ਟੀਕਾ ਆਉਣ ਦੇ ਬਾਵਜੂਦ 20 ਲੱਖ ਮੌਤਾਂ ਹੋਣ ਦਾ ਖਦਸ਼ਾ

ਜਨੇਵਾ: ਵਿਸ਼ਵ ਸਿਹਤ ਸੰਗਠਨ (ਡਬਲਿਊ.ਐਚ.ਓ.) ਨੇ ਖਬਰਦਾਰ ਕੀਤਾ ਹੈ ਕਿ ਕਰੋਨਾ ਵਾਇਰਸ ਦਾ ਟੀਕਾ ਆਉਣ ਦੇ ਬਾਵਜੂਦ ਦੁਨੀਆਂ ‘ਚ 20 ਲੱਖ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਸਕਦੀ ਹੈ। ਡਬਲਿਊ.ਐਚ.ਓ. ਦੇ ਐਮਰਜੈਂਸੀਆਂ ਬਾਰੇ ਮੁਖੀ ਡਾਕਟਰ ਮਾਈਕ ਰਿਆਨ ਨੇ ਕਿਹਾ ਕਿ ਜੇਕਰ ਕੌਮਾਂਤਰੀ ਪੱਧਰ ‘ਤੇ ਰਲ ਕੇ ਹੰਭਲਾ ਨਾ ਮਾਰਿਆ ਗਿਆ ਤਾਂ ਮੌਤਾਂ ਦਾ ਅੰਕੜਾ ਕਿਤੇ ਵੱਧ ਹੋ ਸਕਦਾ ਹੈ।

ਉਂਜ ਕਰੋਨਾ ਵਾਇਰਸ ਫੈਲਣ ਦੇ 9 ਮਹੀਨਿਆਂ ‘ਚ 10 ਲੱਖ ਦੇ ਕਰੀਬ ਮੌਤਾਂ ਹੋ ਚੁੱਕੀਆਂ ਹਨ। ਅਮਰੀਕਾ, ਭਾਰਤ ਅਤੇ ਬ੍ਰਾਜ਼ੀਲ ‘ਚ ਸਭ ਤੋਂ ਵਧੇਰੇ ਕਰੋਨਾ ਦੇ ਕੇਸ ਹਨ। ਉਨ੍ਹਾਂ ਕਿਹਾ ਕਿ ਕਈ ਮੁਲਕਾਂ ‘ਚ ਸਰਦੀਆਂ ਸ਼ੁਰੂ ਹੋਣ ਨਾਲ ਕਰੋਨਾ ਦੀ ਲਾਗ ਹੋਰ ਫੈਲ ਸਕਦੀ ਹੈ।
ਉਧਰ, ਭਾਰਤੀ ਸੀਰਮ ਇੰਸਟੀਚਿਊਟ (ਐਸ਼ਆਈ.ਆਈ.) ਦੇ ਮੁੱਖ ਕਾਰਜਕਾਰੀ ਅਧਿਕਾਰੀ ਅਦਾਰ ਪੂਨਾਵਾਲਾ ਨੇ ਸਰਕਾਰ ਨੂੰ ਸਵਾਲ ਕੀਤਾ ਹੈ ਕਿ ਕੀ ਉਸ ਕੋਲ ਇਹ ਟੀਕਾ ਖਰੀਦਣ ਤੇ ਇਸ ਦੀ ਵੰਡ ਲਈ 80 ਹਜ਼ਾਰ ਕਰੋੜ ਰੁਪਏ ਹਨ। ਚੇਤੇ ਰਹੇ ਕਿ ਆਕਸਫੋਰਡ ਯੂਨੀਵਰਸਿਟੀ ਵਲੋਂ ਕਰੋਨਾ ਵਾਇਰਸ ਲਈ ਵਿਕਸਤ ਟੀਕੇ ਦਾ ਉਤਪਾਦਨ ਐਸ਼ਆਈ.ਆਈ. ਕਰੇਗਾ। ਪੂਨਾਵਾਲਾ ਨੇ ਇਕ ਟਵੀਟ ‘ਚ ਕਿਹਾ, ‘ਮੇਰਾ ਇਕ ਸਵਾਲ ਹੈ, ਕੀ ਭਾਰਤ ਸਰਕਾਰ ਕੋਲ ਅਗਲੇ ਇਕ ਸਾਲ ਲਈ 80 ਹਜ਼ਾਰ ਕਰੋੜ ਰੁਪਏ ਉਪਲਬਧ ਹਨ, ਕਿਉਂਕਿ ਭਾਰਤ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਨੂੰ ਇਹ ਟੀਕਾ ਖਰੀਦਣ ਤੇ ਹਰ ਭਾਰਤੀ ‘ਚ ਇਸ ਨੂੰ ਵੰਡਣ ਲਈ ਇੰਨੇ ਪੈਸੇ ਦੀ ਲੋੜ ਹੈ।’
_________________________
ਮੈਡੀਕਲ ਆਕਸੀਜਨ ਦਾ ਭਾਅ ਤੈਅ
ਨਵੀਂ ਦਿੱਲੀ: ਮੁਲਕ ਵਿਚ ਮੈਡੀਕਲ ਆਕਸੀਜਨ ਦੀ ਲੋੜੀਂਦੀ ਸਪਲਾਈ ਯਕੀਨੀ ਬਣਾਈ ਰੱਖਣ ਲਈ ਤਰਲ ਮੈਡੀਕਲ ਆਕਸੀਜਨ ਤੇ ਆਕਸੀਜਨ ਸਿਲੰਡਰਾਂ ਦੀਆਂ ਕੀਮਤਾਂ ਤੈਅ ਕਰ ਦਿੱਤੀਆਂ ਗਈਆਂ ਹਨ। ਦਵਾਈਆਂ ਦੀਆਂ ਕੀਮਤਾਂ ਦੀ ਨਿਗਰਾਨੀ ਕਰਨ ਵਾਲੀ ਅਥਾਰਿਟੀ ਐਨ.ਪੀ.ਪੀ.ਏ. ਨੇ ਦੱਸਿਆ ਕਿ ਕੋਵਿਡ-19 ਦੀ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਮੈਡੀਕਲ ਆਕਸੀਜਨ ਦੀ ਮੰਗ ਵਧੀ ਹੋਈ ਹੈ। ਰਸਾਇਣ ਤੇ ਖਾਦ ਮੰਤਰਾਲੇ ਮੁਤਾਬਕ ਆਮ ਤੌਰ ਉਤੇ ਮੰਗ 750 ਐਮਟੀ ਰੋਜ਼ਾਨਾ ਹੁੰਦੀ ਹੈ ਜੋ ਕਿ ਹੁਣ 2800 ਐਮਟੀ ਰੋਜ਼ਾਨਾ ਹੈ। ਭਾਰਤ ਸਰਕਾਰ ਵਲੋਂ ਕਾਇਮ ਗਰੁੱਪ ਆਕਸੀਜਨ ਦੀ ਮੰਗ ਤੇ ਕੀਮਤਾਂ ਉਤੇ ਲਗਾਤਾਰ ਨਿਗਰਾਨੀ ਰੱਖ ਰਿਹਾ ਹੈ। ਇਸੇ ਵਲੋਂ ਕੌਮੀ ਫਾਰਮਾ ਕੀਮਤ ਅਥਾਰਿਟੀ (ਐਨ.ਪੀ.ਪੀ.ਏ.) ਨੂੰ ਤਰਲ ਮੈਡੀਕਲ ਆਕਸੀਜਨ ਦੇ ਫੈਕਟਰੀ ਮੁੱਲ ਮਿਥਣ ਦੀ ਸਿਫਾਰਸ਼ ਕੀਤੀ ਗਈ ਹੈ ਤਾਂ ਕਿ ਕੀਮਤਾਂ ਢੁੱਕਵੀਆਂ ਰਹਿਣ।