ਬਜਟ ਇਜਲਾਸ ਦੌਰਾਨ ਭਖਿਆ ਲਾਪਤਾ ਪਾਵਨ ਸਰੂਪਾਂ ਦਾ ਮਾਮਲਾ

ਅੰਮ੍ਰਿਤਸਰ: ਸ਼੍ਰੋਮਣੀ ਕਮੇਟੀ ਦੇ ਪਬਲੀਕੇਸ਼ਨ ਵਿਭਾਗ ਵਿਚੋਂ ਘਟੇ 328 ਪਾਵਨ ਸਰੂਪਾਂ ਦਾ ਮਾਮਲਾ ਸ਼੍ਰੋਮਣੀ ਕਮੇਟੀ ਦੇ ਬਜਟ ਇਜਲਾਸ ਵੇਲੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਅੰਦਰ ਅਤੇ ਬਾਹਰ ਚਰਚਾ ਦਾ ਵਿਸ਼ਾ ਰਿਹਾ। ਇਸ ਮਾਮਲੇ ਵਿਚ ਦੋਸ਼ੀਆਂ ਖਿਲਾਫ ਕਾਰਵਾਈ, ਸਥਿਤੀ ਨੂੰ ਸਪਸ਼ਟ ਕਰਨ ਅਤੇ ਸਰੂਪ ਕਿਥੇ ਗਏ, ਬਾਰੇ ਜਾਣਕਾਰੀ ਦੇਣ ਦੀ ਮੰਗ ਕੀਤੀ ਗਈ।

ਤੇਜਾ ਸਿੰਘ ਸਮੁੰਦਰੀ ਹਾਲ ਅੰਦਰ ਬਜਟ ਇਜਲਾਸ ਵੇਲੇ ਸ਼੍ਰੋਮਣੀ ਕਮੇਟੀ ਮੈਂਬਰ ਸੇਵਾ ਸਿੰਘ ਸੇਖਵਾਂ (ਅਕਾਲੀ ਦਲ ਡੈਮੋਕਰੇਟਿਕ) ਤੋਂ ਇਲਾਵਾ ਹਾਕਮ ਧਿਰ ਦੀ ਮੈਂਬਰ ਬੀਬੀ ਕਿਰਨਜੋਤ ਕੌਰ ਤੇ ਕਰਨੈਲ ਸਿੰਘ ਪੰਜੌਲੀ ਸਮੇਤ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਬਲਵਿੰਦਰ ਸਿੰਘ ਬੈਂਸ ਵਲੋਂ ਇਹ ਮਾਮਲਾ ਉਭਾਰਿਆ ਗਿਆ। ਇਸ ਮਾਮਲੇ ਨੂੰ ਲੈ ਕੇ ਹਾਕਮ ਅਤੇ ਵਿਰੋਧੀ ਧਿਰ ਦੇ ਮੈਂਬਰਾਂ ਵਿਚਾਲੇ ਤਿੱਖੀ ਬਹਿਸ ਵੀ ਹੋਈ। ਸ੍ਰੀ ਸੇਖਵਾਂ ਨੇ ਜਾਂਚ ਰਿਪੋਰਟ ਜਨਤਕ ਕਰਨ, ਵਖਰੇਵੇਂ ਵਿਚਾਰਾਂ ਵਾਲੇ ਮੈਂਬਰਾਂ ਨੂੰ ਬੋਲਣ ਦਾ ਮੌਕਾ ਦੇਣ, ਬਜਟ ਦੀਆਂ ਕਾਪੀਆਂ ਨਾ ਮਿਲਣ ਅਤੇ ਇਹ ਕਾਪੀਆਂ ਇਕ ਮਹੀਨਾ ਪਹਿਲਾਂ ਭੇਜਣ, ਬਜਟ ਇਜਲਾਸ ਦਾ ਸਮਾਂ ਵਧਾਉਣ ਸਮੇਤ ਲਾਪਤਾ ਸਰੂਪ ਮਾਮਲਿਆਂ ਵਿਚ ਦੋਸ਼ੀ ਕਰਾਰ ਦਿੱਤੇ ਵਿਅਕਤੀਆਂ ਖਿਲਾਫ ਮਿਸਾਲੀ ਸਜ਼ਾਵਾਂ ਨਿਰਧਾਰਤ ਕਰਨ ਦੀ ਮੰਗ ਕੀਤੀ। ਬੀਬੀ ਕਿਰਨਜੋਤ ਕੌਰ ਨੇ ਤਾਂ ਸਿੱਧੇ ਤੌਰ ਉਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸ੍ਰੀ ਲੌਂਗੋਵਾਲ ‘ਤੇ ਦੋਸ਼ ਲਾਇਆ ਕਿ ਉਹ ਇਸ ਮਾਮਲੇ ਨੂੰ ਹੱਲ ਕਰਨ ਅਤੇ ਸੰਭਾਲਣ ਵਿਚ ਬੁਰੀ ਤਰ੍ਹਾਂ ਅਸਫਲ ਹੋਏ ਹਨ। ਉਨ੍ਹਾਂ ਪੜਤਾਲ ਰਿਪੋਰਟ ਜਨਤਕ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਸਰੂਪ ਕਿੱਥੇ ਗਏ ਹਨ, ਬਾਰੇ ਦੱਸਿਆ ਜਾਵੇ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਕੁਝ ਚਹੇਤੇ ਕਰਮਚਾਰੀ ਛੱਡ ਦਿੱਤੇ ਗਏ ਹਨ ਤੇ ਕੁਝ ਖਿਲਾਫ ਕਾਰਵਾਈ ਕੀਤੀ ਗਈ ਹੈ। ਸ੍ਰੀ ਪੰਜੌਲੀ ਨੇ ਆਖਿਆ ਕਿ ਕਰੋਨਾ ਦੌਰਾਨ ਲਾਏ ਲੰਗਰਾਂ ਕਾਰਨ ਜਿਥੇ ਸਿੱਖ ਕੌਮ ਦੀ ਪ੍ਰਸੰਸਾ ਹੋਈ ਹੈ, ਉਥੇ ਸਰੂਪ ਮਾਮਲਿਆਂ ਵਿਚ ਸਿੱਖਾਂ ਦਾ ਸਿਰ ਨੀਵਾਂ ਹੋਇਆ ਹੈ। ਉਨ੍ਹਾਂ ਪੰਥਕ ਸਰੂਪਾਂ ਕਾਰਨ ਸ਼੍ਰੋਮਣੀ ਕਮੇਟੀ ਵਿਚ ਆਏ ਨਿਘਾਰ ਦਾ ਮਾਮਲਾ ਵੀ ਉਠਾਇਆ ਅਤੇ ਰਿਹਾਅ ਹੋਏ ਸਿੱਖ ਕੈਦੀਆਂ ਦੇ ਮੁੜ ਵਸੇਬੇ ਦੀ ਮੰਗ ਕੀਤੀ। ਬਲਵਿੰਦਰ ਸਿੰਘ ਬੈਂਸ ਦਾ ਭਾਸ਼ਣ ਭਾਵੇਂ ਅਧੂਰਾ ਰਹਿ ਗਿਆ ਪਰ ਉਨ੍ਹਾਂ ਮੰਗ ਕੀਤੀ ਕਿ ਦੋਸ਼ੀਆਂ ਖਿਲਾਫ ਪੁਲਿਸ ਕਾਰਵਾਈ ਕੀਤੀ ਜਾਵੇ। ਇਸ ਦੌਰਾਨ ਸ਼੍ਰੋਮਣੀ ਕਮੇਟੀ ਕੰਪਲੈਕਸ ਤੋਂ ਬਾਹਰ ਦਲ ਖਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ, ਅਕਾਲੀ ਦਲ ਮਾਨ ਦੇ ਮਾਨ ਸਿੰਘ ਮਾਨ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ, ਯੂਨਾਈਟਿਡ ਅਕਾਲੀ ਦਲ, ਅਕਾਲ ਫੈਡਰੇਸ਼ਨ, ਸਿੱਖ ਯੂਥ ਆਫ ਪੰਜਾਬ ਤੇ ਹੋਰ ਸਿੱਖ ਆਗੂਆਂ ਵਲੋਂ ਰੋਸ ਪ੍ਰਗਟਾਇਆ ਗਿਆ। ਉਨ੍ਹਾਂ ਹੱਥਾਂ ਵਿਚ ਤਖਤੀਆਂ ਫੜ ਕੇ ਲੌਂਗੋਵਾਲ ਦੇ ਅਸਤੀਫੇ ਦੀ ਮੰਗ ਕੀਤੀ। ਉਨ੍ਹਾਂ ਇਸ ਸਬੰਧੀ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਇਕ ਸਵਾਲਨਾਮਾ ਵੀ ਦਿੱਤਾ, ਜਿਸ ਵਿਚ ਅਜਿਹੇ 20 ਸਵਾਲ ਸਨ ਜਿਨ੍ਹਾਂ ਦੇ ਜਵਾਬ ਪ੍ਰਧਾਨ ਲੌਂਗੋਵਾਲ ਕੋਲੋਂ ਪੁੱਛਣ ਲਈ ਆਖਿਆ ਗਿਆ।
___________________________________
‘ਆਪ’ ਵਲੋਂ ਜਥੇਦਾਰ ਹਰਪ੍ਰੀਤ ਸਿੰਘ ਨਾਲ ਮੁਲਾਕਾਤ
ਅੰਮ੍ਰਿਤਸਰ: ਆਮ ਆਦਮੀ ਪਾਰਟੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਮੰਗ ਪੱਤਰ ਸੌਂਪ ਅਪੀਲ ਕੀਤੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਗੁਰਦੁਆਰਾ ਅਤੇ ਤਖਤ ਸਾਹਿਬਾਨ ਦੀ ਸਿਆਸੀ ਹਿੱਤਾਂ ਦੀ ਵਰਤੋਂ ਕਰਨ ਤੋਂ ਰੋਕਿਆ ਜਾਵੇ। ਇਸ ਸਬੰਧੀ ‘ਆਪ’ ਵਿਧਾਇਕਾ ਪ੍ਰੋਫੈਸਰ ਬਲਜਿੰਦਰ ਕੌਰ, ਜੈ ਕਿਸ਼ਨ ਸਿੰਘ ਰੋੜੀ ਅਤੇ ਕੁਲਵੰਤ ਸਿੰਘ ਦੀ ਅਗਵਾਈ ਹੇਠ ਇਕ ਵਫਦ ਨੇ ਜਥੇਦਾਰ ਨਾਲ ਮੁਲਾਕਾਤ ਕੀਤੀ। ‘ਆਪ’ ਆਗੂਆਂ ਨੇ ਕਿਹਾ ਕਿ ਕਿਸੇ ਵੇਲੇ ਸ਼੍ਰੋਮਣੀ ਅਕਾਲੀ ਦਲ ਪੰਥ, ਪੰਜਾਬ ਅਤੇ ਸਰਬੱਤ ਦੇ ਭਲੇ ਲਈ ਕਾਰਜਸ਼ੀਲ ਹੁੰਦਾ ਸੀ, ਪਰ ਹੁਣ ਇਹ ਸਿਰਫ ਇਕ ਪਰਿਵਾਰ ਦੀ ਕੰਪਨੀ ਬਣ ਕੇ ਰਹਿ ਗਿਆ ਹੈ।