ਮੈਨੂੰ ਫੜ ਲਓ ਲੰਡਨ ਵਾਸੀਓ…

ਭਾਰਤ ਦੀ ਆਜ਼ਾਦੀ ਲਈ ਅਨੇਕ ਦੇਸ਼ਭਗਤਾਂ ਨੇ ਕੁਰਬਾਨੀਆਂ ਦਿੱਤੀ ਜਿਨ੍ਹਾਂ ਵਿਚੋਂ ਸੁਨਾਮ ਵਾਲੇ ਊਧਮ ਸਿੰਘ ਦਾ ਨਾਂ ਅਹਿਮ ਹੈ। ਉਹਨੇ ਜੱਲਿਆਂਵਾਲੇ ਬਾਗ ਦੇ ਸਾਕੇ ਲਈ ਮੁੱਖ ਤੌਰ ‘ਤੇ ਜ਼ਿੰਮੇਵਾਰ ਪੰਜਾਬ ਦੇ ਗਵਰਨਰ ਮਾਈਕਲ ਓਡਵਾਇਰ ਨੂੰ ਲੰਡਨ ਜਾ ਕੇ ਖਤਮ ਕੀਤਾ। ਇਸ ਦੇਸ਼ਭਗਤ ਦੀ ਸ਼ਹਾਦਤ ਵਰ੍ਹੇਗੰਢ ਮੌਕੇ ਉਸ ਦੀ ਜ਼ਿੰਦਗੀ ਅਤੇ ਸਰਗਰਮੀਆਂ ਬਾਰੇ ਚਰਚਾ ਪ੍ਰੋ. ਨਵ ਸੰਗੀਤ ਸਿੰਘ ਨੇ ਆਪਣੇ ਇਸ ਲੇਖ ਵਿਚ ਕੀਤੀ ਹੈ।

-ਸੰਪਾਦਕ

ਪ੍ਰੋ. ਨਵ ਸੰਗੀਤ ਸਿੰਘ*
ਫੋਨ: +91-94176-92015

ਭਾਰਤ ਦੀ ਜੰਗੇ-ਆਜ਼ਾਦੀ ਵਿਚ ਪੰਜਾਬ ਦੇ ਦੇਸ਼ਭਗਤਾਂ ਨੇ ਸਭ ਤੋਂ ਵੱਧ ਹਿੱਸਾ ਪਾਇਆ ਹੈ। ਇਨ੍ਹਾਂ ਵਿਚ ਸ਼ਹੀਦ ਭਗਤ ਸਿੰਘ, ਕਰਤਾਰ ਸਿੰਘ ਸਰਾਭਾ, ਮਦਨ ਲਾਲ ਢੀਂਗਰਾ ਜਿਹੇ ਨੌਜਵਾਨਾਂ ਦਾ ਜ਼ਿਕਰਯੋਗ ਨਾਂ ਹੈ। ਅਜਿਹੇ ਹੀ ਜਾਂਬਾਜ਼ ਸੂਰਮਿਆਂ ਵਿਚ ਸ਼ਹੀਦ ਊਧਮ ਸਿੰਘ ਦਾ ਨਾਂ ਵੀ ਪੇਸ਼-ਪੇਸ਼ ਹੈ।
ਕ੍ਰਾਂਤੀਕਾਰੀ ਦੇਸ਼ਭਗਤ ਊਧਮ ਸਿੰਘ ਦਾ ਮੁੱਢਲਾ ਨਾਂ ਸ਼ੇਰ ਸਿੰਘ ਸੀ। ਉਸ ਦਾ ਜਨਮ 26 ਦਸੰਬਰ 1899 ਨੂੰ ਮੌਜੂਦਾ ਸੰਗਰੂਰ ਜ਼ਿਲ੍ਹੇ ਦੇ ਪ੍ਰਸਿੱਧ ਸ਼ਹਿਰ ਸੁਨਾਮ ਵਿਖੇ ਪਿਤਾ ਸ਼ ਟਹਿਲ ਸਿੰਘ ਅਤੇ ਮਾਤਾ ਹਰਨਾਮ ਕੌਰ ਦੇ ਘਰ ਕੰਬੋਜ ਘਰਾਣੇ ਵਿਚ ਹੋਇਆ। ਉਸ ਦੇ ਪਿਤਾ ਪਿੰਡ ਉਪਲੀ ਦੇ ਰੇਲਵੇ ਫਾਟਕ ‘ਤੇ ਚੌਕੀਦਾਰ ਵਜੋਂ ਕੰਮ ਕਰਦੇ ਸਨ।
ਸ਼ੇਰ ਸਿੰਘ ਅਜੇ ਸੱਤ ਸਾਲ ਦਾ ਸੀ ਕਿ ਉਸ ਦੇ ਪਿਤਾ ਦੀ ਮੌਤ ਹੋ ਗਈ। ਸ਼ੇਰ ਸਿੰਘ ਦੀ ਪਰਵਰਿਸ਼ ਆਪਣੇ ਵੱਡੇ ਭਰਾ ਮੁਕਤਾ ਸਿੰਘ ਸਮੇਤ ਅੰਮ੍ਰਿਤਸਰ ਦੇ ਸੈਂਟਰਲ ਖਾਲਸਾ ਯਤੀਮਖਾਨਾ ਪੁਤਲੀਘਰ ਵਿਚ ਹੋਈ। ਸਿੱਖ ਰਵਾਇਤਾਂ ਮੁਤਾਬਕ ਦੋਹਾਂ ਭਰਾਵਾਂ ਨੂੰ ਨਵੇਂ ਨਾਂ ਊਧਮ ਸਿੰਘ (ਸ਼ੇਰ ਸਿੰਘ) ਅਤੇ ਸਾਧੂ ਸਿੰਘ (ਮੁਕਤਾ ਸਿੰਘ) ਦਿੱਤੇ ਗਏ। 1917 ਵਿਚ ਊਧਮ ਸਿੰਘ ਦੇ ਭਰਾ ਦਾ ਵੀ ਦੇਹਾਂਤ ਹੋ ਗਿਆ ਅਤੇ ਉਹ ਦੁਨੀਆਂ ਵਿਚ ਬਿਲਕੁਲ ਇਕੱਲਾ ਰਹਿ ਗਿਆ।
1918 ਵਿਚ ਮੈਟ੍ਰਿਕ ਪਾਸ ਕਰਨ ਪਿੱਛੋਂ ਊਧਮ ਸਿੰਘ ਨੇ ਯਤੀਮਖਾਨਾ ਛੱਡ ਦਿੱਤਾ। 10 ਅਪਰੈਲ 1919 ਨੂੰ ਭਾਰਤੀ ਰਾਸ਼ਟਰੀ ਕਾਂਗਰਸ ਦੇ ਸਤਿਆਪਾਲ ਅਤੇ ਸੈਫੂਦੀਨ ਕਿਚਲੂ ਨੂੰ ਕੁਝ ਸਥਾਨਕ ਆਗੂਆਂ ਸਮੇਤ ਰੋਲਟ ਐਕਟ ਅਧੀਨ ਗ੍ਰਿਫਤਾਰ ਕਰ ਲਿਆ ਗਿਆ ਜਿਸ ਦੇ ਰੋਸ ਵਜੋਂ 13 ਅਪਰੈਲ 1919 ਨੂੰ ਵੀਹ ਹਜ਼ਾਰ ਤੋਂ ਵਧੇਰੇ ਲੋਕ ਗ੍ਰਿਫਤਾਰੀ ਵਿਰੁਧ ਜੱਲ੍ਹਿਆਂਵਾਲਾ ਬਾਗ ਅੰਮ੍ਰਿਤਸਰ ਵਿਖੇ ਇਕੱਠੇ ਹੋਏ। ਊਧਮ ਸਿੰਘ ਆਪਣੇ ਕੁਝ ਮਿੱਤਰਾਂ ਨਾਲ ਇੱਥੇ ਇਕੱਠੇ ਹੋਏ ਲੋਕਾਂ ਨੂੰ ਪਾਣੀ ਪਿਆ ਰਿਹਾ ਸੀ। ਅਚਾਨਕ ਜਨਰਲ ਆਰ.ਈ.ਐਚ. ਡਾਇਰ ਨੇ ਲੋਕਾਂ ਉਤੇ ਬਿਨਾਂ ਕੋਈ ਚਿਤਾਵਨੀ ਦਿੱਤਿਆਂ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਬਾਗ ਵਿਚੋਂ ਬਾਹਰ ਜਾਣ ਦੇ ਇੱਕੋ-ਇੱਕ ਰਸਤੇ ਉਤੇ ਪੁਲਿਸ ਦਾ ਕਬਜ਼ਾ ਸੀ ਜਿਸ ਕਰ ਕੇ ਬਹੁਤ ਸਾਰੇ ਲੋਕਾਂ ਨੇ ਜਾਨਾਂ ਬਚਾਉਣ ਲਈ ਖੂਹ ਵਿਚ ਛਾਲਾਂ ਮਾਰ ਦਿੱਤੀਆਂ। ਇੱਕ ਅੰਦਾਜ਼ੇ ਮੁਤਾਬਕ ਇਸ ਹੱਤਿਆਕਾਂਡ ਵਿਚ 1500 ਲੋਕ ਮਾਰੇ ਗਏ ਅਤੇ 1200 ਜ਼ਖਮੀ ਹੋਏ। ਇਸ ਭਿਆਨਕ ਦ੍ਰਿਸ਼ ਨੂੰ ਊਧਮ ਸਿੰਘ ਨੇ ਆਪਣੇ ਅੱਖੀਂ ਵੇਖਿਆ ਸੀ ਪਰ ਉਹ ਕਿਵੇਂ ਨਾ ਕਿਵੇਂ ਬਚ ਗਿਆ ਸੀ।
ਊਧਮ ਸਿੰਘ ਉਤੇ ਇਸ ਦਰਦਨਾਕ ਸਾਕੇ ਦਾ ਡੂੰਘਾ ਪ੍ਰਭਾਵ ਪਿਆ। ਉਸ ਸਮੇਂ ਪੰਜਾਬ ਦੇ ਗਵਰਨਰ ਮਾਈਕਲ ਓਡਵਾਇਰ ਨੇ ਇਸ ਖੂਨੀ ਕਾਂਡ ਨੂੰ ਜਾਇਜ਼ ਠਹਿਰਾਇਆ, ਜਿਸ ਕਰ ਕੇ ਊਧਮ ਸਿੰਘ ਇਸ ਕਾਰੇ ਲਈ ਓਡਵਾਇਰ ਨੂੰ ਹੀ ਜ਼ਿੰਮੇਵਾਰ ਸਮਝਦਾ ਸੀ।
ਇਸ ਘਟਨਾ ਦੇ ਪ੍ਰਤੀਕਰਮ ਵਜੋਂ ਊਧਮ ਸਿੰਘ ਨੇ ਕ੍ਰਾਂਤੀਕਾਰੀ ਰਾਜਨੀਤੀ ਵਿਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਅਤੇ ਉਹ ਭਗਤ ਸਿੰਘ ਦੇ ਕ੍ਰਾਂਤੀਕਾਰੀ ਵਿਚਾਰਾਂ ਤੋਂ ਬਹੁਤ ਪ੍ਰਭਾਵਤ ਹੋਇਆ। 1924 ਵਿਚ ਉਹ ਵਿਦੇਸ਼ ਵਿਚ ਸਥਾਪਿਤ ਗਦਰ ਪਾਰਟੀ ਵਿਚ ਸ਼ਾਮਲ ਹੋ ਗਿਆ ਪਰ 1927 ਵਿਚ ਭਾਰਤ ਮੁੜ ਆਇਆ। ਉਦੋਂ ਉਸ ਕੋਲ 25 ਸਰਗਰਮ ਮੈਂਬਰਾਂ ਸਮੇਤ ਕੁਝ ਗੋਲੀ-ਸਿੱਕਾ ਵੀ ਮੌਜੂਦ ਸੀ। ਬ੍ਰਿਟਿਸ਼ ਹਕੂਮਤ ਨੇ ਉਸ ਨੂੰ ਗੈਰ-ਲਾਇਸੈਂਸੀ ਹਥਿਆਰ ਰੱਖਣ ਦੇ ਜੁਰਮ ਵਿਚ ਗ੍ਰਿਫਤਾਰ ਕਰ ਲਿਆ। ਉਸ ਕੋਲੋਂ ਗਦਰ ਪਾਰਟੀ ਦੀ ਜ਼ਬਤਸ਼ੁਦਾ ਪੱਤਰਿਕਾ ‘ਗਦਰ ਦੀ ਗੂੰਜ’, ਰਿਵਾਲਵਰ ਅਤੇ ਕਾਰਤੂਸ ਬਰਾਮਦ ਹੋਏ। ਉਸ ਉਤੇ ਮੁਕੱਦਮਾ ਚੱਲਿਆ ਅਤੇ ਉਸ ਨੂੰ ਪੰਜ ਸਾਲ ਕੈਦ ਦੀ ਸਜ਼ਾ ਸੁਣਾਈ ਗਈ।
1931 ਵਿਚ ਜੇਲ੍ਹ ਤੋਂ ਰਿਹਾਅ ਹੋਣ ਪਿੱਛੋਂ ਊਧਮ ਸਿੰਘ ਦੀਆਂ ਗਤੀਵਿਧੀਆਂ ਉਤੇ ਪੁਲਿਸ ਨਿਗਰਾਨੀ ਰੱਖੀ ਜਾਣ ਲੱਗੀ। ਉਹ ਪਹਿਲਾਂ ਆਪਣੇ ਜਨਮ- ਸਥਾਨ ਸੁਨਾਮ ਗਿਆ ਪਰ ਸਥਾਨਕ ਪੁਲਿਸ ਵਲੋਂ ਪ੍ਰੇਸ਼ਾਨ ਕੀਤੇ ਜਾਣ ਕਰ ਕੇ ਉਹ ਅੰਮ੍ਰਿਤਸਰ ਚਲਾ ਗਿਆ। ਉਥੇ ਉਸ ਨੇ ਪੇਂਟਰ ਵਜੋਂ ਦੁਕਾਨ ਖੋਲ੍ਹ ਲਈ। ਉਹ ਪੁਲਿਸ ਤੋਂ ਬਚ ਕੇ ਪਹਿਲਾਂ ਕੁਝ ਮਹੀਨੇ ਕਸ਼ਮੀਰ ਰਿਹਾ, ਫਿਰ ਜਰਮਨੀ ਖਿਸਕਣ ਵਿਚ ਸਫਲ ਹੋ ਗਿਆ। 1934 ਵਿਚ ਉਹ ਲੰਡਨ ਪਹੁੰਚ ਗਿਆ, ਜਿੱਥੇ ਉਹ ਆਪਣੇ ਗੁਪਤ ਨਾਂ ਨਾਲ ਵਿਚਰਦਾ ਰਿਹਾ। ਉਥੇ ਹੀ ਉਹ ਮਾਈਕਲ ਓਡਵਾਇਰ ਨੂੰ ਸੋਧਣ ਦੀ ਯੋਜਨਾ ਬਣਾਉਣ ਲੱਗਿਆ।
ਜੱਲ੍ਹਿਆਂਵਾਲਾ ਬਾਗ ਦੇ ਬਦਲੇ ਦਾ ਪ੍ਰਣ ਪੂਰਾ ਕਰਨ ਲਈ ਊਧਮ ਸਿੰਘ ਬਹੁਤ ਉਤਾਵਲਾ ਸੀ। ਉਹਨੇ ਲੰਡਨ ਵਿਚ ਕਈ ਵਰ੍ਹੇ ਮਿਹਨਤ-ਮੁਸ਼ੱਕਤ ਕਰ ਕੇ ਗੁਜ਼ਾਰਾ ਕੀਤਾ ਅਤੇ ਕਿਸੇ ਕੋਲ ਵੀ ਆਪਣੇ ਨਿਸ਼ਾਨੇ ਦਾ ਭੇਤ ਨਾ ਖੋਲ੍ਹਿਆ। ਭਾਰਤ ਵਿਚ ਰਹਿੰਦੇ ਆਪਣੇ ਇਨਕਲਾਬੀ ਸਾਥੀਆਂ ਨੂੰ ਉਸ ਨੇ ਫਰਵਰੀ 1940 ਵਿਚ ਚਿੱਠੀ ਲਿਖੀ: “ਭਾਵੇਂ ਜੱਲ੍ਹਿਆਂ ਵਾਲੇ ਬਾਗ ਦੇ ਸਾਕੇ ਨੂੰ ਲਗਭਗ 21 ਸਾਲ ਹੋ ਚੁੱਕੇ ਹਨ ਪਰ ਮੇਰੇ ਸੀਨੇ ‘ਤੇ ਲੱਗੇ ਹੋਏ ਜ਼ਖਮ ਅੱਜ ਵੀ ਓਨੇ ਹੀ ਅੱਲੇ ਹਨ, ਜਿੰਨੇ 21 ਸਾਲ ਪਹਿਲਾਂ ਸਨ। ਜਾਪਦਾ ਹੈ, ਹੁਣ ਮੈਂ ਆਪਣੇ ਮਿਸ਼ਨ ਵਿਚ ਕਾਮਯਾਬ ਹੋ ਜਾਵਾਂਗਾ। ਵਾਹਿਗੁਰੂ ਤੋਂ ਦੁਆ ਮੰਗੋ ਕਿ ਮੈਂ ਕਾਮਯਾਬ ਹੋ ਜਾਵਾਂ! ਭਾਰਤ ਮਾਤਾ ਅਤੇ ਸਾਰੇ ਦੇਸ਼ ਵਾਸੀਆਂ ਨੂੰ ਮੇਰਾ ਆਖ਼ਰੀ ਸਲਾਮ!”
13 ਮਾਰਚ 1940 ਨੂੰ ਸ਼ਾਮੀ 4:30 ਵਜੇ ਲੰਡਨ ਦੇ ਕੈਕਸਟਨ ਹਾਲ ਵਿਚ ਈਸਟ ਇੰਡੀਆ ਐਸੋਸੀਏਸ਼ਨ ਵਲੋਂ ਸੈਂਟਰਲ ਏਸ਼ੀਅਨ ਸੁਸਾਇਟੀ (ਰਾਇਲ ਸੁਸਾਇਟੀ ਆਫ ਏਸ਼ੀਅਨ ਅਫੇਅਰਜ਼) ਦੇ ਸਹਿਯੋਗ ਨਾਲ ਮੀਟਿੰਗ ਰੱਖੀ ਗਈ। ਇਸ ਵਿਚ ਓਡਵਾਇਰ ਭਾਸ਼ਣ ਕਰਨ ਆਇਆ ਹੋਇਆ ਸੀ। ਊਧਮ ਸਿੰਘ ਨੂੰ ਇਸੇ ਮੌਕੇ ਦੀ ਭਾਲ ਸੀ। ਉਹ ਹਾਲ ਵਿਚ ਆਇਆ ਅਤੇ ਇਕ ਸੀਟ ‘ਤੇ ਬਹਿ ਗਿਆ। ਉਸ ਨੇ ਮਲਸੀਆਂ (ਪੰਜਾਬ) ਦੇ ਇੱਕ ਮਿੱਤਰ ਪੂਰਨ ਸਿੰਘ ਤੋਂ ਲਿਆ ਰਿਵਾਲਵਰ ਆਪਣੀ ਜੈਕਟ ਦੀ ਜੇਬ ਵਿਚ ਲੁਕੋਇਆ ਹੋਇਆ ਸੀ। ਜਿਉਂ ਹੀ ਓਡਵਾਇਰ ਬੋਲਣ ਲਈ ਮੰਚ ‘ਤੇ ਆਇਆ, ਊਧਮ ਸਿੰਘ ਨੇ ਉਸ ‘ਤੇ ਗੋਲੀਆਂ ਚਲਾ ਦਿੱਤੀਆਂ ਜਿਸ ਨਾਲ ਉਹ ਉਥੇ ਹੀ ਢੇਰ ਹੋ ਗਿਆ, ਜਦਕਿ ਲਾਰਡ ਜ਼ੈਟਲੈਂਡ, ਲੂਈਸ ਡੇਨ ਲਾਰੰਸ ਡੁੰਡਾਸ, ਚਾਰਲਸ ਕੋਚਰੇਨ ਬੈਲੀ ਜਿਹੇ ਕੁਝ ਅੰਗਰੇਜ਼ ਜ਼ਖਮੀ ਹੋ ਗਏ।
ਮੀਟਿੰਗ ਵਿਚ ਭਾਜੜ ਮੱਚ ਗਈ ਪਰ ਊਧਮ ਸਿੰਘ ਆਪਣੀ ਥਾਂ ਤੋਂ ਜ਼ਰਾ ਵੀ ਨਾ ਹਿੱਲਿਆ। ਉਸ ਨੇ ਉਚੀ ਆਵਾਜ਼ ਵਿਚ ਕਿਹਾ, “ਭਰਾਓ, ਮੇਰਾ ਕਿਸੇ ਨਾਲ ਕੋਈ ਵਿਰੋਧ ਨਹੀਂ। ਮੈਂ ਤਾਂ ਕੇਵਲ ਉਸ ਹੱਤਿਆਰੇ ਅਤੇ ਹੰਕਾਰੀ ਗੋਰੇ ਅਫਸਰ ਤੋਂ ਬਦਲਾ ਲਿਆ ਹੈ ਜਿਹੜਾ ਉਸ ਵੇਲੇ ਪੰਜਾਬ ਦਾ ਗਵਰਨਰ ਸੀ ਅਤੇ ਜਿਸ ਨੇ ਜੱਲ੍ਹਿਆਂਵਾਲੇ ਬਾਗ ਵਿਚ ਗੋਲੀ ਚਲਾਉਣ ਦਾ ਹੁਕਮ ਦਿੱਤਾ ਸੀ।” ਇਹ ਬਿਲਕੁਲ ਉਹੋ ਜਿਹੀ ਸਥਿਤੀ ਸੀ, ਜਿਵੇਂ ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਨੇ ਅਸੈਂਬਲੀ ਵਿਚ ਬੰਬ ਸੁੱਟ ਕੇ ਭੱਜਣ ਦੀ ਕੋਸ਼ਿਸ਼ ਨਹੀਂ ਸੀ ਕੀਤੀ।
ਊਧਮ ਸਿੰਘ ਨੂੰ ਉਸ ਦੇ ਪਿਸਤੌਲ ਸਮੇਤ ਗ੍ਰਿਫਤਾਰ ਕਰ ਲਿਆ ਗਿਆ। 1 ਅਪਰੈਲ 1940 ਨੂੰ ਉਸ ਉਤੇ ਓਡਵਾਇਰ ਦੇ ਕਤਲ ਦਾ ਕੇਸ ਦਰਜ ਹੋਇਆ। ਬ੍ਰਿਕਸਟਨ ਜੇਲ੍ਹ ਵਿਚ ਊਧਮ ਸਿੰਘ ਨੇ 42 ਦਿਨਾਂ ਦੀ ਭੁੱਖ ਹੜਤਾਲ ਕੀਤੀ ਪਰ ਉਸ ਨੂੰ ਜ਼ਬਰਦਸਤੀ ਖਾਣਾ ਖੁਆਇਆ ਗਿਆ। 4 ਜੂਨ 1940 ਨੂੰ ਜਸਟਿਸ ਐਟਕਿਨਸਨ ਨੇ ਓਲਡ ਬੇਲੇ ਦੀ ਸੈਂਟਰਲ ਕ੍ਰਿਮੀਨਲ ਕੋਰਟ ਵਿਖੇ ਹੋਏ ਫੈਸਲੇ ਮੁਤਾਬਕ ਉਹਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ। ਇਸ ਫੈਸਲੇ ਖਿਲਾਫ ਵੀ.ਕੇ. ਕ੍ਰਿਸ਼ਨਾ ਮੈਨਨ ਅਤੇ ਸੇਂਟ ਜੌਨ ਹਚੀਸਨ ਨੇ ਅਪੀਲ ਦਾਇਰ ਕੀਤੀ, ਜਿਸ ਨੂੰ 15 ਜੁਲਾਈ 1940 ਨੂੰ ਖਾਰਜ ਕਰ ਦਿੱਤਾ ਗਿਆ। ਜਦੋਂ ਉਹਨੂੰ ਇਸ ਕਾਰੇ ਬਾਰੇ ਪੁੱਛਿਆ ਗਿਆ ਤਾਂ ਊਧਮ ਸਿੰਘ ਨੇ ਜ਼ੋਰਦਾਰ ਆਵਾਜ਼ ਵਿਚ ਕਿਹਾ: “ਮੈਂ ਇਹ ਕਾਰਜ ਇਸ ਲਈ ਕੀਤਾ ਹੈ, ਕਿਉਂਕਿ ਮੈਨੂੰ ਓਡਵਾਇਰ ਨਾਲ ਘਿਰਣਾ ਸੀ। ਉਹ ਇਸੇ ਦੇ ਯੋਗ ਸੀ। ਉਹ ਮੇਰੇ ਦੇਸ਼ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਦਬਾਉਣਾ ਚਾਹੁੰਦਾ ਸੀ। ਮੈਨੂੰ ਖੁਸ਼ੀ ਹੈ ਕਿ ਮੈਂ ਉਸ ਭਿਆਨਕ ਕਾਰੇ ਦਾ ਬਦਲਾ ਲਿਆ ਹੈ। ਮੈਨੂੰ ਮੌਤ ਤੋਂ ਕੋਈ ਡਰ ਨਹੀਂ ਲੱਗਦਾ। ਮੈਂ ਆਪਣੇ ਦੇਸ਼ ਲਈ ਸ਼ਹੀਦ ਹੋ ਰਿਹਾ ਹਾਂ। ਮੈਨੂੰ ਆਪਣੀ ਧਰਤੀ ਮਾਤਾ ਲਈ ਕੀਤੇ ਮਹਾਨ ਕਾਰਜ ਬਦਲੇ ਮੌਤ ਤੋਂ ਵੱਧ ਹੋਰ ਕਿਹੜਾ ਸਨਮਾਨ ਮਿਲ ਸਕਦਾ ਸੀ?”
ਪੰਜਾਬੀ ਕਵੀ ਦੀਵਾਨ ਸਿੰਘ ਮਹਿਰਮ (1914-1972) ਨੇ ‘ਜੀਵੇ ਦੇਸ਼ ਮਹਾਨ’ ਪੁਸਤਕ ਵਿਚ ‘ਊਧਮ ਸਿੰਘ ਦੀ ਲਲਕਾਰ’ ਕਵਿਤਾ ਰਾਹੀਂ ਉਸ ਦੀਆਂ ਭਾਵਨਾਵਾਂ ਨੂੰ ਇਨ੍ਹਾਂ ਸ਼ਬਦਾਂ ਵਿਚ ਉਲੀਕਿਆ ਹੈ:
ਮੈਨੂੰ ਫੜ ਲਓ ਲੰਡਨ ਵਾਸੀਓ, ਮੈਂ ਖੜ੍ਹਾ ਪੁਕਾਰਾਂ।
ਮੈਂ ਕਾਤਲ ਉਡਵਾਇਰ ਦਾ, ਮੈਂ ਗੋਲੀ ਮਾਰੀ।
ਮੈਂ ਇਕਬਾਲੀ ਜੁਰਮ ਦਾ, ਨਹੀਂ ਜਿੰਦ ਪਿਆਰੀ।
ਮੈਂ ਨੱਸਣਾ ਮੂਲ ਨਹੀਂ ਚਾਹੁੰਦਾ, ਕੋਈ ਮਾਰ ਉਡਾਰੀ।
ਮੈਂ ਪੇਸ਼ ਕਰਾਂ ਖੁਦ ਆਪ ਨੂੰ, ਕੋਈ ਨਹੀਂ ਲਾਚਾਰੀ।
ਮੈਂ ਉਚੀ-ਉਚੀ ਬੋਲ ਕੇ, ਲਾਉਂਦਾ ਹਾਂ ਟਾਹਰਾਂ।
ਮੈਨੂੰ ਫੜ ਲਓ ਲੰਡਨ ਵਾਸੀਓ, ਮੈਂ ਖੜ੍ਹਾ ਪੁਕਾਰਾਂ।
ਉਸ ਦੀ ਅੰਤਿਮ ਇੱਛਾ ਸੀ ਕਿ ਉਸ ਦੀ ਲਾਸ਼ ਨੂੰ ਭਾਰਤ ਭੇਜ ਦਿੱਤਾ ਜਾਵੇ ਪਰ ਨਿਰਦਈ ਹਕੂਮਤ ਨੇ ਉਸ ਦੀ ਲਾਸ਼ ਤਾਂ ਕੀ, ਉਸ ਦੀਆਂ ਅਸਥੀਆਂ ਅਤੇ ਰਾਖ ਵੀ ਪੰਜਾਬ (ਭਾਰਤ) ਨਹੀਂ ਭੇਜੀ। ਉਸ ਨੂੰ ਲੰਡਨ ਦੀ ਪੈਂਟੋਵਿਲੇ ਜੇਲ੍ਹ ਵਿਚ 40 ਸਾਲ ਦੀ ਉਮਰ ਵਿਚ 31 ਜੁਲਾਈ 1940 ਨੂੰ ਫਾਂਸੀ ਦੇ ਦਿੱਤੀ ਗਈ।
ਊਧਮ ਸਿੰਘ ਗਦਰ ਪਾਰਟੀ, ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕ ਐਸੋਸੀਏਸ਼ਨ ਅਤੇ ਇੰਡੀਅਨ ਵਰਕਰਜ਼ ਐਸੋਸੀਏਸ਼ਨ ਨਾਲ ਜੁੜਿਆ ਹੋਇਆ ਸੱਚਾ ਦੇਸ਼ਭਗਤ ਸੀ, ਜਿਸ ਦੀ ਕਹਿਣੀ ਤੇ ਕਥਨੀ ਵਿਚ ਕੋਈ ਫਰਕ ਨਹੀਂ ਸੀ। ਉਸ ਵਲੋਂ ਸ਼ਿਵ ਸਿੰਘ ਜੌਹਲ ਨੂੰ ਲਿਖੀਆਂ ਚਿੱਠੀਆਂ ਅਜਿਹਾ ਦਸਤਾਵੇਜ਼ ਹਨ ਜਿਨ੍ਹਾਂ ਰਾਹੀਂ ਉਸ ਦੀ ਨਿਡਰ ਅਤੇ ਹਸਮੁੱਖ ਸ਼ਖਸੀਅਤ ਦੇ ਦਰਸ਼ਨ ਹੁੰਦੇ ਹਨ। ਇਨ੍ਹਾਂ ਖਤਾਂ ਵਿਚ ਉਹਨੇ ਖੁਦ ਨੂੰ ਧਰਮਰਾਜ ਦਾ ਮਹਿਮਾਨ ਦੱਸਿਆ ਹੈ ਜੋ ਲਾੜੀ ਮੌਤ ਨੂੰ ਵਿਆਹੁਣ ਚੱਲਿਆ ਹੈ। ਉਹ ਜੀਵਨ ਦੇ ਅੰਤ ਤੱਕ ਖੇੜੇ ਵਿਚ ਰਿਹਾ। ਉਸ ਦਾ ਆਦਰਸ਼ ਸ਼ਹੀਦ ਭਗਤ ਸਿੰਘ ਸੀ।
ਬਹੁਤ ਸਾਰੇ ਭਾਰਤੀਆਂ ਨੇ ਊਧਮ ਸਿੰਘ ਵਲੋਂ ਓਡਵਾਇਰ ਨੂੰ ਮਾਰੇ ਜਾਣ ਦੀ ਘਟਨਾ ਨੂੰ ਜਾਇਜ਼ ਠਹਿਰਾਇਆ ਅਤੇ ਇਸ ਨੂੰ ਬ੍ਰਿਟਿਸ਼ ਕਾਲੋਨੀ ਰਾਜ ਦੇ ਖਿਲਾਫ ਭਾਰਤੀ ਸੰਘਰਸ਼ ਦਾ ਇੱਕ ਕਦਮ ਗਰਦਾਨਿਆ, ਜਦਕਿ ਮਹਾਤਮਾ ਗਾਂਧੀ ਅਤੇ ਜਵਾਹਰ ਲਾਲ ਨਹਿਰੂ ਜਿਹੇ ਕਾਂਗਰਸੀਆਂ ਨੇ ਊਧਮ ਸਿੰਘ ਦੇ ਇਸ ਕਾਰਜ ਦੀ ਨਿੰਦਾ ਕੀਤੀ। ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਆਰਮੀ ਨੇ ਗਾਂਧੀ ਦੇ ਬਿਆਨ ਨੂੰ ਬੇਹੱਦ ਅਫ਼ਸੋਸਨਾਕ ਮੰਨਿਆ। ਉਂਜ, ਪੰਡਿਤ ਨਹਿਰੂ ਨੇ 1962 ਵਿਚ ਆਪਣਾ ਬਿਆਨ ਬਦਲਦਿਆਂ ਕਿਹਾ, “ਮੈਂ ਸ਼ਹੀਦੇ-ਆਜ਼ਮ ਊਧਮ ਸਿੰਘ ਨੂੰ ਸਲਾਮ ਕਰਦਾ ਹਾਂ।” ਵਿਦੇਸ਼ੀ ਪ੍ਰੈਸ ਨੇ ਊਧਮ ਸਿੰਘ ਦੇ ਕਦਮ ਦੀ ਵਕਾਲਤ ਕੀਤੀ। ‘ਦਿ ਟਾਈਮਜ਼’ (ਲੰਡਨ) ਨੇ ਊਧਮ ਸਿੰਘ ਨੂੰ ‘ਆਜ਼ਾਦੀ ਦਾ ਸੂਰਮਾ’ ਕਹਿ ਕੇ ਵਡਿਆਇਆ; ‘ਬਰਗਰੈਟ’ (ਰੋਮ) ਨੇ ਊਧਮ ਸਿੰਘ ਦੇ ਕੰਮ ਨੂੰ ‘ਦਲੇਰਾਨਾ ਕਦਮ’ ਦਾ ਨਾਂ ਦਿੱਤਾ। ਪਹਿਲੀ ਅਪਰੈਲ 1940 ਨੂੰ ਜਲ੍ਹਿਆਂਵਾਲਾ ਬਾਗ ਕਾਂਡ ਦੀ ਇੱਕੀਵੀਂ ਯਾਦਗਾਰ ਮਨਾਉਂਦਿਆਂ ਯੁਵਾ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਨੇ ਊਧਮ ਸਿੰਘ ਦੇ ਹੱਕ ਵਿਚ ਕ੍ਰਾਂਤੀਕਾਰੀ ਨਾਅਰੇ ਲਾਏ ਅਤੇ ਉਸ ਨੂੰ ਮਹਾਨ ਦੇਸ਼ ਭਗਤ ਤੇ ਨਾਇਕ ਦਾ ਮਾਣ ਦਿੱਤਾ।
1975 ਵਿਚ ਭਾਰਤ ਸਰਕਾਰ ਦੇ ਯਤਨਾਂ ਨਾਲ ਊਧਮ ਸਿੰਘ ਦੀਆਂ ਅਸਥੀਆਂ ਦੇਸ਼ ਵਿਚ ਲਿਆਂਦੀਆਂ ਗਈਆਂ ਜਿਸ ਦਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ, ਕੇਂਦਰੀ ਸੰਚਾਰ ਮੰਤਰੀ ਸ਼ੰਕਰ ਦਿਆਲ ਸ਼ਰਮਾ ਅਤੇ ਪੰਜਾਬ ਦੇ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਨੇ ਨਿੱਘਾ ਸਵਾਗਤ ਕੀਤਾ। ਉਹਦੀਆਂ ਅਸਥੀਆਂ ਨੂੰ ਸ਼ਹੀਦ ਦੇ ਜਨਮ ਸਥਾਨ ਸੁਨਾਮ ਲਿਜਾ ਕੇ ਸਨਮਾਨ ਨਾਲ ਅੰਤਿਮ ਕਿਰਿਆਵਾਂ ਕੀਤੀਆਂ ਗਈਆਂ ਅਤੇ ਸਤਲੁਜ ਦਰਿਆ ਵਿਚ ਜਲ-ਪ੍ਰਵਾਹ ਕੀਤੀਆਂ ਗਈਆਂ। ਇਸ ਮਹਾਨ ਸ਼ਹੀਦ ਦੀ ਰਾਖ ਨੂੰ ਜਲ੍ਹਿਆਂਵਾਲਾ ਬਾਗ਼ ਵਿਚ ਮੋਹਰਬੰਦ ਬਰਤਨ ਵਿਚ ਰੱਖ ਕੇ ਸੰਭਾਲਿਆ ਹੋਇਆ ਹੈ।
ਅਕਤੂਬਰ 1995 ਵਿਚ ਮਾਇਆਵਤੀ ਸਰਕਾਰ ਨੇ ਉਤਰਾਖੰਡ ਦੇ ਇੱਕ ਜ਼ਿਲ੍ਹੇ ਦਾ ਨਾਂ ‘ਊਧਮ ਸਿੰਘ ਨਗਰ’ ਰੱਖ ਕੇ ਸ਼ਹੀਦ ਪ੍ਰਤੀ ਆਪਣੀ ਆਸਥਾ ਦਾ ਸਬੂਤ ਦਿੱਤਾ; ਪੰਜਾਬ ਸਰਕਾਰ ਨੇ ਸ਼ਹੀਦ ਦੇ ਜਨਮ ਸਥਾਨ ਸੁਨਾਮ ਨੂੰ ‘ਸੁਨਾਮ ਊਧਮ ਸਿੰਘ ਵਾਲਾ’ ਦਾ ਨਾਂ ਦਿੱਤਾ ਹੈ। ਉਸ ਦੀ ਯਾਦ ਵਿਚ ਸੁਨਾਮ ਵਿਖੇ ਪਿਛਲੇ ਕਈ ਸਾਲਾਂ ਤੋਂ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਚੱਲ ਰਿਹਾ ਹੈ। ਇਸੇ ਸ਼ਹਿਰ ਵਿਚ ਉਸ ਦਾ ਯਾਦਗਾਰੀ ਬੁੱਤ ਲਾਇਆ ਗਿਆ ਹੈ। ਪੰਜਾਬ ਸਰਕਾਰ ਵਲੋਂ ਉਸ ਦੇ ਸ਼ਹੀਦੀ ਦਿਨ (31 ਜੁਲਾਈ) ‘ਤੇ ਸ਼ਰਧਾਂਜਲੀ ਭੇਟ ਕੀਤੀ ਜਾਂਦੀ ਹੈ।
*ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ (ਬਠਿੰਡਾ)