ਸੁਖਬੀਰ ਬਾਦਲ ਨੂੰ ਚੁਫੇਰਿਓਂ ਘੇਰਾ

ਕੋਈ ਵੀ ਮਸਲਾ ਨਜਿੱਠਣ ਵਿਚ ਬੁਰੀ ਤਰ੍ਹਾਂ ਨਾਕਾਮ ਹੋਏ
ਚੰਡੀਗੜ੍ਹ: ਖੇਤੀ ਆਰਡੀਨੈਂਸਾਂ, ਅੰਦਰੂਨੀ ਬਗਾਵਤ ਅਤੇ ਬੇਅਦਬੀ ਮਾਮਲਿਆਂ ਸਮੇਤ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਹੁਣ ਡੇਰਾ ਸਿਰਸਾ ਮੁਖੀ ਦੇ ਮਾਮਲੇ ਉਤੇ ਚੁਫੇਰਿਉਂ ਘੇਰਾ ਪੈ ਗਿਆ ਹੈ। ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਵਲੋਂ ਗੁਰੂ ਗੋਬਿੰਦ ਸਿੰਘ ਦਾ ਸਵਾਂਗ ਰਚਾਉਣ ਲਈ ਪਾਈ ਗਈ ਪੁਸ਼ਾਕ ਸੁਖਬੀਰ ਸਿੰਘ ਬਾਦਲ ਵਲੋਂ ਭਿਜਵਾਉਣ ਦਾ ਮਾਮਲਾ ਇਕ ਵਾਰ ਫਿਰ ਜ਼ੋਰ-ਸ਼ੋਰ ਨਾਲ ਉਭਰਿਆ ਹੈ।

ਇਸ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ, ਬਹਿਬਲ ਕਲਾਂ ਗੋਲੀਕਾਂਡ, ਡੇਰਾ ਮੁਖੀ ਲਈ ਮੁਆਫੀਨਾਮਾ ਅਤੇ ਡੇਰਾ ਮੁਖੀ ਦੀ ਫਿਲਮ ਨੂੰ ਪੰਜਾਬ ਵਿਚ ਚਲਾਉਣ ਦੀ ਆਗਿਆ ਦੇਣੀ ਵਰਗੀਆਂ ਘਟਨਾਵਾਂ ਦੀ ਲੜੀ ਨੂੰ ਜੋੜ ਕੇ ਸੁਖਬੀਰ ਨੂੰ ਘੇਰਨ ਦੀਆਂ ਕੋਸ਼ਿਸ਼ਾਂ ਤੇਜ਼ ਹੋ ਗਈਆਂ ਹਨ।
ਯਾਦ ਰਹੇ ਕਿ ਪਹਿਲਾਂ ਜਦੋਂ ਵੀ ਕਦੇ ਪਾਰਟੀ ਜਾਂ ਪਰਿਵਾਰ ਉਤੇ ਸੰਕਟ ਆਉਂਦਾ ਰਿਹਾ ਹੈ ਤਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸੰਕਟ ਨੂੰ ਕਿਸੇ ਨਾ ਕਿਸੇ ਤਰ੍ਹਾਂ ਨਜਿੱਠ ਲੈਂਦੇ ਸਨ ਪਰ ਜਦੋਂ ਦੇ ਉਹ ਮਾੜੀ ਸਿਹਤ ਕਾਰਨ ਸਰਗਰਮ ਸਿਆਸਤ ਤੋਂ ਲਾਂਭੇ ਹੋਏ ਹਨ, ਸੁਖਬੀਰ ਬਾਦਲ ਮਸਲਾ-ਦਰ-ਮਸਲਾ ਸੰਕਟ ਵਿਚ ਘਿਰ ਰਹੇ ਹਨ ਅਤੇ ਸੰਕਟ ਵਿਚੋਂ ਨਿਕਲਣ ਲਈ ਉਨ੍ਹਾਂ ਨੂੰ ਰਾਹ ਵੀ ਕੋਈ ਨਹੀਂ ਦਿਸ ਰਿਹਾ।
ਸਿੱਖ ਜਥੇਬੰਦੀਆਂ ਨੇ ਸੁਖਬੀਰ ਨੂੰ ਅਕਾਲ ਤਖਤ ਉਤੇ ਤਲਬ ਕਰਨ ਦੇ ਨਾਲ-ਨਾਲ ਕਾਨੂੰਨੀ ਕਾਰਵਾਈ ਦੀ ਮੰਗ ਕਰ ਦਿੱਤੀ ਹੈ। ਉਧਰ, ਸਿਆਸੀ ਵਿਰੋਧੀਆਂ ਨੇ ਵੀ ਮੋਰਚੇ ਸੰਭਾਲ ਲਏ ਹਨ। ਕਾਂਗਰਸ ਦੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਡੇਰਾ ਮੁਖੀ ਬਾਰੇ ਅਦਾਲਤਾਂ ਵਿਚ ਦਿੱਤੇ ਹਲਫਨਾਮੇ ਉਜਾਗਰ ਕੀਤੇ ਹਨ, ਜੋ ਬਤੌਰ ਗ੍ਰਹਿ ਮੰਤਰੀ ਸੁਖਬੀਰ ਬਾਦਲ ਨੇ ਦਿੱਤੇ ਸਨ। ਜਾਖੜ ਨੇ ਸੁਖਬੀਰ ਨੂੰ ਵੰਗਾਰਦਿਆਂ ਆਖ ਦਿੱਤਾ ਹੈ ਕਿ ਉਹ (ਸੁਖਬੀਰ) ਡੇਰੇ ਨਾਲ ਗੁਪਤ ਸਮਝੌਤੇ ਮਗਰੋਂ ਲਏ ਯੂ-ਟਰਨ ਬਾਰੇ ਪੰਥ ਨੂੰ ਸਪਸ਼ਟ ਕਰਨ। ਉਧਰ, ਪੁਸ਼ਾਕ ਮਾਮਲੇ ਵਿਚ ਨਾਮ ਉਭਰਨ ਪਿੱਛੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੁਖਬੀਰ ਦੇ ਹੱਕ ਵਿਚ ਨਿੱਤਰ ਆਈ ਹੈ ਅਤੇ ਇਨ੍ਹਾਂ ਦੋਸ਼ਾਂ ਨੂੰ ਕੋਰੀ ਰਾਜਨੀਤੀ ਕਰਾਰ ਦੇ ਦਿੱਤਾ ਹੈ।
ਯਾਦ ਰਹੇ ਕਿ ਡੇਰਾ ਮੁਖੀ ਉਤੇ ਦੋਸ਼ ਲੱਗੇ ਸਨ ਕਿ ਉਹ 2007 ਵਿਚ 11 ਤੋਂ 13 ਮਈ ਤੱਕ ਸਲਾਬਤਪੁਰੇ ਆਇਆ ਅਤੇ ਉਸ ਨੇ ਗੁਰੂ ਗੋਬਿੰਦ ਸਿੰਘ ਵਰਗੀ ਪੁਸ਼ਾਕ ਪਾ ਕੇ ਜਾਮ-ਏ-ਇੰਸਾਂ ਪਿਆਉਣ ਦਾ ਸਵਾਂਗ ਰਚਿਆ। ਇਸ ਦੀਆਂ ਤਸਵੀਰਾਂ ਸਾਹਮਣੇ ਆਉਣ ਪਿੱਛੋਂ ਸਿੱਖ ਜਥੇਬੰਦੀਆਂ ਨੇ ਇਸ ਦਾ ਵੱਡੇ ਪੱਧਰ ਉਤੇ ਵਿਰੋਧ ਕੀਤਾ ਸੀ। ਪਟਿਆਲਾ ਦੇ ਆਈæਜੀæ ਦੀ ਜਾਂਚ ਮਗਰੋਂ ਤਤਕਾਲੀ ਗੱਠਜੋੜ ਸਰਕਾਰ ਸਮੇਂ ਡੇਰਾ ਮੁਖੀ ਖਿਲਾਫ ਪੁਲਿਸ ਕੇਸ ਦਰਜ ਹੋਇਆ। 2008 ਵਿਚ ਹਾਈ ਕੋਰਟ ਵਲੋਂ ਇਸ ਸਬੰਧੀ ਚਲਾਨ ਪੇਸ਼ ਕਰਨ ਦੀ ਸਰਕਾਰ ਨੂੰ ਇਜਾਜ਼ਤ ਦੇ ਦੇਣ ਦੇ ਬਾਵਜੂਦ 4 ਸਾਲ ਤੱਕ ਅਕਾਲੀ ਸਰਕਾਰ ਨੇ ਚਲਾਨ ਕੋਰਟ ਵਿਚ ਪੇਸ਼ ਨਹੀਂ ਕੀਤਾ।
ਕਾਂਗਰਸ ਨੇ ਦੋਸ਼ ਲਾਇਆ ਨੇ ਕਿਹਾ ਕਿ ਬਾਦਲ ਪਰਿਵਾਰ ਨੇ ਬਠਿੰਡਾ ਤੋਂ 2009 ਵਿਚ ਲੋਕ ਸਭਾ ਚੋਣ ਲੜਨੀ ਸੀ, ਜਿਸ ਬਾਰੇ ਡੇਰੇ ਨਾਲ ਸੌਦੇਬਾਜ਼ੀ ਹੋਈ, ਜਿਸ ਤਹਿਤ ਅਕਾਲੀ ਦਲ ਦੀ ਡੇਰੇ ਨੇ ਮਦਦ ਕੀਤੀ। ਡੇਰੇ ਦੇ ਦਬਾਅ ਵਿਚ ਸੁਖਬੀਰ ਬਾਦਲ ਨੇ 2012 ਦੀਆਂ ਚੋਣਾਂ ਤੋਂ ਸਿਰਫ 3 ਦਿਨ ਪਹਿਲਾਂ ਯੂ-ਟਰਨ ਲੈਂਦਿਆਂ ਨਵਾਂ ਹਲਫਨਾਮਾ ਦਾਇਰ ਕਰ ਦਿੱਤਾ ਕਿ 13 ਮਈ 2007 ਨੂੰ ਤਾਂ ਡੇਰਾ ਮੁਖੀ ਸਲਾਬਤਪੁਰੇ ਆਇਆ ਹੀ ਨਹੀਂ ਅਤੇ ਨਾ ਹੀ ਉਸ ਨੇ ਕੋਈ ਉਥੇ ਕੋਈ ਪ੍ਰਚਾਰ ਕੀਤਾ। ਇਸੇ ਤਰ੍ਹਾਂ ਡੇਰਾ ਮੁਖੀ ਨੇ 2015 ‘ਚ ਫਿਲਮ ਰਿਲੀਜ਼ ਕਰਵਾਉਣੀ ਸੀ ਤਾਂ ਫਿਰ 2007 ਵਾਂਗ ਭਾਵਨਾਵਾਂ ਭੜਕਾਉਣ ਦਾ ਏਜੰਡਾ ਲਾਗੂ ਕੀਤਾ। ਇਸੇ ਸਮੇਂ ਦੌਰਾਨ ਡੇਰੇ ਨੂੰ ਸੁਖਬੀਰ ਬਾਦਲ ਦੇ ਇਸ਼ਾਰੇ ਉਤੇ ਮੁਆਫੀ ਦਿੱਤੀ ਗਈ ਅਤੇ ਫਿਲਮ ਚਲਵਾਈ ਗਈ ਜਦਕਿ ਇਸੇ ਸਮੇਂ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਮੰਦਭਾਗੀਆਂ ਘਟਨਾਵਾਂ ਹੋਈਆਂ ਅਤੇ ਪੰਥਕ ਸਰਕਾਰ ਦੇ ਰਾਜ ਵਿਚ ਬਹਿਬਲ ਕਲਾਂ ਗੋਲੀਕਾਂਡ ਹੋਇਆ। ਸਿੱਖ ਜਥੇਬੰਦੀਆਂ ਦਾ ਕਹਿਣਾ ਹੈ ਕਿ ਜੇਕਰ 2007 ਵਿਚ ਹੀ ਡੇਰਾ ਮੁਖੀ ਉਤੇ ਕਾਰਵਾਈ ਕਰ ਦਿੱਤੀ ਜਾਂਦੀ ਤਾਂ ਪੰਥ ਦਾ ਐਨਾ ਵੱਡਾ ਨੁਕਸਾਨ ਨਹੀਂ ਹੋਣਾ ਸੀ।
ਉਧਰ, ਪੁਸ਼ਾਕ ਮਾਮਲਾ ਉਭਰਨ ਪਿੱਛੋਂ ਭਾਵੇਂ ਸੁਖਬੀਰ ਬਾਦਲ ਇਸ ਉਤੇ ਚੁੱਪ ਧਾਰੀ ਬੈਠੇ ਹਨ ਪਰ ਵਿਧਾਨ ਸਭਾ ਚੋਣਾਂ ਨੇੜੇ ਹੋਣ ਕਾਰਨ ਸਿਆਸੀ ਮਾਹਿਰ ਇਸ ਨੂੰ ਅਕਾਲੀ ਦਲ ਦੇ ਪ੍ਰਧਾਨ ਲਈ ਵੱਡੀ ਚੁਣੌਤੀ ਸਮਝ ਰਹੇ ਹਨ। ਔਖੇ ਸਮੇਂ ਬਾਦਲਾਂ ਦੀ ਢਾਲ ਬਣਨ ਵਾਲੇ ਰਣਜੀਤ ਸਿੰਘ ਬ੍ਰਹਮਪੁਰਾ, ਸੁਖਦੇਵ ਸਿੰਘ ਢੀਂਡਸਾ ਵਰਗੇ ਸੀਨੀਅਰ ਸਿਆਸਤਦਾਨ ਇਸ ਸਮੇਂ ਸੁਖਬੀਰ ਖਿਲਾਫ ਬਗਾਵਤ ਦਾ ਝੰਡਾ ਚੁੱਕੀ ਫਿਰਦੇ ਹਨ। ਅਕਾਲੀ ਦਲ ਲਈ ਬਣੇ ਮੌਜੂਦਾ ਹਾਲਾਤ ਨੇ ਸੁਖਬੀਰ ਦੀ ਪ੍ਰਧਾਨਗੀ ਨੂੰ ਵੱਡੀ ਵੰਗਾਰ ਦੇ ਦਿੱਤੀ ਹੈ।
———————-
ਬਾਦਲ ਤੇ ਮਜੀਠੀਆ ਪਰਿਵਾਰ ਦੇ ਪਾਸਪੋਰਟ ਜ਼ਬਤ ਹੋਣ: ਮਾਨ
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਡੇਰਾ ਸਿਰਸਾ ਮੁਖੀ ਨੂੰ ਪੁਸ਼ਾਕ ਦੇਣ ਸਬੰਧੀ ਸੁਖਬੀਰ ਸਿੰਘ ਬਾਦਲ ਤੇ ਲੱਗੇ ਗੰਭੀਰ ਦੋਸ਼ਾਂ ਬਾਰੇ ਬਾਦਲ ਪਰਿਵਾਰ ਦੇ ਚੁੱਪ ਵੱਟਣ ‘ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਦੇ ਪਾਸਪੋਰਟ ਜ਼ਬਤ ਕਰਨ ਦੀ ਮੰਗ ਕੀਤੀ ਅਤੇ ਆਖਿਆ ਹੈ ਕਿ ਇੰਨੇ ਗੰਭੀਰ ਦੋਸ਼ਾਂ ਉਤੇ ਚੁੱਪ ਵੱਟਣ ਵਾਲੇ ਬਾਦਲਾਂ ਨੇ ਅੱਧਾ ਕਬੂਲਨਾਮਾ ਕਰ ਲਿਆ ਹੈ। ਉਨ੍ਹਾਂ ਨੂੰ ਡਰ ਹੈ ਕਿ ਕਿਤੇ ਬਾਦਲ ਤੇ ਮਜੀਠੀਆ ਪਰਿਵਾਰ ਦੇਸ਼ ਛੱਡ ਕੇ ਨਾ ਭੱਜ ਜਾਣ। ਉਂਜ ਵੀ ਇਸ ਸਬੰਧੀ ਸਿਰਫ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਹੀ ਸਫਾਈ ਦਿੱਤੀ ਹੈ, ਪਰ ਲੌਂਗੋਵਾਲ ਇਹ ਵੀ ਦੱਸ ਦੇਣ ਕਿ ਉਨ੍ਹਾਂ ਨੇ ਬਾਦਲਾਂ ਦੀ ਸਫਾਈ ਸ਼੍ਰੋਮਣੀ ਕਮੇਟੀ ਪ੍ਰਧਾਨ ਵਜੋਂ ਦਿੱਤੀ ਹੈ ਜਾਂ ਬਾਦਲਾਂ ਦੀ ਪਾਰਟੀ ਦੀ ਕੋਰ ਕਮੇਟੀ ਦੇ ਮੈਂਬਰ ਹੋਣ ਦੇ ਨਾਤੇ।