ਜ਼ੁਕਰਬਰਗ ਦੀ ਜੈ!

ਦਿੱਲੀ ਆਧਾਰਿਤ ਬਲੌਗਰ ਅਤੇ ਤਬਸਰਾਕਾਰ ਪ੍ਰਕਾਸ਼ ਕੇ. ਰੇਅ ਦਾ ਇਹ ਲੇਖ ਧੜਵੈਲ ਕਾਰੋਬਾਰ ਬਣ ਚੁੱਕੇ ਸੋਸ਼ਲ ਮੀਡੀਆ ਪਲੈਟਫਾਰਮਾਂ ਦੀ ਘਿਨਾਉਣੀ ਭੂਮਿਕਾ ਦੀਆਂ ਗੁੱਝੀਆਂ ਪਰਤਾਂ ਫਰੋਲਦਾ ਹੈ। ਇਸ ਅਹਿਮ ਲੇਖ ਦਾ ਅਨੁਵਾਦ ਸਾਡੇ ਕਾਲਮਨਵੀਸ ਬੂਟਾ ਸਿੰਘ ਨੇ ਕੀਤਾ ਹੈ।

-ਸੰਪਾਦਕ
ਪ੍ਰਕਾਸ਼ ਕੇ. ਰੇਅ
ਅਨੁਵਾਦ: ਬੂਟਾ ਸਿੰਘ
ਜੇ ਕੋਈ ਇਹ ਕਹੇ ਕਿ ਸੋਸ਼ਲ ਮੀਡੀਆ ਲੋਕਤੰਤਰੀ ਮੰਚ ਜਾਂ ਸਾਧਨ ਹੈ ਤਾਂ ਉਹ ਜਾਂ ਤਾਂ ਅਣਜਾਣ ਜਾਂ ਭੋਲਾ ਹੈ, ਜਾਂ ਫਿਰ ਉਹ ਇਸ ਮੰਚ ਤੋਂ ਕੁਝ ਵੇਚਣ ਦੀ ਜੁਗਤ ਲੜਾ ਰਿਹਾ ਹੈ। ਅਮਰੀਕਾ ਦੀ ਨੈਸ਼ਨਲ ਸਕਿਓਰਿਟੀ ਏਜੰਸੀ ਅਤੇ ਸੀ.ਆਈ.ਏ. ਵਲੋਂ ਕੀਤੀ ਜਾ ਰਹੀ ਵਿਆਪਕ ਸਰਵੇਲੈਂਸ (ਨਿਗਰਾਨੀ) ਦਾ ਪਰਦਾਫਾਸ਼ ਕਰ ਕੇ ਜਲਾਵਤਨ ਜ਼ਿੰਦਗੀ ਗੁਜ਼ਾਰ ਰਹੇ ਐਡਵਰਡ ਸਨੋਡਨ ਨੇ ਢਾਈ ਸਾਲ ਪਹਿਲਾਂ ਆਪਣੇ ਇਕ ਟਵੀਟ ਵਿਚ ਲਿਖਿਆ ਸੀ ਕਿ ਲੋਕਾਂ ਦੀਆਂ ਨਿੱਜੀ ਜਾਣਕਾਰੀਆਂ ਇਕੱਠੀਆਂ ਕਰਨ ਅਤੇ ਵੇਚਣ ਦਾ ਕਾਰੋਬਾਰ ਕਰਨ ਵਾਲੀਆਂ ਕੰਪਨੀਆਂ ਨੂੰ ਕਿਸੇ ਹੋਰ ਦੌਰ ਵਿਚ ਸਰਵੇਲੈਂਸ ਕੰਪਨੀਆਂ ਕਿਹਾ ਜਾਂਦਾ ਸੀ; ਹੁਣ ਉਹ ਸੋਸ਼ਲ ਮੀਡੀਆ ਬਣ ਗਈਆਂ ਹਨ। ਜੋ ਕਦੇ ਯੁੱਧ ਵਿਭਾਗ ਹੁੰਦਾ ਸੀ, ਉਸੇ ਦਾ ਨਾਂ ਬਦਲ ਕੇ ਰੱਖਿਆ ਵਿਭਾਗ ਕਰਨ ਦੇ ਧੋਖੇ ਤੋਂ ਬਾਅਦ ਇਹ ਸਭ ਤੋਂ ਕਾਮਯਾਬ ਧੋਖਾ ਹੈ।
ਉਦੋਂ ਹੀ ਫੇਸਬੁੱਕ ਤੋਂ ਜੁਟਾਏ ਡੇਟਾ ਦੇ ਕੈਂਬਰਿਜ ਐਨਾਲਾਈਟਿਕਾ ਵਲੋਂ ਅਮਰੀਕੀ ਚੋਣਾਂ ਅਤੇ ਬ੍ਰੈਗਜ਼ਿਟ ਜਨਮਤ ਸੰਗ੍ਰਹਿ ਵਿਚ ਹੋਈ ਦੁਰਵਰਤੋਂ ਦਾ ਮਾਮਲਾ ਚਰਚਾ ਵਿਚ ਸੀ। ਸਨੋਡਨ ਨੇ ਸਾਫ ਕਿਹਾ ਸੀ ਕਿ ਫੇਸਬੁੱਕ ਚਾਹੇ ਕੋਈ ਵੀ ਬਹਾਨਾ ਲਾਵੇ, ਸੱਚ ਇਹੀ ਹੈ ਕਿ ਉਸ ਦੀ ਇਸ ਵਿਚ ਮਿਲੀਭੁਗਤ ਹੈ। ਪਿਛਲੇ ਸਾਲ ਸਨੋਡਨ ਨੇ ਅਫਸੋਸ ਜ਼ਾਹਿਰ ਕੀਤਾ ਸੀ ਕਿ ਸਾਡੇ ਵਕਤ ਦੀ ਸਭ ਤੋਂ ਤਾਕਤਵਰ ਸੰਸਥਾਵਾਂ ਦੀ ਜਵਾਬਦੇਹੀ ਸਭ ਤੋਂ ਘੱਟ ਹੈ।
ਸੋਸ਼ਲ ਮੀਡੀਆ ਦੀਆਂ ਬਿੱਗ ਟੈਕ ਕੰਪਨੀਆਂ ਵਲੋਂ ਡੇਟਾ ਦੀ ਚੋਰੀ ਸਰਵੇਲੈਂਸ ਮਸਲੇ ਦਾ ਇਕ ਹਿੱਸਾ ਹੈ। ਇਸ ਦਾ ਇਕ ਮਹੱਤਵਪੂਰਨ ਹਿੱਸਾ ਹੈ ਲੋਕਾਂ ਦੀ ਨਾਰਾਜ਼ਗੀ, ਨਫਰਤ ਅਤੇ ਨਿਖੇਧ ਨੂੰ ਹਵਾ ਦੇ ਕੇ ਆਪਣਾ ਧੰਦਾ ਚਮਕਾਉਣਾ। ਹਿਸਾਬ ਸਿੱਧਾ ਹੈ। ਲੋਕਾਂ ਵਿਚ ਜਿੰਨੀ ਨਕਾਰਾਮਤਕਤਾ ਹੋਵੇਗੀ ਅਤੇ ਉਹ ਜਿੰਨਾ ਇਕ ਦੂਜੇ ਉਪਰ ਚੀਕਣਗੇ, ਉਸ ਮੰਚ ਉਪਰ ਉਹਨਾਂ ਦੀ ਸ਼ਮੂਲੀਅਤ ਵਧਦੀ ਜਾਵੇਗੀ ਅਤੇ ਉਸ ਮੰਚ ਨੂੰ ਓਨਾ ਹੀ ਵਧੇਰੇ ਡੇਟਾ ਮਿਲੇਗਾ ਅਤੇ ਉਹ ਵਧੇਰੇ ਉਹ ਇਸ਼ਤਿਹਾਰ, ਖਾਸ ਕਰ ਕੇ ਟਾਰਗੈਟਿਡ ਇਸ਼ਤਿਹਾਰਬਾਜ਼ੀ ਚਲਾਏਗਾ। ਅਕਸਰ ਇਹ ਕੰਪਨੀਆਂ ਆਪਣੀ ਚਮੜੀ ਬਚਾਉਣ ਲਈ ਕਹਿੰਦੀਆਂ ਹਨ ਕਿ ਉਹਨਾਂ ਲਈ ਤਮਾਮ ਵਿਵਾਦਪੂਰਨ ਜਾਂ ਖਤਰਨਾਕ ਸਰਗਰਮੀਆਂ ਉਪਰ ਨਜ਼ਰ ਰੱਖ ਸਕਣਾ ਤਾਂ ਸੰਭਵ ਨਹੀਂ ਹੈ। ਫਿਰ ਵੀ ਉਹਨਾਂ ਨੇ ਨੇਮ ਤੈਅ ਕੀਤੇ ਹਨ ਅਤੇ ਉਸ ਅਨੁਸਾਰ ਉਹ ਕਾਰਵਾਈ ਵੀ ਕਰਦੇ ਹਨ। ਇਸ ਪ੍ਰਸੰਗ ਵਿਚ ਸਾਨੂੰ ਕਿਸੇ ਗਲਤਫਹਿਮੀ ਵਿਚ ਨਹੀਂ ਰਹਿਣਾ ਚਾਹੀਦਾ ਕਿ ਇਹ ਸੋਸ਼ਲ ਮੀਡੀਆ ਕੰਪਨੀਆਂ ਦਾ ਝੂਠ ਹੈ।
ਮਿਸਾਲ ਵਜੋਂ ਅਮਰੀਕੀ ਚੋਣਾਂ ਦੀ ਮਿਸਾਲ ਲੈਂਦੇ ਹਾਂ। ਪਿਛਲੇ ਸਾਲ ਸਤੰਬਰ-ਅਕਤੂਬਰ ਵਿਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਚੋਣ ਮੁਹਿੰਮ ਦੀ ਤਰਫੋਂ ਰਾਸ਼ਟਰਪਤੀ ਅਹੁਦੇ ਲਈ ਡੈਮੋਕਰੇਟਿਕ ਪਾਰਟੀ ਦੇ ਉਮੀਦਵਾਰ ਅਤੇ ਸਾਬਕਾ ਉਪ-ਰਾਸ਼ਟਰਪਤੀ ਜੋਏ ਬਾਇਡਨ ਬਾਰੇ ਇਕ ਜਾਅਲੀ ਇਸ਼ਤਿਹਾਰ ਫੇਸਬੁੱਕ, ਟਵਿੱਟਰ ਅਤੇ ਗੂਗਲ ਉਪਰ ਚਲਾਇਆ ਗਿਆ। ਜਦ ਬਾਇਡਨ ਦੀ ਟੀਮ ਨੇ ਸ਼ਿਕਾਇਤ ਕੀਤੀ ਤਾਂ ਫੇਸਬੁੱਕ ਨੇ ਕਹਿ ਦਿੱਤਾ ਕਿ ਇਹ ਇਸ਼ਤਿਹਾਰਬਾਜ਼ੀ ਕੰਪਨੀ ਦੀਆਂ ਨੀਤੀਆਂ ਦੇ ਖਿਲਾਫ ਨਹੀਂ ਹੈ। ਇਹੀ ਨਹੀਂ, ਫੇਸਬੁੱਕ ਦੀ ਗਲੋਬਲ ਇਲੈਕਸ਼ਨਜ਼ ਪਾਲਿਸੀ ਦੀ ਮੁਖੀ ਕੇਟੀ ਹਰਬਥ ਨੇ Ḕਬਾਇਡਨ ਮੁਹਿੰਮḔ ਨੂੰ ਚਿੱਠੀ ਲਿਖ ਕੇ ਕਿਹਾ ਕਿ ਫੇਸਬੁੱਕ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਵਿਚ ਬੁਨਿਆਦੀ ਯਕੀਨ ਰੱਖਦਾ ਹੈ, ਉਹ ਲੋਕਤੰਤਰੀ ਅਮਲ ਦਾ ਆਦਰ ਕਰਦਾ ਹੈ।
ਉਦੋਂ ਰਾਸ਼ਟਰਪਤੀ ਦੀ ਉਮੀਦਵਾਰੀ ਲਈ ਸੈਨੇਟਰ ਐਲਿਜ਼ਾਬੈੱਥ ਵਾਰੇਨ ਵੀ ਮੈਦਾਨ ਵਿਚ ਸੀ ਅਤੇ ਉਸ ਦਾ ਇਕ ਚੋਣ ਵਾਅਦਾ ਇਹ ਵੀ ਸੀ ਕਿ ਫੇਸਬੁੱਕ ਅਤੇ ਗੂਗਲ ਵਰਗੀਆਂ ਧੜਵੈਲ ਟੈਕ ਕੰਪਨੀਆਂ ਨੂੰ ਵੰਡ ਦੇਣਾ ਚਾਹੀਦਾ ਹੈ, ਕਿਉਂਕਿ ਉਹਨਾਂ ਦਾ ਆਕਾਰ ਅਤੇ ਰਸੂਖ ਬਹੁਤ ਜ਼ਿਆਦਾ ਵਧ ਗਿਆ ਹੈ। ਵਾਰੇਨ ਫੇਸਬੁੱਕ ਨੂੰ ਲਗਾਤਾਰ ਚਿਤਾਵਨੀ ਦਿੰਦੀ ਰਹੀ ਕਿ ਉਹ ਆਪਣੀ ਇਸ਼ਤਿਹਾਰਬਾਜ਼ੀ ਨੀਤੀ ਦੀਆਂ ਕਮੀਆਂ ਨੂੰ ਦਰੁਸਤ ਕਰੇ; ਲੇਕਿਨ ਇਸ ਕੰਪਨੀ ਨੇ ਉਸ ਵਲ ਕੋਈ ਧਿਆਨ ਨਹੀਂ ਦਿੱਤਾ।
ਪਿਛਲੀ ਚੋਣ ਵਿਚ ਸੋਸ਼ਲ ਮੀਡੀਆ ਦੇ ਮਾਧਿਅਮ ਜ਼ਰੀਏ ਜਾਅਲੀ ਖਬਰਾਂ ਫੈਲਾਉਣ ਅਤੇ ਕਥਿਤ ਤੌਰ ‘ਤੇ ਰੂਸੀ ਦਖਲ ਲਈ ਮੌਕਾ ਦੇਣ ਕਾਰਨ ਫੇਸਬੁੱਕ ਚਰਚਾ ‘ਚ ਆਈ ਸੀ ਅਤੇ ਉਸ ਨੇ ਇਹ ਭਰੋਸਾ ਵੀ ਦਿੱਤਾ ਸੀ ਕਿ ਕੰਪਨੀ ਅੱਗੇ ਤੋਂ ਚੌਕਸ ਰਹੇਗੀ। ਇਸ ਦੇ ਮੱਦੇਨਜ਼ਰ ਫੇਸਬੁੱਕ ਦੀ ਤਿਆਰੀ ਦੀ ਪਰਖ ਲਈ Ḕਵਾਰੇਨ ਦੀ ਮੁਹਿੰਮḔ ਨੇ ਕਮਾਲ ਦਾ ਆਈਡੀਆ ਈਜਾਦ ਕੀਤਾ। ਉਸ ਨੇ ਇਕ ਇਸ਼ਤਿਹਾਰ ਬਣਾਇਆ ਜਿਸ ਵਿਚ ਇਹ ਝੂਠੀ ਗੱਲ ਕਹੀ ਗਈ ਸੀ ਕਿ ਫੇਸਬੁੱਕ ਦੇ ਸੀ.ਈ.ਓ. ਮਾਰਕ ਜ਼ੁਕਰਬਰਗ ਨੇ ਰਾਸ਼ਟਰਪਤੀ ਚੋਣ ਵਿਚ ਡੋਨਲਡ ਟਰੰਪ ਨੂੰ ਆਪਣੀ ਹਮਾਇਤ ਦਿੱਤੀ ਹੈ। ਇਸ ਨੂੰ ਖਬਰ ਦੀ ਸ਼ਕਲ ਵਿਚ ਬਣਾ ਕੇ ਅਤੇ ਟਰੰਪ ਤੇ ਜ਼ੁਕਰਬਰਗ ਦੀਆਂ ਤਸਵੀਰਾਂ ਨਾਲ ਫੇਸਬੁੱਕ ਉਪਰ ਬਤੌਰ ਇਸ਼ਤਿਹਾਰ ਪੋਸਟ ਕਰ ਦਿੱਤਾ ਗਿਆ।
ਇਸ ਇਸ਼ਤਿਹਾਰ ਵਿਚ ਇਹ ਵੀ ਲਿਖਿਆ ਗਿਆ ਸੀ ਕਿ ਜ਼ੁਕਰਬਰਗ ਨੇ ਆਪਣੇ ਮੰਚ ਉਪਰ ਟਰੰਪ ਨੂੰ ਝੂਠ ਫੈਲਾਉਣ ਦੀ ਖੁੱਲ੍ਹੀ ਛੁੱਟੀ ਦੇ ਦਿੱਤੀ ਸੀ ਅਤੇ ਇਸ ਦੇ ਬਦਲੇ ਵਿਚ ਪੈਸਾ ਲੈ ਕੇ ਫੇਸਬੁੱਕ ਇਸ ਝੂਠ ਨੂੰ ਅਮਰੀਕਨ ਵੋਟਰਾਂ ਨੂੰ ਪਰੋਸ ਰਿਹਾ ਹੈ। ਮਜ਼ੇ ਦੀ ਗੱਲ ਇਹ ਹੈ ਕਿ ਫੇਸਬੁੱਕ ਨੇ ਇਸ ਝੂਠੇ ਇਸ਼ਤਿਹਾਰ ਨੂੰ ਵੀ ਚੱਲਣ ਦਿੱਤਾ। ਇਉਂ ਕਰ ਕੇ ਵਾਰੇਨ ਨੇ ਸਾਫ ਦਿਖਾ ਦਿੱਤਾ ਕਿ ਫੇਸਬੁੱਕ ਲਈ ਕਮਾਈ ਪਹਿਲਾਂ ਹੈ।
ਆਪਣਾ ਧੰਦਾ ਚਮਕਾਉਣ ਲਈ ਸੋਸ਼ਲ ਮੀਡੀਆ ਜਿਸ ਮਨੁੱਖੀ ਭਾਵਨਾ ਦਾ ਸੋਸ਼ਣ ਕਰਦਾ ਹੈ, ਉਹ ਹੈ ਨਾਰਾਜ਼ਗੀ ਅਤੇ ਨਫਰਤ। ਇਸ ਬਾਰੇ ਖੋਜਾਂ ਹੋ ਚੁੱਕੀਆਂ ਹਨ। ਇਹੀ ਭਾਵਨਾ ਪੋਸਟ ਜਾਂ ਟਵੀਟ ਦੇ ਵਾਇਰਲ ਹੋਣ ਨੂੰ ਸੰਭਵ ਬਣਾਉਂਦੀ ਹੈ। ਖਿਡਾਰੀ ਇਸ ਨੂੰ ਨੰਬਰ ਕਹਿੰਦੇ ਹਨ। ਮਸ਼ਵਰੇ ਦੇ ਤੌਰ ‘ਤੇ ਕਿਹਾ ਜਾਂਦਾ ਹੈ ਕਿ ਲੋਕ ਉਤੇਜਨਾ ਜਾਂ ਕਰੋਧ ਤੋਂ ਗੁਰੇਜ਼ ਕਰਨ; ਲੇਕਿਨ ਨਾਬਰਾਬਰੀ ਵਾਲੀ ਅਤੇ ਵੰਡੀ ਹੋਈ ਦੁਨੀਆ ਵਿਚ ਐਸਾ ਸੰਜਮ ਸੰਭਵ ਨਹੀਂ। ਉਤੇਜਨਾ ਛੂਤ ਦੇ ਰੋਗ ਵਾਂਗ ਹੁੰਦੀ ਹੈ। ਇਹ ਸ਼ਾਮਲ ਲੋਕਾਂ ਵਿਚ ਤਾਕਤਵਰ ਹੋਣ ਦਾ ਭਰਮ ਪੈਦਾ ਕਰ ਦਿੰਦੀ ਹੈ। ਉਹਨਾਂ ਨੂੰ ਲੱਗਦਾ ਹੈ ਕਿ ਉਹ ਵਿਆਪਕ ਅੰਦੋਲਨ ਜਾਂ ਕਾਰਵਾਈ ਦਾ ਹਿੱਸਾ ਹਨ ਅਤੇ ਆਪਣੇ ਹਿਸਾਬ ਨਾਲ ਦੁਨੀਆ ਬਦਲਣ ਜਾਂ ਬਣਾਉਣ ਦਾ ਕੰਮ ਕਰ ਰਹੇ ਹਨ।
ਤਿੰਨ ਸਾਲ ਪਹਿਲਾਂ Ḕਦਿ ਗਾਰਡੀਅਨḔ ਵਿਚ ਛਪੇ ਲੇਖ ਵਿਚ ਵਿਲੀਅਮਜ਼ ਨੇ ਜੋ ਮਾਅਰਕੇ ਦੀ ਗੱਲ ਕੀਤੀ ਸੀ, ਉਹ ਇਹ ਸੀ ਕਿ ਜਿਸ ਕਾਰੋਬਾਰੀ ਮਾਡਲ ਦੀ ਮੁੱਖ ਟੇਕ ਹੀ ਧਿਆਨ ਖਿੱਚਣ ਅਤੇ ਉਸ ਨੂੰ ਬਰਕਰਾਰ ਰੱਖਣ ਉਪਰ ਹੋਵੇ, ਉਸ ਕੋਲ ਨਿਰਪੱਖਤਾ, ਬਾਰੀਕੀ ਅਤੇ ਵਿਸ਼ੇਸ਼ਗਤਾ ਲਈ ਨਾ ਤਾਂ ਵਕਤ ਹੁੰਦਾ ਹੈ ਅਤੇ ਨਾ ਹੀ ਇਹਨਾਂ ਚੀਜ਼ਾਂ ਦਾ ਉਸ ਨੂੰ ਕੋਈ ਲਾਭ ਹੁੰਦਾ ਹੈ। ਵਿਲੀਅਮਜ਼ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ ਉਪਰ ਅਸੀਂ ਸਾਰੇ ਗੁੱਸੇ ਵਿਚ ਹਾਂ, ਲੇਕਿਨ ਅਸੀਂ ਦੂਜਿਆਂ ਦੀ ਨਾਰਾਜ਼ਗੀ ਨੂੰ ਸੁਣਨ ਦੀ ਕੋਸ਼ਿਸ਼ ਤਾਂ ਕਰ ਹੀ ਸਕਦੇ ਹਾਂ।
ਸਲਾਹ ਤਾਂ ਠੀਕ ਹੈ, ਲੇਕਿਨ ਮੁਸ਼ਕਿਲ ਇਹ ਹੈ ਕਿ ਨਾਰਾਜ਼ਗੀ ਦੀ ਭਾਸ਼ਾ ਐਨੀ ਕਠੋਰ ਅਤੇ ਹਮਲਾਵਾਰ ਹੈ ਕਿ ਸੁਣਨ ਦੀ ਸ਼ੁਰੂਆਤੀ ਕੋਸ਼ਿਸ਼ ਹੀ ਬੰਦੇ ਨੂੰ ਜਾਂ ਤਾਂ ਭੜਕਾ ਸਕਦੀ ਹੈ, ਜਾਂ ਨਿਰਾਸ਼ ਕਰ ਸਕਦੀ ਹੈ, ਜਾਂ ਫਿਰ ਰੋਗੀ ਬਣਾ ਸਕਦੀ ਹੈ। ਇਹ ਸੁਣਨਾ ਵੀ ਫੰਧਾ ਹੋ ਸਕਦਾ ਹੈ। ਇਸ ਬਾਰੇ ਨਿਊ ਯਾਰਕ ਯੂਨੀਵਰਸਿਟੀ ਦੇ ਪ੍ਰੋਫੈਸਰ ਸਕਾਟ ਗੈਲੋਵੇ ਦਾ ਮੀਡੀਅਮ ਉਪਰ ਦੋ ਸਾਲ ਪਹਿਲਾਂ ਆਇਆ ਲੇਖ ਜ਼ਿਆਦਾ ਸਹਾਈ ਹੋ ਸਕਦਾ ਹੈ। ਉਹ ਸਾਫ ਸਾਫ ਇਹ ਸੱਚ ਬਿਆਨ ਕਰਦੇ ਹਨ ਕਿ ਸੋਸ਼ਲ ਮੀਡੀਆ ਨਾਰਾਜ਼ਗੀ ਨਾਲ ਚਲਦਾ ਹੈ ਅਤੇ ਤੁਸੀਂ ਚਾਹੋ ਕੁਝ ਵੀ ਕਰ ਲਓ, ਤੁਸੀਂ ਆਪਣੇ ਬੱਚਿਆਂ ਨੂੰ ਇਸ ਤੋਂ ਬਚਾ ਨਹੀਂ ਸਕਦੇ। ਸੋਸ਼ਲ ਮੀਡੀਆ ਕੰਪਨੀਆਂ ਕਿਉਂਕਿ ਵਪਾਰੀ ਹਨ, ਲਿਹਾਜ਼ਾ ਉਹ ਆਪਣਾ ਕਾਰੋਬਾਰ ਬਚਾਉਣ ਲਈ ਕਦੇ-ਕਦੇ ਨਫਰਤ ਜਾਂ ਝੂਠ ਖਿਲਾਫ ਕਾਰਵਾਈ ਕਰਨ ਲਈ ਮਜਬੂਰ ਹਨ। ਪ੍ਰੋਫਾਈਲ ਹੈਂਡਲ, ਪੋਸਟ, ਚੈਨਲ ਅਤੇ ਵੀਡੀਓ ਨੂੰ ਹਟਾਉਣ ਦੇ ਜੋ ਮਾਮਲੇ ਆਉਂਦੇ ਹਨ, ਉਹ ਇਸੇ ਤਰ੍ਹਾਂ ਦੀ ਕਾਰਵਾਈ ਹੁੰਦੇ ਹਨ। ਇਸ ਲਈ ਕੁਝ ਘੋਰ ਸੱਜੇਪੱਖੀ ਜਾਂ ਇਕ ਭਾਜਪਾ ਵਿਧਾਇਕ ਦਾ ਪੇਜ ਹਟਾਉਣ ਨਾਲ ਸੰਤੁਸ਼ਟ ਹੋਣਾ ਠੀਕ ਨਹੀਂ ਹੈ। ਤੁਸੀਂ ਕਿਸੇ ਵੀ ਮੰਚ ਉਪਰ ਚਲੇ ਜਾਓ, ਐਸੀ ਸਮੱਗਰੀ ਦੀ ਭਰਮਾਰ ਮਿਲ ਜਾਵੇਗੀ। ਇਸ ਦਾ ਤਰਕ ਵੀ ਉਹੀ ਹੈ ਕਿ ਘੋਰ ਸੱਜੇਪੱਖੀ ਜਾਂ ਭਿਆਨਕ ਰੂਪ ‘ਚ ਇੰਤਹਾਪਸੰਦ ਜਾਂ ਨਹਾਇਤ ਪੁਰਾਤਨਪੰਥੀ ਵਿਸ਼ੇ ਪੱਖ ਅਤੇ ਵਿਰੋਧੀ-ਪੱਖ ਵਿਚ ਲਾਮਬੰਦੀ ਨੂੰ ਯਕੀਨੀਂ ਬਣਾਉਂਦੇ ਹੈ।
ਸੋਸ਼ਲ ਮੀਡੀਆ ਦਾ ਇਹ ਸੁਭਾਅ ਅਤੇ ਖਾਸਾ ਇੰਟਰਨੈੱਟ ਦੇ ਮੁੱਢ ਤੋਂ ਹੀ ਹੈ, ਜਦ ਬੇਨਾਮ ਪ੍ਰੋਫਾਈਲ ਚੈਟ ਬੋਰਡ ਉਪਰ ਆਪਣੀ ਮਾਯੂਸੀ ਉਗਲਦੇ ਸਨ ਜਾਂ ਝੂਠ ਫੈਲਾਉਂਦੇ ਸਨ। ਵੈਬਸਾਈਟਾਂ ਦੇ ਕੁਮੈਂਟ ਸੈਕਸ਼ਨ ਵਿਚ ਉਸ ਦੀ ਵੰਨਗੀ ਦੀ ਭਰਮਾਰ ਅੱਜ ਵੀ ਦੇਖੀ ਜਾ ਸਕਦੀ ਹੈ। ਅੱਜ ਜ਼ਰੂਰਤ ਹੈ ਕਿ ਕੁਝ ਪੋਸਟਾਂ ਦੇ ਵਿਰੋਧ ਅਤੇ ਸੋਸ਼ਲ ਮੀਡੀਆ ਦੀ ਨੇਮਾਵਲੀ ਵਿਚ ਸੁਧਾਰ ਉਪਰ ਤਾਕਤ ਅਜਾਈਂ ਲਗਾਉਣ ਦੀ ਬਜਾਏ ਇਸ ਭਿਆਨਕ ਮਸਲੇ ਦੇ ਵੱਖ-ਵੱਖ ਸਿਰਿਆਂ ਨੂੰ ਸਮਝਿਆ ਜਾਵੇ।
ਤਕਨੀਕੀ ਮਾਹਿਰ ਮਾਇਲੇ ਗਵੇਟ ਨੇ ਆਪਣੇ ਤਾਜ਼ਾ ਲੇਖ ਵਿਚ ਦੱਸਿਆ ਹੈ ਕਿ ਸੋਸ਼ਲ ਮੀਡੀਆ ਸਾਨੂੰ ਕਿਸ ਤਰ੍ਹਾਂ ਉਸ ਹਾਲਤ ਵਿਚ ਧੱਕ ਰਿਹਾ ਹੈ ਜਿਸ ਦੀ ਕਲਪਨਾ ਜਾਰਜ ਔਰਵੈੱਲ ਦੇ ਨਾਵਲ Ḕ1984Ḕ ਵਿਚ ਮਿਲਦੀ ਹੈ। ਉਸ ਨਾਵਲ ਵਿਚ ਇਕ ਕਰਮਕਾਂਡ ਵਾਪਰਦਾ ਹੈ – ਦੋ ਮਿੰਟ ਦੀ ਨਫਰਤ। ਉਸ ਵਿਚ ਸਾਰੇ ਲੋਕ ਕੰਮ-ਧੰਦਾ ਛੱਡ ਕੇ ਸਕਰੀਨ ਸਾਹਮਣੇ ਖੜ੍ਹੇ ਹੋ ਕੇ ਦੁਸ਼ਮਣਾਂ ਨੂੰ ਲਾਹਣਤ ਪਾਉਂਦੇ ਸਨ ਅਤੇ ਵੱਡੇ ਭਰਾ ਦੀ ਜੈ-ਜੈਕਾਰ ਕਰਦੇ ਸਨ। ਦੁਸ਼ਮਣ ਬਦਲਦੇ ਰਹਿੰਦੇ ਸਨ ਪਰ ਕਰਮਕਾਂਡ ਉਹੀ ਰਹਿੰਦਾ ਸੀ। ਸਕਰੀਨ ਸਾਹਮਣੇ ਜੁੜੇ ਲੋਕ ਹਤਿਆਰਿਆਂ ਦਾ ਵਹਿਸ਼ੀ ਹਜੂਮ ਬਣ ਜਾਂਦੇ ਸਨ। ਸੋਸ਼ਲ ਮੀਡੀਆ ਅਤੇ ਡਿਜੀਟਲ ਤਕਨੀਕ ਦੇ ਸਾਡੇ ਜ਼ਮਾਨੇ ਵਿਚ ਇਹ ਦੋ ਮਿੰਟ ਦਾ ਕਰਮਕਾਂਡ ਚੌਵੀ ਘੰਟੇ ਦਾ ਕੰਮਕਾਜ ਬਣ ਚੁੱਕਾ ਹੈ। ਜ਼ੁਕਰਬਰਗ ਦੀ ਜੈ!