁਝ ਮੁੱਖ ਸਿੱਖ (ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਬਿਨੋਧ ਸਿੰਘ, ਭਾਈ ਕਾਹਨ ਸਿੰਘ, ਭਾਈ ਬਾਜ ਸਿੰਘ, ਭਾਈ ਫਤਿਹ ਸਿੰਘ, ਭਾਈ ਰਾਮ ਸਿੰਘ ਤੇ ਬੰਦਾ ਸਿੰਘ ਬਹਾਦਰ) ਆਗਰੇ ਬਹਾਦਰ ਸ਼ਾਹ ਦੀ ਤਾਜਪੋਸ਼ੀ ਵਿਚ ਵੀ ਸ਼ਾਮਿਲ ਹੋਏ ਸਨ। ਉਥੋਂ ਹੀ ਸਾਰੇ ਫੌਜ ਸਮੇਤ ਬਹਾਦਰ ਸ਼ਾਹ ਨਾਲ ਦੱਖਣ ਨੂੰ ਗਏ ਸਨ ਜਿਥੇ ਗੁਰੂ ਸਾਹਿਬ ਤੇ ਸਰਹਿੰਦ ਦੇ ਸੂਬੇਦਾਰ ਵਜੀਦ ਖਾਨ ਦੇ ਭੇਜੇ ਪਠਾਣਾਂ ਵਲੋਂ ਹਮਲਾ ਕਰਨ ‘ਤੇ ਗੁਰੂ ਸਾਹਿਬ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸਨ ਤੇ ਕੁਝ ਦਿਨਾਂ ਬਾਅਦ ਉਹ ਅਕਾਲ ਚਲਾਣਾ ਕਰ ਗਏ ਸਨ।
ਡਾ. ਸੁਖਦਿਆਲ ਸਿੰਘ ਦੀ ਖੋਜ ਅਨੁਸਾਰ, ਅਕਾਲ ਚਲਾਣੇ ਤੋਂ ਪਹਿਲਾਂ ਗੁਰੂ ਸਾਹਿਬ ਨੇ ਬੰਦਾ ਸਿੰਘ ਨੂੰ ਆਪਣਾ ਉਤਰਾਧਿਕਾਰੀ (ਸ਼ਾਇਦ ਡਾ. ਸਾਹਿਬ ਕਿਸੇ ਵਿਵਾਦ ਤੋਂ ਬਚਣ ਲਈ ‘ਗੁਰੂ’ ਕਹਿਣ ਤੋਂ ਝਕ ਗਏ) ਚੁਣ ਗਏ ਅਤੇ ਉਸ ਨਾਲ ਪੰਜ ਸਿੰਘ ਸਲਾਹ ਮਸ਼ਵਰੇ ਲਈ ਵੀ ਲਗਾ ਦਿੱਤੇ ਸਨ। ਗੁਰੂ ਸਾਹਿਬ ਦੀਆਂ ਅੰਤਿਮ ਰਸਮਾਂ ਕਰਨ ਤੋਂ ਬਾਅਦ ਹੀ ਸਾਰੇ ਸਿੱਖ ਬੰਦਾ ਸਿੰਘ ਦੀ ਅਗਵਾਈ ਵਿਚ ਪੰਜਾਬ ਵਲ ਆਏ ਸਨ। ਇਸੇ ਕਰ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮਾਂ ਅਨੁਸਾਰ ਹੀ ਸਾਰੇ ਸਿੱਖ ਬੰਦਾ ਸਿੰਘ ਬਹਾਦਰ ਨਾਲ ਜੁੜ ਗਏ ਸਨ ਅਤੇ ਉਹ ਆਉਂਦੇ ਹੀ ਲੜਾਈ ਵਿਚ ਫਸ ਗਏ। ਦੂਜੇ ਪਾਸੇ, ਗੁਰੂ ਪਰਿਵਾਰਾਂ ਨਾਲ ਜੁੜੇ ਹੋਏ ਲੋਕ ਮਾਤਾ ਸੁੰਦਰੀ ਅਤੇ ਭਾਈ ਮਨੀ ਸਿੰਘ ਦੀ ਅਗਵਾਈ ਵਿਚ ਜੁੜ ਗਏ। ਉਹ ਇਹ ਨਹੀਂ ਚਾਹੁੰਦੇ ਸਨ ਕਿ ਗੁਰੂ ਪਰਿਵਾਰ ਤੋਂ ਬਹਾਰੋਂ ਕੋਈ ਵਿਅਕਤੀ ਅਗਲਾ ਗੁਰੂ ਬਣੇ, ਇਸ ਲਈ ਮਾਤਾ ਸੁੰਦਰੀ ਨੇ ਇੱਕ ਨੌਜਵਾਨ ਅਜੀਤ ਸਿੰਘ ਗੋਦ ਲਿਆ ਜਿਸ ਨੂੰ ਗੁਰੂ ਬਣਾਉਣ ਦੀ ਕੋਸ਼ਿਸ਼ ਕੀਤੀ ਗਈ (ਇਸ ਸਬੰਧੀ ਅਨੇਕਾਂ ਗਵਾਹੀਆਂ ਵੱਖ-ਵੱਖ ਕਿਤਾਬਾਂ ਵਿਚ ਮਿਲਦੀਆਂ ਹਨ)। ਇਹ ਗਵਾਹੀਆਂ ਵੀ ਮਿਲਦੀਆਂ ਹਨ ਕਿ ਬਹਾਦਰ ਸ਼ਾਹ ਤੋਂ ਅਜੀਤ ਸਿੰਘ ਨੂੰ ਗੁਰੂ ਦੀ ਮਾਨਤਾ ਦਿਵਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਸੀ। ਬੰਦਾ ਸਿੰਘ ਨੂੰ ਰੋਕਣ ਲਈ ਅਜਿਹੀਆਂ ਅਫਵਾਹਾਂ ਵੀ ਫੈਲਾਈਆਂ ਗਈਆਂ ਕਿ ਗੁਰੂ ਸਾਹਿਬ ਦੀ ਤਾਂ ਮੌਤ ਹੀ ਨਹੀਂ ਹੋਈ ਸੀ, ਉਹ ਲੋਪ ਹੋ ਗਏ ਸਨ ਤੇ ਜਲਦੀ ਵਾਪਸ ਆਉਣਗੇ ਤੇ ਬੰਦੇ ਦੇ ਖਾਲਸੇ ਝੂਠ ਬੋਲਦੇ ਹਨ ਕਿ ਉਸ ਨੂੰ ਗੁਰੂ ਬਣਾਇਆ ਸੀ।
ਇਹ ਵੀ ਵਰਨਣਯੋਗ ਹੈ ਕਿ ਮੌਜੂਦਾ ਕੂਕਾ ਫਿਰਕਾ ਇਸ ਅਫਵਾਹ ਦੇ ਆਧਾਰ ‘ਤੇ ਹੀ ਬਣਿਆ ਸੀ ਕਿ ਗੁਰੂ ਸਾਹਿਬ ਬਹੁਤ ਸਾਲ ਕਿਤੇ ਲੁਕ ਕੇ ਅਜੈਪਾਲ ਸਿੰਘ ਦੇ ਰੂਪ ਵਿਚ ਰਹੇ ਸਨ ਤੇ ਅਖੀਰ ਵਿਚ ਬਾਬਾ ਬਾਲਕ ਸਿੰਘ ਨੂੰ ਗਿਆਰਵਾਂ ਗੁਰੂ ਬਣਾ ਕੇ ਗਏ ਸਨ ਤੇ ਹੁਣ ਤੱਕ ਉਨ੍ਹਾਂ ਦੀ ਇਹ ਗੁਰੂ ਪ੍ਰੰਪਰਾ ਚੱਲ ਰਹੀ ਹੈ ਤੇ ਹੁਣ ਉਨ੍ਹਾਂ ਦਾ ਸੋਲਵਾਂ ਗੁਰੂ ਚੱਲ ਰਿਹਾ ਹੈ। ਜਦੋਂ ਗੁਰੂ ਕਿਆਂ ਦੀਆਂ ਬੰਦਾ ਸਿੰਘ ਨੂੰ ਰੋਕਣ ਦੀਆਂ ਸਾਰੀਆਂ ਚਾਲਾਂ ਅਸਫਲ ਹੋ ਗਈਆਂ ਤਾਂ ਡਾ. ਸੁਖਦਿਆਲ ਸਿੰਘ ਅਤੇ ਰਤਨ ਸਿੰਘ ਭੰਗੂ ਦੇ ‘ਪ੍ਰਾਚੀਨ ਪੰਥ ਪ੍ਰਕਾਸ਼’ (ਕਈ ਹੋਰ ਲਿਖਤਾਂ ਵੀ ਇਸ ਤਰ੍ਹਾਂ ਦੀਆਂ ਹਨ) ਅਨੁਸਾਰ ਗੁਰੂ ਸਾਹਿਬ ਵਲੋਂ ਭੇਜੇ ਦੋ ਸਿੰਘਾਂ (ਦੋਨੋਂ ਗੁਰੂ ਪਰਿਵਾਰਾਂ ਵਿਚੋਂ ਸਨ) ਭਾਈ ਬਿਨੋਧ ਸਿੰਘ ਤੇ ਭਾਈ ਕਾਨ੍ਹ ਸਿੰਘ ਅਤੇ ਉਨ੍ਹਾਂ ਦੇ ਹਜ਼ਾਰਾਂ ਸਾਥੀ, ਬਾਬਾ ਬੰਦਾ ਸਿੰਘ ਨੂੰ ਛੱਡ ਕੇ ਮੁਗਲਾਂ ਨਾਲ ਜਾ ਰਲੇ ਸਨ (ਕਾਹਨ ਸਿੰਘ ਮੁਗਲਾਂ ਦਾ ਤਨਖਾਹਦਾਰ ਜਰਨੈਲ ਸੀ)। ਇਨ੍ਹਾਂ ਵਲੋਂ ਮੁਗਲਾਂ ਦੀ ਵਰਦੀ ‘ਨੀਲਾ ਬਾਣਾ’ ਪਾ ਲਿਆ ਸੀ। ਅੱਜ ਦੇ ਸਰਕਾਰੀ ਨਿਹੰਗ ਉਨ੍ਹਾਂ ਦੇ ਹੀ ਵਾਰਿਸ ਹਨ।
ਮੌਜੂਦਾ ਨਿਹੰਗ ਬੁੱਢਾ ਦਲ ਦਾ ਪਹਿਲਾ ਮੁਖੀ ਵੀ ‘ਭਾਈ ਬਿਨੋਧ ਸਿੰਘ’ ਹੀ ਸੀ ਤੇ ਕਾਹਨ ਸਿੰਘ ਇਸ ਦਾ ਪੁੱਤਰ ਸੀ। ਸਿੱਖ ਇਤਹਾਸ ਵਿਚ ਬਹੁਤੀਆਂ ਗੜਬੜਾਂ ਵੀ ਬੁੱਢਾ ਦਲ ਨੇ ਹੀ ਕੀਤੀਆਂ ਹਨ। ਬੁੱਢਾ ਦਲ ਦਾ ਹੀ ਅੰਮ੍ਰਿਤਸਰ ‘ਤੇ ਲੰਮਾ ਸਮਾਂ ਕਬਜ਼ਾ ਰਿਹਾ ਸੀ। ਇਨ੍ਹਾਂ ਨੇ ਹੀ ਨਿਰਮਲਿਆਂ ਨਾਲ ਰਲ ਕੇ ਗ੍ਰੰਥ ਲਿਖੇ ਅਤੇ ਪੁਜਾਰੀਵਾਦ ਨੂੰ ਸਿੱਖੀ ਵਿਚ ਪੱਕਾ ਕੀਤਾ ਸੀ। ਇਨ੍ਹਾਂ ਵਿਚਲਾ ਹੀ ਕੋਈ ਵੱਖਰਾ ਹੋਇਆ ਧੜਾ ਅੱਜ ਦੀ ਦਮਦਮੀ ਟਕਸਾਲ ਹੈ (ਜਿਸ ਬਾਰੇ ਖੋਜ ਦੀ ਲੋੜ ਹੈ?)। ਗੁਰਬਾਣੀ ਵਿਚ ਕੁਝ ਫਰਮਾਨ ਮਿਲਦੇ ਹਨ ਕਿ ‘ਨੀਲਾ ਬਾਣਾ’ ਮੁਗਲਾਂ (ਮੁਸਲਮਾਨਾਂ) ਦਾ ਸੀ (ਨੀਲ ਬਸਤ੍ਰ ਲੇ ਕਪੜੇ ਪਹਿਰੇ ਤੁਰਕ ਪਠਾਣੀ ਅਮਲੁ ਕੀਆ-ਆਸਾ ਦੀ ਵਾਰ ਪੰਨਾ 470)। ਸਿੰਘਾਂ ਦਾ ਬਾਣਾ ਬੰਦਾ ਸਿੰਘ ਵਾਲਾ ਸੀ ਜਿਹੜਾ ਨਾ ਹਿੰਦੂਆਂ ਵਾਲਾ ਕੇਸਰੀ (ਭਗਵਾਂ) ਤੇ ਨਾ ਮੁਗਲਾਂ ਵਾਲਾ ਨੀਲਾ ਸਗੋਂ ਬਸੰਤੀ ਤੇ ਸੁਰਮਈ ਸੀ। ਸਿੱਖ ਰਹਿਤ ਮਰਿਯਾਦਾ ਵਿਚ ਵੀ ਇਸ ਬਾਰੇ ਜ਼ਿਕਰ ਮਿਲਦਾ ਹੈ। ਰਤਨ ਸਿੰਘ ਭੰਗੂ (ਤੇ ਕੁਝ ਹੋਰ ਲਿਖਤਾਂ) ਅਨੁਸਾਰ ਭਾਈ ਨੰਦ ਲਾਲ (ਭਾਈ ਨੰਦ ਲਾਲ ਅਨੰਦਪੁਰ ਛੱਡਣ ਬਾਅਦ ਦੁਬਾਰਾ ਮੁਗਲ ਦਰਬਾਰ ਵਿਚ ਚਲਾ ਗਿਆ ਸੀ) ਨੇ ਮੁਗਲ ਬਾਦਸ਼ਾਹ ਫਰਖੁਸੀਅਰ ਦੇ ਹੁਕਮਾਂ ਅਨੁਸਾਰ ਵਿਚੋਲਗੀ ਕਰ ਕੇ ਮਾਤਾ ਸੁੰਦਰੀ ਅਤੇ ਭਾਈ ਮਨੀ ਸਿੰਘ ਤੋਂ ਬੰਦਾ ਸਿੰਘ ਖਿਲਾਫ ਹੁਕਮਨਾਮੇ ਜਾਰੀ ਕਰਾਏ ਸਨ ਤਾਂ ਕਿ ਉਹ ਹਥਿਆਰ ਸੁੱਟ ਕੇ ਗੁਰਦਾਸ ਨੰਗਲ ਗੜ੍ਹੀ ਵਿਚੋਂ ਬਾਹਰ ਆ ਜਾਏ। ਜਦੋਂ ਬੰਦਾ ਸਿੰਘ ਮਾਤਾ ਸੁੰਦਰੀ ਅਤੇ ਭਾਈ ਮਨੀ ਸਿੰਘ ਦੀਆਂ ਦੋ ਚਿੱਠੀਆਂ ਤੋਂ ਬਾਅਦ ਵੀ ਬਾਹਰ ਨਾ ਆਇਆ ਤਾਂ ਇਨ੍ਹਾਂ ਲਿਖਤਾਂ ਅਨੁਸਾਰ ਮਾਤਾ ਸੁੰਦਰੀ ਨੇ ਬੰਦਾ ਸਿੰਘ ਨੂੰ ਸਰਾਪ ਦੇ ਕੇ ਗੁਰੂ ਵਲੋਂ ਮਿਲੀ ਸਾਰੀ ਸ਼ਕਤੀ ਖੋਹ ਲਈ ਸੀ ਜਿਸ ਨਾਲ ਬੰਦਾ ਸਿੰਘ ਕਮਜ਼ੋਰ ਹੋ ਗਿਆ ਤੇ ਫੜਿਆ ਗਿਆ।
ਇਸ ਤਰ੍ਹਾਂ ਬੜੀ ਸਾਜ਼ਿਸ਼ ਕਰ ਕੇ ਬੰਦਾ ਸਿੰਘ ਨੂੰ ਠੀਕ ਉਸੇ ਤਰ੍ਹਾਂ ਗੜ੍ਹੀ ਵਿਚੋਂ ਬਾਹਰ ਕੱਢਿਆ ਗਿਆ ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਅਨੰਦਪੁਰ ਦਾ ਕਿਲ੍ਹਾ ਛੱਡਣ ਲਈ ਮਜਬੂਰ ਕੀਤਾ ਗਿਆ ਸੀ। ਜਿਸ ਤਰ੍ਹਾਂ ਮਗਰੋਂ ਗੁਰੂ ਸਾਹਿਬ ਅਤੇ ਪਹਾੜੀ ਰਾਜਿਆਂ ‘ਤੇ ਮੁਗਲਾਂ ਨੇ ਹਮਲਾ ਕਰ ਦਿੱਤਾ ਸੀ ਪਰ ਉਹ ਬਚ ਗਏ ਸਨ ਤੇ ਬਹੁਤ ਸਿੰਘ ਸ਼ਹੀਦ ਹੋ ਗਏ ਸਨ, ਪਰ ਬੰਦਾ ਸਿੰਘ ਤੇ ਉਸ ਦੇ 700 ਤੋਂ ਵੱਧ ਸਾਥੀ ਗ੍ਰਿਫਤਾਰ ਕਰ ਕੇ ਬਾਅਦ ਵਿਚ ਦਿੱਲੀ ਲਿਜਾ ਕੇ ਸ਼ਹੀਦ ਕੀਤੇ ਗਏ ਸਨ। ਬੰਦਾ ਸਿੰਘ ਨੂੰ ਸ਼ਹੀਦ ਕਰਨ ਤੋਂ ਬਾਅਦ ਭੰਗੂ ਦੀ ਲਿਖਤ ਅਨੁਸਾਰ ਹੀ ਤੱਤ ਖਾਲਸਾ (ਗੁਰੂ ਦੇ ਪਰਿਵਾਰ ਤੇ ਮੁਗਲਾਂ ਨਾਲ ਰਲੇ ਹੋਏ ਸਿੱਖਾਂ) ਨੇ ਬੰਦਈ ਖਾਲਸਿਆਂ (ਜੋ ਬੰਦਾ ਸਿੰਘ ਨੂੰ ਗੁਰੂ ਮੰਨਦੇ ਸਨ) ਹਰਾ ਕੇ (ਪਰਚੀਆਂ ਵੀ ਪਾਈਆਂ ਗਈਆਂ ਸਨ, ਮੱਲ ਵੀ ਘੁਲਾਏ ਗਏ ਤੇ ਬਾਅਦ ਵਿਚ ਬੰਦਈਆਂ ਦੇ ਮੁਖੀ ਸਿੰਘ (ਭਾਈ ਲਹੌਰਾ ਸਿੰਘ, ਭਾਈ ਸੰਗਤ ਸਿੰਘ, ਭਾਈ ਨਾਨੂੰ ਸਿੰਘ) ਮਾਰ ਦਿੱਤੇ ਗਏ ਸਨ ਤੇ ਬਹੁਤ ਇਨ੍ਹਾਂ ਨਾਲ ਰਲ ਗਏ ਸਨ: ਭੰਗੂ)।
‘ਗੁਰੂ ਮਾਨਿਓ ਗ੍ਰੰਥ’ ਵਾਲੀ ਪ੍ਰੰਪਰਾ ਬੰਦਾ ਸਿੰਘ ਦੀ ਸ਼ਹੀਦੀ ਤੋਂ ਬਾਅਦ ਸ਼ੁਰੂ ਕੀਤੀ ਗਈ ਸੀ? ਜੇ ਗੁਰੂ ਸਾਹਿਬ ਨੇ ‘ਗ੍ਰੰਥ’ ਨੂੰ ਗੁਰਗੱਦੀ ਦੇ ਦਿੱਤੀ ਸੀ ਤਾਂ ਫਿਰ ਮਾਤਾ ਸੁੰਦਰੀ ਕਿਸ ਆਧਾਰ ‘ਤੇ ਇੱਕ ਨੌਜਵਾਨ ਗੋਦ ਲੈ ਕੇ ਉਸ ਨੂੰ ਗੁਰੂ ਬਣਾ ਰਹੀ ਸੀ? ਜੇ ਗੁਰੂ ਸਾਹਿਬ ਦਾ ਹੁਕਮ ਸਭ ਨੇ ਮੰਨ ਲਿਆ ਸੀ ਤਾਂ ‘ਬੰਦਈ ਖਾਲਸਾ’ ਤੇ ‘ਤੱਤ ਖਾਲਸਾ’ ਕਿਥੋਂ ਆਏ? ਫਿਰ ‘ਪਰਚੀਆਂ ਪਾਉਣ’ ਤੇ ‘ਮੱਲ ਘੁਲਾਉਣ’ ਦੀ ਲੋੜ ਕਿਉਂ ਪਈ? ਜਿਹੜੇ ਦੋਹਰੇ ਅਸੀਂ ਅੱਜ ਪੜ੍ਹਦੇ ਹਾਂ, ਇਹ ਸਾਰੇ 18ਵੀਂ ਸਦੀ ਅਖੀਰ ਤੇ 19ਵੀਂ ਸਦੀ ਵਿਚ ਲਿਖੇ ਗ੍ਰੰਥਾਂ ਦੇ ਆਧਾਰ ‘ਤੇ ਹਨ? ਗੁਰੂ ਸਾਹਿਬ ਵਲੋਂ ਲਿਖਤੀ ਰੂਪ ਵਿਚ ਕੋਈ ਹੁਕਮਨਾਮਾ ਜਾਂ ਰਹਿਤਨਾਮਾ ਕਿਸੇ ਕਿਤਾਬ ਵਿਚ ਨਹੀਂ ਮਿਲਦਾ ਜਿਸ ਤਰ੍ਹਾਂ ਅੱਜ ਪ੍ਰਚਾਰਿਆ ਜਾਂਦਾ ਹੈ। ਅਸੀਂ ਆਪਣੇ ਵਲੋਂ ਕੋਈ ਫੈਸਲਾ ਨਹੀਂ ਦੇ ਰਹੇ ਤੇ ਨਾ ਹੀ ਸਾਡਾ ਕੋਈ ਦਾਅਵਾ ਹੈ ਕਿ ਜੋ ਕਹਿ ਰਹੇ ਹਾਂ, ਉਹ ਹੀ ਅੰਤਿਮ ਸੱਚ ਹੈ? ਇਹ ਸਿਰਫ ਸ਼ੰਕੇ ਹਨ ਜੋ ਖੋਜ ਰਾਹੀਂ ਦੂਰ ਕਿਤੇ ਬਿਨਾ ਅਸੀਂ ਇਤਿਹਾਸ ਦੇ ਬੰਦਾ ਸਿੰਘ ਵਰਗੇ ਮਹਾਂ ਨਾਇਕਾਂ ਨਾਲ ਇਨਸਾਫ ਨਹੀਂ ਕਰ ਸਕਾਂਗੇ? ਤੇ ਨਾ ਹੀ ਗੁਰੂ ਸਾਹਿਬਾਨ ਦੀ ਵਿਚਾਰਧਾਰਾ ਨਾਲ ਇਨਸਾਫ ਕਰ ਸਕਾਂਗੇ ਜੋ ਇਨ੍ਹਾਂ ਗ੍ਰੰਥਾਂ ਵਿਚ ਲਿਖੀ ਹੋਈ ਸਿੱਖੀ ਦੇ ਬਿਲਕੁਲ ਉਲਟ ਹੈ? ਪਰ ਸਾਡਾ ਇਥੇ ਇਹ ਸਵਾਲ ਉਠਾਉਣ ਦਾ ਮਕਸਦ ਸਿਰਫ ਇੰਨਾ ਕੁ ਹੀ ਹੈ ਕਿ ਸਿੱਖ ਇਤਿਹਾਸਕਾਰਾਂ ਤੇ ਸਿੱਖ ਸੰਸਥਾਵਾਂ ਨੂੰ ਰਲ ਕੇ 18ਵੀਂ, 19ਵੀਂ, 20ਵੀਂ ਸਦੀ ਵਿਚ ਲਿਖੇ ਗਏ ਸਾਰੇ ਗ੍ਰੰਥਾਂ ਨੂੰ ਖੋਜੀ ਨਜ਼ਰੀਏ ਨਾਲ ਗੁਰਬਾਣੀ ਦੀ ਰੌਸ਼ਨੀ ਵਿਚ ਵਿਚਾਰ ਕੇ ਸਾਂਝੇ ਨਿਰਨੇ ਕਰਨ ਦੀ ਲੋੜ ਹੈ। ਇਹ ਗ੍ਰੰਥ ਸਿੱਖੀ ਵਿਚ ਪੁਜਾਰੀਵਾਰ, ਵਹਿਮ-ਭਰਮ ਤੇ ਕਰਮਕਾਂਡਾਂ ਨੂੰ ਹੀ ਪੱਕੇ ਨਹੀਂ ਕਰ ਰਹੇ, ਸਗੋਂ ਨਾਇਕਾਂ ਨੂੰ ਨਾਲਾਇਕ ਬਣਾ ਰਹੇ ਹਨ ਅਤੇ ਨਾਲਾਇਕਾਂ ਤੇ ਗਦਾਰਾਂ ਨੂੰ ਨਾਇਕ ਬਣਾ ਕੇ ਪੇਸ਼ ਕਰ ਰਹੇ ਹਨ।