ਅਮੁਲ ਗੁਣ ਅਮੁਲ ਵਾਪਾਰ

ਡਾ. ਗੋਬਿੰਦਰ ਸਿੰਘ ਸਮਰਾਓ
ਫੋਨ: 408-634-2310
ਕਈ ਵਾਰ ਸ਼ਰਧਾਲੂਆਂ ਨੂੰ ਗੁਰੂ ਸਾਹਿਬ ਦਾ ਕੋਈ ਵਿਚਾਰ ਸਮਝ ਨਹੀਂ ਆਉਂਦਾ ਤਾਂ ਉਹ ਉਸ ਨੂੰ ਰੱਬੀ ਜਾਂ ਦੈਵੀ ਗੱਲ ਮੰਨਣ ਲੱਗ ਪੈਂਦੇ ਹਨ। ਕਾਰਨ ਇਹ ਹੁੰਦਾ ਹੈ ਕਿ ਗੁਰੂ ਸਾਹਿਬ ਦਾ ਨਜ਼ਰੀਆ ਕਾਇਨਾਤੀ ਹੁੰਦਾ ਹੈ ਤੇ ਸ਼ਰਧਾਲੂ ਉਸ ਨੂੰ ਆਪਣੀ ਤੁੱਛ ਦੁਨਿਆਵੀ ਨਜ਼ਰ ਨਾਲ ਦੇਖਦੇ ਹਨ। ਜਿਸ ਨੂੰ ਜਿਸ ਪੱਧਰ ਦੇ ਰੁਝਾਨ ਦਰਪੇਸ਼ ਹੋਣ, ਉਸੇ ਪੱਧਰ ਦੀ ਉਸ ਦੀ ਸੋਚ ਬਣ ਜਾਂਦੀ ਹੈ। ਜਿਸ ਪੱਧਰ ਤੀਕ ਜਿਸ ਦੀਆਂ ਗਿਆਨ ਇੰਦਰੀਆਂ ਵਿਕਸਿਤ ਹੋਣ, ਉਸੇ ਪੱਧਰ ਤੀਕ ਉਸ ਦੀ ਸੋਚ ਦੇ ਘੋੜੇ ਦੌੜਦੇ ਹਨ। ਹਰ ਵੇਲੇ ਆਪਣੇ ਤੇ ਆਪਣੇ ਪਰਿਵਾਰ ਦੇ ਭਲੇ ਬਾਰੇ ਸੋਚਣ ਵਾਲੇ ਆਮ ਵਿਅਕਤੀਆਂ ਦੀ ਸੋਚ ਆਪਣੇ ਲਾਭ-ਹਾਨੀ ਤੀਕ ਹੀ ਸੀਮਤ ਹੁੰਦੀ ਹੈ। ਨਿੱਜ ਤੋਂ ਉੱਪਰ ਉਠ ਕੇ ਸੋਚਣ ਵਾਲੇ ਸਮਾਜ ਸੁਧਾਰਕ ਤੇ ਫਿਲਾਸਫਰ ਵੱਡੇ ਦਾਇਰੇ ਦੀ ਸਾਰ ਰੱਖਦੇ ਹਨ।

ਜੋ ਇਸ ਤੋਂ ਵੀ ਉਪਰ ਸੰਸਾਰ ਪੱਧਰ ‘ਤੇ ਸੋਚਦੇ ਹਨ, ਉਹ ਆਪਣੇ ਆਪ ਨੂੰ ਪੂਰੇ ਬ੍ਰਹਿਮੰਡ ਦੇ ਵਾਸੀ ਸਮਝਦੇ ਹਨ ਤੇ ਪੂਰਾ ਬ੍ਰਹਿਮੰਡ ਹੀ ਉਨ੍ਹਾਂ ਦੀ ਸੋਚ ਦਾ ਵਿਸ਼ਾ ਹੁੰਦਾ ਹੈ। ਅਜਿਹੇ ਵਿਅਕਤੀ ਬ੍ਰਹਮ ਗਿਆਨੀ, ਵਿਗਿਆਨੀ ਤੇ ਯੁਗ-ਪੁਰਸ਼ ਦਾ ਦਰਜਾ ਰੱਖਦੇ ਹਨ। ਉਹ ਆਪਣੇ ਵਿਚਾਰਾਂ ਨਾਲ ਸੰਸਾਰ ਨੂੰ ਅਗਲੇ ਪੜਾਅ ਦੀ ਸੇਧ ਦਿੰਦੇ ਹਨ। ਕਿਉਂਕਿ ਉਹ ਸੁਆਰਥ ਤੋਂ ਉਪਰ ਹੁੰਦੇ ਹਨ, ਇਸ ਲਈ ਦੁਨਿਆਵੀ ਲੋਕਾਂ ਨੂੰ ਉਨ੍ਹਾਂ ਦੀਆਂ ਗੱਲਾਂ ਕਿਸੇ ਹੋਰ ਜਗਤ ਦੀਆਂ ਲਗਦੀਆਂ ਹਨ। ਉਹ ਅਜਿਹੇ ਵਿਅਕਤੀਆਂ ਦੇ ਵਿਚਾਰਾਂ ਨੂੰ ਸਮਝਣ ਦੀ ਥਾਂ ਉਨ੍ਹਾਂ ਨੂੰ ਕਰਾਮਾਤੀ ਪੁਰਸ਼ ਮੰਨਦੇ ਹਨ ਤੇ ਉਨ੍ਹਾਂ ਅੱਗੇ ਸਿਰ ਝੁਕਾਉਂਦੇ ਹਨ।
ਜਿਵੇਂ ਇਕ ਸਵਾਣੀ ਆਪਣੀ ਰਸੋਈ ਵਿਚ ਕੰਮ ਕਰਦੀ ਹੈ। ਉਸ ਨੂੰ ਰਸੋਈ ਦੇ ਰਾਸ਼ਣ ਭੰਡਾਰ ਦਾ ਪੂਰਾ ਗਿਆਨ ਹੁੰਦਾ ਹੈ। ਉਹ ਜਾਣਦੀ ਹੈ ਕਿ ਕਿਹੜੀ ਚੀਜ਼ ਖਤਮ ਹੋਈ ਹੈ ਤੇ ਕਿਹੜੀ ਨਹੀਂ। ਉਸ ਨੂੰ ਪਤਾ ਹੈ ਕਿ ਸਭ ਚੀਜ਼ਾਂ ਪੈਸਿਆਂ ਦੇ ਮੁੱਲ ਆਉਂਦੀਆਂ ਹਨ ਅਤੇ ਦੁਕਾਨ ਤੋਂ ਮਿਲਦੀਆਂ ਹਨ। ਜੇ ਕਿਸੇ ਜਰੂਰੀ ਵਸਤ ਦੀ ਥੁੜ੍ਹ ਹੋ ਜਾਵੇ ਜਾਂ ਉਸ ਦਾ ਮੁੱਲ ਵਧ ਜਾਵੇ ਤਾਂ ਉਹ ਦੁਕਾਨਦਾਰਾਂ ਨੂੰ ਦੋਸ਼ ਦਿੰਦੀ ਹੈ। ਉਸ ਨੂੰ ਨਹੀਂ ਪਤਾ ਕਿ ਉਸ ਦੇ ਵਰਤਣ ਵਾਲੀਆਂ ਵਸਤਾਂ ਕਿਥੋਂ ਆਉਂਦੀਆਂ ਹਨ। ਇਹੀ ਸਥਿਤੀ ਕਿਸਾਨਾਂ, ਮਜ਼ਦੂਰਾਂ, ਦਫਤਰੀ ਕਰਮਚਾਰੀਆਂ ਤੇ ਹੋਰ ਦੂਜੇ ਕੰਮ ਕਰਨ ਵਾਲਿਆਂ ਦੀ ਹੈ। ਉਹ ਨਾ ਆਪਣੇ ਕੰਮ ਤੋਂ ਅੱਗੇ ਸੋਚਦੇ ਹਨ ਤੇ ਨਾ ਉਨ੍ਹਾਂ ਕੋਲ ਅਜਿਹਾ ਕਰਨ ਦੀ ਵਿਹਲ ਹੁੰਦੀ ਹੈ। ਬਾਰੀਕ-ਪੱਧਰ (ੰਚਿਰੋ-ਲeਵeਲ) ਦੀਆਂ ਗਿਣਤੀਆਂ-ਮਿਣਤੀਆਂ ਵਿਚ ਉਲਝੇ ਰਹਿਣਾ ਹੀ ਉਨ੍ਹਾਂ ਦਾ ਸੰਸਾਰ ਹੈ।
ਇਹ ਲੋਕ ਡੂੰਘੀ ਦਾਰਸ਼ਨਿਕ ਸੋਚ ਤੋਂ ਦੂਰ ਹੁੰਦੇ ਹਨ। ਇਸ ਲਈ ਕੁਝ ਅਪਵਾਦਾਂ ਨੂੰ ਛੱਡ ਕੇ ਅਜਿਹੇ ਲੋਕ ਗੁਰੂ ਸਾਹਿਬ ਦੀ ਸੋਚ ਤੋਂ ਵੀ ਦੂਰ ਹਨ। ਦੂਰ ਹੀ ਨਹੀਂ, ਸਗੋਂ ਕਈ ਵਾਰੀ ਉਹ ਉਨ੍ਹਾਂ ਦੀ ਸੋਚ ਤੋਂ ਉਲਟ ਪਾਸੇ ਵਿਖਾਈ ਦਿੰਦੇ ਹਨ। ਚਾਹੇ ਉਹ ਗੁਰੂ ਸਾਹਿਬ ਦੀ ਗੱਲ ਦਾ ਦਮ ਵੀ ਭਰਨ ਤਾਂ ਵੀ ਉਹ ਉਨ੍ਹਾਂ ਦੀ ਅਵਸਥਾ ਦਾ ਜਾਇਜ਼ਾ ਨਹੀਂ ਲਾ ਸਕਦੇ। ਜਦੋਂ ਬਚਪਨ ਤੇ ਗਭਰੈਲ ਅਵਸਥਾ ਵਿਚ ਗੁਰੂ ਸਾਹਿਬ ਆਪਣੇ ਅੰਦਰ ਆਪਣੀ ਵਿਚਾਰਧਾਰਾ ਨੂੰ ਸਿਰਜਣ ਦੀ ਖਾਮੋਸ਼ ਜੱਦੋ-ਜਹਿਦ ਕਰ ਰਹੇ ਸਨ ਤਾਂ ਇਹੀ ਲੋਕ ਉਨ੍ਹਾਂ ਨੂੰ ਵਿਹਲੜ, ਨਿਖੱਟੂ ਤੇ ਬਾਵਲਾ ਕਹਿ ਕੇ ਤ੍ਰਿਸਕਾਰਦੇ ਸਨ। ਜਦੋਂ ਗੁਰੂ ਸਾਹਿਬ ਕਿਸੇ ਕੰਮ ਨੂੰ ਵੱਖਰੇ ਤੇ ਬੇਧਿਆਨੇ ਅੰਦਾਜ਼ ਵਿਚ ਕਰਦੇ ਤਾਂ ਇਹੀ ਲੋਕ ਉਨ੍ਹਾਂ ਦੀ ਆਲੋਚਨਾ ਕਰਦੇ। ਕਿਹੜਾ ਐਸਾ ਨੇੜਲਾ ਇਨਸਾਨ ਹੋਵੇਗਾ, ਜਿਸ ਨੇ ਉਨ੍ਹਾਂ ‘ਤੇ ਹੱਥ ਨਾ ਚੁੱਕਿਆ ਹੋਵੇ ਤੇ ਸ਼ਿਕਾਇਤਾਂ ਨਾ ਕੀਤੀਆਂ ਹੋਣ? ਇਨ੍ਹਾਂ ਹੀ ਬੇਧਿਆਨੀਆਂ ਨੂੰ ਇਹ ਲੋਕ ਬਾਅਦ ਵਿਚ ਉਨ੍ਹਾਂ ਦੀਆਂ ਵਡਿਆਈਆਂ ਤੇ ਕਰਾਮਾਤਾਂ ਕਹਿ ਕੇ ਸਰਾਹੁਣ ਲੱਗੇ। ਆਮ ਲੋਕਾਂ ਦੀ ਦੁਨਿਆਵੀ ਪਹੁੰਚ ਅਨੁਸਾਰ ਨਾਨਕ ਜਾਂ ਨਿਖੱਟੂ ਸੀ ਜਾਂ ਪੀਰ। ਇਸ ਲਈ ਨਾ ਲੋਕਾਂ ਨੇ ਗੁਰੂ ਸਾਹਿਬ ਨੂੰ ਪਹਿਲਾਂ ਸਮਝਿਆ, ਨਾ ਬਾਅਦ ਵਿਚ। ਗੁਰੂ ਸਾਹਿਬ ਨੂੰ ਵੀ ਸ਼ਾਇਦ ਉਨ੍ਹਾਂ ਦੀ ਸਮਝ-ਸਤਹਿ ਦਾ ਪਤਾ ਸੀ। ਇਸੇ ਲਈ ਉਨ੍ਹਾਂ ਨੇ ਅਜਿਹੇ ਲੋਕਾਂ ਨੂੰ “ਘਾਲ ਖਾਹਿ ਕਿਛੁ ਹਥੋ ਦੇਹਿ ਨਾਨਕ ਰਾਹ ਪਛਾਣੈ ਸੇਇ” ਦਾ ਇਕ ਅਤਿ ਸਾਧਾਰਣ ਤੇ ਸੰਖੇਪ ਗੁਰ ਦੱਸ ਕੇ ਆਪਣੀ ਸੋਚ ਦਾ ਲਾਭ ਦਿੱਤਾ। ਜਰੂਰੀ ਨਹੀਂ ਕਿ ਅੱਜ ਵੀ ਸਭ ਲੋਕ ਉਨ੍ਹਾਂ ਦੇ ਵਿਚਾਰਾਂ ਦੀਆਂ ਸਿਖਰਲੀਆਂ ਉਚਾਈਆਂ ‘ਤੇ ਚੜ੍ਹਨ ਦੀ ਸਮਰੱਥਾ ਰੱਖਦੇ ਹੋਣ, ਪਰ ਇਸ ਗੁਰ ਦੀ ਪਾਲਣਾ ਨਾਲ ਉਹ ਵੀ ਆਪਣੇ ਪੱਧਰ ਇਸ ਸਿੱਖੀ ਸਿਧਾਂਤ ਦਾ ਲਾਹਾ ਲੈ ਸਕਦੇ ਹਨ।
ਗੁਰੂ ਸਾਹਿਬ ਕਿਸੇ ਇਕ ਕਾਰੋਬਾਰੀ ਇਨਸਾਨ, ਕਿਸਾਨ ਜਾਂ ਦੁਕਾਨਦਾਰ ਦੀ ਗੱਲ ਨਹੀਂ ਸਨ ਕਰਦੇ। ਉਹ ਸਾਰੇ ਜਗਤ ਦੀ ਗੱਲ ਕਰਦੇ ਸਨ। ਸਮੁੱਚਾ ਬ੍ਰਹਿਮੰਡ ਉਨ੍ਹਾਂ ਦਾ ਖੇਤ ਸੀ, ਸਮੁੱਚੀ ਕੁਦਰਤ ਉਨ੍ਹਾਂ ਦਾ ਉਦਯੋਗ ਸੀ ਤੇ ਸਾਰੇ ਜੀਅ ਜੰਤ ਇਸ ਦੇ ਉਪਭੋਗਤਾ ਸਨ। ਉਹ ਸੰਸਾਰ ਪੱਧਰ ਤੇ ਸੋਚਦੇ ਸਨ, ਜਦੋਂ ਕਿ ਆਮ ਆਦਮੀ ਇਸ ਨੂੰ ਸੰਸਾਰਕ ਪੱਧਰ ‘ਤੇ ਲਿਆ ਕੇ ਸਮਝਦਾ ਸੀ। ਇਸ ਲਈ ਜਦੋਂ ਆਮ ਆਦਮੀ ਉਨ੍ਹਾਂ ਦੇ ਵਿਚਾਰਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦਾ, ਉਹ ਉਨ੍ਹਾਂ ਦੇ ਮਿਆਰ ਤੀਕ ਨਾ ਪਹੁੰਚ ਸਕਦਾ। ਇਸ ਲਈ ਉਹ ਉਨ੍ਹਾਂ ਦੇ ਉਪਦੇਸ਼ਾਂ ਨੂੰ ਆਪਣੀ ਸੋਝੀ ਅਨੁਸਾਰ ਢਾਲ ਕੇ ਸਮਝਦਾ। ਗੁਰੂ ਸਾਹਿਬ ਸੱਚ ਦੀ ਗੱਲ ਕਰਦੇ, ਆਮ ਆਦਮੀ ਪਰਮਾਤਮਾ ਦੀ ਗੱਲ ਸਮਝਦਾ। ਉਹ ਨਿਯਮ ਦੀ ਗੱਲ ਕਰਦੇ, ਆਮ ਆਦਮੀ ਕਿਸੇ ਸਾਸ਼ਕੀ ਹੁਕਮ ਦੀ ਗੱਲ ਸਮਝਦਾ। ਉਹ ਧਿਆਉਣ ਅਰਥਾਤ ਧਿਆਨ ਦੇਣ ਦੀ ਗੱਲ ਕਰਦੇ, ਆਮ ਆਦਮੀ ਜਪਣ ਦੀ ਗੱਲ ਸਮਝਦਾ। ਉਹ ਕੁਦਰਤ ਨੂੰ ਕਰਤਾਰ ਕਹਿੰਦੇ ਅਤੇ ਕਰਤਾਰ ਨੂੰ “ਉਹ” ਕਹਿ ਕੇ ਸੰਬੋਧਨ ਕਰਦੇ, ਪਰ ਆਮ ਆਦਮੀ ਇਸ ਨੂੰ ਕਿਸੇ ਮਨੁੱਖ-ਰੂਪੀ ਰੱਬ ਲਈ ਵਰਤਿਆ ਸੰਬੋਧਨੀ ਸ਼ਬਦ ਸਮਝਦਾ। ਉਹ ਵਾਰ ਵਾਰ ਕਹਿੰਦੇ ਕਿ ਕੁਦਰਤ ਬੇਅੰਤ ਹੈ ਤੇ ਇਸ ਦੇ ਰਾਜ਼ ਕਿਸੇ ਨੂੰ ਨਹੀਂ ਪਤਾ, ਆਮ ਆਦਮੀ ਸਮਝਦਾ ਕਿ ਗੁਰੂ ਸਾਹਿਬ ਨੂੰ ਤਾਂ ਪਤਾ ਹਨ, ਪਰ ਹੋਰ ਕਿਸੇ ਨੂੰ ਨਹੀਂ ਪਤਾ। ਗੁਰੂ ਸਾਹਿਬ ਨੇ ਕਿਹਾ ਖੋਜੋ, ਆਮ ਆਦਮੀ ਨੇ ਸਮਝਿਆ ਮੰਨੋ। ਗੁਰੂ ਸਾਹਿਬ ਨੇ ਖੋਜ ਵਿਧੀ ਦੱਸੀ, ਪਰ ਆਮ ਆਦਮੀ ਨੇ ਉਸ ਨੂੰ ਮੁਕਤੀ ਦਾ ਰਾਹ ਸਮਝ ਲਿਆ। ਗੁਰੂ ਸਾਹਿਬ ਨੇ ਕੁਦਰਤ ਦੀ ਵਿਸ਼ਾਲਤਾ ਦਾ ਵਰਣਨ ਕਰ ਕੇ ਮਨੁੱਖੀ ਗਿਆਨ ਦੀ ਤੁੱਛਤਾ ਦਰਸਾਈ, ਪਰ ਆਮ ਆਦਮੀ ਨੇ ਇਸ ਨੂੰ ਉਨ੍ਹਾਂ ਦੀ ਅਦੁੱਤੀ ਜਾਣਕਾਰੀ ਤੇ ਪਰਮਾਤਮਾ ਨਾਲ ਨੇੜਤਾ ਸਮਝਿਆ। ਹੋਰ ਤਾਂ ਹੋਰ, ਗੁਰੂ ਸਾਹਿਬ ਨੇ ਆਪਣੇ ਵਲੋਂ ਗੂੜ੍ਹ-ਗਿਆਨ ਨੂੰ ਆਮ ਲੋਕਾਂ ਦੀ ਭਾਸ਼ਾ ਵਿਚ ਦੇਣ ਦੀ ਕੋਸ਼ਿਸ਼ ਕੀਤੀ, ਪਰ ਆਮ ਲੋਕਾਂ ਨੇ ਇਸ ਨੂੰ ਆਪਣੀ ਸਮਝ ਦੀ ਭਾਸ਼ਾ ਵਿਚ ਬਦਲ ਕੇ ਮਾਮੂਲ (ਠਰਵਿਅਿਲ) ਬਣਾ ਲਿਆ।
ਇਸ ਗੱਲ ਦੀ ਬੜੀ ਲੋੜ ਸੀ ਕਿ ਗੁਰੂ ਸਾਹਿਬ ਦੇ ਸੱਚੇ ਵਿਚਾਰਾਂ ਨੂੰ ਉਨ੍ਹਾਂ ਦੇ ਬਣਦੇ ਅਰਥਾਂ ਵਿਚ ਆਮ ਲੋਕਾਂ ਤੀਕ ਪਹੁੰਚਾਇਆ ਜਾਂਦਾ, ਪਰ ਇਸ ਤਰ੍ਹਾਂ ਨਾ ਹੋਇਆ। ਸਿੱਖੀ ਵਿਚਾਰਧਾਰਾ ਸਿੱਖ ਧਰਮ ਬਣ ਗਈ। ਧਰਮ ਬਣਨ ਨਾਲ ਇਸ ਵਿਚ ਕਰਮ-ਕਾਂਡ ਪ੍ਰਵੇਸ਼ ਕਰ ਗਏ ਤੇ ਇਨ੍ਹਾਂ ਨੂੰ ਨੇਪਰੇ ਚਾੜ੍ਹਨ ਲਈ ਸਿੱਖ ਵਿਦਵਾਨਾਂ, ਪੁਜਾਰੀਆਂ ਤੇ ਪ੍ਰਚਾਰਕਾਂ ਆਦਿ ਦੀ ਵਿਚੋਲੀਆ ਜਮਾਤ ਆ ਗਈ। ਇਸ ਜਮਾਤ ਵਿਚ ਆਪਣੀ ਹੋਂਦ ਤੇ ਹਿੱਤਾਂ ਨੂੰ ਪਹਿਲ ਦੇਣ ਦਾ ਰੁਝਾਨ ਪੈਦਾ ਹੋ ਗਿਆ। ਇਸ ਨੇ ਪਰੰਪਰਾਗਤ ਧਰਮਾਂ ਦੇ ਰੂੜੀਵਾਦ ਨੂੰ ਤਾਂ ਨਿਸ਼ਾਨਾ ਬਣਾਈ ਰੱਖਿਆ, ਪਰ ਆਪਣੇ ਧਰਮ ਵਿਚ ਆਈਆਂ ਕੁਰੀਤੀਆਂ ਨੂੰ ਗੁਰੂ ਸਾਹਿਬ ਦੀਆਂ ਆਲੋਚਨਾਤਮਕ ਟਿੱਪਣੀਆਂ ਤੋਂ ਬਾਹਰ ਰੱਖਿਆ। ਸਿੱਖੀ ਦੂਜੇ ਧਰਮਾਂ ਵਾਂਗ ਇਕ ਹੋਰ ਧਰਮ ਦਾ ਰੂਪ ਧਾਰਨ ਕਰ ਗਈ। ਅਜੋਕੇ ਵਿਦਵਾਨਾਂ, ਪੁਜਾਰੀਆਂ ਤੇ ਪ੍ਰਚਾਰਕਾਂ ਨੇ ਸਿੱਖੀ ਲਈ ਜੋ ਕ੍ਰਾਂਤੀਕਾਰੀ ਤੇ ਇਤਿਹਾਸਕ ਭੂਮਿਕਾ ਨਿਭਾਉਣੀ ਸੀ, ਉਹ ਨਹੀਂ ਨਿਭਾਈ। ਉਨ੍ਹਾਂ ਨੇ ਆਪਣੀ ਸਮਝ ਨੂੰ ਹੋਰ ਅੱਗੇ ਤਾਂ ਕੀ ਵਰਤਣਾ ਸੀ, ਜਿੰਨੀ ਅਕਲ ਗੁਰੂ ਸਾਹਿਬ ਨੇ ਵਰਤਣ ਲਈ ਕਿਹਾ ਸੀ, ਓਨੀ ਵੀ ਨਹੀਂ ਵਰਤੀ।
ਇਹ ਕੋਈ ਮਹਿਜ ਕਹਿਣ ਜਾਂ ਉਲਾਂਭਾ ਦੇਣ ਵਾਲੀ ਗੱਲ ਨਹੀਂ। ਉਨ੍ਹਾਂ ਦੀ ਸੌੜੀ ਤੇ ਭਗਤੀ ਭਾਵ ਵਾਲੀ ਸੋਚ ਦਾ ਰੰਗ ਉਨ੍ਹਾਂ ਦੇ ਟੀਕਿਆਂ ਤੋਂ ਦੇਖਿਆ ਜਾ ਸਕਦਾ ਹੈ। ਇਸ ਦੀ ਮਿਸਾਲ ਉਨ੍ਹਾਂ ਦੀ 26ਵੀਂ ਪਉੜੀ ਦੀ ਵਿਆਖਿਆ ਹੈ, ਜੋ ਪਉੜੀ ਦੀਆਂ ਤੁਕਾਂ ਸਮੇਤ ਹੇਠ ਦਿੱਤੀ ਗਈ ਹੈ,
ਅਮੁਲ ਗੁਣ ਅਮੁਲ ਵਾਪਾਰ॥
ਅਮੁਲ ਵਾਪਾਰੀਏ ਅਮੁਲ ਭੰਡਾਰ॥
ਅਮੁਲ ਆਵਹਿ ਅਮੁਲ ਲੈ ਜਾਹਿ॥
ਅਮੁਲ ਭਾਇ ਅਮੁਲਾ ਸਮਾਹਿ॥
ਅਮੁਲੁ ਧਰਮੁ ਅਮੁਲੁ ਦੀਬਾਣੁ॥
ਅਮੁਲੁ ਤੁਲੁ ਅਮੁਲੁ ਪਰਵਾਣੁ॥
ਅਮੁਲੁ ਬਖਸੀਸ ਅਮੁਲੁ ਨੀਸਾਣੁ॥
ਅਮੁਲੁ ਕਰਮੁ ਅਮੁਲੁ ਫੁਰਮਾਣੁ॥
ਅਮੁਲੋ ਅਮੁਲੁ ਆਖਿਆ ਨ ਜਾਇ॥
ਆਖਿ ਆਖਿ ਰਹੇ ਲਿਵ ਲਾਇ॥
ਆਖਹਿ ਵੇਦ ਪਾਠ ਪੁਰਾਣ॥
ਆਖਹਿ ਪੜੇ ਕਰਹਿ ਵਖਿਆਣ॥
ਆਖਹਿ ਬਰਮੇ ਆਖਹਿ ਇੰਦ॥
ਆਖਹਿ ਗੋਪੀ ਤੈ ਗੋਵਿੰਦ॥
ਆਖਹਿ ਈਸਰ ਆਖਹਿ ਸਿਧ॥
ਆਖਹਿ ਕੇਤੇ ਕੀਤੇ ਬੁਧ॥
ਆਖਹਿ ਦਾਨਵ ਆਖਹਿ ਦੇਵ॥
ਆਖਹਿ ਸੁਰਿ ਨਰ ਮੁਨਿ ਜਨ ਸੇਵ॥
ਕੇਤੇ ਆਖਹਿ ਆਖਣਿ ਪਾਹਿ॥
ਕੇਤੇ ਕਹਿ ਕਹਿ ਉਠਿ ਉਠਿ ਜਾਹਿ॥
ਏਤੇ ਕੀਤੇ ਹੋਰਿ ਕਰੇਹਿ॥
ਤਾ ਆਖਿ ਨ ਸਕਹਿ ਕੇਈ ਕੇਇ॥
ਜੇਵਡੁ ਭਾਵੈ ਤੇਵਡੁ ਹੋਇ॥
ਨਾਨਕ ਜਾਣੈ ਸਾਚਾ ਸੋਇ॥
ਜੇ ਕੋ ਆਖੈ ਬੋਲੁਵਿਗਾੜੁ॥
ਤਾ ਲਿਖੀਐ ਸਿਰਿ ਗਾਵਾਰਾ ਗਾਵਾਰੁ॥੨੬॥
ਇਸ ਪਉੜੀ ਦੀ ਵਿਆਖਿਆ ਕਰਦਿਆਂ ਉੱਘੇ ਸਿੱਖ ਵਿਦਵਾਨ ਪ੍ਰੋ. ਸਾਹਿਬ ਸਿੰਘ ਲਿਖਦੇ ਹਨ ਕਿ ਅਕਾਲ ਪੁਰਖ ਦੇ ਗੁਣ ਅਮੋਲਕ ਹਨ, ਭਾਵ ਰੱਬ ਦੇ ਗੁਣਾਂ ਦਾ ਮੁੱਲ ਨਹੀਂ ਪੈ ਸਕਦਾ। ਇਨ੍ਹਾਂ ਗੁਣਾਂ ਦਾ ਵਪਾਰ ਕਰਨਾ ਅਮੋਲਕ ਹੈ। ਜੋ ਇਸ ਸੰਸਾਰ ਵਿਚ ਅਕਾਲ ਪੁਰਖ ਦੇ ਗੁਣਾਂ ਦਾ ਵਪਾਰ ਕਰਨ ਆਉਂਦੇ ਹਨ, ਉਹ ਸਭ ਅਮੋਲਕ ਹਨ। ਜੋ ਉਸ ਦਾ ਸੌਦਾ ਖਰੀਦ ਕੇ ਲੈ ਜਾਂਦੇ ਹਨ ਅਤੇ ਜੋ ਉਸ ਦੇ ਪ੍ਰੇਮ ਵਿਚ ਲੀਨ ਰਹਿੰਦੇ ਹਨ, ਉਹ ਵੀ ਅਮੋਲਕ ਹਨ। ਅਕਾਲ ਪੁਰਖ ਦੇ ਕਾਨੂੰਨ ਤੇ ਰਾਜ ਪ੍ਰਬੰਧ ਅਮੋਲਕ ਹਨ। ਉਸ ਦੇ ਤੱਖੜੀਆਂ ਤੇ ਵੱਟੇ, ਜਿਨ੍ਹਾਂ ਨਾਲ ਉਹ ਜੀਵਾਂ ਦੇ ਚੰਗੇ ਮੰਦੇ ਕੰਮਾਂ ਨੂੰ ਤੋਲਦਾ ਹੈ, ਵੀ ਅਮੋਲਕ ਹਨ। ਅਕਾਲ ਪੁਰਖ ਦੀ ਬਖਸ਼ਿਸ਼ ਦੇ ਨਿਸ਼ਾਨ ਵੀ ਅਮੋਲਕ ਹਨ। ਉਹ ਅੰਦਾਜ਼ਿਆਂ ਤੋਂ ਪਰ੍ਹੇ ਹੈ ਤੇ ਉਸ ਦਾ ਅੰਦਾਜ਼ਾ ਲਾਉਣ ਵਾਲੇ ਰਹਿ ਜਾਂਦੇ ਹਨ।
ਉਹ ਅੱਗੇ ਲਿਖਦੇ ਹਨ ਕਿ ਵੇਦਾਂ ਦੇ ਮੰਤਰ ਤੇ ਵਿਦਵਾਨ ਪੁਰਸ਼ ਅਕਾਲ ਪੁਰਖ ਦਾ ਅੰਦਾਜ਼ਾ ਲਾਉਂਦੇ ਹਨ। ਉਨ੍ਹਾਂ ਤੋਂ ਬਿਨਾ ਬ੍ਰਹਮਾ, ਇੰਦਰ, ਸ਼ਿਵ ਜਿਹੇ ਕਈ ਦੇਵਤੇ ਤੇ ਕ੍ਰਿਸ਼ਨ, ਗੋਪੀਆਂ, ਸਿੱਧ, ਬੁੱਧ, ਮੁਨੀ, ਸੇਵਕ ਤੇ ਰਾਖਸ਼ ਵੀ ਉਸ ਦਾ ਅੰਦਾਜ਼ਾ ਲਾਉਣ ਦਾ ਯਤਨ ਕਰ ਗਏ। ਕਈ ਅੰਦਾਜ਼ੇ ਲਾ ਰਹੇ ਹਨ ਤੇ ਕਈ ਐਵੇਂ ਈ ਉਠ ਕੇ ਚਲੇ ਜਾਂਦੇ ਹਨ। ਜੇ ਅਕਾਲ ਪੁਰਖ ਇੰਨੇ ਹੋਰ ਵਿਦਵਾਨ ਵੀ ਪੈਦਾ ਕਰ ਦੇਵੇ ਤਾਂ ਵੀ ਉਹ ਉਸ ਦਾ ਅਨੁਮਾਨ ਨਾ ਲਾ ਸਕਣ, ਕਿਉਂਕਿ ਉਹ ਜਿੰਨਾ ਚਾਹੁੰਦਾ ਹੈ, ਉੱਡਾ ਵੱਡਾ ਹੋ ਜਾਂਦਾ ਹੈ। ਅਕਾਲ ਪੁਰਖ ਨੂੰ ਸਿਰਫ ਅਕਾਲ ਪੁਰਖ ਹੀ ਜਾਣ ਸਕਦਾ ਹੈ, ਉਹ ਸਦਾ ਸਥਿਰ ਰਹਿਣ ਵਾਲਾ ਹਰੀ ਆਪ ਹੀ ਜਾਣਦਾ ਹੈ ਕਿ ਉਹ ਕਿੰਨਾ ਕੁ ਵੱਡਾ ਹੈ। ਜੇ ਕੋਈ ਬੜਬੋਲਾ ਮਨੁੱਖ ਦੱਸਣ ਦੀ ਕੋਸ਼ਿਸ਼ ਕਰੇ ਕਿ ਉਹ ਕਿੰਨਾ ਕੁ ਵੱਡਾ ਹੈ ਤਾਂ ਉਹ ਮਨੁੱਖ ਮੂਰਖਾਂ-ਸਿਰ-ਮੂਰਖ ਗਿਣਿਆ ਜਾਵੇਗਾ।
ਆਪਣੀ ਆਦਤ ਮੁਤਾਬਿਕ ਇਹ ਵਿਦਵਾਨ ਅਕਾਲ ਪੁਰਖ, ਪ੍ਰਭੂ, ਪਰਮਾਤਮਾ ਆਦਿ ਸ਼ਬਦ ਤਾਂ ਜਿੱਥੇ ਨਾ ਵੀ ਲਿਖੇ ਹੋਣ, ਉਥੇ ਵੀ ਆਪਣੇ ਕੋਲੋਂ ਲਿਖ ਲੈਂਦਾ ਹੈ; ਪਰ ਇਸ ਪਉੜੀ ਵਿਚ ਤਾਂ ਉਸ ਨੇ ਕੁਦਰਤ ਦੇ ਬੇਲਾਗਤ ਭਾਵ ਮੁਫਤ ਜਾਂ ਅਮੁੱਲ ਆਰਥਕ ਨਿਜ਼ਾਮ ਨੂੰ ਅਕਾਲ ਪੁਰਖ ਦੇ ਗੁਣ ਦੱਸ ਕੇ ਬਹੁਤਾ ਹੀ ਭਗਤੀ ਭਾਵ ਪੈਦਾ ਕੀਤਾ ਹੈ। ਇਸ ਮੰਤਵ ਲਈ ਉਸ ਨੇ ਹਿੰਦੂ ਦੇਵੀ-ਦੇਵਤਿਆਂ ਤੇ ਮਿਥਿਹਾਸਕ ਪਾਤਰਾਂ ਨੂੰ ਇਕ ਵਾਰ ਫਿਰ ਸਜੀਵ ਜਾਮਾ ਪਹਿਨਾ ਕੇ ਗੁਰਬਾਣੀ ਵਿਚ ਪੱਕੀ ਮਾਨਤਾ ਦਿੱਤੀ ਹੈ। ਇਸ ਕਾਰਜ ਵਿਚ ਇਹ ਇੱਕਲਾ ਨਹੀਂ, ਸਗੋਂ ਦੂਜੇ ਸਭ ਵਿਆਖਿਆਕਾਰ ਵੀ ਉਨੀ-ਇੱਕੀ ਦੇ ਫਰਕ ਨਾਲ ਇਸ ਦੇ ਨਾਲ ਹਨ।
ਛੱਬੀ ਤੁਕਾਂ ਵਾਲੀ ਇਹ ਕਾਵਿ-ਕ੍ਰਿਤੀ ਜਪੁਜੀ ਦੀ ਸਭ ਤੋਂ ਲੰਮੀ ਪਉੜੀ ਹੈ। ਵਿਸ਼ੇ ਵਸਤੂ ਪੱਖੋਂ ਇਹ ਪਿਛਲੀ ਪਉੜੀ ਨਾਲ ਜੁੜੀ ਹੋਈ ਹੈ, ਜਿਸ ਵਿਚ ਗੁਰੂ ਸਾਹਿਬ ਨੇ ਫੁਰਮਾਇਆ ਸੀ ਕਿ ਦੁਨਿਆਵੀ ਦਾਤਾਂ ਦੇ ਸਿਲਸਿਲੇ ਵਿਚ ਕੁਦਰਤ ਨਿਰਵੈਰ ਤੇ ਉਦਾਸੀਨ ਹੈ। ਉਹ ਕਿਸੇ ਨਾਲ ਨਾ ਭੇਦ ਭਾਵ ਵਰਤਦੀ ਹੈ ਤੇ ਨਾ ਹੀ ਦਖਲਅੰਦਾਜ਼ੀ ਕਰਦੀ ਹੈ। ਉਸ ਦੇ ਖੁੱਲ੍ਹੇ ਭੰਡਾਰਾਂ ਨੂੰ ਕੋਈ ਜਿੰਨਾ ਜੀ ਚਾਹੇ ਵਰਤੇ ਤੇ ਜਿਵੇਂ ਚਾਹੇ ਵਰਤੇ, ਉਹ ਨਹੀਂ ਵਰਜਦੀ; ਪਰ ਇਸ ਦੀ ਵਿਤਰਣ ਪ੍ਰਣਾਲੀ ਦੀਆਂ ਸਭ ਗਤੀਵਿਧੀਆਂ ਨਿਯਮਾਂ ਅਨੁਸਾਰ ਵਰਤਦੀਆਂ ਹਨ। ਇਸ ਲਈ ਕੁਦਰਤ ਦੇ ਕਰਮ ਜਾਂ ਮਿਹਰਬਾਨੀ ਦੇ ਘੇਰੇ ਵਿਚ ਕੁਝ ਨਹੀਂ ਰਹਿੰਦਾ। ਉਸ ਕੋਲ ਦਾਤਾਂ ਦੇ ਵੱਡੇ ਭੰਡਾਰ ਹਨ, ਪਰ ਉਹ ਜੀਵਾਂ ਦੇ ਖਾਣ ਵਰਤਣ ਦੀ ਕੋਈ ਵਸਤ ਉਨ੍ਹਾਂ ਕੋਲ ਨਹੀਂ ਪਹੁੰਚਾਉਂਦੀ। ਸਵੇਰੇ ਉਠੋ ਤਾਂ ਦੁੱਧ ਵਾਲੀ ਬਾਲਟੀ ਖਾਲੀ ਪਾਈਦੀ ਹੈ। ਮੱਝ ਚੋਵੋ ਤਾਂ ਇਹ ਭਰਦੀ ਹੈ, ਨਹੀਂ ਤਾਂ ਨਹੀਂ। ਕਰਮ ਤਾਂ ਉਦੋਂ ਹੋਵੇ ਜੇ ਉਹ ਹਰ ਰੋਜ ਇਸ ਨੂੰ ਆਪ ਭਰ ਜਾਵੇ। ਉਸ ਦੇ ਅਮੁਕ ਭੰਡਾਰ ਹਨ, ਪਰ ਹਨ ਤਾਲੇ ਦੇ ਅੰਦਰ। ਮਿਹਨਤ ਲਾ ਕੇ ਮੁੱਲ ਤਾਰੋ, ਭਾਵ ਕਰਮ (ਕੰਮ) ਕਰੋ, ਤਾਂ ਪ੍ਰਾਪਤ ਹੁੰਦੇ ਹਨ, ਨਹੀਂ ਤਾਂ ਸਿਰ ਪਟਕਿਆਂ ਵੀ ਨਹੀਂ ਮਿਲਦੇ। ਕਰਮ ਜੀਵ ਕਰਦਾ ਹੈ, ਕੁਦਰਤ ਬਰਾਬਰ ਤੋਲਦੀ ਹੈ। ਇਸ ਲਈ ਕੁਦਰਤ ਦੇ ਕਰਮ ਬਾਰੇ ਕੋਈ ਕੀ ਲਿਖੇ, ਭਾਵ ਉਸ ਦਾ ਕੋਈ ਅਹਿਸਾਨ ਹੋਵੇ ਤਾਂ ਲਿਖਿਆ ਜਾਵੇ! ਇਸ ਪਉੜੀ ਵਿਚ ਉਹ ਕੁਦਰਤ ਦੀ ਬ੍ਰਹਿਮੰਡੀ ਆਰਥਕਤਾ ਨੂੰ ਹੋਰ ਨੇੜਿਓਂ ਵਰਣਨ ਕਰਦੇ ਹਨ।
ਆਪਣੇ ਵਰਣਨ ਵਿਚ ਗੁਰੂ ਸਾਹਿਬ ਨੇ ‘ਅਮੁਲ’ ਦਾ ਸੰਕਲਪ ਵਰਤਿਆ ਹੈ। ਅਮੁਲ ਦਾ ਅਰਥ ਅਨਮੋਲ ਨਹੀਂ, ਸਗੋਂ ਬਿਨਾ ਮੁੱਲ ਭਾਵ ਬਿਨਾ ਲਾਗਤ ਤੋਂ ਅਰਥਾਤ ਬਿਨਾ ਕੁਝ ਖਰਚ ਕੀਤਿਆਂ ਪ੍ਰਾਪਤ ਹੋਣ ਵਾਲੀ ਵਸਤ ਹੈ। ਇਕ ਦੁਰਲੱਭ ਹੀਰਾ ਅਨਮੋਲ ਹੈ, ਪਰ ਹਰ ਥਾਂ ਮਿਲਣ ਵਾਲੀ ਹਵਾ ਅਮੁਲ ਹੈ। ਕੁਦਰਤ ਦੀਆਂ ਦਾਤਾਂ ਦੇ ਅਥਾਹ ਭੰਡਾਰ ਹਨ, ਜੋ ਇਸ ਦੀ ਸਥਾਪਨਾ ਸਮੇਂ ਤੋਂ ਹੀ ਅਮੁਲ ਹਨ, ਭਾਵ ਸਾਰਿਆਂ ਦੇ ਵਰਤਣ ਲਈ ਖੁੱਲ੍ਹੇ ਹਨ। ਇਹ ਉਦੋਂ ਵੀ ਇਵੇਂ ਹੀ ਪਏ ਸਨ, ਜਦੋਂ ਇਨ੍ਹਾਂ ਨੂੰ ਵਰਤਣ ਵਾਲਾ ਕੋਈ ਜੀਵ-ਜੰਤੂ ਪੈਦਾ ਨਹੀਂ ਸੀ ਹੋਇਆ ਤੇ ਹੁਣ ਵੀ ਉਵੇਂ ਹਨ, ਜਦੋਂ ਸਭ ਇਨ੍ਹਾਂ ਨੂੰ ਬੇਪ੍ਰਵਾਹ ਹੋ ਕੇ ਵਰਤ ਰਹੇ ਹਨ।
ਗੁਰੂ ਸਾਹਿਬ ਅਨੁਸਾਰ ਕੁਦਰਤ ਦੀ ਆਰਥਕਤਾ (ਓਚੋਨੋਮੇ) ਇਕ ਸੱਚੇ ਤੌਰ ‘ਤੇ ਅਮੁਲ ਭਾਵ ਮੁਫਤ ਆਰਥਕਤਾ ਹੈ। ਇਸ ਵਿਚ ਨਾ ਕੋਈ ਉਤਪਾਦਕ ਹੈ, ਨਾ ਦੁਕਾਨਦਾਰ ਤੇ ਨਾ ਕਿਰਾਇਆ ਭਾੜਾ। ਇਸ ਦੀ ਮੰਡੀ ਚਾਰੇ ਪਾਸੇ ਪਸਰੀ ਪਈ ਹੈ। ਇਸ ਮੰਡੀ ਵਿਚ ਨਾ ਕੋਈ ਤੱਕੜੀ ਹੈ ਤੇ ਨਾ ਵੱਟਾ। ਨਾ ਰੁਪਿਆ ਪੈਸਾ ਹੈ, ਨਾ ਮੁਲ-ਭਾਅ। ਨਾ ਕੋਈ ਢੋਅ ਢੁਆਈ ਦਾ ਕੰਮ ਹੈ, ਨਾ ਵਾਹਨ। ਹੋਰ ਤਾਂ ਹੋਰ, ਇਸ ਵਿਚ ਕੋਈ ਬੋਰੀਆਂ, ਪੱਲੀਆਂ, ਰੱਸੀਆਂ, ਬਾਲਟੀਆਂ, ਗਾਗਰਾਂ ਤੇ ਹੋਰ ਬਾਰਦਾਨੇ ਦੀਆਂ ਵਸਤਾਂ ਵੀ ਨਹੀਂ, ਜਿਨ੍ਹਾਂ ਵਿਚ ਭਰ ਜਾਂ ਬੰਨ੍ਹ ਕੇ ਪਦਾਰਥਾਂ ਦੀ ਢੋਆ-ਢੁਆਈ ਹੋ ਸਕੇ। ਸਾਰਾ ਵਿਤਰਣ ਬੂਹੇ ਤੇ ਹੀ ਨਹੀਂ ਸਗੋਂ ਨੱਕ, ਹੱਥ, ਮੂੰਹ ਥਾਣੀ ਜੀਵਾਂ ਕੋਲ ਸਿੱਧਾ ਹੋ ਜਾਂਦਾ ਹੈ। ਇਸ ਦਾ ਬੇਲਾਗਤ ਬੰਦੋਬਸਤ, ਬੇਲਾਗਤ ਨਿਪਟਾਰੇ, ਬੇਲਾਗਤ ਵਣਜ-ਨਿਸ਼ਾਨ (ਠਰਅਦe ੰਅਰਕ) ਤੇ ਬੇਲਾਗਤ ਪ੍ਰਸ਼ਾਸਨੀ ਨਿਯਮ ਹਨ। ਇਸ ਵਿਚ ਇੰਨਾ ਕੁਝ ਮੁਫਤ ਹੈ ਕਿ ਵਰਣਨ ਨਹੀਂ ਕੀਤਾ ਜਾ ਸਕਦਾ। ਇਸ ਬੇਲਾਗਤ ਆਰਥਕਤਾ ਦੇ ਵਿਸਥਾਰ ਦੇ ਅੰਦਾਜ਼ੇ ਬਹੁਤ ਲੋਕ ਲਾ ਚੁਕੇ ਹਨ। ਇਨ੍ਹਾਂ ਵਿਚ ਪੜ੍ਹੇ-ਲਿਖੇ ਵੇਦਾਂ ਦਾ ਪਾਠ ਕਰਨ ਵਾਲੇ ਵੇਦਾਚਾਰੀਏ ਵੀ ਸ਼ਾਮਲ ਹਨ। ਇਨ੍ਹਾਂ ਗ੍ਰੰਥਾਂ ਵਿਚ ਵੱਖ ਵੱਖ ਦੇਵੀ-ਦੇਵਤਿਆਂ ਜਿਵੇਂ ਬ੍ਰਹਮਾ, ਸ਼ਿਵ, ਇੰਦਰ ਅਤੇ ਕ੍ਰਿਸ਼ਨ, ਗੋਪੀ, ਸਿੱਧ-ਪੁਰਖਾਂ, ਰਿਸ਼ੀਆਂ ਮੁਨੀਆਂ ਤੇ ਮਹਾਤਮਾ ਬੁੱਧ ਅਤੇ ਕਈ ਹੋਰ ਅਵਤਾਰਾਂ ਦੇ ਹਵਾਲਿਆਂ ਨਾਲ ਅਨੁਮਾਨ ਲਾਏ ਗਏ ਹਨ। ਕਈਆਂ ਨੇ ਕੁਝ ਕਿਹਾ ਹੈ ਤੇ ਕਈ ਬਿਨਾ ਕਹੇ ਹੀ ਚਲੇ ਗਏ ਹਨ। ਜੇ ਇੰਨੇ ਕਹਿਣ ਵਾਲੇ ਹੋਰ ਵੀ ਆ ਜਾਣ, ਉਹ ਵੀ ਇਸ ਆਰਥਕਤਾ ਦਾ ਅੰਦਾਜ਼ਾ ਨਾ ਲਾ ਸਕਣ। ਇਸ ਆਰਥਕ ਪ੍ਰਬੰਧ ਦਾ ਜਿੰਨਾ ਵੱਡਾ ਅੰਦਾਜ਼ਾ ਲਾਇਆ ਜਾਂਦਾ ਹੈ, ਇਹ ਉਨਾ ਹੀ ਵੱਡਾ ਹੋ ਜਾਂਦਾ ਹੈ। ਜੋ ਕੋਈ ਇਸ ਗੱਲ ਨੂੰ ਸਮਝਦਾ ਹੋਵੇ, ਨਾਨਕ ਤਾਂ ਉਸੇ ਨੂੰ ਸੱਚਾ ਜਾਣੇ, ਪਰ ਜੇ ਕੋਈ ਉਪਰੋਕਤ ਸੱਚਾਈ ਦੇ ਬੋਲਾਂ ਨੂੰ ਤੋੜ-ਮੋੜ ਕੇ ਪੇਸ਼ ਕਰੇ ਤਾਂ ਉਸ ਨੂੰ ਮੂਰਖਾਂ ਦੇ ਮੂਰਖਾਂ ਦਾ ਸਰਦਾਰ ਜਾਣਿਆ ਜਾਵੇ।
ਗੁਰੂ ਸਾਹਿਬ ਦੀ ਲਿਖਤ ਨੂੰ ਸੱਚੀ ਸਾਬਤ ਕਰਨ ਲਈ ਕਿਸੇ ਪ੍ਰਮਾਣ ਦੀ ਲੋੜ ਨਹੀਂ। ਕੁਦਰਤ ਦੇ ਭੰਡਾਰ ਇੰਨੇ ਵਿਸ਼ਾਲ ਤੇ ਬੇਲਾਗਤ ਹਨ ਕਿ ਇਨ੍ਹਾਂ ਦਾ ਅੰਦਾਜ਼ਾ ਲਾਉਣਾ ਮੁਸ਼ਕਿਲ ਹੈ। ਇਸ ਧਰਤੀ ਦੇ ਹੀ ਭੰਡਾਰ ਲਈਏ, ਇਨ੍ਹਾਂ ਵਿਚ ਇਸ ਦੁਆਲੇ ਉਸਰਿਆ 200 ਮੀਲ ਉਚਾ ਹਵਾ ਮੰਡਲ ਹੈ। ਯੁਗਾਂ ਯੁਗਾਂਤਰਾਂ ਤੋਂ ਅਸੰਖ ਜੀਵ ਇਸ ਨੂੰ ਵਰਤਦੇ ਆ ਰਹੇ ਹਨ, ਪਰ ਇਹ ਨਹੀਂ ਘਟਿਆ। ਹਵਾ ਨਾ ਸਿਰਫ ਸਾਹ ਲੈਣ ਲਈ, ਸਗੋਂ ਉਡਾਣਾਂ ਭਰਨ ਲਈ ਵੀ-ਹਰ ਇਕ ਲਈ ਮੁਫਤ ਹੈ। ਇਸ ਰਾਹੀਂ ਬਣਿਆ ਹਵਾ ਦਾ ਦਬਾਅ ਸਭ ਲਈ ਬਰਾਬਰ ਹੈ, ਜਿਸ ਕਾਰਨ ਸਭ ਜੀਵਾਂ ਦੀਆਂ ਰਗਾਂ ਵਿਚ ਖੂਨ ਦੌੜਦਾ ਹੈ। ਇਹ ਦਬਾਅ ਨਾ ਹੋਵੇ ਤਾਂ ਖੂਨ ਸ਼ਰੀਰ ਦੇ ਹਰ ਦੁਆਰ ‘ਚੋਂ (ਦਸਵੇਂ ਨੂੰ ਛੱਡ ਕੇ!) ਬਾਹਰ ਰਿਸਣ ਲੱਗੇ। ਇਸ ਦੀ ਮੁਫਤ ਆਕਸੀਜਨ ਨਾਲ ਸਭ ਦੇ ਚੁੱਲ੍ਹੇ-ਗੈਸਾਂ ਬਲਦੀਆਂ ਹਨ ਤੇ ਮੁਫਤ ਨਾਈਟ੍ਰੋਜਨ ਰਾਹੀਂ ਸਭ ਦੀਆਂ ਫਸਲਾਂ ਵਧਦੀਆਂ ਫੁੱਲਦੀਆਂ ਹਨ। ਇਸੇ ਹਵਾ ਵਿਚ ਤੈਰ ਕੇ ਬੱਦਲ ਆਉਂਦੇ ਹਨ ਤੇ ਸਭ ਲਈ ਬਰਾਬਰ ਬਰਸਦੇ ਹਨ। ਪਾਣੀ ਦੇ ਅਥਾਹ ਸੋਮੇ ਕੁਦਰਤ ਦੇ ਦੂਜਾ ਭੰਡਾਰ ਹਨ। ਸਾਗਰਾਂ, ਝੀਲਾਂ, ਦਰਿਆਵਾਂ ਤੇ ਗਲੇਸ਼ੀਅਰਾਂ ਵਿਚ ਅਸੀਮਤ ਪਾਣੀ ਜਮ੍ਹਾਂ ਹੈ। ਕੋਈ ਜਿੰਨਾ ਮਰਜੀ ਪੀਵੇ, ਨਹਾਵੇ, ਤੈਰੇ ਤੇ ਜਹਾਜ-ਕਿਸ਼ਤੀਆਂ ਚਲਾਵੇ, ਸਭ ਮੁਫਤ। ਧਰਤੀ ਦਾ ਵਿਸ਼ਾਲ ਪਟ ਵੀ ਇਕ ਅਮੁੱਲੀ ਦਾਤ ਹੈ। ਇਹ ਵੀ ਬੇਲਾਗਤ ਦਾਤ ਕੁਦਰਤ ਵਲੋਂ ਸਭ ਦੇ ਬਰਾਬਰ ਵਰਤੋਂ ਲਈ ਹੈ, ਭਾਵੇਂ ਇਸ ਉਤੇ ਲੋਕਾਂ ਨੇ ਨਿੱਜੀ ਕਬਜੇ ਕੀਤੇ ਹੋਏ ਹਨ। ਧਰਤੀ ‘ਤੇ ਪੈਦਾ ਹੋਣ ਵਾਲੇ ਵਣ, ਦਰਖਤ ਤੇ ਪੇੜ-ਪੌਦੇ ਵੀ ਕੁਦਰਤ ਦੀਆਂ ਅਮੁੱਲ ਦਾਤਾਂ ਵਿਚ ਸ਼ਾਮਲ ਹਨ। ਇਸ ਤੋਂ ਇਲਾਵਾ ਧਰਤੀ ਦੇ ਅੰਦਰ ਪਾਇਆ ਜਾਣ ਵਾਲਾ ਰੇਤਾ, ਬਜਰੀ, ਪੱਥਰ, ਲੋਹਾ, ਕੋਲਾ, ਸੋਨਾ, ਪੈਟਰੋਲੀਅਮ, ਯੂਰੇਨੀਅਮ, ਤੇਲ, ਗੈਸ ਆਦਿ ਵੀ ਅਮੁਲ ਪਦਾਰਥ ਹੀ ਹਨ।
ਗੁਰੂ ਸਾਹਿਬ ਦੀ ਗੱਲ ਸਹੀ ਹੈ ਕਿ ਜਿਉਂ ਜਿਉਂ ਮਨੁੱਖ ਹੋਰ ਅੱਗੇ ਸੋਚਦਾ ਹੈ, ਅਮੁੱਲ ਦਾਤਾਂ ਦਾ ਦਾਇਰਾ ਹੋਰ ਵਧਦਾ ਜਾਂਦਾ ਹੈ। ਜਿਸ ਚੀਕਣੀ ਮਿੱਟੀ (ਛਲਅੇ) ਨੂੰ ਪਹਿਲਾਂ ਉਹ ਬੇਕਾਰ ਸਮਝ ਕੇ ਉਸ ਦੇ ਭਾਂਡੇ ਬਣਾਉਂਦਾ ਸੀ, ਅੱਜ ਪਤਾ ਲੱਗਾ ਹੈ ਕਿ ਇਸ ਦਾ ਇਕ ਤਿਹਾਈ ਭਾਗ ਅਲਮੀਨੀਅਮ ਹੈ। ਇਸ ਨੂੰ ਮਿੱਟੀ ਦਾ ਬਿਜਲਈ ਵਿਸ਼ਲੇਸ਼ਣ ਕਰਕੇ ਸਿੱਧਾ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ। ਅਲਮੀਨੀਅਮ ਇਕ ਸਸਤੀ, ਹਲਕੀ ਪਰ ਸਖਤ ਧਾਤੂ ਹੈ, ਜੋ ਮਸ਼ੀਨੀ ਉਦਯੋਗ ਵਿਚ ਲੋਹੇ ਦੀ ਥਾਂ ਲੈ ਰਹੀ ਹੈ। ਇਸੇ ਤਰ੍ਹਾਂ ਧਰਤੀ ਤੇ ਬਿਖਰੇ ਫਜ਼ੂਲ ਸਮਝੇ ਜਾਂਦੇ ਪੱਥਰਾਂ, ਕੰਕਰਾਂ ਖਾਸ ਤੌਰ ‘ਤੇ ਕੁਆਰਟਜ਼ (ਥੁਅਰਟਡ) ਪੱਥਰਾਂ ਤੋਂ ਸਿਲੀਕਾਨ (ੰਲਿਚੋਨ) ਪ੍ਰਾਪਤ ਹੁੰਦਾ ਹੈ, ਜੋ ਕਿ ਅਜੋਕੀ ਇਲੈਕਟ੍ਰਾਨਿਕ ਤੇ ਕੰਪਿਊਟਰ ਸਨਅਤ ਵਿਚ ਵਰਤਿਆ ਜਾਂਦਾ ਹੈ। ਮਨਸੂਈ ਬੌਧਿਕਤਾ (Aਰਟਿਚਿਅਿਲ ੀਨਟeਲਲਗਿeਨਚe) ਦਾ ਸੋਮਾ ਇਹੀ ਪੱਥਰ ਕੰਕਰ ਹਨ। ਮਾਰੂਥਲਾਂ ਤੇ ਸਮੁੰਦਰਾਂ ਦੇ ਪਾਣੀਆਂ ਹੇਠੋਂ ਖੋਜੇ ਪੈਟਰੋਲੀਅਮ ਵਿਚ ਪੈਟਰੋਲ, ਡੀਜ਼ਲ, ਪਲਾਸਟਿਕ ਆਦਿ ਦੇ ਲਾਭਦਾਇਕ ਪਦਾਰਥ ਪਾਏ ਗਏ ਹਨ, ਜਿਨ੍ਹਾਂ ਨੇ ਅਜੋਕੀ ਸਭਿਅਤਾ ਦੀ ਨੁਹਾਰ ਬਦਲ ਦਿੱਤੀ ਹੈ। ਧੁਪ ਜੋ ਪਹਿਲਾਂ ਪ੍ਰਕਾਸ਼, ਗਰਮੀ ਤੇ ਸੇਕ ਦਾ ਸਾਧਨ ਸੀ, ਹੁਣ ਬਿਜਲੀ ਬਣਾਉਣ ਦੇ ਕੰਮ ਆਉਂਦੀ ਹੈ। ਪਹਿਲਾਂ ਮਨੁੱਖ ਧਰਤੀ ਦੇ ਖਜਾਨਿਆਂ ਨੂੰ ਹੀ ਗਿਣਤੀ ਵਿਚ ਲੈਂਦਾ ਸੀ, ਪਰ ਆਧੁਨਿਕ ਖੋਜਾਂ ਅਨੁਸਾਰ ਪੁਲਾੜੀ ਪਿੰਡ ਵੀ ਅਜਿਹੇ ਹੀ ਪਦਾਰਥਾਂ ਨਾਲ ਭਰੇ ਪਏ ਹਨ। ਵੱਡੀ ਗੱਲ ਇਹ ਕਿ ਅੱਜ ਮਨੁੱਖ ਨੇ ਇਨ੍ਹਾਂ ਅਮੁਲ ਕੁਦਰਤੀ ਸੁਗਾਤਾਂ ਦਾ ਮੋਟਾ ਮੋਟਾ ਅਨੁਮਾਨ ਵੀ ਲਾ ਲਿਆ ਹੈ। ਇਸੇ ਅਨੁਮਾਨ ਕਾਰਨ ਅਜੋਕੇ ਸਮੇਂ ਵਿਚ ਪੁਲਾੜੀ ਦੌੜ ਵਿਚ ਵਾਧਾ ਹੋਇਆ ਹੈ। ਇਸ ਲਈ ਜਿੰਨਾ ਮਨੁੱਖ ਕੁਦਰਤ ਦੇ ਅਮੁੱਲ ਖਜਾਨਿਆਂ ਵਲ ਵਧੇਰੇ ਸੋਚਦਾ ਹੈ ਭਾਵ ਖੋਜਦਾ ਹੈ, ਉਨੇ ਹੀ ਉਹ ਹੋਰ ਵਿਸ਼ਾਲ ਤੇ ਹੋਰ ਅਹਿਮ ਬਣੀ ਜਾਂਦੇ ਹਨ।
ਸਮੂਹ ਸਿੱਖ ਸ਼ਰਧਾਲੂਆਂ ਲਈ ਵੱਡੀ ਤੇ ਮਾਣ ਵਾਲੀ ਗੱਲ ਇਹ ਹੈ ਕਿ ਗੁਰੂ ਸਾਹਿਬ ਦੁਨੀਆਂ ਦੇ ਪਹਿਲੇ ਚਿੰਤਕ ਸਨ, ਜਿਨ੍ਹਾਂ ਨੇ ਕੁਦਰਤ ਦੀਆਂ ਦਾਤਾਂ ਨੂੰ ਅਮੁਲ ਕਿਹਾ ਤੇ ਇਨ੍ਹਾਂ ਬਾਰੇ ਇੰਨੇ ਵਿਸਥਾਰ ਨਾਲ ਲਿਖਿਆ। ਯੁਨਾਨੀ ਫਿਲਾਸਫਰ ਸਿਰਫ ਰਾਜ ਤੇ ਨੈਤਿਕਤਾ ਬਾਰੇ ਲਿਖਦੇ ਰਹੇ, ਰੋਮਨ ਕਾਨੂੰਨ ਬਾਰੇ ਸੋਚਦੇ ਰਹੇ ਅਤੇ ਇਸਾਈ ਤੇ ਇਸਲਾਮੀ ਚਿੰਤਕ ਰੱਬ ਦੀਆਂ ਦੁਨਿਆਵੀ ਰਹਿਮਤਾਂ ਦੇ ਗੁਣ ਗਾਉਂਦੇ ਰਹੇ, ਪਰ ਕੁਦਰਤ ਦੇ ਵਡਮੁੱਲੇ ਖਜਾਨਿਆਂ ਨੂੰ ਨਿਰਪੱਖ ਹੋ ਕੇ ਕਿਸੇ ਨੇ ਨਾ ਵਿਚਾਰਿਆ। ਹੈਲਿਨਿਕ ਦਾਰਸ਼ਿਕ ਐਪੀਕੂਰਸ (ਓਪਚੁਰੁਸ) ਕੁਦਰਤ ਦੀਆਂ ਖੁੱਲ੍ਹੀਆਂ ਨਿਆਮਤਾਂ ਨੂੰ ਮਾਣਨ ਦੀ ਗੱਲ ਤਾਂ ਕਰਦਾ ਰਿਹਾ, ਪਰ ਉਹ ਗੁਰੂ ਸਾਹਿਬ ਵਾਂਗ ਇਨ੍ਹਾਂ ਦਾ ਵਰਣਨ ਨਾ ਕਰ ਸਕਿਆ। ਗੁਰੂ ਸਾਹਿਬ ਤੋਂ ਬਾਅਦ ਕੁਦਰਤੀ ਭੰਡਾਰਾਂ ਦੇ ਮਹੱਤਵ ਦਾ ਜ਼ਿਕਰ ਸਭ ਤੋਂ ਪਹਿਲਾਂ ਆਦਮ ਸਮਿੱਥ, ਜੇ. ਐਸ਼ ਮਿਲ, ਰਿਕਾਰਡੋ ਤੇ ਮਾਲਥਸ ਜਿਹੇ ਟਕਸਾਲੀ ਅਰਥ-ਸ਼ਾਸਤਰੀਆਂ ਨੇ ਕੀਤਾ। ਇਨ੍ਹਾਂ ਅਨੁਸਾਰ ਉਤਪਾਦਨ ਦੇ ਚਾਰ ਮੁੱਖ ਥੰਮ ਹਨ-ਕੱਚਾ ਮਾਲ, ਮਜ਼ਦੂਰੀ, ਸਰਮਾਇਆ ਤੇ ਪ੍ਰਬੰਧ। ਉਨ੍ਹਾਂ ਕਿਹਾ ਕਿ ਕੱਚੇ ਮਾਲ ਦਾ ਇਕ-ਮਾਤਰ ਸੋਮਾ ਕੁਦਰਤ ਹੈ। ਇਹ ਅਰਥ-ਸਾਸ਼ਤਰੀ ਉਤਪਾਦਨੀ ਅਰਥਚਾਰੇ ਦੇ ਵਿਸ਼ੇਸ਼ਗ ਸਨ, ਇਸ ਲਈ ਇਨ੍ਹਾਂ ਨੇ ਕੁਦਰਤੀ ਦਾਤਾਂ ਬਾਰੇ ਹੋਰ ਕੁਝ ਨਾ ਕਿਹਾ।
ਗੁਰੂ ਸਾਹਿਬ ਦੀ ਸੋਚ ਦੀ ਪ੍ਰੋੜ੍ਹਤਾ ਪਿਛੋਂ ਜਾ ਕੇ ਕਾਰਲ ਮਾਰਕਸ ਨੇ ਕੀਤੀ। ਉਸ ਨੇ ਕਿਹਾ ਕਿ ਕੁਦਰਤੀ ਦਾਤਾਂ ਨੂੰ ਆਰਥਕ ਉਤਪਾਦਨ ਲਈ ਕੱਚੇ ਮਾਲ ਵਿਚ ਤਬਦੀਲ ਕਰਨਾ ਮਨੁੱਖੀ ਮਿਹਨਤ ਰਾਹੀਂ ਸੰਭਵ ਹੋਇਆ ਹੈ। ਉਸ ਨੇ ਦਾਸ ਕੈਪੀਟਲ (ਧਅਸ ਛਅਪਟਿਅਲ) ਦੇ ਅਰੰਭ ਵਿਚ ਹੀ ਦੱਸਿਆ ਹੈ ਕਿ ਮਨੁੱਖ ਇਨ੍ਹਾਂ ਦਾਤਾਂ ਉਤੇ ਆਪਣੀ ਮਿਹਨਤ ਲਾ ਕੇ ਆਪਣੀਆਂ ਲੋੜਾਂ ਲਈ ਮੁੱਲ-ਯੋਗ ਵਸਤਾਂ ਪੈਦਾ ਕਰਦਾ ਹੈ। ਵਸਤਾਂ ਦੇ ਉਤਪਾਦਨ ਉਤੇ ਲਾਗਤ ਆਈ ਮਿਹਨਤ ਅਨੁਸਾਰ ਹੀ ਇਨ੍ਹਾਂ ਦਾ ਸਮਾਜਕ ਮੁੱਲ ਨਿਰਧਾਰਤ ਹੁੰਦਾ ਹੈ। ਜਦੋਂ ਉਪਭੋਗਤਾ ਬਾਜ਼ਾਰ ਵਿਚੋਂ ਕੋਈ ਵਸਤ ਖਰੀਦਦਾ ਹੈ, ਉਹ ਉਸ ਦਾ ਕੁਦਰਤੀ ਮੁੱਲ ਨਹੀਂ ਉਤਾਰਦਾ, ਭਾਵ ਉਸ ਨੂੰ ਤਾਂ ਉਹ ਉਤਾਰ ਹੀ ਨਹੀਂ ਸਕਦਾ, ਸਗੋਂ ਉਸ ਉਤੇ ਆਈ ਮਿਹਨਤ ਦਾ ਮੁੱਲ ਹੀ ਉਤਾਰਦਾ ਹੈ। ਕੁਦਰਤ ਦੀਆਂ ਦਾਤਾਂ ਕੁਦਰਤ ਦੇ ਤਾਲੇ ਅੰਦਰ ਹਨ, ਜੋ ਮਿਹਨਤ ਵੱਟੇ ਮਿਲਦੀਆਂ ਹਨ। ਮਨੁੱਖੀ ਮਿਹਨਤ ਕੁਦਰਤੀ ਵਸਤ ਨਹੀਂ, ਸਗੋਂ ਮਨੁੱਖੀ ਸਰੀਰ ਦਾ ਗੁਣ ਹੈ। ਇਹ ਹਰ ਇਕ ਸਰੀਰ ਦੀ ਆਪਣੀ ਸ਼ਕਤੀ ਹੈ, ਜਿਸ ਦੀ ਵਰਤੋਂ ਉਸ ਦੇ ਕੰਟਰੋਲ ਵਿਚ ਹੈ। ਇਸੇ ਲਈ ਕੁਦਰਤੀ ਦਾਤਾਂ ਤੋਂ ਬਣੀਆਂ ਚੀਜ਼ਾਂ ਸਮਾਜ ਵਿਚ ਅਮੁੱਲ ਨਹੀਂ। ਇਨ੍ਹਾਂ ਨੂੰ ਮਿਹਨਤ ਦਾ ਮੁੱਲ ਅਦਾ ਕਰ ਕੇ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ। ਕਾਰਲ ਮਾਰਕਸ ਨੇ ਇਹ ਗੱਲ ਕਹਿ ਕੇ ਸੰਸਾਰਕ ਪ੍ਰਸਿੱਧੀ ਪਾ ਲਈ। ਇਹੀ ਗੱਲ ਗੁਰੂ ਸਾਹਿਬ ਨੇ ਸਦੀਆਂ ਪਹਿਲਾਂ ਕਹਿ ਦਿੱਤੀ ਸੀ ਤੇ ਨਾਲ ਮਨੁੱਖੀ ਕਿਰਤ ਦੇ ਸੋਹਲੇ ਵੀ ਗਾ ਦਿੱਤੇ ਸਨ, ਪਰ ਕਿਸੇ ਨੇ ਇਸ ਨੂੰ ਗੌਲਿਆ ਨਹੀਂ। ਉਨ੍ਹਾਂ ਦੇ ਅਜੋਕੇ ਸਿੱਖਾਂ ਤਾਂ ਇਸ ਨੂੰ ਗੁਰੂ ਸਾਹਿਬ ਦੀ ਇਕ ਮਹਾਨ ਪ੍ਰਾਪਤੀ ਮੰਨਣ ਦੀ ਥਾਂ ਮਾਰਕਸ ਨੂੰ ਹੀ ਕੋਸਦੇ ਰਹਿੰਦੇ ਹਨ।
ਇਸ ਤਰ੍ਹਾਂ ਮੱਧ ਕਾਲ ਦੇ ਹਨੇਰੇ ਯੁਗ ਵਿਚ ਕੁਦਰਤ ਨੂੰ ਬ੍ਰਹਿਮੰਡੀ ਅਰਥਚਾਰੇ ਦਾ ਧੁਰਾ ਕਹਿਣ ਕਰਕੇ ਤੇ ਮਨੁੱਖੀ ਕਿਰਤ ਨੂੰ ਸਮਾਜਕ ਆਰਥਕਤਾ ਦਾ ਕੇਂਦਰ ਦੱਸਣ ਕਰਕੇ ਗੁਰੂ ਸਾਹਿਬ ਆਧੁਨਿਕ ਅਰਥ-ਸਾਸ਼ਤਰ ਦੇ ਪਿਤਾਮਾ ਕਹਾਉਣ ਦੇ ਹੱਕਦਾਰ ਹਨ; ਪਰ ਅਜੋਕੇ ਸਿੱਖ ਵਿਦਵਾਨਾਂ ਨੇ ਉਨ੍ਹਾਂ ਦੀਆਂ ਇਨ੍ਹਾਂ ਉਪਲਭਦੀਆਂ ਨੂੰ ਵੀ ਅੱਧਾ-ਅਧੂਰਾ ਸਮਝ ਕੇ ਪੂਜਾ ਪਾਠ ਦਾ ਵਿਸ਼ਾ ਬਣਾਇਆ ਹੋਇਆ ਹੈ!