ਸਿੱਖ ਜੀ! ਵਾਸਤਾ ਏ, ਜਾਗੋ ਅਤੇ ਅੱਗੇ ਵਧੋ

ਅਮਰਜੀਤ ਸਿੰਘ ਮੁਲਤਾਨੀ
‘ਪੰਜਾਬ ਟਾਈਮਜ਼’ ਵਿਚ ਪਿਛਲੇ ਕੁਝ ਮਹੀਨਿਆਂ ਦੌਰਾਨ ਛਪ ਰਹੇ ਵਿਚਾਰਾਂ ਨੂੰ ਪਾਠਕਾਂ ਤੋਂ ਬਹੁਤ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਕੈਲੀਫੋਰਨੀਆ, ਇੰਡੀਆਨਾ, ਸ਼ਿਕਾਗੋਲੈਂਡ, ਮਿਸ਼ੀਗਨ ਅਤੇ ਨਿਊ ਯਾਰਕ ਸਮੇਤ ਹੋਰਨਾਂ ਸਟੇਟਾਂ ਤੋਂ ਪਾਠਕ ਲਗਾਤਾਰ ਲਿਖਤਾਂ ਪੜ੍ਹ ਰਹੇ ਹਨ। ਉਹ ਆਪੋ-ਆਪਣੇ ਵੱਟਸਐਪ ਗਰੁੱਪਾਂ ਵਿਚ ਸ਼ੇਅਰ ਵੀ ਕਰ ਰਹੇ ਹਨ। ਮਿਸ਼ੀਗਨ ਤੋਂ ਇਕ ਪਾਠਕ ਪਰਮਜੀਤ ਸਿੰਘ ਹਰ ਹਫਤੇ ਮੋਬਾਈਲ ਫੋਨ ‘ਤੇ ਵੀ ਸਿੱਖਾਂ ਨਾਲ ਬਾਵਸਤਾ ਮਸਲਿਆਂ ‘ਤੇ ਗੱਲ ਕਰਦੇ ਹਨ। ਇਹ ਉਨ੍ਹਾਂ ਦੀ ਮੌਜੂਦਾ ਸਿੱਖ ਧਰਮ ਪ੍ਰਬੰਧਨ ਵਿਚ ਆਈ ਗਿਰਾਵਟ ਪ੍ਰਤੀ ਚਿੰਤਾ ਨੂੰ ਦਰਸਾਉਂਦਾ ਹੈ।

ਹਰ ਕੋਈ ਚਾਹੁੰਦਾ ਹੈ ਕਿ ਇਸ ਗੰਭੀਰ ਮਸਲੇ ‘ਤੇ ਕੋਈ ਪਹਿਲਕਦਮੀ ਵੀ ਕੀਤੀ ਜਾਵੇ। ਉਹ ਨਹੀਂ ਚਾਹੁੰਦੇ ਕਿ ਜਿਵੇਂ ਮੌਜੂਦਾ ਦੌਰ ਵਿਚ ਸਿੱਖ ਮਸਲਿਆਂ ‘ਤੇ ਵੱਡੇ-ਵੱਡੇ ਨਾਮੀ ਲਿਖਾਰੀਆਂ ਵੱਲੋਂ ਵੱਡੀਆਂ-ਵੱਡੀਆਂ ਲਿਖਤੀ ਬਹਿਸਾਂ ਹੁੰਦੀਆਂ ਹਨ, ਪਰ ਅਖੀਰ ਵਿਚ ਚੁੱਪ ਪਸਰ ਜਾਂਦੀ ਹੈ। ਮੇਰਾ ਅੰਦਾਜ਼ਾ ਹੈ ਕਿ ਉਹ ਵੀ ਮੇਰੇ ਵਾਂਗ ਪਹਿਲਾਂ ਹੀ ਬਹੁਤ ਦੇਰ ਹੋ ਗਈ ਹੈ, ਵਾਂਗ ਸੋਚਦੇ ਹਨ। ਉਹ ਬਿਲਕੁਲ ਸਹੀ ਤੇ ਸਟੀਕ ਵਿਚਾਰਾਂ ਦੇ ਧਾਰਨੀ ਹਨ।
ਮਾਹੌਲ ਇੰਨਾ ਗੰਧਲਾ ਤੇ ਗੁੰਝਲਦਾਰ ਹੋ ਗਿਆ ਹੈ ਕਿ ਸਮੱਸਿਆ ਦਾ ਨਾ ਤਾਂ ਸਿਰਾ ਨਜ਼ਰ ਆ ਰਿਹਾ, ਨਾ ਹੀ ਅੰਤਲਾ ਸ਼ੋਰ। ਹਿੰਦੂ ਧਰਮ ਨੇ ਕਰਮ ਕਾਂਡਾਂ ਦੇ ਜ਼ਰੀਏ ਸਿੱਖ ਧਰਮ ਨੂੰ ਆਪਣੀ ਗ੍ਰਿਫਤ ਵਿਚ ਇੰਜ ਲੈ ਲਿਆ ਹੈ ਕਿ ਪਹਿਲਾਂ ਤਾਂ ਸਹੀ ਸਿੱਖ ਦੀ ਖੋਜ ਕਰਨਾ ਹੀ ਔਖਾ ਹੋ ਗਿਆ ਹੈ। ਵਿਖਾਵੇ ਵਿਚ ਜੋ ਸਿੱਖ ਨਜ਼ਰ ਆਉਂਦੇ ਹਨ, ਪਰ ਉਹ ਵੀ ਤੁਹਾਡੀ ਗੱਲ ਸੁਣਨ ਨੂੰ ਤਿਆਰ ਨਹੀਂ ਹੋਣਗੇ, ਉਨ੍ਹਾਂ ‘ਚ ਹਿੰਦੂ ਧਰਮ ਤੇ ਉਸ ਦੀਆਂ ਧਾਰਨਾਵਾਂ ਇੰਨੀ ਗਹਿਰਾਈ ਵਿਚ ਰਮ ਗਈਆਂ ਹਨ ਕਿ ਉਹ ਜਦੋਂ ਕਿਤੇ ਕੋਈ ਵਿਸ਼ੇਸ਼ ਮੌਕਾ ਆ ਜਾਏ ਤਾਂ ਕਹਿੰਦੇ ਹਨ, ‘ਹਮ ਹਿੰਦੂ ਨਹੀਂ।’ ਪਰ ਅਕੀਦੇ ਵਿਚ ਉਹ ਹਿੰਦੂਆਂ ਨਾਲੋਂ ਵੀ ਵੱਧ ਕਰਮ ਕਾਂਡੀ ਬਣ ਗਏ ਹਨ। ਹੁਣ ਹਿੰਦੁਸਤਾਨ ਵਿਚ ਸਿੱਖ ਤੇ ਹਿੰਦੂ ਧਰਮ ਦੀ ਇਕ ਅਜਿਹੀ ਖਿਚੜੀ ਪੱਕ ਗਈ ਹੈ, ਜਦੋਂ ਹਿੰਦੂ ਆਪਣੀ ਥਾਲੀ ਵਿਚ ਪਰੋਸਦਾ ਹੈ ਤਾਂ ਹਿੰਦੂ ਧਰਮ ਲੱਗਦਾ ਹੈ ਅਤੇ ਜਦੋਂ ਸਿੱਖ ਆਪਣੀ ਥਾਲੀ ਵਿਚ ਪਰੋਸਦਾ ਹੈ ਤਾਂ ਉਹ ਸਿੱਖ ਧਰਮ ਹੀ ਲੱਗਦਾ ਹੈ।
ਪੰਦਰਵੀਂ ਸਦੀ ਦੌਰਾਨ, ਜਦੋਂ ਸਿੱਖ ਧਰਮ ਜਨਮਦਾ ਹੈ ਅਤੇ ਜੜ੍ਹਾਂ ਪਕੜਨ ਲੱਗਦਾ ਹੈ ਤਾਂ ਉਸ ਵਕਤ ਦੇ ਹਿੰਦੂ ਧਰਮ ਦੇ ਪ੍ਰਬੰਧਕਾਂ ਨੂੰ ਇਹ ਸਭ ਇੰਨਾ ਨਾਗਵਾਰ ਗੁਜ਼ਰਦਾ ਹੈ ਕਿ ਉਹ ਬਿਨਾ ਕੋਈ ਵਕਤ ਗੁਆਏ ਨਵਜੰਮੇ ‘ਸਿੱਖ’ ਅਤੇ ‘ਸਿੱਖ ਧਰਮ’ ਨੂੰ ਸ਼ਮੂਲ ਨਾਸ਼ ਕਰਨ ਦੀਆਂ ਵਿਉਂਤਾਂ ਬਣਾਉਣ ਲੱਗ ਪੈਂਦੇ ਹਨ। ਉਹ ਫੌਰੀ ਤੌਰ ‘ਤੇ ਕੁਝ ਨਹੀਂ ਕਰ ਪਾਉਂਦੇ, ਕਿਉਂਕਿ ਤਾਜ਼ਾ ਚੋਟਾਂ ਖਾਈ ਬੈਠੇ ਹਿੰਦੂ ਧਰਮ ਗੁਰੂਆਂ ਨੂੰ ਇਸ ਗੱਲ ਦਾ ਅਹਿਸਾਸ ਹੁੰਦਾ ਹੈ ਕਿ ਨਾਨਕ ਦੇ ਹੁੰਦਿਆਂ ਇਹ ਖੇਡ ਖੇਡਣੀ ਸੌਖਾ ਕੰਮ ਨਹੀਂ। ਇਸ ਲਈ ਉਹ ਅੰਦਰਖਾਤੇ ਗੁੱਝੀਆਂ ਰਮਜ਼ਾਂ ਦੀ ਗੋਂਦ ਰਚਣੀ ਸ਼ੁਰੂ ਕਰ ਦਿੰਦੇ ਹਨ। ਉਨ੍ਹਾਂ ਨੂੰ ਇਸ ਗੱਲ ਦਾ ਅਹਿਸਾਸ ਹੁੰਦਾ ਹੈ ਕਿ ਜੇ ਉਨ੍ਹਾਂ ਨੇ ਫੌਰਨ ਸਿੱਖ ਧਰਮ ਦੀ ਕਾਟ ਨਾ ਲੱਭੀ ਤਾਂ ਹਿੰਦੂ ਧਰਮ ਨੂੰ ਵੱਡਾ ਖੋਰਾ ਲੱਗਣਾ ਨਿਸ਼ਚਿਤ ਹੈ। ਉਹ ਔਖੇ-ਸੌਖੇ ਹੋ ਕੇ ਜਿਵੇਂ ਤਿਵੇਂ ਸਹੀ ਮੌਕੇ ਦਾ ਇੰਤਜ਼ਾਰ ਕਰਨ ਲੱਗ ਪਏ। ਉਨ੍ਹਾਂ ਨੇ ਪਹਿਲ ਕੀਤੀ, ਗੁਰੂ ਨਾਨਕ ਦੇ ਸਪੁੱਤਰ ਸ਼੍ਰੀ ਚੰਦ ਨੂੰ ਤਪੀ ਬਣਾਉਂਦੇ ਹੋਏ ਸ਼ਿਵਜੀ ਦਾ ਅਵਤਾਰ ਕਹਿ ਕੇ, ਜਦੋਂ ਕਿ ਗੁਰੂ ਨਾਨਕ ਸਾਹਿਬ ਨੇ ਹਿੰਦੂ ਧਰਮ ਅਤੇ ਇਸ ਦੇ ਤੇਤੀ ਕਰੋੜ ਦੇਵੀਆਂ-ਦੇਵਤਿਆਂ ਦੀ ਹੋਂਦ ਨੂੰ ਨਕਾਰਦਿਆਂ ‘ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ…ਨਾਨਕ ਹੋਸੀ ਭੀ ਸੱਚ॥’ ਆਪਣੇ ਮੁਖਾਰਬਿੰਦ ਤੋਂ ਉਚਾਰਿਆ।
ਗੁਰੂ ਨਾਨਕ ਵੀ ਆਪਣੀਆਂ ਉਦਾਸੀਆਂ ਸੰਪਨ ਕਰਕੇ ਕਰਤਾਰਪੁਰ ਹੀ ਰਹਿਣ ਲੱਗ ਪਏ ਸਨ। ਉਨ੍ਹਾਂ ਨੇ ਸਿੱਖਾਂ ਨੂੰ ਜੋ ‘ਕਿਰਤ’ ਕਰਨ ਦਾ ਸੁਨੇਹਾ ਦਿੱਤਾ ਸੀ ਤੇ ਖੁਦ ਅਮਲ ਕਰਦਿਆਂ ਖੇਤੀਬਾੜੀ ਕਰਨ ਦਾ ਫੈਸਲਾ ਲਿਆ, ਤਾਂ ਕਿ ਨਾਨਕ ਦੀ ਕਹਿਣੀ ਤੇ ਕਰਨੀ ਵਿਚ ਕੋਈ ਫਰਕ ਨਜ਼ਰ ਨਾ ਆਏ। ਇੱਥੇ ਹੀ ਗੁਰੂ ਨਾਨਕ ਨੇ ਆਪਣੀ ‘ਵੰਡ ਛਕੋ’ ਵਾਲੀ ਸਿਖਿਆ ਵੀ ਹਕੀਕਤ ਵਿਚ ਸੱਚ ਕਰ ਵਿਖਾਈ। ਉਹ ਜੋ ਵੀ ਖੇਤੀਬਾੜੀ ਦੀ ਕਿਰਤ ਤੋਂ ਕਮਾਉਂਦੇ, ਉਸ ਨਾਲ ਉਨ੍ਹਾਂ ਨੇ ਆਪਣੇ ਗ੍ਰਹਿ ਵਿਖੇ ਲੰਗਰ ਦੀ ਸ਼ੁਰੂਆਤ ਕੀਤੀ ਤੇ ‘ਵੰਡ ਛਕੋ’ ਦਾ ਉਪਦੇਸ਼ ਵੀ ਸੱਚ ਕਰ ਵਿਖਾਇਆ। ਉਹ ਸਿੱਖ ਧਰਮ ਦੇ ਪ੍ਰਸਾਰ ਤੇ ਪ੍ਰਚਾਰ ਲਈ ਸਵੇਰੇ-ਸ਼ਾਮ ਸੰਗਤ ਵੀ ਕਰਦੇ ਹੁੰਦੇ ਸਨ, ਪਰ ਉਨ੍ਹਾਂ ਨੇ ਕਦੇ ਵੀ ਇਸ ਕਾਰਜ ਨੂੰ ਆਪਣਾ ਕਸਬ ਨਹੀਂ ਬਣਾਇਆ। ਉਨ੍ਹਾਂ ਨੇ ਸਰਬੱਤ, ਜੋ ਵੀ ਉਨ੍ਹਾਂ ਦੇ ਸੰਪਰਕ ਵਿਚ ਆਇਆ, ਨਾਲ ਆਪਣਾ ਗਿਆਨ ਸਾਂਝਾ ਕੀਤਾ, ਪਰ ਕਿਸੇ ਨੂੰ ਜ਼ੋਰ ਨਾਲ ਪ੍ਰਭਾਵਿਤ ਕਰਨ ਦਾ ਯਤਨ ਨਹੀਂ ਕੀਤਾ। ਉਨ੍ਹਾਂ ਦੇ ਪੈਰੋਕਾਰਾਂ ਵਿਚ ਹਿੰਦੂ ਅਤੇ ਮੁਸਲਮਾਨ-ਦੋਵੇਂ ਸ਼ਾਮਲ ਸਨ। ਜਦੋਂ ਗੁਰੂ ਨਾਨਕ ਸਾਹਿਬ ਵਾਹਿਗੁਰੂ ਨੂੰ ਪਿਆਰੇ ਹੋਏ ਤਾਂ ਹਿੰਦੂ ਧਰਮ-ਅਧਿਕਾਰੀਆਂ ਨੇ ਆਪਣਾ ਦਾਅ ਖੇਡਿਆ ਤੇ ਗੁਰੂ ਨਾਨਕ ਦੇ ਹਿੰਦੂ ਤੇ ਮੁਸਲਮਾਨ ਸਿੱਖਾਂ ਨੂੰ ਅੰਤਿਮ ਕਾਰਜ ਵਿਧੀ ਦੇ ਢੰਗ ਨੂੰ ਲੈ ਕੇ ਆਪਸ ਵਿਚ ਲੜਾ ਦਿੱਤਾ। ਬੱਸ ਇੱਥੋਂ ਹੀ ਹਿੰਦੂਆਂ ਨੇ ਸਿੱਖਾਂ ਦੇ ਭੇਖ ਵਿਚ ਸਿੱਖ ਧਰਮ ਵਿਚ ਦਖਲਅੰਦਾਜ਼ੀ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਹੌਲੀ-ਹੌਲੀ ਸਿੱਖ ਗੁਰੂ ਸਾਹਿਬਾਨਾਂ ਦੇ ਆਲੇ-ਦੁਆਲੇ ਆਪਣੇ ਭੇਖੀ ਸਿੱਖਾਂ ਦਾ ਜਾਲ ਵਿਛਾਉਣਾ ਸ਼ੁਰੂ ਕਰ ਦਿੱਤਾ।
ਗੁਰੂ ਨਾਨਕ ਵੇਲੇ ਸਿੱਖ ਧਰਮ ਦੇ ਰੋਜ਼ਾਨਾ ਦੇ ਕੰਮ ਕਾਜ ਗੁਰੂ ਸਾਹਿਬ ਦੀ ਦੇਖ-ਰੇਖ ਵਿਚ ਸਿੱਖ ਹੀ ਕਰਿਆ ਕਰਦੇ ਸਨ। ਮਾਤਾ ਸੁਲੱਖਣੀ ਜੀ ਦਾ ਯਥਾ ਸੰਭਵ ਸਨਮਾਨ ਸੀ, ਪਰ ਗੁਰੂ ਕੇ ਮਹਿਲਾਂ ਜਿਹਾ ਕੁਝ ਨਹੀਂ ਸੀ। ਗੁਰੂ ਨਾਨਕ ਦੇ ਸਪੁੱਤਰਾਂ ਦਾ ਵੀ ਗੁਰੂ ਪੁੱਤਰਾਂ ਦੇ ਤੌਰ ‘ਤੇ ਹੀ ਸਨਮਾਨ ਸੀ, ਨਾ ਕਿ ਉਨ੍ਹਾਂ ਨੂੰ ਸਾਹਿਬਜ਼ਾਦਿਆਂ ਦਾ ਦਰਜਾ ਪ੍ਰਾਪਤ ਸੀ। ਨਾ ਹੀ ਉਨ੍ਹਾਂ ਦਾ ਸਿੱਖ ਧਰਮ ਵਿਚ ਕੋਈ ਦਖਲ ਸੀ। ਗੁਰੂ ਨਾਨਕ ਸਾਹਿਬ ਨੇ ਸਿੱਖ ਧਰਮ ਨੂੰ ਬਿਨਾ ਕਿਸੇ ਵਿਤਕਰੇ ਦੇ ਦੱਬੀ ਕੁਚਲੀ ਮਨੁੱਖਤਾ ਦਾ ਪੜਾਓ ਬਣਾ ਦਿੱਤਾ ਸੀ। ਇਸ ਦੀ ਧਾਰਮਿਕ ਪਾਰਦਰਸ਼ਿਤਾ ਹਰ ਇਕ ਨੂੰ ਆਪਣੇ ਵੱਲ ਆਕਰਸ਼ਿਤ ਕਰਦੀ ਸੀ। ਇੱਥੋਂ ਤੱਕ ਕਿ ਗੁਰੂ ਨਾਨਕ ਸਾਹਿਬ ਨੇ ਖੁਦ ਆਪਣੇ ਆਪ ਨੂੰ ਸਿੱਖ ਧਰਮ ਦੇ ਗੁਰੂ ਵਜੋਂ ਸਥਾਪਿਤ ਕਰਨ ਦਾ ਯਤਨ ਨਹੀਂ ਕੀਤਾ। ਗੁਰੂ ਸਾਹਿਬ ਨੇ ਜੇ ਭਾਈ ਲਾਲੋ ਨੂੰ ਅਪਨਾਇਆ, ਇਹ ਹਕੀਕਤ ਸੀ। ਉਨ੍ਹਾਂ ਨੇ ਮਲਿਕ ਭਾਗੋ ਨੂੰ ਇਕ ਵਾਰ ਖਾਰਜ ਕੀਤਾ, ਉਹ ਪੱਕੇ ਤੌਰ ‘ਤੇ ਸੀ। ਇਹ ਸਭ ਅਸੂਲ ਅਤੇ ਚੰਗਿਆਈਆਂ ਹੀ ਸਿੱਖ ਧਰਮ ਦੀਆਂ ਵਿਸ਼ੇਸ਼ਤਾਵਾਂ ਸਨ ਅਤੇ ਸਿੱਖ ਧਰਮ ਦੇ ਪ੍ਰਸਾਰ ਦੇ ਮੁੱਖ ਕਾਰਨਾਂ ਵਿਚ ਅਹਿਮ ਸਨ।
ਗੁਰੂ ਨਾਨਕ ਸਾਹਿਬ ਦਾ ਕਹਿਣਾ ਸੀ, ‘ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ॥ ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ॥ ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ॥’ ਗੁਰੂ ਨਾਨਕ ਤੋਂ ਬਾਅਦ ਸਿੱਖ ਧਰਮ ਦੀ ਇਹ ਵਿਸ਼ੇਸ਼ਤਾ ਸਮਾਂ ਪੈਣ ਨਾਲ ਮੱਧਮ ਪੈਂਦੀ ਗਈ। ਹਿੰਦੂ ਧਰਮ ਦੇ ਸਿੱਖੀ ਸਰੂਪ ਵਾਲੇ ਘੁਸਪੈਠੀਆਂ ਨੇ ਸਿੱਖ ਗੁਰੂ ਸਾਹਿਬਾਨ ਦੇ ਆਲੇ-ਦੁਆਲੇ ਅਜਿਹੀ ਅਣਦਿੱਸ ਘੇਰਾਬੰਦੀ ਕਰ ਦਿੱਤੀ ਕਿ ‘ਗੁਰੂ ਨਾਨਕ ਦਾ ਗਰੀਬਾਂ ਦੇ ਸੰਗ ਸਾਥ’ ਵਾਲੇ ਪ੍ਰਬੰਧਨ ਦੀ ਥਾਂ ‘ਗੁਰੂ ਕੇ ਮਹਿਲ’ ਬਣ ਗਏ; ਗੁਰੂ ਪੁੱਤਰ ‘ਸਾਹਿਬਜ਼ਾਦੇ’ ਬਣ ਗਏ ਤੇ ਉਨ੍ਹਾਂ ਦੀਆਂ ਪਰਵਰਿਸ਼ਾਂ ਵੀ ਆਮ ਨਾ ਹੋ ਕੇ ਸ਼ਾਹੀ ਢੰਗ ਨਾਲ ਹੋਣ ਲੱਗੀਆਂ। ਗੁਰੂ ਰਿਸ਼ਤੇਦਾਰਾਂ ਦਾ ਪ੍ਰਬੰਧਾਂ ਵਿਚ ਦਖਲ ਹੋਣ ਲੱਗਾ। ਭੇਖੀ ਸਿੱਖਾਂ ਨੇ ਗੁਰੂ ਸਾਹਿਬਾਨ ਦੀ ਦਿਨ ਚਰਿਆ ਵੀ ਬਦਲ ਦਿੱਤੀ। ਉਨ੍ਹਾਂ ਨੇ ਗੁਰੂ ਨਾਨਕ ਦੇ ਵਿਸ਼ਵਵਿਆਪੀ ਸਿੱਖ ਧਰਮ ਦੇ ਸੰਕਲਪ ਨੂੰ ਢਾਅ ਲਾਉਣ ਲਈ ਸਿੱਖ ਗੁਰੂ ਸਾਹਿਬਾਨ ਨੂੰ ਸਥਾਨਕ ਮਸਲਿਆਂ ਵਿਚ ਅਜਿਹਾ ਉਲਝਾਇਆ ਕਿ ਗੁਰੂ ਨਾਨਕ ਵੱਲੋਂ ਆਪਣੀਆਂ ਉਦਾਸੀਆਂ ਦੌਰਾਨ ਲਾਏ ਸਿੱਖੀ ਦੇ ਬੂਟੇ ਤਵੱਜੋਂ ਅਤੇ ਦੇਖ-ਭਾਲ ਦੀ ਘਾਟ ਕਾਰਨ ਉਨ੍ਹਾਂ ਦੀ ਆਸ ਅਨੁਸਾਰ ਪ੍ਰਫੁਲਿਤ ਨਹੀਂ ਹੋ ਸਕੇ।
ਭੇਖੀ ਸਿੱਖ ਹਿੰਦੂਆਂ ਨੇ ਸਿੱਖ ਧਰਮ ਦਾ ਸਵਰੂਪ ਹੀ ਬਦਲ ਦਿੱਤਾ। ਉਨ੍ਹਾਂ ਨੇ ਸਿੱਖ ਗੁਰੂਆਂ ਦੀਆਂ ਤਸਵੀਰਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। ਉਨ੍ਹਾਂ ਨੇ ਗੁਰੂ ਨਾਨਕ ਤੋਂ ਅਗਲੇ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਰਾਹੀਂ ਇਕ ਅਜਿਹਾ ਪ੍ਰਭਾਵ ਦਿੱਤਾ ਕਿ ਸਿੱਖ ਗੁਰੂ ਸਾਹਿਬ ਆਮ ਪਰਿਵਾਰਾਂ ਵਿਚੋਂ ਨਾ ਹੋ ਕੇ ਪ੍ਰਭਾਵਸ਼ਾਲੀ ਤੇ ਧਨੀ ਪਰਿਵਾਰਾਂ ਤੋਂ ਹਨ। ਗੁਰੂ ਸਾਹਿਬਾਨ ਦੇ ਲਿਬਾਸ ਤੇ ਪਿੱਠਵਰਤੀ ਆਸਣਾਂ ਨੂੰ ਵੀ ਰਾਜਸੀ ਪਰਿਵਾਰਾਂ ਦੇ ਆਸਣ ਦਾ ਪ੍ਰਭਾਵ ਦਿੱਤਾ। ਉਨ੍ਹਾਂ ਨੇ ‘ਗਰੀਬਾਂ ਦੇ ਯਾਰ ਤੇ ਗਰੀਬ ਮਨੁੱਖਤਾ ਦਾ ਦਮ ਭਰਨ ਵਾਲੇ ਗੁਰੂ ਨਾਨਕ’ ਦੇ ਉਤਰਾਧਿਕਾਰੀਆਂ ਨੂੰ ਤਖਤਾਂ ‘ਤੇ ਬੈਠਾ ਦਿੱਤਾ। ਗੁਰੂਆਂ ਦੇ ਸੀਸ ‘ਤੇ ਕਲਗੀਆਂ ਵੀ ਸਜਾ ਦਿੱਤੀਆਂ। ਗੁਰੂਆਂ ਦੇ ਦਰਬਾਰ ਸਜਾਉਣੇ ਸ਼ੁਰੂ ਕਰ ਦਿੱਤੇ ਤਾਂ ਕਿ ਗੁਰੂ ਨਾਨਕ ਦੀ ਤਰਜ਼ ‘ਤੇ ਸਿੱਖ ਗੁਰੂ ਆਮ ਸਿੱਖਾਂ ਵਿਚ ਬੇਤਕੱਲੁਫ ਹੋ ਕੇ ਨਾ ਵਿਚਰ ਸਕਣ। ਇਸ ਸਭ ਕਾਰੇ ਪਿੱਛੇ ਉਨ੍ਹਾਂ ਦਾ ਮੁੱਖ ਉਦੇਸ਼ ਸਿੱਖ ਧਰਮ ਦੇ ਨਿਆਰੇਪਣ ਨੂੰ ਨਸ਼ਟ ਕਰਨਾ ਸੀ। ਉਹ ਇਸ ਕਾਰੇ ਵਿਚ ਸਫਲ ਹੋ ਗਏ ਤੇ ਉਨ੍ਹਾਂ ਨੇ ਸਿੱਖ ਗੁਰੂਆਂ ਦਾ ਤਵਾਰੀਖੀ ਤਸਵੀਰਾਂ ਵਿਚ ਜੋ ਸਵਰੂਪ ਬਣਾ ਕੇ ਪੇਸ਼ ਕੀਤਾ, ਉਹ ਹੂਬਹੂ ਉਸ ਵਕਤ ਪ੍ਰਚਲਿਤ ਹਿੰਦੂ ਦੇਵਤਿਆਂ ਨਾਲ ਸੌ ਫੀਸਦੀ ਮੇਲ ਖਾਂਦਾ ਸੀ। ਇਹ ਆਮ ਸਿੱਖਾਂ ਨੂੰ ਭਰਮਾਉਣ ਤੇ ਵਰਗਲਾਉਣ ਲਈ ਕਾਫੀ ਸੀ। ਇਨ੍ਹਾਂ ਨੇ ਗੁਰੂ ਹਰਿਗੋਬਿੰਦ ਸਾਹਿਬ ਅਤੇ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਦੀਆਂ ਅਜਿਹੀਆਂ ਤਸਵੀਰਾਂ ਲੋਕਾਂ ਸਾਹਮਣੇ ਪੇਸ਼ ਕੀਤੀਆਂ ਜਿਵੇਂ ਕਿ ਉਹ ਰੁਹਾਨੀਅਤ ਦੇ ਧਨੀ ਨਾ ਹੋ ਕੇ ਕੋਈ ਰਾਜੇ ਮਹਾਰਾਜੇ ਹੋਣ। ਠੀਕ ਇਵੇਂ, ਜਿਵੇਂ ਹਿੰਦੂ ਕਲਪਿਤ ਦੇਵਤਾ ‘ਰਾਜਾ ਰਾਮ’ ਹੈ।
ਗੁਰੂ ਨਾਨਕ ਦੇ ਸਿੱਖ ਧਰਮ ਨੂੰ ਬੁਨਿਆਦੀ ਤੌਰ ‘ਤੇ ਹਿਲਾਉਣ ਲਈ ਉਨ੍ਹਾਂ ਨੇ ਕਾਂਸ਼ੀ ਤੇ ਬਨਾਰਸ ਦੇ ਵਿੱਦਿਅਕ ਢਾਂਚੇ ਨੂੰ ਸਿੱਖਾਂ ਵਿਚ ਵਿਕਸਿਤ ਕੀਤਾ। ਹਿੰਦੂ ਧਰਮ ਦੀਆਂ ਮਿੱਥ ਨਾਲ ਲਬਰੇਜ ਕਹਾਣੀਆਂ ਤੇ ਪ੍ਰਚਲਿਤ ਦੇਵੀਆਂ-ਦੇਵਤਿਆਂ ਦੇ ਨਾਮ ਦਾ ਗੁਰਬਾਣੀ ਦੇ ਸਿਰਲੇਖ ਹੇਠ ਭਰਵੇਂ ਪ੍ਰਚਾਰ ਦਾ ਦੌਰ ਚਲਾਇਆ ਗਿਆ ਤਾਂ ਕਿ ਸਿੱਖਾਂ ਦੇ ਮਾਨਸਿਕ ਪੱਧਰ ਤੋਂ ‘ੴ ਅਤੇ ਨਿਰਾਕਾਰ ਨਿਰੰਕਾਰ’ ਦਾ ਨਿਰਾਲਾ ਤੇ ਹਿੰਦੂ ਧਰਮ ਦੀਆਂ ਜੜ੍ਹਾਂ ਨੂੰ ਹਿਲਾਉਣ ਵਾਲੇ ਗੁਰੂ ਨਾਨਕ ਦੇ ਇਲਾਹੀ ਸੰਦੇਸ਼ ਨੂੰ ਕਾਟ ਕਰਕੇ ਸਿੱਖਾਂ ਦੇ ਧਾਰਮਿਕ ਅਕੀਦੇ ਵਿਚ ਹਿੰਦੂ ਧਰਮ ਦੇ ਦੇਵਤਿਆਂ ਤੇ ਦੇਵੀਆਂ ਦਾ ਜ਼ਿਕਰ ਆਮ ਹੋਵੇ। ਸਿੱਖੀ ਦੇ ਭੇਖ ਵਿਚ ਹਿੰਦੂ ਮਾਨਤਾਵਾਂ ‘ਤੇ ਖਰੇ ਉਤਰਦੇ ਸਿੱਖ ਨਾਮ ਵਾਲੇ ਵਿਅਕਤੀਆਂ ਤੋਂ ਸਿੱਖ ਗੁਰੂਆਂ ਦੀਆਂ ਜਨਮ ਸਾਖੀਆਂ ਤੇ ਗ੍ਰੰਥ ਲਿਖਵਾਏ ਗਏ, ਜੋ ਅੱਜ ਦੇ ਸਿੱਖ ਸਮਾਜ ਵਿਚ ਵੱਡੀਆਂ ਵੰਡੀਆਂ ਦੇ ਕਾਰਨ ਬਣੇ ਹੋਏ ਹਨ। ਉਹ ਸਿੱਖਾਂ ਦੇ ਧਰਮ ਅਤੇ ਸਮਾਜ ਵਿਚ ਇਸ ਪੱਧਰ ਤੱਕ ਦਖਲਅੰਦਾਜ਼ੀ ਕਰਨ ਵਿਚ ਸਫਲ ਰਹੇ ਹਨ। ਇਨ੍ਹਾਂ ਕਾਰਸ਼ਤਾਨੀਆਂ ਨੇ ਸਿੱਖ ਧਰਮ ਦੇ ਪ੍ਰਚਾਰ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ। ਦੂਰ ਦੀ ਗੱਲ ਨਹੀਂ, ਪਿਛਲੀ ਇਕ ਸਦੀ ਦਾ ਇਤਿਹਾਸ ਹੀ ਫਰੋਲਣ ‘ਤੇ ਪਤਾ ਲੱਗ ਜਾਵੇਗਾ ਕਿ ਸਿੱਖ ਧਰਮ ਦਾ ਪ੍ਰਚਾਰ ਹੋਇਆ ਹੀ ਨਹੀਂ, ਸਗੋਂ ਵੱਖ-ਵੱਖ ਨਾਂਵਾਂ (ਰਾਧਾ ਸੁਆਮੀ, ਨਿਰੰਕਾਰੀਆਂ ਤੇ ਆਸ਼ੁਤੋਸ਼ੀਏ) ਅਤੇ ਸਿੱਖ, ਸਿੱਖਾਂ ਵਿਚੋਂ ਮਨਫੀ ਹੀ ਹੋਏ ਹਨ, ਵਾਧਾ ਨਹੀਂ ਹਇਆ। ਅਫਸੋਸ ਦੀ ਗੱਲ ਹੈ ਕਿ ਸਿੱਖ ਧਰਮ ਦੇ ਕਸਟੋਡੀਅਨਾਂ ਨੇ ਕਦੇ ਵੀ ਇਨ੍ਹਾਂ ਵਿਸ਼ਿਆਂ ‘ਤੇ ਗੰਭੀਰਤਾ ਨਹੀਂ ਵਿਖਾਈ। ਆਪਣੀ ਪੀੜ੍ਹੀ ਹੇਠ ਸੋਟਾ ਫੇਰਨ ਦੀ ਥਾਂ ਇਨ੍ਹਾਂ ਨੇ ਵਿਰੋਧੀਆਂ ਦੇ ਗਲ ਪੈਣ ਦੀ ਸਿਆਣਪ ਵਿਖਾ ਕੇ ਸਮੱਸਿਆਵਾਂ ਵਿਚ ਵਾਧਾ ਕੀਤਾ ਹੈ ਤੇ ਸਿੱਖਾਂ ਤੇ ਸਿੱਖ ਧਰਮ ਦੀ ਹੇਠੀ ਕੀਤੀ ਹੈ।
ਸਿੱਖ ਧਰਮ ਦੇ ਦੋਖੀ ਹੌਲੀ-ਹੌਲੀ ਆਪਣੇ ਮਨਸੂਬਿਆਂ ਵਿਚ ਸਫਲ ਹੋਣ ਲੱਗ ਪਏ। ਉਨ੍ਹਾਂ ਦੇ ਵੱਡ ਵਡੇਰਿਆਂ ਵੱਲੋਂ ਚਲਾਈ ਇਸ ਮੁਹਿੰਮ ਦੀ ਵਾਗਡੋਰ ਹੁਣ ਆਰ. ਐਸ਼ ਐਸ਼ ਹੱਥ ਹੈ, ਜੋ ਉਨ੍ਹਾਂ ਵੱਲੋਂ ਬੜੀ ਸਫਲਤਾ ਨਾਲ, ਅੱਜ ਵੀ ਬਾਕਾਇਦਾ ਜਾਰੀ ਹੈ। ਹਿੰਦੂਆਂ ਦੇ ਫੈਲਾਏ ਮਾਇਆ ਜਾਲ ਵਿਚ ਸਿੱਖ ਅਜਿਹੇ ਉਲਝ ਗਏ ਹਨ ਕਿ ਉਹ ਇਸ ਵਿਚੋਂ ਸੌਖਿਆ ਨਹੀਂ ਨਿਕਲ ਸਕਦੇ। ਉਨ੍ਹਾਂ ਦੀ ਰਗ-ਰਗ ਵਿਚ ਮਾਇਆ ਜਾਲ ਦਾ ਜਾਦੂ ਇਸ ਕਦਰ ਘਰ ਕਰ ਗਿਆ ਹੈ ਕਿ ਉਨ੍ਹਾਂ ਤੋਂ ਕੁਝ ਨਾ ਹੀ ਆਸ ਕਰੋ ਤਾਂ ਚੰਗਾ ਹੈ। ਹੁਣ ਗੁਰੂ ਨਾਨਕ ਦੇ ਬੰਦਿਆਂ ਨੂੰ ਸਿੱਖ ਧਰਮ ਦੀ ਪੁਨਰ ਸਥਾਪਤੀ ਲਈ, ਗੁਰੂ ਨਾਨਕ ਵਾਂਗ ਇਕੱਲਿਆਂ ਹੀ ਸ਼ੁਰੂਆਤ ਕਰਨੀ ਪਵੇਗੀ।
ਗੁਰੂ ਨਾਨਕ ਅਤੇ ਉਨ੍ਹਾਂ ਦੇ ਫਲਸਫੇ ਵਿਚ ਅੱਜ ਵੀ ਇੰਨਾ ਨਵਾਂਪਣ ਅਤੇ ਤਾਜ਼ਗੀ ਹੈ ਕਿ ਤੁਸੀਂ ਜਦੋਂ ਵੀ ਤੁਰੋਗੇ ਤਾਂ ਵੱਡਾ ਕਫਲਾ ਬਣਨਾ ਨਿਸ਼ਚਿਤ ਹੈ। ਜਦੋਂ ਤੁਸੀ ਸੰਸਾਰ ਨੂੰ ਉਨ੍ਹਾਂ ਦੀਆਂ ਜ਼ੁਬਾਨਾਂ ਵਿਚ ਸਿਰਫ ‘ਜਪੁਜੀ’ ਦੇ ਹੀ ਅਰਥ ਦੱਸੋਗੇ ਤਾਂ ਮੇਰਾ ਦਾਅਵਾ ਹੈ ਕਿ ਦੁਨੀਆਂ ਤੁਹਾਡੇ ਹੱਥਾਂ ਨੂੰ ਚੁੰਮੇਗੀ। ਸੰਸਾਰ ਵਾਸੀ ਇਸ ਵੇਲੇ ਮੌਜੂਦਾ ਧਰਮਾਂ ਦੀਆਂ ਮਨੁੱਖ ਪ੍ਰਤੀ ਆਮ ਪਹੁੰਚ ਤੋਂ ਕੋਈ ਖਾਸ ਪ੍ਰਭਾਵਿਤ ਨਹੀਂ ਹਨ। ਅੱਜ ਸੰਸਾਰ ਵਿਚ ਮਨੁੱਖ ਮਨ ਦੀ ਸਾਂਤੀ ਲਈ ਅਨੇਕਾਂ ਕਿਸਮਾਂ ਦੇ ਪਾਪੜ ਵੇਲ ਰਿਹਾ ਹੈ, ਪਰ ਪ੍ਰਾਪਤੀ ਦੇ ਨਾਮ ‘ਤੇ ਕੁਝ ਵੀ ਨਹੀਂ ਹੈ। ਇਹ ਇੰਨਾ ਢੁਕਵਾਂ ਮੌਕਾ ਹੈ ਕਿ ਗੁਰੂ ਨਾਨਕ ਦੇ ਸਿੱਖਾਂ ਨੂੰ ਵਧੇਰੇ ਦੇਰ ਨਹੀਂ ਕਰਨੀ ਚਾਹੀਦੀ। ਗੁਰੂ ਨਾਨਕ ਦੀ ਗਿਆਨ ਅਤੇ ਵਿਗਿਆਨ ਨਾਲ ਭਰਪੂਰ ਅਲੋਕਾਰੀ ਗੜੁਤੀ ‘ਜਪੁਜੀ’ ਤੁਹਾਡੇ ਪਾਸ ਹੈ। ਹੋਰ ਕੀ ਚਾਹੀਦਾ ਹੈ? ਬਾਕੀ ਧਰਮਾਂ ਪਾਸ ਤੁਹਾਡੇ ਮੁਕਾਬਲੇ ਆਮ ਗੱਲਾਂ ਜਿਹੇ ਗਿਆਨ ਤੋਂ ਵੱਧ ਕੁਝ ਵੀ ਨਹੀਂ। ਉਹ ਮਨੁੱਖ ਨੂੰ ਮਰਨ ਤੋਂ ਬਾਅਦ ਸਵਰਗ ਦਾ ਝਾਂਸਾ ਦਿੰਦੇ ਹਨ। ਗੁਰੂ ਨਾਨਕ ਦਾ ਸਿੱਖ ਮਨੁੱਖ ਨੂੰ ਜਿਉਂਦਿਆਂ ਹੀ ਸਵਰਗ ਵਿਖਾ ਹੀ ਨਹੀਂ, ਸਗੋਂ ਜਿੰ.ਦਗੀ ਸਵਰਗ ਵਿਚ ਗੁਜ਼ਾਰਨ ਦਾ ਅਹਿਦ ਕਰ ਸਕਦਾ ਹੈ।
ਸਿੱਖੋ ਜਾਗੋ, ਗੁਰੂ ਨਾਨਕ ਸਾਹਿਬ ਅੱਜ ਵੀ ਦੁਨੀਆਂ ਵਿਚ ਉਨੇ ਹੀ ਪ੍ਰਸੰਗਿਕ ਹਨ, ਜਿੰਨੇ ਉਹ 550 ਸਾਲ ਪਹਿਲਾਂ ਸਨ। ਇਸ ਕਾਰਜ ਲਈ ਤੁਹਾਨੂੰ ਕਿਸੇ ਨਾਲ ਕੋਈ ਲੜਾਈ ਨਹੀਂ ਲੜਨੀ ਹੈ। ਸਿਰਫ ਤੁਹਾਨੂੰ ਆਪਣੇ ਆਪ ਨੂੰ ਗੁਰੂ ਨਾਨਕ, ਉਸ ਦੀ ਵਿਚਾਰਧਾਰਾ ਅਤੇ ਉਸ ਦੇ ‘ਕਿਰਤ ਕਰੋ, ‘ਵੰਡ ਛਕੋ’ ਪ੍ਰਤੀ ਸਮਰਪਿਤ ਹੋਣਾ ਪਵੇਗਾ। ਤੁਸੀਂ ਇਕ ਕਦਮ ਅੱਗੇ ਵੱਲ ਨੂੰ ਵਧਾਉਗੇ, ਗੁਰੂ ਨਾਨਕ ਦਾ ‘ਜਿਨ ਸੱਚ ਪੱਲੇ ਹੋਏ’ ਦਾ ਗੁਰ ਮੰਤਰ ਬੇਅੰਤ ਕਦਮ ਤੁਹਾਡੇ ਸੰਗ ਚੱਲੇਗਾ। ਉਹ ਭਾਈ ਲਾਲੋ ਨਾਲ ਖੜੋਂਦਾ ਹੈ, ਮਲਿਕ ਭਾਗੋਆਂ ਜਿਹਿਆਂ ਸਿੱਖਾਂ ਨਾਲ ਨਹੀਂ। ਜਰਾ ਗਹੁ ਨਾਲ ਆਪਣੇ ਆਲੇ-ਦੁਆਲੇ ਨਜ਼ਰ ਮਾਰੋ, ਅਣਗਿਣਤ ‘ਭਾਈ ਲਾਲੋ’ ਤੁਹਾਡੀ ਉਡੀਕ ਵਿਚ ਹਨ।