ਨਾਵਲ ‘ਇੱਥੋਂ ਰੇਗਿਸਤਾਨ ਦਿਸਦਾ ਹੈ’

ਡਾ. ਡੀ. ਪੀ. ਸਿੰਘ, ਕੈਨੇਡਾ
ਨਾਵਲ ‘ਇੱਥੋਂ ਰੇਗਿਸਤਾਨ ਦਿਸਦਾ ਹੈ’ ਦਾ ਲੇਖਕ ਜਸਵੀਰ ਸਿੰਘ ਰਾਣਾ, ਸੁਘੜ ਅਧਿਆਪਕ ਤੇ ਨਾਮਵਰ ਕਹਾਣੀਕਾਰ ਹੈ। ਉਹ ਹੁਣ ਤਕ ਚਾਰ ਕਹਾਣੀ ਸੰਗ੍ਰਿਹ ਮਾਂ-ਬੋਲੀ ਪੰਜਾਬੀ ਦੀ ਝੋਲੀ ਵਿਚ ਪਾ ਚੁਕਾ ਹੈ। ਜਸਵੀਰ ਰਾਣਾ ਨੇ ਆਪਣੀਆਂ ਰਚਨਾਵਾਂ ਰਾਹੀਂ ਸਮਾਜਕ ਸਰੋਕਾਰਾਂ ਦਾ ਸਹੀ ਚਿੱਤਰਣ ਕਰਨ ਵਿਚ ਅਹਿਮ ਯੋਗਦਾਨ ਪਾਇਆ ਹੈ। ਹੁਣ ਉਹ ਆਪਣਾ ਇਹ ਪਲੇਠਾ ਨਾਵਲ ਲੈ ਕੇ ਪਾਠਕਾਂ ਦੀ ਸੱਥ ਵਿਚ ਹਾਜ਼ਰ ਹੋਇਆ ਹੈ। ਨਾਵਲ ਦੇ ਕੁੱਲ 32 ਕਾਂਡ ਹਨ।

ਨਾਵਲ ਦੀ ਭੂਮਿਕਾ ਵਿਚ ਜਸਵੀਰ ਨੇ ਆਪਣੇ ਸਾਹਿਤਕ ਸਫਰ ਦੀ ਨਿਸ਼ਾਨਦੇਹੀ ਕੀਤੀ ਹੈ। ਉਸ ਦਾ ਕਹਿਣਾ ਹੈ ਕਿ ਮਨ ਵਿਚ ਉਭਰੇ ਸਵਾਲ, “ਕੀ ਵਿਦਿਆਰਥੀਆਂ ਨੂੰ ਵਾਤਾਵਰਣ ਤੇ ਭਾਸ਼ਾ ਨਾਲ ਜੋੜਨ ਲਈ, ਇਸ ਵਿਸ਼ੇ ਨੂੰ ਤਕਨੀਕੀ ਸ਼ਬਦਾਵਲੀ ਤੋਂ ਮੁਕਤ ਸੌਖੀ ਭਾਸ਼ਾ ਅਤੇ ਕਥਾ-ਵਿਧੀ ਰਾਹੀਂ ਦਿਲਚਸਪ ਵੀ ਬਣਾਇਆ ਜਾ ਸਕਦਾ ਹੈ?” ਦਾ ਜਵਾਬ ਹੀ ਹੈ, ਇਹ ਨਾਵਲ।
ਨਾਵਲ ਦੀ ਨਾਇਕਾ ਨੀਤੀ ਤੇ ਉਸ ਦਾ ਮੰਗੇਤਰ ਹੁਸਨਵੀਰ, ਪੰਜਾਬੀ ਭਾਸ਼ਾ ਤੇ ਸੱਭਿਆਚਾਰ ਦੇ ਪਿਆਰ ਵਿਚ ਰੱਤੀ ਹੋਈ ਜੋੜ੍ਹੀ ਹੈ। ਉਹ ਦੋਵੇਂ ਅੱਖਰ, ਸ਼ਬਦ, ਗਿਆਨ ਤੇ ਵਿਚਾਰ ਦੇ ਮਤਵਾਲੇ ਹਨ। ਹਵਾ, ਪਾਣੀ, ਰੁੱਖਾਂ ਤੇ ਧਰਤੀ ਦੇ ਦਰਦ ਸਬੰਧੀ ਸੰਵੇਦਨਸ਼ੀਲ ਹਨ। ਨੀਤੀ ਦੀ ਮਾਂ ਗੁਰਮੁਖਤਿਆਰ ਕੌਰ ਦਾ ਕਿਰਦਾਰ ਇਕ ਸੁਲਝੀ ਸੁਆਣੀ ਵਜੋਂ ਉਭਰਦਾ ਹੈ, ਜੋ ਅੱਖਰ/ਸ਼ਬਦ ਰਚਨਾ ਦੀ ਸ਼ੁੱਧਤਾ ਦਾ ਮਹੱਤਵ ਇੰਜ ਸੁਝਾਉਂਦੀ ਹੈ, “ਇਕ ਬਿੰਦੀ ਕਿਸੇ ਸ਼ਬਦ-ਅੱਖਰ ‘ਤੇ ਲੱਗੀ ਹੁੰਦੀ ਐ! ਇਕ ਬਿੰਦੀ ਕਿਸੇ ਸੁਹਾਗਣ ਦੇ ਮੱਥੇ ‘ਤੇ ਲੱਗੀ ਹੁੰਦੀ ਐ! …ਜਿਵੇਂ ਕਿਸੇ ਸੁਹਾਗਣ ਦੇ ਮੱਥੇ ‘ਤੇ ਲੱਗੀ ਬਿੰਦੀ ਦਾ ਅਰਥ ਹੋਰ ਐ! ਉਹਦੇ ਮੱਥੇ ਤੋਂ ਬਿੰਦੀ ਲਹਿ ਜਾਣ ਦਾ ਅਰਥ ਹੋਰ ਐ! ਉਵੇਂ ਕਿਸੇ ਸ਼ਬਦ-ਅੱਖਰ ‘ਤੇ ਬਿੰਦੀ ਲਾਉਣ ਦਾ ਅਰਥ ਹੋਰ ਐ! ਉਸ ਤੋਂ ਬਿੰਦੀ ਲਾਹ ਦੇਣ ਦਾ ਅਰਥ ਹੋਰ ਐ!”
ਨਾਵਲ ਦੇ ਹੋਰ ਪਾਤਰਾਂ ਵਿਚ, ਨੀਤੀ ਦਾ ਬਾਪੂ ਗੁਰਮੁਖ ਸਿੰਘ, ਸ਼ਬਦ ਨੂੰ ਪਿਆਰ ਕਰਨ ਵਾਲੀ ਸ਼ਖਸੀਅਤ ਹੈ। ਉਸ ਦਾ ਯਕੀਨ ਹੈ, “ਸ਼ਬਦ ਸਾਡਾ ਗੁਰੂ ਹੈ! ਸ਼ਬਦ ਸਾਡੀ ਸ਼ਕਤੀ ਹੈ! ਸ਼ਬਦ ਬਿਨਾ ਅਸੀਂ ਅਧੂਰੇ ਹਾਂ!” ਤੇ ਇਸੇ ਸ਼ਬਦ ਦੀ ਸ਼ੁੱਧਤਾ ਬਣਾਈ ਰੱਖਣ ਲਈ ਉਹ ਆਪਣੀ ਜਾਨ ਵੀ ਕੁਰਬਾਨ ਕਰ ਜਾਂਦਾ ਹੈ। ਇਸੇ ਤਰ੍ਹਾਂ ਨਾਵਲ ਦੇ ਹੋਰ ਪਾਤਰ ਆਪਣੇ ਆਪਣੇ ਵੱਖੋ-ਵੱਖਰੇ ਕਿਰਦਾਰਾਂ ਨਾਲ ਨਾਵਲ ਦੇ ਚਿੱਤਰਪਟ ਉਤੇ ਹਾਜ਼ਰ ਹੁੰਦੇ ਹਨ। ਨੀਤੀ ਦੀ ਭਾਬੀ ਰੂਪਰੇਖਾ, ਇਕ ਖੁਦਗਰਜ਼ ਸੁਭਾਅ ਵਾਲੀ, ਖਪਤਵਾਦੀ ਤੇ ਰਲਗੱਡ ਕਲਚਰ ਦੀ ਪ੍ਰਤੀਕ ਔਰਤ ਹੈ। ਨੀਤੀ ਦਾ ਭਰਾ ਰੁਪਿੰਦਰ ਸਿੰਘ ਉਰਫ ਰੌਕੀ ਗੁਲਾਮ ਤਬੀਅਤ ਦਾ ਮਾਲਕ ਹੋਣ ਦੇ ਨਾਲ ਨਾਲ ਪੰਜਾਬੀ ਸਭਿਆਚਾਰ ਦਾ ਭਗੌੜਾ ਨਜ਼ਰ ਆਉਂਦਾ ਹੈ। ਡਾ. ਤ੍ਰਿਪਾਠੀ ਵਿਗਿਆਨ ਦਾ ਅਧਿਆਪਕ, ਨੀਤੀ ਨੂੰ ਸੰਭਾਵੀ ਵਰਤਾਰਿਆਂ ਨਾਲ ਸਾਂਝ ਪੁਆ, ਸਮਾਜਕ ਕਦਰਾਂ-ਕੀਮਤਾਂ ਤੇ ਵਾਤਾਵਰਣੀ ਸੁਰੱਖਿਅਣ ਬਾਰੇ ਹੋਰ ਵਧੇਰੇ ਚੇਤੰਨਤਾ ਬਖਸ਼ਦਾ ਹੈ। ਹਰਦੇਵ ਤਾਇਆ, ਸੀਰੀ ਰਾਮੂ, ਪ੍ਰਦੀਪ ਮੋਦੀ, ਤਾਈ ਕਰਤਾਰ ਕੌਰ, ਭਿੰਦਰ ਕਾਮਰੇਡ ਤੇ ਵਿਕਾਸ ਜੈਨ ਆਦਿ ਵੱਖ ਵੱਖ ਪਾਤਰ ਆਪੋ-ਆਪਣੇ ਰੰਗਾਂ ਨਾਲ ਨਾਵਲ ਦੇ ਕੈਨਵਸ ਨੂੰ ਹੋਰ ਵਧੇਰੇ ਸ਼ਿੰਗਾਰਦੇ ਹਨ।
ਜਸਵੀਰ ਰਾਣਾ ਦਾ ਇਹ ਨਾਵਲ ਮਾਂ-ਬੋਲੀ ਦੀ ਦੁਰਗਤੀ, ਸ਼ਬਦ/ਗਿਆਨ ਦੀ ਅਣਗਹਿਲੀ, ਮੋਬਾਇਲ ਤੇ ਇੰਟਰਨੈੱਟ ਦੇ ਚਸਕੇ, ਪਰਵਾਸ ਦੀ ਦੌੜ, ਪਾਣੀ ਦੀ ਵਧ ਰਹੀ ਕਿੱਲਤ, ਨਸ਼ਿਆਂ ਦੀ ਭਰਮਾਰ, ਤੀਬਰ ਸ਼ਹਿਰੀਕਰਨ, ਰੁੱਖਾਂ ਦੀ ਬੇਕਿਰਕ ਕਟਾਈ ਤੇ ਉਦਯੋਗਾਂ ਤੋਂ ਨਿਕਾਸੀ ਘਾਤਕ ਗੈਸਾਂ ਕਾਰਨ ਪੈਦਾ ਹੋਏ ਤੇ ਸੰਭਾਵੀ ਹਾਲਾਤਾਂ ਦਾ ਜ਼ਿਕਰ ਕਰਦਾ ਹੈ। ਮਾਂ-ਬੋਲੀ ਦੇ ਮਹੱਤਵ ਸਬੰਧੀ ਨਾਇਕਾ ਨੀਤੀ ਦੇ ਬੋਲ, “ਜਦੋਂ ਦੁਨੀਆਂ ਦੇ ਸਾਰੇ ਸਿੱਖਿਆ ਸ਼ਾਸ਼ਤਰੀ ਤੇ ਮਨੋ-ਵਿਗਿਆਨੀ ਇਕ ਮੱਤ ਹਨ ਕਿ ਬੱਚੇ ਦੀ ਮੁਢਲੀ ਸਿੱਖਿਆ ਉਸ ਦੀ ਮਾਤ-ਭਾਸ਼ਾ ਵਿਚ ਹੋਣੀ ਚਾਹੀਦੀ ਹੈ! ਆਪਣੇ ਲੋਕ ਫਿਰ ਵੀ ਕਿਉਂ…?” ਧਿਆਨ ਖਿੱਚਦੇ ਹਨ। ਇਸੇ ਸਵਾਲ ਦੇ ਜਵਾਬ ਵਿਚ ਡਾ. ਤ੍ਰਿਪਾਠੀ ਦੇ ਬੋਲ, “ਫਿਲਹਾਲ ਐਨਾ ਸਮਝ ਲੈ ਕਿ ਭਾਸ਼ਾ ਦੀ ਵੀ ਇਕ ਸਿਆਸਤ ਹੁੰਦੀ ਹੈ! ਪੂੰਜੀ ਔਰ ਸੱਤਾ ਉਪਰ ਕਾਬਜ਼ ਹੋਣ ਲਈ ਸਮੇਂ ਦੀ ਸਿਆਸਤ ਆਪਣੀ ਕੌਮ ਦੀ ਭਾਸ਼ਾ ਡਿਜ਼ਾਈਨ ਕਰਦੀ ਹੈ।” ਚਿੰਤਾ ਦੇ ਘੇਰੇ ਵਿਚ ਲੈ ਜਾਂਦੇ ਹਨ।
ਮਾਂ-ਬੋਲੀ ਪੰਜਾਬੀ ਸਬੰਧੀ ਉਦਾਸੀਨਤਾ ਅਤੇ ਵਾਤਾਵਰਣੀ ਮਸਲਿਆਂ ਦੀ ਗੰਭੀਰਤਾ ਨੂੰ ਸੌਖੇ ਤੌਰ ‘ਤੇ ਸਮਝਣ ਲਈ ਜਸਵੀਰ ਰਾਣਾ ਦਾ ਇਹ ਨਾਵਲ ਇਕ ਅਹਿਮ ਰਚਨਾ ਹੈ। ਇਸ ਨਾਵਲ ਰਾਹੀਂ ਲੇਖਕ ਰਾਜਸੀ ਪ੍ਰਬੰਧ ਦੇ ਚੌਖਟੇ ‘ਚ ਅਨੇਕ ਮਾਨਵੀ ਤੇ ਅਮਾਨਵੀ ਪੱਖਾਂ ਦੀ ਨਿਸ਼ਾਨਦੇਹੀ ਕਰਦਾ ਹੈ। ਕਾਰਪੋਰੇਟ ਜਗਤ ਵਲੋਂ ਕੀਤੀ ਜਾ ਰਹੀ ਬੇਕਿਰਕ ਲੁੱਟ-ਖਸੁੱਟ ਅਤੇ ਲੋਟੂ ਸੱਤਾ ਦਾ ਚਿਹਰਾ-ਮੁਹਰਾ ਪ੍ਰਗਟ ਹੁੰਦਾ ਹੈ। ਲੇਖਕ ਦਾ ਮੰਨਣਾ ਹੈ ਕਿ ਪੂੰਜੀਵਾਦੀ ਵਰਤਾਰੇ ਨੇ, ਤੀਜੀ ਦੁਨੀਆਂ ਦੇ ਮੁਲਕਾਂ ਨੂੰ ਆਪਣੇ ਸ਼ਿਕੰਜੇ ਵਿਚ ਫਸਾ ਕੇ, ਬਹੁ-ਕੌਮੀ ਕੰਪਨੀਆਂ ਰਾਹੀਂ ਉਤਪਾਦ ਦੇ ਬਹਾਨੇ ਆਰਥਕ, ਭੁਗੋਲਿਕ ਤੇ ਸਮਾਜਕ ਲੁੱਟ-ਕੀਤੀ ਹੈ। ਲੱਚਰ-ਸਭਿਆਚਾਰ ਪ੍ਰਫੁਲਿਤ ਕੀਤਾ ਹੈ। ਮਾਨਸਿਕ ਤੌਰ ‘ਤੇ ਮਨੁੱਖ ਨੂੰ ਮੰਡੀ ਦਾ ਗੁਲਾਮ ਬਣਾ ਦਿੱਤਾ ਹੈ। ਮਨੁੱਖ ਦਾ ਰਿਸ਼ਤਾ ਪੈਸੇ ਅਤੇ ਵਸਤੂ ਪ੍ਰਾਪਤੀ ਦੀ ਦੌੜ ਨਾਲ ਜੋੜ ਦਿੱਤਾ ਹੈ। ਸੋਸ਼ਲ ਮੀਡੀਆ ਉਸ ਨੂੰ ਪਰਿਵਾਰ ਤੇ ਸਮਾਜ ਨਾਲ ਜੋੜਨ ਦੀ ਥਾਂ ਸਮਾਜਕ ਸਰੋਕਾਰਾਂ ਨਾਲੋਂ ਅੱਡ ਕਰ ਰਿਹਾ ਹੈ।
ਨਾਵਲ ਵਿਚ ਲੇਖਕ, ਮਾਂ-ਬੋਲੀ ਤੇ ਪੰਜਾਬੀ ਸਭਿਆਚਾਰ ਸਬੰਧੀ ਮੋਹ ਦਿਖਾਉਂਦਿਆਂ ਖੁਰ ਰਹੇ ਰਿਸ਼ਤਿਆਂ, ਪ੍ਰਦੂਸ਼ਿਤ ਹੋ ਰਹੇ ਵਾਤਾਵਰਣ ਤੇ ਪੈਸੇ ਲਈ ਵਿਕ ਰਹੀ ਜ਼ਮੀਰ ਪ੍ਰਤੀ ਦੁੱਖ ਪ੍ਰਗਟਾਉਂਦਾ ਨਜ਼ਰ ਆਉਂਦਾ ਹੈ। ਦੁਖਾਂਤਕ ਦਸ਼ਾ ‘ਚ ਜ਼ਿੰਦਗੀ ਬਸਰ ਕਰ ਰਹੇ ਲੋਕਾਂ ਬਾਰੇ ਚਿੰਤਿਤ ਹੈ। ਉਹ ਸੋਹਣੇ ਸਮਾਜ ਨੂੰ ਪੈਦਾ ਕਰਨ ਦੀ ਇੱਛਾ ਪਾਲਦਾ ਹੋਇਆ ਚੇਤੰਨਮਈ ਰਾਹਾਂ ਦਾ ਖੁਰਾ ਨੱਪਦਾ ਹੈ। ਲੋਕਾਂ ਦੀ ਆਪਸੀ ਸਾਂਝ, ਮੁਹੱਬਤ-ਪਿਆਰ ਦੀ ਬਾਤ ਪਾਉਂਦਿਆਂ ਜੰਗਬਾਜ਼ਾਂ ਨਾਲ ਨਫਰਤ ਤੇ ਅਮਨ ਲਈ ਦੁਆ ਕਰਦਾ ਹੈ। ਲੇਖਕ ਵਲੋਂ ਇਸ ਰਚਨਾ ਦੀ ਪੇਸ਼ਕਾਰੀ ਨਾਵਲੀ ਵਿਧਾ ਦਾ ਨਿਵੇਕਲਾ ਮਾਡਲ ਪੇਸ਼ ਕਰਦੀ ਹੈ। ਇਸ ਵਿਚ ਉਸ ਨੇ ਕਈ ਢੰਗਾਂ ਜਿਵੇਂ ਫਿਲਮਾਂ, ਸੁਪਨੇ, ਡਾਇਰੀ, ਖੱਤ, ਨੋਟਸ, ਖੋਜ, ਪ੍ਰਯੋਗਿਕ ਰਿਸਰਚ ਜੁਗਤਾਂ, ਸੂਤਰਧਾਰ ਦੀ ਅਵਾਜ਼-ਵਿਧਾ, ਵਾਰਤਾਲਾਪੀ ਸੰਵਾਦ, ਵਿਗਿਆਨ-ਗਲਪ ਕਥਾ, ਕਹਾਣੀ ਵਿਧਾ ਦੀਆਂ ਸੰਕੇਤਕ ਤੇ ਨਾਵਲੀ ਵਿਧਾ ਦੇ ਵਿਸਥਾਰ-ਵਿਸ਼ਲੇਸ਼ਣ ਆਦਿ ਦੀ ਬਾਖੂਬੀ ਵਰਤੋਂ ਕੀਤੀ ਹੈ। ਲੇਖਕ ਨੇ ਫਲੈਸ਼-ਬੈਕ ਦੀ ਵਿਧੀ ਦੀ ਵਰਤੋਂ ਕਰਦਿਆਂ ਪੁਰਾਤਨ ਸਭਿਆਚਾਰ, ਕੁਦਰਤ ਨਾਲ ਸਹਿਹੋਂਦ ਤੇ ਅਮੀਰ ਮਨੁੱਖੀ ਵਿਰਾਸਤ ਨਾਲ ਪਾਠਕਾਂ ਨੂੰ ਰੁਬਰੂ ਕਰਵਾਇਆ ਹੈ।
ਇਹ ਇਕ ਵਧੀਆ ਨਾਵਲ ਹੈ, ਜੋ ਸਮਕਾਲੀ ਸਮਾਜਕ, ਸੱਭਿਆਚਾਰਕ ਤੇ ਵਾਤਾਵਰਣੀ ਸਰੋਕਾਰਾਂ ਨੂੰ ਸਰਲ ਤੇ ਰੌਚਕਮਈ ਢੰਗ ਨਾਲ ਬਿਆਨ ਕਰਨ ਕਾਰਨ, ਪਾਠਕਾਂ ਦੇ ਗਿਆਨ ਦੇ ਦਾਇਰੇ ਨੂੰ ਮੋਕਲਾ ਕਰਨ ਵਿਚ ਅਹਿਮ ਰੋਲ ਅਦਾ ਕਰਨ ਦੇ ਸਮਰਥ ਹੈ। ਲੇਖਕ ਆਪਣੀ ਸੂਝ-ਬੂਝ ਕਾਰਨ ਪਾਠਕ ਨੂੰ ਵਿਸ਼ੇ ਨਾਲ ਜੋੜੀ ਰੱਖਣ ਵਿਚ ਸਫਲ ਰਿਹਾ ਹੈ। ਇਹ ਅਜਿਹਾ ਨਾਵਲ ਹੈ, ਜੋ ਹਰ ਲਾਇਬਰੇਰੀ ਦਾ ਸ਼ਿੰਗਾਰ ਬਣਨ ਦਾ ਹੱਕਦਾਰ ਹੈ ਤਾਂ ਜੋ ਪੰਜਾਬੀ ਪਾਠਕ ਸਮਕਾਲੀ ਭਾਸ਼ਾਈ, ਸੱਭਿਆਚਾਰਕ ਤੇ ਵਾਤਾਵਰਣੀ ਹਾਲਾਤਾਂ ਦਾ ਸਹੀ ਰੂਪ ਸਮਝ, ਉਨ੍ਹਾਂ ਦੇ ਉਚਿਤ ਹੱਲ ਤੇ ਸਾਂਭ ਸੰਭਾਲ ਕਾਰਜਾਂ ਨੂੰ ਆਪਣੇ ਜੀਵਨ ਚਲਨ ਦਾ ਅੰਗ ਬਣਾ ਕੇ ਧਰਤੀ ਉਤੇ ਖੁਸ਼ਹਾਲ ਮਨੁੱਖੀ ਸਮਾਜ ਸਿਰਜਣ ਵਿਚ ਉਚਿਤ ਯੋਗਦਾਨ ਪਾ ਸਕਣ।