ਕੇਜਰੀਵਾਲ ਸਰਕਾਰ ਦੀ ‘ਦਰਿਆਦਿਲੀ’ ਨੇ ਉਡਾਈ ਪੰਜਾਬ ਦੀਆਂ ਸਿਆਸੀ ਧਿਰਾਂ ਦੀ ਨੀਂਦ

ਚੰਡੀਗੜ੍ਹ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਤੇਲ ਉਤੇ ਵੈਟ ਅੱਧਾ ਕਰਕੇ ਲੋਕਾਂ ਨੂੰ 8 ਰੁਪਏ ਸਸਤੇ ਡੀਜ਼ਲ ਦੀ ਵੱਡੀ ਸੌਗਾਤ ਦਿੱਤੀ ਗਈ ਹੈ। ਕੇਜਰੀਵਾਲ ਦੀ ਇਹ ਸੌਗਾਤ ਦੂਜੇ ਸੂਬੇ, ਖਾਸਕਰ ਪੰਜਾਬ ਸਰਕਾਰ ਲਈ ਵੱਡੀ ਸਿਰਦਰਦੀ ਬਣ ਗਈ ਹੈ।

ਇਸ ਤੋਂ ਪਹਿਲਾਂ ਦਿੱਲੀ ਸਰਕਾਰ ਵੱਲੋਂ ਸਸਤੀ ਬਿਜਲੀ ਦੇ ਮੁੱਦੇ ਪੰਜਾਬ ਸਰਕਾਰ ਘਿਰੀ ਹੋਈ ਹੈ। ਦਿੱਲੀ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਲਈ ਸਸਤੀ ਬਿਜਲੀ ਦਾ ਮੁੱਦਾ ਵੱਡੀ ਨਮੋਸ਼ੀ ਬਣਿਆ ਸੀ। ਦਿੱਲੀ ਵਿਚ ਕਾਂਗਰਸ ਵੱਲੋਂ ਪ੍ਰਚਾਰ ਲਈ ਗਏ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਵਿਚ ਇੰਨੀ ਮਹਿੰਗੀ ਬਿਜਲੀ ਬਾਰੇ ਜਵਾਬ ਦੇਣਾ ਔਖਾ ਹੋ ਗਿਆ ਸੀ।
ਕੇਜਰੀਵਾਲ ਸਰਕਾਰ ਦੀ ਦਰਿਆਦਿਲੀ ਵਿਧਾਨ ਸਭਾ ਚੋਣਾਂ ਵਿਚ ਵੱਡਾ ਮੁੱਦਾ ਬਣਨ ਦੀ ਸੰਭਾਵਨਾ ਜ਼ਾਹਰ ਕੀਤੀ ਜਾ ਰਹੀ ਹੈ। ਨਾਲ ਹੀ ਦਿੱਲੀ ਸਰਕਾਰ ਨੇ ਡੀਜ਼ਲ 8 ਰੁਪਏ ਸਸਤਾ ਕਰਕੇ ਇਹ ਦਿਖਾ ਦਿੱਤਾ ਹੈ ਕਿ ਰਾਜ ਸਰਕਾਰਾਂ ਚਾਹੁਣ ਤਾਂ ਆਪਣੇ ਪੱਧਰ ਉਤੇ ਖਪਤਕਾਰਾਂ ਨੂੰ ਸਸਤਾ ਤੇਲ ਉਪਲਬਧ ਕਰਵਾ ਸਕਦੀਆਂ ਹਨ। ਦੱਸ ਦਈਏ ਕਿ ਪੰਜਾਬ ਵਿਚ ਪੈਟਰੋਲ, ਡੀਜ਼ਲ ‘ਤੇ ਵੈਟ ਦਰਾਂ ਘਟਾਉਣ ਦੀ ਜਗ੍ਹਾ ਕਾਂਗਰਸ ਵੱਲੋਂ ਤਾਂ ਕੇਂਦਰ ਨੂੰ ਹੀ ਹੁਣ ਤੱਕ ਤੇਲ ਕੀਮਤਾਂ ਘਟਾਉਣ ਲਈ ਕੋਸਿਆ ਜਾਂਦਾ ਰਿਹਾ ਹੈ। ਪੰਜਾਬ ਵਿਚ ਅਜੇ ਵਿਧਾਨ ਸਭਾ ਚੋਣਾਂ ‘ਚ ਡੇਢ ਸਾਲ ਦਾ ਸਮਾਂ ਪਿਆ ਹੈ ਪਰ ਦਿੱਲੀ ਵਿਚ ਤੇਲ ਸਸਤਾ ਕਰਕੇ ਤਾਂ ਆਮ ਆਦਮੀ ਪਾਰਟੀ ਨੇ ਇਹ ਸੰਕੇਤ ਦੇ ਦਿੱਤਾ ਹੈ ਕਿ ਉਸ ਦੀਆਂ ਨਜ਼ਰਾਂ ਜ਼ਰੂਰ ਪੰਜਾਬ ਵਿਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਉਤੇ ਹੈ। ਸਾਲ 2017 ਵਿਚ ਆਮ ਆਦਮੀ ਪਾਰਟੀ ਸੱਤਾ ਦੇ ਕੋਲ ਪੁੱਜ ਕੇ ਵੀ ਸਰਕਾਰ ਬਣਾਉਣ ਤੋਂ ਰਹਿ ਗਈ ਸੀ ਪਰ ਆਮ ਆਦਮੀ ਪਾਰਟੀ ਨੇ ਸਸਤੀ ਬਿਜਲੀ ਤੋਂ ਬਾਅਦ ਤੇਲ ਵਿਚ ਵੱਡੀ ਰਾਹਤ ਦੇ ਕੇ ਦੂਜੀਆਂ ਸਿਆਸੀ ਪਾਰਟੀਆਂ ਲਈ ਜ਼ਰੂਰ ਮੁਸ਼ਕਲ ਪੈਦਾ ਕਰ ਦਿੱਤੀ ਹੈ। ਵੈਟ ਦੀਆਂ ਜ਼ਿਆਦਾ ਦਰਾਂ ਕਰਕੇ ਤੇਲ ਕੰਪਨੀਆਂ ਤੇ ਰਾਜ ਸਰਕਾਰਾਂ ਚਾਂਦੀ ਕੁੱਟ ਰਹੀਆਂ ਹਨ ਪਰ ਇਸ ਨਾਲ ਲੋਕਾਂ ਅਤੇ ਪੈਟਰੋਲ ਪੰਪ ਡੀਲਰਾਂ ਦਾ ਵਿੱਤੀ ਨੁਕਸਾਨ ਹੋ ਰਿਹਾ ਹੈ। ਇਹੋ ਹਾਲ ਪੰਜਾਬ ‘ਚ ਬਿਜਲੀ ਦੀਆਂ ਦਰਾਂ ਦਾ ਹੈ।
____________________________________________
ਦਿੱਲੀ ਵਾਂਗ ਪੰਜਾਬ ‘ਚ ਡੀਜ਼ਲ ਸਸਤਾ ਨਹੀਂ ਹੋਵੇਗਾ: ਕੈਪਟਨ
ਚੰਡੀਗੜ੍ਹ: ਦਿੱਲੀ ਵਾਂਗ ਪੰਜਾਬ ਵੱਲੋਂ ਡੀਜ਼ਲ ਤੋਂ ਵੈਟ ਘਟਾਉਣ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬੇ ਵਿਚ ਵੈਟ ਪਹਿਲਾਂ ਹੀ ਦਿੱਲੀ ਨਾਲੋਂ ਘੱਟ ਹੈ ਅਤੇ ਵਿੱਤੀ ਹਾਲਾਤ ਕਾਰਨ ਵੈਟ ਹੋਰ ਘਟਾਉਣਾ ਸੰਭਵ ਵੀ ਨਹੀਂ ਹੈ। ਉਨ੍ਹਾਂ ਨੇ ਕੋਵਿਡ ਕੇਸਾਂ ਦੇ ਵਧਦੇ ਅੰਕੜਿਆਂ ਨੂੰ ਦੇਖਦਿਆਂ ਪੰਜਾਬ ਦੇ ਲੋਕਾਂ ਨੂੰ ਖਤਰਨਾਕ ਨਤੀਜਿਆਂ ਤੋਂ ਸਾਵਧਾਨ ਕੀਤਾ ਹੈ। ਕੈਪਟਨ ਨੇ ਪੁੱਛਿਆ ਕਿ ਮਾਸਕ ਪਹਿਨਣਾ, ਹੱਥ ਧੋਣਾ ਅਤੇ ਸੜਕਾਂ ਉਤੇ ਨਾ ਥੁੱਕਣਾ ਏਨਾ ਔਖਾ ਕਿਉਂ ਲਗਦਾ ਹੈ? ਮੁੱਖ ਮੰਤਰੀ ਨੇ ਨਿਰਦੇਸ਼ਾਂ ਦੀ ਪਾਲਣਾ ਨਾ ਕਰਨ ਵਾਲਿਆਂ ਨੂੰ ਪੁੱਛਿਆ,” ਕੀ ਤੁਹਾਨੂੰ ਆਪਣੇ ਪੰਜਾਬੀ ਭੈਣ-ਭਰਾਵਾਂ ਦਾ ਕੋਈ ਫਿਕਰ ਨਹੀਂਂ ਹੈ।’