ਗੁਰਦੁਆਰੇ ਉੱਤੇ ਖੜ੍ਹਾ ਆਦਮੀ

ਬਲਦੇਵ ਦੂਹੜੇ
ਪਿੰਡ ਵਿਚ ਡੂੰਘੀ ਜਿਹੀ ਸ਼ਾਮ ਪੈ ਰਹੀ ਸੀ। ਅਸੀਂ ਸ਼ਾਮ ਦੀ ਸੈਰ ਕਰਕੇ ਵਾਪਿਸ ਆ ਰਹੇ ਸਾਂ। ਅਮਰੀਕ ਨੇ ਹੇਕ ਲਾ ਕੇ ਇਕ ਰੁਬਾਈ ਛੇੜ ਦਿਤੀ,

ਹੱਥ ਵਿਚ ਲੈ ਕੇ ਦਿਲ ਦਾ ਕਾਸਾ
ਖੈਰ ਮਿਲਣ ਦੀ ਮੰਗੀ ਵੇ,
ਲੱਪ ਕੁ ਖੈਰ ਵਿਛੋੜੇ ਵਾਲੀ
ਉਹਨੇ ਜੱਗ ਤੋਂ ਡਰ ਕੇ ਪਾਈ ਵੇ,
ਖਾਲੀ ਨਾਲੋਂ ਕੁਝ ਤਾਂ ਮਿਲਿਆ
ਫਿਰ ਵੀ ਕਿਸਮਤ ਚੰਗੀ ਵੇ।
ਅਚਾਨਕ ਅਵਤਾਰ ਬੋਲ ਉਠਿਆ, “ਉਏ ਸੁਣੋ, ਕੋਈ ਔਰਤ ਬੋਲ ਰਹੀ ਆ।”
“ਤੈਨੂੰ ਔਰਤਾਂ ਈ ਸੁਣਦੀਆਂ ਰਹਿੰਦੀਆਂ। ਕਿਹੜੀ ਕੋਈ ਨਵੀਂ ਗੱਲ ਆ।”
“ਨਹੀਂ ਨਹੀਂ! ਸੁਣੋ ਜ਼ਰਾ।”
ਅਚਾਨਕ ਤਾਈ ਅਮਰੋ ਦੀ ਅਵਾਜ਼ ਸੁਣਨ ਲੱਗੀ, “ਵੇਅ ਕੌਣ ਆ ਗੁਰਦੁਆਰੇ ਦੇ ਉਤੇ? ਦੇਖੋ ਉਏ ਲੋਕੋ, ਆਹ ਕੋਈ ਗੁਰਦੁਆਰੇ ਉੇਤੇ ਚੜ੍ਹਿਆ ਹੋਇਆ।”
ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ। ਰੌਲਾ ਜਿਹਾ ਪੈਣਾ ਸ਼ੁਰੂ ਹੋ ਰਿਹਾ ਸੀ। ਅਸੀਂ ਇਹ ਸੁਣ ਕੇ ਦੌੜੇ ਤੇ ਗੁਰਦੁਆਰੇ ਦੇ ਕੋਲ ਚਲੇ ਗਏ।
“ਤਾਈ ਕੀ ਹੋਇਆ?” ਅਮਰ ਨੇ ਪੁਛਿਆ।
“ਵੇ ਮੁੰਡਿਓ ਜਾਓ ਦੇਖੋ ਇਹ ਗੁਰਦੁਆਰੇ ਉਤੇ ਕੌਣ ਲੁਕਿਆ ਇਆ। ਇਹ ਕਦੀ ਖੜਾ ਹੋ ਜਾਂਦਾ ਕਦੀ ਬਹਿ ਜਾਂਦਾ।”
ਅਸੀਂ ਦੌੜ ਕੇ ਗੁਰਦੁਆਰੇ ਦੀਆਂ ਪੌੜੀਆਂ ਚੜ੍ਹੇ। ਉਤੇ ਜਾ ਕੇ ਦੇਖਿਆ ਕਿ ਇਕ ਬੰਦਾ ਚਾਦਰ ਉਤੇ ਲੈ ਕੇ ਲੰਮਾ ਪਿਆ ਹੋਇਆ ਸੀ।
“ਉਠ ਉਏ ਕਿਹੜਾ ਐ ਤੂੰ?” ਕਬੱਡੀ ਵਾਲੇ ਕੇਬੀ ਨੇ ਦਬਕਾ ਮਾਰਿਆ। ਸੌਂ ਰਿਹਾ ਬੰਦਾ ਸਿਰ ਤੇ ਪੱਗ ਲਪੇਟਦਾ ਹੋਇਆ ਹੌਲੀ ਹੌਲੀ ਉਠ ਬੈਠਿਆ।
“ਉਏ ਤੂੰ ਇਥੇ ਕੀ ਕਰਦਾਂ?”
“ਜਨਾਬ ਰਾਤ ਕੱਟਣ ਲਈ ਇਥੇ ਰੁੱਕ ਗਿਆ ਸੀ।” ਉਹ ਡਰੀ ਜਿਹੀ ਅਵਾਜ਼ ਵਿਚ ਬੋਲਿਆ।
“ਕੌਣ ਐ ਤੂੰ ਤੇ ਕਿਥੋਂ ਆਇਆਂ?” ਅਮਰ ਨੇ ਪੁਛਿਆ।
“ਜਨਾਬ ਮੈਂ ਕਸ਼ਮੀਰੀ ਸ਼ਾਲ ਵੇਚਣ ਲਈ ਇਥੇ ਆਇਆ ਸੀ, ਬਸ ਇਥੇ ਰੱਬ ਦੇ ਘਰ ਰਾਤ ਕੱਟਣ ਲਈ ਅਟਕ ਗਿਆ।”
“ਉਠ ਉਏ ਇਥੋਂ, ਗੁਰਦੁਆਰੇ ‘ਤੇ ਚੜ੍ਹੀਂ ਬੈਠਾ।”
ਇਹ ਅੱਧਖੜ ਜਿਹਾ ਬੰਦਾ ਹੌਲੀ ਹੌਲੀ ਜ਼ਮੀਨ ਤੋਂ ਉਠ ਕੇ ਖੜਾ ਹੋ ਗਿਆ। ਉਸ ਨੇ ਢਿਲਾ ਤੇ ਖੁੱਲ੍ਹਾ ਜਿਹਾ ਕੁੜਤਾ ਅਤੇ ਉਚਾ ਜਿਹਾ ਪਜਾਮਾ ਪਾਇਆ ਹੋਇਆ ਸੀ, ਜਿਸ ਦਾ ਇਕ ਪਹੁੰਚਾ ਉਚਾ ਸੀ ਤੇ ਦੂਜਾ ਨੀਵਾਂ।
“ਆਹ ਬੁੜ੍ਹੀਆਂ ਕਹਿੰਦੀਆਂ ਕਿ ਤੂੰ ਕਦੀ ਖੜਾ ਹੋ ਜਾਨਾ ਤੇ ਕਦੀ ਬਹਿ ਜਾਨਾ। ਇਹ ਕੀ ਕਰ ਰਿਹਾ ਸੀ ਤੂੰ?”
“ਜਨਾਬ ਨਮਾਜ਼ ਪੜ੍ਹ ਰਿਹਾ ਸੀ? ਸੌਣ ਤੋਂ ਪਹਿਲਾਂ ਉਸ ਪਰਵਰਦੀਗਾਰ ਨੂੰ ਯਾਦ ਕਰ ਲੈਨਾ।”
ਅਕਾਲੀ ਜਰਨੈਲ ਸਿੰਘ ਬੋਲਿਆ, “ਉਏ ਤੂੰ ਗੁਰੂ ਦੇ ਘਰ ਆ ਕੇ ਨਮਾਜ਼ ਪੜ੍ਹ ਰਿਹਾ ਸੀ?”
“ਹਾਂ ਜੀ, ਉਹ ਰੱਬ ਤਾਂ ਸਭ ਦਾ ਸਾਂਝਾ ਏ ਨਾ ਜੀ।” ਉਹ ਬੋਲਿਆ।
ਅਕਾਲੀ ਜਰਨੈਲ ਸਿੰਘ ਆਪਣੀ ਨੀਲੀ ਪੱਗ ਨੂੰ ਸਾਂਭਦਾ ਬੋਲਿਆ, “ਲੈ ਐਵੇਂ ਈ, ਤੁਸੀਂ ਆਪਣੀ ਮਸਜਿਦ ਵਿਚ ਸਾਨੂੰ ਜਪੁਜੀ ਸਾਹਿਬ ਪੜ੍ਹਨ ਦਿਓਗੇ?”
“ਜੀ ਮੈਨੂੰ ਇਹ ਤਾਂ ਪਤਾ ਨਹੀਂ।”
“ਪਹਿਲਾਂ ਤਾਂ ਚਲ ਥੱਲੇ ਉਤਰ।”
ਉਹਨੂੰ ਗੁਰਦੁਆਰੇ ਦੀ ਛੱਤ ਤੋਂ ਜ਼ਮੀਨ ‘ਤੇ ਲੈ ਆਂਦਾ। ਲੋਕ ਆਲੇ-ਦੁਆਲੇ ਇਕੱਠੇ ਹੋ ਗਏ। ਅਕਾਲੀ ਜਰਨੈਲ ਸਿੰਘ ਫਿਰ ਉਚੀ ਅਵਾਜ਼ ਵਿਚ ਬੋਲਿਆ, “ਏਸ ਬੰਦੇ ਨੇ ਗੁਰਦੁਆਰੇ ਦੀ ਛੱਤ ‘ਤੇ ਚੜ੍ਹ ਕੇ ਨਮਾਜ਼ ਪੜ੍ਹੀ ਆ।”
ਪਿੰਡ ਦੀਆਂ ਔਰਤਾਂ ਘੁਸਰ-ਮੁਸਰ ਕਰਨ ਲਗੀਆਂ, “ਹੈਹਾ ਨੀ ਏਹ ਕੀ ਕੀਤਾ। ਸਾਡੇ ਗੁਰਦੁਆਰੇ ਉਤੇ ਚੜ੍ਹ ਕੇ ਮੁਸਲਮਾਨਾਂ ਆਲੀ ਨਮਾਜ਼ ਪੜ੍ਹੀ? ਵਾਹਿਗੁਰੂ ਵਾਹਿਗੁਰੂ!!”
“ਇਹਦੇ ਛਿਤਰ ਮਾਰੋ। ਏਨ੍ਹੇ ਸਾਡਾ ਗੁਰਦੁਆਰਾ ਭਿੱਟ ਦਿੱਤਾ।” ਕਬੱਡੀ ਵਾਲਾ ਕੇਬੀ ਬੋਲਿਆ।
ਅਮਰ ਕਹਿੰਦਾ, “ਨਾ ਯਾਰ ਇਹਨੂੰ ਸਿਆਣੇ ਬਿਆਣੇ ਬੰਦੇ ਦੇ ਛਿਤਰ ਮਾਰਨੇ ਤਾਂ ਚੰਗੀ ਗੱਲ ਨਹੀਂ। ਕੋਈ ਸਭਿਅਕ ਤਰੀਕਾ ਸੋਚੋ।”
ਅਕਾਲੀ ਬੋਲਿਆ, “ਚਲ ਐਦਾਂ ਕਰ ਕਿ ਪੰਜਾਹ ਵਾਰੀ ਵਾਹਿਗੁਰੂ ਕਹਿ ਅਤੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਅੱਗੇ ਮੱਥਾ ਟੇਕ ਕੇ ਮਾਫੀ ਮੰਗ।
“ਮੈਂ ਮਾਫੀ ਜ਼ਰੂਰ ਮੰਗ ਲੈਨਾਂ, ਪਰ ਮੈਨੂੰ ਮੱਥਾ ਟੇਕਣ ਲਈ ਨਾ ਕਹੋ।”
“ਕਿਉਂ?” ਅਕਾਲੀ ਬੋਲਿਆ।
“ਇਹ ਜੀ ਸਾਡੇ ਦੀਨ ਵਿਚ ਮਨ੍ਹਾਂ ਹੈ। ਅਸੀਂ ਕਿਸੇ ਹੋਰ ਰੱਬ ਦੇ ਅੱਗੇ ਸਿਰ ਨਹੀਂ ਝੁਕਾ ਸਕਦੇ, ਸਿਵਾਏ ਅੱਲਾਹ ਤੋਂ।”
“ਸ਼ਾਬਾਸ਼ੇ, ਸਾਡੇ ਗੁਰਦੁਆਰੇ ‘ਤੇ ਨਮਾਜ਼ ਤਾਂ ਤੂੰ ਪੜ੍ਹ ਸਕਦਾਂ, ਪਰ ਉਸੇ ਹੀ ਗੁਰਦੁਆਰੇ ਵਿਚ ਪਏ ਗ੍ਰੰਥ ਸਾਹਿਬ ਅਗੇ ਮੱਥਾ ਨਹੀਂ ਟੇਕ ਸਕਦਾ?”
“ਹਾਂ ਜੀ, ਮੈਨੂੰ ਅਫਸੋਸ ਹੈ ਕਿ ਮੈਂ ਅਜਿਹਾ ਨਹੀਂ ਕਰ ਸਕਦਾ। ਇਸ ਨੂੰ ਸ਼ਿਰਕ ਕਹਿੰਦੇ ਆ, ਜੋ ਇਸਲਾਮ ਵਿਚ ਇਕ ਗੁਨਾਹ ਮੰਨਿਆ ਜਾਂਦਾ ਹੈ।”
“ਇਹ ਝੂਠ ਬੋਲਦਾ। ਠੋਕੋ ਇਹਦੇ ਚਾਰ ਕੁ।” ਅਕਾਲੀ ਗੱਜਿਆ। ਪਿੰਡ ਦੀ ਮੰਢੀਰ ਇਸ ਬੰਦੇ ਨੂੰ ਕੁੱਟਣ ਲਈ ਤਿਆਰ ਖੜੀ ਸੀ।
ਮੈਂ ਸੁਝਾਅ ਦਿੱਤਾ, “ਸਾਡੇ ਪਿੰਡ ਵਿਚ ਬਹੁਤ ਮੁਸਲਮਾਨ ਹਨ, ਕਿਸੇ ਤੋਂ ਪੁੱਛ ਲਓ ਕਿ ਇਹ ਸ਼ਿਰਕ ਨਾਂ ਦੀ ਕੋਈ ਚੀਜ਼ ਹੈ ਵੀ ਕਿ ਨਹੀਂ! ਜੇ ਇਹ ਗੱਲ ਝੂਠ ਨਿਕਲੀ ਤਾਂ ਇਸ ਨੂੰ ਜੋ ਵੀ ਸਜ਼ਾ ਠੀਕ ਸਮਝੋ ਦੇ ਦਿਓ।”
“ਚਾਚੇ ਖੈਰੇ ਦਾ ਘਰ ਨੇੜੇ ਆ। ਮੈਂ ਜਾ ਕੇ ਉਹਤੋਂ ਪਤਾ ਕਰਕੇ ਆਉਨਾਂ।” ਅਮਨ ਨੇ ਸੁਝਾਅ ਦਿੱਤਾ।
ਮੁੰਡਿਆਂ ਵਿਚ ਘੁਸਰ ਮੁਸਰ ਜਿਹੀ ਹੋਈ, “ਨਾਲੇ ਬੀਬੀ ਐਮਨਾ ਦੇ ਦਰਸ਼ਨ ਕਰ ਲਵੇਂਗਾ।” ਸਾਰੇ ਮੁੰਡਿਆਂ ਨੂੰ ਪਤਾ ਸੀ ਕਿ ਅਮਨ ਅਤੇ ਐਮਨਾ ਵਿਚ ਪਰਸਪਰ ਖਿੱਚ ਹੈ, ਜੋ ਆਮ ਦੋਸਤੀ ਤੋਂ ਅੱਗੇ ਕਦੇ ਨਹੀਂ ਸੀ ਗਈ। ਸਾਂਝ ਦਾ ਅਸਲ ਕਾਰਨ ਸੀ, ਐਮਨਾ ਦਾ ਸਾਹਿਤ ਪੜ੍ਹਨ ਦਾ ਸ਼ੌਕ। ਉਹ ਸਕੂਲ ਵਿਚ ਇਕੱਠੇ ਪੜ੍ਹੇ ਸਨ। ਐਮਨਾ ਅਤੇ ਅਮਨ ਸਕੂਲ ਵਿਚ ਸੱਭ ਤੋਂ ਵੱਧ ਨੰਬਰ ਲੈਣ ਵਾਲੇ ਵਿਦਿਆਰਥੀ ਸਨ। ਦਸਵੀਂ ਜਮਾਤ ਪਾਸ ਕਰਕੇ ਅਮਨ ਅਤੇ ਹੋਰ ਬਹੁਤ ਸਾਰੇ ਵਿਦਿਆਰਥੀ ਕਾਲਜ ਚਲੇ ਗਏ ਜਾਂ ਵਿਦੇਸ਼ ਨੂੰ ਨਿਕਲ ਗਏ। ਐਮਨਾ ਨੂੰ ਉਸ ਦੇ ਪਰਿਵਾਰ ਨੇ, ਕਾਲਜ ਨਹੀਂ ਸੀ ਜਾਣ ਦਿੱਤਾ। ਉਨ੍ਹਾਂ ਵਿਚਾਲੇ ਪੜ੍ਹਾਈ ਵਿਚ ਮੁਕਾਬਲਾ ਵੀ ਰਿਹਾ ਸੀ, ਪਰ ਇਕ ਬੜੀ ਬੇਤੱਕਲੁਫੀ ਵਾਲਾ ਦੋਸਤੀ ਦਾ ਰਿਸ਼ਤਾ ਵੀ ਸੀ।
ਅਮਨ, ਚਾਚੇ ਖੈਰ ਦੀਨ ਦੇ ਘਰ ਵਲ ਤੁਰ ਪਿਆ। ਉਸ ਦੇ ਮਨ ਵਿਚ ਚਾਅ ਜਿਹਾ ਸੀ ਕਿ ਐਮਨਾ ਨਾਲ ਸਾਹਬ ਸਲਾਮ ਹੋ ਜਾਵੇਗੀ ਅਤੇ ਨਾਲ ਹੀ ਇਹ ਸ਼ਿਰਕ ਦੀ ਗੱਲ ਵੀ ਸਪਸ਼ਟ ਹੋ ਜਾਵੇਗੀ। ਉਸ ਨੇ ਬਿੱਟੂ ਨੂੰ ਨਾਲ ਲੈ ਲਿਆ। ਬਿੱਟੂ ਨੇ ਦੇਖਿਆ ਕਿ ਅਮਨ ਬੜੇ ਖੁਸ਼ ਜਿਹੇ ਮੂਡ ਵਿਚ ਸੀ।
“ਬੜਾ ਖੁਸ਼ ਐਂ, ਕਿਹੜੀ ਗੱਲ ਦਾ ਚਾਅ ਚੜ੍ਹ ਗਿਆ?” ਬਿੱਟੂ ਨੇ ਤਨਜ਼ ਨਾਲ ਪੁਛਿਆ। ਅਮਨ ਨੇ ਜਾਣ-ਬੁੱਝ ਕੇ ਅਣਜਾਣ ਬਣਨ ਦੀ ਕੋਸ਼ਿਸ਼ ਕੀਤੀ।
ਦਿਲ ਹੀ ਦਿਲ ਵਿਚ ਉਹ ਕਹਿ ਰਿਹਾ ਸੀ, “ਯਾ ਅੱਲ੍ਹਾ! ਦਰਵਾਜਾ ਐਮਨਾ ਈ ਖੋਲ੍ਹੇ ਤਾਂ ਵਧੀਆ।”
ਅਮਨ ਨੇ ਬਿੱਟੂ ਨੂੰ ਦਰਵਾਜੇ ਤੋਂ ਥੋੜ੍ਹਾ ਦੂਰ ਅਟਕਣ ਲਈ ਕਿਹਾ ਅਤੇ ਉਸ ਨੇ ਆਪ ਜਾ ਕੇ ਦਰਵਾਜਾ ਖੜਕਾਇਆ। ਐਮਨਾ ਨੇ ਦਰਵਾਜਾ ਖੋਲ੍ਹਿਆ।
“ਵਾਹ! ਕਿਆ ਬਾਤ ਐ! ਅਮਨ ਗਿੱਲ ਸਾਹਿਬ ਆਏ ਆ, ਕਮਾਲ ਹੋ ਗਈ।”
“ਹਾਂ ਜੀ, ਕੀ ਹਾਲ ਆ?”
“ਵਧੀਆ! ਤੁਸੀਂ ਸੁਣਾਓ।”
“ਵਧੀਆ, ਕੀ ਕਰ ਰਹੇ ਹੋ ਅਜ ਕੱਲ੍ਹ?”
“ਕੰਵਲ ਦਾ ਨਾਵਲ ‘ਰਾਤ ਬਾਕੀ ਹੈ’ ਪੜ੍ਹ ਰਹੀ ਹਾਂ। ਕੱਲ੍ਹ ਸ਼ਾਮੀਂ ਤੁਸੀਂ ਜਦੋਂ ਅਵਤਾਰ ਦੀ ਛੱਤ ‘ਤੇ ਵੀਅਤਨਾਮ ਦੀ ਜੰਗ ਬਾਰੇ ਬਹਿਸ ਕਰ ਰਹੇ ਸੀ ਤਾਂ ਮੇਰਾ ਵੀ ਜੀਅ ਕਰਦਾ ਸੀ ਕਿ ਮੈਂ ਦੌੜ ਕੇ ਜਾਵਾਂ ਤੇ ਉਸ ਬਹਿਸ ਵਿਚ ਹਿੱਸਾ ਲਵਾਂ। ਕਾਸ਼! ਰਾਹ ਵਿਚ ਬਹੁਤ ਗਲੀਆਂ, ਦੀਵਾਰਾਂ ਅਤੇ ਛੱਤਾਂ ਨਾ ਹੁੰਦੀਆਂ।”
“ਲੈ! ਤਾਂ ਕੀ ਸੀ, ਜੇ ਛੱਤੋ ਛੱਤ ਆਉਂਦੀ ਤਾਂ ਦੋ ਕੁ ਹੀ ਗਲੀਆਂ ਟੱਪਣੀਆਂ ਪੈਣੀਆਂ ਸੀ।”
“ਜਿੱਦਣ ਤੁਸੀਂ ਰੱਬ ਬਾਰੇ ਬਹਿਸ ਕਰ ਰਹੇ ਸੀ, ਉਸ ਦਿਨ ਤਾਂ ਮੈਂ ਸੱਚੀ ਛੱਤ ਟੱਪਣ ਨੂੰ ਤਿਆਰ ਹੋ ਗਈ ਸਾਂ। ਮੇਰਾ ਬਹੁਤ ਜੀਅ ਕਰਦਾ ਕਿ ਮੈਂ ਵੀ ਤੁਹਾਡੇ ਵਾਂਗ ਅਜ਼ਾਦ ਹੋ ਕੇ ਆਪਣੇ ਦੋਸਤਾਂ ਨਾਲ ਘੁੰਮਾਂ ਫਿਰਾਂ ਅਤੇ ਤੁਹਾਡੇ ਵਾਂਗ ਬਹਿਸਾਂ ਵਿਚ ਹਿੱਸਾ ਲਵਾਂ। ਕੁੜੀਆਂ ਲਈ ਨਿਯਮ ਵੱਖਰੇ ਕਿਉਂ ਹਨ?”
“ਬਈ ਗੱਲ ਤਾਂ ਤੇਰੀ ਠੀਕ ਆ। ਕੁੜੀਆਂ ਨੂੰ ਇੰਨਾ ਰੋਕ-ਰੋਕ ਕੇ ਕਿਉਂ ਰਖਿਆ ਜਾਂਦਾ?”
“ਹਾਂ ਸੱਚ! ਮੈਂ ਤਾਂ ਭੁੱਲ ਹੀ ਗਈ। ਤੂੰ ਕਿਸੇ ਕੰਮ ਆਇਆ ਸੀ?” ਐਮਨਾ ਨੇ ਪੁਛਿਆ।
“ਹਾਂ, ਚਾਚੇ ਖੈਰ ਦੀਨ ਨੂੰ ਮਿਲਣਾ ਸੀ। ਘਰੇ ਈ ਆ ਉਹ?”
“ਹਾਂ ਘਰੇ ਈ ਆ। ਅਹੁ ਬਰਾਂਡੇ ਵਿਚ ਪਏ ਆ ਅੱਬਾ ਜਾਨ। ਪਰ ਕੀ ਕੰਮ ਪੈ ਗਿਆ?”
“ਚਾਚੇ ਤੋਂ ਤੇਰਾ ਹੱਥ ਮੰਗਣ ਆਇਆਂ।”
“ਸ਼ਾਬਾਸ਼ੇ, ਮੈਂ ਪਿੰਡ ਦੀ ਕੁੜੀ ਆਂ ਤੇ ਉਹ ਵੀ ਮੁਸਲਮਾਨ, ਜੇ ਆਪਾਂ ਇਕੱਠੇ ਹੋ ਗਏ ਤਾਂ ਪਿੰਡ ਦੇ ਲੋਕਾਂ ਨੇ ਆਪਣੇ ਗਲ ਕੱਟ ਕੇ ਚੌਰਾਹੇ ‘ਚ ਟੰਗ ਦੇਣੇ ਆ।”
“ਉਹ ਤਾਂ ਫੇਰ ਦੇਖੀ ਜਾਊ, ਹਾਲੇ ਤਾਂ ਮੈਨੂੰ ਲਗਦਾ ਆ ਕਿ ਚਾਚੇ ਨੇ ਈ ਜੁੱਤੀ ਲਾਹ ਲੈਣੀ ਆ।”
“ਜੁੱਤੀ ਵੀ ਨਵੀਂ ਬਣਵਾਈ ਆ।” ਅਮਨਾ ਹੱਸ ਕੇ ਬੋਲੀ।
ਅਮਨ ਗੱਲਾਂ ਵਿਚ ਇੰਨਾ ਮਗਨ ਹੋ ਗਿਆ ਸੀ ਕਿ ਉਸ ਨੂੰ ਸ਼ਿਰਕ ਲਫਜ਼ ਭੁੱਲ ਗਿਆ। ਉਹ ਚਾਚੇ ਖੈਰ ਦੀਨ ਕੋਲ ਗਿਆ ਤੇ ਕਹਿੰਦਾ, “ਸਲਾਮ ਚਾਚਾ ਜੀ।”
“ਸਲਾਮ ਵਈ ਪੁੱਤਰਾ, ਕੀ ਹਾਲ ਆ?”
“ਚਾਚਾ ਜੀ ਵਧੀਆ। ਇਕ ਗੱਲ ਦਸੋ ਕਿ ਇਹ ਸ਼ਾਰਕ ਕਿਸ ਨੂੰ ਕਹਿੰਦੇ ਆ?”
“ਸ਼ਾਰਕ, ਇਹ ਇਕ ਪੰਛੀ ਹੁੰਦਾ ਆ, ਤੂੰ ਬਥੇਰੇ ਦੇਖੇ ਹੋਣੇ ਉਡਦੇ ਫਿਰਦੇ, ਤੂੰ ਮੈਨੂੰ ਸ਼ਾਰਕਾਂ ਬਾਰੇ ਪੁੱਛਣ ਆਇਆਂ?”
“ਨਹੀਂ ਇਹ ਪੰਛੀ ਨਹੀਂ, ਇਸਲਾਮ ਵਿਚ ਜੋ ਸ਼ਾਰਕ ਹੁੰਦੀ ਆ।”
“ਓ ਅੱਛਾ, ਉਹ ਸ਼ਾਰਕ ਨਹੀਂ ਹੁੰਦੀ, ਸ਼ਿਰਕ ਹੁੰਦੀ ਆ।”
ਐਮਨਾ ਹੱਸ ਕੇ ਬੋਲੀ, “ਬੁੱਧੂ।”
“ਅੱਛਾ ਉਹ ਸ਼ਿਰਕ ਕੀ ਹੁੰਦੀ ਆ?”
“ਓ ਪੁੱਤਰਾ ਇਹ ਨਿਯਮ ਹੈ ਕਿ ਤੁਸੀਂ ਕਿਸੇ ਹੋਰ ਰੱਬ ਨੂੰ ਅੱਲ੍ਹਾ ਦਾ ਸ਼ਰੀਕ ਨਹੀਂ ਬਣਾ ਸਕਦੇ। ਮਤਲਬ ਕਿ ਤੁਸੀਂ ਕਿਸੇ ਹੋਰ ਰੱਬ ਦੀ ਇਬਾਦਤ ਨਹੀਂ ਕਰ ਸਕਦੇ।”
“ਲੈ, ਇਹ ਤਾਂ ਤੈਨੂੰ ਮੈਂ ਈ ਦਸ ਦੇਣਾ ਸੀ।” ਐਮਨਾ ਬੋਲੀ।
“ਪੁੱਤਰਾ ਇਸਲਾਮ ਵਿਚ ਦੋ ਗੁਨਾਹ ਬਹੁਤ ਵੱਡੇ ਹਨ-ਸ਼ਿਰਕ ਅਤੇ ਕੁਫਰ। ਬੇਟਾ ਐਮਨਾ! ਜਾਹ ਮੁੰਡੇ ਲਈ ਚਾਹ ਬਣਾ ਕੇ ਲਿਆ।”
“ਨਹੀਂ ਚਾਚਾ ਜੀ, ਚਾਹ ਨਹੀਂ ਪੀਣੀ, ਜ਼ਰਾ ਜਲਦੀ ਆ।”
“ਪਰ ਤੈਨੂੰ ਕੀ ਲੋੜ ਪੈ ਗਈ ਸ਼ਿਰਕ ਬਾਰੇ ਜਾਣਨ ਦੀ?”
ਅਮਨਾ ਵਿਚੇ ਹੀ ਬੋਲ ਪਈ, “ਅੱਬਾ ਇਹ ਬਹਿਸ ਕਰਦੇ ਹੋਣੇ ਤੇ ਸ਼ਿਰਕ ‘ਤੇ ਆ ਕੇ ਨੁਕਤਾ ਅੜ ਗਿਆ ਹੋਣਾ।”
“ਹੁਣ ਮੈਂ ਚਲਦਾਂ, ਤੁਹਾਨੂੰ ਪੂਰੀ ਕਹਾਣੀ ਫਿਰ ਕਿਸੇ ਵੇਲੇ ਦਸੂੰਗਾ।”
“ਚੰਗਾ ਪੁੱਤਰ ਰੱਬ ਰਾਖਾ।”
ਦਰਵਾਜੇ ਕੋਲ ਜਾ ਕੇ ਐਮਨਾ ਬੋਲੀ, “ਤੂੰ ਮੇਰੇ ਲਈ ਕਾਮੂ ਦਾ ਨਾਵਲ ‘ਦਾ ਫਾਲ’ ਲਿਆਉਣਾ ਸੀ।”
“ਉਹ ਮੈਂ ਕੱਲ੍ਹ ਪਹੁੰਚਾ ਦਊਂਗਾ।”
“ਠੀਕ ਆ, ਨਾਲੇ ਮੈਂ ਤੈਨੂੰ ਕੁਫਰ ਬਾਰੇ ਦੱਸ ਦੇਵਾਂਗੀ।”
“ਚੰਗਾ ਫਿਰ ਸੀ ਯੂ।”
ਅਮਨ ਉਥੋਂ ਤੁਰ ਪਿਆ, ਪਰ ਉਸ ਦਾ ਮਨ ਉਡਾਰੀਆਂ ਮਾਰ ਰਿਹਾ ਸੀ।
“ਕੀ ਕਹਿੰਦਾ ਚਾਚਾ ਖੈਰਾ?” ਬਿੱਟੂ ਉਤਸੁਕ ਹੋ ਰਿਹਾ ਸੀ।
“ਓ ਯਾਰ ਇਹ ਗੱਲ ਠੀਕ ਆ ਕਿ ਕਿਸੇ ਮੁਸਲਮਾਨ ਨੂੰ ਇਜਾਜ਼ਤ ਨਹੀਂ ਅੱਲ੍ਹਾ ਤੋਂ ਬਿਨਾ ਕਿਸੇ ਹੋਰ ਰੱਬ ਅੱਗੇ ਮੱਥਾ ਟੇਕਣ ਦੀ।”
ਵਾਪਿਸ ਆ ਕੇ ਅਮਨ ਨੇ ਇਹ ਗੱਲ ਸਾਰਿਆਂ ਨੂੰ ਦੱਸੀ ਕਿ ਵਾਕਈ ਇਹ ਗੱਲ ਠੀਕ ਹੈ। “ਤੁਸੀਂ ਇਸ ਨੂੰ ਮੱਥਾ ਟੇਕਣ ਲਈ ਮਜਬੂਰ ਨਹੀਂ ਕਰ ਸਕਦੇ। ਇਹ ਇਸ ਦੇ ਧਰਮ ਦੀ ਉਲੰਘਣਾ ਹੈ।”
“ਬੜੀ ਮੁਸ਼ਕਿਲ ਬਣੀ ਆ। ਅਸੀਂ ਤਾਂ ਸ਼ਾਂਤਮਈ ਢੰਗ ਲਭਿਆ ਸੀ।” ਅਮਰੀਕ ਬੋਲਿਆ।
ਅਕਾਲੀ ਤੇਜ਼ ਹੋ ਰਿਹਾ ਸੀ, “ਚਲੋ ਗੋਲੀ ਮਾਰੋ ਸ਼ਾਂਤੀ ਦੇ। ਚਾਰ ਛਿੱਤਰ ਮਾਰੋ ਇਹਦੇ ਤੇ ਇਹਨੂੰ ਤੋਰੋ ਇਥੋਂ।”
ਕਾਫੀ ਰੌਲਾ ਰੱਪਾ ਜਿਹਾ ਪੈਣ ਲੱਗ ਪਿਆ। ਸਭ ਲੋਕ ਆਪੋ-ਆਪਣੀ ਰਾਏ ਦੇ ਰਹੇ ਸਨ। ਘੁੱਡੇ ਸ਼ਰਾਬੀ ਨੇ ਜੁੱਤੀ ਲਾਹ ਕੇ ਹੱਥ ਵਿਚ ਫੜੀ ਹੋਈ ਸੀ। ਉਹ ਬੋਲਿਆ, “ਇਸ ਸੇਵਾ ਦਾ ਮੌਕਾ ਮੈਨੂੰ ਦਿਓ।”
ਇੰਨੇ ਚਿਰ ਵਿਚ ਗੁਰਦੁਆਰੇ ਦਾ ਭਾਈ ਆ ਗਿਆ। ਉਸ ਦੇ ਨਾਲ ਤਾਇਆ ਜਗਤ ਸਿੰਘ ਵੀ ਸੀ, ਜੋ ਰਿਟਾਇਰਡ ਥਾਣੇਦਾਰ ਸੀ। ਗੁਰਦੁਆਰੇ ਦੇ ਗ੍ਰੰਥੀ ਨੂੰ ਸਾਰਾ ਪਿੰਡ ਭਾਈ ਕਹਿੰਦਾ ਸੀ। ਕਿਹਾ ਜਾਂਦਾ ਸੀ ਕਿ ਉਹ ਜੈਤੋ ਦੇ ਮੋਰਚੇ ਵੇਲੇ ਹੀ ਘਰੋਂ ਨਿਕਲ ਗਿਆ ਸੀ ਅਤੇ ਘੁੰਮਦਾ ਘੁਮਾਉਂਦਾ ਸਾਡੇ ਪਿੰਡ ਗੁਰਦੁਆਰੇ ਆ ਕੇ ਟਿਕ ਗਿਆ। ਪਿੰਡ ਦੇ ਲੋਕ ਉਸ ਨੂੰ ਸਿੱਖ ਧਰਮ ਦਾ ਬਹੁਤ ਵੱਡਾ ਵਿਦਵਾਨ ਸਮਝਦੇ ਸਨ।
“ਕਿਉਂ ਵਈ ਕੀ ਹੋ ਰਿਹਾ?” ਭਾਈ ਨੇ ਪੁਛਿਆ।
“ਚੰਗਾ ਹੋਇਆ ਤੁਸੀਂ ਵੇਲੇ ਸਿਰ ਆ ਗਏ ਭਾਈ ਜੀ। ਐਸ ਬੰਦੇ ਨੇ ਗੁਰਦੁਆਰੇ ਦੇ ਉਤੇ ਚੜ੍ਹ ਕੇ ਨਮਾਜ਼ ਪੜ੍ਹੀ ਆ ਤੇ ਅਸੀਂ ਇਸ ਨੂੰ ਕਿਹਾ ਪਈ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਮੱਥਾ ਟੇਕ ਕੇ ਮਾਫੀ ਮੰਗ, ਪਰ ਇਹ ਮੰਨਦਾ ਨਹੀਂ। ਕਹਿੰਦਾ ਇਸਲਾਮ ਵਿਚ ਇਹ ਮਨ੍ਹਾਂ ਹੈ।” ਅਕਾਲੀ ਨੇ ਭਾਈ ਨੂੰ ਕਹਾਣੀ ਦੱਸੀ।
ਭਾਈ ਨੇ ਸਾਰੀ ਗੱਲ ਸੁਣੀ ਅਤੇ ਸ਼ਾਂਤੀ ਨਾਲ ਬੋਲਿਆ, “ਦੇਖੋ ਮੁੰਡਿਓ, ਇਨ੍ਹਾਂ ਦੇ ਆਪਣੇ ਅਸੂਲ ਹਨ ਤੇ ਸਾਡੇ ਆਪਣੇ। ਇਥੇ ਬਦਲੇਬਾਜ਼ੀ ਨਹੀਂ ਚੱਲਦੀ। ਇਹ ਬਾਬੇ ਨਾਨਕ ਦਾ ਦਰਬਾਰ ਹੈ। ਇਥੇ ਹਰ ਬੰਦਾ ਆ ਸਕਦਾ। ਹਰ ਧਰਮ ਦਾ ਅਤੇ ਹਰ ਜਾਤ ਦਾ। ਇਥੇ ਆ ਕੇ ਕੋਈ ਅੱਲ੍ਹਾ ਅੱਲ੍ਹਾ ਬੋਲ ਸਕਦਾ, ਰਾਮ ਰਾਮ ਬੋਲ ਸਕਦਾ ਜਾਂ ਫਿਰ ਵਾਹਿਗੁਰੂ ਨੂੰ ਯਾਦ ਕਰ ਸਕਦਾ ਹੈ। ਕੋਈ ਫਰਕ ਨਹੀਂ ਪੈਂਦਾ। ਸਾਡਾ ਰੱਬ ਬੇਪਰਵਾਹ, ਨਿਰਭਉ ਅਤੇ ਨਿਰਵੈਰ ਹੈ। ਉਸ ਦਾ ਕੋਈ ਸ਼ਰੀਕ ਨਹੀਂ ਹੋ ਸਕਦਾ, ਕਿਉਂਕਿ ਉਹ ਸਰਵਸ਼ਕਤੀਮਾਨ ਹੈ। ਇਥੇ ਕੋਈ ਆਪਣਾ-ਬੇਗਾਨਾ ਨਹੀਂ ਅਤੇ ਕੋਈ ਉਚਾ-ਨੀਵਾਂ ਨਹੀਂ।”
“ਹੈਂ?” ਅਕਾਲੀ ਹੈਰਾਨ ਸੀ ਜਿਵੇਂ ਗੁਰੂ ਨਾਨਕ ਦਾ ਫਲਸਫਾ ਪਹਿਲੀ ਵਾਰ ਸੁਣ ਰਿਹਾ ਹੋਵੇ।
ਭਾਈ ਨੇ ਕਿਹਾ, “ਇਹਨੂੰ ਰੋਟੀ ਪਾਣੀ ਦਿਓ ਅਤੇ ਸੌਣ ਲਈ ਮੰਜਾ ਦਿਓ।”
ਲੋਕਾਂ ਵਿਚ ਚੁੱਪ ਛਾ ਗਈ। ਫਿਰ ਘੁਸਰ-ਮੁਸਰ ਜਿਹੀ ਸ਼ੁਰੂ ਹੋਈ।
ਕਬੱਡੀ ਵਾਲਾ ਕੇਬੀ ਬੋਲਿਆ, “ਯਾਰ ਬਾਬੇ ਨਾਨਕ ਦਾ ਰੱਬ ਤਾਂ ਬੜਾ ਘੈਂਟ ਆ।”
“ਜੇ ਸਾਡਾ ਰੱਬ ਇੰਨਾ ਈ ਘੈਂਟ ਆ ਤਾਂ ਉਹ ਸ਼ਾਮ ਨੂੰ ਘੁੱਟ ਕੁ ਲਾਉਂਦਾ ਵੀ ਹੋਣਾ ਆ।” ਘੁੱਡਾ ਸ਼ਰਾਬੀ ਬੋਲਿਆ।
ਤਾਏ ਜਗਤ ਸਿੰਘ ਨੇ ਘੁੱਡੇ ਨੂੰ ਦਬਕਾ ਮਾਰਿਆ, “ਚੁੱਪ ਉਏ ਸਾਲਿਆ, ਗੁਰਦੁਆਰੇ ਆ ਕੇ ਸ਼ਰਾਬ ਖੇੜਦਾਂ, ਜੁੱਤੀਆਂ ਤਾਂ ਤੇਰੇ ਪੈਣੀਆਂ ਚਾਹੀਦੀਆਂ।”
ਭਾਈ ਨੇ ਉਸ ਬੰਦੇ ਨੂੰ ਜ਼ਮੀਨ ਤੋਂ ਉਠਾਇਆ ਅਤੇ ਮੰਜੇ ਉਤੇ ਬਹਿਣ ਲਈ ਕਿਹਾ, “ਐਥੇ ਮੰਜੇ ‘ਤੇ ਬੈਠ, ਮੈਂ ਬਿਸਤਰਾ ਲੈ ਕੇ ਆਉਂਨਾਂ। ਰੋਟੀ ਪਾਣੀ ਛਕੇਂਗਾ?”
“ਨਹੀਂ ਜੀ, ਮੈਂ ਰੋਟੀ ਖਾ ਚੁਕਾਂ।”
“ਚਲ ਠੀਕ ਆ, ਮੈਂ ਗਰਮ ਦੁੱਧ ਅਤੇ ਪਿੰਨੀ ਲਿਆਉਂਨਾਂ।”
ਭਾਈ ਨੇ ਬਿਸਤਰਾ ਲਿਆ ਕੇ ਮੰਜੇ ਉਤੇ ਵਿਛਾ ਦਿੱਤਾ। ਇੰਨੇ ਚਿਰ ਨੂੰ ਕੋਈ ਬੰਦਾ ਗਰਮ ਦੁੱਧ ਅਤੇ ਪਿੰਨੀ ਲੈ ਕੇ ਆ ਗਿਆ।
ਉਹ ਅਜਨਬੀ ਬੰਦਾ ਦੁੱਧ ਪੀ ਰਿਹਾ ਸੀ ਅਤੇ ਪਿੰਨੀਆਂ ਖਾ ਰਿਹਾ ਸੀ, ਪਰ ਉਸ ਦੀਆਂ ਅੱਖਾਂ ਡਰੇ ਹੋਏ ਜਾਨਵਰ ਵਾਂਗ ਅਜੇ ਵੀ ਡੌਰ-ਭੌਰ ਸਨ।