ਕਿਸਾਨਾਂ ਦੇ ਤਿੱਖੇ ਅੰਦੋਲਨ ‘ਚ ਆਪਣਿਆਂ ਨੂੰ ਹਾਕਾਂ

ਜਤਿੰਦਰ ਸਿੰਘ
ਫੋਨ: +91-97795-30032
ਕੇਂਦਰ ਦੇ ਖੇਤੀ ਕਾਨੂੰਨਾਂ ਖਿਲਾਫ ਪੰਜਾਬ ਵਿਚ ਚੱਲ ਰਹੇ ਕਿਸਾਨ ਅੰਦੋਲਨ ਨੇ ਖਿੱਤੇ ਦੀ ਖੜੋਤ ਤੋੜੀ ਹੈ। ਪੰਜਾਬ ਆਪਣੇ ਸੰਘਰਸ਼ੀ ਪਿਛੋਕੜ ਨੂੰ ਮੁੜ ਯਾਦ ਕਰ ਰਿਹਾ ਹੈ। ਇਸ ਲੇਖ ਦਾ ਕੇਂਦਰੀ ਨੁਕਤਾ ਸੰਘਰਸ਼ ਦੀ ਮਿਆਦ ਅਤੇ ਰਸਾਈ ਬਾਬਤ ਚਰਚਾ ਹੈ। ਸੰਘਰਸ਼ਾਂ ਨੂੰ ਜੇ ਨੇਕੀ ਤੇ ਬਦੀ, ਸੱਚ ਤੇ ਝੂਠ ਜਾਂ ਕੂੜ ਦੇ ਪ੍ਰਸੰਗ ਵਿਚ ਵਿਚਾਰੀਏ ਤਾਂ ਇਹ ਅੰਤਹੀਣ ਹਨ। ਇਨ੍ਹਾਂ ਦੀ ਕੋਈ ਮਿਆਦ ਨਹੀਂ ਮਿੱਥੀ ਜਾ ਸਕਦੀ। ਪਹਿਲਾਂ ਸਾਡੇ ਪੁਰਖੇ ਲੜੇ ਅਤੇ ਭਵਿੱਖ ਵਿਚ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਲੜਨਾ ਹੈ। ਮੌਜੂਦਾ ਸੰਘਰਸ਼ ਉਸ ਅੰਤਹੀਣ ਲੜਾਈ ਵਿਚ ਪੜਾਅ ਮਾਤਰ ਹੈ। ਨੇਕੀ ਅਤੇ ਬਦੀ ਸਮਾਜ ਰੂਪੀ ਤਕੜੀ ਦੇ ਦੋ ਪਲੜਿਆਂ ਵਾਂਗ ਹਨ। ਦੋਵਾਂ ਦੀ ਮੌਜੂਦਗੀ ਸੀ, ਹੈ ਤੇ ਰਹੇਗੀ। ਇਹ ਵਰਤਾਰਾ ਰੂਪਮਾਨ ਮਨੁੱਖਾਂ ਦੇ ਜ਼ਰੀਏ ਹੁੰਦਾ ਹੈ। ਨੇਕੀ ਦਾ ਪੱਖ ਪੂਰਨ ਵਾਲੇ ਅਤੇ ਬਦੀ ਕਰਨ ਵਾਲੇ ਹੁੰਦੇ ਹੱਡ-ਮਾਸ ਦੇ ਪੁਤਲੇ ਹੀ ਨੇ। ਮਨੁੱਖੀ ਚਾਲਾਂ ਪੁੱਠੀਆਂ ਵੀ ਪੈ ਸਕਦੀਆਂ ਹੁੰਦੀਆਂ।

ਅਸੀਂ ਇਹ ਤੈਅ ਕਰਨਾ ਹੈ ਕਿ ਕਿਸ ਧਿਰ ਦਾ ਪਲੜਾ ਮਜ਼ਬੂਤ ਹੋਵੇ। ਜਿਸ ਧਿਰ ਦਾ ਪਲੜਾ ਭਾਰੂ ਰਹੇਗਾ, ਸਮਾਜ ਦਾ ਵੱਡਾ ਹਿੱਸਾ ਉਸ ਰੰਗ ਵਿਚ ਰੰਗਿਆ ਜੀਵਨ ਬਤੀਤ ਕਰੇਗਾ।
ਸਟੇਟ ਜਾਂ ਸੱਤਾ ਉਤੇ ਕਾਬਜ਼ ਲੋਕ ਕੋਈ ਦੈਵੀ ਸ਼ਕਤੀ ਨਹੀਂ ਕਿ ਉਹ ਸਭ ਜਾਣੀ-ਜਾਣ ਨੇ। ਉਨ੍ਹਾਂ ਨੂੰ ਆਪਣੀ ਸੱਤਾ ਕਾਇਮ ਕਰਨ ਲਈ ਤਰੱਦਦ ਕਰਨਾ ਪੈਂਦਾ ਹੈ। ਲੋਕ-ਦੋਖੀ ਸੱਤਾ ਅਤੇ ਮੁਨਾਫਾਖੋਰ ਘਰਾਣਿਆਂ ਨੂੰ ਉਨ੍ਹਾਂ ਦੇ ਹਿੱਤ ਪੱਖੀ ਤੰਤਰ ਖੜ੍ਹਾ ਕਰਨ ਲਈ ਬੜੀ ਜੋੜ-ਤੋੜ ਕਰਨੀ ਪੈਂਦੀ ਹੈ। ਮੋਦੀਆਂ, ਅਮਿਤ ਸ਼ਾਹਾਂ (ਪਹਿਲਾਂ ਕਾਂਗਰਸੀਆਂ ਕਿਹਾ ਜਾਂਦਾ ਸੀ), ਭਾਗਵਤਾਂ, ਅਡਾਨੀਆਂ, ਅੰਬਾਨੀਆਂ (ਪਹਿਲਾਂ ਟਾਟੇ ਤੇ ਬਿਰਲੇ ਕਿਹਾ ਜਾਂਦਾ ਸੀ) ਤੇ ਹੋਰ ਦੇਸੀ-ਵਿਦੇਸ਼ੀ ਕਾਰਪੋਰੇਟਾਂ ਦੇ ਸਿਰਜੇ ਨਿਜ਼ਾਮ ਹਮੇਸ਼ਾਂ ਖਤਰੇ ਵਿਚ ਰਹਿੰਦੇ ਨੇ।
ਝੂਠ, ਹਿੰਸਾ, ਫਰੇਬ ਆਦਿ ਨਾਲ ਖੜ੍ਹੇ ਕੀਤੇ ਤੰਤਰ ਡਿੱਗਣ ਦੇ ਭੈਅ ਤੋਂ ਮੁਕਤ ਨਹੀਂ ਹੁੰਦੇ। ਭੇਤ ਖੁੱਲ੍ਹਣ ਦਾ ਡਰ ਹਮੇਸ਼ਾਂ ਲੱਗਿਆ ਰਹਿੰਦਾ ਹੈ। ਇਸੇ ਲਈ ਸੰਚਾਰ ਦੇ ਸਾਧਾਨਾਂ (ਅਖਬਾਰ, ਟੀਵੀ ਤੇ ਸੋਸ਼ਲ ਮੀਡਿਆ) ਨੂੰ ਖਰੀਦ ਕੇ ਜਾਂ ਡਰਾ ਕੇ ਭ੍ਰਿਸ਼ਟ ਕੀਤਾ ਜਾਂਦਾ ਹੈ। ਇੱਕ ਪਾਸੇ ਕੂੜ ਪ੍ਰਚਾਰ ਦਾ ਹਮਲਾ ਬੋਲਿਆ ਜਾਂਦਾ ਹੈ, ਦੂਜੇ ਪਾਸੇ ਸੱਚ ਨੂੰ ਲੋਕਾਈ ਤੱਕ ਪੁੱਜਦਾ ਕਰਨ ਵਾਲੇ ਮਨੁੱਖਾਂ ਤੇ ਸੰਸਥਾਵਾਂ ਉਤੇ ਦਮਨ ਕੀਤਾ ਜਾਂਦਾ ਹੈ। ਲੋਕ-ਦੋਖੀ ਤੰਤਰ ਲੋਕਾਈ ਸਾਹਮਣੇ ਬੇ-ਪਰਦ ਹੋਣ ਤੋਂ ਹਮੇਸ਼ਾਂ ਘਬਰਾਉਂਦਾ ਹੈ। ਬਦੀ ਨੂੰ ਰੱਸਾਕਸ਼ੀ ਦੀ ਖੇਡ ਵਾਂਗ ਹਰ ਸਮੇਂ ਰੱਸਾ ਹੱਥੋਂ ਖਿਸਕਣ ਜਾਂ ਖਿੱਚੀ ਲਕੀਰ ਪਾਰ ਕਰ ਜਾਣ ਕਾਰਨ ਹਾਰ ਦਾ ਤੌਖਲਾ ਬਣਿਆ ਰਹਿੰਦਾ ਹੈ।
ਨੇਕੀ ਜੇ ਆਪਣੇ ਸੰਘਰਸ਼ ਨੂੰ ਲੈ ਕੇ ਚਿੰਤਤ ਹੁੰਦੀ ਹੈ ਤਾਂ ਬਦੀ ਦੇ ਨੁਮਾਇੰਦੇ ਪੈਰ ਉਖੜ ਜਾਣ ਤੋਂ ਭੈਅਭੀਤ ਰਹਿੰਦੇ ਹਨ। ਮਨੁੱਖ ਲਈ ਕੋਈ ਘਟਨਾ ਜਾਂ ਵਰਤਾਰਾ ਦੈਵੀ ਉਦੋਂ ਤੱਕ ਰਹਿੰਦਾ ਜਦੋਂ ਤੱਕ ਉਸ ਦੇ ਨਿਯਮਾਂ ਤੇ ਕਾਰਨਾਂ ਨੂੰ ਖੋਜ ਕੇ ਸਮਝ ਨਹੀਂ ਲੈਂਦਾ। ਰਹੱਸ ਤੋਂ ਪਰਦਾ ਚੁੱਕਣ ਤੋਂ ਬਾਅਦ ਉਹ ਉਸ ਨੂੰ ਕਾਬੂ ਹੀ ਨਹੀਂ ਕਰਦਾ ਸਗੋਂ ਨਿੱਜੀ ਜਾਂ ਲੋਕਾਈ ਦੇ ਹਿੱਤਾਂ ਲਈ ਵਰਤਦਾ ਵੀ ਹੈ। ਸ਼ੁਰੂਆਤੀ ਦੌਰ ਵਿਚ ਮਨੁੱਖ ਅੱਗ ਤੋਂ ਡਰਿਆ ਪਰ ਜਦੋਂ ਇਹ ਸ਼ਹਿ ਸਮਝ ਪਈ ਤਾਂ ਕਾਬੂ ਹੀ ਨਹੀਂ ਕੀਤਾ ਸਗੋਂ ਚੰਗੇ-ਮਾੜੇ ਕੰਮਾਂ ਲਈ ਵਰਤਣਾ ਸ਼ੁਰੂ ਕੀਤਾ। ਅਹਿਮ ਸਵਾਲ ਇਹ ਕਿ ਨੇਕੀ ਦੀ ਬੁਲੰਦੀ ਲਈ ਉਠੇ ਸੰਘਰਸ਼ ਦੀ ਲਤਾੜੇ ਜਾ ਰਹੇ ਅਨੇਕਾਂ ਤਬਕਿਆਂ ਤੱਕ ਰਸਾਈ ਕਿਵੇਂ ਹੋਵੇ? ਇਹ ਠੀਕ ਹੈ ਕਿ ਸੰਘਰਸ਼ ਕੁਝ ਫੌਰੀ ਨੁਕਤੇ ਅਤੇ ਮੰਗਾਂ ਉਤੇ ਕੇਂਦਰਿਤ ਹੁੰਦਾ ਹੈ। ਸਭ ਕੁਝ ਗਵਾ ਲੈਣ ਦਾ ਖਦਸ਼ਾ ਜਾਂ ਕੁਝ ਹਾਸਿਲ ਕਰਨ ਦੀ ਤਾਂਘ ਸੰਘਰਸ਼ਾਂ ਦਾ ਮੁੱਢ ਬੰਨ੍ਹਦੇ ਹਨ। ਸਟੀਕ ਮੰਗਾਂ ਲੋਕਾਈ ਨਾਲ ਸਾਂਝ ਪਾਉਣ ਅਤੇ ਸੱਤਾ ਨਾਲ ਠੋਸ ਗੱਲਬਾਤ ਵਿਚ ਸਹਾਈ ਹੁੰਦੀਆਂ ਹਨ। ਫੌਰੀ ਪ੍ਰਾਪਤੀਆਂ ਵੱਡੇ ਬਦਲਾਓ ਲਈ ਪ੍ਰੇਰਦੀਆਂ ਹਨ ਪਰ ਨੇਕੀ ਦਾ ਪਲੜਾ ਲਗਾਤਾਰ ਭਾਰੀ ਕਿਵੇਂ ਰਹੇ, ਇਹ ਗੰਭੀਰ ਸੰਵਾਦ ਦੀ ਤਵੱਕੋ ਕਰਦਾ ਹੈ।
ਇਟਲੀ ਦੇ ਚਿੰਤਕ ਅੰਤੋਨੀਓ ਗ੍ਰਾਮਸ਼ੀ, ਹਿਟਲਰ ਤੇ ਮੁਸੋਲੀਨੀ ਵਰਗੇ ਫਾਸ਼ੀਵਾਦੀ ਤਾਨਾਸ਼ਾਹ ਦੇ ਉਭਾਰ ਦੇ ਕਾਰਨਾਂ ਦੀ ਪੜਚੋਲ ਕਰਦਿਆਂ ਇਸ ਸਵਾਲ ਨਾਲ ਖੌਝਲਦੇ ਹਨ ਕਿ ਪੂੰਜੀਪਤੀ ਅਤੇ ਸੱਤਾਧਾਰੀ ਧਿਰ ਸੰਖਿਆ ਵਜੋਂ ਨਿਗੂਣੀ ਹੋਣ ਦੇ ਬਾਵਜੂਦ ਬਹੁ-ਗਿਣਤੀ ਲੋਕਾਈ ਉਤੇ ਲੰਮਾ ਸਮਾਂ ਰਾਜ ਕਰਨ ਵਿਚ ਸਫਲ ਕਿਵੇਂ ਹੋ ਜਾਂਦੇ ਹਨ। ਉਨ੍ਹਾਂ ਸਿੱਟਾ ਕੱਢਿਆ ਕਿ ਰਾਜ-ਸੱਤਾ ਬਹੁ-ਗਿਣਤੀ ਦੇ ਵੱਖ ਵੱਖ ਤਬਕੇ ਨੂੰ ਬੌਧਿਕ ਗਲਬੇ ਵਿਚ ਕਰ ਲੈਂਦੀ ਹੈ। ਨਤੀਜਤਨ ਬੇਸ਼ੁਮਾਰ ਵਖਰੇਂਵਿਆਂ ਵਾਲੇ ਤਬਕੇ ਆਪਣੇ ਸ਼ੋਸ਼ਣ ਦੇ ਅਸਲ ਕਾਰਨਾਂ ਨੂੰ ਸਮਝ ਹੀ ਨਹੀਂ ਪਾਉਂਦੇ। ‘ਸ਼ੋਸ਼ਣ ਦੇ ਸਰੂਪ ਭਾਵੇਂ ਵੱਖਰੇ ਹੋਣ ਪਰ ਉਸ ਦਾ ਸੋਮਾ ਇੱਕੋ ਹੈ’ ਵਾਲੀ ਸਮਝ ਵਿਕਸਿਤ ਨਹੀਂ ਹੁੰਦੀ। ਜਿਹੜੀਆਂ ਤਾਕਤਾਂ ਨੂੰ ਸੱਤਾ ਖਿਲਾਫ ਚੱਲ ਰਹੇ ਅੰਦੋਲਨਾਂ ਦਾ ਹਿੱਸਾ ਬਣਨਾ ਚਾਹੀਦਾ ਹੈ, ਉਹ ਜਾਂ ਤਾਂ ਸਟੇਟ ਦੇ ਨਾਲ ਖੜ੍ਹ ਜਾਂਦੀਆਂ ਹਨ ਜਾਂ ਸੰਘਰਸ਼ ਤੋਂ ਅਵੇਸਲੀਆਂ ਰਹਿੰਦੀਆਂ ਹਨ। ਸਟੇਟ ਦਾ ਪਲੜਾ ਭਾਰੀ ਹੋਣ ਕਾਰਨ ਲੜਾਈਆਂ ਬੇਅੰਤ ਕੁਰਬਾਨੀਆਂ ਦੇ ਬਾਵਜੂਦ ਮਿੱਥੇ ਟੀਚਿਆਂ ਤੱਕ ਨਹੀਂ ਪਹੁੰਚਦੀਆਂ। ਸਟੇਟ ਦਾ ਪਲੜਾ ਹਲਕਾ ਕਰਨ ਲਈ ਦੂਜੇ ਪਾਲੇ ਵਿਚ ਖੜ੍ਹੇ ਜਾਂ ਦਰਸ਼ਕ ਬਣੇ ਵਰਗਾਂ ਨੂੰ ਸੁਚੇਤ ਕਰ ਕੇ ਸੰਘਰਸ਼ ਨੂੰ ਮਜ਼ਬੂਤ ਕਰਨਾ ਅਹਿਮ ਹੈ। ਕਿਸੇ ਵੀ ਧਿਰ ਦੀ ਸਪਲਾਈ ਲਾਈਨ ਅਤੇ ਲਾਈਫ ਲਾਈਨ ਖਲਕਤ ਹੁੰਦੀ ਹੈ। ਅਫਸੋਸ ਕਿ ਇਹ ਅਨੇਕਾਂ ਤਬਕਿਆਂ ਵਿਚ ਵੰਡੀ ਹੁੰਦੀ ਹੈ।
ਅਮਰੀਕਾ ਦੇ ਚੌਥੇ ਰਾਸ਼ਟਰਪਤੀ ਜੇਮਸ ਮੈਡੀਸਨ ਅਨੁਸਾਰ, ‘ਸਾਰੀਆਂ ਸਰਕਾਰਾਂ ਲੋਕ ਰਾਇ ਉਤੇ ਟਿਕੀਆਂ ਹੁੰਦੀਆਂ ਹਨ। ਸਭ ਤੋਂ ਵੱਡਾ ਤਾਨਾਸ਼ਾਹ ਵੀ ਉਸ ਦੀ ਸੋਚ ਨਾਲ ਮੇਲ ਖਾਂਦੇ ਲੋਕਾਂ ਦੀ ਮਦਦ ਤੋਂ ਬਿਨਾ ਨਾ ਸੱਤਾ ਹਾਸਿਲ ਕਰ ਸਕਦਾ ਹੈ ਤੇ ਨਾ ਹੀ ਬਚਾ ਕੇ ਰੱਖ ਸਕਦਾ ਹੈ।’ ਸੱਚ ਦੀ ਲੋਕਾਈ ਤੱਕ ਰਸਾਈ ਦੀ ਜ਼ੂਰਰਤ ਨੂੰ ਅਹਿਮ ਮੰਨਦਿਆਂ ਉਨ੍ਹਾਂ ਕਿਹਾ ਕਿ ‘ਇਕੱਲਾ ਰਹਿ ਜਾਣ ਤੇ ਮਨੁੱਖ ਵਾਂਗ ਹੀ ਉਸ ਦਾ ਪੇਸ਼ ਕੀਤਾ ਤਰਕ ਡਰ ਮਹਿਸੂਸ ਕਰਦਾ ਹੈ, ਉਸ ਦਾ ਹੌਂਸਲਾ ਤੇ ਮਜ਼ਬੂਤੀ ਸਾਥ ਦੇਣ ਵਾਲਿਆਂ ਦੀ ਗਿਣਤੀ ਤੇ ਨਿਰਭਰ ਕਰਦਾ ਹੈ।’ ਇਨ੍ਹਾਂ ਨੁਕਤਿਆਂ ਤੇ ਹਨਾ ਐਰੈਂਟ ਨੇ ਵਿਸਥਾਰ ਨਾਲ ਲਿਖਿਆ ਜੋ ਜਰਮਨ ਮੂਲ ਦੇ ਯਹੂਦੀ ਸਨ। ਹਿਟਲਰ ਦੇ ਫਾਸੀਵਾਦੀ ਦੌਰ ਸਮੇਂ ਉਨ੍ਹਾਂ ਨੂੰ ਜਰਮਨੀ ਛੱਡਣਾ ਪਿਆ ਅਤੇ ਅਮਰੀਕਾ ਜਾ ਵਸੇ। ਉਹ ਲਿਖਦੇ ਹਨ ਕਿ ਤਾਨਾਸ਼ਾਹ ਸੱਚ ਨੂੰ ਨਫਰਤ ਕਰਦੇ ਹਨ ਕਿਉਂਕਿ ਸੱਚ ਹੀ ਉਨ੍ਹਾਂ ਦਾ ਮੁਕਾਬਲਾ ਕਰ ਸਕਦਾ ਹੈ। ਸੱਚ ਉਹ ਤਾਕਤ ਹੈ ਜਿਸ ਉਤੇ ਗਲਬਾ ਨਹੀਂ ਪਾਇਆ ਜਾ ਸਕਦਾ। ਸੱਚ ਨੂੰ ਵਰਗਲਾਇਆ ਨਹੀਂ ਜਾ ਸਕਦਾ। ਸੱਚ ਨਾਲ ਪੇਚਾ ਪੈਣ ਤੋਂ ਤਾਨਾਸ਼ਾਹ ਭੱਜਦਾ ਹੈ। ਇਸ ਲਈ ਆਧੁਨਿਕ ਸਟੇਟ ਦੁਆਰਾ ਸੱਚ ਨੂੰ ਦਬਾਉਣ ਲਈ ਜਥੇਬੰਦ ਰੂਪ ਵਿਚ ਝੂਠ ਬੋਲਿਆ ਜਾਂਦਾ ਹੈ। ਝੂਠ ਸਹਾਰੇ ਨਵਾਂ ਬਿਰਤਾਂਤ ਸਿਰਜਿਆ ਜਾਂਦਾ ਹੈ ਤੇ ਅਣ-ਗਿਣਤ ਵਾਰ ਜਨਤਾ ਸਨਮੁੱਖ ਪੇਸ਼ ਕੀਤਾ ਜਾਂਦਾ ਹੈ। ਇਸ ਦਾ ਹੱਲ ਸੱਚ ਨੂੰ ਜਥੇਬੰਦ ਕਰਨ ਵਿਚ ਹੈ।
ਲੋਕਾਈ ਦੇ ਸ਼ੋਸ਼ਿਤ ਹੋ ਰਹੇ ਤਬਕਿਆਂ ਨੂੰ ਸਟੇਟ ਦੇ ਮਾਨਸਿਕ ਤੇ ਬੌਧਿਕ ਦਾਬੇ ਦੇ ਮਕੜਜਾਲ ਵਿਚੋਂ ਕੱਢਣ ਦੀ ਪਹਿਲਕਦਮੀ ਸੰਘਰਸ਼ ਕਰ ਰਹੀਆਂ ਧਿਰਾਂ ਅਤੇ ਉਨ੍ਹਾਂ ਦੇ ਹਮਾਇਤੀਆਂ ਨੇ ਕਰਨੀ ਹੈ। ‘ਪੁੱਤਰੋ ਵੇ’ ਜਾਂ ‘ਵੀਰੋ ਚਲੋ’ ਕਹਿਣਾ ਅਧੂਰਾ ਜਾਪਦਾ ਹੈ। ਇਹ ਸਵਾਲ ਅਹਿਮ ਹੈ ਕਿ ਇਨ੍ਹਾਂ ਸ਼ਬਦਾਂ ਨਾਲ ਪੰਜਾਬ ਦੇ ਖਿੱਤੇ ਅਤੇ ਭਾਰਤੀ ਉੁਪ-ਮਹਾਂਦੀਪ ਦੇ ਕਿੰਨੇ ਤਬਕੇ ਅਪਣੱਤ ਮਹਿਸੂਸ ਕਰਦੇ ਹੋਣਗੇ। ਭਾਰਤ ਦਾ ਸੰਵਿਧਾਨ ‘ਅਸੀਂ ਭਾਰਤ ਦੇ ਵਾਸੀ’ ਦੇ ਸੰਬੋਧਨ ਨਾਲ ਸ਼ੁਰੂ ਹੁੰਦਾ ਹੈ। ਅਸੀਂ ਅਕਸਰ ਪੁੱਛਦੇ ਹਾਂ ਕਿ ਇਸ ‘ਅਸੀਂ’ ਸ਼ਬਦ ਵਿਚ ਅਸੀਂ ਸ਼ਾਮਿਲ ਹਾਂ ਜਾਂ ਨਹੀਂ। ਸੱਤਾ ਦਾ ਜਵਾਬ ਰਸਮੀ ਰੂਪ ਵਿਚ ਤਾਂ ‘ਹਾਂ’ ਹੁੰਦਾ ਹੈ ਪਰ ਵਿਹਾਰਕ ਰੂਪ ਵਿਚ ਵੱਖਰਾ ਹੁੰਦਾ ਹੈ। ਇਸ ਕਰ ਕੇ ਮਸਲਾ ਸਿਰਫ ‘ਉਨ੍ਹਾਂ’ ਦੁਆਰਾ ‘ਸਾਨੂੰ’ ਪਾੜ ਕੇ ਰਾਜ ਦਾ ਹੀ ਨਹੀਂ ਸਗੋਂ ‘ਆਪਣੇ’ ਸਮਾਜ ਅੰਦਰਲੇ ਪਾੜਿਆਂ ਦੀ ਨਿਸ਼ਾਨਦੇਹੀ ਕਰ ਕੇ ਪੂਰਨ ਦਾ ਵੀ ਹੈ। ਵਖਰੇਵੇਂ ‘ਸਾਡੇ’ ਅੰਦਰ ਮੌਜੂਦ ਨੇ, ਉਨ੍ਹਾਂ ਨੂੰ ਹਵਾ ਦੇਣ ਦਾ ਕੰਮ ‘ਉਹ’ ਕਰਦੇ ਨੇ।
ਮੌਜੂਦਾ ਦੌਰ ਵਿਚ ਬਦੀ ਨੇ ਜਿਥੇ ਖਿੱਤਿਆਂ ਦੀ ਖੁਦਮੁਖਤਾਰੀ ਨੂੰ ਸੱਟ ਮਾਰੀ, ਧਾਰਮਿਕ ਘੱਟ-ਗਿਣਤੀਆਂ ਦਾ ਘਾਣ ਕੀਤਾ, ਕਾਰਪੋਰੇਟ ਘਰਾਣਿਆਂ ਨੂੰ ਗੱਫੇ ਵੰਡੇ ਤੇ ਕਿਸਾਨਾਂ ਦਾ ਹੱਕ ਮਾਰਿਆ ਹੈ; ਉਥੇ ਜਾਤੀ ਹਿੰਸਾ ਨੂੰ ਹਵਾ ਦਿੱਤੀ, ਆਦਿਵਾਸੀਆਂ ਦਾ ਸ਼ੋਸ਼ਣ ਕੀਤਾ, ਔਰਤਾਂ ਦੀ ਆਜ਼ਾਦੀ ਤੇ ਲਗਾਤਾਰ ਹਮਲੇ ਕੀਤੇ, ਬੇਰੁਜ਼ਗਾਰੀ ਵਧਾਈ, ਗਿਆਨ ਵੰਡਣ ਵਾਲੀਆਂ ਸੰਸਥਾਵਾਂ ਨੂੰ ਮਲੀਆਮੇਟ ਕੀਤਾ, ਖੇਤਰੀ ਭਾਸ਼ਾਵਾਂ ਨੂੰ ਨੁਕਸਾਨਿਆ, ਸਿੱਖਿਆ, ਸਿਹਤ ਤੇ ਹੋਰ ਜਨਤਕ ਸਹੂਲਤਾਂ ਦਾ ਨਿੱਜੀਕਰਨ ਕਰ ਕੇ ਗਰੀਬਾਂ ਦੀ ਪਹੁੰਚ ਤੋਂ ਦੂਰ ਕੀਤਾ ਹੈ। ਸਾਡੀ ਪਹੁੰਚ ਤੋਂ ਇਹ ਤਬਕੇ ਅਤੇ ਖਿੱਤੇ ਬਾਹਰ ਨਾ ਰਹਿ ਜਾਣ, ਇਸ ਦਾ ਖਿਆਲ ਰੱਖਿਆ ਜਾਣਾ ਚਾਹੀਦਾ ਹੈ। ਇਸ ਲਈ ਸਵੈ-ਪੜਚੋਲ ਜ਼ਰੂਰੀ ਹੈ। ‘ਪਹਿਲਾਂ ਇਹ ਸੰਘਰਸ਼ ਸਿਰੇ ਚੜ੍ਹਾਅ ਲਈਏ, ਇਸ ਨੂੰ ਫੇਰ ਦੇਖਾਂਗੇ’ ਵਾਲਾ ਤਰਕ ਸਟੀਕ ਨਹੀਂ ਜਾਪਦਾ ਹੈ। ਦੋਵਾਂ ਦੇ ਸੰਗੀ-ਸਾਥੀ ਹੋਣ ਨਾਲ ਲੜਾਈ ਸਰ ਕਰ ਲੈਣ ਦੀਆਂ ਸੰਭਾਵਨਵਾਂ ਨੂੰ ਜਰਬਾਂ ਲੱਗ ਜਾਂਦੀਆਂ ਹਨ। ਘਟਨਾਵਾਂ ਜਾਂ ਵਰਤਾਰੇ ਮੁਨੱਖ ਨੂੰ ਸੰਜੀਦਾ ਹੋਣ ਦੇ ਰਾਹ ਪਾਉਂਦੇ ਹਨ। ਇਸ ਰਾਹ ਦੇ ਪਾਂਧੀ ਨੇ ਤਮਾਮ ਉਮਰ ਸਫਰ ਵਿਚ ਰਹਿਣਾ ਹੈ। ਆਪਣੀ ਸੰਵੇਦਨਾ ਦੇ ਦਾਇਰੇ ਨੂੰ ਮੋਕਲਾ ਕਰਦੇ ਜਾਣਾ ਹੈ। ਜਿਥੇ ਆਪਣੇ ਨਾਲ ਹੁੰਦੀਆਂ ਵਧੀਕੀਆਂ ਦੀ ਵਿਆਖਿਆ ਕਰਨੀ ਹੈ, ਉਥੇ ਬਾਕੀਆਂ ਨਾਲ ਹੁੰਦੇ ਵਿਤਕਰੇ ਦੀ ਬਾਤ ਪਾਉਣਾ ਹੈ। ਡਾਢਿਆਂ ਦੀ ਫਹਿਰਿਸਤ ਵਿਚ ਆਪਣਾ ਨਾਂ ਸ਼ੁਮਾਰ ਹੋਣ ਤੇ ਸਵੈ ਨੂੰ ਮੁਖਾਤਿਬ ਹੋਣਾ ਵੀ ਜ਼ਰੂਰੀ ਹੈ।
ਆਤਮ-ਚਿੰਤਨ ਦਾ ਢੁੱਕਵਾਂ ਸਮਾਂ ਸੰਘਰਸ਼ ਹੁੰਦੇ ਹਨ ਜਦੋਂ ਸਿਰ-ਧੜ ਦੀ ਬਾਜ਼ੀ ਲੱਗੀ ਹੁੰਦੀ ਹੈ। ਪੰਜਾਬ ਨੂੰ ਖਿੱਤੇ ਦੇ ਤੌਰ ਤੇ ਦੇਖੀਏ ਤੇ ਸੰਬੋਧਿਤ ਹੋਈਏ। ਪੰਜਾਬ ਦੇ ਭੂਗੋਲਿਕ ਖਿੱਤੇ ਪਿੰਡ, ਕਸਬੇ ਅਤੇ ਸ਼ਹਿਰ ਆਪਸ ਵਿਚ ਸੰਵਾਦ ਕਰਨ। ਇਸ ਖਿੱਤੇ ਦੀਆਂ ਧਾਰਮਿਕ ਪਛਾਣਾਂ ਸਿੱਖ, ਹਿੰਦੂ, ਮੁਸਲਿਮ, ਈਸਾਈ ਤੇ ਹੋਰ ਧਾਰਮਿਕ ਘੱਟ-ਗਿਣਤੀਆਂ ਆਪਸੀ ਰਿਸ਼ਤਿਆਂ ਤੇ ਸੰਵਾਦ ਰਚਾਉਣ। ਪੰਜਾਬ ਆਪਣੇ ਅੰਦਰ ਚੱਲਦੇ ਲਿੰਗਕ ਅਤੇ ਜਾਤੀ ਵਿਤਕਰੇ ਪ੍ਰਤੀ ਸੁਹਿਰਦ ਹੋਵੇ। ਲੀਹੋਂ ਉਤਰੀ ਆਰਥਿਕਤਾ ਨੂੰ ਠੁੰਮ੍ਹਣਾ ਦੇਣ ਬਾਰੇ ਵਿਚਾਰ ਕਰੇ। ਸਿੱਖਿਆ, ਰੁਜ਼ਗਾਰ ਤੇ ਸਿਹਤ ਦੇ ਪੈਮਾਨਿਆਂ ਨੂੰ ਸੰਜੀਦਗੀ ਨਾਲ ਵਿਚਾਰੇ। ਲੋਕਾਈ ਦੀ ਸਮੂਹਿਕ ਚੇਤਨਾ ਦੇ ਵਿਕਾਸ ਦਾ ਕੰਮ ਲਗਾਤਾਰਤਾ ਵਿਚ ਚੱਲਦਾ ਰਹੇ। ਨੇਕੀ ਤੇ ਸੱਚ ਦਾ ਪਸਾਰਾ ਨਿਰਵਿਘਨ ਜਾਰੀ ਰਹੇ। ਪੰਜਾਬ ਸਮੁੱਚਤਾ ਵਿਚ ਆਪਣਿਆਂ ਨਾਲ, ਆਪਣੇ-ਆਪ ਨਾਲ ਸੰਵਾਦ ਰਚਾਵੇ। ਨਿਵੇਕਲੀ ਸ਼ਬਦਾਵਲੀ ਤੇ ਵਿਆਕਰਨ ਘੜਨ ਲਈ ਸਿਰ ਜੋੜ ਬੈਠੇ। ਪੰਜਾਬ ਖੁੱਲ੍ਹੀਆਂ ਅੱਖਾਂ ਨਾਲ ਹੁਣ ਕੋਈ ਵੱਡਾ ਸੁਫਨਾ ਦੇਖੇ।