ਬਰਗਮੈਨ ਦੀ ਸੁਪਨਸਾਜ਼ੀ ‘ਵਾਈਲਡ ਸਟਰਾਬਰੀਜ਼’

ਡਾ. ਕੁਲਦੀਪ ਕੌਰ ਇਸ ਕਾਲਮ ਰਾਹੀਂ ਸੰਸਾਰ ਸਿਨੇਮਾ ਦੇ ਉਨ੍ਹਾਂ ਫਿਲਮਸਾਜ਼ਾਂ ਦੀ ਸਿਰਜਣਾ ਬਾਰੇ ਸੰਵਾਦ ਰਚਾ ਰਹੇ ਹਨ, ਜਿਨ੍ਹਾਂ ਲਈ ਫਿਲਮਾਂ ਬਣਾਉਣਾ ਸਾਹ ਲੈਣ ਵਾਂਗ ਹੈ। ਐਤਕੀਂ ਸਵੀਡਨ ਦੇ ਸਰਕਰਦਾ ਫਿਲਮਸਾਜ਼ ਇੰਗਮਾਰ ਬਰਗਮੈਨ ਦੀ ਫਿਲਮ ‘ਵਾਈਲਡ ਸਟਰਾਬਰੀਜ਼’ ਬਾਰੇ ਚਰਚਾ ਕੀਤੀ ਗਈ ਹੈ। ਇਸ ਫਿਲਮ ਵਿਚ ਮਨੁੱਖੀ ਦਵੰਦ ਅਤੇ ਬੇਵਸੀ ਬਹੁਤ ਬਾਰੀਕੀ ਨਾਲ ਫੜੇ ਗਏ ਹਨ।

-ਸੰਪਾਦਕ
ਡਾ. ਕੁਲਦੀਪ ਕੌਰ
ਫੋਨ: +91-98554-04330
“ਜਦੋਂ ਮੈਂ ਸ਼ਾਮ ਨੂੰ ਸੌਣ ਜਾਂਦਾ ਹਾਂ ਤਾਂ ਮੈਂ ਆਪਣੀ ਦਾਦੀ ਦੇ ਘਰ ਦੇ ਕਮਰਿਆਂ ਵਿਚ ਘੁੰਮਦਾ ਹਾਂ, ਮੈਨੂੰ ਉਨ੍ਹਾਂ ਕਮਰਿਆਂ ਵਿਚ ਪਈਆਂ ਸਾਰੀਆਂ ਚੀਜ਼ਾਂ ਬਾਰੇ ਨਿੱਕੇ ਤੋਂ ਨਿੱਕਾ ਬਿਉਰਾ ਹੂ-ਬ-ਹੂ ਯਾਦ ਹੈ, ਉਹ ਕਿੱਥੇ-ਕਿੱਥੇ ਪਈਆਂ ਹਨ, ਉਨ੍ਹਾਂ ਦਾ ਰੰਗ-ਰੂਪ ਕਿੱਦਾਂ ਦਾ ਹੈ। ਮੈਨੂੰ ਗਰਮੀ ਤੇ ਸਰਦੀ ਵਿਚ ਘਰ ਅੰਦਰ ਆਉਂਦੀ ਰੋਸ਼ਨੀ ਵੀ ਯਾਦ ਹੈ, ਕੰਧਾਂ ਉਪਰ ਲਟਕਦੀਆਂ ਤਸਵੀਰਾਂ ਵੀ ਯਾਦ ਹਨ। ”
“ਸੁਪਨੇ ਤੁਹਾਡੇ ਦਿਮਾਗ ਵਿਚ ਬਣੀਆਂ ਉਹ ਫਿਲਮਾਂ ਹਨ ਜਿਹੜੀਆਂ ਹਰ ਰਾਤ ਤੁਸੀਂ ਆਪਣੇ ਬਿਸਤਰੇ ‘ਤੇ ਲੇਟਦੇ ਹੋਏ ਬੁਣਦੇ ਹੋ। ” (ਇੰਗਮਾਰ ਬਰਗਮੈਨ ਆਪਣੇ ਉਪਰ ਬਣੀ ਦਸਤਾਵੇਜ਼ੀ ਫਿਲਮ ਵਿਚ ਆਪਣੇ ਬਚਪਨ ਨੂੰ ਯਾਦ ਕਰਦਿਆਂ)
ਫਿਲਮ ‘ਵਾਈਲਡ ਸਟਰਾਬਰੀਜ਼’ ਦਾ ਪਹਿਲਾ ਦ੍ਰਿਸ਼ ਹੀ ਡੌਰ-ਭੌਰ ਕਰਨ ਵਾਲਾ ਹੈ। ਪ੍ਰੋਫੈਸਰ ਇਸਾਕ ਬੋਰਗ (ਵਿਕਤੋਰ ਸੋਸਤਰੌਮ) ਸੌਣ ਲਈ ਬਿਸਤਰੇ ‘ਤੇ ਲੇਟਦਾ ਹੈ। ਅੱਖਾਂ ਬੰਦ ਹਨ ਪਰ ਉਸ ਦੇ ਮੱਥੇ ‘ਤੇ ਮੌਜੂਦ ਸ਼ਿਕਨ (ਤਿਊੜੀਆਂ) ਦੱਸ ਰਹੀ ਹੈ ਕਿ ਉਸ ਦੇ ਅੰਦਰ ਬੁਹਤ ਸਾਰੇ ਸੁਪਨੇ ਅਤੇ ਹਕੀਕਤ ਆਪਸ ਵਿਚ ਟਕਰਾ ਕੇ ਕਿਰਚ-ਕਿਰਚ ਹੋ ਰਹੇ ਹਨ। ਰੌਸ਼ਨੀ ਉਸ ਦਾ ਅੰਦਰੂਨੀ ਕਲੇਸ਼ ਬਾਖੂਬੀ ਪੜ੍ਹ ਰਹੀ ਹੈ। ਉਸ ਦਾ ਸੁਪਨਾ ਬਹੁਤ ਡਰਾਵਣਾ ਅਤੇ ਭਿਆਨਕ ਹੈ। ਉਹ ਸੁਪਨੇ ਵਿਚ ਮੌਤ ਨਾਲ ਦੋ-ਚਾਰ ਹੋ ਰਿਹਾ ਹੈ। ਇੰਗਮਾਰ ਬਰਗਮੈਨ ਨੂੰ ਆਪਣੇ ਬਚਪਨ ਦੀਆਂ ਉਹ ਰਾਤਾਂ ਅਤੇ ਦਿਨ ਯਾਦ ਆਉਂਦੇ ਹਨ ਜਦੋਂ ਉਸ ਦਾ ਪਾਦਰੀ ਪਿਤਾ ਉਸ ਦੁਆਰਾ ਬਿਸਤਰੇ ‘ਤੇ ਪਿਸ਼ਾਬ ਕਰਨ ਵਰਗੀ ‘ਨਾ-ਬਖਸ਼ਣਯੋਗ’ ਗਲਤੀ ਦੀ ਸਜ਼ਾ ਵਜੋਂ ਉਸ ਨੂੰ ਘੰਟਿਆਂ ਬੱਧੀ ਚਰਚ ਦੇ ਪੁਰਾਣੇ ਤੇ ਸਲ੍ਹਾਬ ਖਾਧੇ ਕਮਰਿਆਂ ਵਿਚ ਬੰਦ ਕਰ ਦਿੰਦਾ ਤੇ ਬੇਵਸ ਬਰਗਮੈਨ ਉਨ੍ਹਾਂ ਕਮਰਿਆਂ ਦੀਆਂ ਕੰਧਾਂ ਉਪਰ ਉਕਰੇ ਰੱਬਾਂ, ਫਰਿਸ਼ਤਿਆਂ, ਸ਼ੈਤਾਨਾਂ, ਭੂਤਾਂ ਤੇ ਚੁੜੇਲਾਂ ਨਾਲ ਇਕੱਲਾ ਰਹਿ ਜਾਂਦਾ। ਉਸ ਅਨੁਸਾਰ ਇਨ੍ਹਾਂ ਕਮਰਿਆਂ ਵਿਚ ਮੌਤ ਦੀ ਗੰਧ ਸੀ ਜਿਸ ਨੇ ਤਾਉਮਰ ਉਸ ਦਾ ਪਿੱਛਾ ਨਹੀਂ ਛੱਡਿਆ ਅਤੇ ਉਸ ਦੀ ਹਰ ਫਿਲਮ ਦੇ ਬਿਰਤਾਂਤ ਵਿਚ ਮੌਤ ਆਪਣੀ ਹਾਜ਼ਰੀ ਲਵਾਉਂਦੀ ਹੈ। ਉਸ ਅਨੁਸਾਰ ਉਹਨੇ ਸਾਰੀ ਉਮਰ ਮੌਤ ਨੂੰ ਆਪਣੇ ਮੋਢੇ ‘ਤੇ ਖੜ੍ਹੀ ਤੱਕਿਆ ਹੈ।
ਫਿਲਮ ‘ਵਾਈਲਡ ਸਟਰਾਬਰੀਜ਼’ ਵਿਚ ਬਜ਼ੁਰਗ ਪ੍ਰੋਫੈਸਰ ਨੂੰ ਆਈ ਮੌਤ ਬਿਲਕੁੱਲ ਚੁੱਪ ਤੇ ਸ਼ਾਂਤ ਹੈ। ਉਹ ਸ਼ਹਿਰ ਦੀਆਂ ਵੀਰਾਨ ਤੇ ਟੇਢੀਆਂ-ਮੇਢੀਆਂ ਗਲੀਆਂ ਵਿਚ ਘੁੰਮਦਾ ਫਿਰ ਰਿਹਾ ਹੈ। ਕਿਤੇ ਕੋਈ ਬੰਦਾ ਨਜ਼ਰ ਨਹੀਂ ਆ ਰਿਹਾ। ਗਲੀਆਂ ਵਿਚ ਸੰਨਾਟਾ ਪਸਰਿਆ ਹੋਇਆ ਹੈ। ਇਸ ਨੂੰ ਸਿਰਫ ਮੌਸਮ ਦੀ ਬਿਹਬਲਤਾ ਤੋੜ ਰਹੀ ਹੈ। ਉਹ ਕੌਣ ਹੈ ਜਿਹੜਾ ਧੁੰਦ ਵਿਚ ਗਲੀ ਦੇ ਮੌੜ ‘ਤੇ ਨਜ਼ਰ ਤਾਂ ਆਇਆ ਹੈ ਪਰ ਬਹੁਤ ਤੇਜ਼ੀ ਨਾਲ ਕਿਤੇ ਲੋਪ ਹੋ ਗਿਆ ਹੈ। ਇਨ੍ਹਾਂ ਖਿੜਕੀਆਂ ਵਿਚੋਂ ਕੋਈ ਝਾਕਦਾ ਕਿਉਂ ਨਹੀਂ? ਇਨ੍ਹਾਂ ਦਰਵਾਜ਼ਿਆਂ ਨੂੰ ਇੰਨੀ ਸਖਤੀ ਨਾਲ ਕਿਸ ਨੇ ਭੇੜਿਆ ਹੈ? ਅਜਿਹੀ ਸੁੰਨੀ ਅਤੇ ਇਕੱਲੀ ਜਗ੍ਹਾ ‘ਤੇ ਪ੍ਰੋਫੈਸਰ ਨੂੰ ਕੌਣ ਦੇਖੇਗਾ? ਕੀ ਅਜਿਹੇ ਸਮੇਂ ਦੀਆਂ ਸਿਰਫ ਅੱਖਾਂ ਹਨ, ਬਾਹਾਂ ਜਾਂ ਹੱਥ ਨਹੀਂ; ਅਰਥਾਤ ਕੀ ਇਹ ਸਮਾਂ ਸਾਨੂੰ ਸਿਰਫ ਆਪਣੇ ਹਾਲਾਤ ਨਾਲ ਦੋ-ਚਾਰ ਹੁੰਦਿਆਂ ਦੇਖਣ ਲਈ ਹੀ ਹੈ? ਇਹ ਅੱਗੇ ਵਧ ਕੇ ਬੰਦੇ ਨੂੰ ਆਪਣੀ ਜੱਫੀ ਵਿਚ ਕਿਉਂ ਨਹੀਂ ਲੈ ਲੈਂਦਾ?
ਬਰਗਮੈਨ ਫਿਲਮ ਅੰਦਰ ਪ੍ਰੋਫੈਸਰ ਨੂੰ ਇਕਾਂਤ ਵਿਚ ਚਿਣ ਦਿੰਦਾ ਹੈ। ਇਹ ਸੁਪਨਿਆਂ ਦੀ ਠਾਹਰ ਦੀ ਜਗ੍ਹਾ ਨਹੀਂ । ਅਚਾਨਕ ਉਸ ਨੂੰ ਮਹਿਸੂਸ ਹੁੰਦਾ ਹੈ ਕਿ ਉਹ ਇਕੱਲਾ ਨਹੀਂ। ਥੋੜ੍ਹੀ ਦੂਰ ਸੂਟ-ਬੂਟ ਵਿਚ ਕੋਈ ਉਸ ਵੱਲ ਪਿੱਠ ਕਰੀ ਖੜ੍ਹਾ ਹੈ। ਉਹ ਉਸ ਨੂੰ ਬੁਲਾਉਂਦਾ ਹੈ। ਅਜਨਬੀ ਦਾ ਤਾਂ ਪੂਰਾ ਵਜੂਦ ਹੀ ਤਹਿਸ-ਨਹਿਸ ਹੈ। ਚਿਹਰੇ ਤੋਂ ਕੁਝ ਵੀ ਅੰਦਾਜ਼ਾ ਨਹੀਂ ਲੱਗ ਰਿਹਾ ਕਿ ਉਹ ਕੌਣ ਹੋ ਸਕਦਾ! ਜਿੰਨੀ ਦੇਰ ਵਿਚ ਪ੍ਰੋਫੈਸਰ ਉਸ ਨਾਲ ਗੱਲ ਕਰਨ ਦੀ ਹਿੰਮਤ ਬੰਨ੍ਹਦਾ ਹੈ, ਉਹ ਬੰਦਾ ਲੋਪ ਹੋ ਜਾਂਦਾ ਹੈ। ਬਰਗਮੈਨ ਇਸ਼ਾਰਾ ਕਰਦਾ ਹੈ ਕਿ ਪ੍ਰਤੱਖ ਨਾਲੋਂ ਅਮੂਰਤ ਸਾਡੇ ਜ਼ਿਹਨ ਵਿਚ ਜ਼ਿਆਦਾ ਬੁਰੇ ਤਰੀਕੇ ਨਾਲ ਸਥਾਪਿਤ ਹੁੰਦਾ ਹੈ। ਉਸ ਨਾਲ ਵਰਤਣਾ ਵੱਧ ਔਖਾ ਹੈ। ਦੂਰ ਕਿਤੇ ਘੋੜਾ-ਬੱਘੀ ਦੀ ਆਵਾਜ਼ ਆ ਰਹੀ ਹੈ। ਬੱਘੀ ਕਿੱਥੋਂ ਅਤੇ ਕਿਉਂ ਆ ਰਹੀ ਹੈ, ਕੁਝ ਨਹੀਂ ਪਤਾ। ਬੱਘੀ ਕਿੱਥੇ ਅਤੇ ਕਿਉਂ ਜਾ ਰਹੀ ਹੈ, ਕੋਈ ਦੱਸਣ ਵਾਲਾ ਨਹੀਂ। ਫਿਲਮ ਵਿਚ ਇਹ ਬਾਖੂਬੀ ਉਭਾਰਿਆ ਗਿਆ ਹੈ ਕਿ ਸਾਡੀ ਜ਼ਿੰਦਗੀ ਵਿਚ ਕਿੰਨਾ ਕੁਝ ਇੱਦਾਂ ਦਾ ਹੈ ਜੋ ਸਾਡੇ ਸਾਹਮਣੇ ਵਾਪਰਦਾ ਜ਼ਰੂਰ ਹੈ ਪਰ ਅਸੀਂ ਉਸ ਬਾਰੇ ਕੁਝ ਵੀ ਨਹੀਂ ਜਾਣਦੇ। ਅਣਕਿਆਸੇ ਹਾਦਸੇ ਤੇ ਅਚਨਚੇਤ ਘਟਨਾਵਾਂ ਸਾਨੂੰ ਹਰ ਪਲ ਬਦਲਦੀਆਂ ਰਹੀਆਂ ਹਨ ਪਰ ਸਾਡਾ ਉਨ੍ਹਾਂ ‘ਤੇ ਕੋਈ ਕੰਟਰੋਲ ਨਹੀਂ।
ਫਿਲਮ ਵਿਚ ਤੇਜ਼ ਰਫਤਾਰ ਬੱਘੀ ਦੀ ਟੱਕਰ ਅਚਾਨਕ ਹੀ ਖੰਭੇ ਨਾਲ ਹੋ ਜਾਂਦੀ ਹੈ ਤੇ ਇਸ ਦਾ ਇੱਕ ਪਹੀਆ ਗਲੀ ਵਿਚ ਤੁਰੇ ਜਾ ਰਹੇ ਪ੍ਰੋਫੈਸਰ ਨਾਲ ਖਹਿ ਕੇ ਲੰਘ ਜਾਂਦਾ ਹੈ। ਬੱਘੀ ਦੇ ਘੋੜੇ ਦੌੜ ਜਾਂਦੇ ਹਨ ਅਤੇ ਉਸ ਅੰਦਰ ਪਿਆ ਤਾਬੂਤ ਸੜਕ ‘ਤੇ ਆਣ ਡਿੱਗਦਾ ਹੈ ਅਤੇ ਉਸ ਵਿਚੋਂ ਮੁਰਦੇ ਦਾ ਹੱਥ ਬਾਹਰ ਲਟਕ ਜਾਂਦਾ ਹੈ। ਇਹ ਹੱਥ ਪ੍ਰੋਫੈਸਰ ਨੂੰ ਤਾਬੂਤ ਦੇ ਅੰਦਰ ਵੱਲ ਧੂੰਹਦਾ ਹੈ। ਇਸ ਦ੍ਰਿਸ਼ ਦੀ ਕਲਪਨਾ ਬਰਗਮੈਨ ਦੇ ਦਿਮਾਗ ਵਿਚ ਬਹੁਤ ਸਾਲਾਂ ਤੋਂ ਸੀ। ਅਸਲ ਵਿਚ ਇਸ ਫਿਲਮ ਵਿਚ ਪ੍ਰੋਫੈਸਰ ਦੀ ਭੂਮਿਕਾ ਨਿਭਾਉਣ ਵਾਲਾ ਐਕਟਰ ਸੋਸਤਰੌਮ ਨਾਟਕਕਾਰ ਅਤੇ ਫਿਲਮਸਾਜ਼ ਵੀ ਸੀ ਜਿਸ ਦੀ ਫਿਲਮ ‘ਦਿ ਫੈਂਟਮ ਕੈਰਿਜ਼’ ਬਰਗਮੈਨ ਨੇ ਪੰਦਰਾਂ ਸਾਲ ਦੀ ਉਮਰ ਵਿਚ ਦੇਖੀ ਸੀ ਅਤੇ ਫਿਰ ਲਗਾਤਾਰ ਹਰ ਸਾਲ ਦੇਖਦਾ ਰਿਹਾ। ਜਿਹੜੀ ਬੱਘੀ ਉਸ ਦੇ ਸਾਹਮਣੇ ਖਿਲਰੀ ਪਈ ਹੈ, ਉਹ ਅਸਲ ਵਿਚ ਸਵੀਡਨ ਦੇ ਸਿਨੇਮੇ ਦੀ ਉਸ ਪੀੜ੍ਹੀ ਦੀਆਂ ਧਾਰਨਾਵਾਂ, ਫਿਲਮ ਥਿਊਰੀਆਂ, ਫਿਲਮ ਦੀ ਰੂਪ ਅਤੇ ਸੋਚ ਦੇ ਬਿੰਦੂ ਹਨ ਜਿਨ੍ਹਾਂ ਦੀ ਨੁਮਾਇੰਦਗੀ ਸੋਸਤਰੌਮ ਕਰਦਾ ਹੈ ਅਤੇ ਜਿਨ੍ਹਾਂ ਨੂੰ ਰੁਖਸਤ ਕਰਨ ਦਾ ਸਮਾਂ ਆ ਚੁੱਕਿਆ ਹੈ। ਬਰਗਮੈਨ ਆਪਣੇ ਕਿਰਦਾਰ ਰਾਹੀਂ ਇਹ ਦੱਸਣ ਦੀ ਕੋਸ਼ਿਸ਼ ਕਰਦਾ ਹੈ ਕਿ ਇਨ੍ਹਾਂ ਦੀ ਮਿੱਠੀ ਜਕੜ ਵਿਚੋਂ ਨਿਕਲੇ ਬਿਨਾ ਨਵੀਂ ਸਿਨੇਮਈ ਸਿਰਜਣਾ ਕਰਨੀ ਸੰਭਵ ਨਹੀਂ। ਇਸ ਦ੍ਰਿਸ਼ ਰਾਹੀਂ ਉਹ ਇਹ ਦਰਸਾਉਣ ਦੀ ਕੋਸ਼ਿਸ ਵੀ ਕਰਦਾ ਹੈ ਕਿ ਕਿਵੇਂ ਅਸੀਂ ਪੂਰੀ ਉਮਰ ਆਪਣੇ ਅਤੀਤ ਦੇ ਪੰਜਿਆਂ ਵਿਚ ਕਿਸੇ ਬੇਵੱਸ ਸ਼ਿਕਾਰ ਵਾਂਗ ਫਸੇ ਰਹਿੰਦੇ ਹਾਂ, ਫਿਰ ਵੀ ਭਵਿਖ ਦੇ ਸੁਪਨੇ ਲੈਣੇ ਬੰਦ ਨਹੀਂ ਕਰਦੇ। ਇਹ ਦ੍ਰਿਸ਼ ਇਹ ਵੀ ਦਰਸਾਉਂਦਾ ਹੈ ਕਿ ਜ਼ਿੰਦਗੀ ਅਤੇ ਮੌਤ ਦਾ ਘੇਰਾ ਕਿੰਨਾ ਗੋਲ ਹੈ। ਅਸੀਂ ਕਿੰਨੀ ਵਾਰ ਮੌਤ ਦੇ ਦੰਦਿਆਂ ਵਿਚ ਫਸ ਕੇ ਜਿਊਣ ਲਈ ਤਾਂਘਦੇ ਹਾਂ ਅਤੇ ਬਹੁਤ ਵਾਰ ਜ਼ਿੰਦਗੀ ਦੀ ਕਸ਼ਮਕਸ਼ ਵਿਚ ਫਸੇ ਹੋਏ ਮੌਤ ਦੀ ਅੰਨ੍ਹੀ ਉਡੀਕ ਕਰਦੇ ਹਾਂ।
ਬਰਗਮੈਨ ਦੀ ਫਿਲਮ ਦਾ ਕਿਰਦਾਰ ਆਪਣੇ ਬੁਰੇ ਸੁਪਨੇ ਤੋਂ ਜਾਗਦਾ ਹੈ। ਉਸ ਨੇ ਆਪਣੀ ਉਮਰ ਭਰ ਦੇ ਸ਼ਾਨਦਾਰ ਅਧਿਆਪਨ ਲਈ ਦਿੱਤਾ ਜਾਣ ਵਾਲਾ ਖਾਸ ਸਨਮਾਨ ਲੈਣ ਲਈ ਲੰਮੇ ਸਫਰ ‘ਤੇ ਨਿਕਲਣਾ ਹੈ। ਉਸ ਲਈ ਹੁਣ ਇਹ ਸਭ ਰਸਮੀ ਕਾਰਵਾਈ ਤੋਂ ਵੱਧ ਕੁਝ ਵੀ ਨਹੀਂ ਪਰ ਉਹ ਇਹ ਸਨਮਾਨ ਲੈਣ ਦਾ ਫੈਸਲਾ ਕਰਦਾ ਹੈ। ਉਸ ਕੋਲ ਬੇਅੰਤ ਝੋਰਾ, ਰੰਜ਼ ਅਤੇ ਪਛਤਾਵਾ ਹੈ। ਸਭ ਤੋਂ ਵੱਧ ਉਸ ਨੂੰ ਮੌਤ ਦਾ ਭੈਅ ਲਗਾਤਾਰ ਤੰਗ ਕਰ ਰਿਹਾ ਹੈ। ਉਸ ਦਾ ਪੁੱਤਰ ਅਤੇ ਨੂੰਹ ਉਸ ਨਾਲ ਜਾਣ ਦਾ ਫੈਸਲਾ ਕਰਦੇ ਹਨ। ਉਨ੍ਹਾਂ ਨੂੰ ਰਸਤੇ ਵਿਚ ਬਹੁਤ ਸਾਰੇ ਵਿਦਿਆਰਥੀ ਮਿਲਦੇ ਹਨ। ਉਨ੍ਹਾਂ ਨਾਲ ਹੋਈਆਂ ਮੁਲਾਕਾਤਾਂ ਅਤੇ ਗੱਲਾਂ-ਬਾਤਾਂ ਤੋਂ ਪ੍ਰੋਫੈਸਰ ਨੂੰ ਇਹ ਸਮਝ ਆ ਜਾਂਦੀ ਹੈ ਕਿ ਉਸ ਦੀ ਜ਼ਿੰਦਗੀ ਵਿਚ ਬਹੁਤ ਕੁਝ ਅਣਸੁਲਝਿਆ ਅਤੇ ਅਣਮਾਣਿਆ ਹੋਣ ਦੇ ਨਾਲ-ਨਾਲ ਅਣਚਾਹਿਆ ਵੀ ਹੈ।
ਉਸ ਦੀ ਜ਼ਿੰਦਗੀ ਦੇ ਇਨ੍ਹਾਂ ਸਾਰੇ ਰੰਗਾਂ ਅਤੇ ਦਰਦਾਂ ਨੂੰ ਦਰਸਾਉਣ ਲਈ ਬਰਗਮੈਂਨ ਵਾਰ-ਵਾਰ ਫਲੈਸ਼ਬੈਕ ਤਕਨੀਕ ਦੀ ਵਰਤੋਂ ਕਰਦਾ ਹੈ। ਉਹ ਇਸ ਕਿਰਦਾਰ ਦੀਆਂ ਯਾਦਾਂ ਵਿਚੋਂ ਗੁਜ਼ਰਦਾ ਹੈ, ਉਸ ਦੇ ਸੁਪਨਿਆਂ ਨੂੰ ਛਾਣਦਾ ਹੈ, ਉਸ ਦੀਆਂ ਗਲਤੀਆਂ ਦੀ ਤਫਸੀਲ ਬਿਆਨ ਕਰਦਾ ਹੈ ਅਤੇ ਉਸ ਦੇ ਸੰਸਿਆਂ ਤੇ ਡਰਾਂ ਨੂੰ ਉਨ੍ਹਾਂ ਦੇ ਨੰਗੇ-ਚਿੱਟੇ ਰੂਪ ਵਿਚ ਦਰਸ਼ਕਾਂ ਸਾਹਮਣੇ ਬਿਆਨ ਕਰਦਾ ਹੈ। ਉਸ ਦੀ ਇਸ ਬਿਆਨ ਦੀ ਘਾੜਤ ਯਾਦਾਂ ਨੇ ਘੜੀ ਹੈ। ਉਸ ਲਈ ਇਹੀ ਫਿਲਮ ਦਾ ਸਭ ਤੋਂ ਖਾਲਸ ਰੂਪ ਹੈ।
ਇਸ ਫਿਲਮ ਵਿਚ ਬਰਗਮੈਨ ਮਨੁੱਖੀ ਦਵੰਦਾਂ, ਖਾਹਿਸ਼ਾਂ, ਸੁਪਨਿਆਂ ਤੇ ਡਰਾਂ ਦੀ ਨਿਰੰਤਰ ਚਲਦੀ ਲੜੀ ਸਿਰਜਦਾ ਹੈ ਜਿਸ ਦਾ ਨਾ ਕੋਈ ਆਰੰਭ ਹੈ ਅਤੇ ਨਾ ਹੀ ਕੋਈ ਅੰਤ। ਉਸ ਦੀ ਇਸ ਖੂਬਸੂਰਤ ਅਤੇ ਸੰਵੇਦਨਸ਼ੀਲ ਫਿਲਮ ਵਾਂਗ ਜ਼ਿੰਦਗੀ ਸਾਡੀਆਂ ਰਗਾਂ ਤੇ ਸਾਹਾਂ ਵਿਚ ਵਹਿੰਦੀ ਹੈ ਅਤੇ ਅਸੀਂ ਜਿਊਣ ਦੀਆਂ ਤਿਆਰੀਆਂ ਕਰਦੇ ਰਹਿ ਜਾਂਦੇ ਹਾਂ। ਆਖਿਰ ਇੱਕ ਦਿਨ ਮੌਤ ਆ ਕੇ ਸਾਡੇ ਕਫਨ ਦਾ ਨਾਪ ਲੈ ਲੈਂਦੀ ਹੈ।