ਚੋਣ ਤਿਆਰੀਆਂ: ਕੈਪਟਨ ਲੋਕ ਰੋਹ ਕੇਂਦਰ ਸਰਕਾਰ ਵੱਲ ਮੋੜਨ ਦੇ ਰਾਹ

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲਈ ਭਾਵੇਂ ਅਜੇ ਤਕਰੀਬਨ ਡੇਢ ਸਾਲ ਪਿਆ ਹੈ ਪਰ ਰਾਜਸੀ ਪਾਰਟੀਆਂ ਨੇ ਆਪਣੇ ਏਜੰਡੇ ਹੁਣ ਤੋਂ ਉਭਾਰਨੇ ਸ਼ੁਰੂ ਕਰ ਦਿੱਤੇ ਹਨ। ਕੈਪਟਨ ਸਰਕਾਰ ਦੀਆਂ ਹੁਣ ਤੱਕ ਦੀ ਨਾਕਾਮੀਆਂ ਤੇ ਪਾਰਟੀ ਅੰਦਰੋਂ ਉਠੀ ਸਖਤ ਨਾਰਾਜ਼ਗੀ ਕਾਰਨ ਇਸ ਵਾਰ ਕਾਂਗਰਸ ਦੇ ਮੁੱਦੇ ਕੁਝ ਹਟ ਕੇ ਹਨ।

ਇਸ ਵਾਰ ਕਾਂਗਰਸ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਨ ਦੀ ਥਾਂ ਸਾਰਾ ਜ਼ੋਰ ਕੇਂਦਰ ਸਰਕਾਰ ਦੀਆਂ ਧੱਕੇਸ਼ਾਹੀ ਵੱਲ ਮੋੜਨ ਲਈ ਡਟ ਗਈ ਹੈ। ਬੇਅਦਬੀ ਮਾਮਲੇ ਵਿਚ ਡੇਰਾ ਸਿਰਸਾ ਮੁਖੀ ਨੂੰ ਨਾਮਜ਼ਦ ਕਰਨ ਅਤੇ ਸੀ.ਬੀ.ਆਈ. ਦੇ ਡੇਰਾ ਮੁਖੀ ਦੀ ਹਮਾਇਤ ਵਿਚ ਆ ਖੜ੍ਹਨ ਕਰਕੇ ਇਹ ਮੁੱਦਾ ਕੇਂਦਰ ਬਨਾਮ ਪੰਜਾਬ ਬਣਦਾ ਜਾ ਰਿਹਾ ਹੈ। ਮੋਦੀ ਸਰਕਾਰ ਵਲੋਂ ਕਈ ਮਾਮਲਿਆਂ ਖਾਸ ਕਰ ਖੇਤੀ ਸਬੰਧੀ ਜਾਰੀ ਤਿੰਨ ਆਰਡੀਨੈਂਸਾਂ ਨੂੰ ਕਿਸਾਨੀ ਦੀ ਹੋਂਦ ਤੇ ਫੈਡਰਲ ਢਾਂਚੇ ਦੇ ਭਵਿੱਖ ਦੇ ਸੰਦਰਭ ‘ਚ ਵਿਚਾਰਿਆ ਜਾ ਰਿਹਾ ਹੈ। ਬੇਅਦਬੀ, ਖੇਤੀ ਆਰਡੀਨੈਂਸ ਤੇ ਫੈੱਡਰਲ ਢਾਂਚੇ ਬਾਰੇ ਬੁਨਿਆਦੀ ਸਵਾਲ ਪੰਜਾਬ ਦੀ ਸਿਆਸਤ ਅੰਦਰ ਭਖ ਉਠੇ ਉਕਤ ਤਿੰਨੇ ਮੁੱਦੇ ਤੀਜੇ ਬਦਲ ਦੇ ਉਭਾਰ ਲਈ ਵੀ ਜਰਖੇਜ਼ ਮੰਨੇ ਜਾ ਰਹੇ ਹਨ ਪਰ ਕੈਪਟਨ ਸਰਕਾਰ ਵੱਲੋਂ ਇਨ੍ਹਾਂ ਤਿੰਨਾਂ ਮੁੱਦਿਆਂ ਉਪਰ ਰੜਕਵਾਂ ਪੈਂਤੜਾ ਮੱਲਣ ਨਾਲ ਜਿਥੇ ਉਨ੍ਹਾਂ ਦੀ ਸਰਕਾਰ ਖਿਲਾਫ ਪੈਦਾ ਹੋਈਆਂ ਵਿਰੋਧੀ ਭਾਵਨਾਵਾਂ ਦੇ ਘਟਣ ਜਾਂ ਸ਼ਾਂਤ ਹੋਣ ਦਾ ਰਸਤਾ ਖੁੱਲ੍ਹ ਸਕਦਾ ਹੈ, ਉਥੇ ਤੀਜਾ ਬਦਲ ਉਸਾਰਨ ਦੀ ਤਾਂਘ ਰੱਖਣ ਵਾਲੀਆਂ ਸਿਆਸੀ ਧਿਰਾਂ ਹੱਥੋਂ ਮੁੱਦਾ ਵੀ ਖਿਸਕ ਸਕਦਾ ਹੈ ਤੇ ਉਨ੍ਹਾਂ ਦੀ ਅਪੀਲ ਵੀ ਮੱਠੀ ਪੈ ਸਕਦੀ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਪੂਰੀ ਇਕ ਸਦੀ ਤੋਂ ਪੰਥ ਤੇ ਪੰਜਾਬ ਮਸਲਿਆਂ ਉਪਰ ਡਟ ਕੇ ਪਹਿਰਾ ਦੇਣ ਵਾਲਾ ਅਕਾਲੀ ਦਲ ਇਨ੍ਹਾਂ ਬੁਨਿਆਦੀ ਮੁੱਦਿਆਂ ਤੋਂ ਪੂਰੀ ਤਰ੍ਹਾਂ ਅਵੇਸਲਾ ਹੋਇਆ ਨਜ਼ਰ ਆ ਰਿਹਾ ਹੈ।
ਅਕਾਲੀ ਦਲ ਦੀ ਵੱਡੀ ਕਮਜ਼ੋਰੀ ਇਹ ਹੈ ਕਿ ਸਰਕਾਰ ਪ੍ਰਤੀ ਨਰਮ ਵਤੀਰੇ ਕਾਰਨ ਉਹ ਪੈਦਾ ਹੋਈਆਂ ਸਰਕਾਰ ਵਿਰੋਧੀ ਭਾਵਨਾਵਾਂ ਨੂੰ ਵਰਤਣ ‘ਚ ਕਾਮਯਾਬ ਨਹੀਂ ਰਿਹਾ। ਆਮ ਆਦਮੀ ਪਾਰਟੀ ਤੇ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਾਲਾ ਅਕਾਲੀ ਦਲ ਉਕਤ ਮਸਲਿਆਂ ਉਪਰ ਆਪਣੇ ਨੁਕਤਾ ਨਿਗਾਹ ਅਨੁਸਾਰ ਲਾਮਬੰਦੀ ਕਰਨ ਲਈ ਯਤਨਸ਼ੀਲ ਹੈ। ਉਹ ਵੀ ਇਨ੍ਹਾਂ ਮੁੱਦਿਆਂ ਨੂੰ ਆਉਣ ਵਾਲੀ ਚੋਣ ਦੇ ਅਹਿਮ ਮੁੱਦੇ ਸਮਝ ਕੇ ਚੱਲ ਰਹੇ ਹਨ। ਦਰਜਨ ਤੋਂ ਵਧੇਰੇ ਕਿਸਾਨ ਸੰਗਠਨ ਖੇਤੀ ਆਰਡੀਨੈਂਸਾਂ ਨੂੰ ਕਿਸਾਨ ਵਿਰੋਧੀ ਕਰਾਰ ਦੇ ਕੇ ਸੰਘਰਸ਼ ਕਰ ਰਹੇ ਹਨ। ਖੱਬੇ ਪੱਖੀ ਧੜੇ ਵੀ ਸਾਰੇ ਹੀ ਉਕਤ ਮੁੱਦਿਆਂ ਉਪਰ ਮੋਦੀ ਸਰਕਾਰ ਦੇ ਖਿਲਾਫ ਹਨ। ਕੁਲ ਮਿਲਾ ਕੇ ਅਕਾਲੀ-ਭਾਜਪਾ ਗੱਠਜੋੜ ਨੂੰ ਛੱਡ ਕੇ ਬਾਕੀ ਸਾਰੀਆਂ ਹੀ ਸਿਆਸੀ ਧਿਰਾਂ ਆਪੋ-ਆਪਣੇ ਤਰੀਕੇ ਨਾਲ ਉਕਤ ਮਸਲਿਆਂ ਨੂੰ ਪੰਜਾਬ ਦੇ ਅਹਿਮ ਮੁੱਦੇ ਕਰਾਰ ਦੇ ਰਹੀਆਂ ਹਨ ਤੇ ਇਸੇ ਆਧਾਰ ਉਤੇ ਪੰਜਾਬ ਦੇ ਸਿਆਸੀ ਦ੍ਰਿਸ਼ ‘ਚ ਸਰਗਰਮ ਹੋਣ ਦੀਆਂ ਨੀਤੀਆਂ ਬਣਾ ਰਹੀਆਂ ਹਨ। ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦਾ ਕਹਿਣਾ ਹੈ ਕਿ ਬੇਅਦਬੀ ਲੋਕਾਂ ਲਈ ਆਤਮਿਕ ਮੁੱਦਾ ਹੈ ਤੇ ਖੇਤੀ ਫੈਸਲੇ ਕਿਸਾਨਾਂ ਲਈ ਜੀਵਨ ਮੌਤ ਦਾ ਸਵਾਲ ਹਨ। ਪੰਜਾਬ ਕਾਂਗਰਸ ਦੋਵਾਂ ਬੁਨਿਆਦੀ ਮਸਲਿਆਂ ਉੱਪਰ ਪੰਜਾਬ ਨਾਲ ਖੜ੍ਹੀ ਹੈ ਤੇ ਕੈਪਟਨ ਸਰਕਾਰ ਨੇ ਪੂਰੀ ਸਪੱਸ਼ਟਤਾ ਨਾਲ ਦੋਵਾਂ ਮਸਲਿਆਂ ਉਪਰ ਪੈਂਤੜਾ ਮੱਲ ਲਿਆ ਹੈ ਤੇ ਅਗਲੀ ਚੋਣ ਵਿਚ ਵੀ ਇਹ ਅਹਿਮ ਮੁੱਦੇ ਬਣਨਗੇ ਅਤੇ ਅਸੀਂ ਅਕਾਲੀਆਂ ਨੂੰ ਕਟਹਿਰੇ ‘ਚ ਖੜ੍ਹਾ ਕਰਾਂਗੇ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਪੂਰੀ ਤਰ੍ਹਾਂ ਸਰਗਰਮ ਹੈ ਪਰ ਮੋਦੀ ਸਰਕਾਰ ਦੇ ਇਸ਼ਾਰੇ ਉਪਰ ਸੀ.ਬੀ.ਆਈ. ਡੇਰਾ ਮੁਖੀ ਦੇ ਬਚਾਅ ਵਿਚ ਆ ਖੜ੍ਹੀ ਹੈ ਤੇ ਅਕਾਲੀ ਚੁੱਪ ਕਰ ਗਏ ਹਨ। ਇਹੀ ਗੱਲ ਸਿਆਸੀ ਖਲਾਅ ਭਰਨ ਲਈ ਕਾਫੀ ਹੈ।
ਅਕਾਲੀ ਦਲ ਦੇ ਨਵੇਂ ਪ੍ਰਧਾਨ ਬਣੇ ਸੁਖਦੇਵ ਸਿੰਘ ਢੀਂਡਸਾ ਦਾ ਕਹਿਣਾ ਹੈ ਕਿ ਪੰਥ ਤੇ ਕਿਸਾਨਾਂ ਦੇ ਮੁੱਦੇ ਸਾਡੀ ਪਾਰਟੀ ਲਈ ਸਭ ਤੋਂ ਬੁਨਿਆਦੀ ਮੁੱਦੇ ਹਨ। ਕੇਂਦਰ ਸਰਕਾਰ ਨੇ ਖੇਤੀ ਆਰਡੀਨੈਂਸ ਜਾਰੀ ਕਰਕੇ ਜਿਥੇ ਫੈਡਰਲ ਢਾਂਚੇ ਦੀ ਅਵੱਗਿਆ ਕੀਤੀ ਹੈ, ਉਥੇ ਇਨ੍ਹਾਂ ਫੈਸਲਿਆਂ ਨਾਲ ਪੰਜਾਬ ਦੇ ਕਿਸਾਨਾਂ ਦੇ ਹਿੱਤ ਉਤੇ ਵੱਡਾ ਹਮਲਾ ਕੀਤਾ ਹੈ ਤੇ ਖੇਤੀ ਖੇਤਰ ਵੱਡੇ ਵਪਾਰੀਆਂ ਹੱਥ ਸੌਂਪਣ ਦਾ ਰਾਹ ਖੋਲ੍ਹ ਦਿੱਤਾ ਹੈ।