ਦੋ ਸਾਜ਼ਿਸ਼ਾਂ ਅਤੇ ਇਕ ਦਾਹ-ਸਸਕਾਰ

ਸੰਸਾਰ ਪ੍ਰਸਿੱਧ ਲੇਖਕਾ ਅਰੁੰਧਤੀ ਰਾਏ ਨੇ ਆਪਣੇ ਇਸ ਲੇਖ ਵਿਚ ਹਾਥਰਸ (ਉਤਰ ਪ੍ਰਦੇਸ਼) ਵਿਚ ਜਬਰ ਜਨਾਹ ਦੀ ਹੋਈ ਵਾਰਦਾਤ, ਚਿਰਾਂ ਤੋਂ ਚੱਲਦੇ ਬਾਬਰੀ ਮਸਜਿਦ ਕੇਸ ਅਤੇ ਇਸ ਸਾਲ ਦੇ ਅਰੰਭ ਵਿਚ ਹੋਏ ਦਿੱਲੀ ਦੰਗਿਆਂ ਬਾਰੇ ਕੁਝ ਅਣਕਹੀਆਂ ਤੇ ਅਣਛੋਹੀਆਂ ਗੱਲਾਂ ਸਾਂਝੀਆਂ ਹਨ। ਇਸ ਲੰਮੇ ਲੇਖ ਦੀ ਪਹਿਲੀ ਕਿਸ਼ਤ ਪੇਸ਼ ਹੈ। ਲੇਖ ਦਾ ਤਰਜਮਾ ਸਾਡੇ ਕਾਲਮਨਵੀਸ ਬੂਟਾ ਸਿੰਘ ਨੇ ਕੀਤਾ ਹੈ।

-ਸੰਪਾਦਕ
ਅਰੁੰਧਤੀ ਰਾਏ
ਅਨੁਵਾਦ: ਬੂਟਾ ਸਿੰਘ
ਜਦ ਦੀਵਾਲੀ ਨੇੜੇ ਆ ਰਹੀ ਹੈ ਅਤੇ ਹਿੰਦੂ ਆਪਣੇ ਰਾਜ ਵਿਚ (ਤੇ ਉਸ ਨਵੇਂ ਧੜਵੈਲ ਮੰਦਰ ਵਿਚ ਜੋ ਅਯੁੱਧਿਆ ਵਿਚ ਉਨ੍ਹਾਂ ਲਈ ਬਣਾਇਆ ਜਾ ਰਿਹਾ ਹੈ) ਭਗਵਾਨ ਰਾਮ ਦੀ ਸਫਲ ਵਾਪਸੀ ਦਾ ਉਤਸਵ ਮਨਾਉਣ ਦੀਆਂ ਤਿਆਰੀਆਂ ਕਰ ਰਹੇ ਹਨ, ਤਾਂ ਸਾਨੂੰ ਬਾਕੀ ਲੋਕਾਂ ਨੂੰ ਬਸ ਭਾਰਤੀ ਲੋਕਤੰਤਰ ਦੀਆਂ ਸਿਲਸਿਲੇਵਾਰ ਕਾਮਯਾਬੀਆਂ ਦੇ ਜਸ਼ਨ ਨਾਲ ਹੀ ਸੰਤੁਸ਼ਟ ਹੋਣਾ ਪਵੇਗਾ। ਪ੍ਰੇਸ਼ਾਨ ਕਰ ਦੇਣ ਵਾਲੇ ਇਕ ਦਾਹ-ਸਸਕਾਰ, ਇਕ ਮਹਾਨ ਸਾਜ਼ਿਸ਼ ਨੂੰ ਦਫਨਾਉਣ ਅਤੇ ਇਕ ਹੋਰ ਸਾਜ਼ਿਸ਼ ਦੀ ਕਹਾਣੀ ਬਣਾਉਣ ਦੀਆਂ ਜੋ ਖਬਰਾਂ ਆ ਰਹੀਆਂ ਹਨ, ਉਸ ਵਿਚ ਅਸੀਂ ਖੁਦ ਉਪਰ, ਆਪਣੀ ਸੰਸਕ੍ਰਿਤੀ ਉਪਰ, ਆਪਣੀ ਸੱਭਿਅਤਾ ਦੇ ਮੁੱਲਾਂ ਉਪਰ ਨਾਜ਼ ਕੀਤੇ ਬਿਨਾ ਕਿਵੇਂ ਰਹਿ ਸਕਦੇ ਹਾਂ, ਜੋ ਪ੍ਰਾਚੀਨ ਵੀ ਹੈ ਅਤੇ ਆਧੁਨਿਕ ਵੀ?
ਸਤੰਬਰ ਦੇ ਅੱਧ ‘ਚ ਖਬਰ ਆਈ ਕਿ ਉਤਰ ਪ੍ਰਦੇਸ਼ ਦੇ ਹਾਥਰਸ ਵਿਚ, ਭਾਰੂ ਜਾਤੀ ਦੇ ਮਰਦ 19 ਸਾਲ ਦੀ ਦਲਿਤ ਲੜਕੀ ਦਾ ਸਮੂਹਿਕ ਬਲਾਤਕਾਰ ਕਰ ਕੇ ਉਸ ਨੂੰ ਮਰਨ ਲਈ ਸੁੱਟ ਗਏ। ਉਸ ਦਾ ਪਰਿਵਾਰ ਪਿੰਡ ਦੇ 15 ਦਲਿਤ ਪਰਿਵਾਰਾਂ ਵਿਚੋਂ ਇਕ ਸੀ ਜਿੱਥੇ 600 ਪਰਿਵਾਰਾਂ ਦੀ ਬਹੁਗਿਣਤੀ ਆਬਾਦੀ ਬ੍ਰਾਹਮਣਾਂ ਅਤੇ ਠਾਕੁਰਾਂ ਦੀ ਹੈ। ਭਗਵਾਂਧਾਰੀ ਅਤੇ ਖੁਦ ਨੂੰ ਯੋਗੀ ਅਦਿੱਤਿਆਨਾਥ ਕਹਾਉਣ ਵਾਲਾ ਪ੍ਰਦੇਸ਼ ਮੁਖੀ ਅਜੈ ਸਿੰਘ ਬਿਸ਼ਟ ਇਸੇ ਠਾਕੁਰ ਜਾਤ ‘ਚੋਂ ਹੈ (ਕੁਲ ਸੰਕੇਤ ਇਹੀ ਦੱਸਦੇ ਹਨ ਕਿ ਆਉਣ ਵਾਲੇ ਸਮੇਂ ਵਿਚ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਗ੍ਹਾ ਲੈਣ ਵਾਲਾ ਹੈ)। ਹਮਲਾਵਰ ਕੁਝ ਸਮੇਂ ਤੋਂ ਇਸ ਲੜਕੀ ਦਾ ਪਿੱਛਾ ਕਰ ਰਹੇ ਸਨ ਅਤੇ ਉਸ ਨੂੰ ਦਹਿਸ਼ਤਜ਼ਦਾ ਕੀਤਾ ਹੋਇਆ ਸੀ। ਕੋਈ ਨਹੀਂ ਸੀ ਜਿਸ ਤੋਂ ਉਹ ਮਦਦ ਮੰਗ ਸਕਦੀ। ਕੋਈ ਨਹੀਂ ਸੀ ਜੋ ਉਸ ਦੀ ਰੱਖਿਆ ਕਰਦਾ।
ਇਸ ਲਈ ਉਹ ਸਹਿਮੀ ਹੋਈ ਆਪਣੇ ਘਰ ਅੰਦਰ ਲੁਕੀ ਰਹਿੰਦੀ ਸੀ ਅਤੇ ਬਹੁਤ ਘੱਟ ਬਾਹਰ ਨਿਕਲਦੀ ਸੀ। ਉਸ ਅਤੇ ਉਸ ਦੇ ਪਰਿਵਾਰ ਨੂੰ ਪਤਾ ਸੀ ਕਿ ਹਾਲਾਤ ਕਿੰਨਾ ਖਤਰਨਾਕ ਰੁਖ ਅਖਤਿਆਰ ਕਰ ਸਕਦੇ ਹਨ; ਲੇਕਿਨ ਇਹ ਪਤਾ ਹੋਣ ਦਾ ਵੀ ਕੋਈ ਫਾਇਦਾ ਨਹੀਂ ਹੋਇਆ। ਉਸ ਦਿਨ ਖੂਨ ਨਾਲ ਲੱਥਪੱਥ ਉਸ ਦਾ ਜਿਸਮ ਉਸ ਦੀ ਮਾਂ ਨੂੰ ਖੇਤ ਵਿਚ ਪਿਆ ਮਿਲਿਆ, ਜਿੱਥੇ ਉਹ ਗਊਆਂ ਚਰਾਉਣ ਲਈ ਲਿਜਾਇਆ ਕਰਦੀ ਸੀ। ਉਸ ਦੀ ਜੀਭ ਲਗਭਗ ਕੱਟੀ ਹੋਈ ਸੀ, ਉਸ ਦੀ ਰੀੜ੍ਹ ਦੀ ਹੱਡੀ ਟੁੱਟੀ ਹੋਈ ਸੀ ਜਿਸ ਕਾਰਨ ਉਸ ਦੇ ਸਰੀਰ ਦਾ ਇਕ ਹਿੱਸਾ ਸੁੰਨ ਹੋ ਚੁੱਕਾ ਸੀ।
ਲੜਕੀ ਦੋ ਹਫਤੇ ਜ਼ਿੰਦਾ ਰਹੀ, ਪਹਿਲਾਂ ਅਲੀਗੜ੍ਹ ਹਸਪਤਾਲ ਵਿਚ, ਤੇ ਉਸ ਤੋਂ ਬਾਅਦ ਜਦ ਉਸ ਦੀ ਹਾਲਤ ਬਹੁਤ ਜ਼ਿਆਦਾ ਵਿਗੜ ਗਈ ਤਾਂ ਦਿੱਲੀ ਦੇ ਇਕ ਹਸਪਤਾਲ ਵਿਚ। 29 ਸਤੰਬਰ ਦੀ ਰਾਤ ਨੂੰ ਉਸ ਦੀ ਮੌਤ ਹੋ ਗਈ। ਉਤਰ ਪ੍ਰਦੇਸ਼ ਪੁਲਿਸ ਜੋ ਪਿਛਲੇ ਸਾਲ ਆਪਣੀ ਹਿਰਾਸਤ ਵਿਚ 400 ਲੋਕਾਂ ਦੇ ਹਿਰਾਸਤੀ ਕਤਲਾਂ ਲਈ ਜਾਣੀ ਜਾਂਦੀ ਹੈ (ਇਹ ਪੂਰੇ ਮੁਲਕ ਵਿਚ ਐਸੇ 1700 ਕਤਲਾਂ ਦਾ ਚੌਥਾ ਹਿੱਸਾ ਹੈ), ਰਾਤ ਦੇ ਸੰਨਾਟੇ ‘ਚ ਲੜਕੀ ਦੀ ਲਾਸ਼ ਲੈ ਕੇ ਉਸ ਦੇ ਪਿੰਡ ਵਿਚ ਆਈ। ਪੁਲਿਸ ਨੇ ਸਦਮੇ ਵਿਚ ਡੁੱਬੇ ਪਰਿਵਾਰ ਨੂੰ ਘਰ ਵਿਚ ਬੰਦ ਕਰ ਦਿੱਤਾ, ਲੜਕੀ ਦੀ ਮਾਂ ਨੂੰ ਆਪਣੀ ਧੀ ਨੂੰ ਜਾਂਦੀ ਵਾਰੀ ਅਲਵਿਦਾ ਕਹਿਣ ਅਤੇ ਆਖਰੀ ਵਾਰ ਉਸ ਦਾ ਮੂੰਹ ਦੇਖ ਲੈਣ ਅਤੇ ਉਸ ਦੇ ਭਾਈਚਾਰੇ ਨੂੰ ਆਪਣੀ ਪਿਆਰੀ ਬੱਚੀ ਦੀਆਂ ਅੰਤਮ ਰਸਮਾਂ ਕਰਨ ਦੀ ਇਜਾਜ਼ਤ ਵੀ ਨਹੀਂ ਦਿੱਤੀ।
ਖਾਕੀ ਵਰਦੀ ਦੀ ਦੀਵਾਰ ਦੇ ਪਹਿਰੇ ਅੰਦਰ, ਕਾਹਲੀ ਵਿਚ ਚਿਣੀ ਗਈ ਚਿਤਾ ਉਪਰ, ਕਤਲ ਕੀਤੀ ਉਸ ਲੜਕੀ ਦੀ ਲਾਸ਼ ਰੱਖੀ ਗਈ, ਤੇ ਧੂੰਆਂ ਹਨੇਰੇ ਆਸਮਾਨ ਵਿਚ ਗੁੰਮ ਹੁੰਦਾ ਰਿਹਾ। ਲੜਕੀ ਦਾ ਦਹਿਸ਼ਤਜ਼ਦਾ ਪਰਿਵਾਰ ਮੀਡੀਆ ਵਿਚ ਉਠੀ ਆਵਾਜ਼ ਨਾਲ ਸਹਿਮਿਆ ਹੋਇਆ ਸੀ। ਉਹ ਭਲੀਭਾਂਤ ਜਾਣਦੇ ਸਨ ਕਿ ਮੀਡੀਆ ਦੀ ਚਕਾਚੌਂਧ ਦੇ ਫਿੱਕੀ ਪੈ ਜਾਣ ਤੋਂ ਬਾਅਦ ਉਨ੍ਹਾਂ ਨੂੰ ਇਸ ਸ਼ੋਰ ਲਈ ਵੀ ਸਜ਼ਾ ਮਿਲਣ ਵਾਲੀ ਹੈ।
ਜੇ ਉਹ ਬਚਣ ‘ਚ ਕਾਮਯਾਬ ਹੋ ਗਏ ਤਾਂ ਆਪਣੀ ਉਸ ਜ਼ਿੰਦਗੀ ਵਿਚ ਪਰਤ ਜਾਣਗੇ ਜਿਸ ਦਾ ਉਨ੍ਹਾਂ ਨੂੰ ਆਦੀ ਬਣਾ ਦਿੱਤਾ ਗਿਆ ਹੈ – ਜਾਤਪਾਤ ਦੀ ਗਲਾਜ਼ਤ ਵਿਚ ਡੁੱਬੇ ਮੱਧਯੁਗੀ ਪਿੰਡ ਵਿਚ ਜਿੱਥੇ ਉਹ ਮੱਧਯੁਗੀ ਕਰੂਰਤਾ ਅਤੇ ਅਪਮਾਨ ਦਾ ਸ਼ਿਕਾਰ ਬਣਦੇ ਹਨ, ਜਿੱਥੇ ਉਨ੍ਹਾਂ ਨੂੰ ਅਛੂਤ ਅਤੇ ਇਨਸਾਨਾਂ ਤੋਂ ਵੀ ਨੀਵੇਂ ਮੰਨਿਆ ਜਾਂਦਾ ਹੈ।
ਦਾਹ-ਸਸਕਾਰ ਤੋਂ ਇਕ ਦਿਨ ਬਾਅਦ ਜਦ ਪੁਲਿਸ ਨੂੰ ਇਹ ਯਕੀਨ ਹੋ ਗਿਆ ਕਿ ਲਾਸ਼ ਦਾ ਮਹਿਫੂਜ਼ ਰੂਪ ‘ਚ ਨਾਮੋ-ਨਿਸ਼ਾਨ ਮਿਟਾ ਦਿੱਤਾ ਗਿਆ ਹੈ, ਤਾਂ ਉਸ ਨੇ ਐਲਾਨ ਕਰ ਦਿੱਤਾ ਕਿ ਲੜਕੀ ਨਾਲ ਬਲਾਤਕਾਰ ਨਹੀਂ ਹੋਇਆ; ਉਸ ਦੀ ਸਿਰਫ ਹੱਤਿਆ ਹੋਈ ਸੀ। ਇਹੀ ਉਹ ਅਜ਼ਮਾਇਆ ਹੋਇਆ ਤਰੀਕਾ ਹੈ ਜਿਸ ਦੇ ਜ਼ਰੀਏ ਜਾਤਪਾਤੀ ਜ਼ੁਲਮਾਂ ਵਿਚੋਂ ਜਾਤ ਦੇ ਪਹਿਲੂ ਨੂੰ ਕੱਟ ਕੇ ਅੱਡ ਕਰ ਦਿੱਤਾ ਜਾਂਦਾ ਹੈ। ਉਮੀਦ ਕੀਤੀ ਜਾ ਸਕਦੀ ਹੈ ਕਿ ਅਦਾਲਤਾਂ, ਹਸਪਤਾਲਾਂ ਦੇ ਰਿਕਾਰਡ ਅਤੇ ਮੁੱਖਧਾਰਾ ਮੀਡੀਆ ਇਸ ਅਮਲ ਵਿਚ ਇਸ ਦਾ ਸਾਥ ਦੇਣਗੇ, ਜਿਸ ਵਿਚ ਹਰ ਕਦਮ ਉਪਰ ਨਫਰਤ ਨਾਲ ਭਰੇ ਜਾਤਪਾਤੀ ਜ਼ੁਲਮ ਨੂੰ ਮਹਿਜ਼ ਮਾਮੂਲੀ ਜੁਰਮ ਵਿਚ ਬਦਲ ਦਿੱਤਾ ਜਾਂਦਾ ਹੈ। ਦੂਜੇ ਸ਼ਬਦਾਂ ‘ਚ, ਸਾਡੇ ਸਮਾਜ ਦੇ ਸਿਰ ਤੋਂ ਕਸੂਰਵਾਰ ਹੋਣ ਦਾ ਬੋਝ ਲਹਿ ਜਾਂਦਾ ਹੈ, ਸੰਸਕ੍ਰਿਤੀ ਅਤੇ ਸਮਾਜੀ ਰਸਮਾਂ ਬਰੀ ਹੋ ਜਾਂਦੀਆਂ ਹਨ। ਇਹ ਅਸੀਂ ਵਾਰ-ਵਾਰ ਹੁੰਦਾ ਦੇਖਿਆ ਹੈ, ਤੇ 2006 ‘ਚ ਖੈਰਲਾਂਜੀ ਵਿਚ ਸੁਰੇਖਾ ਭੋਟਮਾਂਗੇ ਅਤੇ ਉਨ੍ਹਾਂ ਦੇ ਦੋ ਬੱਚਿਆਂ ਦੇ ਕਤਲੇਆਮ ਅਤੇ ਉਨ੍ਹਾਂ ਨਾਲ ਵਰਤੀ ਗਈ ਬੇਕਿਰਕੀ ਵਿਚ ਇਹ ਬਹੁਤ ਹੀ ਖੌਫਨਾਕ ਰੂਪ ‘ਚ ਦੇਖਿਆ ਗਿਆ ਸੀ।
ਅਸੀਂ ਆਪਣੇ ਮੁਲਕ ਨੂੰ ਇਸ ਦੇ ਗੌਰਵਮਈ ਅਤੀਤ ਵਿਚ ਵਾਪਸ ਲਿਜਾਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿਸ ਨੂੰ ਪੂਰਾ ਕਰਨ ਦਾ ਵਾਅਦਾ ਭਾਰਤੀ ਜਨਤਾ ਪਾਰਟੀ ਨੇ ਕੀਤਾ ਹੈ। ਜੇ ਕਰ ਸਕੋ ਤਾਂ ਅਗਲੀਆਂ ਚੋਣਾਂ ਵਿਚ ਕ੍ਰਿਪਾ ਕਰ ਕੇ ਅਜੈ ਸਿੰਘ ਬਿਸ਼ਟ ਨੂੰ ਵੋਟ ਦੇਣਾ ਨਾ ਭੁੱਲਿਓ। ਜੇ ਉਸ ਨੂੰ ਨਹੀਂ ਤਾਂ ਮੁਸਲਮਾਨਾਂ ਦੀ ਤਾਕ ‘ਚ ਰਹਿਣ ਵਾਲਾ, ਦਲਿਤਾਂ ਨੂੰ ਨਫਰਤ ਕਰਨ ਵਾਲਾ, ਉਸ ਵਰਗਾ ਕੋਈ ਵੀ ਰਾਜਸੀ ਨੇਤਾ ਚੱਲੇਗਾ ਜਾਂ ਚੱਲੇਗੀ। ਅੱਪਲੋਡ ਕੀਤੇ ਅਗਲੇ ਲਿੰਚਿੰਗ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ; ਤੇ ਆਪਣੇ ਪਸੰਦੀਦਾ, ਜ਼ਹਿਰ ਉਗਲਣ ਵਾਲੇ ਟੀ.ਵੀ. ਐਂਕਰ ਨੂੰ ਦੇਖਦੇ ਰਹਿਣਾ, ਕਿਉਂਕਿ ਸਾਡੀ ਸਮੂਹਿਕ ਆਤਮਾ ਦਾ ਪਹਿਰੇਦਾਰ ਉਹੀ ਹੈ। ਤੇ ਕ੍ਰਿਪਾ ਕਰ ਕੇ ਇਸ ਦੇ ਲਈ ਧੰਨਵਾਦ ਕਰਨਾ ਨਾ ਭੁੱਲਿਓ ਕਿ ਅਸੀਂ ਅਜੇ ਵੀ ਵੋਟ ਪਾ ਸਕਦੇ ਹਾਂ; ਕਿ ਅਸੀਂ ਦੁਨੀਆ ਦੇ ਸਭ ਤੋਂ ਬੜੇ ਲੋਕਤੰਤਰ ਵਿਚ ਰਹਿੰਦੇ ਹਾਂ; ਕਿ ਅਸੀਂ ਆਪਣੇ ਜਿਹਨਾਂ ਗੁਆਂਢੀਆਂ ਨੂੰ ‘ਨਾਕਾਮ ਰਾਜ’ ਕਹਿਣਾ ਪਸੰਦ ਕਰਦੇ ਹਾਂ, ਉਨ੍ਹਾਂ ਤੋਂ ਉਲਟ ਭਾਰਤ ਵਿਚ ਨਿਰਪੱਖ ਅਦਾਲਤਾਂ ਕਾਨੂੰਨ ਦੀ ਵਿਵਸਥਾ ਬਣਾਈ ਰੱਖਦੀਆਂ ਹਨ।
ਹਾਥਰਸ ਵਿਚ ਪਿੰਡ ਦੇ ਬਾਹਰ ਸ਼ਰਮਨਾਕ ਤਰੀਕੇ ਨਾਲ, ਦਹਿਸ਼ਤ ਦੇ ਆਲਮ ਵਿਚ ਕੀਤੇ ਗਏ ਇਸ ਦਾਹ-ਸਸਕਾਰ ਦੇ ਮਹਿਜ਼ ਕੁਝ ਘੰਟੇ ਬਾਅਦ, 30 ਸਤੰਬਰ ਦੀ ਸਵੇਰ ਨੂੰ ਵਿਸ਼ੇਸ਼ ਸੀਬੀਆਈ ਅਦਾਲਤ ਨੇ ਸਾਡੇ ਸਾਹਮਣੇ ਨਿਰਪੱਖਤਾ ਅਤੇ ਇਮਾਨਦਾਰੀ ਦਾ ਜ਼ੋਰਦਾਰ ਮੁਜ਼ਾਹਰਾ ਕੀਤਾ।
ਬਹੁਤ ਹੀ ਧਿਆਨ ਨਾਲ 28 ਸਾਲ ਤੱਕ ਨਿਰਖ-ਪਰਖ ਕਰਨ ਤੋਂ ਬਾਅਦ ਅਦਾਲਤ ਨੇ ਉਨ੍ਹਾਂ 32 ਜਣਿਆਂ ਨੂੰ ਬਰੀ ਕਰ ਦਿੱਤਾ ਜਿਹਨਾਂ ਉਪਰ 1992 ‘ਚ ਬਾਬਰੀ ਮਸਜਿਦ ਨੂੰ ਢਾਹੁਣ ਦੀ ਸਾਜ਼ਿਸ਼ ਦਾ ਇਲਜ਼ਾਮ ਸੀ। ਇਹ ਐਸੀ ਘਟਨਾ ਸੀ ਜਿਸ ਨੇ ਆਧੁਨਿਕ ਭਾਰਤ ਦੇ ਇਤਿਹਾਸ ਦਾ ਰੁਖ ਹੀ ਬਦਲ ਦਿੱਤਾ ਸੀ। ਬਰੀ ਕੀਤੇ ਲੋਕਾਂ ਵਿਚ ਇਕ ਸਾਬਕਾ ਗ੍ਰਹਿ ਮੰਤਰੀ, ਇਕ ਸਾਬਕਾ ਕੈਬਨਿਟ ਮੰਤਰੀ ਅਤੇ ਇਕ ਸਾਬਕਾ ਮੁੱਖ ਮੰਤਰੀ ਸ਼ਾਮਲ ਹੈ। ਲੱਗਦਾ ਹੈ ਕਿ ਕਿਸੇ ਨੇ ਬਾਬਰੀ ਮਸਜਿਦ ਢਾਹੀ ਹੀ ਨਹੀਂ। ਘੱਟੋ-ਘੱਟ ਕਾਨੂੰਨ ਦਾ ਮੰਨਣਾ ਤਾਂ ਇਹੀ ਹੈ। ਸ਼ਾਇਦ ਮਸਜਿਦ ਨੇ ਖੁਦ ਨੂੰ ਆਪ ਹੀ ਢਾਹਢੇਰੀ ਕਰ ਲਿਆ। ਸ਼ਾਇਦ ਉਹ ਆਪਣੇ ਉਪਰ ਗੈਂਤੀ ਅਤੇ ਹਥੌੜੇ ਚਲਾ ਕੇ ਖੁਦ ਹੀ ਮਿੱਟੀ ਵਿਚ ਮਿਲ ਗਈ। ਸ਼ਾਇਦ ਉਸ ਦਿਨ ਖੁਦ ਨੂੰ ਸ਼ਰਧਾਲੂ ਕਹਿਣ ਵਾਲੇ, ਆਪਣੇ ਚਾਰ-ਚੁਫੇਰੇ ਜੁੜੇ ਭਗਵੇਂ ਪਟਕਾਧਾਰੀ ਗੁੰਡਿਆਂ ਦੀ ਸਮੂਹਿਕ ਇੱਛਾ ਸ਼ਕਤੀ ਅੱਗੇ ਉਹ ਖੁਦ ਹੀ ਢਹਿਢੇਰੀ ਹੋ ਗਈ। ਇਹਨਾਂ ਸਾਰਿਆਂ ਦੇ ਲਈ ਇੰਨੇ ਸਾਲ ਪਹਿਲਾਂ 6 ਦਸੰਬਰ ਦਾ ਦਿਨ ਵੀ ਸ਼ਾਇਦ ਮਸਜਿਦ ਨੇ ਖੁਦ ਹੀ ਚੁਣਿਆ ਸੀ ਜੋ ਬਾਬਾ ਸਾਹਿਬ ਅੰਬੇਡਕਰ ਦਾ ਮਹਾ ਪ੍ਰੀਨਿਰਵਾਣ ਦਿਵਸ ਸੀ।
ਪਤਾ ਲੱਗਿਆ ਕਿ ਉਸ ਪੁਰਾਤਨ ਮਸਜਿਦ ਦੇ ਗੁੰਬਦ ਨੂੰ ਸੰਦਾਂ ਨਾਲ ਤੋੜਨ ਵਾਲੇ ਆਦਮੀਆਂ ਦੇ ਜੋ ਵੀਡੀਓ ਅਤੇ ਤਸਵੀਰਾਂ ਅਸੀਂ ਦੇਖੀਆਂ, ਗਵਾਹਾਂ ਦੇ ਜੋ ਬਿਆਨ ਅਸੀਂ ਪੜ੍ਹੇ ਤੇ ਸੁਣੇ, ਇਸ ਤੋਂ ਬਾਅਦ ਦੇ ਮਹੀਨਿਆਂ ਵਿਚ ਮੀਡੀਆ ਵਿਚ ਜੋ ਖਬਰਾਂ ਛਾਈਆਂ ਰਹੀਆਂ, ਉਹ ਸਭ ਸਾਡੇ ਮਨ ਦੀ ਕਲਪਨਾ ਸਨ। ਐਲ਼ਕੇ. ਅਡਵਾਨੀ ਦੀ ਰਥ ਯਾਤਰਾ ਜਿਸ ਦੇ ਦੌਰਾਨ ਉਸ ਨੇ ਭਾਰਤ ਦੇ ਇਕ ਕੋਨੇ ਤੋਂ ਲੈ ਕੇ ਦੂਜੇ ਕੋਨੇ ਤਕ ਖੁੱਲ੍ਹੇ ਟਰੱਕ ਵਿਚ ਯਾਤਰਾ ਕੀਤੀ ਸੀ, ਵਿਸ਼ਾਲ ਭੀੜ ਦੇ ਸਾਹਮਣੇ ਭਾਸ਼ਣ ਦਿੱਤੇ, ਸ਼ਹਿਰਾਂ ਵਿਚ ਚੱਕਾ ਜਾਮ ਕਰ ਦਿੱਤਾ ਸੀ, ਸੱਚੇ ਹਿੰਦੂਆਂ ਨੂੰ ਲਲਕਾਰਿਆ ਸੀ ਕਿ ਉਹ ਅਯੁੱਧਿਆ ਵਿਚ ਠੀਕ ਉਸ ਜਗਾ੍ਹ ਇਕੱਠੇ ਹੋਣ ਜਿੱਥੇ ਮਸਜਿਦ ਮੌਜੂਦ ਸੀ, ਤੇ ਰਾਮ ਮੰਦਿਰ ਦੀ ਉਸਾਰੀ ਵਿਚ ਹਿੱਸਾ ਲੈਣ।
ਇਹ ਸਭ ਕੁਝ ਵੀ ਨਹੀਂ ਹੋਇਆ। ਨਾ ਹੀ ਯਾਤਰਾ ਦੇ ਪਿੱਛੇ-ਪਿੱਛੇ ਹੋਣ ਵਾਲੀ ਮੌਤ ਅਤੇ ਤਬਾਹੀ ਹੀ ਕਦੇ ਹੋਈ। ਕਿਸੇ ਨੇ ‘ਏਕ ਧੱਕਾ ਔਰ ਦੋ, ਬਾਬਰੀ ਮਸਜਿਦ ਤੋੜ ਦੋ’ ਦਾ ਨਾਅਰਾ ਨਹੀਂ ਲਗਾਇਆ। ਅਸੀਂ ਸਾਰੇ ਸਮੂਹਿਕ, ਰਾਸ਼ਟਰ-ਵਿਆਪੀ ਮਦਹੋਸ਼ੀ ਦੇ ਸ਼ਿਕਾਰ ਹੋ ਗਏ ਸੀ। ਕਿਸ ਚੀਜ਼ ਦਾ ਨਸ਼ਾ ਸੀ ਸਾਨੂੰ? ਸਾਡੇ ਤਕ ਐਨ.ਸੀ.ਬੀ. (ਨਾਰਕੋਟਿਕ ਕੰਟਰੋਲ ਬਿਊਰੋ) ਦੇ ਸੰਮਨ ਕਿਉਂ ਨਹੀਂ ਪਹੁੰਚੇ? ਸਿਰਫ ਬਾਲੀਵੁੱਡ ਦੇ ਲੋਕਾਂ ਨੂੰ ਹੀ ਕਿਉਂ ਬੁਲਾਇਆ ਜਾ ਰਿਹਾ ਹੈ? ਕੀ ਕਾਨੂੰਨ ਦੀ ਨਜ਼ਰ ‘ਚ ਅਸੀਂ ਸਾਰੇ ਬਰਾਬਰ ਨਹੀਂ ਹਾਂ?
ਵਿਸ਼ੇਸ਼ ਅਦਾਲਤ ਦੇ ਜੱਜ ਨੇ 2300 ਪੰਨਿਆਂ ਦੇ ਵੇਰਵੇ ਸਹਿਤ ਆਪਣੇ ਫੈਸਲੇ ‘ਚ ਦੱਸਿਆ ਹੈ ਕਿ ਕਿਵੇਂ ਮਸਜਿਦ ਨੂੰ ਤੋੜਨ ਦੀ ਕੋਈ ਯੋਜਨਾ ਨਹੀਂ ਸੀ। ਮੰਨਣਾ ਪਵੇਗਾ ਕਿ ਇਹ ਕਮਾਲ ਦਾ ਕੰਮ ਹੈ – ਕਿਸੇ ਯੋਜਨਾ ਦੀ ਗੈਰ-ਮੌਜੂਦਗੀ ‘ਚ 2300 ਪੰਨੇ। ਉਹ ਲਿਖਦਾ ਹੈ ਕਿ ਕਿਵੇਂ ਇਸ ਦਾ ਕੋਈ ਸਬੂਤ ਨਹੀਂ ਹੈ ਜਿਸ ਤੋਂ ਇਹ ਪਤਾ ਲੱਗਦਾ ਕਿ ਮੁਲਜ਼ਮ ਮਸਜਿਦ ਨੂੰ ਤੋੜਨ ਦੀ ਯੋਜਨਾ ਬਣਾਉਣ ਲਈ ‘ਇਕ ਕਮਰੇ ਵਿਚ’ ਇਕੱਠੇ ਹੋਏ ਹੋਣ। ਸ਼ਾਇਦ ਇਸ ਲਈ ਕਿ ਇਹ ਇਕ ਕਮਰੇ ਤੋਂ ਬਾਹਰ, ਸਾਡੀਆਂ ਸੜਕਾਂ ਉਪਰ, ਆਮ ਇਕੱਠਾਂ ਵਿਚ, ਸਾਡੇ ਟੀ.ਵੀ. ਦੇ ਪਰਦਿਆਂ ਉਪਰ ਹੋਇਆ ਜਿਸ ਨੂੰ ਅਸੀਂ ਸਭ ਨੇ ਦੇਖਿਆ ਅਤੇ ਉਸ ਵਿਚ ਹਿੱਸਾ ਲਿਆ? ਜਾਂ ਫਿਰ, ਉਫ, ਕਿਤੇ ਇਹ ਉਹੀ ‘ਮਾਲ’ ਤਾਂ ਨਹੀਂ ਹੈ ਜਿਸ ਦੇ ਜ਼ੋਰ ਸਾਡੇ ਮਨ ਵਿਚ ਐਸੇ ਖਿਆਲ ਪਨਪ ਰਹੇ ਹਨ?
ਖੈਰ, ਬਾਬਰੀ ਮਸਜਿਦ ਤੋੜਨ ਦੀ ਸਾਜ਼ਿਸ਼ ਦਾ ਮਾਮਲਾ ਤਾਂ ਹੁਣ ਖਤਮ ਹੋ ਗਿਆ; ਲੇਕਿਨ ਹੁਣ ਇਕ ਹੋਰ ਸਾਜ਼ਿਸ਼ ਹੈ ਜੋ ਅਜੇ ‘ਗਰਮ’ ਹੈ ਅਤੇ ਅੱਜ ਕੱਲ੍ਹ ਉਸ ਦਾ ‘ਟਰੈਂਡ’ ਹੈ। 2020 ਦੇ ਦਿੱਲੀ ਕਤਲੇਆਮ ਦੀ ਸਾਜ਼ਿਸ਼ ਜਿਸ ਵਿਚ ਪੂਰਬ-ਉਤਰੀ ਦਿੱਲੀ ਦੇ ਕਿਰਤੀ ਮੁਹੱਲਿਆਂ ਵਿਚ 53 ਲੋਕ (ਜਿਹਨਾਂ ਵਿਚੋਂ 40 ਮੁਸਲਮਾਨ ਸਨ) ਮਾਰ ਦਿੱਤੇ ਗਏ ਅਤੇ 581 ਲੋਕ ਜ਼ਖਮੀ ਹੋਏ। ਮਸਜਿਦਾਂ, ਕਬਰਸਤਾਨਾਂ ਅਤੇ ਮਦਰੱਸਿਆਂ ਨੂੰ ਖਾਸ ਤੌਰ ‘ਤੇ ਨਿਸ਼ਾਨਾ ਬਣਾਇਆ ਗਿਆ। ਘਰਾਂ, ਦੁਕਾਨਾਂ ਅਤੇ ਕਾਰੋਬਾਰਾਂ ਨੂੰ ਅੱਗ ਲਾਈ ਗਈ ਅਤੇ ਤਬਾਹ ਕਰ ਦਿੱਤੇ ਗਏ ਜਿਹਨਾਂ ਵਿਚੋਂ ਜ਼ਿਆਦਾਤਰ ਮੁਸਲਮਾਨਾਂ ਦੇ ਸਨ।
ਸਾਜ਼ਿਸ਼ ਦੇ ਇਸ ਮਾਮਲੇ ਵਿਚ, ਦਿੱਲੀ ਪੁਲਿਸ ਦੀ ਹਜ਼ਾਰਾਂ ਪੰਨਿਆਂ ਦੀ ਚਾਰਜਸ਼ੀਟ ਵਿਚ, ਇਕ ਪੈਰਾ ਇਕ ਮੇਜ਼ ਦੁਆਲੇ ਬੈਠ ਕੇ ਸਾਜ਼ਿਸ਼ ਘੜਨ ਵਾਲੇ ਕੁਝ ਲੋਕਾਂ ਬਾਰੇ ਵੀ ਹੈ – ਜੀ ਹਾਂ! ਇਕ ਕਮਰੇ ਅੰਦਰ ਜੋ ਇਕ ਤਰ੍ਹਾਂ ਦਾ ਦਫਤਰੀ ਤਹਿਖਾਨਾ ਸੀ। ਉਨ੍ਹਾਂ ਦੇ ਹਾਵ-ਭਾਵ ਤੋਂ ਹੀ ਤੁਸੀਂ ਦੱਸ ਸਕਦੇ ਹੋ ਕਿ ਉਹ ਸਾਜ਼ਿਸ਼ ਘੜ ਰਹੇ ਸਨ। ਫਿਰ ਉਥੇ ਤਾਂ ਤੀਰ ਦੇ ਨਿਸ਼ਾਨ ਵੀ ਲਗਾਏ ਗਏ ਹਨ ਜੋ ਉਨ੍ਹਾਂ ਦੀ ਪਛਾਣ ਦੱਸਦੇ ਸਨ, ਉਨ੍ਹਾਂ ਦੇ ਨਾਵਾਂ ਦੀ ਦੱਸ ਪਾਉਂਦੇ ਸਨ। ਇਹ ਖੌਫਨਾਕ ਹੈ। ਬਾਬਰੀ ਮਸਜਿਦ ਦੇ ਗੁੰਬਦ ਉਪਰ ਖੜ੍ਹੇ ਹਥੌੜਿਆਂ-ਗੈਂਤੀਆਂ ਵਾਲੇ ਆਦਮੀਆਂ ਤੋਂ ਕਿਤੇ ਜ਼ਿਆਦਾ ਚਿੰਤਾਜਨਕ। ਉਸ ਮੇਜ਼ ਦੁਆਲੇ ਬੈਠੇ ਲੋਕਾਂ ‘ਚੋਂ ਕੁਝ ਨੂੰ ਤਾਂ ਜੇਲ੍ਹ ਵੀ ਭੇਜ ਦਿੱਤਾ ਗਿਆ ਹੈ। ਬਾਕੀ ਸ਼ਾਇਦ ਛੇਤੀ ਹੀ ਜੇਲ੍ਹ ਭੇਜ ਦਿੱਤੇ ਜਾਣਗੇ। ਗ੍ਰਿਫਤਾਰੀਆਂ ਵਿਚ ਕੁਝ ਮਹੀਨੇ ਹੀ ਲੱਗੇ। ਬਰੀ ਹੋਣ ‘ਚ ਵਰ੍ਹੇ ਲੱਗ ਜਾਣਗੇ – ਜੇ ਬਾਬਰੀ ਮਸਜਿਦ ਦੇ ਫੈਸਲੇ ਦੀ ਮਿਸਾਲ ਲਈਏ ਤਾਂ ਸ਼ਾਇਦ 28 ਵਰ੍ਹੇ! ਕੌਣ ਜਾਣੇ।
ਉਨ੍ਹਾਂ ਉਪਰ ਜਿਸ ਯੂ.ਏ.ਪੀ.ਏ. (ਗੈਰ-ਕਾਨੂੰਨੀ ਕਾਰਵਾਈਆਂ ਰੋਕੂ ਕਾਨੂੰਨ) ਦੇ ਤਹਿਤ ਇਲਜ਼ਾਮ ਲਗਾਏ ਗਏ ਹਨ, ਉਸ ਵਿਚ ਤਕਰੀਬਨ ਹਰ ਚੀਜ਼ ਹੀ ਜੁਰਮ ਹੈ, ਰਾਸ਼ਟਰ ਵਿਰੋਧੀ ਖਿਆਲ ਮਨ ਵਿਚ ਲਿਆਉਣਾ ਵੀ ਜੁਰਮ ਹੈ। ਤੇ ਆਪਣੀ ਬੇਗੁਨਾਹੀ ਸਾਬਤ ਕਰਨ ਦਾ ਜ਼ਿੰਮਾ ਵੀ ਤੁਹਾਡੇ ਉਪਰ ਹੈ। ਜਿੰਨਾ ਵਧੇਰੇ ਮੈਂ ਇਸ ਬਾਰੇ ਪੜ੍ਹਦੀ ਹਾਂ, ਤੇ ਇਸ ਉਪਰ ਅਮਲ ਕਰਨ ਦੇ ਤਰੀਕੇ ਨੂੰ ਦੇਖਦੀ ਹਾਂ, ਓਨਾ ਜ਼ਿਆਦਾ ਲੱਗਦਾ ਹੈ ਕਿ ਜਿਵੇਂ ਕਿਸੇ ਹੋਸ਼ਮੰਦ ਇਨਸਾਨ ਨੂੰ ਇਹ ਕਿਹਾ ਜਾਵੇ ਕਿ ਉਹ ਪਾਗਲਾਂ ਦੀ ਕਮੇਟੀ ਸਾਹਮਣੇ ਆਪਣੀ ਹੋਸ਼ਮੰਦੀ ਸਾਬਤ ਕਰੇ।
ਸਾਨੂੰ ਹੁਕਮ ਹੈ ਕਿ ਅਸੀਂ ਇਸ ਉਪਰ ਯਕੀਨ ਕਰ ਲਈਏ ਕਿ ਦਿੱਲੀ ਸਾਜ਼ਿਸ਼ ਮੁਸਲਮਾਨ ਵਿਦਿਆਰਥੀਆਂ ਅਤੇ ਕਾਰਕੁਨਾਂ, ਗਾਂਧੀਵਾਦੀਆਂ, ‘ਸ਼ਹਿਰੀ ਨਕਸਲੀਆਂ’ ਅਤੇ ‘ਖੱਬੇਪੱਖੀਆਂ’ ਨੇ ਘੜੀ ਸੀ ਜੋ ਕੌਮੀ ਨਾਗਰਿਕਤਾ ਰਜਿਸਟਰ (ਐਨ.ਪੀ.ਆਰ.), ਕੌਮੀ ਨਾਗਰਿਕ ਰਜਿਸਟਰ (ਐਨ.ਆਰ.ਸੀ.) ਅਤੇ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਨੂੰ ਲਾਗੂ ਕਰਨ ਦਾ ਵਿਰੋਧ ਕਰ ਰਹੇ ਸਨ। ਉਨ੍ਹਾਂ ਦਾ ਮੰਨਣਾ ਸੀ ਕਿ ਇਹ ਸਾਰੇ ਕਦਮ ਮਿਲ ਕੇ ਭਾਰਤ ਦੇ ਮੁਸਲਮਾਨ ਭਾਈਚਾਰੇ ਅਤੇ ਉਨ੍ਹਾਂ ਗਰੀਬ ਲੋਕਾਂ ਨੂੰ ਬੇਸਹਾਰਾ ਬਣਾ ਦੇਣਗੇ, ਜਿਹਨਾਂ ਦੇ ਕੋਲ ਕੋਈ ‘ਲੇਗੇਸੀ ਪੇਪਰ’ (ਵਿਰਾਸਤ ਦੇ ਸਬੂਤ ਦਸਤਾਵੇਜ਼) ਨਹੀਂ ਹਨ। ਮੇਰਾ ਵੀ ਇਹੀ ਮੰਨਣਾ ਹੈ। ਤੇ ਮੈਂ ਮੰਨਦੀ ਹਾਂ ਕਿ ਜੇ ਸਰਕਾਰ ਇਸ ਪ੍ਰਾਜੈਕਟ ਨੂੰ ਜ਼ਬਰਦਸਤੀ ਅੱਗੇ ਵਧਾਉਣ ਦਾ ਫੈਸਲਾ ਕਰਦੀ ਹੈ ਤਾਂ ਅੰਦੋਲਨ ਦੁਬਾਰਾ ਸ਼ੁਰੂ ਹੋ ਜਾਣਗੇ। ਇਹ ਹੋਣੇ ਹੀ ਚਾਹੀਦੇ ਹਨ।
ਪੁਲਿਸ ਮੁਤਾਬਿਕ, ਦਿੱਲੀ ਸਾਜ਼ਿਸ਼ ਪਿੱਛੇ ਵਿਚਾਰ ਇਹ ਸੀ ਕਿ ਫਰਵਰੀ ਵਿਚ ਅਮਰੀਕਾ ਦੇ ਸਦਰ ਡੋਨਾਲਡ ਟਰੰਪ ਦੇ ਸਰਕਾਰੀ ਦੌਰੇ ਦੌਰਾਨ ਹਿੰਸਾ ਭੜਕਾ ਕੇ ਅਤੇ ਖੂਨੀ, ਫਿਰਕੂ ਫਸਾਦ ਕਰਵਾ ਕੇ ਭਾਰਤ ਸਰਕਾਰ ਨੂੰ ਸ਼ਰਮਿੰਦਾ ਕੀਤਾ ਜਾਵੇ। ਇਸ ਚਾਰਜਸ਼ੀਟ ਵਿਚ ਜਿਹੜੇ ਗੈਰ-ਮੁਸਲਿਮ ਨਾਮ ਸ਼ਾਮਲ ਕੀਤੇ ਗਏ ਹਨ, ਉਨ੍ਹਾਂ ਉਪਰ ਇਹਨਾਂ ਅੰਦੋਲਨਾਂ ਨੂੰ ‘ਸੈਕੂਲਰ ਰੰਗ’ ਦੇਣ ਦੀ ਸਾਜ਼ਿਸ਼ ਰਚਣ ਦਾ ਇਲਜ਼ਾਮ ਲਗਾਇਆ ਗਿਆ ਹੈ। ਧਰਨਿਆਂ ਅਤੇ ਅੰਦੋਲਨਾਂ ਦੀ ਰਾਹਨੁਮਾਈ ਕਰਨ ਵਾਲੀਆਂ ਹਜ਼ਾਰਾਂ ਮੁਸਲਮਾਨ ਔਰਤਾਂ ਉਪਰ ਇਲਜ਼ਾਮ ਲਗਾਇਆ ਗਿਆ ਹੈ ਕਿ ਉਹ ‘ਲਿਆਂਦੀਆਂ ਗਈਆਂ ਸਨ’ ਤਾਂ ਜੁ ਅੰਦੋਲਨ ਨੂੰ ‘ਜੈਂਡਰ ਕਵਰ’ (ਔਰਤਾਂ ਦੀ ਢਾਲ) ਮੁਹੱਈਆ ਹੋ ਜਾਵੇ।
ਝੰਡੇ ਲਹਿਰਾਉਣ ਅਤੇ ਸੰਵਿਧਾਨ ਦੀ ਆਦਿਕਾ ਪੜ੍ਹੇ ਜਾਣ ਨੂੰ, ਅਤੇ ਇਹਨਾਂ ਅੰਦੋਲਨਾਂ ਦੀ ਪਛਾਣ ਬਣ ਗਈ ਤਮਾਮ ਸ਼ਾਇਰੀ ਅਤੇ ਸੰਗੀਤ ਅਤੇ ਪਿਆਰ ਨੂੰ ਇਕ ਤਰ੍ਹਾਂ ਦੀ ਬੇਈਮਾਨ ਜਾਅਲਸਾਜ਼ੀ ਕਰਾਰ ਦੇ ਕੇ ਖਾਰਜ ਕਰ ਦਿੱਤਾ ਗਿਆ ਹੈ ਜਿਹਨਾਂ ਦਾ ਮਕਸਦ ਅਸਲੀ ਬਦਨੀਅਤ ਨੂੰ ਲੁਕੋਣਾ ਸੀ। ਦੂਜੇ ਸ਼ਬਦਾਂ ‘ਚ, ਅੰਦੋਲਨ ਦਰਅਸਲ ਜਹਾਦੀ ਸੀ (ਤੇ ਮਰਦਾਂ ਦਾ ਸੀ), ਬਾਕੀ ਤਾਂ ਸਭ ਮਹਿਜ਼ ਉਪਰਲਾ ਸ਼ਿੰਗਾਰ ਸੀ ਅਤੇ ਚਮਕ-ਦਮਕ ਸੀ।
ਨੌਜਵਾਨ ਸਕਾਲਰ ਡਾ. ਉਮਰ ਖਾਲਿਦ ਜਿਸ ਨੂੰ ਮੈਂ ਚੰਗੀ ਤਰ੍ਹਾਂ ਜਾਣਦੀ ਹਾਂ, ਜਿਸ ਨੂੰ ਮੀਡੀਆ ਵਰ੍ਹਿਆਂ ਤੋਂ ਸਤਾਉਂਦਾ ਰਿਹਾ ਹੈ, ਉਸ ਦੇ ਪਿੱਛੇ ਪਿਆ ਹੋਇਆ ਹੈ ਅਤੇ ਉਸ ਬਾਰੇ ਝੂਠੀਆਂ ਖਬਰਾਂ ਫੈਲਾਉਂਦਾ ਰਿਹਾ ਹੈ। ਹੁਣ ਪੁਲਿਸ ਕਹਿੰਦੀ ਹੈ ਕਿ ਉਹ ਦਿੱਲੀ ਦੀ ਸਾਜ਼ਿਸ਼ ਦੇ ਘਾੜਿਆਂ ਵਿਚੋਂ ਅਹਿਮ ਸ਼ਖਸ ਹੈ। ਉਸ ਖਿਲਾਫ ਇਕੱਠੀਆਂ ਕੀਤੀਆਂ ਜਿਹਨਾਂ ਚੀਜ਼ਾਂ ਨੂੰ ਪੁਲਿਸ ਸਬੂਤ ਦੱਸ ਰਹੀ ਹੈ, ਉਨ੍ਹਾਂ ਦੇ ਦਸ ਲੱਖ ਤੋਂ ਵਧੇਰੇ ਪੰਨੇ ਹਨ (ਇਹ ਉਹੀ ਸਰਕਾਰ ਹੈ ਜਿਸ ਨੇ ਕਿਹਾ ਸੀ ਕਿ ਇਕ ਕਰੋੜ ਮਜ਼ਦੂਰਾਂ ਬਾਬਤ ਇਸ ਕੋਲ ਕੋਈ ਅੰਕੜਾ ਨਹੀਂ ਹੈ ਜੋ ਮਾਰਚ ਮਹੀਨੇ ‘ਚ ਸੈਂਕੜੇ ਅਤੇ ਕੁਝ ਤਾਂ ਹਜ਼ਾਰਾਂ ਮੀਲ ਪੈਦਲ ਤੁਰ ਕੇ ਆਪੋ-ਆਪਣੇ ਘਰਾਂ ‘ਚ ਪਹੁੰਚੇ ਸਨ, ਜਦ ਮੋਦੀ ਨੇ ਦੁਨੀਆ ਦੇ ਸਭ ਤੋਂ ਬੇਰਹਿਮ ਕੋਵਿਡ ਲੌਕਡਾਊਨ ਦਾ ਐਲਾਨ ਕੀਤਾ ਸੀ। ਸਰਕਾਰ ਨੇ ਕਿਹਾ ਕਿ ਇਸ ਨੂੰ ਕੁਝ ਪਤਾ ਨਹੀਂ ਹੈ ਕਿ ਕਿੰਨੇ ਮਜ਼ਦੂਰ ਰਾਹ ਵਿਚ ਦਮ ਤੋੜ ਗਏ, ਕਿੰਨੇ ਭੁੱਖਮਰੀ ਦਾ ਸ਼ਿਕਾਰ ਹੋਏ, ਕਿੰਨੇ ਬਿਮਾਰ ਹੋਏ)।
(ਚਲਦਾ)