ਗੁਰਬਚਨ ਸਿੰਘ
ਫੋਨ: 91-98156-98451
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੰਗਰੇਜ਼ੀ ਦੇ ਅਖਬਾਰ ‘ਇੰਡੀਅਨ ਐਕਸਪ੍ਰੈਸ’ ਨਾਲ ਗੱਲਬਾਤ ਕਰਦਿਆਂ ਇਹ ਗੱਲ ਬੜੇ ਜੋਰ ਨਾਲ ਉਭਾਰੀ ਹੈ ਕਿ “ਜੇ ਚੀਨ ਨਾਲ ਭਾਰਤ ਦੀ ਲੜਾਈ ਹੋਈ ਤਾਂ ਉਸ ਵਿਚ ਪਾਕਿਸਤਾਨ ਜਰੂਰ ਸ਼ਾਮਿਲ ਹੋਵੇਗਾ।” ਆਰਥਕ ਮੰਦਵਾੜੇ ਦੇ ਬਾਵਜੂਦ ਉਸ ਨੇ ਮੋਦੀ ਸਰਕਾਰ ਨੂੰ ਵੱਡੀ ਪੱਧਰ ਉਤੇ ਫੌਜੀ ਤਿਆਰੀ ਕਰਨ ਦਾ ਸੁਝਾਅ ਦਿੱਤਾ ਹੈ। ਹੁਣ ਇਥੇ ਸਾਡੇ ਸਾਰਿਆਂ ਦੇ ਸੋਚਣ ਵਾਲਾ ਨੁਕਤਾ ਇਹ ਹੈ ਕਿ ਇਹ ਨੌਬਤ ਹੀ ਕਿਉਂ ਆਈ ਕਿ ਭਾਰਤ ਵਿਰੁਧ ਲੜੀ ਜਾਣ ਵਾਲੀ ਜੰਗ ਵਿਚ ਪਾਕਿਸਤਾਨ ਅਤੇ ਚੀਨ ਇਕਜੁਟ ਹੋ ਗਏ ਹਨ?
ਕਿਥੇ ਤਾਂ ਇਸ ਤੋਂ ਪਹਿਲਾਂ ਚੀਨ, ਭਾਰਤ ਨਾਲ ਯੁਧਨੀਤਕ ਸਾਂਝ ਪਾਉਣ ਦੇ ਯਤਨ ਕਰ ਰਿਹਾ ਸੀ, ਜਿਸ ਦਾ ਨਰੇਂਦਰ ਮੋਦੀ ਖੁਦ ਬੜਾ ਪ੍ਰਚਾਰ ਕਰ ਰਿਹਾ ਸੀ ਅਤੇ ਕਿਥੇ ਹੁਣ ਉਹ ਪਾਕਿਸਤਾਨ ਨਾਲ ਮਿਲ ਕੇ ਗਲਵਾਨ ਘਾਟੀ ਤੋਂ ਬਾਅਦ ਭਾਰਤ ਨੂੰ ਇਕ ਹੋਰ ਫੌਜੀ ਝਟਕਾ ਦੇਣ ਦੀਆਂ ਧਮਕੀਆਂ ਦੇ ਰਿਹਾ ਹੈ ਤੇ ਉਸ ਦੀਆਂ ਤਿਆਰੀਆਂ ਕਰ ਰਿਹਾ ਹੈ। ਡੋਕਲਾਮ ਵਿਚ ਬੀੜੀਆਂ ਮਿਜ਼ਾਈਲਾਂ ਇਸ ਦੀ ਤਾਜਾ ਮਿਸਾਲ ਹਨ।
ਮੋਦੀ ਸਰਕਾਰ ਦੀਆਂ ਨੀਤੀਆਂ ਦੇ ਪੈਰੋਕਾਰ ਤੇ ਸੀਨੀਅਰ ਪੱਤਰਕਾਰ ਸ਼ੇਖਰ ਗੁਪਤਾ ਨੇ ਆਪਣੇ ਇੰਟਰਨੈਟ ਅਖਬਾਰ ‘ਦ ਪ੍ਰਿੰਟ’ ਵਿਚ ਛਪੀ ਆਪਣੀ ਇਕ ਲਿਖਤ ‘ਚ ਇਸ ਨੁਕਤੇ ਦੀ ਜਾਣਕਾਰੀ ਦਿੱਤੀ ਹੈ। ਸ਼ੇਖਰ ਗੁਪਤਾ ਦਾ ਕਹਿਣਾ ਹੈ ਕਿ ਚੀਨ ਦੇ ਫੌਜੀ ਮੁਖੀ ਅਤੇ ਰਾਸ਼ਟਰਪਤੀ ‘ਸ਼ੀ ਜਿਨਪਿੰਗ ਨੇ ਨਰੇਂਦਰ ਮੋਦੀ ਨੂੰ ਉਸ ਦੀ ਰਾਜਸੀ ਜ਼ਿੰਦਗੀ ਦੀ ਸਭ ਤੋਂ ਵਡੀ ਚੁਣੌਤੀ ਦਿੱਤੀ ਹੈ। ਆਉਣ ਵਾਲੇ ਦਿਨਾਂ, ਹਫਤਿਆਂ, ਮਹੀਨਿਆਂ ਅਤੇ ਸਾਲਾਂ ਵਿਚ ਇਸ ਬਾਰੇ ਲਿਆ ਗਿਆ ਕੋਈ ਵੀ ਫੈਸਲਾ ਜਿਥੇ ਭਾਰਤ ਦੇ ਭਵਿਖ ਦੀ ਦਿਸ਼ਾ ਤੈਅ ਕਰੇਗਾ, ਉਥੇ ਨਰੇਂਦਰ ਮੋਦੀ ਦੇ ਆਪਣੇ ਰਾਜਸੀ ਭਵਿਖ ਦਾ ਵੀ ਫੈਸਲਾ ਕਰੇਗਾ।’
ਲਿਖਤ ਵਿਚ ਦਿੱਤੀ ਗਈ ਜਾਣਕਾਰੀ ਅਨੁਸਾਰ ਨਰੇਂਦਰ ਮੋਦੀ ਨੇ ਪਿਛਲੇ 6 ਸਾਲ ਵਿਚ ਕਈ ਅਣਕਿਆਸੇ ਅਤੇ ਹੈਰਾਨੀਜਨਕ ਫੈਸਲੇ ਲੈਣ ਦੀ ਦਲੇਰੀ ਕੀਤੀ ਹੈ। ਨਰੇਂਦਰ ਮੋਦੀ ਦੇ ਕਾਬਲ ਤੋਂ ਵਾਪਸ ਆਉਂਦਿਆਂ ਪਾਕਿਸਤਾਨ ਰੁਕਣਾ ਇਸ ਦਲੇਰੀ ਦੀ ਇਕ ਮਿਸਾਲ ਹੈ। ਸ਼ੇਖਰ ਗੁਪਤਾ ਦਾ ਕਹਿਣਾ ਹੈ ਕਿ ਮਹਾਨ ਆਗੂ ਹਮੇਸ਼ਾ ਯੁਧਨੀਤਕ ਅਤੇ ਰਣਨੀਤਕ ਮਸਲਿਆਂ ਵਿਚਾਲੇ ਨਿਖੇੜਾ ਕਰਦੇ ਹਨ। ਅਟਲ ਬਿਹਾਰੀ ਵਾਜਪਾਈ ਤੋਂ ਲੈ ਕੇ ਡਾ. ਮਨਮੋਹਨ ਸਿੰਘ ਤਕ ਸਾਰੇ ਪ੍ਰਧਾਨ ਮੰਤਰੀ ਪਾਕਿਸਤਾਨ ਨਾਲ ਰਿਸ਼ਤੇ ਸੁਧਾਰਨ ਲਈ ਗੱਲਬਾਤ ਕਰਦੇ ਰਹੇ, ਜਦੋਂ ਕਿ ਮੋਦੀ ਅਤੇ ਉਸ ਦੀ ਪਾਰਟੀ ਨੇ ਪਾਕਿਸਤਾਨ ਨੂੰ ਸਾਰੇ ਦੇਸ਼ਾਂ ਵਿਚੋਂ ਨਿਖੇੜਨ ਦੇ ਯਤਨ ਕਰਦਿਆਂ ਆਪਣੀ ਸਾਰੀ ਰਾਜਸੀ ਚੋਣ-ਨੀਤੀ ਪਾਕਿਸਤਾਨ, (ਸਿੱਖ-ਮੁਸਲਿਮ) ਦਹਿਸ਼ਤਗਰਦੀ ਅਤੇ ਇਸਲਾਮ ਵਿਰੁਧ ਸੇਧਤ ਕਰ ਦਿੱਤੀ। ਮੋਦੀ ਨੇ ਚੀਨ ਨੂੰ ਭਰਮਾਉਣ ਲਈ ਉਸ ਨਾਲ ਦੋਸਤੀ ਦੇ ਵੱਡੇ-ਵੱਡੇ ਦਾਅਵੇ ਕੀਤੇ ਅਤੇ ਦੋਹਾਂ ਦੇਸ਼ਾਂ ਵਿਚਲੇ ਵਪਾਰ ਦੇ 60 ਅਰਬ ਡਾਲਰ ਦੇ ਘਾਟੇ ਵਲੋਂ ਅੱਖਾਂ ਮੀਟ ਛੱਡੀਆਂ। ਹਾਲਾਂ ਕਿ ਦੇਸ਼ ਦੀਆਂ ਆਰਥਕ ਹਾਲਤਾਂ ਅਤੇ ਸਵਦੇਸ਼ੀ ਰਾਸ਼ਟਰਵਾਦ ਨੇ ਉਸ ਨੂੰ ਅਮਰੀਕਾ ਨਾਲ ਕੋਈ ਛੋਟਾ ਜਿਹਾ ਵਾਪਾਰਕ ਸਮਝੌਤਾ ਵੀ ਨਾ ਕਰਨ ਲਈ ਮਜਬੂਰ ਕੀਤਾ। ਲਿਖਤ ਅਨੁਸਾਰ ਮੋਦੀ ਦੀਆਂ ਗਿਣਤੀਆਂ-ਮਿਣਤੀਆਂ ਇਹ ਸਨ ਕਿ 60 ਅਰਬ ਡਾਲਰ ਦੇ ਲਾਲਚ ਵਿਚ ਚੀਨ ਪਾਕਿਸਤਾਨ ਬਾਰੇ ਚੁਪ ਰਹੇਗਾ ਅਤੇ ਮੋਦੀ ਸਰਕਾਰ ਉਸ ਦੀ ਇਸ ਚੁਪ ਦਾ ਫਾਇਦਾ ਪਾਕਿਸਤਾਨ ਵਿਰੋਧੀ ਪ੍ਰਚਾਰ ਵਿਚ ਉਠਾਏਗੀ। ਪੂਰਬ ਵਿਚ ਚੀਨ ਅਤੇ ਪੱਛਮ ਵਿਚ ਅਰਬ ਮੁਲਕਾਂ ਨਾਲ ਵਪਾਰਕ ਸਮਝੌਤੇ ਕਰ ਕੇ ਮੋਦੀ ਨੂੰ ਇਹ ਵਹਿਮ ਸੀ ਕਿ ਉਹ ਪਾਕਿਸਤਾਨ ਨੂੰ ਇਸ ਖਿਤੇ ਵਿਚ ਇਕੱਲਾ ਕਰ ਦੇਵੇਗਾ, ਪਰ ਸ਼ੀ ਜਿਨਪਿੰਗ ਨੇ ਮੋਦੀ ਦੀਆਂ ਇਨ੍ਹਾਂ ਸਾਰੀਆਂ ਗਿਣਤੀਆਂ-ਮਿਣਤੀਆਂ ਨੂੰ ਫੇਲ੍ਹ ਕਰ ਦਿੱਤਾ ਹੈ। ਨਰੇਂਦਰ ਮੋਦੀ ਹੁਣ ਦੋਹਾਂ ਪਾਸਿਆਂ ਤੋਂ ਕਸੂਤਾ ਘਿਰ ਗਿਆ ਹੈ।
ਸ਼ੇਖਰ ਗੁਪਤਾ ਅਨੁਸਾਰ ਹੁਣ ਮੋਦੀ ਕੋਲ ਤਿੰਨ ਰਸਤੇ ਬਚੇ ਹਨ। ਪਹਿਲਾਂ, ਇੱਕ ਵੱਡੀ ਮਹਾਸ਼ਕਤੀ (ਅਮਰੀਕਾ) ਨਾਲ ਜੁੜ ਜਾਏ। ਦੂਜਾ, ਦੋ ਗੁਆਂਢੀ ਮੁਲਕਾਂ ਵਿਚੋਂ ਇਕ ਨਾਲ ਸਮਝੌਤਾ ਕਰੇ ਅਤੇ ਜਾਂ ਫਿਰ ਤੀਜਾ, ਇਕੋ ਵੇਲੇ ਦੋ ਮੋਰਚਿਆਂ ਉਤੇ ਲੜੇ। ਸ਼ੇਖਰ ਗੁਪਤਾ ਦਾ ਇਹ ਵੀ ਮੰਨਣਾ ਹੈ ਕਿ ਦੁਨੀਆਂ ਹੁਣ ਬਹੁਧਰੁਵੀ ਬਣ ਚੁਕੀ ਹੈ। ਅਮਰੀਕਾ ਦੁਨੀਆਂ ਦੀ ਇਕੋ-ਇਕ ਮਹਾਸ਼ਕਤੀ ਨਹੀਂ ਰਿਹਾ। ਚੀਨ ਨੇ ਦੂਜੇ ਧੁਰੇ ਵਜੋਂ ਰੂਸ ਦੀ ਥਾਂ ਲੈ ਲਈ ਹੈ। ਸ਼ੇਖਰ ਗੁਪਤਾ ਦਾ ਇਹ ਵੀ ਕਹਿਣਾ ਹੈ ਕਿ ਦੋ ਦੁਸ਼ਮਣ ਧਿਰਾਂ ਵਿਚਾਲੇ ਸਮਝੌਤਾ ਸਿਰਫ ਵੱਡੀ ਧਿਰ ਦੀ ਮਰਜੀ ਨਾਲ ਹੀ ਸੰਭਵ ਹੈ ਅਤੇ ਸਰਹੱਦੀ ਫੈਸਲੇ ਨੂੰ ਨਿਬੇੜਨ ਵਿਚ ਚੀਨ ਦੀ ਕੋਈ ਦਿਲਚਸਪੀ ਨਹੀਂ। ਸ਼ੀ ਜਿਨਪਿੰਗ ਭਾਰਤ ਨਾਲ ਸਮਝੌਤਾ ਨਹੀਂ ਕਰੇਗਾ।
ਸ਼ੇਖਰ ਗੁਪਤਾ ਪੁਛਦਾ ਹੈ ਕਿ ਕੀ ਫਿਰ ਮੋਦੀ ਪਾਕਿਸਤਾਨ ਨਾਲ ਸਮਝੌਤਾ ਕਰੇਗਾ? ਸ਼ੇਖਰ ਗੁਪਤਾ ਫਿਰ ਆਪ ਹੀ ਜੁਆਬ ਦਿੰਦਾ ਹੈ: ਇਹ ਸਮਝੌਤਾ ਰਾਤੋ-ਰਾਤ ਨਹੀਂ ਹੋ ਸਕਦਾ ਅਤੇ ਫਿਰ ਇਸ ਸਮਝੌਤੇ ਦਾ ਇਕ ਦੂਜਾ ਪੱਖ ਵੀ ਹੈ। ਮੋਦੀ ਨੂੰ ਆਪਣੀ ਪਾਕਿਸਤਾਨ-ਦਹਿਸ਼ਤਗਰਦੀ ਅਤੇ ਇਸਲਾਮ ਵਿਰੋਧੀ ਸਾਰੀ ਚੋਣ ਰਣਨੀਤੀ ਬਦਲਣੀ ਪਵੇਗੀ। ਪਰ ਫਿਰ ਇਹ ਸੁਆਲ ਪੈਦਾ ਹੁੰਦਾ ਹੈ ਕਿ ਕੀ ਤੁਹਾਡੀਆਂ ਭੜਕਾਈਆਂ ਰਾਸ਼ਟਰਵਾਦੀ ਭਾਵਨਾਵਾਂ ਤੁਹਾਨੂੰ ਇੰਜ ਕਰਨ ਦੇਣਗੀਆਂ? ਇਥੇ ਆ ਕੇ ਮੋਦੀ ਦੀ ‘ਦੇਸ਼ ਭਗਤ’ ਨਫਰਤੀ ਰਾਜਨੀਤੀ ਦੇ ਸਾਰੇ ਰਸਤੇ ਬੰਦ ਹੋ ਜਾਂਦੇ ਹਨ।
ਸ਼ੇਖਰ ਗੁਪਤਾ ਦਾ ਹਵਾਲਾ ਮੈਂ ਸੁਚੇਤ ਰੂਪ ਵਿਚ ਇਸ ਕਰ ਕੇ ਦਿੱਤਾ ਹੈ ਤਾਂ ਕਿ ਕਿਤੇ ਇਹ ਨਾ ਸਮਝਿਆ ਜਾਏ ਕਿ ਇਹ ਸਾਰਾ ਬਿਰਤਾਂਤ ਮੈਂ ਆਪਣੇ ਤਰਕ ਦੀ ਪੁਸ਼ਟੀ ਲਈ ਘੜ ਰਿਹਾ ਹਾਂ। ਇਹ ਬਾਹਰਮੁਖੀ ਹਾਲਤਾਂ ਹਨ, ਜਿਨ੍ਹਾਂ ਵਿਚ ਮੋਦੀ ਸਰਕਾਰ ਘਿਰ ਗਈ ਹੈ। ਚੀਨ ਨਾਲ ਉਹ ਲੜ ਨਹੀਂ ਸਕਦੀ ਅਤੇ ਲੜੇ ਬਿਨਾ ਚੀਨ ਗਲਵਾਨ ਘਾਟੀ ਅਤੇ ਆਪਣੇ ਕਬਜੇ ਹੇਠ ਲਏ ਹੋਰ ਇਲਾਕੇ ਛੱਡਣ ਨੂੰ ਤਿਆਰ ਨਹੀਂ। ਪਾਰਲੀਮੈਂਟ ਵਿਚ ਚੀਨ ਕੋਲੋਂ ਅਕਸਾਈ ਚਿੰਨ੍ਹ ਲੈਣ ਦੇ ਦਾਅਵੇ ਕਰਨ ਵਾਲਾ ਅਮਿਤ ਸ਼ਾਹ ਹੁਣ ਇਸ ਸਾਰੇ ਮਸਲੇ ਬਾਰੇ ਦੜ ਵੱਟ ਗਿਆ ਹੈ। ਆਪਣੇ ਤੋਂ ਮਾੜੇ ਮੁਲਕ ਪਾਕਿਸਤਾਨ ਨੂੰ ਧਮਕੀਆਂ ਦੇ ਕੇ ‘ਦੇਸ਼ ਭਗਤੀ’ ਦੀਆਂ ਡੀਂਗਾਂ ਮਾਰਨ ਵਾਲੇ ਲੋਕ ਹੁਣ ਅਮਰੀਕੀ ਸਮੁੰਦਰੀ ਜੰਗੀ ਬੇੜਿਆਂ ਦੀ ਦੱਖਣੀ ਚੀਨ ਵਿਚ ਮੌਜੂਦਗੀ ਅਤੇ ‘ਜਲਾਵਤਨ’ ਤਿੱਬਤ ਸਰਕਾਰ ਦਾ ਦਬਾਅ ਪਾ ਕੇ ਆਪਣੀ ਝੂਠੀ ਇੱਜਤ ਬਚਾਉਣ ਦਾ ਕੋਈ ਰਾਹ ਲੱਭ ਰਹੇ ਹਨ।
ਇਥੇ ਧਿਆਨ ਵਿਚ ਰਹੇ ਕਿ 1980 ਵਿਆਂ ਵਿਚ ਇਸ ਨਫਰਤੀ ਰਾਜਨੀਤੀ ਦਾ ਅਰੰਭ ਇੰਦਰਾ ਗਾਂਧੀ ਨੇ ਸਿੱਖਾਂ ਨੂੰ ਨਿਸ਼ਾਨਾ ਬਣਾ ਕੇ ਕੀਤਾ ਸੀ, ਜਿਸ ਦਾ ਸਿੱਟਾ ਜੂਨ 1984 ਵਿਚ ਸ੍ਰੀ ਦਰਬਾਰ ਸਾਹਿਬ ਉਤੇ ਹੋਏ ਫੌਜੀ ਹਮਲੇ ਅਤੇ ਉਸ ਦੀ ਮੌਤ ਦੇ ਰੂਪ ਵਿਚ ਨਿਕਲਿਆ। ਲਾਲ ਕ੍ਰਿਸ਼ਨ ਅਡਵਾਨੀ ਨੇ ਇਸੇ ਨਫਰਤੀ ਰਾਜਨੀਤੀ ਨੂੰ ਮੁਸਲਿਮ ਵਿਰੋਧ ਵਿਚ ਜਥੇਬੰਦ ਕਰ ਕੇ 6 ਦਸੰਬਰ 1992 ਨੂੰ ਬਾਬਰੀ ਮਸਜਿਦ ਦੀ ਸ਼ਹਾਦਤ ਨਾਲ ਅੱਗੇ ਤੋਰਿਆ ਅਤੇ ਕੇਂਦਰ ਵਿਚ ਕਰੀਬ ਸਾਢੇ ਪੰਜ ਸਾਲ ਸਰਕਾਰ ਚਲਾਈ। ਨਰੇਂਦਰ ਮੋਦੀ ਉਸੇ ਬ੍ਰਾਹਮਣੀ ਨਫਰਤੀ ਰਾਜਨੀਤੀ ਦਾ ਕਾਰਪੋਰੇਟ ਸੈਕਟਰ ਨਾਲ ਗਠਜੋੜ ਬਣਾ ਕੇ ਉਸ ਰਾਜਨੀਤੀ ਨੂੰ ਇਥੇ ਤਕ ਲੈ ਕੇ ਆਇਆ ਹੈ। ਸ਼ੇਖਰ ਗੁਪਤਾ ਦੇ ਕਥਨ ਅਨੁਸਾਰ ‘ਨਰੇਂਦਰ ਮੋਦੀ ਨੇ ਆਪਣੀ ਸਾਰੀ ਰਾਜਸੀ ਚੋਣ-ਨੀਤੀ ਪਾਕਿਸਤਾਨ, ਦਹਿਸ਼ਤਗਰਦੀ ਅਤੇ ਇਸਲਾਮ ਵਿਰੁਧ ਸੇਧਤ ਕਰ ਦਿੱਤੀ।’
ਬਿਨਾ ਸ਼ੱਕ ਨਰੇਂਦਰ ਮੋਦੀ ਨੇ ਅਡਵਾਨੀ ਦੀ ਬ੍ਰਾਹਮਣੀ ਨਫਰਤੀ ਰਾਜਨੀਤੀ ਨੂੰ ਹੋਰ ਉਚੇ ਪੱਧਰ ਉਤੇ ਪੁਚਾਇਆ। ਦਸੰਬਰ 2008 ਵਿਚ ਹੋਈਆਂ ਗੁਜਰਾਤ ਚੋਣਾਂ ਦੌਰਾਨ ਉਸ ਨੇ ਸਾਰੇ ਸਥਾਪਿਤ ਨੇਮਾਂ ਦੀਆਂ ਧੱਜੀਆਂ ਉਡਾਉਂਦਿਆਂ ਸ਼ੱਰੇਆਮ ਇਸਲਾਮ ਅਤੇ ਪਾਕਿਸਤਾਨ ਵਿਰੁਧ ਜ਼ਹਿਰ ਉਗਲੀ। ਉਸ ਦੇ ਪ੍ਰਚਾਰ ਦਾ ਕੇਂਦਰੀ ਨੁਕਤਾ ਇਹ ਸੀ, “ਇਹ ਚੋਣਾਂ ਧਰਮ ਨਾਲ ਸਬੰਧਤ ਹਨ। ਇਹ ਚੋਣਾਂ ਫੈਸਲਾ ਕਰਨਗੀਆਂ ਕਿ ਹਿੰਦੂਆਂ ਦਾ ਰਖਵਾਲਾ ਕੌਣ ਹੈ? ਜਦੋਂ ਅਸੀਂ ਹਿੰਦੂ ਧਰਮ ਨੂੰ ਬਚਾਉਣ ਦੀ ਗੱਲ ਕਰਦੇ ਹਾਂ ਤਾਂ ਕਿਹਾ ਜਾਂਦਾ ਹੈ ਕਿ ਅਸੀਂ ਹਿੰਦੂ ਅਤਿਵਾਦ ਫੈਲਾ ਰਹੇ ਹਾਂ। ਹਿੰਦੂ ਅਤਿਵਾਦੀ ਨਹੀਂ ਬਣ ਸਕਦੇ। ਜੇ ਕਿਸੇ ਦਿਨ ਹਿੰਦੂਆਂ ਦਾ ਇਕ ਗਰੁਪ ਵੀ ਅਤਿਵਾਦੀ ਬਣ ਗਿਆ ਤਾਂ ਉਹ ਦੁਨੀਆਂ ਉਤੇ ਰਾਜ ਕਰਨਗੇ ਅਤੇ ਪਾਕਿਸਤਾਨ ਦਾ ਇਸ ਦੁਨੀਆਂ ਤੋਂ ਨਾਂ-ਨਿਸ਼ਾਨ ਤਕ ਮਿਟ ਜਾਏਗਾ। ਮੈਂ ਗੋਧਰਾ ਦੇ ਮੁਸਲਮਾਨਾਂ ਨੂੰ ਕਿਹਾ ਸੀ ਕਿ ਉਹ ਮੁਜਰਿਮਾਂ ਨੂੰ ਸ਼ਰਨ ਨਾ ਦੇਣ, ਪਰ ਉਹ ਨਹੀਂ ਮੰਨੇ। ਅੱਜ ਉਹ ਸ਼ਰਮ ਨਾਲ ਸਿਰ ਉਚਾ ਨਹੀਂ ਕਰ ਸਕਦੇ। (ਇਥੇ ਮੋਦੀ 2002 ਵਿਚ ਗੁਜਰਾਤ ਅੰਦਰ ਉਸ ਦੀ ਅਗਵਾਈ ਹੇਠ ਮੁਸਲਮਾਨਾਂ ਦੇ ਹੋਏ ਕਤਲੇਆਮ ਦਾ ਹਵਾਲਾ ਦੇ ਰਿਹਾ ਹੈ।) ਮੁਸ਼ੱਰਫ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਜੇ ਉਸ ਨੇ ਗੁਜਰਾਤ ਦੇ ਲੋਕਾਂ ਲਈ ਕੋਈ ਸਮਸਿਆ ਖੜੀ ਕੀਤੀ ਤਾਂ ਹਿੰਦੂ ਦਹਿਸ਼ਤਗਰਦ ਬਣ ਕੇ ਪਾਕਿਸਤਾਨ ਦਾ ਸੰਸਾਰ ਦੇ ਨਕਸ਼ੇ ਤੋਂ ਨਿਸ਼ਾਨ ਤਕ ਮਿਟਾ ਦੇਣਗੇ।”
ਇਸੇ ਨਫਰਤੀ ਰਾਜਨੀਤੀ ਦਾ ਪ੍ਰਚਾਰ ਹੁਣ ਤਕ ਮੋਦੀ ਕਰਦਾ ਆ ਰਿਹਾ ਹੈ, ਪਰ ਇਸ ਨਫਰਤੀ ਰਾਜਨੀਤੀ ਦੀਆਂ ਆਪਣੀਆਂ ਸੀਮਾਵਾਂ ਹਨ। ਨਫਰਤ ਦੀ ਰਾਜਨੀਤੀ ਨੂੰ ਲਗਾਤਾਰ ਜਾਰੀ ਰੱਖਣ ਲਈ ਨਫਰਤੀ ਭੱਠੀ ਨੂੰ ਨਿਰੰਤਰ ਬਲਦੀ ਰੱਖਣਾ ਪੈਂਦਾ ਹੈ। ਇਸੇ ਰਾਜਨੀਤੀ ਦੀ ਇਕ ਕੜੀ ਵਜੋਂ 5 ਅਗਸਤ 2019 ਨੂੰ ਜੰਮੂ ਅਤੇ ਕਸ਼ਮੀਰ ਸੂਬੇ ਦੀ ਧਾਰਾ 370 ਖਤਮ ਕਰ ਦਿੱਤੀ ਗਈ। ਸੂਬੇ ਨੂੰ ਦੋ ਹਿਸਿਆਂ ਵਿਚ ਵੰਡ ਕੇ ਜੰਮੂ ਕਸ਼ਮੀਰ ਨੂੰ ਦਿੱਲੀ ਦੀ ਸਿੱਧੀ ਬਸਤੀ ਬਣਾਉਣ ਦਾ ਇਕ ਤਰਫਾ ਧੱਕੜ ਫੈਸਲਾ ਲਾਗੂ ਕਰ ਦਿੱਤਾ ਗਿਆ। ਗੱਲ ਇਥੇ ਹੀ ਖਤਮ ਨਹੀਂ ਹੋਈ। ਆਪਣੇ ਆਪ ਨੂੰ ਸਰਦਾਰ ਪਟੇਲ ਦੇ ਵਾਰਿਸ ਹੋਣ ਦਾ ਦਾਅਵਾ ਕਰਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪਾਰਲੀਮੈਂਟ ਵਿਚ ਇਹ ਐਲਾਨ ਕਰ ਮਾਰਿਆ ਕਿ ਅਗਲੀ ਵਾਰੀ ਆਜ਼ਾਦ ਕਸ਼ਮੀਰ ਨੂੰ ਪਾਕਿਸਤਾਨ ਕੋਲੋਂ ਅਤੇ ਅਕਸਾਈ ਚਿੰਨ੍ਹ ਨੂੰ ਚੀਨ ਕੋਲੋਂ ਆਜ਼ਾਦ ਕਰਵਾਉਣ ਦੀ ਹੈ। ਬਸ ਇਥੇ ਹੀ ਮੋਦੀ-ਸ਼ਾਹ-ਡੋਵਾਲ ਤ੍ਰਿਕੜੀ ਮਾਰ ਖਾ ਗਈ। ਪੰਜਾਬੀ ਵਿਚ ਇਕ ਕਹਾਵਤ ਹੈ, ‘ਅਤਿ ਤੇ ਖੁਦਾ ਦਾ ਵੈਰ ਹੁੰਦਾ ਹੈ।’ ਦੇਸ਼ ਅੰਦਰਲੇ ਸਿੱਖਾਂ ਅਤੇ ਮੁਸਲਮਾਨਾਂ ਸਮੇਤ ਧਾਰਮਿਕ ਘਟ ਗਿਣਤੀਆਂ ਅਤੇ ਦਲਿਤਾਂ ਦੇ ਮਨਾਂ ਵਿਚ ਪੁਲਸੀ ਦਹਿਸ਼ਤ ਪਾ ਕੇ ਸਦਾ ਲਈ ਰਾਜ ਕਰਨ ਦਾ ਸੁਪਨਾ ਲੈਣ ਵਾਲੀ ਇਹ ਤ੍ਰਿਕੜੀ ਅਮਰੀਕੀ ਸਾਮਰਾਜ ਦੀ ਸ਼ਹਿ ਉਤੇ ਚੀਨ ਨੂੰ ਵੰਗਾਰਨ ਦੀ ਹਿੰਮਤ ਕਰ ਬੈਠੀ। ਤ੍ਰਿਕੜੀ ਦੇ ਮਨ ਵਿਚ ਇਹ ਵਹਿਮ ਸੀ ਕਿ ਵੱਡੀ ਭਾਰਤੀ ਮੰਡੀ ਦੇ ਲਾਲਚ ਵਿਚ ਚੀਨ ਇਨ੍ਹਾਂ ‘ਰਾਮ ਭਗਤਾਂ’ ਦੀਆਂ ਧਮਕੀਆਂ ਬਾਰੇ ਦੜ ਵੱਟ ਜਾਏਗਾ, ਪਰ ਹੋਇਆ ਇਸ ਦੇ ਐਨ ਉਲਟ। ਇਸੇ ਨਫਰਤੀ ਰਾਜਨੀਤੀ ਦਾ ਸਿੱਟਾ ਇਹ ਨਿਕਲਿਆ ਹੈ ਕਿ ਅੱਜ ਦੇਸ਼ ਦੋਹਾਂ ਪਾਸਿਆਂ ਤੋਂ ਘਿਰ ਗਿਆ ਹੈ।
ਭਾਰਤੀ ਫੌਜ ਦੇ 20 ਜਵਾਨ ਮਾਰ ਕੇ, 76 ਬੁਰੀ ਤਰ੍ਹਾਂ ਜਖਮੀ ਕਰ ਕੇ ਅਤੇ 10 ਬੰਦੀ ਬਣਾ ਕੇ ਚੀਨ ਨੇ ਮੋਦੀ ਸਰਕਾਰ ਨੂੰ ਇਕ ਵੱਡਾ ਝਟਕਾ ਦਿੱਤਾ ਹੈ। ਲੱਦਾਖ ਵਿਚ ਚੀਨ ਦੀ ਇਸ ਫੌਜੀ ਕਾਰਵਾਈ ਨੇ ਨਾ ਸਿਰਫ ਭਾਰਤੀ ਫੌਜ ਸਗੋਂ ਆਰ. ਐਸ਼ ਐਸ਼ ਸਮੇਤ ਮੋਦੀ ਸਰਕਾਰ ਨੂੰ ਸੰਸਾਰ ਭਰ ਵਿਚ ਜਲੀਲ ਕੀਤਾ ਹੈ। ਸਾਰੇ ਮਿੰਨਤਾਂ ਤਰਲਿਆਂ ਦੇ ਬਾਵਜੂਦ ਚੀਨੀ ਫੌਜ ਪਿਛੇ ਹਟਣ ਤੋਂ ਸਾਫ ਇਨਕਾਰ ਕਰ ਰਹੀ ਹੈ। ਮੋਦੀ ਸਰਕਾਰ ਵਲੋਂ ਲੱਦਾਖ ਖੇਤਰ ਨੂੰ ਕਸ਼ਮੀਰ ਨਾਲੋਂ ਵੱਖ ਕਰਨਾ ਚੀਨ ਦੇ ਹੱਕ ਵਿਚ ਭੁਗਤਿਆ ਹੈ, ਕਿਉਂਕਿ ਕਸ਼ਮੀਰ ਦਾ ਮਸਲਾ ਯੂਨਾਈਟਿਡ ਨੇਸ਼ਨਜ਼ ਵਿਚ ਹੋਣ ਕਰਕੇ ਚੀਨ ਇਸ ਇਲਾਕੇ ਉਤੇ ਆਪਣੇ ਦਾਅਵੇ ਨੂੰ ਜੋਰਦਾਰ ਢੰਗ ਨਾਲ ਪੇਸ਼ ਨਹੀਂ ਸੀ ਕਰ ਸਕਦਾ, ਪਰ ਹੁਣ ਜਦੋਂ ਕਿ ਮੋਦੀ ਸਰਕਾਰ ਨੇ ਖੁਦ ਹੀ ਲੱਦਾਖ ਨੂੰ ਕਸ਼ਮੀਰ ਨਾਲੋਂ ਵਖ ਕਰ ਦਿੱਤਾ ਹੈ ਤਾਂ ਚੀਨ ਸਰਕਾਰ ਦੇ ਇਸ ਇਲਾਕੇ ਉਤੇ ਦਾਅਵਾ ਕਰਨ ਨੂੰ ਯੂਨਾਈਟਿਡ ਨੇਸ਼ਨਜ਼ ਵਿਚ ਚੁਣੌਤੀ ਨਹੀਂ ਦਿੱਤੀ ਜਾ ਸਕਦੀ। ਚੀਨ ਦੀ ਇਸ ਇਕੋ ਕਾਰਵਾਈ ਨੇ ਮੋਦੀ ਸਰਕਾਰ ਦੇ ਪੈਰਾਂ ਹੇਠੋਂ ਜਮੀਨ ਖਿਚ ਲਈ ਹੈ। ਨਾ ਸਿਰਫ ਏਸ਼ੀਆ ਸਗੋਂ ਸਮਾਂ ਪਾ ਕੇ ਸਾਰੇ ਸੰਸਾਰ ਦੇ ਚੌਧਰੀ ਬਣਨ ਦੀਆਂ ਉਸ ਦੀਆਂ ਸਾਮਰਾਜੀ ਲਾਲਸਾਵਾਂ ਉਤੇ ਪਾਣੀ ਫਿਰ ਗਿਆ ਹੈ। ਚੀਨ ਦੀ ਸਰਕਾਰੀ ਅਖਬਾਰ ‘ਗਲੋਬਲ ਟਾਈਮਜ਼’ ਨੇ ਮੋਦੀ ਸਰਕਾਰ ਨੂੰ ਬੜੀ ਸਪਸ਼ਟ ਚੇਤਾਵਨੀ ਦਿੱਤੀ ਹੈ ਕਿ ਜਾਂ ਤਾਂ ਉਹ ਕਰੋਨਾ ਵਾਇਰਸ ਦੀ ਮਹਾਮਾਰੀ ਪਿਛੋਂ ਬਣਨ ਵਾਲੇ ਨਵੇਂ ਸੰਸਾਰ ਪ੍ਰਬੰਧ ਵਿਚ ਚੀਨ ਦੀ ਚੌਧਰ ਕਬੂਲ ਕਰੇ, ਨਹੀਂ ਤੇ ਡੁਬ ਰਹੇ ਅਮਰੀਕੀ ਸਾਮਰਾਜ ਦੇ ਬੇੜੇ ਵਿਚ ਸੁਆਰ ਹੋ ਕੇ ਉਸ ਦੇ ਨਾਲ ਹੀ ਡੁਬਣ ਲਈ ਤਿਆਰ ਰਹੇ।
ਚੀਨ ਦੀ ਇਹ ਫੌਜੀ ਕਾਰਵਾਈ ਮੋਦੀ ਸਰਕਾਰ ਵਲੋਂ ਆਜ਼ਾਦ ਕਸ਼ਮੀਰ ਵਿਚ ਕਿਸੇ ਵੀ ਕਿਸਮ ਦੀ ਮਾਅਰਕੇਬਾਜ਼ੀ ਕਰਨ ਵਿਚ ਵੀ ਵੱਡੀ ਰੁਕਾਵਟ ਬਣ ਗਈ ਹੈ। ਆਜ਼ਾਦ ਕਸ਼ਮੀਰ ਦੇ ਕੋਲ ਬੈਠੀ ਚੀਨੀ ਫੌਜ ਮੋਦੀ ਸਰਕਾਰ ਦੀ ਇਸ ਕਿਸਮ ਦੀ ਕਿਸੇ ਵੀ ਹਰਕਤ ਵਿਚ ਸੌਖਿਆਂ ਹੀ ਦਖਲ-ਅੰਦਾਜ਼ੀ ਕਰਨ ਦੀ ਹਾਲਤ ਵਿਚ ਹੋ ਗਈ ਹੈ। ਇਸ ਕਾਰਵਾਈ ਨੇ ਪਾਕਿਸਤਾਨ ਦੇ ਚਾਰ ਟੁਕੜੇ ਕਰਨ ਦਾ ਭਰਮ ਪਾਲ ਰਹੀ ਭਾਰਤੀ ਫੌਜ ਅਤੇ ਆਰ. ਐਸ਼ ਐਸ਼ ਦੇ ਵੀ ਹੱਥ ਬੰਨ ਦਿੱਤੇ ਹਨ, ਕਿਉਂਕਿ ਇਸ ਕਾਰਵਾਈ ਨਾਲ ਮੋਦੀ ਸਰਕਾਰ ਨੂੰ ਸਪਸ਼ਟ ਸੰਕੇਤ ਪਹੁੰਚ ਗਿਆ ਹੈ ਕਿ ਪਾਕਿਸਤਾਨ ਉਤੇ ਕੀਤੇ ਗਏ ਕਿਸੇ ਵੀ ਹਮਲੇ ਨੂੰ ਚੀਨੀ ਫੌਜ ਦਰਸ਼ਕ ਬਣ ਕੇ ਨਹੀਂ ਵੇਖੇਗੀ। ਫਿਰ ਨੇਪਾਲ ਕੋਲੋਂ ਇਸ ਖਿਤੇ ਵਿਚ ਭਾਰਤੀ ਚੌਧਰ ਨੂੰ ਚੁਣੌਤੀ ਦਿਵਾ ਕੇ ਚੀਨ ਨੇ ਸਾਰੇ ਸੰਸਾਰ ਨੂੰ ਇਹ ਵੀ ਵਿਖਾ ਦਿੱਤਾ ਹੈ ਕਿ ਨਾ ਸਿਰਫ ਪਾਕਿਸਤਾਨ ਸਗੋਂ ਇਸ ਖਿਤੇ ਵਿਚਲੇ ਸਾਰੇ ਛੋਟੇ ਗੁਆਂਢੀ ਮੁਲਕ ਹੀ ਮੋਦੀ ਸਰਕਾਰ ਦੀਆਂ ਸਾਮਰਾਜੀ ਨੀਤੀਆਂ ਤੋਂ ਪ੍ਰੇਸ਼ਾਨ ਹਨ। ਅਸਾਮ ਵਿਚਲੇ ਜਿਹੜੇ ਬੰਗਲਾ ਦੇਸ਼ੀਆਂ ਦੀ ਅਮਿਤ ਸ਼ਾਹ ਸਿਉਂਕ ਨਾਲ ਤੁਲਨਾ ਕਰਦਾ ਸੀ, ਅੱਜ ਉਸੇ ਬੰਗਲਾ ਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਭਾਰਤ ਦੀ ਰਾਜਦੂਤ ਨੂੰ ਮਿਲਣ ਤੋਂ ਵੀ ਇਨਕਾਰੀ ਹੈ।
ਭਾਰਤੀ ਜਨਤਾ ਪਾਰਟੀ ਦੇ ਰਾਜ ਸਭਾ ਮੈਂਬਰ ਅਤੇ ਮੂੰਹਫਟ ਆਗੂ ਸੁਬਰਾਮਨੀਅਮ ਸੁਆਮੀ ਨੇ ਇਸ ਹਕੀਕਤ ਦੀ ਪੁਸ਼ਟੀ ਇਹ ਕਹਿ ਕੇ ਕੀਤੀ ਹੈ ਕਿ ਮੋਦੀ ਸਰਕਾਰ ਦੀਆਂ ਆਰਥਕ ਨੀਤੀਆਂ ਵਾਂਗ ਉਸ ਦੀ ਵਿਦੇਸ਼ ਨੀਤੀ ਵੀ ਅਸਫਲ ਸਿੱਧ ਹੋਈ ਹੈ। ਉਲਟਾ ਹੁਣ ਪਾਕਿਸਤਾਨ ਨੇ ਜੂਨਾਗੜ੍ਹ ਉਤੇ ਆਪਣਾ ਹੱਕ ਜਤਾ ਕੇ ਜੰਗ ਲੱਗਣ ਦੀ ਸੂਰਤ ਵਿਚ ਗੁਜਰਾਤ ਸਰਹੱਦ ਉਤੇ ਚੌਥਾ ਮੋਰਚਾ ਖੋਲ੍ਹਣ ਦੀਆਂ ਸੰਭਾਵਨਾਵਾਂ ਪੈਦਾ ਕਰ ਦਿੱਤੀਆਂ ਹਨ। ਭਾਰਤ-ਚੀਨ ਲੜਾਈ ਹੋਣ ਦੀ ਸੂਰਤ ਵਿਚ ਹੁਣ ਭਾਰਤੀ ਫੌਜ ਪਾਕਿਸਤਾਨ ਨਾਲ ਲੱਗਦੀ ਸਰਹੱਦ ਜੰਮੂ-ਕਸ਼ਮੀਰ, ਪੰਜਾਬ ਅਤੇ ਰਾਜਿਸਥਾਨ ਦੇ ਨਾਲ-ਨਾਲ ਗੁਜਰਾਤ ਦੀ ਸਰਹੱਦ ਉਤੇ ਵੀ ਤਾਇਨਾਤ ਕਰਨੀ ਪਵੇਗੀ।
ਮੋਦੀ ਸਰਕਾਰ ਦੀ ਮੁਸਲਮਾਨ ਵਿਰੋਧੀ ਰਾਜਨੀਤੀ ਦੀ ਵੀ ਫੂਕ ਨਿਕਲ ਗਈ ਹੈ। ਦੇਸ਼ ਵਿਚਲੇ ਮੁਸਲਮਾਨਾਂ ਨੂੰ ਡਰਾ-ਧਮਕਾ ਕੇ ਬ੍ਰਾਹਮਣ-ਬਾਣੀਆਂ ਵੋਟ ਇਕੱਠੀ ਕਰਨ ਦਾ ਰਾਹ ਮੁਸਲਿਮ ਮੁਲਕਾਂ ਵਿਚ ਪਨਪ ਰਹੇ ਭਾਰਤ ਵਿਰੋਧੀ ਰੋਹ ਨੇ ਰੋਕ ਦਿੱਤਾ ਹੈ। ਹੁਣ ਪਾਕਿਸਤਾਨ ਵਿਰੋਧੀ ਪ੍ਰਚਾਰ ਮਹਿੰਗਾ ਪੈ ਸਕਦਾ ਹੈ, ਕਿਉਂਕਿ ਇਸ ਕਿਸਮ ਦੇ ਪ੍ਰਚਾਰ ਨਾਲ ਜਦੋਂ ਹੀ ਪਾਕਿਸਤਾਨ ਵਿਰੁਧ ਕੋਈ ਕਾਰਵਾਈ ਕਰਨ ਦਾ ਦਬਾਅ ਬਣਿਆ, ਉਦੋਂ ਹੀ ਚੀਨੀ ਫੌਜ ਦੀ ਇਹ ਕਾਰਵਾਈ ਮੋਦੀ ਸਰਕਾਰ ਦੀ ਰਣਨੀਤੀ ਵਿਚ ਰੁਕਾਵਟ ਬਣੇਗੀ। ਇਸ ਤੋਂ ਪਹਿਲਾਂ ਕਿ ਕਰੋਨਾ ਵਾਇਰਸ ਦੀ ਮਹਾਂਮਾਰੀ ਨਾਲ ਨਜਿੱਠਣ ਵਿਚ ਨਾਕਾਮ ਰਹੀ ਮੋਦੀ-ਸਰਕਾਰ ਲੋਕਾਂ ਨੂੰ ਗੁੰਮਰਾਹ ਕਰਨ ਲਈ ਪਾਕਿਸਤਾਨ ਦੇ ਕਬਜੇ ਹੇਠਲੇ ਕਸ਼ਮੀਰ ਵਿਚ ਕੋਈ ਕਾਰਵਾਈ ਕਰਦੀ, ਚੀਨ ਨੇ ਭਾਰਤ ਨੂੰ ਲੱਦਾਖ ਵਿਚ ਉਲਝਾ ਲਿਆ ਹੈ।
ਭਾਰਤ-ਚੀਨ ਸਰਹੱਦੀ ਤਣਾਓ ਮਹਿਜ ਜਮੀਨੀ ਹੱਦਾਂ ਦਾ ਝਗੜਾ ਨਹੀਂ ਹੈ, ਸਗੋਂ ਇਹ ਦੋ ਸਾਮਰਾਜੀ ਮੁਲਕਾਂ ਵਿਚਾਲੇ ਕੁਦਰਤੀ ਸੋਮਿਆਂ ਉਤੇ ਕਬਜਾ ਕਰਨ ਅਤੇ ਸੰਸਾਰ ਭਰ ਵਿਚ ਆਪਣੀ ਚੌਧਰ ਕਾਇਮ ਕਰਨ ਦੀ ਲੜਾਈ ਹੈ। ਚੀਨ ਆਪਣੀ ਆਰਥਕ ਅਤੇ ਫੌਜੀ ਸ਼ਕਤੀ ਦੇ ਬਲਬੂਤੇ ਅਮਰੀਕੀ ਸਾਮਰਾਜ ਕੋਲੋਂ ਸੰਸਾਰ ਦੀ ਇਕੋ-ਇਕ ਮਹਾਸ਼ਕਤੀ ਹੋਣ ਦਾ ਤਾਜ ਖੋਹਣਾ ਚਾਹੁੰਦਾ ਹੈ। ਇਸ ਖੇਤਰ ਦਾ ਚੌਧਰੀ ਹੋਣ ਦਾ ਐਲਾਨ ਉਸ ਨੇ ਪਹਿਲਾਂ ਹੀ ਕਰ ਦਿੱਤਾ ਹੈ। ਮੋਦੀ-ਸ਼ਾਹ-ਡੋਵਾਲ ਤਿੱਕੜੀ ਅਮਰੀਕੀ ਸਾਮਰਾਜ ਦੇ ਆਸਰੇ ਇਹ ਤਾਜ ਆਪਣੇ ਸਿਰ ਉਤੇ ਸਜਾਉਣ ਦੇ ਸੁਪਨੇ ਲੈ ਰਹੀ ਹੈ, ਪਰ ਹੁਣ ਉਸ ਦੇ ਇਨ੍ਹਾਂ ਸੁਪਨਿਆਂ ਉਤੇ ਪਾਣੀ ਫਿਰ ਗਿਆ ਹੈ। ਵਿਸ਼ਵ ਗੁਰੂ ਹੋਣ ਦਾ ਐਲਾਨ ਕਰ ਕੇ ਮੋਦੀ ਸਰਕਾਰ ਅਮਰੀਕੀ ਸਾਮਰਾਜ ਦੀ ਮਦਦ ਨਾਲ ਇਸ ਖਿਤੇ ਵਿਚ ਆਪਣੀ ਚੌਧਰ ਸਥਾਪਿਤ ਕਰਨ ਲਈ ਚੀਨ ਨੂੰ ਪਛਾੜਨ ਦਾ ਜੋ ਭਰਮ ਪਾਲ ਰਹੀ ਸੀ, ਉਹ ਹੁਣ ਉਲਟਾ ਪੈ ਗਿਆ ਹੈ। ਮੋਦੀ ਸਰਕਾਰ ਆਪਣੇ ਹੀ ਬਣਾਏ ਭਰਮਜਾਲ ਵਿਚ ਫਸ ਗਈ ਹੈ।
10 ਅਪਰੈਲ 1974 ਨੂੰ ਯੂਨਾਈਟਿਡ ਨੇਸ਼ਨਜ਼ ਦੀ ਆਮ ਸਭਾ ਦੇ ਖਾਸ ਇਜਲਾਸ ਵਿਚ ਚੀਨੀ ਆਗੂ ਡੇਂਗ-ਸਿਆਓ-ਪਿੰਗ ਨੇ ਇਕ ‘ਮਹਾਸ਼ਕਤੀ’ ਦੀ ਵਿਆਖਿਆ ਕਰਦਿਆਂ ਕਿਹਾ ਸੀ, “ਮਹਾਸ਼ਕਤੀ ਇਕ ਸਾਮਰਾਜੀ ਮੁਲਕ ਹੁੰਦਾ ਹੈ, ਜੋ ਹਰੇਕ ਥਾਂ ਦੂਜੇ ਮੁਲਕਾਂ ਨੂੰ ਆਪਣੀਆਂ ਹਮਲਾਵਰ ਨੀਤੀਆਂ ਦਾ ਸ਼ਿਕਾਰ ਬਣਾਉਂਦਾ ਹੈ, ਉਨ੍ਹਾਂ ਦੇ ਅੰਦਰੂਨੀ ਮਸਲਿਆਂ ਵਿਚ ਦਖਲ ਦਿੰਦਾ ਹੈ, ਉਨ੍ਹਾਂ ਉਤੇ ਕਬਜਾ ਕਰਦਾ ਹੈ, ਉਨ੍ਹਾਂ ਅੰਦਰ ਭੰਨਤੋੜ ਕਰਦਾ ਹੈ ਜਾਂ ਉਨ੍ਹਾਂ ਦੀ ਲੁਟ ਕਰਦਾ ਹੈ ਅਤੇ ਆਪਣੀ ਸੰਸਾਰ ਚੌਧਰ ਸਥਾਪਿਤ ਕਰਨ ਦੇ ਯਤਨ ਕਰਦਾ ਹੈ। ਜੇ ਕਿਸੇ ਵੱਡੇ ਸਮਾਜਵਾਦੀ ਮੁਲਕ ਵਿਚ ਪੂੰਜੀਵਾਦ ਮੁੜ ਬਹਾਲ ਹੋ ਜਾਏ ਤਾਂ ਯਕੀਨੀ ਹੈ ਕਿ ਉਹ ਇਕ ਮਹਾਂਸ਼ਕਤੀ ਬਣ ਜਾਏਗਾ।…ਚੀਨ ਕਦੇ ਵੀ ਆਪਣਾ ਖਾਸਾ ਨਹੀਂ ਬਦਲੇਗਾ ਅਤੇ ਹਮੇਸ਼ਾ ਦਬੇ-ਕੁਚਲੇ ਲੋਕਾਂ ਅਤੇ ਦਬੀਆਂ-ਕੁਚਲੀਆਂ ਕੌਮਾਂ ਦੇ ਹੱਕ ਵਿਚ ਖੜੇਗਾ, ਪਰ ਜੇ ਇਕ ਦਿਨ ਚੀਨ ਨੇ ਆਪਣਾ ਰੰਗ ਬਦਲ ਲਿਆ ਅਤੇ ਉਹ ਮਹਾਂਸ਼ਕਤੀ ਬਣ ਗਿਆ, ਜੇ ਉਹ ਵੀ ਸੰਸਾਰ ਭਰ ਵਿਚ ਇਕ ਜਾਬਰ ਦਾ ਰੋਲ ਨਿਭਾਉਣ ਲੱਗ ਪਿਆ, ਜੇ ਉਸ ਨੇ ਵੀ ਧੱਕੜ, ਹਮਲਾਵਰ ਅਤੇ ਲੁਟੇਰੀਆਂ ਨੀਤੀਆਂ ਅਪਨਾ ਲਈਆਂ ਤਾਂ ਦੁਨੀਆਂ ਭਰ ਦੇ ਲੋਕ ਉਸ ਨੂੰ ਇਕ ਸਮਾਜਕ-ਸਾਮਰਾਜੀ ਵਜੋਂ ਪਛਾਣ ਕਰ ਕੇ, ਉਸ ਦਾ ਵਿਰੋਧ ਕਰਨ ਅਤੇ ਚੀਨੀ ਲੋਕਾਂ ਨਾਲ ਮਿਲ ਕੇ ਉਸ ਨੂੰ ਉਲਟਾ ਦੇਣ।”
ਮਨੁੱਖੀ ਇਤਿਹਾਸ ਦਾ ਇਹ ਕ੍ਰਿਸ਼ਮਾ ਹੀ ਕਿਹਾ ਜਾ ਸਕਦਾ ਹੈ ਕਿ 46 ਸਾਲ ਬਾਅਦ ਡੇਂਗ-ਸਿਆਓ-ਪਿੰਗ ਦੇ ਇਹ ਸ਼ਬਦ ਅੱਜ ਅੱਖਰ-ਅੱਖਰ ਸੱਚ ਸਾਬਤ ਹੋ ਰਹੇ ਹਨ। ਅੱਜ ਚੀਨ ਦੁਨੀਆਂ ਦੀ ਇਕ ਹੋਰ ਮਹਾਸ਼ਕਤੀ ਬਣ ਗਿਆ ਹੈ ਅਤੇ ਐਨ ਇਹੀ ਰੋਲ ਨਿਭਾ ਰਿਹਾ ਹੈ, ਜੋ ਇਕ ਮਹਾਸ਼ਕਤੀ ਲਈ ਡੇਂਗ-ਸਿਆਓ-ਪਿੰਗ ਨੇ ਸਪਸ਼ਟ ਕੀਤਾ ਹੈ। ਇਹ ਵੀ ਮਨੁੱਖੀ ਇਤਿਹਾਸ ਦਾ ਇਕ ਕਰੂਰ ਵਿਅੰਗ ਹੀ ਹੈ ਕਿ ਇਸੇ ਡੇਂਗ-ਸਿਆਓ-ਪਿੰਗ ਨੇ ਮਾਓ-ਜੇ-ਤੁੰਗ ਦੀ ਮੌਤ ਪਿਛੋਂ ਚੀਨ ਨੂੰ ਸਾਮਰਾਜੀ ਰਾਹ ਵੱਲ ਤੋਰਨ ਵਿਚ ਮੁਖ ਭੂਮਿਕਾ ਨਿਭਾਈ ਸੀ। ਇਹ ਡੇਂਗ-ਸਿਆਓ-ਪਿੰਗ ਜੁੰਡਲੀ ਹੀ ਸੀ, ਜਿਸ ਨੇ 1976 ਵਿਚ ਮਾਓ-ਜੇ-ਤੁੰਗ ਦੀ ਮੌਤ ਪਿਛੋਂ ਉਸ ਦੇ ਅਸਲੀ ਪੈਰੋਕਾਰ ਇਨਕਲਾਬੀ ਕਮਿਊਨਿਸਟਾਂ ਨੂੰ ਪਾਰਟੀ ਵਿਚੋਂ ਬਾਹਰ ਧਕਿਆ ਅਤੇ ਆਪਣੇ ਆਰਥਕਵਾਦੀ ਚੇਲਿਆਂ ਨੂੰ ਪਾਰਟੀ ਸਫਾਂ ਵਿਚ ਅਹਿਮ ਅਹੁਦਿਆਂ ਉਤੇ ਨਿਯੁਕਤ ਕੀਤਾ।
ਸਾਰੀ ਉਮਰ ਮਾਓ-ਜੇ-ਤੁੰਗ ਦੀ ਵਿਚਾਰਧਾਰਾ ਨੂੰ ਸਿਰਮੌਰ ਮੰਨਣ ਵਾਲੇ ਮੌਕਾਪ੍ਰਸਤ ਆਗੂਆਂ ਨੇ ਉਸ ਦੇ ਅਕਾਲ ਚਲਾਣੇ ਤੋਂ ਫੌਰੀ ਬਾਅਦ ਹੀ ਚੀਨੀ ਕਮਿਊਨਿਸਟ ਪਾਰਟੀ ਦੇ ਅਹਿਮ ਅਹੁਦਿਆਂ ਉਤੇ ਕਬਜਾ ਕਰ ਲਿਆ ਅਤੇ ਸਮੁੱਚੇ ਦੇਸ਼ ਨੂੰ ਪੂੰਜੀਵਾਦੀ ਰਾਹ ਵੱਲ ਤੋਰ ਦਿੱਤਾ। ਇਹ ਡੇਂਗ-ਸਿਆਓ-ਪਿੰਗ ਹੀ ਸੀ, ਜਿਸ ਨੇ ਪੈਦਾਵਾਰ, ਹੋਰ ਪੈਦਾਵਾਰ ਅਤੇ ਹੋਰ ਵਧੇਰੇ ਪੈਦਾਵਾਰ ਦਾ ਨਾਹਰਾ ਦੇ ਕੇ ਅਮਰੀਕਾ ਦੀਆਂ ਬਹੁਕੌਮੀ ਸਾਮਰਾਜੀ ਕੰਪਨੀਆਂ ਨੂੰ ਚੀਨ ਵਿਚ ਪੂੰਜੀ ਲਾਉਣ ਦੀ ਖੁਲ੍ਹ ਦਿੱਤੀ ਤੇ ਹਰੇਕ ਤਰ੍ਹਾਂ ਦੇ ਸਾਮਰਾਜੀਆਂ ਲਈ ਚੀਨ ਦੇ ਦਰ ਖੋਲ੍ਹ ਦਿੱਤੇ। ਇਸ ਪਿਛੋਂ ਹੀ ਚੀਨ ਵਿਚ ਪੂੰਜੀਵਾਦ ਦੇ ਫੈਲਣ ਅਤੇ ਉਸ ਦੇ ਅਜੋਕੇ ਸਾਮਰਾਜ ਵਿਚ ਵਟਣ ਦਾ ਰਾਹ ਖੁਲ੍ਹਿਆ। ਇਹ ਡੇਂਗ-ਸਿਆਓ-ਪਿੰਗ ਹੀ ਸੀ, ਜਿਸ ਦਾ ਇਹ ਕਥਨ ਬੜਾ ਪ੍ਰਸਿਧ ਹੋਇਆ ਕਿ ਬਿਲੀ ਜਿੰਨਾ ਚਿਰ ਚੂਹੇ ਫੜਦੀ ਹੈ, ਓਨਾ ਚਿਰ ਕੋਈ ਫਰਕ ਨਹੀਂ ਪੈਂਦਾ ਕਿ ਉਹ ਚਿੱਟੀ ਹੈ ਜਾਂ ਕਾਲੀ। ਜਿਸ ਦਾ ਭਾਵ ਸੀ ਕਿ ਜਿੰਨਾ ਚਿਰ ਪੈਦਾਵਾਰ ਵਧਦੀ ਹੈ, ਓਨਾ ਚਿਰ ਕੋਈ ਫਰਕ ਨਹੀਂ ਪੈਂਦਾ ਕਿ ਇਹ ਪੈਦਾਵਾਰ ਸਮਾਜਵਾਦੀ ਆਰਥਕ ਰਿਸ਼ਤਿਆਂ ਅਧੀਨ ਹੋ ਰਹੀ ਹੈ ਜਾਂ ਪੂੰਜੀਵਾਦੀ ਆਰਥਕ ਰਿਸ਼ਤਿਆਂ ਅਧੀਨ।
ਮਾਓ-ਜੇ-ਤੁੰਗ ਨੇ ਇਹ ਸੱਚ ਚੀਨੀ ਇਨਕਲਾਬ ਦੇ 20 ਸਾਲ ਬਾਅਦ 1969 ਵਿਚ ਹੀ ਭਾਂਪ ਲਿਆ ਸੀ ਕਿ “ਸਾਡੀ ਪਾਰਟੀ ਦੀ ਕਮਿਊਨਿਸਟ ਬੁਨਿਆਦ ਮਜਬੂਤ ਨਹੀਂ। ਸਾਡਾ ਮਹਾਨ ਕਿਰਤੀ ਸਭਿਆਚਾਰਕ ਇਨਕਲਾਬ ਤੋਂ ਬਿਨਾ ਨਹੀਂ ਸਰਨਾ। ਆਪਣੀ ਸੂਝ ਦੇ ਆਧਾਰ ਉਤੇ ਮੈਂ ਕਹਿ ਸਕਦਾ ਹਾਂ ਕਿ ਸਾਡੀਆਂ ਭਾਰੀ ਬਹੁਗਿਣਤੀ ਫੈਕਟਰੀਆਂ ਵਿਚ, ਸਾਰੀਆਂ ਨਹੀਂ, ਪਰ ਭਾਰੀ ਬਹੁਗਿਣਤੀ ਫੈਕਟਰੀਆਂ ਵਿਚ ਅਗਵਾਈ ਖਰੇ ਮਾਰਕਸਵਾਦੀਆਂ ਅਤੇ ਕਿਰਤੀ ਜਨਸਮੂਹਾਂ ਦੇ ਹੱਥਾਂ ਵਿਚ ਨਹੀਂ। ਪਾਰਟੀ ਕਮੇਟੀਆਂ ਦੇ ਮੈਂਬਰਾਂ, ਸਕੱਤਰਾਂ, ਉਪ ਸਕੱਤਰਾਂ, ਪਾਰਟੀ ਬਰਾਂਚ ਸਕੱਤਰਾਂ ਵਿਚ ਕੁਝ ਚੰਗੇ ਲੋਕ ਵੀ ਹਨ, ਪਰ ਉਹ ਆਰਥਕਵਾਦੀ ਸੋਚ ਦੇ ਪੈਰੋਕਾਰ ਹਨ।” ਇਹ ਨਿਰੋਲ ਆਰਥਕਵਾਦੀ ਸੋਚ ਦੇ ਪੈਰੋਕਾਰ ਹੀ ਅੱਜ ਚੀਨ ਨੂੰ ਇਥੇ ਤੱਕ ਲੈ ਕੇ ਆਏ ਹਨ। ਅੱਜ ਇਨ੍ਹਾਂ ਆਰਥਕਵਾਦੀਆਂ ਨਾਲ ਹੀ ਮੋਦੀ ਸਰਕਾਰ ਦੀ ਟੱਕਰ ਹੈ।
ਮੋਦੀ ਸਰਕਾਰ ਦੀਆਂ ਸਾਮਰਾਜੀ ਨੀਤੀਆਂ ਹੀ ਅੱਜ ਉਸ ਨੂੰ ਇਥੇ ਲੈ ਕੇ ਆਈਆਂ ਹਨ। ਦੇਸ਼ ਵਿਚ ਇੰਡੀਅਨ ਨੈਸ਼ਨਲਿਜ਼ਮ (ਹਿੰਦੂ ਰਾਸ਼ਟਰਵਾਦ) ਨਾਂ ਦੀ ਕੋਈ ਚੀਜ਼ ਨਹੀਂ ਹੈ। ਇਹ ਸਿਰਫ 15-20 ਫੀਸਦੀ ਬ੍ਰਾਹਮਣ-ਬਾਣੀਆ ਉਚ ਜਾਤੀ ਅਤੇ ਉਚ ਮਧ ਵਰਗੀ ਲੋਕਾਂ ਦਾ ਮਾਨਸਿਕ ਸ਼ੋਰ ਹੈ, ਜਿਹੜੇ ਮਨੂਵਾਦੀ ਸੋਚ ਅਧੀਨ ਰਬੋਂ ਹੀ ਆਪਣੇ-ਆਪ ਨੂੰ ਇਸ ਦੇਸ਼ ਦੇ ਮਾਲਕ ਅਤੇ ਬਾਕੀ ਸਾਰਿਆਂ ਨੂੰ ਆਪਣਾ ਗੁਲਾਮ ਸਮਝਦੇ ਹਨ। ਇਹ ਮੂਰਖ ਲੋਕ ਕਿਸ ਕਿਸਮ ਦੀ ਮਾਨਸਿਕ ਕਲਪਨਾ ਵਿਚ ਜਿਉਂਦੇ ਹਨ ਕਿ ਦੇਸ਼ ਅੰਦਰ ਰਹਿੰਦੀਆਂ ਧਾਰਮਿਕ ਘਟ ਗਿਣਤੀਆਂ ਅਤੇ ਦਲਿਤ-ਪਛੜੇ-ਗਰੀਬ ਵਰਗਾਂ ਦੀ ਤਾਂ ਗੱਲ ਛਡੋ, ਇਹ ਆਪਣੀਆਂ ਸਰਹੱਦਾਂ ਉਤੇ ਮੌਜੂਦ ਖੁਦ-ਮੁਖਤਿਆਰ ਆਜ਼ਾਦ ਗੁਆਂਢੀ ਮੁਲਕਾਂ-ਨੇਪਾਲ ਅਤੇ ਬੰਗਲਾਦੇਸ਼ ਨੂੰ ਵੀ ਆਪਣਾ ਗੁਲਾਮ ਹੀ ਸਮਝਦੇ ਹਨ। ਨੇਪਾਲ ਦੇ ਪ੍ਰਧਾਨ ਮੰਤਰੀ ਅਤੇ ਹੋਰਨਾਂ ਆਗੂਆਂ ਪ੍ਰਤੀ ਇਨ੍ਹਾਂ ਦੀ ਸ਼ਬਦਾਵਲੀ ਨਿਹਾਇਤ ਘਟੀਆ ਕਿਸਮ ਦੀ ਹੈ।
‘ਦ ਹਿੰਦੂ’ ਅਖਬਾਰ ਦੀ ਇਕ ਖਬਰ ਅਨੁਸਾਰ ਬੰਗਲਾਦੇਸ਼ ਦੇ ਵਪਾਰ ਮੰਤਰੀ ਨੇ ਮੋਦੀ ਦੀ ਪੱਤਰਕਾਰ ਜੁੰਡਲੀ ਨੂੰ ਵਾਰਨਿੰਗ ਦਿੱਤੀ ਹੈ ਕਿ ਉਹ ਬੰਗਲਾਦੇਸ਼ ਅਤੇ ਚੀਨ ਵਿਚਾਲੇ ਹੋਏ ਸਮਝੌਤਿਆਂ ਬਾਰੇ ਬੰਦਿਆਂ ਵਾਲੀ ਭਾਸ਼ਾ ਵਿਚ ਗੱਲ ਕਰੇ। ਇਨ੍ਹਾਂ ਦੀ ਅਖੌਤੀ ਦੇਸ਼ ਭਗਤੀ ਅਤੇ ਸਵੈਮਾਣ ਦੀ ਇਕੋ ਹੀ ਮਿਸਾਲ ਕਾਫੀ ਹੈ ਕਿ ਜਦੋਂ ਡੋਕਲਾਮ ਦੇ ਮਸਲੇ ਉਤੇ 73 ਦਿਨ ਚੀਨ ਨਾਲ ਫੌਜੀ ਤਣਾਓ ਬਣਿਆ ਰਿਹਾ ਤਾਂ ਉਨ੍ਹਾਂ ਦਿਨਾਂ ਵਿਚ ਵੀ ਅਡਾਨੀ ਐਂਡ ਕੰਪਨੀ ਨੇ ਚੀਨੀ ਕੰਪਨੀਆਂ ਨਾਲ ਅਰਬਾਂ ਰੁਪਏ ਦੇ ਸਮਝੌਤੇ ਕੀਤੇ।
ਚੀਨ ਦੀ ਕਮਿਊਨਿਸਟ ਪਾਰਟੀ ਦੇ ਤਰਜਮਾਨ ‘ਗਲੋਬਲ ਟਾਈਮਜ਼’ ਨੇ ਮੋਦੀ ਸਰਕਾਰ ਨੂੰ ਬੜੀ ਸਖਤ ਭਾਸ਼ਾ ਵਿਚ ਚੇਤਾਵਨੀ ਦਿੱਤੀ ਹੈ, “ਅਮਰੀਕਾ ਦੀਆਂ ਇਕਤਰਫਾ ਚਾਲਾਂ ਕਰਕੇ ਹੁਣ ਜਦੋਂ ਕਿ ਚੀਨ-ਅਮਰੀਕਾ ਵਿਚਲੇ ਰਿਸ਼ਤੇ ਲਗਾਤਾਰ ਤਣਾਓ ਭਰਪੂਰ ਹੁੰਦੇ ਜਾ ਰਹੇ ਹਨ ਤਾਂ ਭਾਰਤੀ ਮੌਕਾਪ੍ਰਸਤਾਂ ਨੂੰ ਇਕ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਜੇ ਉਨ੍ਹਾਂ ਨੇ ਚੀਨ ਉਤੇ ਦਬਾਅ ਪਾਉਣ ਲਈ ਇਸ ਟਕਰਾਅ ਨੂੰ ਵਰਤਣ ਦੇ ਯਤਨ ਕੀਤੇ ਤਾਂ ਇਹ ਭਾਰਤ-ਚੀਨ ਦੇ ਆਪਸੀ ਯੁਧਨੀਤਕ ਭਰੋਸੇ ਨੂੰ ਗੰਭੀਰ ਨੁਕਸਾਨ ਪਹੁੰਚਾਏਗਾ। ਜੇ ਭਾਰਤ ਨੇ ਹੋਰ ਦੁਸ਼ਮਣੀ ਭਰੀਆਂ ਚਾਲਾਂ ਚਲੀਆਂ ਤਾਂ ਚੀਨ ਨੂੰ ਇਨ੍ਹਾਂ ਦਾ ਜੁਆਬ ਦੇਣਾ ਪਵੇਗਾ ਅਤੇ ਫਿਰ ਉਸ ਹਾਲਤ ਵਿਚ ਭਾਰਤ ਅਮਰੀਕਾ ਕੋਲੋਂ ਮਦਦ ਮੰਗਣ ਜੋਗਾ ਵੀ ਨਹੀਂ ਰਹੇਗਾ।”
ਅੱਜ ਮੋਦੀ ਤਿੱਕੜੀ ਦੀ ਨਫਰਤੀ ਰਾਜਨੀਤੀ ਦੇਸ਼ ਨੂੰ ਜਿਥੇ ਲੈ ਆਈ ਹੈ, ਉਸ ਤੋਂ ਅੱਗੇ ਹਨੇਰਾ ਖੂਹ ਹੈ। ਦੇਸ਼ ਦੇ ਲੋਕ ਕਿੰਨੇ ਭਿਆਨਕ ਸੰਕਟ ਵਿਚ ਫਸ ਗਏ ਹਨ, ਇਸ ਦਾ ਅੰਦਾਜ਼ਾ ਇਸ ਤਥ ਤੋਂ ਲਾਇਆ ਜਾ ਸਕਦਾ ਹੈ ਕਿ ਅੱਜ ਮੋਦੀ ਸਰਕਾਰ ਤੇ ਸੂਬਾ ਸਰਕਾਰਾਂ ਕੋਲ ਆਪਣੇ ਮੁਲਾਜ਼ਮਾਂ ਨੂੰ ਤਨਖਾਹਾਂ ਦੇਣ ਜੋਗੇ ਵੀ ਪੈਸੇ ਨਹੀਂ ਹਨ। ਅੱਜ ਕੇਂਦਰ ਸਰਕਾਰ ਜੀ. ਐਸ਼ ਟੀ. ਦੇ ਰੂਪ ਵਿਚ ਸੂਬਿਆਂ ਦਾ ਇਕੱਠਾ ਕੀਤਾ 97,000 ਕਰੋੜ ਰੁਪਿਆ ਉਨ੍ਹਾਂ ਨੂੰ ਦੇਣ ਤੋਂ ਇਨਕਾਰੀ ਹੈ। ਪਹਿਲਾਂ ਤਾਂ ਉਹ ਧੌਂਸ ਨਾਲ ਸੂਬਿਆਂ ਦਾ ਇਹ ਪੈਸਾ ਦਬਣ ਨੂੰ ਫਿਰਦੀ ਸੀ, ਪਰ ਜਦੋਂ ਸੋਨੀਆ ਗਾਂਧੀ ਨੇ ਕਾਂਗਰਸੀ ਤੇ ਵਿਰੋਧੀ ਸੂਬਿਆਂ ਦੇ 7 ਮੁੱਖ ਮੰਤਰੀਆਂ ਦੀ ਮੀਟਿੰਗ ਸੱਦ ਕੇ ਕੇਂਦਰ ਨੂੰ ਚੇਤਾਵਨੀ ਦਿੱਤੀ ਕਿ ਇਹ ਗੈਰਕਾਨੂੰਨੀ ਧੱਕੜਸ਼ਾਹੀ ਕੇਂਦਰ ਤੇ ਸੂਬਾ ਸਰਕਾਰਾਂ ਵਿਚਾਲੇ ਦਰਾੜ ਪੈਦਾ ਕਰ ਸਕਦੀ ਹੈ, ਤਾਂ ਲੱਦਾਖ ਘਟਨਾਵਾਂ ਕਾਰਨ ਪੈਦਾ ਹੋਈ ਰਾਸ਼ਟਰੀ ਸੁਰੱਖਿਆ ਦਾ ਵਾਸਤਾ ਪਾ ਕੇ ਉਨ੍ਹਾਂ ਨੂੰ ਰਿਜ਼ਰਵ ਬੈਂਕ ਤੋਂ ਕਰਜਾ ਲੈਣ ਲਈ ਮਨਾਇਆ ਜਾ ਰਿਹਾ ਹੈ। ਪੰਜਾਬ, ਦਿੱਲੀ ਅਤੇ ਕੇਰਲਾ ਨੇ ਇਉਂ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ ਹੈ।
ਇਸ ਨੂੰ ਮੋਦੀ ਸਰਕਾਰ ਦਾ ਪਾਗਲਪਣ ਕਿਹਾ ਜਾਏ ਜਾਂ ਕੁਝ ਹੋਰ ਕਿ ਜਦੋਂ ਦੇਸ਼ ਦੇ ਕਰੋੜਾਂ ਲੋਕ ਦੋ ਵੇਲੇ ਦੀ ਰੋਟੀ ਤੋਂ ਆਤੁਰ ਹਨ, ਕਰੋੜਾਂ ਲੋਕ ਕੋਰੋਨਾ ਵਾਇਰਸ ਦੇ ਸਾਏ ਹੇਠ ਜੀਅ ਰਹੇ ਹਨ, ਉਦੋਂ ਮੋਦੀ ਸਰਕਾਰ ਇਜ਼ਰਾਈਲ ਕੋਲੋਂ ਖੜੇ ਪੈਰ 15,000 ਕਰੋੜ ਰੁਪਏ ਦੇ ਦੋ ਅਵਾਕਸ (ਰਾਡਾਰ) ਖਰੀਦ ਰਹੀ ਹੈ। ਦਲੀਲ ਇਹ ਦਿੱਤੀ ਜਾ ਰਹੀ ਹੈ ਕਿ ਜਦੋਂ ਪਾਕਿਸਤਾਨ ਵਿਚ ਬਾਲਾਕੋਟ ਸਰਜੀਕਲ ਸਟਰਾਈਕ ਕੀਤੀ ਗਈ ਸੀ ਤਾਂ ਪਾਕਿਸਤਾਨ ਕੋਲ ਸਵੀਡਨ ਦੇ ਰਾਡਾਰ ਹੋਣ ਕਾਰਨ ਉਸ ਨੇ ਭਾਰਤ ਦਾ ਇਕ ਜੰਗੀ ਬੰਬਾਰ ਫੁੰਡ ਲਿਆ ਸੀ, ਜਿਸ ਨਾਲ ਦੇਸ਼ ਦੀ ਬੜੀ ਨਮੋਸ਼ੀ ਹੋਈ ਸੀ। ਦੇਸ਼ ਦੀ ਸੁਰਖਿਆ ਨੂੰ ਖਤਰੇ ਦੀ ਦੁਹਾਈ ਪਾ ਕੇ ਅਤੇ ਚੀਨ ਦੀਆਂ ਜੰਗੀ ਤਿਆਰੀਆਂ ਨੂੰ ਵੇਖ ਕੇ ਹੁਣ ਧੜਾਧੜ ਜੰਗੀ ਹਥਿਆਰ ਖਰੀਦੇ ਜਾ ਰਹੇ ਹਨ। ਕਰੋੜਾਂ-ਕਰੋੜ ਲੋਕਾਂ ਦੀ ਜ਼ਿੰਦਗੀ ਦੀ ਕੀਮਤ ਉਤੇ ਇਹ ਜੰਗੀ ਹਥਿਆਰ ਖਰੀਦੇ ਜਾ ਰਹੇ ਹਨ। ਮੌਜੂਦਾ ਭਾਰਤੀ ਹੁਕਮਰਾਨ ਆਪਣੇ ਦਿਮਾਗ ਉਤੇ ਏਨਾ ਜੋਰ ਵੀ ਨਹੀਂ ਪਾ ਰਹੇ ਕਿ ਉਹ ਜੋ ਕੁਝ ਮਰਜੀ ਖਰੀਦ ਲੈਣ, ਪਰ ਅਮਰੀਕੀ ਸਾਮਰਾਜੀ ਮਹਾਸ਼ਕਤੀ ਨਾਲ ਹਥਿਆਰਬੰਦ ਟੱਕਰ ਲੈਣ ਦਾ ਮਨ ਬਣਾਈ ਬੈਠੇ ਚੀਨ ਦਾ ਮੁਕਾਬਲਾ ਉਹ ਕਦੀ ਵੀ ਨਹੀਂ ਕਰ ਸਕਦੇ। ਜਿਨ੍ਹਾਂ ਅਮਰੀਕੀ ਜੰਗੀ ਬੇੜਿਆਂ ਦੀ ਤਬਾਹਕੁੰਨ ਸ਼ਕਤੀ ਉਤੇ ਭਾਰਤੀ ਹੁਕਮਰਾਨ ਝੂਠੀ ਆਸ ਲਾਈ ਬੈਠੇ ਹਨ, ਉਨ੍ਹਾਂ ਬਾਰੇ ਚੀਨੀ ਕਮਿਊਨਿਸਟ ਪਾਰਟੀ ਦੇ ਤਰਜਮਾਨ ‘ਗਲੋਬਲ ਟਾਈਮਜ਼’ ਨੇ 30 ਅਗਸਤ ਦੇ ਆਪਣੇ ਸੰਪਾਦਕੀ ਵਿਚ ਅਮਰੀਕੀ ਸਾਮਰਾਜ ਨੂੰ ਚੇਤਾਵਨੀ ਦਿੰਦਿਆਂ ਲਿਖਿਆ ਹੈ ਕਿ ਜੇ ਉਸ ਦੇ ਜੰਗੀ ਬੇੜਿਆਂ ਨੇ ਦੱਖਣੀ ਚੀਨੀ ਸਮੁੰਦਰ ਵਿਚ ਕੋਈ ਵੀ ਭੜਕਾਊ ਕਾਰਵਾਈ ਕੀਤੀ ਤਾਂ ਚੀਨ ਦੀਆਂ ਖਾਸ ਤੌਰ ਉਤੇ ਇਸੇ ਕੰਮ ਲਈ ਵਿਕਸਿਤ ਕੀਤੀਆਂ ਆਧੁਨਿਕ ‘ਕਾਤਲ ਮਿਜ਼ਾਈਲਾਂ’ ਉਨ੍ਹਾਂ ਨੂੰ ਸਮੇਤ ਫੌਜ ਇਥੇ ਖੜੇ ਖੜੇ ਹੀ ਸਮੁੰਦਰ ਵਿਚ ਗਰਕ ਕਰ ਦੇਣਗੀਆਂ।
ਦਰਅਸਲ ਅਜੋਕੇ ਸੰਸਾਰ ਪ੍ਰਬੰਧ ਨੂੰ ਤਿੰਨ ਮੁਖ ਵਰਤਾਰੇ ਗਤੀ ਦੇ ਰਹੇ ਹਨ। ਪਹਿਲਾਂ ਵਰਤਾਰਾ ਮੁਨਾਫੇ ਦੇ ਰੂਪ ਵਿਚ ਵੱਧ ਤੋਂ ਵੱਧ ਪੂੰਜੀ ਇਕੱਠੀ ਕਰਨ ਦੀ ਸਾਮਰਾਜੀ ਧੁਸ (ਹਵਸ) ਹੈ। ਦੂਜਾ ਵਰਤਾਰਾ ਹਰੇਕ ਦੂਜੇ ਪੂੰਜੀਪਤੀ ਤੋਂ ਵੱਧ ਪੂੰਜੀ ਇਕੱਠੀ ਕਰਨ ਅਤੇ ਇਕ-ਦੂਜੇ ਕੋਲੋ ਪੂੰਜੀ ਖੋਹਣ ਵਾਸਤੇ ਸਾਮਰਾਜੀਆਂ ਵਿਚਾਲੇ ਚਲ ਰਿਹਾ ਅੰਨਾ ਮੁਕਾਬਲਾ ਹੈ ਅਤੇ ਤੀਜਾ ਵਰਤਾਰਾ ਇਨ੍ਹਾਂ ਦੋਹਾਂ ਵਰਤਾਰਿਆਂ ਦੇ ਫਲਸਰੂਪ ਪੈਦਾ ਹੋ ਰਹੀ ਅਨਾਰਕੀ ਭਾਵ ਗੜਬੜਚੌਥ ਹੈ, ਜਿਸ ਦਾ ਸਮਾਜੀ ਅਤੇ ਰਾਜਸੀ ਪ੍ਰਗਟਾਵਾ ਅਮਰੀਕਾ ਸਮੇਤ ਸਮੁੱਚੇ ਸੰਸਾਰ ਦੇ ਸਮਾਜਾਂ ਵਿਚੋਂ ਹੋ ਰਿਹਾ ਹੈ। ਇਸ ਵੇਲੇ ਸੰਸਾਰ ਭਰ ਦੀਆਂ ਹੋਰਨਾਂ ਬਾਕੀ ਸਾਰੀਆਂ ਵਿਰੋਧਤਾਈਆਂ ਨੂੰ ਗਤੀ ਦੇ ਰਹੀ ਮੁੱਖ ਵਿਰੋਧਤਾਈ ਅਮਰੀਕੀ ਅਤੇ ਚੀਨੀ ਸਾਮਰਾਜ ਵਿਚਲੀ ਵਿਰੋਧਤਾਈ ਹੈ। ਸੰਸਾਰ ਦੇ ਪਿੜ ਵਿਚ ਚੀਨ ਦੇ ਇਕ ਮਹਾਸ਼ਕਤੀ ਵਜੋਂ ਪ੍ਰਗਟ ਹੋਣ ਤੋਂ ਪਹਿਲਾਂ ਅਮਰੀਕਾ ਇਕੋ-ਇਕ ਮਹਾਸ਼ਕਤੀ ਸੀ, ਜੋ ਆਪਣੀਆਂ ਮਨਮਾਨੀਆਂ ਕਰ ਰਹੀ ਸੀ। ਅਫਗਾਨਿਸਤਾਨ ਤੋਂ ਲੈ ਕੇ ਇਰਾਕ, ਸੀਰੀਆ, ਲਿਬੀਆ ਅਤੇ ਅਨੇਕ ਅਫਰੀਕੀ ਮੁਲਕ ਇਨ੍ਹਾਂ ਮਨਮਾਨੀਆਂ ਕਾਰਨ ਤਬਾਹ ਹੋ ਗਏ।
ਰੂਸ ਭਾਵੇਂ ਅਮਰੀਕੀ ਮਨਮਾਨੀਆਂ ਤੋਂ ਦੁਖੀ ਸੀ, ਪਰ ਪ੍ਰਮਾਣੂ ਹਥਿਆਰਾਂ ਨੂੰ ਛੱਡ ਕੇ ਬਾਕੀ ਫੌਜੀ ਅਤੇ ਆਰਥਕ ਪਖੋਂ ਉਹ ਇਕੱਲਾ ਅਮਰੀਕਾ ਦਾ ਮੁਕਾਬਲਾ ਕਰਨ ਦੇ ਸਮਰਥ ਨਹੀਂ ਸੀ, ਪਰ ਪਿਛਲੇ ਕੁਝ ਸਾਲਾਂ ਵਿਚ ਚੀਨ ਦੇ ਇਕ ਆਰਥਕ ਅਤੇ ਫੌਜੀ ਪੱਖੋਂ ਮਹਾਸ਼ਕਤੀ ਵਜੋਂ ਉਭਰਨ ਕਾਰਨ ਉਸ ਦਾ ਹੌਂਸਲਾ ਵਧਿਆ ਹੈ ਅਤੇ ਇਨ੍ਹਾਂ ਦੋਹਾਂ ਦੇਸ਼ਾਂ ਵਿਚਾਲੇ ਹੋਏ ਯੁਧਨੀਤਕ ਸਮਝੌਤੇ ਪਿਛੋਂ ਰੂਸ ਤੇ ਚੀਨ ਰਲ ਕੇ ਹਰ ਪੱਖੋਂ ਅਮਰੀਕੀ ਮਹਾਸ਼ਕਤੀ ਨੂੰ ਮਾਤ ਦੇਣ ਦੇ ਯੋਗ ਹੋ ਗਏ ਹਨ। ਇਸ ਹਾਲਤ ਵਿਚ ਸੰਸਾਰ ਦੀ ਸਾਮਰਾਜੀ ਸਰਦਾਰੀ ਹਾਸਲ ਕਰਨ ਲਈ ਅਮਰੀਕਾ ਅਤੇ ਚੀਨ ਵਿਚਾਲੇ ਚਲ ਰਿਹਾ ਟਕਰਾਓ ਹੁਣ ਆਪਣੇ ਉਚਤਮ ਪੜਾਅ ਉਤੇ ਪਹੁੰਚ ਗਿਆ ਹੈ। ਇਹ ਕਿਸੇ ਵੇਲੇ ਵੀ ਤੀਜੀ ਸੰਸਾਰ ਸਾਮਰਾਜੀ ਜੰਗ ਦਾ ਰੂਪ ਲੈ ਸਕਦਾ ਹੈ। ਮੋਦੀ ਜੁੰਡਲੀ ਆਪਣੀ ਸਾਮਰਾਜੀ ਹਵਸ ਵਿਚੋਂ ਖਾਹ-ਮਖਾਹ ਦੇਸ਼ ਦੇ 138 ਕਰੋੜ ਲੋਕਾਂ ਨੂੰ ਇਸ ਸਾਮਰਾਜੀ ਜੰਗ ਦੀ ਭੱਠੀ ਵਿਚ ਝੋਕਣ ਲਈ ਤਿਆਰ ਬੈਠੀ ਹੈ।