ਚੀ ਗੁਵੇਰਾ ਨੂੰ ਯਾਦ ਕਰਦਿਆਂ

ਲਾਤੀਨੀ ਅਮਰੀਕਾ ਦੇ ਮੁਲਕ ਅਰਜਨਟੀਨਾ ਵਿਚ ਜੰਮਿਆ ਅਤੇ ਕਿਊਬਾ ਦੇ ਇਨਕਲਾਬ ਵਿਚ ਵੱਡਾ ਯੋਗਦਾਨ ਪਾਉਣ ਵਾਲਾ ਸੰਸਾਰ ਪ੍ਰਸਿੱਧ ਇਨਕਲਾਬੀ ਅਰਨੈਸਟੋ ਚੀ ਗੁਵੇਰਾ ਆਪਣੀ ਮਿਸਾਲ ਆਪ ਹੈ। ਸੰਸਾਰ ਭਰ ਵਿਚ ਜੂਝਦੇ ਲੋਕਾਂ ਲਈ ਉਹ ਅੱਜ ਵੀ ਪ੍ਰੇਰਨਾ ਦਾ ਸਰੋਤ ਹੈ। ਧਰਮ ਸਿੰਘ ਗੋਰਾਇਆ ਨੇ ਆਪਣੇ ਇਸ ਲੇਖ ਵਿਚ ਉਸ ਦੇ ਜੀਵਨ ਅਤੇ ਇਨਕਲਾਬੀ ਸਰਗਰਮੀਆਂ ਬਾਰੇ ਚਰਚਾ ਕੀਤੀ ਹੈ।

-ਸੰਪਾਦਕ

ਧਰਮ ਸਿੰਘ ਗੋਰਾਇਆ
ਫੋਨ: 301-653-7029

ਜਨਮ ਤੋਂ ਉਹ ਚੀ ਨਹੀਂ ਸੀ। ਅਰਨੈਸਟੋ ਗਵੇਰਾ ਤੋਂ ਚੀ ਕਿੰਝ ਹੋਇਆ? ਅਸਲੀ ਜਨਮ ਤਰੀਕ 14 ਮਈ 1928 ਨੂੰ ਅਰਜਨਟੀਨਾ ਦੇ ਸ਼ਹਿਰ ਰੋਜ਼ੇਰੀਉ ਵਿਚ ਪੈਦਾ ਹੋਇਆ। ਪਲੇਠਾ ਹੋਣ ਕਰ ਕੇ ਮਾਪਿਆਂ ਨੇ ਲਾਡ ਨਾਲ ਚੀ ਕਹਿਣਾ ਸ਼ੁਰੂ ਕਰ ਦਿੱਤਾ। ਅਰਜਨਟੀਨੀ ਸਭਿਆਚਾਰ ਵਿਚ ਇਸ ਦਾ ਅਰਥ ‘ਮੇਰੇ ਪਿਆਰੇ’ ਹੈ। ਅੱਜ ਲਾਤੀਨੀ ਮੁਲਕਾਂ ਵਿਚ ਲੋਕ ਚਾਹੇ ਅਰਨੈਸਟੋ ਗੁਵੇਰਾ ਨੂੰ ਨਾ ਜਾਣਦੇ ਹੋਣ ਲੇਕਿਨ ਉਹ ਚੀ ਗੁਵੇਰਾ ਨੂੰ ਭਲੀ-ਭਾਂਤ ਯਾਦ ਕਰਦੇ ਹਨ।
ਉਹ ਦੋ ਸਾਲ ਦੀ ਉਮਰ ਵਿਚ ਬਹੁਤ ਠੰਢੇ ਤਲਾਬ ਅਤੇ ਤੇਜ਼ ਚਲਦੀ ਹਵਾ ਵਿਚ ਨਹਾਉਂਦਿਆਂ ਠੰਢ ਲੱਗਣ ਨਾਲ ਦਮੇ ਦਾ ਸ਼ਿਕਾਰ ਹੋ ਗਿਆ ਅਤੇ ਇਸ ਬਿਮਾਰੀ ਨੇ ਚੀ ਦਾ 39 ਸਾਲ 3 ਮਹੀਨੇ ਖਹਿੜਾ ਨਾ ਛੱਡਿਆ। ਸਕੂਲੀ ਪੜ੍ਹਾਈ ਐਲਤਾ-ਗਰੇਸ਼ੀਆ ਵਿਚ ਕੀਤੀ। ਸਕੂਲ ਦੌਰਾਨ ਅਮੀਰ ਬੱਚੇ ਗਰੀਬ ਬੱਚਿਆਂ ਨਾਲ ਕਿੰਝ ਨਾ-ਬਰਾਬਰੀ ਅਤੇ ਖੇਡ ਮੈਦਾਨਾਂ ਵਿਚ ਵਿਹਾਰ ਕਰਦੇ, ਇਸ ਗੱਲ ਨੇ ਚੀ ਨੂੰ ਗਰੀਬ ਬੱਚਿਆਂ ਨਾਲ ਜੋੜ ਦਿੱਤਾ। ਚੀ ਦੀ ਮਾਂ ਸੇਲੀਆ ਨੂੰ ਪੜ੍ਹਨ ਦਾ ਸ਼ੌਂਕ ਹੋਣ ਕਰ ਕੇ ਘਰ ਦੀ ਲਾਇਬ੍ਰੇਰੀ ਵਿਚ ਫਲਸਫੇ, ਮਨੋ-ਵਿਗਿਆਨ, ਇਤਿਹਾਸ ਤੇ ਕਲਾ ਨਾਲ ਜੁੜੀਆਂ ਕਿਤਾਬਾਂ ਤੋਂ ਇਲਾਵਾ ਲੈਨਿਨ, ਬਾਕੂਨਿਨ, ਕਰੋਪੋਤਕਿਨ ਨਾਲ ਸਬੰਧਤ ਕਿਤਾਬਾਂ ਵੀ ਸਨ। ਮਾਂ ਖੁਦ ਕਿਤਾਬਾਂ ਪੜ੍ਹਦੀ ਅਤੇ ਚੀ ਨੂੰ ਵੀ ਸੁਣਾਉਂਦੀ। ਚੀ ਨੂੰ ਪੜ੍ਹਨ ਦੀ ਐਸੀ ਚੇਟਕ ਲੱਗੀ ਕਿ ਦੋਸਤਾਂ-ਮਿੱਤਰਾਂ ਨੇ ਚੀ ਨੂੰ ਭੁੱਖੜ ਪੜ੍ਹਾਕੂ ਕਹਿਣਾ ਸ਼ੁਰੂ ਕਰ ਦਿੱਤਾ। ਚੰਗਾ ਅਗਾਂਹ-ਵਧੂ ਸਾਹਿਤ ਪੜ੍ਹਨਾ ਅਤੇ ਉਸ ਵਿਚੋਂ ਨੋਟਿਸ ਤਿਆਰ ਕਰਨੇ ਚੀ ਗੁਵੇਰਾ ਅਤੇ ਭਗਤ ਸਿੰਘ ਦੇ ਸਾਂਝੇ ਗੁਣ ਸਨ।
ਦੁਨੀਆਂ ਵਿਚ ਕੀ ਵਾਪਰ ਰਿਹਾ ਹੈ, ਇਹ ਜਾਣਨ ਲਈ ਮਹਿਜ 12 ਸਾਲ ਦੀ ਉਮਰ ਵਿਚ ਆਪਣੇ ਸਕੂਲੀ ਮਿੱਤਰ ਰੋਬਰਤੋ ਨਾਲ ਚੀ ਨੇ ਸਾਈਕਲ ‘ਤੇ 800 ਕਿਲੋਮੀਟਰ ਦਾ ਪਹਿਲਾ ਸਫਰ ਕੀਤਾ। ਪਿੰਡਾਂ ਸ਼ਹਿਰਾਂ ਦੀ ਲੋਕ-ਜ਼ਿੰਦਗੀ ਨੂੰ ਨੇੜਿਓਂ ਦੇਖਣ ਦਾ ਅਵਸਰ ਮਿਲਿਆ। ਲੋਕਾਂ ਦਾ ਰਹਿਣ ਸਹਿਣ, ਮਾੜੀ ਆਰਥਿਕ ਹਾਲਤ, ਗਰੀਬਾਂ ਦਾ ਹਸਪਤਾਲਾਂ ਵਿਚ ਚੰਗਾ ਇਲਾਜ ਨਹੀਂ, ਚੰਗੀ ਪੜ੍ਹਾਈ ਨਹੀਂ, ਕਿਸਾਨੀ ਤੇ ਮਜ਼ਦੂਰ ਜਮਾਤ ਦੀ ਤਰਸਯੋਗ ਹਾਲਤ ਉਸ ਨੇ ਦੇਖੀ। ਕੋਹੜ ਦੀ ਬਿਮਾਰੀ ਤੋਂ ਪੀੜਤ ਲੋਕ ਤੜਫਦੇ ਦੇਖੇ। ਇੰਜਨੀਅਰਿੰਗ ਦੀ ਪੜ੍ਹਾਈ ਕਰਨ ਵਾਲਾ ਚੀ, ਡਾਕਟਰ ਬਣ ਕੇ ਗਰੀਬ ਲੋਕਾਂ ਦੀ ਸੇਵਾ ਕਰਨ ਦਾ ਫੈਸਲਾ ਕਰਦਾ ਹੈ। ਮੈਡੀਕਲ ਦੀ ਪੜ੍ਹਾਈ ਲਈ ਚੀ ਨੇ ਬਿਉਨਸ-ਆਇਰਸ ਦੀ ਯੂਨੀਵਰਸਿਟੀ ‘ਚ ਦਾਖਲਾ ਲੈ ਲਿਆ। ਪੜ੍ਹਾਈ ਦੌਰਾਨ ਦੂਜੀ ਲੰਮੀ ਯਾਤਰਾ (4500 ਕਿਲੋਮੀਟਰ) ਚੀ ਨੇ ਸਾਈਕਲ ‘ਤੇ ਇੰਜਣ ਫਿੱਟ ਕਰ ਕੇ ਕੀਤੀ। ਅਗਲੀ ਯਾਤਰਾ (8000 ਕਿਲੋਮੀਟਰ) ਆਪਣੇ ਮਿੱਤਰ ਅਲਬਰਤੋ ਨਾਲ ਕੀਤੀ ਜਿਸ ਵਿਚ ਉਨ੍ਹਾਂ ਨੇ ਪੂਰੇ ਦੱਖਣੀ ਅਮਰੀਕਾ ਨੂੰ ਆਪਣੇ ਘੇਰੇ ਵਿਚ ਲੈ ਆਂਦਾ ਸੀ। ਰਾਹਾਂ ਵਿਚ ਇਨ੍ਹਾਂ ਨੂੰ ਬਹੁਤ ਮੁਸ਼ਕਿਲਾਂ ਵੀ ਆਈਆਂ; ਜਿਵੇਂ ਕਿਧਰੇ ਚੀ ਆਉਣ ਵਾਲੇ ਸਮੇਂ ਲਈ ਆਪਣੇ ਆਪ ਨੂੰ ਤਿਆਰ ਕਰ ਰਿਹਾ ਹੋਵੇ! ਖਰਚੇ ਪੂਰੇ ਕਰਨ ਲਈ ਇਨ੍ਹਾਂ ਨੂੰ ਖੇਤਾਂ, ਹੋਟਲਾਂ ਵਿਚ ਕੰਮ ਕਰਨਾ ਪਿਆ।
ਉਹ ਸਮਾਜ ਵਿਚੋਂ ਦੁਰਕਾਰੇ ਅਤੇ ਬੇਸਹਾਰਾ ਲੋਕਾਂ ਨੂੰ ਪਿਅਰ ਮੁਹੱਬਤ ਤੇ ਇਨਸਾਨਾਂ ਵਾਲਾ ਸਨੇਹ ਦਿੰਦੇ ਉਨ੍ਹਾਂ ਦਾ ਦਰਦ ਮਹਿਸੂਸ ਕਰਦੇ। ਇਹ ਯਾਤਰਾਵਾਂ ਮੋਟਰ ਸਾਈਕਲ ਡਾਇਰੀਜ਼ ਨਾਂ ਹੇਠ ਛਪੀਆਂ ਜੋ ਸੰਸਾਰ ਪ੍ਰਸਿੱਧ ਹਨ। ਉਹ ਆਪਣੇ ਬਚਪਨ ਦੇ ਦੋਸਤ ਕਾਰਲਸ ਸੈਲੀਕਾ ਨਾਲ ਬੋਲੋਵੀਆ ਵਿਚ ਘੁੰਮਿਆ। ਇਹ ਉਹ ਸਮਾਂ ਸੀ, ਜਦ ਕੁਝ ਯੂਨੀਵਰਸਿਟੀ ਵਿਦਿਆਰਥੀਆਂ ਨੇ ਮੋਨਕਡਾ ਦੇ ਆਰਮੀ ਹੈਡਕੁਆਰਟਰ ਉਪਰ ਹਮਲਾ ਕੀਤਾ ਸੀ ਜਿਸ ਦੀ ਅਗਵਾਈ ਫੀਦਲ ਕਾਸਤਰੋ ਕਰ ਰਿਹਾ ਸੀ। ’26 ਜੁਲਾਈ ਮੂਵਮੈਂਟ’ ਨਾਲ ਜਾਣਿਆ ਜਾਂਦਾ ਇਨਕਲਾਬੀਆ ਦਾ ਇਹ ਹਮਲਾ ਬੁਰੀ ਤਰ੍ਹਾਂ ਪਛਾੜ ਦਿੱਤਾ ਗਿਆ। ਰਾਜਧਾਨੀ ਲਾਪਾਜ਼ ਚੀ ਨੇ ਕਿਸਾਨਾਂ ਅਤੇ ਖਾਣ ਮਜ਼ਦੂਰਾਂ ਦੇ ਮੁਜ਼ਾਹਰੇ ਦੇਖੇ। ਇਨਕਲਾਬੀ ਆਗੂ ਵਿਕਤੋਰ ਨੇ ਕੁਝ ਜ਼ਮੀਨੀ ਸੁਧਾਰ ਕੀਤੇ ਪਰ ਅਮਰੀਕਾ ਦੇ ਦਬਾਅ ਕਾਰਨ ਬਹੁਤੇ ਲੋਕ ਪੱਖੀ ਸੁਧਾਰ ਨਾ ਹੋ ਸਕੇ।
ਲਾਪਾਜ਼ ਵਿਚ ਚੀ ਦੀ ਮੁਲਾਕਾਤ ਇਨਕਲਾਬੀ ਭਗੌੜੇ ਵਕੀਲ ਰਿਕਾਰਦੋ ਰੋਜੋ ਨਾਲ ਹੋਈ। ਇਸ ਨੇ ਬਿਉਨਸ-ਆਇਰਸ ਵਿਚ ਗੁਆਟੇਮਾਲਾ ਦੇ ਦੂਤਘਰ ਵਿਚ ਸ਼ਰਨ ਲਈ ਹੋਈ ਸੀ। ਰੋਜੋ ਨੇ ਹੀ ਚੀ ਨੂੰ ਪ੍ਰੇਰ ਕੇ ਗੁਆਟੇਮਾਲਾ ਜਾਣ ਲਈ ਕਿਹਾ ਸੀ। ਗੁਆਟੇਮਾਲਾ ਦੇ ਪ੍ਰਧਾਨ ਅਰਬੈਜ ਦੇ ਕੁਝ ਕ੍ਰਾਂਤੀਕਾਰੀ ਸੁਧਾਰਾਂ ਨੇ ਚੀ ਨੂੰ ਬਹੁਤ ਪ੍ਰਭਾਵਿਤ ਕੀਤਾ। ਯੂਨਾਈਟਡ ਫੂਡ ਕੰਪਨੀ ਦੀ 2 ਲੱਖ 25 ਹਜ਼ਾਰ ਏਕੜ ਜ਼ਮੀਨ ਇੰਡੀਅਨਾਂ ਅਤੇ ਆਮ ਬੇਜ਼ਮੀਨਿਆਂ ਵਿਚ ਤਕਸੀਮ ਕੀਤੀ ਗਈ ਸੀ ਜਿਵੇਂ ਬੰਦਾ ਸਿੰਘ ਬਹਾਦਰ ਨੇ ਪੰਜਾਬ ਅੰਦਰ 1710 ਵਿਚ ਕੀਤਾ ਸੀ। ਚੀ 1953 ਦੇ ਅਖੀਰ ਵਿਚ ਗੁਆਟੇਮਾਲਾ ਪਹੁੰਚਦਾ ਹੈ ਪਰ ਗੁਆਟੇਮਾਲਾ ਉਪਰ ਅਮਰੀਕੀ ਹਮਲੇ ਨੇ ਅਰਬੈਜ ਨੂੰ 27 ਜੂਨ 1954 ਨੂੰ ਤਾਕਤ ਤੋਂ ਪਾਸੇ ਕਰ ਦਿੱਤਾ। ਚੀ ਨੇ ਇਸ ਘਟਨਾ ਨੂੰ ਆਮ ਗਰੀਬਾਂ ਮਜ਼ਦੂਰਾਂ ਕਿਸਾਨਾਂ ਲਈ ਬਹੁਤ ਘਾਤਕ ਸਮਝਿਆ। ਗੁਆਟੇਮਾਲਾ ਵਿਚ ਚੀ ਦੀਆਂ ਦੁਨੀਆਂ ਭਰ ਦੇ ਕਮਿਊਨਿਸਟ ਬਾਗੀਆਂ ਨਾਲ ਮੁਲਾਕਾਤਾਂ ਹੋਈਆਂ। ਹਿਲਦਾ ਗਾਦੀਆ ਜੋ ਬਾਅਦ ਵਿਚ ਚੀ ਦੀ ਪਤਨੀ ਬਣੀ। ਇਥੇ ਹੀ ਕਿਊਬਨ ਬਾਗੀ ਨਿਕੋ ਲੋਪੇਜ਼ ਨੇ ਚੀ ਨਾਲ ਫੀਦਲ ਕਾਸਤਰੋ ਬਾਰੇ ਜਾਣਕਾਰੀ ਸਾਂਝੀ ਕੀਤੀ।
21 ਸਤੰਬਰ 1954 ਨੂੰ ਚੀ ਅਤੇ ਪਤੇਜੋ ਮੈਕਸੀਕੋ ਸ਼ਹਿਰ ਪਹੁੰਚੇ। ਬਹੁਤ ਵੱਡਾ ਅਤੇ ਅਣਜਾਣਿਆ ਸ਼ਹਿਰ ਜਿਥੇ ਆਪਣਾ ਟਿਕ-ਟਿਕਾ ਕਰਨ ਲਈ ਉਸ ਨੂੰ ਅਖਬਾਰਾਂ ਵੇਚ ਕੇ, ਫੋਟੋਗ੍ਰਾਫੀ ਕਰ ਕੇ, ਪੇਪਰਾਂ ਲਈ ਲੇਖ ਲਿਖ ਕੇ ਗੁਜ਼ਾਰਾ ਕਰਨਾ ਪਿਆ। ਅਖੀਰ ਇਕ ਜਨਰਲ ਹਸਪਤਾਲ ਵਿਚ ਵਾਲੰਟੀਅਰ ਦਾ ਕੰਮ ਮਿਲਿਆ ਜਿਥੇ ਅਚਾਨਕ ਨਿਕੋ ਨਾਲ ਮਿਲਣੀ ਹੋਈ। ਨਿਕੋ ਨੇ ਚੀ ਨੂੰ ਦੱਸਿਆ ਕਿ ਮੋਨਕਡਾ ਵਾਲੀ ਘਟਨਾ ਦੇ ਹੀਰੋ ਫੀਦਲ ਅਤੇ ਰਾਉਲ ਕਾਸਤਰੋ ਜਲਦੀ ਹੀ ਰਿਹਾਅ ਹੋ ਰਹੇ ਹਨ। ਮਈ 1955 ਨੂੰ ਦੋਵੇਂ ਭਰਾ ਆਪਣੇ 18 ਹੋਰ ਬਾਗੀਆਂ ਨਾਲ ਜੇਲ੍ਹ ਤੋਂ ਰਿਹਾਅ ਹੋਏ। ਇਨ੍ਹਾਂ ਦੀ ਅਗਲੀ ਰਣਨੀਤੀ ਪਹਿਲਾਂ ਹੀ ਤੈਅ ਹੋ ਚੁੱਕੀ ਸੀ। ਸਾਰੇ ਬਾਗੀ ਮੈਕਸੀਕੋ ਵਿਚ ਗੁਰੀਲਾ ਟਰੇਨਿੰਗ ਲੈ ਕੇ ਕਿਊਬਾ ਵਲ ਰਵਾਨਾ ਹੋਣਗੇ। ਨਿਕੋ ਦੇ ਯਤਨਾਂ ਸਦਕਾ ਜੁਲਾਈ ਵਿਚ ਮੈਕਸੀਕੋ ਦੇ ਡਾਊਨ ਟਾਊਨ ਵਿਚ ਮਾਰੀਆ ਅਨਤੋਨੀਆ ਦੇ ਘਰੇ ਫਦਿਲ, ਰਾਉਲ ਅਤੇ ਚੀ ਦੀ ਲੰਮੀ ਗੱਲਬਾਤ ਹੋਈ। ਹਰ ਰਾਜਨੀਤਕ ਵਿਸ਼ੇ ਨੂੰ ਵਿਚਾਰਿਆ ਗਿਆ। ਫੀਦਲ ਚੀ ਦੀ ਮਾਰਕਸਵਾਦੀ ਪਕੜ ਦਾ ਕਾਇਲ ਹੋ ਚੁੱਕਾ ਸੀ। ਆਪਣੀਆਂ ਯਾਦਾਂ ਵਿਚ ਫੀਡਲ ਲਿਖਦਾ ਹੈ- ਚੀ ਦੇ ਮੇਰੇ ਨਾਲੋਂ ਵੀ ਜ਼ਿਆਦਾ ਪੱਕੇ ਇਨਕਲਾਬੀ ਵਿਚਾਰ ਸਨ। ਵਿਚਾਰਧਾਰਾ ਅਤੇ ਸਿਧਾਂਤ ਦੇ ਅਰਥਾਂ ਵਿਚ ਉਹ ਬਹੁਤ ਅੱਗੇ ਸੀ। ਮੇਰੇ ਨਾਲੋਂ ਉਹ ਕਿਤੇ ਵੱਧ ਇਨਕਲਾਬੀ ਸੀ।
ਸਾਬਕਾ ਕਰਨਲ ਅਲਬਰਤੋ ਬਾਓ ਨੂੰ ਬਾਗੀ ਗੁਰੀਲਿਆਂ ਦੀ ਟਰੇਨਿੰਗ ਲਈ ਚੁਣਿਆ ਗਿਆ। ਮੈਕਸੀਕੋ ਤੋਂ 50 ਮੀਲ ਦੀ ਦੂਰੀ ‘ਤੇ ਸ਼ੈਲਕੋ ਦੀਆਂ ਪਹਾੜੀਆਂ ਵਿਚ ਇਕ ਰੈਂਚ ਅੰਦਰ ਸਖਤ ਗੁਰੀਲਾ ਟਰੇਨਿੰਗ ਸ਼ੁਰੂ ਹੋਈ। ਦਮੇ ਦੀ ਬਿਮਾਰੀ ਦੇ ਬਾਵਜੂਦ ਚੀ ਨੇ ਅੱਵਲ ਨੰਬਰ ਲੈ ਕੇ ਕੋਰਸ ਪੂਰਾ ਕੀਤਾ ਅਤੇ ਆਪਣੇ ਗਰੁੱਪ ਦਾ ਲੀਡਰ ਚੁਣਿਆ ਗਿਆ। ਇਕ ਸਮਾਂ ਅਜਿਹਾ ਵੀ ਆਇਆ ਕਿ ਫੀਦਲ ਅਤੇ ਚੀ ਫੜੇ ਵੀ ਗਏ ਪਰ ਆਪਣੀ ਦੂਰਅੰਦੇਸ਼ੀ ਨਾਲ ਫੀਦਲ ਨੇ ਮੈਕਸੀਕੋ ਦੀ ਅਫਸਰਸ਼ਾਹੀ ਨਾਲ ਗੰਢ-ਤੁਪ ਕਰ ਕੇ ਮਸਲਾ ਹੱਲ ਕਰ ਲਿਆ ਪਰ ਸ਼ਰਤ ਸੀ ਕਿ ਸਾਰੇ ਬਾਗੀ ਬਹੁਤ ਜਲਦੀ ਮੈਕਸੀਕੋ ਛੱਡ ਜਾਣ। ਤੁਰੰਤ ਤੱਕਸਪਾਨ ਦੀ ਬੰਦਰਗਾਹ ਜਾ ਕੇ 38 ਫੁੱਟ ਲੰਮੀ ਗਰਾਨਮਾ ਬੋਟ (ਕਿਸ਼ਤੀ) 12 ਹਜ਼ਾਰ ਡਾਲਰਾਂ ਵਿਚ ਖਰੀਦੀ, ਇਸ ਦੀ ਮੁਰੰਮਤ ਕੀਤੀ। ਹੁਣ ਵੱਡਾ ਸੁਆਲ ਸੀ ਕਿ 82 ਬਾਗੀ ਇਸ ਬੋਟ ਵਿਚ ਕਿੰਝ 1200 ਮੀਲ ਦਾ ਸੀਆਰਾ ਮੈਸਤਰਾ ਤੱਕ ਦਾ ਸਫਰ ਤੈਅ ਕਰਨਗੇ? ਬੋਟ ਕੇਵਲ 22 ਜਣਿਆਂ ਦੀ ਹੀ ਸਮਰਥਾ ਰੱਖਦੀ ਸੀ। 25 ਨਵੰਬਰ 1956 ਦੇ ਤੜਕੇ 2 ਵਜੇ 82 ਬਾਗੀ ਹਥਿਆਰਾਂ ਸਮੇਤ ਗਰਾਨਮਾ ਬੋਟ ‘ਤੇ ਸਵਾਰ ਹੋ ਕੇ 5 ਦਿਨਾਂ ਦਾ ਸਫਰ 7 ਦਿਨਾਂ ਵਿਚ ਪੂਰਾ ਕਰ ਕੇ ਬੜੀਆਂ ਮੁਸੀਬਤਾਂ ਝੱਲਦਿਆਂ ਸੀਆਰਾ ਦੀਆਂ ਪਹਾੜੀਆਂ ਤੱਕ ਪੰਹੁਚੇ ਜਿਥੇ ਉਨ੍ਹਾਂ ਦਾ ਸਵਾਗਤ ਗੋਲੀਆਂ ਅਤੇ ਬਾਰੂਦ ਨਾਲ ਹੋਇਆ। ਕੁਲ 82 ਬਾਗੀਆਂ ਵਿਚੋਂ ਕੇਵਲ 20 ਹੀ ਬਚੇ ਪਰ ਇਨ੍ਹਾਂ ਬਾਗੀਆਂ ਨੇ ਲਗਾਤਾਰ 2 ਸਾਲ ਫੈਸਲਾਕੁਨ ਯੁਧ ਲੜਿਆ। ਇਹ ਯੁੱਧ ਲੜਦਿਆਂ ਕਾਫਲੇ ਬਣਦੇ ਗਏ। ਨੌਜਵਾਨ ਕਿਸਾਨ, ਮਜ਼ਦੂਰ ਇਨ੍ਹਾਂ ਦੇ ਸੰਗੀ ਸਾਥੀ ਸਨ।
ਪੂਰੀ ਤਰ੍ਹਾਂ ਅਮਰੀਕਨ ਹਾਕਮਸ਼ਾਹੀ ਪੱਖੀ ਤਾਨਾਸ਼ਾਹ ਬਤਿਸਤਾ ਨੂੰ ਕਿਊਬਾ ਛੱਡ ਕੇ ਹਾਰ ਮੰਨਣੀ ਪਈ ਅਤੇ ਜਨਵਰੀ 1959 ਦਾ ਸੂਰਜ ਮਜ਼ਦੂਰਾਂ, ਕਿਸਾਨਾਂ ਅਤੇ ਹੋਰ ਲਤਾੜੇ ਲੋਕਾਂ ਲਈ ਆਸ ਦੀਆਂ ਕਿਰਨਾਂ ਲੈ ਕੇ ਆਇਆ। ਕਿਊਬਾ ਵਿਚ ਜ਼ਮੀਨੀ ਸੁਧਾਰ ਕਰਨ ਪਿਛੇ ਚੀ ਨੇ ਅਹਿਮ ਭੂਮਿਕਾ ਨਿਭਾਈ। ਬੈਕਾਂ ਦਾ ਕੌਮੀਕਰਨ, ਮੁਫਤ ਪੜ੍ਹਾਈ ਤੇ ਸਿਹਤ ਸਹੂਲਤਾਂ, ਰੁਜ਼ਗਾਰ ਦੇ ਨਵੇਂ ਅਵਸਰ, ਵਿਦੇਸ਼ੀ ਕੰਪਨੀਆਂ ਦੇ ਹਿੱਸਿਆਂ ਨੂੰ ਜ਼ਬਤ ਕਰਨਾ, ਖੇਤੀ ਵਿਚ ਨਵੀਆਂ ਤਕਨੀਕਾਂ, ਖੰਡ ਲਈ ਬਾਹਰਲੇ ਮੁਲਕਾਂ ਨਾਲ ਸਮਝੌਤੇ, ਖਾਸ ਕਰ ਕੇ ਰੂਸ ਨਾਲ ਜੋ ਉਦੋਂ ਸੋਵੀਅਤ ਯੁਨੀਅਨ ਸੀ। ਇਸੇ ਸਬੰਧ ਵਿਚ ਚੀ 30 ਜੂਨ 1959 ਨੂੰ ਦਿੱਲੀ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੂੰ ਮਿਲਿਆ। ਨਹਿਰੂ ਬਾਰੇ ਚੀ ਕਈ ਭਰਮ ਲਈ ਬੈਠਾ ਸੀ ਲੇਕਿਨ ਨਹਿਰੂ ਨੂੰ ਮਿਲਣ ਬਾਅਦ ਉਸ ਨੂੰ ਨਿਰਾਸ਼ਾ ਹੋਈ। ਇਕ ਹਫਤੇ ਦੇ ਦੌਰੇ ਮਗਰੋਂ ਚੀ ਆਪਣੀਆਂ ਯਾਦਾਂ ਵਿਚ ਲਿਖਦਾ ਕਿ ਜਿੰਨਾ ਚਿਰ ਇਥੋਂ ਦੇ ਲੋਕ ਵਹਿਮਾਂ-ਭਰਮਾਂ ਅਤੇ ਦੇਵੀ ਦੇਵਤਿਆਂ ਦੀ ਚੁੰਗਲ ਵਿਚੋਂ ਬਾਹਰ ਨਹੀਂ ਆਉਂਦੇ, ਉਦੋਂ ਤੱਕ ਇਨ੍ਹਾਂ ਦਾ ਬਹੁਤਾ ਕੁਝ ਸੰਵਰ ਨਹੀਂ ਸਕਦਾ। ਕਾਸ਼! ਅੱਜ ਚੀ ਜਿਊਂਦਾ ਹੁੰਦਾ ਅਤੇ 81 ਸਾਲ ਪਹਿਲਾਂ ਕੀਤੀ ਭਵਿੱਖਬਾਣੀ ਦੇਖ ਸਕਦਾ!!
ਬਾਗੀ ਸਾਥੀਆਂ ਦੀ ਜ਼ੋਰਦਾਰ ਮੰਗ ‘ਤੇ ਚੀ ਨੂੰ 7 ਫਰਵਰੀ 1959 ਨੂੰ ਕਿਊਬਾ ਦਾ ਨਾਗਰਿਕ ਬਣਾਇਆ ਗਿਆ। ਚੀ ਨੇ 9 ਦਸੰਬਰ 1964 ਨੂੰ ਯੂ.ਐਨ.ਓ. ਦੀ 19ਵੀਂ ਜਨਰਲ ਅਸੈਂਬਲੀ ਵਿਚ ਕਿਊਬਾ ਦੀ ਨੁਮਾਇੰਦਗੀ ਕੀਤੀ। ਚੀ ਨੇ ਦੁਨੀਆਂ ਦੇ ਚਾਰ ਦੌਰੇ ਕਰ ਕੇ ਕਿਊਬਾ ਦੀ ਸਾਮਰਾਜ ਉਪਰ ਜਿੱਤ ਅਤੇ ਬਾਕੀ ਗਰੀਬ ਮੁਲਕਾਂ ਦੇ ਕਲਿਆਣ ਲਈ ਸਮਾਜਵਾਦੀ ਵਿਚਾਰਧਾਰਾ ਨੂੰ ਖੁਲ੍ਹੇਆਮ ਪ੍ਰਚਾਰਿਆ। ਫੀਦਲ ਨੇ ਮੀਡੀਆ ਸਾਹਮਣੇ ਆਪਣੇ ਆਪ ਨੂੰ ਕਮਿਊਨਿਸਟ ਹੋਣ ਦੇ ਦਾਅਵੇ ਤੋਂ ਦੂਰੀ ਬਣਾਈ ਰੱਖੀ। ਚੀ ਨੇ ਇੰਜ ਕਦੇ ਨਹੀਂ ਸੀ ਕੀਤਾ। ਚੀ ਦਾ ਇਕ ਥਾਂ ਟਿਕ ਕੇ ਕੰਮ ਔਖਾ ਹੁੰਦਾ, ਉਹ ਤਾਂ ਪੂਰੀ ਦੁਨੀਆਂ, ਖਾਸ ਕਰ ਕੇ ਲਾਤੀਨੀ ਮੁਲਕਾਂ ਅੰਦਰ ਇਨਕਲਾਬ ਦਾ ਚਿਰਾਗ ਬਾਲਣਾ ਚਾਹੁੰਦਾ ਸੀ।
ਚੀ ਨੇ ਕਾਂਗੋ ਨੂੰ ਆਪਣਾ ਅਗਲਾ ਟੀਚਾ ਬਣਾਇਆ। ਕਾਂਗੋ ਨੇ ਕਰੀਬ 5 ਸਾਲ ਪਹਿਲਾਂ ਹੀ ਬੈਲਜੀਅਮ ਤੋਂ 30 ਜੂਨ 1960 ਨੂੰ ਬੰਦ-ਖਲਾਸੀ ਕਰਵਾਈ ਸੀ। ਬਹੁਤ ਹੀ ਪੱਛੜਿਆ ਮੁਲਕ ਜਿਸ ਨੂੰ ਲਾਲ ਰੰਗ ਵਿਚ ਰੰਗਣ ਲਈ 29 ਜੂਨ 1965 ਨੂੰ ਆਪਣੇ 40 ਕਿਊਬਨ ਬਾਗੀਆਂ ਨਾਲ ਚੀ ਨੇ ਕਾਂਗੋ ਦੇ ਟੂਟਸੀ ਬੈਨਡੇਰਾ ਵੱਲ ਕੂਚ ਕੀਤਾ। ਛੇਤੀ ਹੀ 160 ਕਾਂਗੋ ਅਤੇ ਇਡੀਅਨ ਇਨ੍ਹਾਂ ਨਾਲ ਆਣ ਮਿਲੇ ਪਰ ਇਨ੍ਹਾਂ ਵਿਚਕਾਰ ਕੋਈ ਜ਼ਾਬਤਾ ਜਾਂ ਅਨੁਸ਼ਾਸਨ ਨਹੀਂ ਸੀ। ਪੜ੍ਹਾਈ ਤੋਂ ਕੋਰੇ, ਹਥਿਆਰਾਂ ਦੀ ਕੋਈ ਜਾਣਕਾਰੀ ਨਹੀਂ। ਉਜੱਡਪੁਣਾ, ਗਾਲੀ ਗਲੋਚ ਤੇ ਨਾਲ ਹੀ ਕਈ ਲਿੰਗਕ ਬਿਮਾਰੀਆਂ। ਚੀ ਨੇ 20-20 ਦੇ ਗਰੁੱਪ ਬਣਾ ਕੇ ਇਨ੍ਹਾਂ ਨੂੰ ਟਰੇਂਡ ਕਰਨਾ ਸ਼ੁਰੂ ਕੀਤਾ। ਇਨ੍ਹਾਂ ਨੂੰ ਪੂਰੀ ਗੁਰੀਲਾ ਟਰੇਨਿੰਗ ਵਿਚ ਮਾਹਰ ਕਰਨਾ ਚੀ ਲਈ ਚੁਣੌਤੀ ਵੀ ਸੀ। ਪੈਤਰਿਸ ਲੰਮੂਬਾ ਜੂਨ 1960 ਵਿਚ ਕਾਂਗੋ ਦਾ ਮੁਖੀ ਬਣਿਆ। ਬੈਲਜੀਅਮ ਪੱਖੀਆਂ ਨੇ ਜਦੋਂ ਉਲਟਾ ਲੜਨਾ ਸ਼ੁਰੂ ਕਰ ਦਿੱਤਾ ਤਾਂ ਸੋਵੀਅਤ ਯੂਨੀਅਨ ਤੋਂ ਮਦਦ ਮੰਗੀ ਗਈ। ਅਮਰੀਕਾ ਤੜਫ ਉਠਿਆ। ਸਾਮਰਾਜੀਆਂ ਨੇ ਲੰਮੂਬਾ ਨੂੰ 17 ਜਨਵਰੀ 1961 ਨੂੰ ਗੋਲੀ ਮਾਰ ਦਿੱਤੀ। ਲੰਮੂਬਾ ਦੇ ਸਾਥੀ ਹੁਣ ਖਾਨਾਜੰਗ ਲੜ ਰਹੇ ਸਨ ਅਤੇ ਚੀ ਇਨ੍ਹਾਂ ਦੀ ਸਹਾਇਤਾ ਕਰਨ ਆਇਆ ਸੀ।
ਅਜੇ ਟਰੇਨਿੰਗ ਚੱਲ ਹੀ ਰਹੀ ਸੀ ਕਿ ਇਨ੍ਹਾਂ ਉਪਰ ਹਮਲਾ ਹੋ ਗਿਆ। ਇਕ ਤਿਹਾਈ ਕਾਂਗੋ ਤੇ ਰਿਵਾਂਡੀਅਨ ਮੈਦਾਨ ਛੱਡ ਕੇ ਦੌੜ ਗਏ। ਚੀ ਨੂੰ ਇਹ ਆਸ ਨਹੀਂ ਸੀ। ਗੁਰੀਲਿਆਂ ਨੂੰ ਭਾਵੇਂ ਸੋਵੀਅਤ ਯੂਨੀਅਤ ਅਤੇ ਚੀਨ ਤੋਂ ਹਥਿਆਰ, ਦਵਾਈਆਂ ਆਦਿ ਆ ਰਹੇ ਸਨ ਪਰ ਚੀ ਨੂੰ ਪਹਿਲੀ ਵਾਰ ਮਹਿਸੂਸ ਹੋਇਆ ਕਿ ਇਹ ਦੋ ਵੱਡੇ ਸਮਾਜਵਾਦੀ ਮੁਲਕ ਆਪਸ ਵਿਚ ਇੰਨੇ ਜ਼ਿਆਦਾ ਖਹਿੰਦੇ ਕਿਉਂ ਸਨ। ਇਹ ਸਭ ਸਰਦਾਰੀ ਜਮਾਉਣ ਲਈ ਹੋ ਰਿਹਾ ਸੀ। ਚੀ ਬਹੁਤ ਨਿਰਾਸ਼ ਹੋ ਚੁੱਕਾ ਸੀ। ਚੀ ਦਾ ਪ੍ਰੋਲਤਾਰੀ ਕੌਮਾਂਤਰੀਵਾਦ ਦਾ ਸੁਪਨਾ ਸਾਕਾਰ ਹੁੰਦਾ ਨਹੀਂ ਸੀ ਦਿਸ ਰਿਹਾ ਪਰ ਉਹ ਹਥਿਆਰ ਸੁੱਟਣ ਵਾਲਾ ਵੀ ਨਹੀਂ ਸੀ। ਕਾਂਗੋ ਦੇ ਲੋਕਾਂ ਦਾ ਰੰਗ ਢੰਗ, ਬੋਲੀ, ਸਭਿਆਚਾਰ, ਆਰਥਕ ਮਜਬੂਰੀਆਂ ਨੇ ਇਨ੍ਹਾਂ ਬਾਗੀਆਂ ਨੂੰ ਕਦੇ ਵੀ ਆਪਣਾ ਨਾ ਮੰਨਿਆ। ਸੋਵੀਅਤ ਤੋਂ ਗੁਰੀਲਿਆਂ ਦੀ ਭਾਵੇਂ ਨਫਰੀ ਆਉਂਦੀ ਰਹੀ ਪਰ ਇਹ ਕਾਫੀ ਨਹੀਂ ਸੀ। ਬਾਵਜੂਦ ਇਨ੍ਹਾਂ ਹਾਲਾਤ ਦੇ, ਚੀ ਜੰਗ ਜਾਰੀ ਰੱਖਣਾ ਚਾਹੁੰਦਾ ਸੀ ਪਰ ਬਹੁ ਗਿਣਤੀ ਬਾਗੀਆਂ ਦੇ ਹੁਕਮ ਮੁਹਰੇ ਚੀ ਨੂੰ ਆਪਣੇ ਪਿਆਰਿਆਂ ਅੱਗੇ ਸਿਰ ਝੁਕਾਉਣਾ ਪਿਆ ਅਤੇ ਕੁਝ ਮਹੀਨਿਆਂ ਦੀਆਂ ਇਨਕਲਾਬੀ ਮੁਹਿੰਮਾਂ ਬਾਅਦ ਇਨ੍ਹਾਂ ਨੂੰ ਨਵੰਬਰ 1965 ਨੂੰ ਕਾਂਗੋ ਛੱਡਣਾ ਪਿਆ। ਜੇ ਇਨ੍ਹਾਂ ਦੋਹਾਂ ਮੁਲਕਾਂ ਦਰਮਿਆਨ ਸਹੀ ਵਿਚਾਰਧਾਰਕ ਸਾਂਝ ਦੇ ਨਾਲ-ਨਾਲ ਅਸਲੀ ਹਲੀਮੀ ਰਾਜ ਕਾਇਮ ਕਰਨ ਦੀ ਇੱਛਾ ਸ਼ਕਤੀ ਹੁੰਦੀ ਤਾਂ ਸੋਵੀਅਤ ਯੂਨੀਅਨ ਕਦੇ ਦੁਬਾਰਾ ਰੂਸ ਨਾ ਬਣਦਾ ਅਤੇ ਅਮਰੀਕਾ ਵਰਗਾ ਖੂੰਖਾਰ ਮੁਲਕ ਕਦੇ ਚੀਨ ਨੂੰ ਕਰੋਨਾ ਫੈਲਾਉਣ ਲਈ ਪੂਰੀ ਦੁਨੀਆਂ ਵਿਚ ਬਦਨਾਮ ਨਾ ਕਰਦਾ।
ਦਸੰਬਰ 1966 ਨੂੰ ਚੀ ਲਿਖਦਾ ਹੈ, “ਗੁਆਂਢੀ ਮੁਲਕਾਂ ਅੰਦਰ ਇਨਕਲਾਬੀ ਸੰਘਰਸ਼ ਸ਼ੁਰੂ ਕਰਨ ਲਈ ਬੋਲੀਵੀਆ ਨੂੰ ਕੁਰਬਾਨੀ ਦੇਣੀ ਪਵੇਗੀ।” ਉਹ ਬੋਲੀਵੀਆ ਅੰਦਰ ਸੈਂਕੜੇ ਮੀਲਾਂ ਦੇ ਕਠਿਨ ਪਹਾੜੀ ਖੇਤਰਾਂ ਵਿਚ ਕਿਸਾਨਾਂ-ਮਜ਼ਦੂਰਾਂ ਨਾਲ ਰਾਬਤਾ ਬਣਾਉਂਦੇ ਨਵਾਂ ਸਮਾਜ ਸਿਰਜਣ ਦੀ ਗੱਲ ਕਰਦੇ। ਇਥੇ ਅਮਰੀਕਾ ਦੀ ਖੁਫੀਆ ਏਜੰਸੀ ਸੀ.ਆਈ.ਏ. ਦੇ ਟਰੇਂਡ ਫੌਜੀਆਂ ਨਾਲ 5 ਵਾਰ ਟਕਰਾਅ ਹੋਇਆ। ਆਖਰੀ ਲੜਾਈ ਨੋਨਕਹੌਸੂ ਦਰਿਆ ਲਾਗੇ ਹੋਈ। 31 ਅਗਸਤ 1967 ਨੂੰ 8 ਗੁਰੀਲੇ ਦਰਿਆ ਪਾਰ ਕਰਦੇ ਮਾਰੇ ਗਏ ਜਿਨ੍ਹਾਂ ਵਿਚ 30 ਸਾਲਾ ਔਰਤ ਤਾਨੀਆ ਵੀ ਸੀ। 8 ਅਕਤੂਬਰ ਨੂੰ ਚੀ ਦੇ ਦਸਤੇ ਦਾ ਮੁਕਾਬਲਾ ਲਾ-ਹਿਗੂਏਰਾ ਵਿਖੇ ਹੋਇਆ। ਚੀ ਦੀ ਐਮ-2 ਕਾਰਬਾਈਨ ਨਕਾਰਾ ਹੋ ਚੁੱਕੀ ਸੀ। ਦੁਸ਼ਮਣ ਗੋਲੀ ਚਲਾਉਣ ਲੱਗਾ ਤਾਂ ਚੀ ਦੇ ਬੋਲ ਸਨ: “ਗੋਲੀ ਨਾ ਚਲਾਈਂ, ਮੈਂ ਚੀ ਗੁਵੇਰਾ ਹਾਂ। ਮੈਂ ਤੇਰੇ ਲਈ ਮਰੇ ਨਾਲੋਂ ਜਿਊਂਦਾ ਚੰਗਾ ਰਹਾਂਗਾ।”
ਲੈਂਫਟੀਨੈਟ ਕਰਨਲ ਸੈਲਿਚ ਨੇ ਚੀ ਨਾਲ ਬਹੁਤ ਸੁਆਲ ਜੁਆਬ ਕੀਤੇ। ਚੀ ਦੇ ਜੁਆਬ ਬੇਖੌਫ ਸਨ। ਅਮਰੀਕੀ ਰਾਸ਼ਟਰਪਤੀ ਲਿੰਡਨ ਜੋਹਨਸਨ ਦੇ ਚੀ ਨੂੰ ਖਤਮ ਕਰਨ ਦੇ ਹੁਕਮ ਮਿਲ ਚੁੱਕੇ ਸਨ। 9 ਅਕਤੂਬਰ 1967 ਨੂੰ ਦਿਨ ਦੇ 1.10 ਵਜੇ ਜਦ ਮਾਰੀਓ ਤੇਰਨ ਹੱਥ ਵਿਚ ਗੰਨ ਲਈ ਕੱਚੇ ਸਕੂਲੀ ਕਮਰੇ ਜਿਥੇ ਚੀ ਨੂੰ ਰੱਖਿਆ ਗਿਆ ਸੀ, ਵਿਚ ਦਾਖਲ ਰੋਇਆ ਤਾਂ ਚੀ ਬੋਲਿਆ, “ਮੈਨੂੰ ਪਤਾ, ਤੂੰ ਮੈਨੂੰ ਮਾਰਨ ਆਇਆਂ। ਚਲਾ ਗੋਲੀ ਮੂਰਖਾ, ਤੂੰ ਇਕ ਆਦਮੀ ਹੀ ਮਾਰੇਂਗਾ।”
53 ਸਾਲ ਪਹਿਲਾਂ ਦੁਨੀਆਂ ਤੋਂ ਜਾ ਚੁੱਕੇ ਸਭ ਤੋਂ ਹਰਮਨ ਪਿਆਰੇ ਇਸ ਇਨਕਲਾਬੀ ਨੂੰ ਲਾਤੀਨੀ ਲੋਕ ਅੱਜ ਵੀ ਆਪਣਾ ਆਦਰਸ਼ ਮੰਨਦੇ ਹਨ।